ਪ੍ਰੀਤ ਅਤੇ ਗੀਤ ਦੀ ਦੇਖ ਦਿਖਾਈ ਤੱਕ ਗੁਰਮੇਲ ਕੌਰ ਅਤੇ ਠੇਕੇਦਾਰ ਦਾ ਆਪਣਾ 'ਸਿਲਸਲਾ' ਚੱਲਦਾ ਰਿਹਾ।
ਠੇਕੇਦਾਰ ਦੇ ਪੈਟਰੋਲ ਪੰਪ ਦੇ ਚੁਬਾਰੇ ਵਿਚ ਰਾਤਾਂ ਨਿੱਘੀਆਂ ਹੁੰਦੀਆਂ ਰਹੀਆਂ। ਭਈਆ ਉਹਨਾਂ ਦੀ ਸੇਵਾ ਵਿਚ ਜੁਟਿਆ ਰਿਹਾ। ਪਰ ਸਾਰਾ ਭੇਦ ਪ੍ਰੀਤ ਦੇ ਰਿਸ਼ਤੇ ਦੀ 'ਆੜ' ਵਿਚ ਹੀ ਲੁਕਿਆ ਰਿਹਾ। ਕਿਸੇ ਨੂੰ ਕੰਨੋਂ-ਕੰਨ ਖ਼ਬਰ ਨਹੀਂ ਹੋਈ ਸੀ। ਭੇਦ, ਭੇਦ ਹੀ ਰਿਹਾ ਸੀ। ਪਰ ਪ੍ਰੀਤ ਜ਼ਰੂਰ ਸ਼ੱਕੀ ਹੋ ਗਈ ਸੀ ਕਿ ਉਸ ਦੀ ਮਾਂ ਘਰ ਆ ਕੇ ਸਾਰਾ ਸਾਰਾ ਦਿਨ ਸੁੱਤੀ ਕਿਉਂ ਰਹਿੰਦੀ ਸੀ..? ਪਰ ਉਸ ਨੂੰ ਅਮਰੀਕਾ ਜਾਣ ਦੇ ਸੁਪਨਿਆਂ ਵਿਚ ਬਹੁਤਾ ਕੋਈ ਮਹਿਸੂਸ ਨਹੀਂ ਹੋਇਆ ਸੀ। ਜੰਗੀਰ ਸਿੰਘ ਤਾਂ ਵੈਸੇ ਹੀ ਗੁਰਮੇਲ ਕੌਰ ਵੱਲੋਂ ਆਵੇਸਲ਼ਾ ਸੀ। ਕਿਹੜਾ ਉਸ ਦੀ ਘਰ ਵਿਚ ਕੋਈ ਪੁੱਛ-ਦੱਸ ਸੀ..? ਉਹ ਬਿਨਾਂ ਗੱਲੋਂ ਵਾੜ ਦਾ ਝਾਫ਼ਾ ਬਣ ਕੇ ਕਿਸੇ ਗੱਲ ਨੂੰ ਚਿੰਬੜਨਾ ਨਹੀਂ ਚਾਹੁੰਦਾ ਸੀ। ਆਪਣੀ ਇੱਜ਼ਤ ਆਪਦੇ ਹੱਥ ਸਮਝਦਾ ਸੀ। ਝੱਗਾ ਚੁੱਕਿਆਂ ਆਪਣਾ ਢਿੱਡ ਹੀ ਨੰਗਾ ਹੋਣਾਂ ਸੀ। ਗੁਰਮੇਲ ਕੌਰ ਦੀਆਂ ਕਾਫ਼ੀ ਚਿਰ ਦੀਆਂ ਸੁੱਤੀਆਂ ਕਲਾਂ ਜਾਗ ਚੁੱਕੀਆਂ ਸਨ। ਉਹ ਠੇਕੇਦਾਰ ਦੀ ਸ਼ੁਕਰਗੁਜ਼ਾਰ ਸੀ। ਠੇਕੇਦਾਰ ਨੇ ਉਸ ਨੂੰ ਮੁੜ ਜੁਆਨ ਕਰ ਦਿੱਤਾ ਸੀ। ਉਸ 'ਤੇ ਮੁੜ ਜੁਆਨੀ ਚੜ੍ਹ ਆਈ ਸੀ ਅਤੇ ਉਹ ਫਿਰ ਤੋਂ ਮੋਰ ਵਾਂਗ 'ਪੈਹਲਾਂ' ਪਾਉਣ ਲੱਗ ਪਈ ਸੀ। ਉਹ ਠੇਕੇਦਾਰ ਦੇ ਚੁਬਾਰੇ ਦੀਆਂ ਪੌੜੀਆਂ ਪੱਬਾਂ ਭਾਰ ਚੜ੍ਹਦੀ ਅਤੇ ਫ਼ੁੱਲ ਵਾਂਗ ਤਾਜ਼ੀ ਹੋ ਕੇ ਥੱਲੇ ਉਤਰਦੀ..।