Showing posts with label ਕਾਂਡ 12. Show all posts
Showing posts with label ਕਾਂਡ 12. Show all posts

ਤਰਕਸ਼ ਟੰਗਿਆ ਜੰਡ (ਕਾਂਡ 12)

ਸੱਤ ਘੰਟੇ ਦੀ ਜੱਦੋਜਹਿਦ ਬਾਅਦ ਜਹਾਜ ਰੂਸਲੈਂਡ ਦੀ ਧਰਤੀ 'ਤੇ ਮਾਸਕੋ ਆ ਉਤਰਿਆ।
ਕੜਾਕੇਦਾਰ ਠੰਢ ਸੀ। ਬਰਫ਼ ਪਈ ਹੋਈ ਸੀ। ਤਾਪਮਾਨ ਜ਼ੀਰੋ ਤੋਂ ਵੀ ਕਾਫ਼ੀ ਹੇਠ ਸੀ।
ਮਾਸਕੋ ਕੋਈ ਬਹੁਤੀ ਪੁੱਛ-ਗਿੱਛ ਨਹੀਂ ਸੀ।
ਬਿੱਲਾ ਜਲਦੀ ਹੀ ਬਾਹਰ ਆ ਗਿਆ।
ਕੋਈ ਜਾਣਕਾਰੀ ਨਾ ਹੋਣ ਕਰਕੇ ਉਹ ਹਨ੍ਹੇਰੀ ਵਿਚ ਉਡਦੇ ਪੱਤੇ ਵਾਂਗ ਫਿਰਦਾ ਸੀ।
ਕਿਸੇ ਨੇ ਆ ਕੇ ਉਸ ਦਾ ਮੋਢਾ ਹਿਲਾਇਆ। ਬਿੱਲਾ ਤ੍ਰਹਿ ਕੇ ਪਿੱਛੇ ਝਾਕਿਆ।
ਇਕ ਸੂਰ ਵਰਗਾ ਰੂਸੀ ਗੋਰਾ ਖੜ੍ਹਾ ਸੀ।
-"ਯੂਅਰ ਨੇਮ?" ਉਸ ਨੇ ਪੁੱਛਿਆ।
-"ਹਰੀ ਰਾਮ।" ਬਿੱਲਾ ਬੋਲਿਆ।
"ਹਰੀ ਰਾਮ" ਕਹਿਣ ਲੱਗਿਆਂ ਬਿੱਲਾ ਉੱਚੀ-ਉੱਚੀ ਰੋਣਾ ਚਾਹੁੰਦਾ ਸੀ। ਧਾਹਾਂ ਮਾਰਕੇ!
ਗੋਰਾ, ਕੁੱਤੇ ਵਾਂਗ ਸੰਗਲੀ ਫੜ ਕੇ ਨਾਲ ਤੋਰਨ ਵਾਂਗ, ਬਿੱਲੇ ਨੂੰ ਨਾਲ ਤੋਰ ਕੇ ਲੈ ਗਿਆ।