ਦਿਨ ਚੜ੍ਹ ਆਇਆ ਸੀ।
ਸੂਰਜ ਨੇ ਜੱਗ ਨੂੰ ‘ਝਾਤ’ ਆਖੀ ਸੀ।
ਸੁੱਤੇ ਪਿਆਂ ਉਹਨਾਂ ਨੂੰ ਪਤਾ ਹੀ ਨਾ ਲੱਗਿਆ ਕਿ ‘ਮਾਸੜ’ ਕਦੋਂ ਦਾ ਬਾਹਰ ਖੜ੍ਹਾ ਅਵਾਜ਼ਾਂ ਮਾਰ ਰਿਹਾ ਸੀ।
ਜੱਸੀ ਉਠਿਆ।
ਉਸ ਨੇ ਉਠ ਕੇ ਦਰਵਾਜਾ ਖੋਲ੍ਹਿਆ ਤਾਂ ਮਾਸੜ ਮਿੰਨ੍ਹੇ ਜਿਹੇ ਗੁੱਸੇ ਵਿਚ ਖੜ੍ਹਾ, ‘ਹਾਲ-ਹਾਲ’ ਕਰ ਰਿਹਾ ਸੀ।
-"ਤੁਸੀਂ ਐਡੇ ਲਾਪ੍ਰਵਾਹ ਯਾਰ..? ਕਿਸੇ ਦੀ ‘ਵਾਜ ਤਾਂ ਸੁਣ ਲਿਆ ਕਰੋ..? ਮੈਂ ‘ਵਾਜਾਂ ਮਾਰਦਾ ਕਮਲ਼ਾ ਹੋਇਆ ਪਿਐਂ..! ਐਨੀ ਨੀਂਦ ਵੀ ਕੀ ਆਖ਼..? ਸੁਰਤ ਸਿਰ ਤਾਂ ਪਿਆ ਕਰੋ..! ਚੱਲ ਕੁੜੀਏ..! ਤੇਰਾ ਟੈਮ ਹੋ ਚੱਲਿਐ…!" ਮਾਸੜ ‘ਭੜ੍ਹਾਕੇ’ ਵਾਂਗ ਚੱਲਿਆ ਸੀ। ਜੱਸੀ ਕੱਪੜੇ ਪਾ ਕੇ ਮਾਸੜ ਨਾਲ਼ ਬਾਹਰ ਨਿਕਲ਼ ਗਿਆ। ਹਨੀ ਨੇ ਵੀ ਜਲਦੀ ਨਾਲ਼ ਕੱਪੜੇ ਪਾਉਣੇ ਸ਼ੁਰੂ ਕਰ ਦਿੱਤੇ। ਪੂਰੇ ਅੱਠ ਵੱਜ ਚੁੱਕੇ ਸਨ। ਚਾਹ ਪੀ ਕੇ ਅਤੇ ਨਹਾ ਕੇ ਹਨੀ ਤਿਆਰ ਸੀ। ਜੱਸੀ ਨੇ ਇੱਥੇ ਫ਼ਾਰਮ ਹਾਊਸ ‘ਤੇ ਹੀ ਰਹਿਣਾ ਸੀ। ਹਨੀ ਨੇ ਕੈਂਪ ਜਾ ਕੇ ਸ਼ਾਮ ਨੂੰ ਆਉਣਾ ਸੀ। ਹਨੀ ਦੇ ਸਰੀਰ ਵਿਚੋਂ ਤਾਕਤ ਮੁੱਕੀ ਪਈ ਸੀ। ਸਰੀਰ ਨਿਰਬਲ ਹੋਇਆ ਪਿਆ ਸੀ। ਪਰ ਜੁਆਨ ਸਰੀਰ ਕਰਕੇ ਉਸ ਨੂੰ ਬਹੁਤੀ ਕਮਜ਼ੋਰੀ ਮਹਿਸੂਸ ਨਹੀਂ ਹੋ ਰਹੀ ਸੀ। ਪਰ ਕਦੀ-ਕਦੀ ਉਸ ਨੂੰ ਇੰਜ ਮਹਿਸੂਸ ਹੁੰਦਾ ਸੀ, ਜਿਵੇਂ ਉਹ ਅਸਮਾਨ ਵਿਚ ਉਡ ਰਹੀ ਹੋਵੇ..! ਜਿਵੇਂ ਉਹ ਕਿਸੇ ਬੱਦਲ਼ ‘ਤੇ ਬੈਠ ਸਫ਼ਰ ਕਰਦੀ ਹੋਵੇ। ਹੌਲ਼ੀ ਫੁੱਲ ਵਰਗੀ..! ਉਸ ਦਾ ਦਿਮਾਗ ਕਿਸੇ ਬੈਕੁੰਠ ਚੜ੍ਹਿਆ ਹੋਇਆ ਸੀ..। ਜਦ