ਹਨੀ ਨੂੰ ਹਸਪਤਾਲ ਵਿਚੋਂ ਛੁੱਟੀ ਮਿਲ਼ ਗਈ ਸੀ।
ਦੁਨੀਆਂ ਦੀਆਂ ਕਟਾਰ ਨਜ਼ਰਾਂ ਤੋਂ ਬਚਦੇ ਮਾਂ-ਬਾਪ ਮੂੰਹ ਲਪੇਟ ਕੇ ਕੁੜੀ ਨੂੰ ਘਰ ਲੈ ਆਏ ਸਨ। ਭੈੜ੍ਹੀ ਦੁਨੀਆਂ ਦੇ ਮੂੰਹ ਵਿਚ ਉਸਤਰੇ ਚੱਲਦੇ ਸਨ, ਵੱਢਵੇਂ ਬੋਲ ਦਿਲ ਛਾਨਣੀਂ ਕਰਦੇ ਸਨ ਅਤੇ ਭਿਆਨਕ ਨਜ਼ਰਾਂ ਲਾਵਾ ਥੁੱਕਦੀਆਂ ਸਨ। ਹਨੀ ਦੀ ਮਾਂ ਗੁੱਝਾ-ਗੁੱਝਾ ਰੋਂਦੀ ਅਤੇ ਕਦੇ ਕੰਧ ਵਿਚ ਟੱਕਰ ਮਾਰਨ ਨੂੰ ਆਹੁਲ਼ਦੀ! ਘਰਦੇ ਉਸ ਨੂੰ ਮਸਾਂ ਫੜ ਕੇ ਰੋਕਦੇ! ਬੇਬੇ ਦੀ ਹਾਲਤ ਦਿਨੋਂ ਦਿਨ ਨਿੱਘਰਦੀ ਜਾ ਰਹੀ ਸੀ। ਸਾਰਾ ਟੱਬਰ ਹੀ ਉਸ ਦੀ ਮਾੜੀ ਹਾਲਤ ਵੱਲੋਂ ਦੁਖੀ ਸੀ। ਹਨੀ ਗੁੰਮ ਸੁੰਮ ਹੀ ਰਹਿੰਦੀ। ਕਦੇ ਕਦੇ ਫ਼ੱਟੜ ਜੱਸੀ ਬਾਰੇ ਸੋਚ ਕੇ ਉਸ ਦੇ ਕਾਲ਼ਜੇ ‘ਚੋਂ ਟੀਸ ਉਠਦੀ, ਜਿਸ ਨੂੰ ਉਹ ਸਮੇਂ ਦੇ ਰਹਿਮ ‘ਤੇ ਛੱਡ, ਜਰ ਜਾਂਦੀ। ਕਦੇ ਕਦੇ ਉਸ ਦਾ ਜੱਸੀ ਨੂੰ ਮਿਲਣ ਨੂੰ ਜੀਅ ਕਰਦਾ। ਮਨ ਬਿਹਬਲ ਹੋ ਜਾਂਦਾ! ਵਿਛੋੜੇ ਵਿਚ ਰੂਹ ਵਿਆਕੁਲ਼ ਹੋ ਉਠਦੀ। ਉਸ ਦਾ ਭੋਲ਼ਾ ਜਿਹਾ ਚਿਹਰਾ ਹਨੀ ਦੇ ਕਾਲ਼ਜੇ ਧਸਿਆ ਪਿਆ ਸੀ! ਪਰ ਚੰਦਰੀ ਦੁਨੀਆਂ ਦੀਆਂ ਫ਼ੌਲਾਦੀ ਅਤੇ ਸਮਾਜਿਕ ਸੀਮਾਂਵਾਂ ਕਿਵੇਂ ਪਾਰ ਕਰਦੀ…? ਉਹ ਫ਼ੱਟੜ ਸੱਪ ਵਾਂਗ ਵਿਸ਼ ਘੋਲ਼ ਕੇ ਰਹਿ ਜਾਂਦੀ, ਸਬਰ ਦਾ ਘੁੱਟ ਭਰ ਕੇ ਹੀ ਚੁੱਪ ਹੋ ਜਾਂਦੀ! ਕਦੇ ਕਦੇ ਉਸ ਨੂੰ ਮਹਿਸੂਸ ਹੁੰਦਾ ਸੀ ਕਿ ਕੀ ਜੱਸੀ ਜਿਉਂਦਾ ਸੀ..? ਜਾਂ ਰੱਬ ਦੇ ਚਰਨਾਂ ਵਿਚ ਜਾ ਬਿਰਾਜਿਆ ਸੀ..? ਜੇ ਉਹ ਜਹਾਨੋਂ ਕੂਚ ਕਰ ਗਿਆ ਸੀ, ਤਾਂ ਕੀ ਉਸ ਨੇ ਨਵਾਂ ਜਨਮ ਲੈ ਲਿਆ ਹੋਵੇਗਾ…? ਕਿਸ ਜੂਨੀ ਵਿਚ ਪਿਆ ਹੋਵੇਗਾ..? ਫਿਰ ਉਹ ਆਪਣੇ ਆਪ ਨੂੰ ਇਕ ਲਾਹਣਤ ਜਿਹੀ ਪਾਉਂਦੀ। ਉਹ