ਤਰਕਸ਼ ਟੰਗਿਆ ਜੰਡ (ਕਾਂਡ ਆਖਰੀ)

ਇਸ ਜੇਲ੍ਹ ਵਿਚ ਇਕ ਨਵਾਂ ਹੀ ਪੰਜਾਬੀ ਮੁੰਡਾ ਆਇਆ। ਉਮਰ ਉਸ ਦੀ ਕੋਈ ਬਹੁਤੀ ਨਹੀਂ ਸੀ, ਪਰ ਦੇਖਣ-ਪਾਖਣ ਤੋਂ ਉਹ ਨਿਰਾ ਹੱਡੀਆਂ ਦੀ ਮੁੱਠ ਹੀ ਲੱਗਦਾ ਸੀ! ਨਾਂ ਉਸ ਦਾ ਹੁਸਿ਼ਆਰ ਸਿੰਘ ਸੀ। ਪਰ ਸਾਰੇ ਪੰਜਾਬੀ ਉਸ ਨੂੰ "ਵਿੱਕੀ" ਆਖਦੇ। ਵਿੱਕੀ ਮਾੜੀ-ਮਾੜੀ ਗੱਲ ਤੋਂ ਰੋਣ ਲੱਗ ਪੈਂਦਾ। ਪਰ ਗੱਲ ਕੋਈ ਨਾ ਦੱਸਦਾ। ਉਹ ਡਰਿਆਂ ਵਾਂਗ ਝਾਕਦਾ ਅਤੇ ਛੋਟੀ-ਛੋਟੀ ਗੱਲ ਤੋਂ 'ਥਰ-ਥਰ' ਕੰਬਣ ਲੱਗ ਪੈਂਦਾ। ਉਸ ਦੀਆਂ ਅੱਖਾਂ ਅੰਦਰ ਧਸੀਆਂ ਹੋਈਆਂ ਸਨ ਅਤੇ ਚਿਹਰਾ ਜ਼ਰਦ ਹੋਇਆ ਪਿਆ ਸੀ। ਸਿਰੋਂ ਉਹ ਘੋਨ-ਮੋਨ ਸੀ। ਉਸ ਦੇ ਦੱਸਣ ਅਨੁਸਾਰ ਏਜੰਟ ਉਹਨਾਂ ਦੇ ਵਾਲ ਕੱਟਦੇ ਨਹੀਂ, ਇਕ ਵੱਡੀ ਲਾਟ ਨਾਲ ਸਾੜ ਦਿੰਦੇ ਸਨ। ਜਾਂ ਫਿਰ ਧੂਣੀਂ ਲਾ ਕੇ, ਫੜ ਕੇ ਮੁੰਡਿਆਂ ਨੂੰ ਅੱਗ ਉਪਰ ਦੀ 'ਫੇਰ' ਦਿੰਦੇ ਸਨ! ਇਸ ਨਾਲ ਸਿਰ ਦੇ ਵਾਲ ਅਤੇ ਦਾਹੜੀ ਪੂਰੀ ਤਰ੍ਹਾਂ ਸੜ ਜਾਂਦੀ ਸੀ! ਕੱਟਣ ਦੀ ਲੋੜ ਨਹੀਂ ਪੈਂਦੀ ਸੀ। ਜੰਗਲੀ ਤਰੀਕਾ ਸੀ। ਸੜੇ ਵਾਲਾਂ ਵਿਚੋਂ ਅਜੀਬ ਜਿਹੀ ਬੂਅ ਆਉਂਦੀ ਸੀ। ਦਾਹੜੀ ਅਤੇ ਵਾਲਾਂ ਤੋਂ ਸੱਖਣੇ ਮੁੰਡੇ, ਹਿਟਲਰ ਦੇ ਯਹੂਦੀ-ਕੈਦੀਆਂ ਵਰਗੇ ਲੱਗਦੇ ਸਨ। ਭੁੱਖ-ਦੁੱਖ ਦੇ ਮਾਰੇ, ਡਰਾਉਣੇ ਚਿਹਰੇ!! ਉਹਨਾਂ ਦੀਆਂ ਭੈਭੀਤ ਅੱਖਾਂ ਅਤੇ ਤਰਸਯੋਗ ਹਾਲਤ ਤੋਂ ਡਰ ਆਉਂਦਾ ਸੀ, ਭੂਤਾਂ ਵਾਂਗ! ਉਹਨਾਂ ਅੱਗੇ ਕੋਈ ਰਸਤਾ ਨਹੀਂ ਸੀ, ਕੋਈ ਭਵਿੱਖ ਨਹੀ ਸੀ। ਸੰਸਾਰ ਭਰ ਤੋਂ ਟੁੱਟੇ ਉਹ ਜੰਗਲਾਂ ਵਿਚ ਅੱਡੀਆਂ ਰਗੜ-ਰਗੜ ਮਰ ਰਹੇ ਸਨ! ਇਕ ਦਿਨ ਬਿੱਲੇ ਨੇ ਹੁਸਿ਼ਆਰ ਸਿੰਘ ਤੋਂ ਉਸ ਦੀ ਲੰਮੀ ਚੁੱਪ ਦਾ ਕਾਰਣ ਪੁੱਛਿਆ ਤਾਂ ਉਹ ਭੁੱਬੀਂ ਰੋ ਪਿਆ। ਬੁਝੀਆਂ ਅੱਖਾਂ ਵਿਚ ਪਤਾ ਨਹੀਂ ਕਿੱਥੋਂ ਪਾਣੀ ਆ ਗਿਆ ਸੀ? -"ਏਜੰਟਾਂ ਦੇ ਘੋਰਨਿਆਂ ਨਾਲੋਂ ਜੇਲ੍ਹ ਵਿਚ ਲੱਖ ਦਰਜੇ ਚੰਗੇ ਐਂ ਬਾਈ! ਇੱਥੇ ਰੋਟੀ ਮਿਲਦੀ ਐ-ਪਾਣੀ ਮਿਲਦੈ-ਨਾਉਣ ਦੀ ਸਹੂਲਤ ਐ-ਪੈਣ ਸਣ ਦੀ ਸਹੂਲਤ ਐ-ਉਥੇ ਤਾਂ ਅਸੀਂ ਜਿਉਂਦੀਆਂ ਲਾਅਸ਼ਾਂ ਸੀ!" ਅਸਲ ਵਿਚ ਹੁਸਿ਼ਆਰ ਸਿੰਘ ਦੇ ਘਰਦਿਆਂ ਨੇ ਇੱਕ ਏਜੰਟ ਨਾਲ ਗੰਢ-ਤੁੱਪ ਕੀਤੀ। ਪੰਜ ਲੱਖ ਰੁਪਏ ਵਿਚ ਇੰਗਲੈਂਡ ਦੀ ਗੱਲ ਨਿੱਬੜੀ। ਪਰ ਏਜੰਟਾਂ ਨੇ ਹੁਸਿ਼ਆਰ ਸਿੰਘ ਨੂੰ ਮਾਸਕੋ ਦੇ ਰਸਤੇ "ਕੀਵ" ਦੇ ਜੰਗਲਾਂ ਵਿਚ ਲਿਆ ਸੁੱਟਿਆ। ਉਥੇ ਜੰਗਲਾਂ ਵਿਚ ਉਹ ਹੋਰ ਮੁੰਡਿਆਂ ਸਮੇਤ ਰੁਲਦਾ-ਖੁਲਦਾ, ਮਰਦਾ-ਖਪਦਾ ਰਿਹਾ। ਭੁੱਖਾ-ਤਿਹਾਇਆ! ਏਜੰਟਾਂ ਵੱਲੋਂ ਬਰਫ਼ਬਾਰੀ ਦੀ ਉਡੀਕ ਕੀਤੀ ਜਾ ਰਹੀ ਸੀ। ਬਰਫ਼ਾਂ ਵਿਚ ਕਈ ਟਰਾਂਸਪੋਰਟ ਦੇ ਵਿਘਨ ਪੈਣ ਕਾਰਨ ਪੁਲੀਸ ਦਾ ਸਿਕੰਜਾ ਢਿੱਲਾ ਪੈ ਜਾਂਦਾ ਹੈ ਅਤੇ ਏਜੰਟਾਂ ਦੀ ਖੁੱਲ੍ਹੀ ਖੇਡ ਹੋ ਜਾਂਦੀ ਹੈ! ਤਕਰੀਬਨ ਤਿੰਨ ਕੁ ਮਹੀਨੇ ਬਾਅਦ ਏਜੰਟਾਂ ਨੇ ਤੀਹ ਕੁ ਮੁੰਡਿਆਂ ਨੂੰ ਕੱਟਿਆਂ ਵਾਂਗ ਟਰਾਲੇ ਵਿਚ ਲੱਦਿਆ ਅਤੇ ਕਿਸੇ ਅਣਦੱਸੀ ਮੰਜਿਲ ਨੂੰ ਤੁਰ ਪਏ। ਰਾਤ ਦਾ ਵਕਤ ਸੀ। ਕੜਾਕੇ ਦੀ ਸਰਦੀ ਸੀ। ਟਰਾਲੇ ਵਿਚ ਮੁੰਡਿਆਂ ਦਾ ਦੰਦ-ਕੜਿੱਕਾ ਵੱਜ ਰਿਹਾ ਸੀ। ਉਹ ਇਕ ਦੂਜੇ ਨਾਲ ਲੱਗ ਕੇ, ਗੁੱਛੀ-ਮੁੱਛੀ ਹੋਏ ਬੈਠੇ ਸਨ। ਅਥਾਹ ਸਰਦੀ ਕਾਰਨ ਖੂਨ ਜੰਮਿਆਂ ਪਿਆ ਸੀ। ਤੜਕੇ ਦੇ ਛੇ ਵਜੇ ਉਹਨਾਂ ਨੂੰ ਇਕ ਖੁੱਲ੍ਹੇ ਜੰਗਲ ਵਿਚ ਲਿਆ ਉਤਾਰਿਆ। ਘੋਰ ਸਰਦੀ ਵਿਚ ਵਗਦੀ ਸੀਤ ਹਵਾ ਜਾਨ ਕੱਢਦੀ ਸੀ। ਬਰਫ਼ ਪੈ ਰਹੀ ਸੀ। ਮੁੰਡਿਆਂ ਦੇ ਹੱਥ-ਪੈਰ ਲੱਕੜ ਬਣੇ ਪਏ ਸਨ। ਏਜੰਟ ਟਰਾਲੇ ਦੇ ਅਗਲੇ ਪਾਸੇ "ਹੀਟ" ਛੱਡੀ, ਮੌਜ ਨਾਲ ਪਏ ਸਨ। ਪਰ ਮੁੰਡੇ ਤੜਪ ਰਹੇ ਸਨ। ਮਾਈਨਸ ਪੱਚੀ ਡਿਗਰੀ ਤਾਪਮਾਨ ਹੋਣ ਕਾਰਨ ਨੱਕ ਦਾ ਵਗਦਾ ਪਾਣੀ ਵੀ ਬਰਫ਼ ਬਣਿਆਂ ਪਿਆ ਸੀ। ਮੁੰਡੇ ਬਰਫ਼ ਨੱਕ ਨਾਲੋਂ ਤੋੜ-ਤੋੜ ਕੇ ਸੁੱਟ ਰਹੇ ਸਨ। ਸਵੇਰ ਦੇ ਗਿਆਰਾਂ ਕੁ ਵਜੇ ਤਾਂ ਬਰਫ਼ਾਨੀ ਤੂਫ਼ਾਨ ਸ਼ੁਰੂ ਹੋ ਗਿਆ। ਤੂਫ਼ਾਨ ਕਰਕੇ ਬਰਫ਼ ਮੂੰਹ 'ਤੇ ਚੁਪੇੜਾਂ ਵਾਂਗ ਵੱਜਦੀ ਸੀ। ਹੱਥ-ਪੈਰ ਹਿੱਲ ਨਹੀਂ ਰਹੇ ਸਨ। ਕੁਝ ਮੁੰਡੇ ਉਚੀ-ਉਚੀ ਰੋ ਰਹੇ ਸਨ। ਵਾਪਿਸ ਜਾਣ ਲਈ ਬਿਲਕ ਰਹੇ ਸਨ। ਪਰ ਏਜੰਟ "ਹੀਟ" ਦੇ ਨਿੱਘ ਨਾਲ ਮਸਤੀ ਵਿਚ ਸੁੱਤੇ ਹੋਏ ਸਨ। ਬੂ-ਪਾਹਰਿਆ ਸੁਣ ਕੇ ਇੱਕ ਏਜੰਟ ਨੇ ਟਰਾਲੇ ਵਿਚੋਂ ਬਾਹਰ ਤੱਕਿਆ, ਪਰ ਫਿਰ ਸੌਂ ਗਿਆ ਸੀ। ਦੂਜੇ ਏਜੰਟ ਨੇ ਬੁੱਲ੍ਹਾਂ 'ਤੇ ਉਂਗਲ ਰੱਖ ਕੇ ਚੁੱਪ ਰਹਿਣ ਦਾ ਇਸ਼ਾਰਾ ਕੀਤਾ ਸੀ। ਬਰਫ਼ਾਨੀ ਤੂਫ਼ਾਨ ਵਿਚ ਇਕ ਮੁੰਡੇ ਦੀ ਮੌਤ ਹੋ ਗਈ! ਮੁੰਡਿਆਂ ਦਾ ਵਿਰਲਾਪ ਹੋਰ ਉਚਾ ਹੋ ਗਿਆ ਤਾਂ ਏਜੰਟ ਟਰਾਲੇ ਵਿਚੋਂ ਹੇਠਾਂ ਉਤਰ ਆਏ। ਮੁੰਡਾ ਮਰਿਆ ਹੋਇਆ ਸੀ! ਏਜੰਟਾਂ ਨੇ ਬੇਹੋਸ਼ ਹੋਇਆ ਸਨਝ ਕੇ ਉਸ ਦੇ ਮੂੰਹ ਅੰਦਰ 'ਰੰਮ' ਡੋਲ੍ਹੀ। ਪਰ ਰੰਮ ਕਿਸ ਦੇ ਅੰਦਰ ਲੰਘਦੀ? ਮੁੰਡਾ ਤਾਂ ਚੜ੍ਹਾਈ ਕਰ ਗਿਆ ਸੀ! ਸਿਰਫ਼ ਲਾਅਸ਼ ਹੀ ਪਈ ਸੀ। ਡਰਾਈਵਰ ਨੇ ਮੋਬਾਇਲ-ਫ਼ੋਨ 'ਤੇ ਕਿਸੇ ਨਾਲ ਗੱਲ ਕੀਤੀ। ਟਰਾਲੇ ਵਿਚੋਂ ਵੇਲਚੇ ਕੱਢ ਕੇ ਮੁੰਡੇ ਦੀ ਲਾਅਸ਼ ਉਥੇ ਹੀ ਬਰਫ਼ ਵਿਚ ਦਫ਼ਨਾ ਦਿੱਤੀ। ਹਾਣੀ ਮੁੰਡੇ ਰੋ ਰਹੇ ਸਨ। ਇਕ ਸਾਥੀ ਤੁਰ ਗਿਆ ਸੀ। ਹੁਣ ਪਤਾ ਨਹੀਂ ਕਿਸ ਦੀ ਵਾਰੀ ਸੀ? ਟਰਾਲੇ ਦੇ ਡਰਾਈਵਰ ਨੇ ਫਿਰ ਕਿਸੇ ਨਾਲ ਫ਼ੋਨ 'ਤੇ ਗੱਲ ਕੀਤੀ। ਉਹਨਾਂ ਦੀ ਭਾਸ਼ਾ ਮੁੰਡਿਆਂ ਦੀ ਪਕੜ ਤੋਂ ਬਾਹਰ ਸੀ। ਉਹ ਕਿਸੇ ਅਜੀਬ ਜਿਹੀ ਬੋਲੀ ਵਿਚ ਗੱਲ ਕਰ ਰਹੇ ਸਨ। ਅੰਗਰੇਜ਼ੀ ਇਹ ਕਦਾਚਿੱਤ ਨਹੀਂ ਸੀ। ਮਾੜੀ-ਮੋਟੀ ਅੰਗਰੇਜ਼ੀ ਕਈ ਮੁੰਡਿਆਂ ਨੂੰ ਆਉਂਦੀ ਸੀ, ਜਿਸ ਨਾਲ ਉਹ ਡੰਗ ਸਾਰਦੇ ਸਨ। ਟੈਲੀਫ਼ੋਨ-ਵਾਰਤਾ ਤੋਂ ਬਾਅਦ ਟਰਾਲਾ ਮੁੜ ਗਿਆ। ਦੋ ਏਜੰਟਾਂ ਨੇ ਉਹਨਾਂ ਨੂੰ ਬਰਫ਼ਾਂ ਵਿਚ ਪੈਦਲ ਹੀ ਤੋਰ ਲਿਆ! ਰੰਮ ਦੀਆਂ ਬੋਤਲਾਂ ਉਹਨਾਂ ਨੇ ਆਪਣੇ "ਪਿੱਠੂਆਂ" ਵਿਚ ਦੇ ਲਈਆਂ ਸਨ। ਬਰਫ਼ਾਨੀ-ਤੂਫ਼ਾਨ ਕੁਝ ਘਟ ਗਿਆ ਸੀ। ਪਰ ਭੁੱਖਣਭਾਣੇਂ ਮੁੰਡਿਆਂ ਦੀ ਪਲੋ-ਪਲ ਬੇਵਾਹ ਹੁੰਦੀ ਜਾ ਰਹੀ ਸੀ। ਸਾਰਿਆਂ ਦੀ ਜੀਭ ਤਾਲੂਏ ਲੱਗਦੀ ਜਾ ਰਹੀ ਸੀ। ਉਹ ਬਰਫ਼ ਲੱਦੇ ਜੰਗਲ ਵਿਚ ਡਿੱਗਦੇ-ਢਹਿੰਦੇ ਤੁਰੇ ਜਾ ਰਹੇ ਸਨ। ਸਰੀਰ ਪਲ-ਪਲ ਜਵਾਬ ਦਿੰਦਾ ਜਾ ਰਿਹਾ ਸੀ। ਪੂਰੀ ਦਿਹਾੜੀ ਸਫ਼ਰ ਜਾਰੀ ਰਿਹਾ। ਪੈਦਲ ਸਫ਼ਰ! ਕਈ ਨਿਰਬਲ ਮੁੰਡਿਆਂ ਨੂੰ ਏਜੰਟ ਫੜ-ਫੜ ਕੇ ਘੜ੍ਹੀਸਦੇ ਸਨ। ਕਈਆਂ ਨੂੰ ਨਾਲ ਦੇ ਜਰਵਾਣੇਂ ਮੁੰਡੇ ਫੜ-ਫੜ ਕੇ ਨਾਲ ਤੋਰਦੇ ਸਨ। ਹਰ ਤਰ੍ਹਾਂ ਦੀ ਜੱਦੋਜਹਿਦ ਜਾਰੀ ਸੀ। ਮੁੰਡੇ ਬੇਦਿਲ ਹੋਏ ਦਿਲ ਛੱਡ ਚੁੱਕੇ ਸਨ। ਪਰ ਏਜੰਟ ਕੁੱਟ ਕੇ ਤੋਰਦੇ! ਜੰਗਲ ਵਿਚ ਇਕ ਥਾਂ 'ਤੇ ਰੁਕ ਕੇ ਏਜੰਟ ਨੇ ਫਿਰ ਕਿਸੇ ਨਾਲ ਫ਼ੋਨ 'ਤੇ ਗੱਲ ਕੀਤੀ। ਬੋਤਲ ਕੱਢ ਕੇ ਰੰਮ ਪੀਤੀ। ਟੁੱਟ ਕੇ ਚੂਰ ਹੋਏ ਮੁੰਡੇ ਬਰਫ਼ 'ਤੇ ਹੀ ਦਰੱਖਤਾਂ ਵਾਂਗ ਡਿੱਗੇ ਪਏ ਸਨ। ਕੋਈ ਹੂੰਗਾ ਮਾਰ ਰਿਹਾ ਸੀ। ਕੋਈ ਰੋ ਰਿਹਾ ਸੀ। ਕੋਈ ਬੇਹੋਸ਼ ਜਿਹਾ ਹੋਇਆ, ਅੱਖਾਂ 'ਤੇ ਕੂਹਣੀਂ ਰੱਖੀ ਪਿਆ ਸੀ। ਪੰਜਾਬ ਦਾ "ਭਵਿੱਖ" ਇਕ ਤਰ੍ਹਾਂ ਨਾਲ ਓਪਰੇ ਜੰਗਲਾਂ ਵਿਚ ਖਲਪਾੜ੍ਹਾਂ ਹੋਇਆ, ਖਿਲਰਿਆ, ਸਹਿਕ ਰਿਹਾ ਸੀ! ਮਰਨ ਲਈ ਵਾਸਤੇ ਘੱਤ ਰਿਹਾ ਸੀ! ਗਿੱਦੜਾਂ ਦੇ ਭੱਤੇ ਆਇਆ ਹੋਇਆ ਸੀ! ਮੂੰਹ ਹਨ੍ਹੇਰੇ ਜਿਹੇ ਹੋਏ ਇਕ ਹੋਰ ਟਰਾਲਾ ਪਹੁੰਚ ਗਿਆ। ਸਾਰੇ ਮੁੰਡੇ ਫੰਡਰ-ਮੱਝਾਂ ਵਾਂਗ ਉਸ ਵਿਚ ਚਾੜ੍ਹ ਲਏ। ਇਕ ਤਰ੍ਹਾਂ ਨਾਲ ਧੱਕ-ਧੱਕ ਕੇ! ਪੂਛਾਂ ਮਰੋੜ-ਮਰੋੜ ਕੇ ਪਸ਼ੂ ਚਾੜ੍ਹਨ ਵਾਂਗ, ਟਰਾਲੇ ਵਿਚ ਚੜ੍ਹਾ ਲਏ ਅਤੇ ਟਰਾਲਾ ਤੁਰ ਪਿਆ। ਸਰਦੀ ਉਸੀ ਤਰ੍ਹਾਂ ਹੀ ਕੜਾਕੇਦਾਰ ਸੀ! ਮੁੰਡਿਆਂ ਦੀ ਹਾਲਤ ਬੁਰੀ ਤੋਂ ਬੁਰੀ ਹੁੰਦੀ ਜਾ ਰਹੀ ਸੀ। ਉਹ ਟਰਾਲੇ ਵਿਚ ਇਕ-ਦੂਜੇ ਦੇ ਉਪਰ ਹੀ ਲਿਟੇ ਪਏ ਸਨ। ਬੇਹੋਸ਼ਾਂ ਵਾਂਗ! ਜਦ ਹਵਾ ਕਾਰਨ ਟਰਾਲੇ ਦੀ ਤਰਪਾਲ ਪਾਸੇ ਹੋ ਜਾਂਦੀ ਤਾਂ ਕਟਾਰ ਵਰਗੀ ਸੀਤ ਹਵਾ ਮੁੰਡਿਆਂ ਦੇ ਵਿਚੋਂ ਦੀ ਲੰਗਦੀ ਸੀ। ਪਰ ਉਹ ਮੁਦਰਿਆਂ ਵਾਂਗ ਪਏ ਸਨ। ਬਿਨਾ ਹੀਲ-ਹੁੱਜਤ ਕੀਤਿਆਂ! ਬਰਫ਼ ਦੀਆਂ ਸਿਲਾਂ ਵਾਂਗ! ਪਹਿਰ ਦੇ ਤੜਕੇ ਟਰਾਲਾ ਇਕ ਨਦੀ ਦੇ ਕਿਨਾਰੇ ਰੁਕ ਗਿਆ। ਦੋ ਮੁੰਡੇ ਹੋਰ ਮਰ ਚੁੱਕੇ ਸਨ! ਬਾਕੀ ਮੁੰਡੇ ਹੇਠਾਂ ਉਤਾਰ ਲਏ ਗਏ। ਮਰੇ ਹੋਏ ਮੁੰਡਿਆਂ ਦੀਆਂ ਆਕੜੀਆਂ ਲਾਅਸ਼ਾਂ ਏਜੰਟਾਂ ਨੇ ਮੁੰਡਿਆਂ ਦੀ ਮੱਦਦ ਨਾਲ ਉਥੇ ਹੀ ਦੱਬ ਦਿੱਤੀਆਂ। ਹੁਣ ਮੁੰਡਿਆਂ ਵਿਚ ਰੋਣ ਦਾ ਬਲ ਵੀ ਨਹੀਂ ਰਹਿ ਗਿਆ ਸੀ। ਉਹ ਓਪਰੇ-ਓਪਰੇ, ਜ਼ਰਦ ਚਿਹਰਿਆਂ ਨਾਲ ਇਕ-ਦੂਜੇ ਵੱਲ ਤੱਕ ਰਹੇ ਸਨ। ਉਹਨਾਂ ਦੇ ਹੱਥ-ਪੈਰ ਜਿਵੇਂ ਉਹਨਾਂ ਦੇ ਨਾਲ ਹੀ ਨਹੀਂ ਸਨ! ਜਿਵੇਂ ਉਹਨਾਂ ਦੀਆਂ ਜੀਭਾਂ ਹੀ ਕੱਟੀਆਂ ਜਾ ਚੁੱਕੀਆਂ ਸਨ! ਜਿਵੇਂ ਉਹ ਗੂੰਗੇ-ਬੋਲੇ ਹੋ ਗਏ ਸਨ! ਜਿਵੇਂ ਜੰਗਲਾਂ ਵਿਚ ਭੁੱਖੇ-ਤਿਹਾਏ ਭਟਕਣਾਂ ਅਤੇ ਕਤਰਾ-ਕਤਰਾ ਹੋ ਕੇ ਮਰਨਾ ਹੀ ਉਹਨਾਂ ਦਾ ਜੀਵਨ ਸੀ, ਕਰਮ ਸੀ! ਏਜੰਟਾਂ ਨੇ ਟਰਾਲੇ ਉਪਰ ਫਿ਼ੱਟ ਕੀਤੀ ਹੋਈ ਕਿਸ਼ਤੀ ਉਤਾਰ ਲਈ। ਚਾਰ-ਚਾਰ ਮੁੰਡੇ ਕਰਕੇ ਉਹਨਾਂ ਨੇ ਕਿਸ਼ਤੀ ਰਾਹੀਂ ਮੁੰਡੇ ਪਾਰ ਕਰਵਾਉਣੇ ਸ਼ੁਰੂ ਕਰ ਦਿੱਤੇ। ਇਕ ਏਜੰਟ ਨਦੀ ਦੇ ਕਿਨਾਰੇ 'ਤੇ ਖੜ੍ਹਕੇ ਨਿਗਰਾਨੀ ਰੱਖਦਾ ਅਤੇ ਦੋ ਜਣੇਂ ਚੱਪੂ ਚਲਾ ਕੇ ਕਿਸ਼ਤੀ ਪਾਰ ਲਾ ਕੇ ਆਉਂਦੇ। ਤਕਰੀਬਨ ਇਕ ਘੰਟੇ ਵਿਚ ਸਾਰੇ ਮੁੰਡੇ ਨਦੀ ਤੋਂ ਪਾਰ ਕਰ ਦਿੱਤੇ ਗਏ। ਤਕਰੀਬਨ ਪੱਚੀ ਮੁੰਡੇ! -"ਇੰਗਲੈਂਡ-ਇੰਗਲੈਂਡ! ਗੋਅ-ਗੋਅ!" ਆਖ ਕੇ ਏਜੰਟ ਵਾਪਿਸ ਮੁੜ ਗਏ। ਪਹਿਲਾਂ ਕਿਸ਼ਤੀ ਅਤੇ ਫਿਰ ਟਰਾਲੇ ਵਿਚ ਬੈਠ ਕੇ ਉਹ ਜੰਗਲ ਵੱਲ ਨੂੰ ਹੀ ਰਫ਼ੂ-ਚੱਕਰ ਹੋ ਗਏ। ਇੱਥੇ ਠੰਢ ਕੁਝ ਘੱਟ ਸੀ। ਪਹੁ ਫ਼ਟ ਗਈ ਸੀ। ਉਹ ਜਗਦੀਆਂ ਲਾਈਟਾਂ ਦੀ ਸੇਧ ਨੂੰ ਹੋ ਤੁਰੇ। ਏਜੰਟਾਂ ਦੇ ਚੁੰਗਲ 'ਚੋਂ ਅਜ਼ਾਦ ਅਤੇ "ਇੰਗਲੈਂਡ" ਦਾ ਨਾਂ ਸੁਣ ਕੇ ਉਹਨਾਂ ਦੇ ਮਰੇ ਹੌਂਸਲੇ ਕੁਝ ਕੁ ਹਰੇ ਹੋ ਗਏ। ਉਹ ਰਹਿੰਦੇ-ਖੂੰਹਦੇ ਆਖਰੀ ਬਲ ਆਸਰੇ, ਲਾਈਟਾਂ ਵੱਲ ਨੂੰ ਤੁਰੇ ਜਾ ਰਹੇ ਸਨ। ਹੁਣ ਉਹਨਾਂ ਦੀ ਬੁਝੀ ਆਸ ਦੀ ਕਿਰਨ ਜਗ ਪਈ ਸੀ। ਇਹਨਾਂ ਮੁੰਡਿਆਂ ਵਿਚ ਹੀ ਹੁਸਿ਼ਆਰ ਸਿੰਘ ਸੀ। ਅਜੇ ਉਹ ਇਕ ਸੜਕ 'ਤੇ ਹੀ ਚੜ੍ਹੇ ਸਨ ਕਿ ਪੁਲੀਸ ਦੀਆਂ ਦੋ ਗੱਡੀਆਂ ਉਹਨਾਂ ਦੇ ਅੱਗੇ-ਪਿੱਛੇ ਆ ਲੱਗੀਆਂ! ਸ਼ਾਇਦ ਕਿਸੇ ਨੇ ਦੂਰੋਂ ਦੇਖ ਕੇ ਪੁਲੀਸ ਨੂੰ ਫ਼ੋਨ ਕਰ ਦਿੱਤਾ ਸੀ। ਅਵਾਰਾ ਪਸ਼ੂਆਂ ਵਾਂਗ ਪੱਚੀ ਜਾਹਲੀ ਮੁੰਡੇ ਦੇਖ ਕੇ ਪੁਲੀਸ ਸਤੰਭ ਰਹਿ ਗਈ। ਫ਼ੋਨ ਕਰਨ 'ਤੇ ਪੁਲੀਸ ਦੀਆਂ ਛੇ ਗੱਡੀਆਂ ਹੋਰ ਆ ਗਈਆਂ। ਉਹਨਾਂ ਨੂੰ ਹਵਾਲਾਤ ਵਿਚ ਬੰਦ ਕਰ ਦਿੱਤਾ ਗਿਆ। ਗਰਮ ਕੰਬਲ ਦਿੱਤੇ ਗਏ। ਪੀਣ ਨੂੰ ਕੌਫ਼ੀ ਅਤੇ ਖਾਣ ਨੂੰ ਕੇਕ ਦਿੱਤੇ ਗਏ। ਉਹਨਾਂ ਨੂੰ ਨਿੱਘ ਵਿਚ ਕੁਝ ਸੁਖ ਦਾ ਸਾਹ ਆਇਆ। ਛੇ ਮੁੰਡਿਆਂ ਦੇ ਹੱਥਾਂ ਪੈਰਾਂ ਦੀਆਂ ਉਂਗਲਾਂ ਬਰਫ਼ ਕਾਰਨ ਗਲ ਗਈਆਂ ਸਨ। ਉਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਚਾਰ ਮੁੰਡਿਆਂ ਦੇ ਹੱਥਾਂ ਅਤੇ ਪੈਰਾਂ ਦੀਆਂ ਉਂਗਲੀਆਂ ਕੱਟਣੀਆਂ ਪਈਆਂ। ਹਸਪਤਾਲ ਦੇ ਡਾਕਟਰਾਂ ਅਨੁਸਾਰ ਅਥਾਹ ਸਰਦੀ ਕਾਰਨ ਉਂਗਲੀਆਂ ਬਿਲਕੁਲ ਨਿਕਾਰਾ ਹੋ ਚੁੱਕੀਆਂ ਸਨ। ਬਾਕੀ ਸਰੀਰ ਨੂੰ "ਇਨਫ਼ੈਕਸ਼ਨ" ਤੋਂ ਬਚਾਉਣ ਲਈ ਉਂਗਲੀਆਂ ਦਾ ਕੱਟਿਆ ਜਾਣਾ ਜ਼ਰੂਰੀ ਸੀ! ਲਾਗ ਕਾਰਨ ਸਾਰੇ ਸਰੀਰ ਦੇ ਗਲ ਜਾਣ ਦਾ ਖ਼ਤਰਾ ਸੀ! ਇੱਥੇ ਆ ਕੇ ਪਤਾ ਲੱਗਿਆ ਸੀ ਕਿ ਉਹ ਇੰਗਲੈਂਡ ਵਿਚ ਨਹੀਂ, ਆਸਟਰੀਆ ਵਿਚ ਸਨ। ਏਜੰਟਾਂ ਨੇ ਉਹਨਾਂ ਨੂੰ 'ਸਲਵਾਕ' ਦੇ ਰਸਤੇ, ਨਦੀ ਪਾਰ ਕਰਵਾ ਕੇ ਆਸਟਰੀਆ ਵਾੜਿਆ ਸੀ। ਇੰਗਲੈਂਡ ਤਾਂ ਅਜੇ ਕਈ ਦੇਸ਼ ਛੱਡ ਕੇ, ਅੱਗੇ ਸੀ! ਉਹਨਾਂ ਪਾਸੋਂ ਨਿੱਜੀ ਵੇਰਵਾ ਲੈ ਕੇ ਫ਼ੋਟੋ ਲਾਹ ਲਏ ਗਏ ਅਤੇ ਵੱਡੀ ਜੇਲ੍ਹ ਵਿਚ ਭੇਜ ਦਿੱਤਾ ਗਿਆ। ਸਮਾਂ ਪਾ ਕੇ ਵੱਖੋ-ਵੱਖ "ਕਸਟੱਡੀਜ਼" ਵਿਚ ਤਬਦੀਲ ਕਰ ਦਿੱਤਾ। -"ਉਹ ਮਰੇ ਮੁੰਡੇ ਮੇਰੇ ਦਿਲ ਤੋਂ ਨ੍ਹੀ ਲਹਿੰਦੇ ਬਾਈ ਜੀ!" ਬਿੱਲੇ ਕੋਲ ਬੈਠਾ ਹੁਸਿ਼ਆਰ ਸਿੰਘ ਰੋਈ ਜਾ ਰਿਹਾ ਸੀ। -"-----।" ਬਿੱਲਾ ਦੁਖੀ ਹੋਇਆ ਬੈਠਾ ਸੀ। -"ਘਰਦਿਆਂ ਨੇ ਬਾਹਰ ਤੋਰੇ ਸੀ ਬਈ ਜਿੰਦਗੀ ਵਧੀਆ ਗੁਜਾਰਨਗੇ-ਪਰ ਕੀ ਪਤਾ ਸੀ ਬਈ ਕਰਮਾਂ ਮਾਰਿਆਂ ਨੂੰ ਜਾਂਦੀ ਵਾਰੀ ਕੱਫ਼ਣ ਵੀ ਨਸੀਬ ਨਹੀਂ ਹੋਣਾ!" -"-----।" -"ਬਾਈ ਰੱਬ ਮੂਹਰੇ ਹੁਣ ਇਕ ਈ ਦੁਆ ਐ-ਬਈ ਰਹਿਣਾ ਤਾਂ ਉਥੇ ਈ ਐ-ਜਿੱਥੇ ਰੱਬ ਰੱਖਦੈ-ਪਰ ਰੱਬਾ ਮੇਰਿਆ! ਮੈਂ ਮਰਾਂ ਆਬਦੇ ਪਿੰਡ ਜਾ ਕੇ-ਉਥੇ ਕੋਈ ਰੋਣ ਵਾਲਾ ਤਾਂ ਹੋਊ? ਜੰਗਲ ਉਜਾੜਾਂ 'ਚ ਮੈਂ ਮਰਨਾ ਨਹੀਂ ਚਾਹੁੰਦਾ ਬਾਈ! ਬੰਦਾ ਮਰ ਗਿਆ-ਦੱਬ ਦਿੱਤਾ-ਘਾਣੀ ਖਤਮ! ਕਿਸੇ ਨੂੰ ਕੋਈ ਗਮ ਨਹੀਂ-ਕੋਈ ਅਫ਼ਸੋਸ ਨਹੀਂ-ਕੋਈ ਰੋਸ ਨਹੀਂ-ਕੋਈ ਤਰਸ ਨਹੀਂ-ਬੰਦਾ ਗਿਆ ਤਾਂ ਗਿਆ ਸਹੀ!" -"-----।" ਮੈਨੂੰ ਅਜੇ ਯਾਦ ਐ ਬਾਈ-!" -"-----।" -"ਸਾਡਾ ਇਕ ਕੁੱਤਾ ਮਰ ਗਿਆ ਸੀ-ਮੇਰੀ ਬੇਬੇ ਨੇ ਉਹਨੂੰ ਪੇਕਿਆਂ ਤੋਂ ਕਤੂਰ੍ਹੇ ਨੂੰ ਲੈ ਕੇ ਆਈ ਸੀ ਬਾਈ-ਕੁੱਤਾ ਪੁੱਤਾਂ ਮਾਂਗੂੰ ਪਾਲਿਆ-ਜਦੋਂ ਉਹ ਕੰਧ ਡਿੱਗਣ ਨਾਲ ਮਰਿਆ ਤਾਂ ਮੇਰੀ ਬੇਬੇ ਨੇ ਇਉਂ ਵੈਣ ਪਾਏ-ਜਿਵੇਂ ਪੁੱਤ ਮਰ ਗਿਆ ਹੁੰਦੈ!" -"-----।" -"ਫੇਰ ਬਾਈ ਉਹਦੇ ਆਸਤੇ ਪੰਜ ਗਜ ਖੱਦਰ ਮੰਗਵਾਇਆ-ਟੋਆ ਪੱਟ ਕੇ ਕੁੱਤੇ 'ਤੇ ਖੱਦਰ ਪਾ ਕੇ ਫਿਰ ਦੱਬਿਆ-ਐਥੇ ਤਾਂ ਬਾਈ ਬੰਦੇ ਦੀ ਕੁੱਤੇ ਜਿੰਨੀ ਕਦਰ ਨਹੀਂ!" ਹੁਸਿ਼ਆਰ ਫਿਰ ਰੋ ਪਿਆ। -"ਹੁਸਿ਼ਆਰ! ਵੀਰ ਮੇਰਿਆ! ਓਸ ਗੁਰੂਆਂ, ਪੀਰ, ਪੈਗੰਬਰਾਂ, ਆਸ਼ਕਾਂ, ਯੋਧਿਆਂ ਦੀ ਧਰਤੀ ਅਤੇ ਐਸ ਖੁਦਗਰਜ਼ ਧਰਤੀ ਵਿਚ ਬੜਾ ਫਰਕ ਐ-ਐਥੇ ਅਕ੍ਰਿਤਘਣ ਵਸਦੇ ਐ-ਜਿਹੜੇ ਬੰਦੇ ਦਾ ਕੀਤਾ ਤਾਂ ਕੀ? ਰੱਬ ਦਾ ਕੀਤਾ ਵੀ ਭੁਲਾਈ ਬੈਠੇ ਐ-ਅਕ੍ਰਿਤਘਣ ਵੀਰ ਮੇਰਿਆ ਬੜਾ ਬੁਰਾ ਦੁਸ਼ਟ ਹੁੰਦੈ!" ਉਹ ਦੇਰ ਰਾਤ ਗਈ ਗੱਲਾਂ ਕਰਦੇ ਰਹੇ। ਪੂਰੇ ਤਿੰਨ ਹਫ਼ਤਿਆਂ ਬਾਅਦ ਬਿੱਲੇ ਦੀ ਕੀਤੀ ਹੋਈ ਅਪੀਲ ਦਾ ਉਤਰ ਆ ਗਿਆ। "ਸ਼ਰਣ-ਅਦਾਰੇ" ਵੱਲੋਂ ਸਾਫ਼ ਜਵਾਬ ਸੀ! ਸਟੇਅ ਦੇਣ ਤੋਂ ਕੋਰਾ ਹੀ ਇਨਕਾਰ ਸੀ! ਕਾਰਣ ਸਬੂਤਾਂ ਦਾ ਸੀ। ਜੁਬਾਨੀ ਬਿਆਨ ਕੋਈ ਮਹੱਤਤਾ ਨਹੀਂ ਰੱਖਦੇ ਸਨ। ਅਸਾਈਲਮ-ਆਫਿ਼ਸ ਨੇ "ਫ਼ੌਰਨ-ਲੀਜ਼ਨ" ਨੂੰ ਵੀ ਖ਼ਤ ਲਿਖ ਦਿੱਤਾ ਸੀ। ਉਸ ਰਾਤ ਹੁਸਿ਼ਆਰ ਨੇ ਆਪਣੀਆਂ ਯਾਦਾਂ ਦੀ ਲੜੀ ਫਿਰ ਗਲੋਟੇ ਵਾਂਗ ਉਧੇੜਨੀ ਸ਼ੁਰੂ ਕਰ ਦਿੱਤੀ। -"ਇਕ ਦਿਨ ਬਾਈ ਅਸੀਂ ਵੀਹ-ਪੱਚੀ ਜਣੇਂ ਜੰਗਲ ਵਿਚ ਤੁਰੇ ਆਉਂਦੇ ਸੀ-।" -"ਅੱਛਾ।" ਬਿੱਲੇ ਨੇ ਹੁੰਗਾਰਾ ਭਰਿਆ। -"ਇਕ ਏਜੰਟ ਘੋੜੇ 'ਤੇ ਚੜ੍ਹਿਆ ਜਾ ਰਿਹਾ ਸੀ ਤੇ ਦੂਜਾ ਸਾਡੇ ਗਰੁੱਪ ਦੇ ਮਗਰ-ਮਗਰ ਆਉਂਦਾ ਸੀ-ਮਗਰਲੇ 'ਡੌਂਕਰ' ਦੇ ਹੱਥ 'ਚ ਵੱਡੀ ਦਸ ਸੈੱਲਾਂ ਵਾਲੀ ਬੈਟਰੀ-।" -"ਅੱਛਾ।" -"ਜਿਹੜਾ ਮੁੰਡਾ ਮਾੜਾ-ਮੋਟਾ ਹੌਲੀ ਹੁੰਦਾ-ਉਹਦੇ ਉਹ ਸਿਰ 'ਚ 'ਠਾਹ' ਦੇਣੇ ਬੈਟਰੀ ਮਾਰਦਾ-ਸਾਲਾ ਨਾ ਕੁਛ ਕਹਿੰਦਾ ਤੇ ਨਾ ਈ ਪੁੱਛਦਾ-।" -"ਅੱਛਾ---!" -"ਬਰਫ਼ ਮਾੜੀ-ਮਾੜੀ ਪੈਂਦੀ ਸੀ-ਸੱਤਾਂ ਕੁ ਘੰਟਿਆਂ ਬਾਅਦ ਅਸੀਂ ਇਕ ਥਾਂ 'ਤੇ ਦਮ ਮਾਰਨ ਲਈ ਰੁਕੇ-ਜੰਗਲ ਵਿਚ ਈ।" -"-----।" -"ਇਕ ਮੁੰਡੇ ਦੇ ਇੰਡੀਆ ਆਲੀ ਰਕਾਬੀ ਪਾਈ ਵੀ ਸੀ-ਇੰਡੀਆ ਆਲੀ ਰਕਾਬੀ ਤੈਨੂੰ ਪਤੈ ਈ ਐ ਬਈ ਬਰਫ਼ਾਂ 'ਚ ਕਦੋਂ ਚੱਲਦੀ ਐ?" -"ਹਾਂ!" -"ਸਾਨੂੰ ਬਾਈ ਬਰਫ਼ 'ਚ ਇਕ ਅਧ-ਦੱਬਿਆ ਬੂਟ ਦਿਸਿਆ-ਅਸੀਂ ਉਸ ਮੁੰਡੇ ਨੂੰ ਕਿਹਾ ਬਈ ਆਹ ਇਕ ਬੂਟ ਤਾਂ ਪਾਅ-ਕੀ ਐ ਦੂਜਾ ਇਹਦੇ ਨਾਲ ਦਾ ਗਾਂਹਾਂ ਲੱਭ ਪਵੇ?" -"ਫੇਰ?" -"ਫੇਰ ਕੀ ਬਾਈ! ਜਦੋਂ ਉਸ ਮੁੰਡੇ ਨੇ ਬੂਟ ਫੜ ਕੇ ਬਰਫ਼ 'ਚੋਂ ਬਾਹਰ ਖਿੱਚਿਆ ਤਾਂ ਉਹਦੇ ਨਾਲ-ਨਾਲ ਈ ਇਕ ਗਲੀ ਸੜੀ ਹੋਈ ਲੱਤ ਨਿਕਲ ਆਈ-ਉਹ ਮੁੰਡਾ ਡਰ ਕੇ ਪਿੱਛੇ ਹਟ ਗਿਆ-।" -"ਕਿਸੇ ਮੁੰਡੇ ਨੂੰ ਮਾਰਕੇ ਦੱਬਤਾ ਹੋਣੈਂ?" -"ਰੱਬ ਜਾਣੇਂ! ਮਾਰ ਕੇ ਦੱਬਤਾ ਜਾਂ ਫਿਰ ਤੁਰਿਆ ਆਉਂਦਾ ਮਰ ਗਿਆ? ਜਿੱਥੇ ਮਰ ਗਿਆ-ਉਥੇ ਈ ਦੱਬ ਦਿੱਤਾ-ਕਿਹੜਾ ਏਜੰਟਾਂ ਨੂੰ ਕੋਈ ਤਰਸ ਐ?" -"ਫੇਰ?" -"ਫੇਰ ਕੀ ਬਾਈ? ਜਿਹੜਾ ਮੁੰਡਾ ਡਰਿਆ ਸੀ-ਉਹਨੂੰ ਬੈਟਰੀ ਆਲੇ ਏਜੰਟ ਨੇ ਬੈਟਰੀਆਂ ਨਾਲ ਐਨਾ ਕੁੱਟਿਆ-ਐਨਾ ਕੁੱਟਿਆ-ਉਹਦੇ ਸਿਰ 'ਚੋਂ ਖੂਨ ਦੀਆਂ ਧਰਾਲਾਂ ਵਗਣ-ਜਿੱਦੇਂ ਅਸੀਂ ਪਹਿਲੀ ਵਾਰੀ ਪੁਲਸ ਵੱਲੋਂ ਫੜੇ ਗਏ-ਪੁਲਸ ਨੇ ਉਹਨੂੰ ਹਸਪਤਾਲ ਪੁਚਾਇਆ ਤੇ ਉਹਦੇ ਬਾਈ ਮੂੰਹ ਸਿਰ 'ਤੇ ਛੱਤੀ ਟਾਂਕੇ ਲੱਗੇ!" -"-----।" ਬਿੱਲਾ ਖਾਮੋਸ਼ ਹੋ ਗਿਆ। -"ਪਹਿਲੀ ਡੌਂਕੀ ਵੇਲੇ ਦੀ ਗੱਲ ਐ ਬਾਈ-।" ਹੁਸਿ਼ਆਰ ਨੇ ਇਕ ਹੋਰ ਵਾਰਤਾ ਸ਼ੁਰੂ ਕੀਤੀ। -"-----।" ਬਿੱਲਾ ਚੁੱਪ ਸੀ। -"ਸੌਂ ਗਿਆ ਬਾਈ?" -"ਨਹੀਂ ਸੁੱਤਾ ਤਾਂ ਨ੍ਹੀ-ਤੂੰ ਗੱਲ ਸੁਣਾ-ਮੈਂ ਸੁਣਦੈਂ-।" ਬਿੱਲੇ ਨੇ ਕਿਹਾ। -"ਅਜੇ ਬਰਫ਼ਾਂ ਸ਼ੁਰੂ ਨਹੀਂ ਸੀ ਹੋਈਆਂ-।" -"ਅੱਛਾ।" -"ਅਸੀਂ ਗਿਆਰਾਂ-ਬਾਰਾਂ ਜਣੇਂ ਇਕ ਜੰਗਲ 'ਚ ਡੌਂਕਰਾਂ ਨਾਲ ਤੁਰੇ ਆਉਂਦੇ ਸੀ-।" -"ਅੱਛਾ।" -"ਜੰਗਲ 'ਚ ਇਕ ਪਿੰਜਰ ਪਿਆ।" -"ਅੱਛਾ--!" ਬਿੱਲਾ ਉਠ ਕੇ ਬੈਠ ਗਿਆ। -"ਪਿੰਜਰ ਬਾਈ ਸਿੱਧਾ ਪਿਆ-ਪਿੰਜਰ ਦੇ ਸਿਰ ਹੇਠ ਬਾਈ ਚਮੜੇ ਦਾ ਬੈਗ ਰੱਖਿਆ ਵਿਆ ਤੇ ਪਿੰਜਰ ਦੀ ਬਾਂਹ 'ਚ ਕੜਾ ਪਾਇਆ ਹੋਇਆ।" -"ਇਹਦਾ ਮਤਲਬ ਐ ਬਈ ਉਹ ਪਿੰਜਰ ਕਿਸੇ ਪੰਜਾਬੀ ਮੁੰਡੇ ਦਾ ਸੀ?" ਬਿੱਲਾ ਬੋਲਿਆ। -"ਬਾਂਹ 'ਚ ਕੜਾ ਆਮ ਤੌਰ 'ਤੇ ਪੰਜਾਬੀ ਈ ਪਾਉਂਦੇ ਐ।" -"-----।" -"ਉਦੇਂ ਰਾਤ ਨੂੰ ਦੂਜੀ ਡੌਂਕੀ ਆਲੇ ਮੁੰਡਿਆਂ ਤੋਂ ਹੋਰ ਪਤਾ ਲੱਗਿਆ ਬਈ ਏਜੰਟਾਂ ਨੇ ਤਿੰਨ ਬੰਗਲਾ ਦੇਸ਼ੀ, ਉਹਨਾਂ ਦੀਆਂ ਹਿੱਕਾਂ 'ਤੇ ਚੜ੍ਹਕੇ, ਥਬੂਕੇ ਮਾਰ-ਮਾਰ ਕੇ ਮਾਰੇ-ਉਹਨਾਂ ਦੇ ਮੂੰਹ 'ਚੋਂ ਖੂਨ ਨਿਕਲ ਕੇ ਧਰਤੀ ਭਿੱਜ ਗਈ-ਬੜਾ ਈ ਬੁਰਾ ਹਾਲ ਕਰਕੇ ਮਾਰੇ ਉਹ ਵਿਚਾਰੇ।" -"ਉਹਨਾਂ ਦਾ ਕਸੂਰ ਕੀ ਸੀ?" -"ਕਸੂਰ ਕੀ ਹੋਣਾ ਸੀ ਬਾਈ? ਬੱਸ ਥੱਕ ਟੁੱਟ ਕੇ ਚੂਰ ਹੋਏ ਪਏ ਸੀ-ਤੁਰਿਆ ਨਹੀਂ ਜਾਂਦਾ ਸੀ ਵਿਚਾਰਿਆਂ ਤੋਂ-ਦੂਜੇ ਮੁੰਡਿਆਂ ਨੂੰ 'ਕੰਨ' ਕਰਨ ਵਾਸਤੇ ਉਹਨਾਂ ਦੇ ਸਾਹਮਣੇ ਇਕ ਅੱਧਾ ਮੁੰਡਾ ਇਉਂ ਮਾਰ ਦਿੰਦੇ ਐ-ਤੇ ਬਾਕੀ ਆਪਣੀ ਹੋਣੀਂ ਤੋਂ ਡਰਦੇ ਈ ਭੱਜੇ ਤੁਰੇ ਜਾਂਦੇ ਐ-ਨਾਲੇ ਵਿਚਾਰੇ ਬੰਗਲਾ ਦੇਸ਼ੀ ਤਾਂ ਹੁੰਦੇ ਵੀ ਭੋਰਾ-ਭੋਰਾ ਐ-ਆਪਣੇ ਪੰਜਾਬੀ ਮੁੰਡੇ ਤਾਂ ਫੇਰ ਵੀ ਧੱਕੜ ਐ-ਡਿੱਗਦੇ ਢਹਿੰਦੇ ਤੁਰੇ ਜਾਂਦੇ ਐ।" -"-----।" -"ਫੇਰ ਬਾਈ ਇਕ ਆਰੀ ਅਸੀਂ ਕੀਵ ਦੇ ਜੰਗਲਾਂ 'ਚ ਇਕ ਲੱਕੜ ਦੇ ਟੁੱਟੇ ਜਿਹੇ ਮਕਾਨ 'ਚ ਰੱਖੇ ਵੇ ਸੀਗੇ-ਉਥੇ ਇਕੋ-ਇੱਕ ਟੁਐਲਿੱਟ ਤੇ ਅਸੀਂ ਸੱਤਰ-ਅੱਸੀ ਮੁੰਡੇ! ਇਕ ਮੁੰਡੇ ਨੂੰ ਟੱਟੀਆਂ ਲੱਗ ਗਈਆਂ-ਉਹ ਵਿਚਾਰਾ ਵਾਰ-ਵਾਰ ਟੁਐਲਿੱਟ ਜਾਵੇ-ਜਾਣਾ ਈ ਸੀ? ਇੱਕ ਏਜੰਟ ਨੇ ਚਿੜ ਕੇ ਉਹਦੇ ਪੈਰਾਂ 'ਚ ਮੇਖਾਂ ਠੋਕਤੀਆਂ-!" -"ਸੱਚੀਂ! ਕਿਉਂ? ਕਾਹਤੋਂ?" ਬਿੱਲੇ ਦੇ ਸੁਣ ਕੇ ਲੂੰ-ਕੰਡੇ ਖੜ੍ਹੇ ਹੋ ਗਏ। -"ਜਦੋਂ ਤੁਰਦੇ ਸੀ ਤਾਂ ਲੱਕੜ ਦਾ ਮਕਾਨ 'ਚੀਂ-ਚੀਂ' ਕਰਦਾ ਸੀ ਤੇ ਇਹ ਏਜੰਟ ਤੋਂ ਸਹਿਣ ਨ੍ਹੀ ਹੁੰਦਾ ਸੀ-ਉਹ ਹੇਠਲੀ ਮੰਜਿਲ 'ਤੇ ਪਿਆ ਸੀ-ਜਦੋਂ ਉਪਰਲੇ ਪਾਸੇ ਕੋਈ ਤੁਰਦਾ ਸੀ ਤਾਂ ਹੇਠਾਂ ਸੁੱਤੇ ਪਏ ਦੀ ਉਹਦੀ ਸ਼ਾਂਤੀ ਭੰਗ ਹੁੰਦੀ ਸੀ-ਐਹੋ ਜੇ ਮੇਰੇ ਸਾਲੇ ਬੁੱਚੜ ਐ ਏਜੰਟ।" ਹੁਸਿ਼ਆਰ ਨੇ ਗੱਲ ਸਮਾਪਤ ਕੀਤੀ। ਬਿੱਲੇ ਨੂੰ ਮੁੜ੍ਹਕਾ ਆਇਆ ਪਿਆ ਸੀ। -"ਯਾਰ ਹੁਸਿ਼ਆਰ-ਐਹੋ ਜਿਹੀਆਂ ਘਟਨਾਵਾਂ ਸੁਣ ਕੇ ਦਿਲ ਕੁਰਲਾ ਉਠਦੈ-ਮੇਰਾ ਤਾਂ ਬਾਹਰ ਆ ਕੇ ਮਨ ਕਿਰਕ ਗਿਐ।" ਬਿੱਲਾ ਬੋਲਿਆ। ਹੁਸਿ਼ਆਰ ਲੰਬੀ ਚੁੱਪ ਵੱਟ ਗਿਆ। ਉਹ ਦੁਪਿਹਰ ਦਾ ਖਾਣਾ ਖਾ ਕੇ ਅਜੇ ਮੁੜਿਆ ਹੀ ਸੀ ਕਿ ਪੰਜ ਪੁਲੀਸ ਵਾਲੇ ਆ ਗਏ। ਉਹਨਾਂ ਨਾਲ ਇਕ ਦੋਭਾਸ਼ੀਆ ਕੁੜੀ ਵੀ ਸੀ। -"ਬਾਹਰ ਆ ਜਾਓ!" ਉਸ ਕੁੜੀ ਨੇ ਪੰਜਾਬੀ ਵਿਚ ਹੀ ਕਿਹਾ। ਵੈਸੇ ਉਹ ਵਾਲਾਂ ਦੇ ਕੱਟੇ ਹੋਏ ਸਟਾਈਲ ਤੋਂ ਦਿੱਲੀ ਵੱਲ ਦੀ ਲੱਗਦੀ ਸੀ। ਬਿੱਲਾ ਬਾਹਰ ਆ ਗਿਆ। -"ਕੀ ਗੱਲ ਹੈ ਮੈਡਮ?" -"ਤੁਹਾਡਾ ਸਟੇਅ ਦਾ ਕੇਸ ਰੱਦ ਹੋ ਗਿਆ ਹੈ-ਤੁਹਾਨੂੰ ਆਸਟਰੀਆ ਛੱਡਣਾ ਪਵੇਗਾ-।" -"-----।" ਬਿੱਲਾ ਚੁੱਪ ਸੀ। -"ਦੱਸੋ?" -"ਕੀ ਦੱਸਾਂ ਮੈਡਮ?" -"ਇਹੀ ਬਈ ਤੁਸੀਂ ਆਸਟਰੀਆ ਖੁਦ ਛੱਡੋਂਗੇ ਜਾਂ ਤੁਹਾਨੂੰ ਪੁਲੀਸ ਵਾਲੇ ਚੜ੍ਹਾ ਕੇ ਆਉਣ?" ਕੁੜੀ ਦਾ ਇਸ਼ਾਰਾ ਜਹਾਜ ਵੱਲ ਸੀ। -"ਮੈਡਮ ਜੀ-ਮੇਰੇ ਕੋਲੇ ਤਾਂ ਕੋਈ ਪੈਸਾ ਵੀ ਨਹੀਂ ਹੈ-।" ਬਿੱਲੇ ਨੇ ਮਜਬੂਰੀ ਜ਼ਾਹਿਰ ਕੀਤੀ। -"ਜਿਹੜੇ ਸੀਗੇ-ਉਹ ਏਜੰਟ ਲੈ ਗਏ।" -"ਤੁਹਾਡੀ ਏਅਰ-ਟਿਕਟ ਅਤੇ ਆਊਟ-ਪਾਸ ਦਾ ਪ੍ਰਬੰਧ ਪੁਲੀਸ ਹੀ ਕਰ ਦੇਵੇਗੀ।" -"ਪ੍ਰਬੰਧ ਕਿੰਨੀ ਕੁ ਦੇਰ 'ਚ ਹੋਜੂਗਾ ਮੈਡਮ?" -"ਇਕ-ਦੋ ਦਿਨ ਵਿਚ-ਜੇ ਤੁਸੀਂ ਚਾਹੋਂ ਤਾਂ ਪਰਸੋਂ ਦਿੱਲੀ ਦੀ ਫ਼ਲਾਈਟ ਲੈ ਸਕਦੇ ਹੋ।" ਉਹ ਸੰਖੇਪ, ਪਰ ਫ਼ਾਹਾ-ਵੱਢ ਗੱਲਾਂ ਕਰ ਰਹੇ ਸਨ। -"ਮੈਡਮ-ਮੇਰਾ ਇਕ ਫ਼ੋਨ ਕਰਵਾ ਸਕਦੇ ਐਂ?" -"ਜਰੂਰ-ਬਿਲਕੁਲ!" -"ਮੇਰਾ ਇਕ ਫ਼ੋਨ ਕਰਵਾ ਦਿਓ-ਮੈਂ ਆਪਣੇ ਦੋਸਤ ਨੂੰ ਵਾਪਿਸ ਆਉਣ ਬਾਰੇ ਹੀ ਦੱਸਣਾ ਚਾਹੁੰਦਾ ਹਾਂ।" -"ਆ ਜਾਓ!" ਉਹ ਬਿੱਲੇ ਨੂੰ ਨਾਲ ਲੈ ਗਏ। ਕਈ ਲੋੜੀਂਦੇ ਕਾਗਜ਼ਾਂ 'ਤੇ ਦਸਤਖ਼ਤ ਕਰਵਾ ਲਏ। ਬਿੱਲਾ ਬਿਨਾ ਝਿਜਕ, ਬਿਨਾ ਕਿਸੇ ਹੀਲ-ਹੁੱਜਤ ਦੇ ਦਸਤਖ਼ਤ ਵਾਹੀ ਜਾ ਰਿਹਾ ਸੀ। ਜਿਵੇਂ ਉਹ ਕੋਈ ਬੰਦਾ ਨਹੀਂ, ਇਕ ਕੱਠਪੁਤਲੀ ਸੀ। ਹੁਣ ਉਹ ਸਾਰੇ ਰਸਤੇ ਬੰਦ ਹੋ ਗਏ ਸਮਝਦਾ ਸੀ। ਸਾਰੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਪੁਲਸ ਨੇ ਅਫ਼ਸਰ ਨੇ ਬਿੱਲੇ ਤੋਂ ਇੰਡੀਆ ਦਾ ਫ਼ੋਨ ਨੰਬਰ ਮੰਗਿਆ ਤਾਂ ਉਸ ਨੇ ਡਾਕਟਰ ਭਜਨ ਦੇ ਕਲੀਨਿਕ ਦਾ ਨੰਬਰ ਲਿਖ ਦਿੱਤਾ। ਪੁਲਸ ਅਫ਼ਸਰ ਨੇ ਨੰਬਰ ਡਾਇਲ ਕਰ ਕੇ ਰਿਸੀਵਰ ਬਿੱਲੇ ਨੂੰ ਫੜਾ ਦਿੱਤਾ। ਫ਼ੋਨ ਬੱਬੂ ਨੇ ਹੀ ਚੁੱਕਿਆ। -"ਬੱਬੂ---!" -"ਹਾਂ ਜੀ---?" -"ਮੈਂ ਬਿੱਲਾ ਬੋਲਦੈਂ---!" -"ਹਾਂ-ਕੀ ਹਾਲ ਐ---?" -"ਤੂੰ ਵੀਰ ਬਣਕੇ ਇਉਂ ਕਰੀਂ-ਗੁਰਕੀਰਤ ਨੂੰ ਸੁਨੇਹਾਂ ਦੇ ਦੇਈਂ-ਉਹ ਪਰਸੋਂ ਆ ਕੇ ਮੈਨੂੰ ਦਿੱਲੀਓਂ ਏਅਰਪੋਰਟ ਤੋਂ ਲੈ ਜਾਵੇ--!" -"ਕਿੰਨੇ ਵਜੇ--?" -"ਕਿੰਨੇ ਵਜੇ ਮੈਡਮ?" ਉਸ ਨੇ ਰਿਸੀਵਰ 'ਤੇ ਹੱਥ ਰੱਖ ਕੇ ਕੁੜੀ ਨੂੰ ਪੁੱਛਿਆ। -"ਰਾਤ ਨੂੰ ਦਸ ਵੱਜ ਕੇ ਵੀਹ ਮਿੰਟ 'ਤੇ-ਆਸਟਰੀਅਨ ਏਅਰਲਾਈਨਜ਼!" ਕੁੜੀ ਨੇ ਕੁਝ ਪੜ੍ਹਦਿਆਂ ਦੱਸਿਆ। ਬਿੱਲੇ ਨੇ ਰਿਸੀਵਰ ਦੇ ਮੂੰਹ ਤੋਂ ਹੱਥ ਚੁੱਕ ਲਿਆ। -"ਰਾਤ ਨੂੰ ਦਸ ਵੱਜ ਕੇ ਵੀਹ ਮਿੰਟ 'ਤੇ-ਆਸਟਰੀਅਨ ਏਅਰਲਾਈਨਜ਼ ਆਊਗੀ-ਸਮਝ ਗਿਆ? ਪਰਸੋਂ ਰਾਤ ਨੂੰ---!" -"ਸਮਝ ਗਿਆ--।" -"ਲਿਖ ਲੈ ਬੱਬੂ--!" -"ਲਿਖ ਲਿਆ--!" -"ਬੋਲ ਕੇ ਦੱਸ--?" -"ਪਰਸੋਂ ਰਾਤ ਨੂੰ-ਦਸ ਵੱਜ ਕੇ ਵੀਹ ਮਿੰਟ 'ਤੇ-ਆਸਟਰੀਅਨ ਏਅਰਲਾਈਨਜ਼--।" -"ਠੀਕ ਐ--!" ਬਿੱਲੇ ਨੇ ਫ਼ੋਨ ਰੱਖ ਦਿੱਤਾ। -"ਪੂਰੇ ਤਿੰਨ ਸਾਲ ਤੁਸੀਂ ਆਸਟਰੀਆ ਨਹੀਂ ਆ ਸਕਦੇ-ਤੁਹਾਨੂੰ ਡਿਪੋਰਟ ਕੀਤਾ ਜਾ ਰਿਹਾ ਹੈ।" ਮੈਡਮ ਬੋਲੀ। -"ਮੈਂ ਕਦੇ ਵੀ ਨਹੀਂ ਆਵਾਂਗਾ ਮੈਡਮ!" -"ਐਥੇ ਦਸਤਖ਼ਤ ਕਰ ਦਿਓ ਫਿਰ।" ਬਿੱਲੇ ਨੇ ਡਿਪੋਰਟੇਸ਼ਨ ਦੇ ਪ੍ਰਵਾਨਿਆਂ 'ਤੇ ਵੀ ਦਸਤਖ਼ਤ ਕਰ ਦਿੱਤੇ। ਆਖਰੀ ਯੱਭ ਨਿਬੇੜ ਦਿੱਤਾ। ਜਦੋਂ ਤੀਜੇ ਦਿਨ ਪੁਲੀਸ ਵਾਲੇ ਉਸ ਨੂੰ ਜਹਾਜ ਵਿਚ ਬਿਠਾਉਣ ਆਏ ਤਾਂ ਨਾਲ 'ਮੈਡਮ' ਵੀ ਸੀ। ਪੁਲੀਸ ਅਫ਼ਸਰ ਨੇ ਕੁੜੀ ਨੂੰ ਕੁਝ ਕਿਹਾ। -"ਇਹ ਕਹਿੰਦੇ ਹੁਣ ਨਾ ਆਸਟਰੀਆ ਆਵੀਂ-ਜੇ ਆਇਆ ਤਾਂ ਤਿੰਨ ਸਾਲ ਬਾਅਦ ਵੀਜ਼ਾ ਬਗੈਰਾ ਲੈ ਕੇ-ਸਹੀ ਤਰੀਕੇ ਨਾਲ ਆਈਂ।" ਕੁੜੀ ਨੇ ਅਫ਼ਸਰ ਦਾ ਕਿਹਾ ਬਚਨ, ਉਲੱਥਾ ਕਰ ਕੇ ਦੱਸਿਆ। -"ਇਹਨਾਂ ਨੂੰ ਮੇਰੇ ਵੱਲੋਂ ਕਹਿ ਦਿਓ ਮੈਡਮ-ਬਈ ਹੁਣ ਮੈਂ ਕਦੇ ਵੀ ਬਾਹਰ ਨਹੀਂ ਆਵਾਂਗਾ।" ਕੁੜੀ ਨੇ ਹੂ-ਬ-ਹੂ ਅੱਗੇ ਦੱਸ ਦਿੱਤਾ। ਗੋਰੇ ਪੁਲੀਸ ਅਫ਼ਸਰਾਂ ਨੇ 'ਅਲਵਿਦਾ' ਆਖ ਕੇ ਬਿੱਲੇ ਨਾਲ ਹੱਥ ਮਿਲਾਇਆ ਅਤੇ ਉਸ ਦੇ ਚੰਗੇ ਭਵਿੱਖ ਦੀ 'ਕਾਮਨਾ' ਕੀਤੀ। ਬਿੱਲਾ ਸਾਰਿਆਂ ਨੂੰ ਹੱਥ ਜੋੜ ਕੇ ਅਦਬ ਕਰਦਾ ਜਹਾਜ ਵਿਚ ਜਾ ਬੈਠਾ। ਅੱਧੇ ਕੁ ਘੰਟੇ ਬਾਅਦ ਜਹਾਜ ਉੱਡ ਗਿਆ! ਪੱਲੜੇ ਝਾੜ ਕੇ ਤੁਰੇ ਵਪਾਰੀ ਵਾਂਗ ਬਿੱਲਾ ਖਾਲੀ ਹੱਥ ਆਪਣੇ ਵਤਨ ਨੂੰ ਜਾ ਰਿਹਾ ਸੀ। ਹੁਣ ਤੱਕ ਕੱਟੇ ਦਸੌਂਟੇ ਨੂੰ ਭੁਲਾਉਣ ਲਈ ਉਹ ਸੌਣ ਦਾ ਯਤਨ ਕਰਨ ਲੱਗਿਆ। ਕਈ ਨਵੇਂ ਸੱਜਣ ਮਿਲੇ ਅਤੇ ਕਈ ਪੁਰਾਣੇਂ ਮਿੱਤਰ ਵਿਛੜੇ! ਦਿਲ ਦੀ ਕਿਸੇ ਤਹਿ ਵਿਚ ਵਸਿਆ ਇਕੋ-ਇਕ ਚਿਹਰਾ ਉਸ ਦੇ ਜਿ਼ਹਨ ਵਿਚ, ਵੱਖਰੇ-ਵੱਖਰੇ ਰੂਪ ਵਿਚ ਅੱਗੇ ਆਉਣ ਲੱਗਿਆ! ਕਦੇ ਹੱਸਦਾ, ਖੇਡਦਾ ਅਤੇ ਫੁੱਲ ਵਾਂਗ ਖਿੜਿਆ ਹੋਇਆ! ਕਦੇ ਕਰੋਧੀ, ਬੇਵੱਸ ਅਤੇ ਬਿਕਰਾਲ!! ਉਸ ਦਾ ਦਿਲ ਧੜ੍ਹਕੀ ਜਾ ਰਿਹਾ ਸੀ। ਉਹ ਪਵਨ-ਪੁੱਤਰ ਜਹਾਜ, ਤੇਤੀ ਹਜ਼ਾਰ ਫੁੱਟ ਉਚਾ ਅਤੇ ਗਿਆਰਾਂ ਸੌ ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ, ਵਾਟ ਵੱਢਦਾ ਜਾ ਰਿਹਾ ਸੀ! 'ਵਾਟ ਵੱਢਣ' ਤੋਂ ਉਸ ਨੂੰ ਮਿਰਜ਼ੇ ਜੱਟ ਦੀ ਬੱਕੀ ਅਤੇ ਫਿਰ 'ਤਰਕਸ਼' ਯਾਦ ਆਇਆ, ਜਿਹੜਾ ਜੰਡ 'ਤੇ ਹੀ ਟੰਗਿਆ ਰਹਿ ਗਿਆ ਸੀ! ਉਪਰ ਹੱਥ ਨਹੀਂ ਅੱਪੜਦਾ ਸੀ। ਪਿੱਛੇ ਦੁਸ਼ਮਣ ਸੀ, ਖ਼ਤਰਾ ਹੀ ਖ਼ਤਰਾ ਸੀ! ਘੈਂਟ ਮਿਰਜ਼ਾ ਬੇਵੱਸ, ਨਿਹੱਥਾ ਹੋ ਕੇ ਹੀ ਰਹਿ ਗਿਆ ਸੀ! ਘਾਗ਼ ਸੂਰਮਾਂ ਮਿਰਜ਼ਾ, ਜੰਡ ਹੇਠ ਹੀ ਮਾਰਿਆ ਗਿਆ ਸੀ! ਬਰਾਬਰ ਦੇ ਭਰਾ ਵੀ ਪੈਰ 'ਤੇ ਕੰਮ ਨਾ ਆ ਸਕੇ! ਮਹਿਬੂਬ ਸਾਹਿਬਾਂ ਗਈ, ਜਾਨ ਗੁਆ ਲਈ! ਇਹ ਹੀ ਹਾਲ ਬਿੱਲੇ ਦਾ ਹੋਇਆ। ਸੀਤਲ ਗਈ, ਅੰਨ੍ਹਾਂ ਪੈਸਾ ਖੂਹ ਵਿਚ ਸੁੱਟਿਆ, ਧੱਕੇ-ਧੋੜੇ ਖਾਧੇ, ਹਿਰਦੇਵੇਧਕ ਸੰਤਾਪ ਹੰਢਾਇਆ। ਪਰ ਜਰਮਨ ਜਾਣ ਦਾ ਨਿਸ਼ਾਨਾ, ਤਰਕਸ਼ ਵਾਂਗ ਜੰਡ 'ਤੇ ਹੀ ਟੰਗਿਆ ਰਹਿ ਗਿਆ ਸੀ! ਇੱਛਾ ਦੀ ਮਾਰ ਤੋਂ ਕਿਤੇ ਉਪਰ! ਬਹੁਤ ਦੂਰ!! -"ਕਾਸ਼! ਮੈਂ ਸੀਤਲ ਦੀ ਬੁੱਕਲ ਵਿਚ ਹੀ ਕਿਤੇ ਮਰ ਜਾਂਦਾ!" ਸੋਚ ਕੇ ਉਸ ਦੀਆਂ ਅੱਖਾਂ ਭਰ ਆਈਆਂ। ਸੀਤਲ ਦੀ ਮਿੱਠੀ ਯਾਦ ਨੂੰ ਦਿਲ ਨਾਲ ਘੁੱਟੀ, ਉਹ ਉਡਿਆ ਜਾ ਰਿਹਾ ਸੀ! ਅੱਧ-ਅਸਮਾਨ ਤੋਂ ਵੀ ਉਪਰ! -"ਮੈਨੂੰ ਮੁਆਫ਼ ਕਰੀਂ ਸੀਤਲ! ਆਪਣਾ ਤਰਕਸ਼ ਮੈਂ ਆਪ ਹੀ ਜੰਡ 'ਤੇ ਟੰਗਿਆ ਸੀ-ਖੁਦ ਆਪ! ਤੂੰ ਨਹੀਂ!! ਜੇ ਮੈਂ ਮਾਂ ਦੀ ਗੱਲ ਮੰਨ ਕੇ ਬਾਹਰ ਨੂੰ ਨਾ ਪੈਰ ਪੁੱਟਦਾ ਤਾਂ ਅੱਜ ਐਨਾ ਉਜੜਿਆ-ਉਜੜਿਆ ਤੇ 'ਕੱਲਾ-'ਕੱਲਾ ਨਾ ਹੁੰਦਾ-ਪਤਾ ਨਹੀਂ ਹੁਣ ਆਪਣੇ ਕਿਹੜੇ ਜੁੱਗ ਮੇਲੇ ਹੋਣਗੇ? ਤੂੰ ਜਿੱਥੇ ਵੀ ਹੈਂ-ਜਿੱਥੇ ਵੀ ਰਹੇਂ-ਜਿਉਂਦੀ ਵਸਦੀ ਰਹਿ ਸੀਤਲ-ਜਿਉਂਦੀ ਵਸਦੀ ਰਹਿ! ਰੱਬ ਖੁਸ਼ੀਆਂ ਅਤੇ ਰਹਿਮਤਾਂ ਨਾਲ ਤੇਰੀਆਂ ਝੋਲੀਆਂ ਭਰੀ ਰੱਖੇ-ਬੱਸ! ਜਿਉਂਦੀ ਵਸਦੀ ਰਹਿ-ਜਿਉਂਦੀ ਵਸਦੀ---!" ਉਸ ਦੇ ਹੰਝੂ "ਤਰਿੱਪ-ਤਰਿੱਪ" ਉਸ ਦੀ ਛਾਤੀ 'ਤੇ ਡਿੱਗੀ ਜਾ ਰਹੇ ਸਨ। ਸੀਤਲ ਨੂੰ ਸਮਰਪਤ, ਵੈਰਾਗ ਅਤੇ ਮੋਹ ਦੇ ਹੰਝੂ!!! ***** ਸਮਾਪਤ *****