ਸੱਜਰੀ ਪੈੜ ਦਾ ਰੇਤਾ.......(ਨਾਵਲ).. ......ਕਾਂਡ 1....ਸ਼ਿਵਚਰਨ ਜੱਗੀ ਕੁੱਸਾ

ਧੀ ਭੈਣ ਕਾ ਜੋ ਪੈਸਾ ਖਾਵੈ।।
ਕਹੈ ਗੋਬਿੰਦ ਸਿੰਘ ਨਰਕ ਕੋ ਜਾਵੈ।।
(ਰਹਿਤਨਾਮਾ)
ਸ਼ਾਮ ਦਾ ਵੇਲਾ ਸੀ!
ਦਿੱਲੀ ਇੰਦਰਾ ਗਾਂਧੀ ਏਅਰਪੋਰਟ 'ਤੇ ਤਖ਼ਤੂਪੁਰੇ ਦਾ ਮਾਘੀ ਮੇਲਾ ਲੱਗਿਆ ਨਜ਼ਰ ਆਉਂਦਾ ਸੀ। ਲੋਕ ਅੱਡੀਆਂ ਚੁੱਕ-ਚੁੱਕ ਕੇ ਆਪਣੇ ਆਉਣ ਵਾਲ਼ੇ ਰਿਸ਼ਤੇਦਾਰਾਂ, ਮਿੱਤਰਾਂ ਨੂੰ ਉਡੀਕ ਰਹੇ ਸਨ। ਬਾਹਰ ਆਉਣ ਵਾਲ਼ੇ ਗੇਟ 'ਤੇ ਲੋਕ ਇਕ ਤਰ੍ਹਾਂ ਨਾਲ਼ ਅੱਖਾਂ ਵਿਛਾਈ ਖੜ੍ਹੇ ਸਨ। ਆਉਣ ਵਾਲ਼ੇ ਸੱਜਣਾਂ ਦੀ ਉਡੀਕ ਵਿਚ ਅੰਤਾਂ ਦਾ ਹੁਲਾਸ ਅਤੇ ਨਜ਼ਾਰਾ ਸੀ। ਅੱਖਾਂ ਵੈਰਾਗ ਗਈਆਂ ਸਨ ਵਿਛੜੇ ਰਿਸ਼ਤੇਦਾਰਾਂ, ਮਿੱਤਰਾਂ ਨੂੰ ਤੱਕਣ ਲਈ! ਵਿਛੜੀਆਂ ਰੂਹਾਂ ਨੂੰ ਮਿਲਣ ਲਈ ਮਨ ਦੀ 'ਤਮੰਨਾਂ' ਹਾਬੜੀ ਪਈ ਸੀ! ਹਰ ਇਕ ਉਡੀਕਣ ਵਾਲ਼ੇ ਦੇ ਦਿਲ ਦੀ ਗਤੀ ਤੇਜ਼ ਸੀ ਅਤੇ ਨਜ਼ਰ ਦੂਰਬੀਨ ਬਣੀ ਹੋਈ ਸੀ। ਜਦੋਂ ਬਾਹਰ ਵਾਲ਼ੇ ਗੇਟ ਦਾ ਦਰਵਾਜਾ ਖੁੱਲ੍ਹਦਾ ਤਾਂ ਲੋਕ ਇਕ ਦੂਜੇ ਦੇ ਮੋਢਿਆਂ 'ਤੇ ਨਾਸਾਂ ਰਾਹੀਂ ਫ਼ੂਕਾਂ ਮਾਰਦੇ, ਬੜੀ ਹਸਰਤ ਨਾਲ਼ ਦੇਖਦੇ! ਜਦੋਂ ਮੁਸਾਫ਼ਿਰ ਬਾਹਰ ਨਿਕਲ਼ ਕੇ ਆਪਣੇ ਆਪਣੇ ਨਜ਼ਦੀਕੀਆਂ ਦੀਆਂ ਬੁੱਕਲਾਂ ਵਿਚ ਗੁਆਚ ਜਾਂਦੇ, ਤਾਂ ਉਡੀਕਣ ਵਾਲ਼ੇ ਪਲ ਭਰ ਲਈ ਉਦਾਸ ਨਿਰਾਸ਼ ਹੋ ਜਾਂਦੇ ਅਤੇ ਅਗਲੀ ਵਾਰ ਦਰਵਾਜਾ ਖੁੱਲ੍ਹਣ ਦੀ ਉਡੀਕ ਫਿਰ ਸ਼ੁਰੂ ਹੋ ਜਾਂਦੀ..। ਆਸ ਵਿੰਨ੍ਹੀ ਉਡੀਕ...!
ਲੰਡਨ ਤੋਂ ਬ੍ਰਿਟਿਸ਼ ਏਅਰਵੇਜ਼ ਦੀ ਚੱਲੀ ਫ਼ਲਾਈਟ ਖੰਭ ਜਿਹੇ ਖਿਲਾਰ ਕੇ ਸਿੱਧੀ ਦਿੱਲੀ ਦੇ ਇੰਦਰਾ ਗਾਂਧੀ ਏਅਰਪੋਰਟ 'ਤੇ ਆ ਉਤਰੀ ਸੀ। ਕਸਟਮ ਤੋਂ ਵਿਹਲੀ ਹੋ ਕੇ ਹਨੀ ਜਦ ਏਅਰਪੋਰਟ ਤੋਂ ਬਾਹਰ ਆਈ ਤਾਂ ਬਾਹਰ ਬਾਪੂ ਮੀਹਾਂ ਸਿੰਘ ਅਤੇ ਵੱਡਾ ਭਰਾ ਬੁੱਕਣ ਸਿੰਘ ਖੜ੍ਹੇ ਉਡੀਕ ਰਹੇ ਸਨ। ਸੂਟਕੇਸਾਂ ਵਾਲ਼ੀ ਟਰਾਲੀ ਖੜ੍ਹੀ ਕਰਕੇ ਉਸ ਨੇ ਬਾਪੂ ਨੂੰ ḔਓਪਰੀḔ ਜਿਹੀ ਜੱਫ਼ੀ ਪਾਈ। ਬਾਪੂ ਨੇ ਵੀ ਅਣਮੰਨੇ ਜਿਹੇ ਮਨ ਨਾਲ਼ ਧੀ ਦਾ ਸਿਰ ਪਲ਼ੋਸ ਦਿੱਤਾ। ਬੁੱਕਣ ਸਿੰਘ ਨੇ ਵੀ, "ਤਕੜੀ ਐਂ ਕੁੜ੍ਹੇ...?" ਪੁੱਛਿਆ ਸੀ। ਪਰ ਹਨੀ ਨੇ ਬੁੱਕਣ ਵੱਲ ਅੱਖ ਪੱਟ ਕੇ ਵੀ ਨਹੀਂ ਦੇਖਿਆ ਸੀ। ਉਹਨਾਂ ਦੇ ਮੇਲ਼-ਗੇਲ਼ ਵਿਚ ਕੋਈ ਮੋਹ-ਤੇਹ, ਕੋਈ ਉਤਸ਼ਾਹ ਜਾਂ ਕੋਈ ਅਪਣੱਤ ਨਹੀਂ ਸੀ। ਮਿਲਣਸਾਰਤਾ ਨਹੀਂ ਸੀ। ਸੀ ਤਾਂ ਸਿਰਫ਼ ਇਕ ਓਪਰਾਪਨ, ਜਿਹੜਾ ਉਹਨਾਂ ਦੀਆਂ ਉਦਾਸ ਰੂਹਾਂ ਦੀਆਂ ਖਲਪਾੜਾਂ ਕਰੀ ਜਾ ਰਿਹਾ ਸੀ। ਗੰਭੀਰ ਜਿਹੇ ਮਾਹੌਲ ਵਿਚ ਹਨੀ ਦੇ ਸਮਾਨ ਵਾਲ਼ੀ ਟਰਾਲੀ ਬੁੱਕਣ ਨੇ ਰੋੜ੍ਹ ਲਈ। ਕਿਸੇ ਨੇ ਕਿਸੇ ਨਾਲ਼ ਕੋਈ ਬਹੁਤੀ ਗੱਲ ਨਹੀਂ ਕੀਤੀ ਸੀ। ਜਿਵੇਂ ਉਹ ਇਕ ਦੂਸਰੇ ਲਈ 'ਬਿਗਾਨੇ' ਸਨ। ਜਿਵੇਂ ਉਹ ਇਕ ਦੂਜੇ ਨੂੰ ਜਾਣਦੇ ਹੀ ਨਹੀਂ ਸਨ, ਜਾਂ ਇਕ ਦੂਜੇ ਨਾਲ਼ ਨਰਾਜ਼ ਸਨ। ਲੋਕ ਦੋਸਤਾਂ ਰਿਸ਼ਤੇਦਾਰਾਂ ਨੂੰ ਹੱਸਦੇ ਖੇਡਦੇ ਛੱਡਣ ਜਾਂ ਲੈਣ ਲਈ ਆ-ਜਾ ਰਹੇ ਸਨ। ਯਾਰ, ਯਾਰਾਂ ਦੀਆਂ ਗਲਵਕੜੀਆਂ ਵਿਚ ਮਦਹੋਸ਼ ਹੋ ਰਹੇ ਸਨ। ਪਰ ਹਨੀ ਦੇ ਮਨ ਦਾ ਮੌਸਮ ਉਦਾਸ ਸੀ। ਉਸ ਦਾ ਦਿਲ ਕਿਸੇ ਵੈਰਾਨੀ ਕਾਰਨ ਉੱਜੜਿਆ ਪਿਆ ਸੀ।
ਸਰਦ ਸ਼ਾਮ ਦਾ ਰੰਗ ਸੁਰਮਈ ਹੋ ਗਿਆ ਸੀ।
ਕਿਰਾਏ ਦੀ ਕੁਆਇਲਸ ਗੱਡੀ ਦਾ ਡਰਾਈਵਰ ਸੀਟ 'ਤੇ ਬੈਠਾ ਊਂਘ ਰਿਹਾ ਸੀ। ਖਾਧੀ ਭੁੱਕੀ ਨੇ ਉਸ ਨੂੰ ਕੋਈ ਬਹੁਤੇ ਤਰਾਰੇ ਨਹੀਂ ਦਿਖਾਏ ਸਨ।
-"ਉਏ ਉਠ ਬਈ ਜਿਉਣ ਜੋਕਰਿਆ...! ਕਰ ਹਿੰਮਤ...! ਕੁੜੀ ਉਤਰ ਆਈ ਐ...!" ਮੀਹਾਂ ਸਿੰਘ ਦੀ ਅਵਾਜ਼ ਨੇ ਡਰਾਈਵਰ ਦੀ ਸੁਸਤ ਬਿਰਤੀ ਤੋੜੀ।
-"ਲੈ ਤਾਇਆ...! ਆਪਾਂ ਕਿਤੇ ਕਿਤੋਂ ਕੁਛ ਲੈਣ ਜਾਣੈਂ? ਨੌਕਰ ਕੀ ਤੇ ਨਖ਼ਰਾ ਕੀ? ਤੂੰ ਹੁਕਮ ਕਰ...! ਆਪਾਂ ਤੇਰੇ ਹੁਕਮ ਦੇ ਬੰਦੇ ਐਂ ਤਾਇਆ ਸਿਆਂ...!" ਡਰਾਈਵਰ ਨੇ ਆਖਿਆ।
ਉਹਨਾਂ ਨੇ ਸਾਰਾ ਸਮਾਨ ਗੱਡੀ ਵਿਚ ਰੱਖ ਲਿਆ।
-"ਚਾਹ ਪਾਣੀਂ ਤਾਂ ਨ੍ਹੀ ਪੀਣਾਂ ਹਨਿੰਦਰ...?" ਬਾਪੂ ਨੇ ਕਾਫ਼ੀ ਦੇਰ ਬਾਅਦ ਆਪਣਾ ਮੋਨ ਵਰਤ ਖੋਲ੍ਹਿਆ ਸੀ।
-"..........।" ਪਰ ਹਨੀ ਨੇ ਕੋਈ ਉੱਤਰ ਨਾ ਦਿੱਤਾ ਅਤੇ ਗੱਡੀ ਵਿਚ ਬੈਠ ਕੇ ਸ਼ੀਸ਼ੇ ਵਿਚੋਂ ਦੀ ਬਾਹਰ ਦੇਖਣ ਲੱਗ ਪਈ। ਹੱਸਦੀ ਖੇਡਦੀ ਦੁਨੀਆਂ, ਜਿਸ ਵਿਚ ਹਨੀ 'ਬਿਗਾਨੀ' ਹੋਈ ਬੈਠੀ ਸੀ!
ਉਤਰ ਨਾ ਆਉਣ ਕਰਕੇ ਬਾਪੂ ਚੁੱਪ ਕਰ ਗਿਆ।
ਉਹ ਧੀ ਦੇ ਦਿਲ ਦਾ ਦਰਦ ਬੜੀ ਅੱਛੀ ਤਰ੍ਹਾਂ ਸਮਝਦਾ ਸੀ। ਪਰ ਧੀ ਦੀ ਜ਼ਿੰਦਗੀ ਦਾ ਰੋਗ ਹੀ ਅਜਿਹਾ 'ਅਸਾਧ' ਸੀ ਕਿ ਬਾਪੂ ਮੂੰਹ ਪਾੜ ਕੇ ਕੁਝ ਆਖ ਨਹੀਂ ਸਕਦਾ ਸੀ। ਆਪਣੇ ਖ਼ਾਨਦਾਨ ਦੀ ਇੱਜ਼ਤ ਦਾ ਸੁਆਲ ਸੀ। ਜੇ ਝੱਗਾ ਚੁੱਕਦਾ ਸੀ, ਤਾਂ ਆਪਣਾ ਆਪ ਦਾ ਢਿੱਡ ਹੀ ਨੰਗਾ ਹੁੰਦਾ ਸੀ। ਉਹ ਢਕੀ ਹੀ ਰਿੱਝਣ ਦੇਣੀਂ ਚਾਹੁੰਦਾ ਸੀ। ਢੱਕਣ ਚੁੱਕਣ ਨਾਲ਼ ਆਪਣਾਂ ਮੂੰਹ ਹੀ ਮੱਚਣਾ ਸੀ!
-"ਤੂੰ ਬਈ ਕਾਲ਼ੇ...? ਚਾਹ ਪਾਣੀ ਪੀ ਲੈ...! ਫੇਰ ਚਾਰ ਘੰਟੇ ਵਧੀਆ ਰੁੜ੍ਹੇ ਜਾਵਾਂਗੇ..!" ਬੁੱਕਣ ਸਿੰਘ ਨੇ ਡਰਾਈਵਰ ਨੂੰ ਕਿਹਾ। ਉਸ ਦੀਆਂ ਦੋਨਾਲ਼ੀ ਬੰਦੂਕ ਵਰਗੀਆਂ ਨਾਸਾਂ 'ਚੋਂ ਦਾਰੂ ਦੀ 'ਭੜਦਾਅ' ਮਾਰ ਰਹੀ ਸੀ। ਜਿਵੇਂ ਹਾੜ੍ਹੀ ਦੀ ਵਾਢੀ ਮੌਕੇ ਤੂੜੀ ਵਾਲ਼ੇ ਅੰਦਰੋਂ ਪਾਏ ਲਾਹਣ ਦੇ ਡਰੰਮ 'ਚੋਂ ਮਾਰਦੀ ਹੈ।
-"ਪੀ ਲੈਨੇ ਐਂ ਬਾਈ...! ਨਾਲ਼ੇ ਤਾਂ ਠੰਢ ਹਟਜੂ ਤੇ ਨਾਲ਼ੇ ਅੱਖਾਂ ਜੀਆਂ ਖੁੱਲ੍ਹ ਜਾਣਗੀਆਂ...। ਨਹੀਂ ਤਾਂ ਸਾਲ਼ੇ ਹੱਡ ਈ ਜਾਮ ਹੋਏ ਪਏ ਐ, ਗੱਡੇ ਮਾਂਗੂੰ...!" ਡਰਾਈਵਰ ਨੇ ਥੱਲੇ ਉਤਰਦਿਆਂ ਕਿਹਾ।
ਡਰਾਈਵਰ ਨਾਲ਼ ਛਾਲ਼ ਮਾਰ ਕੇ ਬੁੱਕਣ ਵੀ ਥੱਲੇ ਉਤਰ ਆਇਆ। ਟਰੱਕ ਦੇ ਟੂਲ 'ਚੋਂ ਪਾਲਤੂ ਬਾਂਦਰੀ ਉਤਰਨ ਵਾਂਗ!
-"ਬਾਈ ਦੌਧਰੀਆ...! ਆਪਣਾ ਰਾਗਟ ਕਿੱਥੇ ਐ...? ਮੈਂ ਤਾਂ ਬਾਪੂ ਕਰਕੇ ਚੁੱਪ ਸੀ...!" ਬੁੱਕਣ ਨੇ ਡਰਾਈਵਰ ਨੂੰ ਕਿਹਾ। ਕਾਲ਼ੇ ਨੇ ਅੱਗਾ ਪਿੱਛਾ ਦੇਖ ਕੇ 'ਬਿੱਗ ਪਾਈਪਰ' ਦਾ ਅਧੀਆ ਡੱਬ 'ਚੋਂ ਕੱਢ ਕੇ ਬੁੱਕਣ ਦੇ ਹਵਾਲੇ ਕਰ ਦਿੱਤਾ। ਅਧੀਏ ਨੂੰ ਬੁੱਕਣ ਨੇ ਕੁੱਕੜ ਵਾਂਗ ਕੱਛ ਵਿਚ ਦੱਬ ਲਿਆ।
-"ਮੇਰੇ ਤਾਂ ਸਾਲ਼ੇ ਝੱਗੇ ਲਹੇ ਪਏ ਸੀ, ਜਾਣੀਂਦੀ ਸਾਰਾ ਏਰ੍ਹਪੋਟ ਈ ਉਜੜਿਆ ਲੱਗਦਾ ਸੀ।" ਬੁੱਕਣ ਦਾਰੂ ਦੇਖ ਕੇ ਰਿੱਛ ਵਾਂਗ ਲਾਚੜ ਗਿਆ।
-"ਤੂੰ ਮੇਰੇ ਕੋਲ ਆ ਕੇ ਲਾ ਲੈਣੀ ਸੀ ਘੁੱਟ..? ਜਕੀ ਕਾਹਤੋਂ ਗਿਆ..?"
-"ਤੈਨੂੰ ਪਤੈ ਈ ਐ ਯਾਰ ਬੁੜ੍ਹਾ ਅੜਬ ਐ, ਮੈਂ ਤਾਂ ਬਾਪੂ ਤੋਂ ਜਕ ਗਿਆ...! ਮਾੜੀ ਜੀ ਗੱਲ ਤੋਂ ਵੱਢਣ ਆਉਂਦੈ...!" ਉਸ ਨੇ ਨਲ਼ਕੇ ਕੋਲ਼ ਖੜ੍ਹਕੇ ਕਿਹਾ।
-"ਖਾਣ ਪੀਣ ਦੇ ਮਾਮਲੇ 'ਚ ਬਾਈ ਐਨਾਂ ਵੀ ਨ੍ਹੀ ਜਕੀਦਾ ਹੁੰਦਾ...! ਤੂੰ ਵੀ ਊਂਈਂ ਕਿਤੇ-ਕਿਤੇ ਸ਼ਾਂਤੀ ਸੰਮੇਲਨ ਆਲ਼ਿਆਂ ਮਾਂਗੂੰ ਸੀਲ ਬਣ ਤੁਰਦੈਂ...?"
-"ਉਏ ਨਹੀਂ ਨਿੱਕੇ ਭਾਈ...! ਕੋਈ ਕੋਈ ਸਮਾਂ ਈ ਸਾਲ਼ਾ ਐਹੋ ਜਿਆ ਹੁੰਦੈ...!" ਲੰਡਾ ਪੈੱਗ ਅੰਦਰ ਸੁੱਟਦਿਆਂ ਬੁੱਕਣ ਨੇ ਕਿਹਾ। ਦਾਰੂ ਨੇ ਉਸ ਅੰਦਰ ਅੱਗ ਮਚਾ ਦਿੱਤੀ। ਅੰਦਰਲੀ ਗੱਲ ਉਹ ਦਿਲ ਵਿਚ ਹੀ ਦੱਬ ਗਿਆ ਸੀ।
-"ਤੇਰੇ ਚਾਹ ਪੀਂਦੇ ਪੀਂਦੇ ਮੈਂ ਇਕ ਹੋਰ ਅੰਦਰ ਮਾਰਨੈਂ - ਫੇਰ ਆਪਣਾ ਬੇੜਾ ਪਾਰ ਐ...! ਚਾਰ ਘੰਟੇ ਮੈਂ ਮਾਰ ਨ੍ਹੀ ਖਾਂਦਾ-ਪਰ ਪੰਜਾਬ ਵੜਨ ਤੋਂ ਪਹਿਲਾਂ ਪੜਦੇ ਨਾਲ਼ ਇਕ ਅਧੀਆ ਹੋਰ ਫੜਲੀਂ! ਪੰਜਾਬ 'ਚ ਸਾਲ਼ੀ ਮਹਿੰਗੀ ਮਿਲ਼ਦੀ ਐ-ਸ੍ਹਾਬ ਕਿਤਾਬ 'ਕੱਠਾ ਈ ਕਰਲਾਂਗੇ...!" ਬੁੱਕਣ ਚਾਹ ਪੀਂਦੇ ਡਰਾਈਵਰ ਵੱਲ ਦੇਖ ਕੇ ਬੋਲਿਆ।
-"ਚਿੰਤਾ ਨਾ ਕਰ ਬਾਈ ਬੁੱਕਣਾਂ...! ਸਾਡੀ ਮਹਿਮਾਨ ਨਿਵਾਜੀ ਯਾਦ ਕਰਿਆ ਕਰੇਂਗਾ!" ਕਾਲੇ ਦੌਧਰੀਏ ਨੇ ਹਿੱਕ ਥਾਪੜ ਦਿੱਤੀ।
-"ਉਏ ਆਜੋ ਬਈ ਹੁਣ ਸ਼ੇਰੋ...!" ਦੂਰੋਂ ਅੰਨ੍ਹੇ ਜਿਹੇ ਚਾਨਣ ਵਿਚੋਂ ਬਾਪੂ ਦੀ ਅਵਾਜ਼ ਆਈ।
-"ਬੱਸ ਆਗੇ ਬਾਪੂ...!" ਬੁੱਕਣ ਨੇ ਰਹਿੰਦੇ ਅਧੀਏ ਦੇ ਗਲ਼ ਨੂੰ ਹੱਥ ਪਾ ਲਿਆ, "ਅੱਗੇ ਚੱਲ ਕੇ ਕਿਹੜਾ ਮੱਕੀ ਗੁੱਡਣੀਂ ਐਂ...?" ਅਖੀਰਲੀ ਗੱਲ ਉਸ ਨੇ ਦੱਬਵੇਂ ਜਿਹੇ ਬੋਲਾਂ ਨਾਲ਼ ਆਖੀ ਸੀ।
-"ਨਬੇੜ ਕੰਮ ਫੇਰ ਚੱਲੀਏ...!" ਚਾਹ ਦਾ ਖਾਲੀ ਗਿਲਾਸ ਹੋਟਲ ਦੀ ਬੰਨੀਂ 'ਤੇ ਰੱਖਦੇ ਡਰਾਈਵਰ ਨੇ ਆਖਿਆ।
-"ਇਹ ਤਾਂ ਗਈ ਸਮਝ ਕਾਲ਼ਾ ਸਿਆਂ...!" ਰਹਿੰਦੀ ਦਾਰੂ ਬੁੱਕਣ ਨੇ ਗਿਲਾਸ ਵਿਚ ਉਲੱਦ ਕੇ ਕਿਹਾ।
ਸਰਦੀਆਂ ਦਾ ਸੂਰਜ ਛੇਤੀ ਹੀ ਹਥਿਆਰ ਸੁੱਟ ਗਿਆ ਸੀ। ਤੁਰਦਿਆਂ ਕਰਦਿਆਂ ਉਹਨਾਂ ਨੂੰ ਰਾਤ ਦੇ ਅੱਠ ਵੱਜ ਗਏ ਸਨ। ਭਾਰਤੀ ਟਰੈਫ਼ਿਕ ਦੀ "ਟੀਂ-ਟਾਂਅ" ਹਨੀ ਦਾ ਕਾਲ਼ਜਾ ਕੱਢ ਰਹੀ ਸੀ। ਉਹ ਘੇਸਲ਼ ਜਿਹੀ ਮਾਰੀ, ਮੂੰਹ ਵੱਟੀ ਬੈਠੀ ਸੀ। ਦਿਲ ਘਟਣ ਵਾਲ਼ਿਆਂ ਵਾਂਗ! ਖਿਆਲਾਂ ਦੀ ਉਪਰੋਥਲ਼ੀ ਉਸ ਦੇ ਜ਼ਿਹਨ ਅੰਦਰ ਤੂਫ਼ਾਨ ਬਣੀ ਹੋਈ ਸੀ। ਬਾਪੂ ਚੁੱਪ ਸੀ। ਡਰਾਈਵਰ ਦੇ ਨਾਲ਼ ਬੈਠਾ ਬੁੱਕਣ ਖ਼ਾਮੋਸ਼ ਸੀ। ਹਨੀ ਕਿਸੇ ਉਧੇੜਬੁਣ ਵਿਚ ਮੱਥਾ ਫੜੀ ਬੈਠੀ ਸੀ। ਉਹਨਾਂ ਦੀ ਚੁੱਪ ਇਕ ਭਿਆਨਕ ਰੂਪ ਧਾਰੀ ਖੜ੍ਹੀ ਸੀ।
-"ਤੈਨੂੰ ਮੈਂ ਕਾਹਨੂੰ ਜੰਮਣਾ ਸੀ ਹਨਿੰਦਰ...! ਸਾਰੀ ਉਮਰ ਤੇਰੇ ਵੱਲੋਂ ਭੁੱਜਦਾ ਈ ਆਇਐਂ - ਕਦੇ ਸੁਖ ਦਾ ਸਾਹ ਨ੍ਹੀ ਆਇਆ ਤੇਰੇ ਵੱਲੋਂ...!" ਅਚਾਨਕ ਬਾਪੂ ਨੇ ਕੱਛ 'ਚੋਂ ਮੂੰਗਲ਼ਾ ਕੱਢ ਮਾਰਿਆ। ਦਿਲ ਵਿਚ ਮੱਚਦੀ ਭੜ੍ਹਾਸ ਬਾਹਰ ਕੱਢੀ। ਕੋਈ ਗੱਲ ਉਸ ਅੰਦਰ ਕਦੋਂ ਦੀ ਜੁਆਲਾ ਮੁਖੀ ਬਣੀ ਹੋਈ ਸੀ। ਜਿਹੜੀ ਉਸ ਦੇ ਮੂੰਹੋਂ ਨਾ ਚਾਹੁੰਦਿਆਂ ਹੋਇਆਂ ਵੀ ਨਿਕਲ਼ ਗਈ ਸੀ।
-"ਆਪ ਤਾਂ ਤੂੰ ਜਿਹੜੀ ਮੂੰਹ ਕਾਲ਼ਸ ਲੈਣੀਂ ਸੀ-ਉਹ ਤਾਂ ਲੈ ਈ ਲਈ! ਤੂੰ ਤਾਂ ਸਾਨੂੰ ਵੀ ਕਿਸੇ ਪਾਸੇ ਮੂੰਹ ਦਿਖਾਉਣ ਜੋਕਰਾ ਨ੍ਹੀ ਛੱਡਿਆ? ਪਿੰਡ ਸੀ, ਤਾਂ ਤੇਰੀਆਂ ਘਤਿੱਤਾਂ ਲੋਟ ਨ੍ਹੀ ਆਈਆਂ-ਕੋਈ ਬਾਕੀ ਨ੍ਹੀ ਛੱਡੀ-ਜੇ ਪੈਲ਼ੀ ਫ਼ੂਕ ਕੇ ਤੈਨੂੰ ਬਾਹਰ ਭੇਜਿਆ-ਤੂੰ ਤਾਂ ਖੇਹ ਖਾਣ ਦੀ ਕਸਰ ਨ੍ਹੀ ਛੱਡੀ! ਸਾਰੇ ਪਿੰਡ 'ਚ ਬੂਅ-ਬੂਅ ਹੋਈ ਪਈ ਐ, ਲੋਕ ਸਾਡੇ ਮੂੰਹ 'ਚ ਉਂਗਲਾਂ ਦਿੰਦੇ, ਨਿੱਤ ਦਾਹੜ੍ਹੀ 'ਚ ਮੂਤਦੇ ਐ..!"
-"ਜਿਹੜੀ ਮੇਰੇ ਨਾਲ਼ ਬੀਤੀ, ਉਹ ਥੋੜ੍ਹੀ ਐ...? ਜਿਹੜੀ ਕਸਰ ਰਹਿੰਦੀ ਐ, ਉਹ ਹੁਣ ਤੁਸੀਂ ਪੂਰੀ ਕਰ ਲਓ...!" ਹਨੀ ਨੇ ਵੀ ਮੂੰਹ 'ਚੋਂ ਬੋਲਾਂ ਦਾ ਲਾਂਬੂ ਛੱਡਿਆ।
-"ਫੇਰ ਸਾਡੇ ਕੋਲ਼ੇ ਆਉਣ ਦੀ ਐਡੀ ਕੀ ਲੋੜ ਪੈ ਗਈ ਸੀ...? ਉਥੇ ਈ ਕਿਸੇ ਖੂਹ ਟੋਭੇ ਪੈ ਕੇ ਮਰ ਜਾਂਦੀ ਕੁਲਿਹਣੀਏਂ...! ਸਾਨੂੰ ਹੁਣ ਬੁੱਢੇ ਬਾਰੇ ਜਰੂਰ ਖੱਜਲ਼ ਕਰਨਾ ਸੀ...? ਦੁਨੀਆਂ ਸਾਡੇ ਮੂੰਹ ਛਿੱਤਰ ਦਿੰਦੀ ਐ, ਤੇਰੀ ਬੇੜੀ ਬਹਿਜੇ ਕੁਲੱਛਣੀਂ ਦੀ...!" ਬਾਪੂ ਘੋਰ ਦੁਖੀ, ਪਿੱਟਣ ਵਾਲ਼ਾ ਹੋਇਆ ਬੈਠਾ ਸੀ। ਉਸ ਨੇ ਵੀ ਤਰਕਾਂ ਦੇ ਅਗਨ-ਬਾਣ ਮਾਰ ਦਿੱਤੇ।
-"ਬਾਪੂ ਕਾਹਨੂੰ ਬਰੜਾਹਟ ਕਰਦੈਂ? ਇਹਦੇ ਹੈ ਨੀ ਡਮਾਕ 'ਚ ਕੁਛ ਪੈਣ ਵਾਲ਼ਾ...! ਲੋਕਾਂ ਦੀਆਂ ਧੀਆਂ ਭੈਣਾਂ ਬਾਹਰ ਜਾਦੀਐਂ-ਘਰ ਦਾ ਮੂੰਹ ਮੱਥਾ ਸੁਆਰ ਦਿੰਦੀਐਂ-ਕੁਲ਼ਾਂ ਤਾਰ ਦਿੰਦੀਐਂ!" ਬੁੱਕਣ ਨੇ ਆਪਣੀ 'ਭੜ੍ਹਾਸ' ਕੱਢੀ। ਉਹ ਸੂਣ ਵਾਲ਼ੀ ਮੱਝ ਵਾਂਗ ਕੁਝ ਆਖਣ ਲਈ ਕਦੋਂ ਦਾ 'ਵੱਟ' ਜਿਹਾ ਕਰ ਰਿਹਾ ਸੀ।
-"ਤੂੰ ਤਾਂ ਵਲੈਤ ਜਾ ਕੇ ਉਥੇ ਲੱਲ੍ਹਰ ਲਾਅਤਾ ਹੋਣੈਂ...? ਛੇੜ ਕੇ ਗੋਰੀ, ਜਲੀਲ ਹੋ ਕੇ ਈ ਨਿਕਲ਼ਿਐਂ ਉਥੋਂ...?" ਹਨੀ ਦੇ ਆਖਣ 'ਤੇ ਬੁੱਕਣ ਦਾ ਮੂੰਹ ਝੀਥ ਵਾਂਗ ਬੰਦ ਹੋ ਗਿਆ।
-"ਤੂੰ ਕੁੜੀਏ ਆਬਦਾ ਡਮਾਕ ਵਰਤਦੀ ਤੇ ਆਬਦਾ ਘਰ ਸਾਂਭਦੀ...!"
-"ਤੇ ਤੁਸੀਂ ਮੈਨੂੰ ਉਦੋਂ ਨਾ ਮੱਤ ਦਿੱਤੀ-ਜਦੋਂ ਥੋਨੂੰ ਲੱਖਾਂ ਰੁਪਈਏ ਆਉਂਦੇ ਸੀ...? ਉਦੋਂ ਤਾਂ ਮੈਂ ਬੜੀ ਸੋਨੇ ਦਾ ਆਂਡਾ ਦੇਣ ਵਾਲ਼ੀ ਕਮਾਊ ਧੀ ਸੀ...? ਹੁਣ ਮੈਨੂੰ ਉੱਜੜੀ ਨੂੰ ਤੁਸੀਂ ਮਾਰਦੇ ਓਂ ਤਾਹਨੇ ਤੇ ਤਰਕਾਂ...!" ਜਦੋਂ ਹਨੀ ਨੇ ਸਿੱਧੀ ਸੁਣਾਈ ਕੀਤੀ ਤਾਂ ਬੁੱਕਣ ਦਾ ਮੂੰਹ ਚਿਤੌੜਗੜ੍ਹ ਦੇ ਕਿਲ੍ਹੇ ਵਾਂਗ ਬੰਦ ਹੋ ਗਿਆ। ਉਸ ਨੇ ਪਿੱਛੋਂ ਨਜ਼ਰ ਹਟਾ ਕੇ ਸਿੱਧਾ ਸਲੋਟ ਸੜਕ 'ਤੇ ਦੇਖਣਾ ਸ਼ੁਰੂ ਕਰ ਦਿੱਤਾ। ਸੜਕ ਕਾਰ ਦੇ ਪਹੀਆਂ ਥੱਲੇ ਸਿਰਪੱਟ ਤਿਲ੍ਹਕਦੀ ਜਾ ਰਹੀ ਸੀ।
-"ਅਸੀਂ ਕਿਹੜਾ ਤੈਨੂੰ ਭੇਜਣ ਨੂੰ ਕਿਹਾ ਸੀ...? ਤੂੰ ਤਾਂ ਆਪ ਈ ਗੱਲੀਂ ਬਾਤੀਂ ਪੁੱਤ ਬਣ ਬਣ ਦਿਖਾਉਂਦੀ ਸੀ? ਅਖੇ ਮੈਂ ਥੋਡੀ ਧੀ ਨਹੀਂ, ਪੁੱਤ ਬਣ ਕੇ ਦਿਖਾਊਂਗੀ! ਲੈ, ਦਿਖਾ ਲੈ...! ਬਣ ਜਾਹ ਪੁੱਤ, ਸਾਡਾ ਘਰ ਭਰਦੀ ਭਰਦੀ ਤੂੰ ਤਾਂ ਆਬਦਾ ਵਸੇਬਾ ਵੀ ਉਜਾੜ ਲਿਆ-ਵਜਾਉਂਦੀ ਫਿਰ ਹੁਣ ਟੱਲੀਆਂ...!" ਬਾਪੂ ਨੰਗੇ ਸੱਚ ਤੋਂ ਮੁਨੱਕਰ ਹੋ ਗਿਆ ਸੀ।
-"ਤੇ ਤੁਸੀਂ ਮੈਨੂੰ ਕਦੇ ਰੋਕਿਆ ਵੀ ਹੈਨ੍ਹੀ ਸੀ ਬਈ ਪੈਸੇ ਨਾ ਭੇਜ਼...? ਕਿਹਾ ਸੀ ਕਦੇ ਬਈ ਤੂੰ ਆਬਦੇ ਘਰ ਬਾਰੇ ਸੋਚ? ਆਬਦੇ ਘਰੇ ਵਸੇਬਾ ਕਰ...! ਤੁਸੀਂ ਤਾਂ ਮੇਰੀ ਪੂਛ ਨੂੰ ਗੇੜਾ ਦੇਈ ਰੱਖਿਆ-ਅਸੀਂ ਤੰਗ ਐਂ ਜੀ! ਸਾਡਾ ਫ਼ਲਾਨਾ ਸੌਦਾ ਮਾਰਨ ਨੂੰ ਦਿਲ ਕਰਦੈ ਜੀ! ਅਸੀਂ ਤਾਂ ਪੈਲ਼ੀ ਦਾ ਸੌਦਾ ਮਾਰ ਲਿਐ ਜੀ-ਕਦੇ ਇਹ ਨ੍ਹੀ ਸੋਚਿਆ ਸੀ ਬਈ ਜੇ ਮੈਂ ਥੋਨੂੰ ਪੈਸੇ ਭੇਜੂੰ-ਤਾਂ ਆਬਦੇ ਘਰਵਾਲ਼ੇ ਤੋਂ ਚੋਰੀ ਈ ਭੇਜੂੰ? ਵਿਆਹ ਤੋਂ ਬਾਅਦ ਕੁੜੀ ਸਹੁਰਿਆਂ ਦੀ ਹੁੰਦੀ ਐ-ਨਾਂ ਕਿ ਥੋਡੇ ਅਰਗੇ ਲਾਲਚੀ ਪੇਕਿਆਂ ਦੀ..! ਉਦੋਂ ਨਾ ਮੈਨੂੰ ਕਿਹਾ ਬਈ ਨਾ ਭਾਈ, ਸਾਨੂੰ ਪੈਸੇ ਨਾ ਭੇਜੀਂ! ਆਬਦੇ ਘਰ ਬਾਰੇ ਸੋਚ! ਕੀ ਨ੍ਹੀ ਸੀ ਥੋਡੇ ਕੋਲ਼ੇ...?" ਉਹ ਬਘਿਆੜ੍ਹੀ ਵਾਂਗ ਕੁਦਾੜ ਕੇ ਆਈ।
-"ਤੇਰਾ ਵਿਆਹ ਨੀ ਕੀਤਾ...? ਹੁਣ ਹੀਂਜਰ ਹੀਂਜਰ ਆਉਨੀ ਐਂ...? ਜਿਹੜਾ ਚਾਰ ਲੱਖ ਤੇਰੇ ਬਿਆਹ 'ਤੇ ਲਾਇਐ, ਉਹੋ...? ਉਹ ਕਿਸੇ ਹਲ਼ਕ ਤਾਲੂਏ ਨਹੀਂ...?" ਬਾਪੂ ਨੇ ਉਸ ਨੂੰ ਹੀ ਦੋਸ਼ੀ ਠਹਿਰਾਇਆ।
-"ਤੁਸੀਂ ਕੋਈ ਅਨੋਖਾ ਲਾਇਐ? ਸਾਰੀ ਦੁਨੀਆਂ ਈ ਧੀਆਂ ਦੇ ਵਿਆਹਾਂ 'ਤੇ ਲਾਉਂਦੀ ਐ? ਮੇਰੇ 'ਤੇ ਕੋਈ ਅਲ੍ਹੈਹਦੇ ਲਾਏ ਐ ਤੁਸੀਂ? ਨਾ ਜੰਮਦੇ...! ਤੇ ਜੇ ਜੰਮੀ ਸੀ ਤਾਂ ਫੇਰ ਖਰਚਾ ਕਰਨ ਲੱਗੇ ਕਿਉਂ ਚੀਕਦੇ ਓਂ...? ਐਦੂੰ ਤਾਂ ਮੇਰਾ ਜੰਮਦੀ ਦਾ ਗਲ਼ ਦੱਬ ਦਿੰਦੇ...? ਐਡੀਆਂ ਤਕਲੀਫ਼ਾਂ ਤਾਂ ਨਾ ਦੇਖਣੀਆਂ ਪੈਂਦੀਆਂ...!"
-"..............।" ਕਿਸੇ ਨੂੰ ਕੋਈ ਉੱਤਰ ਨਾ ਔੜਿਆ। ਉਹ ਵਾੜ ਵਿਚ ਫ਼ਸੇ ਬਿੱਲੇ ਵਾਂਗ ਝਾਕ ਰਹੇ ਸਨ।
-"ਨਾਲ਼ੇ ਚਾਰ ਲੱਖ ਲਾ ਕੇ ਗਾਈ ਜਾਨੇ ਐਂ? ਕਿੰਨੇ ਚਾਰ ਲੱਖ ਭੇਜਤਾ ਮੈਂ ਥੋਨੂੰ...? ਉਹ ਕਿਸੇ ਦੇ ਯਾਦ ਈ ਨ੍ਹੀ? ਨ੍ਹਾ ਉਹ ਕਿਹੜੀ ਗੋਹਿਆਂ ਦੀ ਲੜਾਈ 'ਚ ਚਲਿਆ ਗਿਆ, ਇਹ ਤਾਂ ਦੱਸੋ...?" ਹਨੀ ਨੇ ਇਕ ਹੋਰ ਪੱਥਰ ਸੁੱਟ ਕੇ ਭਰਾ ਅਤੇ ਬਾਪੂ ਨੂੰ ਨਿਰੁੱਤਰ ਕਰ ਦਿੱਤਾ।
-"ਚੱਲ ਕੁੜੀਏ ਘਰ ਦੇ ਪੜਦੇ ਨੀ ਉਧੇੜੀਦੇ ਹੁੰਦੇ...! ਜਰੈਂਦ ਕਰੀਦੀ ਹੁੰਦੀ ਐ...!" ਬੁੱਕਣ ਪੀਤੀ ਵਿਚ ਵੀ ਸੰਭਲ਼ ਕੇ ਗੱਲ ਕਰ ਰਿਹਾ ਸੀ।
-"ਨਾਸੀਂ ਧੂੰਆਂ ਤਾਂ ਮੇਰੇ ਤੁਸੀਂ ਲਿਆਈ ਜਾਨੇ ਐਂ...? ਤੇ ਜਰੈਂਦ ਮੈਂ ਕਰਾਂ...? ਨਾਲ਼ੇ ਮੇਰਾ ਘਰ ਉਜੜ ਗਿਆ-ਨਾਲ਼ੇ ਤੁਸੀਂ ਗਲ਼ ਘੁੱਟਣ ਆਉਨੇ ਓਂ...? ਮੇਰੀ ਕੀਤੀ ਦਾ ਗੁਣ ਤਾਂ ਕਿਸੇ ਨੇ ਨਾ ਪਾਇਆ ਭਰਾਵਾ! ਪੈਸਾ ਖੋਟਾ ਆਪਣਾ ਬਾਣੀਏਂ ਨੂੰ ਕੀ ਦੋਸ਼...? ਕਸੂਰ ਤਾਂ ਸਾਰਾ ਮੇਰਾ ਆਪਣਾ ਸੀ...! ਮੈਂ ਤਾਂ ਐਸ਼ਾਂ ਕਰਦੀ ਸੀ, ਬੁੱਲੇ ਵੱਢਦੀ ਸੀ!"
-"ਤੂੰ ਕਿਹੜਾ ਕਦੇ ਆਬਦੇ ਘਰ ਦੀ ਗੱਲ ਦੱਸੀ ਸੀ...? ਜੇ ਸਾਨੂੰ ਸੱਚ ਦੱਸ ਦਿੰਦੀ, ਅਸੀਂ ਤੈਨੂੰ ਪੈਸਾ ਭੇਜਣ ਨੂੰ ਕਾਹਨੂੰ ਕਹਿੰਦੇ? ਤੂੰ ਈ ਹਿੱਕ ਥਾਪੜ ਥਾਪੜ ਕੇ ਕਹਿੰਦੀ ਹੁੰਦੀ ਸੀ; ਮੈਂ ਥੋਡੀ ਧੀ ਨ੍ਹੀ-ਥੋਡਾ ਪੁੱਤ ਐਂ ਬਾਪੂ-ਥੋਨੂੰ ਪੁੱਤ ਬਣ ਕੇ ਦਿਖਾਊਂ...! ਸਹੁਰੇ ਮੇਰੇ ਜੁੱਤੀ ਦੇ ਯਾਦ ਨ੍ਹੀ-ਥੋਡੇ ਜੁਆਈ ਨੂੰ ਮੈਂ ਡੱਕਾ ਨ੍ਹੀ ਸਮਝਦੀ...! ਤੂੰ ਈ ਇੰਦਰਾ ਗਾਂਧੀ ਬਣੀ ਵੀ ਸੀ-ਸਾਨੂੰ ਕੀ ਪਤਾ ਸੀ ਬਈ ਤੂੰ ਆਬਦਾ ਵੀ ਪੱਤਾ ਕਟਵਾਲੇਂਗੀ...?" ਬਾਪੂ ਨੇ ਠੁਣਾਂ ਹਨੀ ਸਿਰ ਹੀ ਭੰਨਿਆਂ।
ਗੱਡੀ ਆਪਣੀ ਪੂਰੀ ਰਫ਼ਤਾਰ ਨਾਲ਼ ਹਨ੍ਹੇਰੇ ਦਾ ਸੀਨਾਂ ਚੀਰਦੀ ਜਾ ਰਹੀ ਸੀ।
ਰਫ਼ਤਾਰ ਦੀ ਸੂਈ ਨਾਇਣ ਦੀ ਅੱਖ ਵਾਂਗ ਟਿਕੀ ਹੋਈ ਸੀ।
ਸਾਰੇ ਚੁੱਪ ਚਾਪ, ਪੱਥਰ ਬਣੇ ਬੈਠੇ ਸਨ।
ਜ਼ਿੰਦਗੀ ਵਿਚ ਕਈ ਵਾਰ ਅਜਿਹੀਆਂ ਘਟਨਾਵਾਂ ਘਟ ਜਾਂਦੀਆਂ ਹਨ, ਜਿਹਨਾਂ ਨੂੰ ਇਨਸਾਨ ਨੇ ਕਦੇ ਜ਼ਿੰਦਗੀ ਵਿਚ ਕਿਆਸਿਆ ਵੀ ਨਾ ਹੋਵੇ! ਜੀਵਨ ਵਿਚ ਕਈ ਅਜਿਹੇ ਹਾਦਸੇ ਵਾਪਰ ਜਾਂਦੇ ਹਨ, ਜਿਹਨਾਂ ਬਾਰੇ ਤੁਸੀਂ ਨਾ ਕਿਸੇ ਨਾਲ਼ ਗੱਲ ਕਰ ਸਕਦੇ ਹੋ ਅਤੇ ਨਾ ਹੀ ਕਿਸੇ ਕੋਲ਼ ਉਸ ਦੀਆਂ ਪਰਤਾਂ ਫ਼ਰੋਲ਼ ਸਕਦੇ ਹੋ। ਆਦਮੀ ਦਾ ਅੰਦਰੂਨੀ ਜ਼ਖ਼ਮ ਅੰਦਰੋ ਅੰਦਰੀ ਹੀ ਕਿਸੇ ਨਾਸੂਰ ਦਾ ਰੂਪ ਧਾਰਨ ਕਰਦਾ ਰਹਿੰਦਾ ਹੈ। ਬੰਦਾ ਕਿਣਕਾ ਕਿਣਕਾ ਹੋ ਕੇ ਹਰ ਰੋਜ਼ ਮਰਦਾ ਹੈ ਅਤੇ ਇਕ ਨਾ ਇਕ ਦਿਨ ਰੱਬ ਨੂੰ 'ਪਿਆਰਾ' ਹੋ ਜਾਂਦਾ ਹੈ! ਉਸ ਨਾਲ਼ ਖ਼ਾਰ ਖਾਣ ਵਾਲ਼ੇ ਵੀ ਮਰਨ ਤੋਂ ਬਾਅਦ ਉਸ ਨੂੰ 'ਆਪਣਾ' ਗਰਦਾਨਦੇ ਹਨ ਅਤੇ ਬੇਹੂਦੇ ਗੁਣ ਗਾਇਨ ਕਰਦੇ ਰਹਿੰਦੇ ਹਨ। ਦੁਨੀਆਂ ਕੋਈ ਕਮਲ਼ੀ ਨਹੀਂ, ਜਿਹੜੀ ਗਰਮ-ਸਰਦ ਦਾ ਭੇਦ ਨਾ ਜਾਣੇ। ਪਰ ਹਰ ਕੋਈ 'ਹੋਊ-ਪਰੇ' ਕਰ ਕੇ ਡੱਕੇ ਭੰਨ ਲੈਂਦਾ ਹੈ।
ਹਨੀ ਦੇ ਚੁੱਪ ਦਿਮਾਗ ਵਿਚ ਵਿਚਾਰਾਂ ਨੇ ਯੁੱਧ ਛੇੜ ਦਿੱਤਾ।
-"ਬੇਦਿਮਾਗੀ ਤਾਂ ਮੈਂ ਸੀ ਬਾਪੂ...! ਜੀਹਨੇ ਥੋਡੇ ਮਗਰ ਲੱਗ ਕੇ ਆਪਣਾ ਘਰ ਪੱਟ ਲਿਆ...! ਰੰਨ ਗਈ ਨਾਲ਼ੇ ਕੰਨ ਪਾਟੇ ਰਾਂਝੇ ਦੱਸ ਪਿਆਰ 'ਚੋਂ ਖੱਟਿਆ ਕੀ, ਆਲ਼ੀ ਗੱਲ ਹੋਈ ਮੇਰੇ ਨਾਲ਼ ਤਾਂ...! ਤੁਸੀਂ ਸਾਰੇ ਈ ਸਿਆਣੇ ਸੀ...! ਕਮਲ਼ੀ ਤਾਂ ਮੈਂ ਸੀ-ਜਿਹੜੀ ਥੋਡੀਆਂ ਨਸੀਹਤਾਂ ਮਗਰ ਲੱਗੀ ਰਹੀ, ਤੇ ਆਪਣਾ ਘਰ ਬਰਬਾਦ ਕਰ ਲਿਆ...! ਥੋਨੂੰ ਪੁੱਤ ਬਣ ਕੇ ਦਿਖਾਉਂਦੀ ਦਿਖਾਉਂਦੀ ਤਾਂ ਮੈਂ ਆਪ ਘਰ ਘਾਟ ਦੀ ਨ੍ਹੀ ਰਹੀ-ਮੈਂ ਭੁੱਲ ਗਈ ਸੀ ਬਈ ਰੱਬ ਨੇ ਮੈਨੂੰ ਧੀ ਬਣਾਇਐ-ਔਰਤ ਬਣਾਇਐ...!"
ਹਨੀ ਦੀ ਸੋਚ ਅੰਦਰੋਂ ਉਧੜਨ ਲੱਗੀ; ਔਰਤ ਦੀ ਸਿਰਫ਼ ਪੇਕਿਆਂ ਪ੍ਰਤੀ ਹੀ ਨਹੀਂ, ਸਹੁਰਿਆਂ ਪ੍ਰਤੀ ਵੀ ਕੋਈ ਜ਼ਿੰਮੇਵਾਰੀ ਹੁੰਦੀ ਐ ਕਿ ਮੈਂ ਇਕ ਚੰਗੀ ਧੀ ਦੇ ਨਾਲ਼-ਨਾਲ਼ ਇਕ ਚੰਗੀ 'ਪਤਨੀ' ਤੇ 'ਨੂੰਹ' ਵੀ ਬਣ ਕੇ ਦਿਖਾਵਾਂ! ਨਾ ਕਿ ਰੱਬ ਦੀ ਕੁਦਰਤ ਦੇ ਖ਼ਿਲਾਫ਼ ਪੁੱਤ ਬਣ ਕੇ ਦਿਖਾਉਣ ਦਾ ਭਰਮ ਪਾਲ਼ਾਂ...! ਰੱਬ ਵੀ ਬੜਾ ਬੇਅੰਤ ਐ, ਉਹ ਇਨਸਾਨ ਨੂੰ 'ਆਨੇ' ਵਾਲ਼ੀ ਥਾਂ 'ਤੇ ਈ ਰੱਖਦੈ! ਜੇ ਬੰਦੇ ਦੇ ਦਿਲ ਦੀ ਹਰ ਗੱਲ ਪੂਰੀ ਹੁੰਦੀ ਹੋਵੇ, ਬੰਦਾ ਰੱਬ ਨੂੰ ਕਦੇ ਯਾਦ ਨਾ ਕਰੇ! ਪੁੱਤ ਬਣ ਕੇ ਦਿਖਾਉਣ ਦਾ ਭਰਮ ਮੇਰੀ ਜ਼ਿੰਦਗੀ ਦੀ ਇਕ ਬੜੀ ਵੱਡੀ ਭੁੱਲ ਸੀ...! ਮੈਨੂੰ ਰੱਬ ਦੀ ਰਜ਼ਾ ਵਿਚ ਰਾਜ਼ੀ ਰਹਿ ਕੇ ਇਕ ਚੰਗੀ ਧੀ, ਇਕ ਚੰਗੀ ਨੂੰਹ, ਇਕ ਚੰਗੀ ਪਤਨੀ ਅਤੇ ਇਕ ਚੰਗੀ ਇਮਾਨਦਾਰ ਔਰਤ ਬਣ ਕੇ ਰੱਬ ਦੇ ਕਾਨੂੰਨ ਦੇ ਅਨੁਸਾਰ ਤੁਰਨਾ ਚਾਹੀਦਾ ਸੀ! ਹੁਣ ਭੁਗਤੂੰ ਮੈਂ ਆਪੇ ਹੀ...! ਕੋਈ ਮੇਰਾ ਦੁੱਖ ਨਹੀਂ ਵੰਡਾਉਂਦਾ! ਹੁਣ ਇਹ ਸੰਤਾਪ ਤੈਨੂੰ ਆਪ ਹੀ ਭੁਗਤਣਾ ਪੈਣੈਂ ਹਨੀ! ਮੈਨੂੰ ਤਾਂ ਪਿਉ ਤੇ ਭਰਾ ਹੀ ਮੂੰਹੋਂ ਨਹੀਂ ਬੋਲਦੇ...? ਨਾਲ਼ੇ ਆਪਣੇ ਸਕੇ ਨੇ..! ਬਿਗਾਨੀਆਂ ਧੀਆਂ, ਭਰਜਾਈਆਂ ਪਤਾ ਨਹੀਂ ਕੀ-ਕੀ ਬਚਨ ਕਰਨਗੀਆਂ...? ਹਨੀ ਨੇ ਦਿਲ ਵਿਚ ਹੀ ਸੋਚਿਆ। ਸਰੀਰਕ ਪੱਖੋਂਂ ਉਹ ਸਿਲ਼ ਪੱਥਰ ਬਣੀ ਬੈਠੀ ਸੀ। ਸੋਚਾਂ ਦੇ ਸਾਗਰ ਵਿਚ ਰੁੜ੍ਹੀ ਹਨੀ ਦੀਆਂ ਸੋਚਾਂ ਦੀ ਘੋੜ ਦੌੜ ਪਿਛਲੇ ਸਮੇਂ ਨਾਲ਼ ਜਾ ਜੁੜੀ..! ਖਿਆਲ ਬੀਤੇ ਸਮੇਂ ਨਾਲ਼ ਹਾਣੀ ਬਣ ਰਲ਼ ਤੁਰੇ...!


0 0 0 0 0

....ਅਜੇ ਹਨੀ ਦਸਵੀਂ ਜਮਾਤ ਵਿਚ ਹੀ ਪੜ੍ਹਦੀ ਸੀ। ਸੋਹਣੀ ਸੁਨੱਖੀ ਤਾਂ ਅੰਤਾਂ ਦੀ ਸੀ। ਮੋਟੀਆਂ ਅੱਖਾਂ ਰੱਬ ਨੇ ਉਸ ਨੂੰ ਬੜੀ ਰੀਝ ਨਾਲ਼ ਘੜ੍ਹ ਕੇ ਬਖ਼ਸ਼ਿਸ਼ ਕੀਤੀਆਂ ਸਨ। ਕਾਦਰ ਦੀ ਘੜ੍ਹੀ ਮੂਰਤ ਸੀ ਹਨੀ! ਉਸ ਦੀਆਂ ਅੱਖਾਂ ਵਿਚ ਕੁਦਰਤੀ ਡਲਕ ਸੀ ਅਤੇ ਸੁਭਾਅ ਵਿਚ ਕੋਮਲਤਾ...! ਅੰਤਾਂ ਦੀ ਭੋਲ਼ੀ...! ਜਦੋਂ ਗੱਲ ਕਰਦੀ ਸੀ ਤਾਂ ਕੇਸੂ ਵਰਗੇ ਬੁੱਲ੍ਹਾਂ 'ਚੋਂ ਫ਼ੁੱਲ ਕਿਰਦੇ ਸਨ। ਕੁਦਰਤੀ ਮੁਸਕਰਾਹਟ ਉਸ ਦੇ ਹੁਸੀਨ ਚਿਹਰੇ 'ਤੇ ਹਮੇਸ਼ਾ ਖਿੜੀ ਰਹਿੰਦੀ। ਰੰਗ ਭਾਵੇਂ ਉਸ ਦਾ ਕਣਕਵੰਨਾਂ ਹੀ ਸੀ। ਪਰ ਉਸ ਦੇ ਤਿੱਖੇ ਨੈਣ ਨਕਸ਼ ਹਰ ਦੇਖਣ ਵਾਲ਼ੇ ਦਾ ਕਾਲ਼ਜਾ ਕੱਢ ਲੈਂਦੇ ਅਤੇ ਅਗਲੇ ਨੂੰ ਕਿਸੇ ਡੂੰਘੀ ਸੋਚ ਵਿਚ ਪਾ ਜਾਂਦੇ ਸਨ! ਹਰ ਕੋਈ ਉਸ ਨੂੰ ਪਿੱਛੇ ਮੁੜ ਕੇ ਦੁਬਾਰਾ ਦੇਖਦਾ! ਸਕੂਲ ਵਿਚ ਮੁੰਡੇ ਖੁੰਡੇ ਉਸ ਨੂੰ, "ਤੇਰਾ ਅੱਖਾਂ 'ਚੋਂ ਹੱਸ ਕੇ ਤੱਕਣਾ...ਹਾਏ ਨ੍ਹੀ ਸਾਨੂੰ ਮਾਰ ਗਿਆ...!" ਦੇ ਤਾਹਨ੍ਹੇ ਮਿਹਣੇ ਮਾਰਦੇ! ਪਰ ਉਹ ਮੁਸਕਰਾ ਕੇ ਹੀ ਅੱਗੇ ਨਿਕਲ਼ ਜਾਂਦੀ। ਖੜ੍ਹ ਕੇ ਕਿਸੇ ਦੀ ਗੱਲ ਜਾਂ ਤਾਹਨੇ ਦਾ ਉੱਤਰ ਨਾ ਦਿੰਦੀ। ਮੁੰਡੇ ਹਨੀ ਦੀ ਇਸ ਕਾਤਲ ਅਦਾ 'ਤੇ ਕੁਰਬਾਨ ਹੋ ਜਾਂਦੇ!
ਹਨੀ ਨੇ ਦਸਵੀਂ ਕਰ ਲਈ ਤਾਂ ਉਸ ਨੇ ਮੋਗੇ ਡੀ. ਐਮ. ਕਾਲਿਜ ਵਿਚ ਦਾਖ਼ਲਾ ਲੈ ਲਿਆ।
ਬੇਬੇ ਚਾਹੇ ਕੁੜੀ ਨੂੰ ਕਾਲਜ ਭੇਜਣ ਲਈ ਨੱਕ ਬੁੱਲ੍ਹ ਮਾਰਦੀ ਹੀ ਸੀ। ਲੱਤ ਨਹੀਂ ਲਾਉਂਦੀ ਸੀ।
-"ਬਹੁਤ ਐ ਜਿੰਨੀ ਕੁ ਇਹੇ ਪੜ੍ਹਲੀ-ਚਿੱਠੀ ਪੱਤਰ ਜੋਗੀ ਹੋਗੀ, ਹੋਰ ਪੜ੍ਹ ਕੇ ਇਹਨੇ ਕੀ ਠਾਣੇਦਾਰਨੀ ਲੱਗਣੈਂ...?"
-"ਪੜ੍ਹ ਲੈਣ ਦੇਹ..! ਤੇਰੇ ਕੀ ਖੁਰ ਵੱਢਦੀ ਐ...? ਜੰਗੀਰ ਮਾਸ਼ਟਰ ਕਹਿੰਦਾ ਸੀ ਬਈ ਕੁੜੀ ਪੜ੍ਹਨ ਨੂੰ ਹੁਸ਼ਿਆਰ ਐ, ਤੂੰ ਬਾਹਲ਼ਾ ਬਰੜਾਹਟ ਨਾ ਕਰਿਆ ਕਰ..! ਆਬਦੀ ਸਾਗ ਘੋਟਣ ਵਾਲ਼ੀ ਮੱਤ ਆਬਦੇ ਕੋਲ਼ੇ ਰੱਖਿਆ ਕਰ...! ਤੈਨੂੰ ਪੜ੍ਹਾਈਆਂ ਦਾ ਕੀ ਪਤਾ...? ਤੇਰੇ ਤਾਂ ਹੁਣ ਤੱਕ ਗੋਹੇ 'ਚੋਂ ਹੱਥ ਨ੍ਹੀ ਨਿਕਲ਼ੇ...!"
-"ਪਹਿਲਾਂ ਮੇਰੇ ਪੇਕਿਆਂ ਨੇ ਲਹੂ ਪੀਤਾ, ਤੇ ਫੇਰ ਤੂੰ...! ਮੇਰੇ ਹੱਥ ਗੋਹੇ 'ਚੋਂ ਕੌਣ ਕੱਢਦਾ...?" ਬੇਬੇ ਨੇ ਤੋੜਾ ਬਾਪੂ ਸਿਰ ਹੀ ਝਾੜਿਆ।
-"ਚੱਲ ਚੁੱਪ ਰਹਿ...! ਮਾਰਦੀ ਕਿਵੇਂ ਐਂ ਜਾਭਾਂ ਨੂੰ...!"
ਬੇਬੇ ਦੀ ਦਲੀਲ ਅੱਖੋਂ ਪਰੋਖੇ ਕਰ ਕੇ ਬਾਪੂ ਨੇ ਉਸ ਨੂੰ ਕਾਲਜ ਦਾਖਲਾ ਲੈ ਦਿੱਤਾ ਸੀ।
ਕਾਲਜ ਜਾ ਕੇ ਹਨੀ ਦਾ ਸੰਧੂਰੀ ਰੰਗ ਹੋਰ ਵੀ ਨਿੱਖਰ ਆਇਆ ਸੀ। ਚੜ੍ਹਦੇ ਸੂਰਜ ਦੀ ਲਾਲੀ ਜਿਵੇਂ ਹਨੀ ਦੇ ਮੁੱਖ 'ਤੇ ਉਤਰੀ ਰਹਿੰਦੀ ਸੀ।
ਕਾਲਿਜ ਦੇ 'ਗੁੰਡੇ' ਜਿਹੇ ਮੁੰਡਿਆਂ ਤੋਂ ਉਹ ਕੋਹਾਂ ਦੂਰ ਹੀ ਰਹਿੰਦੀ। ਕਿਸੇ ਦੀ ਕੋਈ ਪ੍ਰਵਾਹ ਨਾ ਕਰਦੀ।
ਇਕ ਦਿਨ ਕਾਲਿਜ ਦੇ ਇਕ ਮੁੰਡੇ ਜੱਸੀ ਨੇ ਉਸ ਨੂੰ ਇਕ ਕਿਤਾਬ ਵਿਚ ਬਹਾਨੇ ਨਾਲ਼ ਇਕ 'ਰੁੱਕਾ' ਪਾ ਕੇ ਭੇਜਿਆ। ਅੱਤ ਸੰਖੇਪ ਚਿੱਠੀ..! ਉਸ ਨੂੰ ਜੱਸੀ ਤੋਂ ਕਦੇ ਡਰ-ਭੈਅ ਨਹੀਂ ਆਇਆ ਸੀ। ਉਹ ਸੰਗਾਊ ਜਿਹਾ ਲੜਕਾ ਚੋਰ ਨਜ਼ਰ ਨਾਲ਼ ਹਨੀ ਵੱਲ ਤੱਕਦਾ, ਤਾਂ ਹਨੀ ਵੀ ਮੁਸਕਰਾ ਕੇ ਉਸ ਦੀ ਖ਼ਾਮੋਸ਼ ਮੁਸਕਾਰਹਟ ਵਿਚ ਮਦਹੋਸ਼ ਜਿਹੀ ਹੋ ਜਾਂਦੀ। ਨਜ਼ਰਾਂ ਦੀ ਜੂਹ ਰਲ਼ੀ, ਤਾਂ ਦੋਵਾਂ ਦੀਆਂ ਭਾਵਨਾਵਾਂ ਇਕ ਦੂਜੇ ਨੂੰ ਲੱਭਣ ਲੱਗੀਆਂ। ਪਾਰਕ ਦੇ ਇਕ ਖੂੰਜੇ ਜਾ ਕੇ ਉਸ ਨੇ ਜੱਸੀ ਵੱਲੋਂ ਭੇਜਿਆ ਖ਼ਤ ਪੜ੍ਹਿਆ।
-"ਰੱਬ ਦੀ ਮੂਰਤ ਹਨਿੰਦਰ...! ਬੱਸ, ਇਤਨਾ ਹੀ ਆਖ ਸਕਦਾ ਹਾਂ ਕਿ ਵਿਸ਼ਾਲ ਆਕਾਸ਼ ਵਿਚ ਉੱਡਦੀਆਂ, ਕਿਸੇ ਅਣਮਿਥੀ ਮੰਜ਼ਿਲ ਵੱਲ ਜਾ ਰਹੀਆਂ ਕੂੰਜਾਂ ਦੀਆਂ ਡਾਰਾਂ ਨੂੰ ਖਿਆਲਾਂ ਵਿਚ ਜੱਫ਼ੇ ਮਾਰਨ ਵਾਲ਼ਾ ਹੱਦ ਦਾ ਮੂਰਖ਼ ਹੁੰਦਾ ਹੈ...! ਕਿਤੇ ਮੈਂ ਉਹੀ ਮੂਰਖ਼ਤਾ ਤਾਂ ਨਹੀਂ ਕਰ ਰਿਹਾ...? ਤੇਰੇ ਉੱਤਰ ਦੀ ਉਡੀਕ ਰਹੇਗੀ! ਜੱਸੀ...!" ਪੜ੍ਹ ਕੇ ਉਸ ਨੇ ਰੁੱਕਾ ਪਾੜ ਕੇ ਸੁੱਟ ਦਿੱਤਾ ਅਤੇ ਵਾਪਿਸ ਮੁੜ ਆਈ। ਪਾਰਕ ਦੇ ਅੱਧ ਵਿਚ ਪਹੁੰਚ ਕੇ ਫਿਰ ਪਤਾ ਨਹੀਂ ਉਹ ਕਿਉਂ ਵਾਪਸ ਮੁੜ ਗਈ। ਪਾੜੇ ਕਾਗਜ਼ ਦੇ ਟੁਕੜੇ ਇਕੱਠੇ ਕੀਤੇ ਅਤੇ ਸੱਸੀ ਦੇ ਪੁੰਨੂੰ ਦੀ ਸੱਜਰੀ ਪੈੜ ਦੇ ਰੇਤੇ ਵਾਂਗ ਕਾਗਜ਼ ਦਾ ਟੁਕੜਾ ਘੁੱਟ ਕੇ ਹਿੱਕ ਨਾਲ਼ ਲਾ ਲਿਆ। ਜਿਵੇਂ ਉਸ ਦਾ ਕਾਲ਼ਜਾ ਠਰ ਗਿਆ ਅਤੇ ਮਨ ਸੀਤ ਹੋ ਗਿਆ ਸੀ।
ਸਾਰਾ ਦਿਨ ਕਾਲਜ ਵਿਚ ਉਸ ਦੇ ਮਨ ਨੂੰ ਅੱਚਵੀ ਜਿਹੀ ਲੱਗੀ ਰਹੀ। ਕਿਤਾਬ ਫੜ ਕੇ ਪੜ੍ਹਨ ਲੱਗਦੀ ਤਾਂ ਜੱਸੀ ਦਾ ਭੋਲ਼ਾ, ਸਾਊ ਅਤੇ ਦਿਲਕਸ਼ ਚਿਹਰਾ ਮੂਰਤ ਬਣ ਸਾਹਮਣੇ ਆ ਖੜ੍ਹਦਾ। ਉਸ ਦਾ ਦਿਲ ਥਾਲ਼ੀ ਦੇ ਪਾਣੀ ਵਾਂਗ ਡੋਲ ਰਿਹਾ ਸੀ। ਧੜਕਣ ਵਿਚ ਤੂਫ਼ਾਨ ਆਇਆ ਹੋਇਆ ਸੀ।
ਰਾਤ ਨੂੰ ਸੌਣ ਤੋਂ ਪਹਿਲਾਂ ਉਸ ਨੇ ਘਰਦਿਆਂ ਤੋਂ ਚੋਰੀ ਉਸ ਕਾਗਜ਼ ਦੇ ਟੁਕੜੇ ਨੂੰ ਗੂੰਦ ਨਾਲ਼ ਜੋੜਿਆ ਅਤੇ ਫਿਰ ਵਾਰ ਵਾਰ ਪੜ੍ਹਿਆ। ਇਕ ਇਕ ਅੱਖਰ ਉਸ ਨੂੰ ਇਲਾਹੀ ਸ਼ਬਦ ਜਾਪ ਰਿਹਾ ਸੀ। ਕਾਗਜ਼ ਜੋੜਦੀ ਹਨੀ ਨੂੰ ਇੰਜ ਮਹਿਸੂਸ ਹੋਇਆ ਸੀ, ਜਿਵੇਂ ਆਪਣੀ ਖਿਲਰੀ ਕਿਸਮਤ ਨੂੰ ਤਰਤੀਬ ਦੇ ਰਹੀ ਹੋਵੇ! ਉਸ ਦੇ ਮਨ ਅੰਦਰ ਖੁਸ਼ੀ ਦੀਆਂ ਘੰਟੀਆਂ ਵੱਜ ਰਹੀਆਂ ਸਨ। ਹਵਾ ਚਵਰ ਕਰਦੀ ਮਹਿਸੂਸ ਹੋ ਰਹੀ ਸੀ। ਪ੍ਰਕਿਰਤੀ ਲੋਰੀਆਂ ਦਿੰਦੀ ਲੱਗਦੀ ਸੀ। ਜਜ਼ਬਾਤਾਂ ਦੇ ਵਹਿਣਾਂ ਵਿਚ ਵਹਿੰਦੀ ਹਨੀ ਨੇ ਵੀ ਕਾਗਜ਼ ਦੀ ਹੱਕ 'ਤੇ ਕੁਝ ਸ਼ਬਦ ਵਾਹ ਧਰੇ...!
-"ਜੱਸੀ, ਤੇਰੀ ਭੋਲ਼ੀ ਭਾਲ਼ੀ ਅਤੇ ਸੱਚੀ-ਸੁੱਚੀ ਮੂਰਤ, ਸੂਰਤ ਅਤੇ ਸੀਰਤ ਦਾ ਮਿਆਰ ਸ਼ਾਇਦ ਮੇਰੀ ਆਖਰੀ ਮੰਜ਼ਿਲ ਤੱਕ ਪਹੁੰਚ ਚੁੱਕਾ ਹੈ! ਖਿਆਲਾਂ ਨੂੰ ਜਾਂ ਖਿਆਲਾਂ ਵਿਚ ਜੱਫ਼ਾ ਮਾਰਨ ਵਾਲ਼ਾ ਮੂਰਖ਼ ਨਹੀਂ, ਲੋਕ ਉਸ ਨੂੰ ਚਾਹੇ ਫ਼ਿਲਾਸਫ਼ਰ ਜਾਂ ਬੌਰਾ ਆਖਣ, ਪਰ ਅਜਿਹੀਆਂ ਸੋਚਾਂ ਦੀ ਪ੍ਰਵਾਜ਼ ਭਰਨ ਵਾਲ਼ਾ ਕਿਸੇ ਦੇ ਦਿਲਾਂ ਦਾ ਜਾਨੀ ਵੀ ਹੋ ਸਕਦਾ ਹੈ...! ਕਿ ਨਹੀਂ...? ਮੇਰੀ ਸੋਚ ਅਨੁਸਾਰ ਮੈਂ ਤੇਰੀ ਗੱਲ ਦਾ ਉੱਤਰ ਦੇ ਦਿੱਤਾ ਹੈ!...ਹਨੀ!"
ਚਿੱਠੀ ਉਸ ਨੇ ਲਿਖ ਤਾਂ ਲਈ। ਪਰ ਫੜਾਉਣ ਦਾ ਸਬੱਬ ਨਾ ਬਣਿਆਂ।
ਕਈ ਦਿਨ ਲੰਘ ਗਏ।
ਤੀਜੇ ਦਿਨ ਜਦ ਜੱਸੀ ਉਸ ਨੂੰ ਪਾਰਕ ਕੋਲ਼ ਅਚਾਨਕ ਮਿਲ਼ ਗਿਆ ਤਾਂ ਉਸ ਨੇ ਛਾਤੀਆਂ ਦੇ ਸੰਨ੍ਹ ਵਿਚ ਲੁਕਾਈ ਚਿੱਠੀ ਕਿਸੇ ਅਰਮਾਨ ਵਾਂਗ ਉਸ ਦੇ ਅੱਗੇ ਕਰ ਦਿੱਤੀ। ਚਿੱਠੀ ਫੜਦੇ ਜੱਸੀ ਦੀਆਂ ਤਲ਼ੀਆਂ ਨੂੰ ਮੁੜ੍ਹਕਾ ਆ ਗਿਆ। ਸਰੀਰ ਨੂੰ ਅਕਹਿ ਆਨੰਦ ਭਰੀ ਝਰਨਾਹਟ ਛੁੱਟੀ। ਉਸ ਨੇ ਬੜੀ ਹਸਰਤ ਨਾਲ਼ ਹਨੀ ਵੱਲ ਤੱਕਿਆ ਤਾਂ ਹਨੀ ਦੀਆਂ ਗੱਲ੍ਹਾਂ ਵਿਚੋਂ ਵੀ ਜਿਵੇਂ ਰੱਤ ਚੋਅ ਰਹੀ ਸੀ। ਗੱਲ੍ਹਾਂ ਸੁਰਖ਼ ਅਤੇ ਚੜ੍ਹਦੇ ਸੂਰਜ ਵਾਂਗ ਰੱਤੀਆਂ ਸਨ। ਉਸ ਦੀਆਂ ਨਜ਼ਰਾਂ ਮਿਹਰਬਾਨੀ ਵਿਚ ਵਿਛੀਆਂ ਪਈਆਂ ਸਨ। ਦਿਲਾਂ ਦੀ ਜੂਹ ਵਿਚ ਦੂਰ-ਦੂਰ ਤੱਕ ਖੇੜਾ ਆ ਗਿਆ ਸੀ। ਅਰਮਾਨਾਂ ਦੀ ਬਹਾਰ ਖਿੜ ਪਈ ਸੀ। ਹਨੀ ਸਿਰ ਝੁਕਾਅ ਕੇ ਤੁਰ ਗਈ। ਜੱਸੀ ਦੀ ਜਿਵੇਂ ਰੂਹ ਤੁਰ ਗਈ ਸੀ। ਜਿੰਦ ਤੁਰ ਗਈ ਸੀ...!
ਅਜੇ ਜੱਸੀ ਪਾਰਕ ਦੇ ਇਕ ਖੂੰਜੇ ਖੜ੍ਹਾ ਚਿੱਠੀ ਦੀਆਂ ਪਰਤਾਂ ਖੋਲ੍ਹ ਕੇ ਪੜ੍ਹ ਹੀ ਰਿਹਾ ਸੀ ਕਿ ਕਿਸੇ ਖੁਰਦਰੀ ਜਿਹੀ ਅਵਾਜ਼ ਨੇ ਉਸ ਦਾ 'ਤਰਾਹ' ਕੱਢ ਦਿੱਤਾ।
-"ਮੈਂ ਕਹਿੰਨੈਂ ਜਮਾਂ ਈ ਕਾਲ਼ਾ ਸੱਪ ਮਾਰਿਐ ਬਾਈ ਸਿਆਂ, ਕਾਲ਼ਾ ਨਾਗ਼...! ਧਰਮ ਨਾਲ਼ ਬੜਾ ਈ ਖ਼ਤਰਨਾਕ ਬਾਈ ਸਿਆਂ, ਜਮਾਂ ਈ ਖੜੱਪਾ...!" ਬੀਕਾ ਖੜ੍ਹਾ ਸੀ। ਉਸ ਦੀ ਪਾਟੇ ਢੋਲ ਵਰਗੀ ਅਵਾਜ਼ ਜੱਸੀ ਦੇ ਕਾਲ਼ਜੇ ਵਿਚ ਡਾਂਗ ਵਾਂਗ ਵੱਜੀ ਸੀ।
-"..........।" ਉਹ ਨਿਰੁੱਤਰ ਹੋਇਆ ਸਿੱਧਾ ਸਲੋਟ ਬੀਕੇ ਵੱਲ ਤੱਕ ਰਿਹਾ ਸੀ। ਉਸ ਨੂੰ ਕੁਝ ਸੁੱਝ ਨਹੀਂ ਰਿਹਾ ਸੀ ਕਿ ਬੀਕੇ ਨੂੰ ਕੀ ਉਤਰ ਦੇਵੇ...? ਕੀ ਬਹਾਨਾ ਮਾਰੇ...?
ਬੀਕੇ ਦਾ ਅਸਲ ਨਾਂ ਬਿਕਰਮ ਸਿੰਘ ਸੀ। ਪਰ ਕਾਲਜ ਵਿਚ ਉਹ 'ਬੀਕੇ' ਦੇ ਨਾਂ ਨਾਲ਼ ਮਸ਼ਹੂਰ ਸੀ। ਕਾਫ਼ੀ ਸਾਲਾਂ ਤੋਂ ਇਕੋ ਹੀ ਕਲਾਸ ਵਿਚ ਗੇੜੇ ਖਾਣ ਵਾਲ਼ਾ ਬੀਕਾ ਕੋਈ ਸਾਊ ਮੁੰਡਾ ਨਹੀਂ ਸੀ। ਉਸ ਦਾ ਕੰਮ ਕੁੜੀਆਂ ਕੱਤਰੀਆਂ ਦੇ ਚੂੰਢੀਆਂ ਭਰਨਾ ਅਤੇ ਬੋਲ-ਕਬੋਲ ਕਰਨਾ ਸੀ। ਰੱਜੇ ਪੁੱਜੇ ਘਰ ਦਾ ਬੀਕਾ ਪੜ੍ਹਦਾ ਘੱਟ ਅਤੇ ਗਸ਼ਤ ਬਹੁਤੀ ਕਰਦਾ ਸੀ। ਇਕ ਨਾਮੀਂ ਬਦਮਾਸ਼ ਜਾਂ ਕਹੋ ਅਫ਼ੀਮ ਸਮਗਲਰ ਦਾ ਵਿਗੜਿਆ, ਬਦ ਮੁੰਡਾ ਕਈ ਵਾਰ ਠਾਣੇ ਦਾ ਮੂੰਹ ਵੀ ਦੇਖ ਆਇਆ ਸੀ। ਪਰ ਠਾਣੇ ਜਾ ਕੇ ਵੀ ਉਸ ਦਾ ਪੱਤਾ ਨਹੀਂ ਹਿੱਲਿਆ ਸੀ। ਪਿਉ ਦੀ ਚੰਗੀ ਚੱਲਦੀ ਹੋਣ ਕਰਕੇ ਪੁਲੀਸ ਦਾ ਤਾਂ ਉਸ ਨੂੰ ਡਰ ਹੀ ਕੋਈ ਨਹੀਂ ਸੀ। ਪਿਉ ਦੀ ਸਰਕਾਰੇ ਦਰਬਾਰੇ ਪੂਰੀ 'ਭੱਲ' ਬਣੀ ਹੋਈ ਸੀ। ਇਲਾਕੇ ਦਾ ਐੱਮ. ਐੱਲ਼ ਏ. ਉਸ ਤੋਂ ਪੁੱਛ ਗੱਲ ਕਰਦਾ ਸੀ। ਜੱਸੀ ਨੂੰ ਉਸ ਦੇ ਖੱਖਰ ਖਾਧੇ ਜਿਹੇ ਮੂੰਹ ਤੋਂ ਡਰ ਆਇਆ। ਪਲ ਦੀ ਪਲ ਜਿਵੇਂ ਉਸ ਦੇ ਦਿਲ ਦਾ ਬਾਗ ਵੈਰਾਨ ਹੋ ਗਿਆ ਸੀ। ਦਿਲ ਦੀ ਖਿੜੀ ਜੂਹ ਤਬਾਹ ਹੋ ਗਈ ਸੀ। ਖੇੜਾ ਬੰਜਰ ਉਜਾੜ ਹੋ ਗਿਆ ਸੀ।
-"ਕੁੜੀ ਕਾਹਦੀ ਐ...? ਅੱਖਾਂ ਨਾਲ਼ ਮਿਰਚਾਂ ਭੋਰਦੀ ਐ...! ਮੋਢਿਆਂ ਤੋਂ ਦੀ ਥੁੱਕਦੀ ਐ ਖ਼ਸਮਾਂ ਨੂੰ ਖਾਣੀਂ...! ਭੜ੍ਹਾਕਾ ਐ ਭੜ੍ਹਾਕਾ, ਬਾਈ ਸਿਆਂ..!" ਬੀਕਾ ਖੜ੍ਹਾ ਆਪਣੀ ਕਰੜ ਬਰੜੀ ਦਾੜ੍ਹੀ ਖੁਰਕ ਰਿਹਾ ਸੀ। ਉਸ ਦੀਆਂ 'ਚੰਟ' ਅੱਖਾਂ ਜੱਸੀ ਦੇ ਚਿਹਰੇ 'ਤੇ ਤਖ਼ਤੇ ਦੀ ਚੂਲ਼ ਵਾਂਗ ਘੁਕੀ ਜਾ ਰਹੀਆਂ ਸਨ।
-"...........।" ਜੱਸੀ ਫਿਰ ਨਾ ਕੁਝ ਬੋਲਿਆ।
-"ਸਾਡੇ ਤਾਂ ਇਹ ਕਬੂਤਰੀ ਕਦੇ ਬਨੇਰੇ 'ਤੇ ਨੀ ਬੈਠੀ? ਤੇਰੇ ਮੋਢੇ 'ਤੇ ਕਿਵੇਂ ਖੇਡਣ ਲੱਗਪੀ...? ਆਸ਼ਕੇ ਬਾਈ ਸਿਆਂ ਤੇਰੇ...! ਸਦਕੇ ਤੇਰੀ ਕਿਸਮਤ ਦੇ...! ਸਲਾਮ ਤੈਨੂੰ...!"
-"..........।"
-"ਕੱਲੇ ਖਾਣ ਨੂੰ ਬਾਈ ਸਿਆਂ ਕਾਣੀਂ ਵੰਡ ਆਖਦੇ ਐ!" ਬੀਕੇ ਨੇ ਮੂੰਹ ਵਿੰਗਾ ਕਰ ਲਿਆ ਅਤੇ ਸ਼ੈਤਾਨ ਨਜ਼ਰ ਤਿਰਛੀ ਸੁੱਟ ਲਈ।
-"...............।" ਜੱਸੀ ਨੇ ਫਿਰ ਵੀ ਸਮਾਈ ਕਰ ਲਈ।
-"ਵੰਡ ਕੇ ਖਾਵੇਂਗਾ, ਚੰਗਾ ਰਹੇਂਗਾ, ਨਹੀਂ ਬਾਈ ਸਿਆਂ ਗਿੱਦੜਾਂ ਹੱਥ ਆਇਆ ਪਟੋਲ੍ਹਾ ਲੀਰੋ ਲੀਰ ਹੋ ਜਾਂਦੈ...!"
-"ਕਾਲਜ ਦੀ ਕੁੜੀ ਬਾਰੇ ਐਹੋ ਜੀਆਂ ਗੱਲਾਂ ਤੈਨੂੰ ਸ਼ੋਭਾ ਨਹੀਂ ਦਿੰਦੀਆਂ ਬਾਈ ਬੀਕਿਆ...!" ਜੱਸੀ ਨੇ ਮੂੰਹ ਖੋਲ੍ਹਿਆ ਸੀ।
-"ਵਾਹ...! ਕਿਆ ਡਾਈਲਾਗ ਮਾਰਾ ਪ੍ਰੇਮ ਬਾਬੂ ਨੇ....!" ਉਸ ਨੇ ਜੱਸੀ ਦਾ ਮਜ਼ਾਕ ਉਡਾਇਆ।
ਬਿਨਾ ਗੱਲ ਕੀਤੀ ਦੇ ਜੱਸੀ ਖਿਝ ਕੇ ਤੁਰ ਗਿਆ। ਉਹ ਬੀਕੇ ਵਰਗੇ ਬੇਵਕੂਫ਼ ਅਤੇ ਬਦਮਾਸ਼ ਬੰਦੇ ਨਾਲ਼ ਗੱਲ ਨਹੀਂ ਕਰਨਾ ਚਾਹੁੰਦਾ ਸੀ। ਲੜਾਈ ਕਰਨਾ ਬੀਕੇ ਦਾ ਪਹਿਲਾ ਕੰਮ ਸੀ ਅਤੇ ਲੜਾਈ ਤੋਂ ਜੱਸੀ ਵਰਗਾ ਸ਼ਾਂਤਮਈ ਮੁੰਡਾ ਸੌ ਕੋਹਾਂ ਡਰਦਾ ਸੀ। ਇਕ ਲਿੱਬੜੀ ਮੱਝ ਸਾਰਿਆਂ ਨੂੰ ਲਬੇੜਦੀ ਹੈ, ਸੋਚ ਕੇ ਜੱਸੀ ਨੇ ਚੁੱਪ ਵੱਟਣੀ ਹੀ ਬਿਹਤਰ ਸਮਝੀ। ਲੜਾਈ ਅਤੇ ਲੱਸੀ ਦਾ ਕੀ ਐ...? ਜਿੰਨੀ ਮਰਜ਼ੀ ਐ ਵਧਾ ਲਵੋ...! ਪਰ ਬੀਕੇ ਦਾ ਭਰਮ ਸੀ ਕਿ ਜੱਸੀ ਉਸ ਦੇ ਦਬਦਬੇ ਤੋਂ ਜਰਕ ਗਿਆ ਸੀ, ਡਰ ਗਿਆ ਸੀ।
ਜੱਸੀ ਦਾ ਮਨ ਭੈੜ੍ਹਾ ਹੋ ਗਿਆ।
ਅਚਾਨਕ ਪ੍ਰੇਮ ਸਾਗਰ ਦੀ ਸ਼ਾਂਤੀ ਵਿਚ ਬੀਕਾ ਪੱਥਰ ਬਣ ਡਿੱਗਿਆ ਸੀ।
ਜਦੋਂ ਜੱਸੀ ਅਗਲੇ ਦਿਨ ਕਾਲਜ ਆਇਆ ਤਾਂ ਯਾਰਾਂ ਮਿੱਤਰਾਂ ਦੀਆਂ ਬਾਂਹਾਂ 'ਤੇ ਟੰਗਿਆ ਗਿਆ। ਜਿਗਰੀ ਮਿੱਤਰ ਖ਼ੁਸ਼ੀ ਵਿਚ ਚੀਕਾਂ ਮਾਰ ਰਹੇ ਸਨ। ਬਾਂਦਰਾਂ ਵਾਗ਼...! ਪਰ ਜੱਸੀ ਨੂੰ ਕਿਸੇ ਗੱਲ ਦਾ ਕੋਈ ਇਲਮ ਨਹੀਂ ਸੀ ਕਿ ਯਾਰ ਮਿੱਤਰ ਉਸ ਨੂੰ ਮੋਢਿਆਂ 'ਤੇ ਕਿਉਂ ਉਗੀਸੀ ਫ਼ਿਰਦੇ ਸਨ...?
-"ਉਏ ਖਸਮੋਂ...! ਕੋਈ ਗੱਲ ਤਾਂ ਦੱਸੋ...!" ਜੱਸੀ ਸੋਚਾਂ ਦੇ ਗੇੜ ਵਿਚ ਪਿਆ ਹੋਇਆ ਸੀ।
-"ਪਹਿਲਾਂ ਆਖ ਬਈ ਪਾਰਟੀ ਪੱਕੀ...?" ਲੰਡਰ ਮੁਡੀਹਰ ਕੁਝ ਜ਼ਿਆਦਾ ਹੀ ਮੱਛਰੀ ਹੋਈ ਸੀ।
-"ਪਾਰਟੀ ਨੂੰ ਸਾਲ਼ਿਓ ਮੇਰੇ ਆਨੰਦ ਕਾਰਜ ਹੋਏ ਐ...? ਕੋਈ ਗੱਲ ਤਾਂ ਦੱਸੋ...?"
-"ਉਏ ਆਨੰਦ ਕਾਰਜਾਂ 'ਚ ਈ ਕੱਚ ਐ...! ਬਾਕੀ ਬੇੜਾ ਤਾਂ ਪਾਰ ਐ ਬਾਈ ਸਿਆਂ...! ਕਿਸੇ ਪਾਸਿਓਂ ਕੋਈ ਕਸਰ ਨ੍ਹੀ...!" ਇਕ ਖੂੰਜੇ 'ਚੋਂ ਬੀਕੇ ਨੇ ਤਰਕ ਮਾਰੀ।
ਜੱਸੀ ਮੂਤ ਦੀ ਝੱਗ ਵਾਂਗ ਬੈਠ ਗਿਆ।
ਉਸ ਨੂੰ ਹੁਣ ਸਾਰੀ ਹਕੀਕਤ ਦਾ ਪਤਾ ਲੱਗ ਗਿਆ ਸੀ ਕਿ ਮਿੱਤਰਾਂ ਵੱਲੋਂ ਇਹ ਲਾਚੜਪੁਣਾਂ ਕਿਸ ਗੱਲ ਕਰ ਕੇ ਹੋ ਰਿਹਾ ਸੀ..? ਇਹ ਸਾਰੀ ਗੱਲ ਬੀਕੇ ਨੇ ਹੀ ਫ਼ੈਲਾਈ ਸੀ। ਉਸ ਨੇ ਝਟਕੇ ਨਾਲ਼ ਸਾਰਿਆਂ ਤੋਂ ਆਪਣਾ ਆਪ ਛੁਡਾ ਲਿਆ। ਉਸ ਦਾ ਮੱਥਾ ਜੋਰ ਨਾਲ਼ ਠਣਕਿਆ ਸੀ। ਖਹਿੜਾ ਛੁਡਾ ਕੇ ਉਸ ਨੇ ਬਿੱਲੀ ਦੇ ਮੂੰਹੋਂ ਛੁੱਟੇ ਕਬੂਤਰ ਵਾਂਗ ਖੰਭ ਜਿਹੇ ਝਿਣਕੇ ਅਤੇ ਚੁੱਪ ਚਾਪ ਕੰਟੀਨ ਵਿਚ ਜਾ ਬੈਠਿਆ। ਹੁਣ ਉਸ ਨੂੰ ਹੋਰ ਫ਼ਿਕਰ ਚਿੰਬੜ ਗਿਆ ਸੀ। ਉਸ ਦੀ ਗਲਤੀ ਨਾਲ਼ ਹਨੀ ਦੀ ਮਿੱਟੀ ਪੱਟੀ ਗਈ..। ਜੇ ਉਹ ਹਨੀ ਨੂੰ ਖ਼ਤ ਫੜਾਉਣ ਦੀ ਪਹਿਲ ਜਾਂ ਗਲਤੀ ਨਾ ਕਰਦਾ, ਤਾਂ ਇਸ ਗੱਲ ਦੀ ਸ਼ੁਰੂਆਤ ਹੀ ਨਹੀਂ ਹੋਣੀ ਸੀ..। ਜੇ ਉਸ ਨੇ ਉਸ ਨੂੰ ਚਿੱਠੀ ਫੜਾਈ, ਤਾਂ ਹੀ ਹਨੀ ਨੇ ਉੱਤਰ ਦਿੱਤਾ...? ਜੇ ਉਹ ਇਸ ਵਿਸ਼ੇ ਨੂੰ ਨਾ ਹੀ ਛੇੜਦਾ, ਤਾਂ ਗੱਲ ਲੁਕੀ ਲੁਕਾਈ ਸੀ...। ਮੇਜ਼ 'ਤੇ ਪਿਆ ਸਾਜ਼ ਕਦੇ ਆਪਣੇ ਆਪ ਨਹੀਂ ਵੱਜਦਾ, ਚਾਹੇ ਉਹ ਕਿਤਨਾ ਵੀ ਸੁਰੀਲਾ ਸੰਗੀਤ ਦੇਣ ਦੀ ਸਮਰੱਥਾ ਰੱਖਦਾ ਹੋਵੇ...! ਸੰਗੀਤ ਦਾ ਮਜ਼ਾ ਲੈਣ ਲਈ ਉਸ ਦੀਆਂ ਸੁੱਚਾਂ ਸੁਰ ਕਰਨੀਆਂ ਪੈਂਦੀਆਂ ਨੇ..! ਜੱਸੀ, ਤੂੰ ਹੀ ਹਨੀ ਨੂੰ ਬਦਨਾਮ ਕਰ ਮਾਰਿਆ...! ਕੀ ਕਰਾਂ...? ਬੀਕੇ ਦਾ ਮਿੰਨਤ ਤਰਲਾ ਕਰਾਂ..? ਨਹੀਂ, ਕਦਾਚਿੱਤ ਨਹੀਂ..! ਉਹ ਸਾਲਾ ਹੋਰ ਉੱਪਰ ਚੜ੍ਹੇਗਾ ਅਤੇ ਸਿਰ ਹੋਵੇਗਾ। ਪਰ ਜੇ ਮਿੰਨਤ ਤਰਲੇ ਨਾਲ਼ ਹਨੀ ਦੀ ਇੱਜ਼ਤ ਬਚਦੀ ਐ, ਤਾਂ ਬੀਕੇ ਅੱਗੇ ਬੇਨਤੀ ਕਰਨ ਦਾ ਕੋਈ ਹਰਜ਼ ਨਹੀਂ...! ਹਾਂ, ਬੀਕੇ ਦਾ ਤਰਲਾ ਕਰ ਅਤੇ ਉਸ ਕੁੜੀ ਨੂੰ ਬਦਨਾਮੀਂ ਤੋਂ ਬਚਾ ਜੱਸੀ...! ਉਸ ਦੀ ਇੱਜ਼ਤ ਖਾਤਿਰ ਮੈਨੂੰ ਝੁਕਣਾਂ ਵੀ ਮਨਜ਼ੂਰ ਹੈ...! ਪਰ ਉਸ ਦੀ ਇੱਜ਼ਤ ਆਬਰੂ ਜ਼ਰੂਰ-ਬਰ-ਜ਼ਰੂਰ, ਹਰ ਹਾਲਤ ਵਿਚ ਬਚਾਉਣੀ ਐਂ...।
ਉਹ ਦਿਲ ਜਿਹਾ ਕਰੜਾ ਕਰ ਕੇ ਪਾਰਕ ਵਿਚ ਦੀ ਹੁੰਦਾ ਹੋਇਆ ਬਾਹਰ ਭਲਵਾਨ ਦੇ ਢਾਬੇ 'ਤੇ ਪਹੁੰਚ ਗਿਆ। ਉਸ ਨੂੰ ਪਤਾ ਸੀ ਕਿ ਬੀਕੇ ਦੀ ਠਾਹਰ ਭਲਵਾਨ ਦੇ ਢਾਬੇ 'ਤੇ ਹੀ ਸੀ!
ਢਾਬੇ ਦੇ ਇਕ ਖੂੰਜੇ ਬੀਕਾ ਸਾਝਰੇ ਹੀ ਪਤਾ ਨਹੀਂ ਕਿਹੜੀ ਖ਼ੁਸ਼ੀ ਵਿਚ ਬੋਤਲ ਖੋਲ੍ਹੀ ਬੈਠਾ ਸੀ। ਸਾਹਮਣੇ ਪਈ ਆਮਲੇਟ ਨੂੰ ਉਹ ਬੋਤੇ ਵਾਂਗ ਬੁਰਕ ਮਾਰ ਰਿਹਾ ਸੀ। ਉਸ ਦੀ 'ਟੁੱਚ-ਟੁੱਚ' ਦੂਰ ਤੱਕ ਸੁਣਦੀ ਸੀ। ਜੱਸੀ ਨੂੰ ਦੇਖ ਕੇ ਬੀਕੇ ਨੇ ਆਦਤ ਅਨੁਸਾਰ ਮੂੰਹ ਵਿੰਗਾ ਕਰ ਲਿਆ। ਉਸ ਦੇ ਚਿਹਰੇ 'ਤੇ ਸ਼ਰਾਰਤ ਸੀ। ਉਸ ਨੇ ਪਾਸਾ ਮਾਰਿਆ ਤਾਂ ਢਾਬੇ ਦੇ ਬੈਂਚ ਨੇ ਦੁਹਾਈ ਮਚਾ ਦਿੱਤੀ। ਚੂਲਾਂ ਚੀਕੀਆਂ!
-"ਗੋਦੀ ਚੱਕ ਲੈ ਸੁਨੱਖਿਆ ਯਾਰਾ - ਤੁਰਦੀ ਦੇ ਪੈਰ ਮੱਚਗੇ...!" ਬੀਕੇ ਨੇ ਪੈੱਗ ਪੀ ਕੇ ਬੱਕਰਾ ਬੁਲਾਇਆ।
-"...........।" ਜੱਸੀ ਬੀਕੇ ਦੇ ਬਰਾਬਰ ਬੈਠ ਗਿਆ।
-"ਮੈਨੂੰ ਪਤਾ ਸੀ ਬਈ ਤੂੰ ਜਰੂਰ ਆਵੇਂਗਾ...! ਐਥੋਂ ਪਤਾ ਲੱਗਦੈ ਬਈ ਇਹ ਯਾਰੀ ਐ, ਛੋਲਿਆਂ ਦਾ ਵੱਢ ਨਹੀ ਬਾਈ ਸਿਆਂ...!"
-".........।"
-"ਖੁੱਲ੍ਹ ਕੇ ਬੈਠ ਸੁਨੱਖਿਆ ਯਾਰਾ...! ਕੱਠਾ ਜਿਆ ਕਾਹਨੂੰ ਹੋਈ ਜਾਨੈਂ....? ਬੀਕਾ ਫੇਰ ਵੀ ਤੇਰਾ ਯਾਰ ਐ....! ਤੇਰਾ ਕਲਾਸ ਫ਼ੈਲੋ...!"
-"...................।" ਜੱਸੀ ਆਦਤ ਅਨੁਸਾਰ ਚੁੱਪ ਸੀ।
-"ਲੈ ਫੜ ਪੀ...!" ਬੀਕੇ ਨੇ ਗਿਲਾਸ ਅਤੇ ਬੋਤਲ ਜੱਸੀ ਅੱਗੇ ਕਰ ਦਿੱਤੀ।
-"ਨਹੀਂ, ਮੈਂ ਤਾਂ ਕਦੇ ਪੀਤੀ ਨੀ ਬਾਈ ਬੀਕਿਆ...!" ਉਸ ਨੇ ਗਿਲਾਸ ਅਤੇ ਬੋਤਲ ਪਿੱਛੇ ਧੱਕ ਦਿੱਤੇ।
-"ਅੱਜ ਪੀ ਕੇ ਦੇਖਲੈ...! ਪਰ ਤੈਨੂੰ ਪੀਣ ਦੀ ਕੀ ਲੋੜ ਐ ਬਾਈ ਸਿਆਂ...? ਤੇਰੇ ਕੋਲ਼ੇ ਰੰਨ ਜਿਉਂ ਧਤੂਰੇ ਵਰਗੀ ਐ...! ਦਾਰੂ ਨਾਲ਼ ਤਾਂ ਸਾਨੂੰ ਈ ਟੱਕਰਾਂ ਮਾਰਨੀਆਂ ਪੈਂਦੀਐਂ, ਜਿਹੜੇ ਬੋਤੇ ਦੀ ਪੂਛ ਵਰਗੇ ਲੰਡੇ ਈ ਫ਼ਿਰਦੇ ਐਂ...! ਕੀ ਕਰੀਏ ਬਾਈ ਸਿਆਂ...? ਕੋਈ ਵੱਸ ਨਹੀਂ...! ਇਕ ਤੇਰੇ ਅਰਗੇ ਛੋਟੇ ਭਾਈ ਦੁਸ਼ਮਣ ਬਣੇ ਫਿਰਦੇ ਐ...! ਇਉਂ ਨ੍ਹੀ ਬਈ ਬਾਈ ਬੀਕਾ ਲੰਡਾ ਸਾਧ ਈ ਕੰਧਾਂ ਨਾਲ਼ ਟੱਕਰਾਂ ਮਾਰਦਾ ਫਿਰਦੈ, ਉਹਦਾ ਕੋਈ ਪ੍ਰਬੰਧ ਈ ਕਰ ਦੇਈਏ? ਭਲਵਾਨਾਂ...!" ਉਸ ਨੇ ਢਾਬੇ ਵਾਲ਼ੇ ਨੂੰ ਹਾਕ ਮਾਰੀ।
ਬੀਕੇ ਦੀ ਅਵਾਜ਼ ਨਗਾਰੇ ਵਾਂਗ ਵੱਜੀ ਸੀ।
-"ਆਇਆ ਬਾਈ ਬੀਕਿਆ...!" ਭਲਵਾਨ ਬਿੰਡੇ ਵਾਂਗ ਟਿਆਂਕਿਆ ਅਤੇ ਬੀਕੇ ਦੀ ਅਵਾਜ਼ ਦਾ ਖਿੱਚਿਆ ਹੀ ਆ ਗਿਆ।
-"ਸਾਡੇ ਬਾਈ ਜੱਸੀ ਸਿਉਂ ਨੂੰ ਦੁੱਧ ਕਾੜ੍ਹ ਕੇ ਪਿਆ...! ਇਹਨੇ ਉਹ ਸ਼ਿਕਾਰ ਮਾਰਿਐ, ਜੀਹਦੇ ਮਗਰ ਬੀਕਾ ਕਦੋਂ ਦਾ ਸ਼ਿਸ਼ਤ ਬੰਨ੍ਹੀਂ ਫਿਰਦਾ ਸੀ!"
ਭਲਵਾਨ ਸਿਰ ਝੁਕਾ, ਹੁਕਮ ਮੰਨ ਕੇ ਤੁਰ ਗਿਆ।
-"ਹਾਂ ਬਾਈ ਜੱਸੀ...! ਬੋਲ ਬਾਈ ਸਿਆਂ, ਕੀ ਸੇਵਾ ਕਰ ਸਕਦੈਂ ਮੈਂ...?" ਬੀਕੇ ਨੇ ਗੱਲ ਦਾ ਰੁੱਖ ਬਦਲਿਆ।
-"ਬਾਈ ਬੀਕਿਆ...! ਮੇਰੀ ਤਾਂ ਤੇਰੇ ਮੂਹਰੇ ਇਕ ਈ ਬੇਨਤੀ ਐ...!"
-"ਬੇਨਤੀ ਨਹੀਂ, ਹੁਕਮ ਸੁਣਾ ਬਾਈ ਸਿਆਂ...! ਹੁਕਮ ਸੁਣਾਂ ਮੈਨੂੰ...!! ਮੈਂ ਫੇਰ ਵੀ ਤੇਰਾ ਬੀਕਾ ਬਾਈ ਐਂ...!" ਬੀਕੇ ਨੇ ਇਕ ਲੰਡਾ ਪੈੱਗ ਹੋਰ ਅੰਦਰ ਸੁੱਟਿਆ। ਉਸ ਦੀਆਂ ਗੇਰੂ ਅੱਖਾਂ ਦਾ ਰੰਗ ਹੋਰ ਭਿਆਨਕ ਹੁੰਦਾ ਜਾ ਰਿਹਾ ਸੀ।
ਬੋਤਲ ਉਸ ਸਾਹਮਣੇ ਬਾਰੂਦ ਬਣਦੀ ਜਾ ਰਹੀ ਸੀ।
-"ਬਾਈ ਜਿਹੜਾ ਕੁਛ ਤੂੰ ਦੇਖਿਐ-ਉਹ, ਓਹ ਗੱਲ ਨਹੀਂ, ਜਿਹੜੀ ਤੂੰ ਸਮਝ ਰਿਹੈਂ...।" ਜੱਸੀ ਦੀ ਗੱਲ 'ਤੇ ਬੀਕੇ ਨੇ ਰੱਤੀਆਂ ਅੱਖਾਂ ਉਪਰ ਚੁੱਕੀਆਂ। ਅੱਖਾਂ ਦੇ ਲਾਲ ਡੋਰਿਆਂ ਵਿਚ ਕੋਈ ਭੇਦ ਛੁਪਿਆ ਹੋਇਆ ਸੀ। ਕੋਈ ਕਾਤਲ ਭੇਦ..!
-"ਮੈਂ ਤਾਂ ਕੁਛ ਵੀ ਨ੍ਹੀ ਸਮਝਿਆ...! ਕੀ ਸਮਝਿਐ ਮੈਂ ਬਾਈ ਸਿਆਂ...?" ਉਸ ਨੇ ਜੱਸੀ ਨੂੰ ਉਲ਼ਝਾ ਲਿਆ।
ਭਲਵਾਨ ਕਾੜ੍ਹਿਆ ਹੋਇਆ ਦੁੱਧ ਰੱਖ ਗਿਆ।
ਪਰ ਜੱਸੀ ਦੀ ਵੱਢੀ ਰੂਹ ਨਹੀਂ ਕਰਦੀ ਸੀ।
-"ਬਾਈ ਬੀਕਿਆ, ਹਨੀ ਬਹੁਤ ਚੰਗੀ ਕੁੜੀ ਐ...।"
-"ਮੈਂ ਕਦੋਂ ਕਿਹੈ ਬਈ ਹਨੀ ਮਾੜੀ ਕੁੜੀ ਐ? ਨ੍ਹਾਂ ਮੈਂ ਕਿਹੈ ਬਾਈ ਸਿਆਂ..? ਉਹਦੇ ਅਰਗੀ ਚੰਗੀ ਕੁੜੀ ਤਾਂ ਸਾਰੇ ਕਾਲਜ 'ਚ ਹੈਨ੍ਹੀ...!" ਉਸ ਨੇ ਜੱਸੀ ਦੀ ਗੱਲ ਕੱਟ ਕੇ ਕਿਹਾ।
ਜੱਸੀ ਨੂੰ ਬੀਕੇ ਸਾਹਮਣੇ ਕੋਈ ਗੱਲ ਨਹੀਂ ਔੜ ਰਹੀ ਸੀ।
ਉਹ ਖਿਆਲਾਂ ਦੀ ਉਧੇੜਬੁਣ ਵਿਚ ਉਲਝਿਆ ਪਿਆ ਸੀ।
-"ਬਾਈ ਬੀਕਿਆ...!"
-"ਹਾਂ ਬਾਈ ਸਿਆਂ...?" ਉਹ ਮਸ਼ੀਨ ਵਾਂਗ ਬੋਲਿਆ।
-"ਜਿਹੜੀ ਗੱਲ ਤੂੰ ਮੇਰੀ ਤੇ ਹਨੀ ਆਲ਼ੀ ਦੇਖੀ ਐ, ਉਹਨੂੰ ਬਾਈ ਬਣਕੇ ਕਿਸੇ ਨੂੰ ਦੱਸੀਂ ਨਾ, ਉਹਦੇ 'ਤੇ ਆਪਾਂ ਮਿੱਟੀ ਪਾਈਏ...!"
-"ਪਾਅਤੀ...! ਆਪਾਂ ਕਿਤੋਂ ਕੁਛ ਲੈਣ ਜਾਣੈਂ...? ਤੂੰ ਹੁਕਮ ਕਰ...! ਬੀਕਾ ਤੇਰਾ ਵੱਡਾ ਬਾਈ ਐ ਬਾਈ ਸਿਆਂ...!" ਉਸ ਨੇ ਤੁਰੰਤ ਉਤਰ ਦਿੱਤਾ।
ਜੱਸੀ ਦਾ ਦਿਲ ਹੌਲ਼ਾ ਹੋ ਗਿਆ। ਪਰ ਉਸ ਦਾ ਮਨ ਕਿਸੇ ਗ਼ੈਬੀ ਭੈਅ ਕਾਰਨ ਅਜੇ ਵੀ ਧੁੜਕੂ ਮੰਨੀ ਜਾ ਰਿਹਾ ਸੀ ਕਿ ਬੀਕਾ ਬੜਾ ਦੁਸ਼ਟ ਅਤੇ ਬੇਰਹਿਮ ਬੰਦਾ ਸੀ। ਹੁਣ ਉਹ ਹਨੀ ਦਾ ਛੇਤੀ ਕੀਤੇ ਖਹਿੜ੍ਹਾ ਛੱਡਣ ਵਾਲ਼ਾ ਨਹੀਂ ਸੀ। ਉਸ ਦੇ ਉਜਾੜੇ ਘਰ ਮੁੜ ਨਹੀਂ ਵਸੇ ਸਨ। ਚੱਟੇ ਦਰੱਖ਼ਤ ਹਰੇ ਨਹੀਂ ਹੋਏ ਸਨ।
-"ਮੈਂ ਤਾਂ ਕੀ ਹੁਕਮ ਕਰਨਾ ਸੀ ਬਾਈ ਬੀਕਿਆ...? ਮੇਰੀ ਮਿੰਨਤ ਐ...! ਬੱਸ ਇਸ ਗੱਲ 'ਤੇ ਮਿੱਟੀ ਪਾ ਦੇਹ, ਹਨੀ ਦੀ ਇੱਜ਼ਤ ਰਹਿ ਜਾਵੇ, ਤੇਰਾ ਸਾਰੀ ਜ਼ਿੰਦਗੀ ਰਿਣੀਂ ਰਹੂੰਗਾ...!"
-"ਉਹ ਤਾਂ ਪਾ ਦਿਆਂਗੇ...! ਸਾਨੂੰ ਕੀ ਫ਼ਾਇਦਾ...? ਕੱਟੇ ਨੂੰ ਮਣ ਦੁੱਧ ਦਾ ਕੀ ਭਾਅ...? ਪਰ ਸਾਡੀ ਗੱਲ ਤਾਂ ਤੂੰ ਮੰਨਦਾ ਨ੍ਹੀ...!" ਉਸ ਨੇ ਸ਼ਿਕਵਾ ਦਿਖਾਇਆ।
-"ਬੋਲ ਬਾਈ..? ਜਲਦੀ ਬੋਲ, ਬਾਈ ਬਣਕੇ...!" ਜੱਸੀ ਨੇ ਉਠ ਕੇ ਬੀਕੇ ਦੇ ਊਠ ਵਰਗੇ ਗੋਡੇ ਫੜ ਲਏ।
-"ਲੈ ਫੜ ਪੀ...! ਤੇ ਹੁਣ ਨਾਂਹ ਨਾ ਕਰੀਂ...!" ਬੀਕੇ ਨੇ ਬੋਤਲ ਅਤੇ ਗਿਲਾਸ ਜੱਸੀ ਅੱਗੇ ਕਰ ਦਿੱਤੇ ਅਤੇ ਇਕ ਤਕੜਾ ਪੈੱਗ ਪਾ ਦਿੱਤਾ। ਮਜਬੂਰੀ ਵਿਚ ਹੁਕਮ ਮੰਨਦੇ ਹੋਏ ਜੱਸੀ ਨੇ ਅੱਖਾਂ ਮੀਟ ਕੇ ਪੈੱਗ ਇਕ ਦਮ ਅੰਦਰ ਸੁੱਟਿਆ ਤਾਂ ਉਸ ਦੇ ਅੰਦਰ ਅੱਗ ਦਾ ਭਾਂਬੜ ਬਲ਼ ਉਠਿਆ। ਪਹਿਲੀ ਵਾਰ ਪੀਤੀ ਦਾਰੂ ਨੇ ਉਸ ਨੂੰ ਪੱਠਾ ਲਾ ਦਿੱਤਾ ਸੀ। ਜੁਆਲਾ ਮੁਖੀ ਦੇ ਲਾਵੇ ਵਾਂਗ ਦਗਦੀ ਦਾਰੂ ਉਸ ਦੇ ਹਲ਼ਕ ਹੇਠੋਂ ਉਤਰੀ ਸੀ। ਜਿਸ ਨੇ ਉਸ ਦਾ ਅੰਦਰ 'ਲੂਹ' ਧਰਿਆ ਸੀ।
ਬੀਕੇ ਨੇ ਉਸ ਸਾਹਮਣੇ ਆਮਲੇਟ ਦੀ ਪਲੇਟ ਕਰ ਦਿੱਤੀ।
ਜੱਸੀ ਨੇ ਚਮਚਾ ਮੂੰਹ ਵਿਚ ਪਾ ਲਿਆ।
ਪਰ ਅੰਦਰੋਂ ਉਸ ਦੇ ਅਜੇ ਵੀ ਭੜ੍ਹਦਾਅ ਨਿਕਲ਼ ਰਹੀ ਸੀ।
ਮੱਥੇ 'ਤੇ ਮੁੜ੍ਹਕਾ ਆ ਗਿਆ ਸੀ।
ਸਰੀਰ ਅੰਦਰ ਭੰਦਰੋਲ਼ ਪੈ ਗਿਆ ਸੀ।
-"ਬੱਸ ਬਾਈ ਬੀਕਿਆ...! ਮੈਂ ਤੇਰੀ ਗੱਲ ਨ੍ਹੀ ਮੋੜੀ, ਬੱਸ ਹੁਣ ਨ੍ਹੀ ਪੀਣੀ..!" ਉਹ ਸਾਹ ਰੋਕੀ, ਆਪਣੀ ਛਾਤੀ 'ਤੇ ਧੱਫ਼ੇ ਮਾਰੀ ਜਾ ਰਿਹਾ ਸੀ।
-"ਮੈਂ ਵੀ ਤੇਰੀ ਗੱਲ ਨ੍ਹੀ ਮੋੜੀ ਬਾਈ ਸਿਆਂ...!"
-"ਧੰਨਵਾਦ ਬਾਈ ਬੀਕਿਆ...! ਹੁਣ ਮੈਂ ਚੱਲਦੈਂ...!" ਉਠਣ ਲੱਗੇ ਜੱਸੀ ਦਾ ਸਰੀਰ ਡੋਲ ਗਿਆ। ਮੇਜ਼ 'ਤੇ ਪਿਆ ਕਾੜ੍ਹੇ ਦੁੱਧ ਦਾ ਗਿਲਾਸ ਡੁੱਲ੍ਹ ਗਿਆ।
-"ਬਚ ਕੇ ਮੋੜ ਤੋਂ ਬਾਈ ਸਿਆਂ...! ਬਚ ਕੇ ਮੋੜ ਤੋਂ...! ਇਹ ਸਹੁਰੀ ਚੀਜ ਈ ਐਹੋ ਜੀ ਐ...! ਬੰਦਾ ਮੱਲੋਮੱਲੀ ਡੋਲ ਜਾਂਦੈ...!" ਬੀਕੇ ਨੇ ਉਸ ਨੂੰ ਸੰਭਾਲ਼ ਲਿਆ। ਡਿੱਗਿਆ ਗਿਲਾਸ ਚੁੱਕ ਕੇ ਮੇਜ਼ 'ਤੇ ਰੱਖ ਦਿੱਤਾ।
ਜੱਸੀ ਮੇਜ਼ ਫ਼ੜ ਕੇ ਫਿਰ ਬੈਠ ਗਿਆ।
-"ਮੇਰੇ ਕਹੇ ਇਕ ਹੋਰ ਪੀਅ...! ਫੇਰ ਹਨੀ ਨਾਲ਼ ਮੌਜਾਂ ਮਾਣੀਂ..! ਬੁੱਲੇ ਲੁੱਟੀਂ...! ਅੱਜ ਤੋਂ ਤੂੰ ਬੀਕੇ ਦੀ ਹਿੱਕ ਦਾ ਵਾਲ਼ ਐਂ ਜੱਸੀ...! ਹਮ ਪਿਆਲਾ ਹਮ ਨਿਵਾਲਾ...! ਜਿਹੜਾ ਵੀ ਤੇਰੀ 'ਵਾਅ ਵੱਲ ਝਾਕੂ, ਪਾੜ ਕੇ ਦੋਫ਼ਾੜ ਕਰ ਦਿਆਂਗੇ...! ਅੱਜ ਤੋਂ ਬਾਅਦ ਬੀਕਾ ਤੇਰਾ ਵੱਡਾ ਬਾਈ...! ਲੈ ਖਿੱਚ ਇਕ ਹੋਰ ਹਨੀ ਦਾ ਨਾਂ ਲੈ ਕੇ...!" ਬੀਕੇ ਨੇ ਭਰਿਆ ਗਿਲਾਸ ਅੱਗੇ ਕਰ ਦਿੱਤਾ। ਜੱਸੀ ਨੇ ਹਲ਼ਕਿਆਂ ਵਾਂਗ ਬੁੱਚ੍ਹਿਆ। ਹਨੀ ਦੇ ਨਾਂ 'ਤੇ ਤਾਂ ਉਹ ਜ਼ਹਿਰ ਵੀ ਡੀਕ ਸਕਦਾ ਸੀ। ਉਸ ਨੇ ਗਿਲਾਸ ਬਿਨਾ ਸੋਚੇ ਹੀ ਖਾਲੀ ਕਰ ਦਿੱਤਾ। ਸਰੀਰਕ ਪੱਖੋਂ ਉਸ ਦੇ ਕੁੱਤੇ ਫ਼ੇਲ੍ਹ ਹੋ ਚੁੱਕੇ ਸਨ!
-"ਬਾਈ ਬੀਕਿਆ, ਅੱਜ ਤੋਂ ਹਨੀ ਦਾ ਨਾਂ ਆਪਣੀ ਜ਼ੁਬਾਨ 'ਤੇ ਨਾ ਲਿਆਈਂ..! ਉਹ ਮੇਰੀ ਜਿੰਦ ਐ, ਜਾਨ ਐ...! ਉਹ ਮੇਰੀ ਰੂਹ ਦੀ, ਮੇਰੀ ਆਤਮਾਂ ਦੀ ਜੋਤ ਐ...! ਮੇਰੇ ਸਾਹਾਂ ਦੀ ਲੜੀ ਅਤੇ ਮੇਰੇ ਦਿਲ ਦੀ ਧੜਕਣ ਐਂ...! ਉਸ ਦਾ ਪਵਿੱਤਰ ਨਾਂ ਮੁੜ ਕੇ ਆਪਣੀ ਗੰਦੀ ਜ਼ਬਾਨ 'ਤੇ ਨਾ ਲਿਆਈਂ, ਸਮਝ ਗਿਆ...?" ਸ਼ਰਾਬੀ ਹਾਲਤ ਵਿਚ ਜੱਸੀ ਨੇ ਬੀਕੇ ਦਾ ਗਲ਼ਾਵਾਂ ਫੜ ਲਿਆ। ਉਹ ਅਲ਼ਕ ਵਹਿੜਕੇ ਵਾਂਗ ਖੜ੍ਹਾ ਝੂਲ ਰਿਹਾ ਸੀ। ਅੱਖਾਂ ਉਪਰ ਚੜ੍ਹੀਆਂ ਹੋਈਆਂ ਸਨ। ਉਸ ਨੂੰ ਕੋਈ ਸੁਰਤ ਸੰਭਾਲ਼ ਨਹੀਂ ਸੀ।
-"ਜਮਾਂ ਨੀ ਲਿਆਉਂਦਾ ਬਾਈ ਸਿਆਂ, ਜਮਾਂ ਨ੍ਹੀ ਲਿਆਉਂਦਾ, ਹੋਰ ਦੱਸ਼..? ਮੇਰਾ ਗਲਮਾਂ ਤਾਂ ਛੱਡ ਦੇਹ ਖਸਮਾਂ..! ਮੈਂ ਹਨੀ ਦਾ ਨਾਂ ਆਪਣੀ ਜੁਬਾਨ 'ਤੇ ਕਿਉਂ ਲਿਆਊਂ...? ਹਨੀ ਤੇਰੀ...!" ਗੱਲ ਬੀਕੇ ਦੇ ਮੂੰਹ ਵਿਚ ਹੀ ਸੀ ਕਿ ਜੱਸੀ ਉਸ ਦੇ ਗਲ਼ ਨੂੰ ਚਿੰਬੜ ਗਿਆ। ਪਰ ਸ਼ਰਾਬ ਦੇ ਅਥਾਹ ਨਸ਼ੇ ਕਾਰਨ ਲੁੜਕ ਗਿਆ। ਬੀਕੇ ਨੇ ਉਸ ਨੂੰ ਖਲ਼ ਦੀ ਬੋਰੀ ਵਾਂਗ ਬੋਚਿਆ ਹੋਇਆ ਸੀ।
-"ਭਲਵਾਨਾਂ...! ਆਹ ਫੜ ਬਈ ਆਪਣੇ ਬਾਈ ਸਿਉਂ ਨੂੰ...! ਸੰਭਾਲ਼ ਇਹਨੂੰ ਬਰੀ ਦੇ ਤਿਔਰ ਨੂੰ...! ਇਹ ਤਾਂ ਹਨੀ ਦੇ ਨਾਂ ਨੂੰ ਜਮਾਂ ਈ ਪੈਂਚਰ ਹੋ ਗਿਆ ਖ਼ਸਮਾਂ ਨੂੰ ਖਾਣਾਂ...! ਮੰਜਾ ਮੁੰਜਾ ਦੇਹ ਇਹਨੂੰ ਪੈਣ ਵਾਸਤੇ...! ਇਹ ਤਾਂ ਮਾੜੀ ਜੀ ਯਾਰੀ ਲਾ ਕੇ ਈ ਧੂੰਆਂ ਮਾਰਨ ਲੱਗ ਪਿਆ, ਜਿੱਦੇਂ ਬਿਸਤਰੇ ਦੀ ਪੌੜੀ ਚੜ੍ਹਿਆ, ਪਤਾ ਨ੍ਹੀ ਕੀਰਤਪੁਰ ਸਾਹਿਬ ਫ਼ੁੱਲ ਈ ਪਾ ਕੇ ਆਉਣੇ ਪੈਣਗੇ...?" ਬੀਕਾ ਹੱਸ ਪਿਆ।
ਭਲਵਾਨ ਨੇ ਆ ਕੇ ਜੱਸੀ ਨੂੰ ਮੰਜੇ 'ਤੇ ਪਾ ਦਿੱਤਾ।
ਉਹ ਬੁੜ-ਬੁੜ ਕਰਦਾ ਸੌਂ ਗਿਆ।
ਉਸ ਦੇ ਘੁਰਾੜ੍ਹੇ ਘਰਾਟ ਵਾਂਗ ਚੱਲਣ ਲੱਗ ਪਏ।
ਸ਼ਾਮ ਨੂੰ ਜਦੋਂ ਜੱਸੀ ਦੀ ਅੱਖ ਖੁੱਲ੍ਹੀ ਤਾਂ ਉਸ ਦਾ ਸਾਰਾ ਸਰੀਰ ਚਸਕਾਂ ਮਾਰ ਰਿਹਾ ਸੀ। ਜਿਵੇਂ ਕਿਸੇ ਨੇ ਉਸ ਦਾ ਸਰੀਰ ਡਾਂਗਾਂ ਨਾਲ਼ ਕੁੱਟਿਆ ਸੀ। ਸਿਰ ਵਿਚ ਚੀਸਾਂ ਪੈ ਰਹੀਆਂ ਸਨ ਅਤੇ ਪੁੜਪੜੀਆਂ 'ਟੱਸ-ਟੱਸ' ਵੱਜੀ ਜਾ ਰਹੀਆਂ ਸਨ। ਉਸ ਨੇ ਉਠ ਕੇ ਠੰਢਾ ਪਾਣੀ ਪੀਤਾ। ਪਾਣੀ ਜਿਵੇਂ ਬਲ਼ਦੇ ਕੋਲਿਆਂ 'ਤੇ ਡਿੱਗਿਆ ਸੀ। ਉਸ ਦਾ ਅੰਦਰ 'ਸਰੜ-ਸਰੜ' ਕਰਕੇ ਮੱਚਿਆ। ਉਸ ਦਾ ਜੀਅ ਘਿਰ ਰਿਹਾ ਸੀ। ਲੱਤਾਂ ਵਿਚ ਤਾਕਤ ਨਹੀਂ ਸੀ।
ਜੱਸੀ ਡਿੱਗਦਾ ਢਹਿੰਦਾ ਬੱਸ ਸਟੈਂਡ 'ਤੇ ਪਹੁੰਚਿਆ ਅਤੇ ਪਿੰਡ ਜਾਣ ਵਾਲ਼ੀ ਬੱਸ ਫੜ ਲਈ।
ਅਗਲੇ ਦਿਨ ਪਾਰਕ ਦੇ ਖੂੰਜੇ ਉਸ ਨੂੰ ਹਨੀ ਮਿਲ਼ ਪਈ।
ਸ਼ਰਾਬ ਪੀਣ ਵਾਲ਼ੀ ਗੱਲ ਉਸ ਨੂੰ ਕਿਸੇ ਨਾ ਕਿਸੇ ਤਰ੍ਹਾਂ ਪਤਾ ਲੱਗ ਗਈ ਸੀ।
ਉਹ ਆਪੇ ਤੋਂ ਬਾਹਰ ਹੋਈ ਪਈ ਸੀ। ਅਤੀਅੰਤ ਗੁੱਸੇ...!
-"ਤੁਸੀਂ ਆਪਣੇ ਲਈ ਨਹੀਂ, ਤਾਂ ਘੱਟੋ ਘੱਟ ਮੇਰੇ ਬਾਰੇ ਤਾਂ ਸੋਚੋ ਜੱਸੀ...! ਕੀ ਖੱਟਿਆ ਕੱਲ੍ਹ ਸ਼ਰਾਬ ਪੀ ਕੇ...? ਸਰੀਰ ਦੀ ਜੱਖਣਾਂ ਹੀ ਪੱਟੀ..? ਥੋਡਾ ਮੂੰਹ ਦੇਖੋ ਕਿਵੇਂ ਪੀਲ਼ਾ ਪਿਆ ਹੋਇਐ...। ਬੀਕੇ ਵਰਗੇ ਗੁੰਡੇ ਦਾ ਕੀ ਜਾਊ...? ਉਜੜੂੰ ਮੈਂ...! ਉਹਦੇ ਘਰੇ ਤਾਂ ਬਥੇਰਾ ਦੋ ਨੰਬਰ ਦਾ ਪੈਸਾ ਅੱਗ ਲੱਗਦੈ...! ਪਰ ਤੁਸੀਂ ਤਾਂ ਆਪਣੇ ਪਿਉ ਦੀ ਕਬੀਲਦਾਰੀ ਬਾਰੇ ਖਿਆਲ ਕਰੋ...! ਉਹ ਤਾਂ ਲੰਡਰ ਐ...! ਉਹਦਾ ਪਿਉ ਓਦੂੰ ਗੁੰਡੈ...! ਪਰ ਤੁਸੀਂ ਤਾਂ ਆਪਣੇ ਸਾਊ ਬਾਪ ਦੀ ਇੱਜ਼ਤ ਬਾਰੇ ਸੋਚ ਕਰੋ...! ਤੁਸੀਂ ਹੁਣ ਨਿਆਣੇ ਨਹੀਂ...! ਚੰਗੇ ਭਲੇ ਪੜ੍ਹੇ ਲਿਖੇ ਹੋ..! ਛੱਡੋ ਐਹੋ ਜਿਹੇ ਲੰਡਰਾਂ ਦਾ ਖਹਿੜ੍ਹਾ ਤੇ ਸਿੱਧੇ ਹੋ ਕੇ ਆਪਣੇ ਘਰ ਨੂੰ ਸਮਰਪਤ ਹੋਵੋ...!" ਉਸ ਨੇ ਆਪਣੇ ਮਨ ਦਾ ਗੁਬਾਰ ਕੱਢ ਲਿਆ ਅਤੇ ਸੁਰਖ਼ਰੂ ਜਿਹੀ ਹੋ ਕੇ ਬੈਠ ਗਈ।
-"ਮੈਨੂੰ ਮੁਆਫ਼ ਕਰ ਦੇਹ ਹਨੀ...! ਮੈਂ ਤੈਥੋਂ ਮੁਆਫ਼ੀ ਮੰਗਦਾ ਹਾਂ...! ਅੱਜ ਤੋਂ ਬਾਅਦ ਸ਼ਰਾਬ ਨੂੰ ਹੱਥ ਵੀ ਨਹੀਂ ਲਾਉਂਦਾ, ਇਹ ਮੇਰਾ ਤੇਰੇ ਨਾਲ਼ ਵਾਅਦਾ ਹੈ...!" ਗਿੱਲੇ ਝੰਡੇ ਵਾਂਗ ਮੂੰਹ ਲਟਕਾਈ ਬੈਠੇ ਜੱਸੀ ਨੇ ਕਿਹਾ। ਉਹ ਸੱਚ ਹੀ ਸ਼ਰਮਿੰਦਾ ਸੀ। ਪਰ ਮਜਬੂਰੀ ਵਿਚ ਉਸ ਨੂੰ ਪੀਣੀਂ ਪੈ ਗਈ ਸੀ। ਪਰ ਉਹ ਕੀ ਦੱਸਦਾ...? ਇਹ ਤਾਂ ਸ਼ੁਕਰ ਸੀ ਕਿ ਵਿਦਿਅਰਥੀਆਂ ਦੇ ਮੂੰਹੋਂ ਮੂੰਹ ਚੱਲੀ ਗੱਲ ਹਨੀ ਜਾਂ ਕਿਸੇ ਹੋਰ ਕੁੜੀ ਕੋਲ਼ ਨਹੀਂ ਪੁੱਜੀ ਸੀ! ਇਸ ਨੂੰ ਉਹ ਜ਼ਰੂਰ ਆਪਣੀ ਪ੍ਰਾਪਤੀ ਸਮਝ ਰਿਹਾ ਸੀ। ਕੀ ਹੋ ਚੱਲਿਆ ਸੀ ਇਕ ਦਿਨ ਦਾਰੂ ਪੀਣ ਨਾਲ਼...? ਪਰ ਹਨੀ ਦੀ ਗੱਲ ਦੱਬੀ ਗਈ...। ਬੀਕੇ ਦੇ ਦਬਦਬੇ ਕਾਰਨ ਸਾਰਿਆਂ ਨੇ ਗੱਲ ਦਬਾ ਹੀ ਤਾਂ ਲਈ ਸੀ। ਉਹ ਬੀਕੇ ਬਾਈ ਦਾ ਸ਼ੁਕਰਗੁਜ਼ਾਰ ਸੀ। ਬੀਕਾ ਬਾਈ ਉਸ ਦੇ ਇਸ ਕੰਮ ਵਿਚ ਰੱਬ ਬਣ ਕੇ ਬਹੁੜਿਆ ਸੀ। ਉਹ ਲੋਕਾਂ ਲਈ ਲੱਖ ਮਾੜਾ ਸੀ। ਪਰ ਜੱਸੀ ਲਈ ਤਾਂ ਇਕ ਫ਼ਰਿਸ਼ਤਾ ਹੋ ਨਿੱਬੜਿਆ ਸੀ। ਜਿਸ ਨੇ ਉਸ ਦੀ ਗੱਲ ਮੰਨ ਕੇ ਹਨੀ ਦੀ ਹੇਠੀ ਨਹੀਂ ਹੋਣ ਦਿੱਤੀ ਸੀ। ਸਾਰੇ ਕਾਲਜ ਦੇ ਮੁੰਡਿਆਂ ਦੇ ਮੂੰਹ ਬੰਦ ਕਰ ਦਿੱਤੇ ਸਨ। ਜੱਸੀ ਹੁਣ ਵੀ ਹਨੀ ਤੋਂ ਚੋਰੀ ਬੀਕੇ ਕੋਲ਼ ਢਾਬੇ 'ਤੇ ਜਾ ਵੜਦਾ ਅਤੇ ਗੱਲਾਂ ਬਾਤਾਂ ਕਰ ਕੇ ਮੁੜ ਆਉਂਦਾ। ਪਰ ਸ਼ਰਾਬ ਨੂੰ ਉਸ ਨੇ ਮੁੜ ਕੇ ਹੱਥ ਨਾ ਲਾਇਆ। ਵਾਅਦੇ ਦਾ ਪੱਕਾ ਰਿਹਾ। ਬੀਕੇ ਨੇ ਵੀ ਉਸ ਨੂੰ ਮੁੜ ਪੀਣ ਲਈ ਮਜਬੂਰ ਨਾ ਕੀਤਾ।
ਜੱਸੀ ਅਤੇ ਹਨੀ ਹੁਣ ਆਮ ਹੀ ਮਿਲ਼ਣ ਗਿਲ਼ਣ ਲੱਗ ਪਏ ਸਨ। ਪਰ ਮਿਲ਼ਦੇ ਉਹ ਇਸ ਚੰਦਰੇ ਜੱਗ ਤੋਂ ਚੋਰੀ ਸਨ। ਕਦੇ ਬੱਸ ਸਟੈਂਡ ਦੇ ਕੋਨੇ Ḕਚ ਅਤੇ ਕਦੇ ਨਹਿਰੂ ਪਾਰਕ ਵਿਚ...। ਕਦੇ ਲਾਇਬਰੇਰੀ ਅਤੇ ਕਦੇ ਕੇਲੀਆਂ ਦੇ ਪਿੱਛੇ ਛੋਟੇ ਬਾਗ ਵਿਚ, ਜਿੱਥੇ ਸਿਰਫ਼ ਮਾਲੀ ਹੀ ਕਦੇ ਕਦਾਈਂ ਹੁੰਦਾ ਸੀ।
ਉਥੇ ਬੈਠ ਕੇ ਉਹ ਘੰਟਿਆਂ ਬੱਧੀ ਇਕ ਦੂਜੇ ਵਿਚ ਗੁਆਚੇ ਰਹਿੰਦੇ। ਘੰਟਿਆਂ ਬੱਧੀ ਖੁੱਲ੍ਹੀਆਂ ਗੱਲਾਂ ਕਰਦੇ। ਮਨ ਹੌਲ਼ਾ ਕਰਦੇ। ਪਰ ਉਹਨਾਂ ਦੀਆਂ ਗੱਲਾਂ ਮੁੱਕਣ ਵਿਚ ਨਾ ਆਉਂਦੀਆਂ। ਜਿਵੇਂ ਗੱਲਾਂ ਬਹੁਤੀਆਂ ਸਨ ਅਤੇ ਸਮਾਂ ਸੀਮਤ ਸੀ...। ਗੱਲਾਂ ਕਰ ਕੇ ਕਿਸੇ ਨੂੰ ਵੀ ਰੱਜ ਨਾ ਆਉਂਦਾ। ਹਨੀ ਗੱਲ ਕਰਦੀ ਤਾਂ ਜੱਸੀ ਕਥਾ ਸੁਣਨ ਵਾਲ਼ਿਆਂ ਵਾਂਗ ਸੁਣਦਾ...! ਜੱਸੀ ਬੋਲਦਾ ਤਾਂ ਹਨੀ ਦਰਗਾਹੀ ਬਚਨ ਜਾਣ ਕੇ ਧਿਆਨ ਦਿੰਦੀ...! ਦਿਲ ਸਾਂਝੇ ਹੁੰਦੇ ਰਹਿੰਦੇ...!
ਦਿਨ ਪਲਾਂ ਵਾਂਗ ਬੀਤਦੇ ਜਾ ਰਹੇ ਸਨ।
-"ਸਾਨੂੰ ਕਿਤੇ ਭੈੜ੍ਹੇ ਜੱਗ ਦੀ ਨਜ਼ਰ ਨਾ ਲੱਗ ਜਾਵੇ ਜੱਸੀ...!" ਹਨੀ ਨੇ ਕਿਹਾ ਤਾਂ ਜੱਸੀ ਵਿਅੰਗਮਈ ਹੱਸ ਪਿਆ।
-"ਨਜ਼ਰ ਕਾਹਦੀ ਲੱਗਣੀਂ ਐਂ...? ਜੇ ਨਜ਼ਰ ਲੱਗਦੀ ਹੁੰਦੀ ਤਾਂ ਦੁਨੀਆਂ 'ਤੇ ਹੁਣ ਨੂੰ ਸੂਰਜ ਚੰਦ ਨਾ ਕਾਇਮ ਹੁੰਦੇ...! ਇਹ ਨਿਰਾ ਵਹਿਮ ਐਂ...! ਤੂੰ ਵੀ ਵਹਿਮਾਂ 'ਚ ਫ਼ਸੀ ਫਿਰਦੀ ਐਂ...?"
-"ਨਹੀਂ ਵਹਿਮ ਨਹੀਂ ਜੱਸੀ...! ਲੋਕਾਂ ਦੀ ਦੰਦ ਕਥਾ ਤੋਂ ਦਿਲ ਡਰਦਾ ਰਹਿੰਦੈ...! ਦੁਨੀਆਂ ਦੋ ਮੂੰਹੀਂ ਸੱਪਣੀਂ ਐਂ...! ਦੋਨੇ ਪਾਸਿਆਂ ਤੋਂ ਡੰਗਦੀ ਐ!"
-"ਇਕ ਗੱਲ ਦੱਸਾਂ...?" ਹਨੀ ਨੇ ਅਚਾਨਕ ਕਿਹਾ।
-"ਬੋਲ਼! ਵੀਹ ਦੱਸ਼...?"
-"ਪਹਿਲਾਂ ਗਲਵਕੜੀ ਪਾਓ...!"
-"ਪਾ ਲਈ...! ਹੁਣ ਬੋਲ਼...!"
-"ਸਾਡੀ ਕਲਾਸ ਐਨ. ਸੀ. ਸੀ. ਦੇ ਕੈਂਪ 'ਤੇ ਜਾ ਰਹੀ ਐ...!"
-"ਕਦੋਂ...?"
-"ਅਗਲੇ ਹਫ਼ਤੇ!"
-"ਕਿੱਥੇ...?"
-"ਪੱਕਾ ਪਤਾ ਨਹੀਂ, ਜਾਂ ਤਾਂ ਸਿੱਧਵਾਂ ਬੇਟ ਤੇ ਜਾਂ ਫ਼ਿਲੌਰ...!"
-"ਸਿੱਧਵਾਂ ਬੇਟ ਤਾਂ ਮੇਰੇ ਇਕ ਮਿੱਤਰ ਦੀ ਮਾਸੀ ਵਿਆਹੀ ਵੀ ਐ...! ਮੈਂ ਨਾਲ਼ ਚੱਲਾਂ?"
-"ਨਾਲ਼ ਤਾਂ ਨਹੀਂ ਚੱਲਿਆ ਜਾਣਾ, ਪਰ ਗੁਪਤ ਚੱਲ ਸਕਦੇ ਓ...!"
-"ਤੂੰ ਮੈਨੂੰ ਪੱਕਾ ਪਤਾ ਕਰਕੇ ਦੱਸੀਂ...! ਜੇ ਸਿੱਧਵੀਂ ਕੈਂਪ ਹੋਇਆ ਤਾਂ ਆਪਾਂ ਉਥੇ ਮਿਲਾਂਗੇ...!" ਜੱਸੀ ਨੇ ਖ਼ੁਸ਼ੀ ਵਿਚ ਛਾਲ਼ ਮਾਰੀ।
-"ਪਰ ਕਿਵੇਂ..?" ਹਨੀ ਅੱਗੇ ਵੱਡੀ ਮੁਸ਼ਕਿਲ ਖੜ੍ਹੀ ਸੀ।
-"ਤੂੰ ਪ੍ਰੋਫ਼ੈਸਰ ਕੋਲ਼ ਕੋਈ ਪੜੁੱਲ ਸਿੱਟ ਬਈ ਓਥੇ ਮੇਰੀ ਮਾਸੀ ਐ...! ਮੈਂ ਉਹਦੇ ਕੋਲ਼ੇ ਰਹੂੰਗੀ...! ਰਹਿਣ ਦਾ ਪ੍ਰਬੰਧ ਮੈਂ ਮਿੱਤਰ ਨੂੰ ਆਖ ਕੇ ਆਪੇ ਕਰ ਲਊਂਗਾ...! ਐਨ. ਸੀ. ਸੀ. ਵਾਲ਼ੇ ਕੈਂਪ 'ਤੇ ਲੈਕਚਰਾਰ ਗਿੱਲ ਜਾਂਦਾ ਹੁੰਦੈ...! ਉਹ ਬਹੁਤਾ ਕਿਸੇ ਗੱਲ ਦੀ ਪ੍ਰਵਾਹ ਨਹੀਂ ਕਰਦਾ! ਖਾਣ ਪੀਣ ਆਲ਼ਾ ਬੰਦੈ...!"
-"ਉਹ ਨਾ ਹੋਵੇ ਬਈ ਮਾਸੀ ਫ਼ਿਲੌਰ ਕਹਿ ਬੈਠੀਏ ਤੇ ਕੈਂਪ ਸਿੱਧਵੀਂ ਹੋਵੇ...?" ਹਨੀ ਹੱਸ ਪਈ।
-"ਤੂੰ ਪਹਿਲਾਂ ਪਤਾ ਕਰ..! ਜੇ ਸਿੱਧਵੀਂ ਹੋਇਆ ਤਾਂ ਕੋਈ ਪ੍ਰਾਬਲਮ ਨਹੀਂ...! ਆਪਾਂ ਕਰਾਂਗੇ ਰੱਜ ਕੇ ਗੱਲਾਂ..! ਨਾ ਕਿਸੇ ਦਾ ਡਰ ਤੇ ਨਾ ਫ਼ਿਕਰ, ਲਾਹਾਂਗੇ ਦਿਲਾਂ ਦੀ ਜੰਗਾਲ਼...! ਮਨਾਵਾਂਗੇ ਰੰਗਰਲ਼ੀਆਂ...!" ਜੱਸੀ ਹੱਸਿਆ।
-"ਕਿਤੇ ਮੈਥੋਂ ਛਿੱਤਰ ਖਾਣ ਦਾ ਇਰਾਦਾ ਤਾਂ ਨ੍ਹੀ...?" ਹਨੀ ਨੇ ਉਸ ਦੇ ਮੁੱਕੀ ਮਾਰੀ।
-"ਖ਼ਤਰਾ...! ਹਨੀ ਮੁਰਦਾਬਾਦ...!!"
-".........।" ਹਨੀ ਹੱਸ ਹੱਸ ਲੋਟ ਪੋਟ ਹੋ ਗਈ ਸੀ।
-"ਨਹੀਂ...! ਹਨੀ ਤਾਂ ਮੇਰੀ ਜਿੰਦ ਜਾਨ ਐਂ...! ਮੇਰੀ ਹਨੀ....ਜ਼ਿੰਦਾਬਾਦ...!! ਮੇਰੀ ਹਨੀ ਜੁੱਗ ਜੁੱਗ ਜੀਵੇ...!"
-"ਕਿੱਡਾ ਪਾਖੰਡੀ ਬੰਦਾ ਐ...!" ਹਨੀ ਨੇ ਇਕ ਮੁੱਕੀ ਹੋਰ ਛਾਤੀ 'ਚ ਦੇ ਮਾਰੀ।
-"ਉਏ ਮਾਰਤਾ ਉਏ ਭੈਣ ਦਿਓ ਯਾਰੋ...!" ਉਹ ਮੋਢਾ ਪਲ਼ੋਸ ਰਿਹਾ ਸੀ।
-"ਗਾਲ਼...? ਗਾਲ੍ਹ ਨ੍ਹੀ ਕੱਢਣੀ ਕਦੇ ਵੀ...!"
-"ਨਹੀਂ ਕੱਢਦਾ...ਮੁਆਫ਼ੀ...! ਹਨੀ ਜ਼ਿੰਦਾਬਾਦ...!!"
-"ਕਿੱਡਾ ਸੋਹਣਾਂ ਗੁਰ ਲੱਭੀ ਫਿਰਦੈ ਇਹ ਬੰਦਾ...? ਪਹਿਲਾਂ ਗਲਤੀ ਫੇਰ ਨਾਲ਼ ਦੀ ਨਾਲ਼ ਮੁਆਫ਼ੀ...!"
-"ਚੱਲ ਕਹਿਦੇ ਮੁਆਫ਼ ਕੀਤਾ...! ਤੇਰਾ ਕਿਹੜਾ ਤੇਲ ਮੱਚਦੈ...?"
-"ਚੱਲ ਮੁਆਫ਼ ਕੀਤਾ...!" ਉਸ ਨੇ ਜੱਸੀ ਦੇ ਇਕ ਹੋਰ ਮੁੱਕੀ ਮਾਰ ਦਿੱਤੀ।
-"ਤੂੰ ਗੱਲੀਂ ਬਾਤੀਂ ਮੈਨੂੰ ਕੁੱਟੀ ਕਿਉਂ ਜਾਨੀ ਐਂ...?"
-"ਹੋਰ ਸਨਮਾਨਤ ਕਰਾਂ...? ਡਰਟੀ ਮਾਈਂਡ 'ਤੇ ਜੁੱਤੀਆਂ ਈ ਪੈਣਗੀਆਂ...!"
ਹੱਸਦੇ ਖੇਡਦੇ ਉਹ ਕਲਾਸਾਂ ਨੂੰ ਤੁਰ ਪਏ।
ਰਾਹ ਵਿਚ ਜੱਸੀ ਨੂੰ ਬੀਕਾ ਮਿਲ਼ ਪਿਆ।
ਜੱਸੀ ਦੀ ਖ਼ੁਸ਼ੀ 'ਤੇ ਇਕ ਤਰ੍ਹਾਂ ਨਾਲ਼ ਸੁਆਹ ਧੂੜ੍ਹੀ ਗਈ।
-"ਬਣਗੀ ਗੱਲ਼...? ਕੀਲ ਕੇ ਪਟਾਰੀ ਵਿਚ ਵੀ ਸਿੱਟ ਲਿਆ...? ਕਰਤੇ ਦੰਦ ਖੱਟੇ...? ਵਾਹ ਜੀ ਵਾਹ...! ਸਦਕੇ ਤੇਰੇ ਬਾਈ ਸਿਆਂ...! ਕੈਂਪ 'ਤੇ ਨਾਲ਼ ਚੱਲਿਐਂ...?" ਜੱਸੀ ਹੈਰਾਨ ਰਹਿ ਗਿਆ ਕਿ ਇਸ ਬੁੱਚੜ ਨੂੰ ਕਿਸ ਨੇ ਟੈਲੀਗ੍ਰਾਮ ਕਰ ਦਿੱਤੀ...?
-"ਪੱਕਾ ਨਹੀਂ, ਅਜੇ ਤਾਂ ਗੱਲ ਜੀ ਚੱਲਦੀ ਐ ਬਾਈ...!" ਕਸੂਤੇ ਫ਼ਸੇ ਜੱਸੀ ਨੇ ਸੱਚ ਹੀ ਦੱਸ ਦਿੱਤਾ। ਅਸਲ ਵਿਚ ਸਾਰੀ ਖ਼ਬਰ ਬੀਕੇ ਨੂੰ ਕਾਲਜ ਦਾ ਮਾਲੀ ਹੀ ਦਿੰਦਾ ਸੀ। ਚੋਰੀ ਸੁਣ ਕੇ...! ਇਸ ਬਦਲੇ ਬੀਕੇ ਵੱਲੋਂ ਉਸ ਨੂੰ ਹੱਥ ਝਾੜ੍ਹਿਆ ਜਾਂਦਾ ਸੀ।
-"ਲੁੱਟ ਲੈ ਬਹਾਰ ਜੈਮਲਾ ਦਿਨ ਰਹਿ ਗਏ ਤੀਆਂ ਦੇ ਥੋੜ੍ਹੇ...! ਇਹ ਦਿਨ ਵੀ ਬਾਈ ਸਿਆਂ ਕਿਸੇ ਕਿਸੇ 'ਤੇ ਈ ਆਉਂਦੇ ਐ...! ਕਰਮਾਂ ਦੀਆਂ ਗੱਲਾਂ ਨੇ!" ਬੀਕੇ ਦਾ ਵਿੰਗਾ ਮੂੰਹ ਵਿਅੰਗ ਬਣ ਗਿਆ।
-"............।" ਜੱਸੀ ਆਦਤ ਮੂਜਬ ਚੁੱਪ ਸੀ।
-"ਜੇ ਸਾਡੇ ਲਾਇਕ ਕੋਈ ਸੇਵਾ ਹੋਵੇ, ਜਰੂਰ ਦੱਸੀਂ ਜੱਸੀ...! ਬੀਕੇ ਦੀ ਥੋਡੇ ਲਈ ਜਾਨ ਹਾਜਰ ਐ...!" ਉਸ ਨੇ ਵੱਡਾ ਸਾਰਾ ਆਪਣੀ ਹੱਥ ਛੱਜ ਵਰਗੀ ਛਾਤੀ 'ਤੇ ਮਾਰਿਆ।
-"ਮਿਹਰਬਾਨੀ ਬਾਈ ਬੀਕਿਆ...!" ਜੱਸੀ ਦਾ ਉਖੜਿਆ ਦਿਲ ਥਾਵੇਂ ਆ ਗਿਆ।
ਅਗਲੇ ਦਿਨ ਹਨੀ ਨੇ ਐੱਨ. ਸੀ. ਸੀ. ਦੇ ਕੈਂਪ ਬਾਰੇ ਪਤਾ ਕਰ ਲਿਆ। ਕੈਂਪ ਸਿੱਧਵਾਂ ਬੇਟ ਹੀ ਲੱਗਣਾ ਸੀ। ਜੱਸੀ ਨੇ ਕਨਸੋਅ ਲੈ ਕੇ ਹਨੀ ਨਾਲ਼ ਗੱਲ ਕੀਤੀ। ਜੱਸੀ ਦੀ ਸਲਾਹ ਨਾਲ਼ ਕੁੜੀਆਂ ਵਿਚ ਗੱਲ ਧੁੰਮਾ ਦਿੱਤੀ ਗਈ ਕਿ ਸਿੱਧਵੀਂ ਹਨੀ ਦੀ 'ਮਾਸੀ' ਸੀ। ਉਸ ਨੇ ਉਸ ਦੇ ਕੋਲ਼ ਹੀ ਰਹਿਣਾ ਸੀ। ਮਿਲਣ ਦਾ ਸਾਰਾ ਪ੍ਰਬੰਧ ਜੱਸੀ ਨੇ ਅੱਗੇ ਦੀ ਅੱਗੇ ਮਿੱਤਰ ਰਾਹੀਂ ਕਰ ਰੱਖਿਆ ਸੀ। ਮਾਲੀ ਰਾਹੀਂ ਸਾਰੀ ਗੱਲ ਬਾਤ ਨਿਰੰਤਰ ਬੀਕੇ ਤੱਕ ਪਹੁੰਚ ਰਹੀ ਸੀ। ਖਚਰਾ ਮਾਲੀ 'ਮਾਊਂ' ਜਿਹਾ ਬਣਕੇ ਉਹਨਾਂ ਕੋਲ਼ ਬੂਟਿਆਂ ਨੂੰ ਪਾਣੀ ਪਾਉਂਦਾ ਅਤੇ ਗੱਲਾਂ ਨੋਟ ਕਰਦਾ ਰਹਿੰਦਾ। ਫਿਰ ਉਹਨਾਂ ਦੇ ਤੁਰ ਜਾਣ ਤੋਂ ਬਾਅਦ ਗੱਲ ਤੁਰੰਤ ਬੀਕੇ ਤੱਕ ਪਹੁੰਚਾਉਂਦਾ। ਬੀਕਾ ਮਾਲੀ ਨੂੰ ਪੈੱਗ ਸ਼ੈੱਗ ਵੀ ਲੁਆਈ ਰੱਖਦਾ ਸੀ। ਬੀਕਾ ਮਾਲੀ 'ਤੇ ਪੂਰਨ ਤੌਰ 'ਤੇ ਮਿਹਰਵਾਨ ਸੀ, ਦਇਆਲੂ ਸੀ। ਮਾਲੀ ਉਸ ਦਾ ਚੱਲਦਾ ਫਿਰਦਾ ਜਾਣਕਾਰੀ ਦਫ਼ਤਰ ਸੀ। ਮਾਲੀ ਉਸ ਦਾ ਤਾਬਿਆਦਾਰ ਸੀ।
ਤੀਜੇ ਦਿਨ ਕੈਂਪ 'ਤੇ ਜਾਣ ਦੀ ਤਿਆਰੀ ਹੋ ਗਈ। ਮਾਸੀ ਕੋਲ਼ ਰਹਿਣ ਲਈ ਲਿਖੀ ਅਰਜ਼ੀ ਹਨੀ ਨੇ ਪ੍ਰੋਫ਼ੈਸਰ ਦੇ ਹੱਥ ਫੜਾ ਦਿੱਤੀ। ਪ੍ਰੋਫ਼ੈਸਰ ਨੇ ਮਾਂ, ਜਾਂ ਬਾਪ ਵੱਲੋਂ ਨਿੱਜੀ ਤਸਦੀਕੀ ਦੀ ਮੰਗ ਕੀਤੀ, ਤਾਂ ਜੱਸੀ ਨੇ ਕਚਿਹਰੀਆਂ ਵਿਚੋਂ 'ਕਿਰਾਏ' ਦਾ ਨੰਬਰਦਾਰ ਲਿਆ ਕੇ, 'ਬਾਪੂ' ਬਣਾ ਕੇ ਪੇਸ਼ ਕਰ ਦਿੱਤਾ ਅਤੇ ਤਸਦੀਕ ਅਤੇ ਤਸੱਲੀ ਕਰਵਾ ਦਿੱਤੀ। ਹੁਣ ਦੋਵਾਂ ਲਈ ਰਸਤੇ ਖੁੱਲ੍ਹ ਗਏ ਸਨ। ਹੁਣ ਉਹਨਾਂ ਨੂੰ ਨਾ ਕਿਸੇ ਪ੍ਰੋਫ਼ੈਸਰ ਅਤੇ ਨਾ ਕਿਸੇ ਐੱਨ. ਸੀ. ਸੀ. ਦੇ ਅਫ਼ਸਰ ਦਾ ਡਰ ਸੀ। ਕਿਰਾਏ ਦਾ ਨੰਬਰਦਾਰ ਕਾਲਜ ਵਿਚ ਫ਼ਰਜ਼ੀ ਬਾਪ ਬਣ ਕੇ ਉਹਨਾਂ ਲਈ ਸਾਰੇ ਰਸਤੇ ਖੋਲ੍ਹ ਗਿਆ ਸੀ। ਪੰਜਾਹ ਰੁਪਏ ਚੋਖ਼ਾ ਰੰਗ ਲਿਆਏ ਸਨ ਅਤੇ ਨੰਬਰਦਾਰ ਦੀ 'ਦਿਵਾਲ਼ੀ' ਬਣ ਗਈ ਸੀ।
ਹਨੀ ਸਮੇਤ ਸਾਰੀ ਕਲਾਸ ਕੈਂਪ 'ਤੇ ਜਾਣ ਲਈ ਤਿਆਰ ਸੀ।
ਕੈਂਪ ਪੂਰੇ ਦਸ ਦਿਨ ਚੱਲਣਾ ਸੀ।
ਕੋਚ ਆ ਚੁੱਕੀ ਸੀ।
ਜੱਸੀ ਇਕ ਹੋਰ ਬੱਸ 'ਤੇ ਸਿੱਧਵਾਂ ਬੇਟ ਨੂੰ ਰਵਾਨਾ ਹੋ ਚੁੱਕਾ ਸੀ। ਸ਼ਾਮ ਨੂੰ ਉਹਨਾਂ ਨੇ ਕਿਸੇ ਮਿਥੀ ਜਗਾਹ 'ਤੇ ਮਿਲਣਾ ਸੀ ਅਤੇ ਦਿਲਾਂ ਦੀਆਂ ਗੰਢਾਂ ਖੋਲ੍ਹਣੀਆਂ ਸਨ।
ਸਾਰਾ ਦਿਨ ਕੈਂਪ ਦੀ ਕਾਰਵਾਈ ਚੱਲਦੀ ਰਹੀ। ਜਨ, ਗਨ ਮਨ, ਦੇ ਗਾਇਨ ਬਾਅਦ ਪਰੇਡ ਕਰਵਾਈ ਗਈ ਅਤੇ ਦਸ ਦਿਨਾਂ ਦੇ ਕੈਂਪ ਅਨੁਸਾਸ਼ਨ ਬਾਰੇ ਸੰਖੇਪ ਚਾਨਣਾ ਪਾਇਆ।
ਸ਼ਾਮ ਪੰਜ ਵਜੇ ਕੈਂਪ ਦੀ ਸਮਾਪਤੀ ਹੋਈ।
ਜੱਸੀ ਦੇ ਦੋਸਤ ਦਾ ਬੱਗੀ, ਸਾਊ ਜਿਹੀ ਦਾਹੜੀ ਵਾਲ਼ਾ 'ਮਾਸੜ' ਸ਼ਾਮ ਨੂੰ ਹਨੀ ਨੂੰ ਮੋਟਰ ਸਾਈਕਲ 'ਤੇ ਲੈਣ ਆ ਗਿਆ। ਜੱਸੀ ਨੇ ਰੰਗੀਨ ਮਿਜਾਜ਼ ਮਾਸੜ ਨੂੰ ਸਾਰਾ ਮਾਮਲਾ ਸਮਝਾ ਦਿੱਤਾ ਸੀ ਅਤੇ ਮੁੱਠੀ ਬੰਦ ਰੱਖਣ ਲਈ ਬੇਨਤੀ ਕੀਤੀ ਸੀ। ਜੁਆਨੀ ਵੇਲ਼ੇ ਮਾਸੜ ਵੀ ਕਿੱਕਰ ਤੋਂ ਕਾਟੋ ਲਾਹੁੰਣ ਦਾ ਸ਼ੌਕੀਨ ਰਿਹਾ ਸੀ। ਟੀਸੀ ਦਾ ਬੇਰ ਉਹ ਇੱਕੋ ਨਿਸ਼ਾਨੇ ਨਾਲ਼ ਸੁੱਟ ਲੈਂਦਾ। ਉਸ ਨੇ ਬੇਫ਼ਿਕਰ ਹੋ ਜਾਣ ਦੀ ਬੜ੍ਹਕ ਮਾਰ ਦਿੱਤੀ ਸੀ ਅਤੇ ਸਾਰੀ ਜ਼ਿੰਮੇਵਾਰੀ ਆਪਣੇ ਸਿਰ ਓਟ ਲਈ ਸੀ।
ਪੁਸ਼ਟੀ ਤੋਂ ਬਾਅਦ ਲੈਕਚਰਾਰ ਗਿੱਲ ਨੇ ਹਨੀ ਨੂੰ ਜਾਣ ਦੀ ਪ੍ਰਵਾਨਗੀ ਦੇ ਦਿੱਤੀ।
ਜੱਸੀ ਦਾ ਪ੍ਰਬੰਧ ਮਾਸੜ ਨੇ ਆਪਣੇ ਫ਼ਾਰਮ ਹਾਊਸ 'ਤੇ ਕੀਤਾ ਹੋਇਆ ਸੀ। ਤਿੰਨ ਦਿਨਾਂ ਦੀ ਜੱਦੋਜਹਿਦ ਬਾਅਦ ਜੱਸੀ ਨੇ ਆਪਣੇ ਮਿੱਤਰ ਰਾਹੀਂ ਇਹ ਜੁਗਾੜ ਗੰਢਿਆ ਸੀ। ਲੋੜ ਕਾਢ ਦੀ ਮਾਂ ਹੁੰਦੀ ਹੈ...! ਜਿੱਥੇ ਚਾਹ, ਉਥੇ ਰਾਹ ਦੀ ਕਹਾਵਤ ਵਾਂਗ, ਇਕ ਦੂਜੇ ਨੂੰ ਚਾਹੁੰਣ ਵਾਲ਼ਿਆਂ ਲਈ ਰਸਤਾ ਨਿਕਲ਼ ਹੀ ਆਉਂਦਾ ਹੈ!
ਫ਼ਾਰਮ ਹਾਊਸ ਬਿਲਕੁਲ ਨਿਵੇਕਲ਼ਾ ਸੀ। ਬਾਹਰ ਬਾਹਰ ਖੇਤਾਂ ਵਿਚ..! ਮੁੱਖ ਸੜਕ ਤੋਂ ਕਾਫ਼ੀ ਹਟਵਾਂ..! ਦੋ-ਦੋ ਕਿਲੋਮੀਟਰ ਤੱਕ ਫ਼ਸਲਾਂ ਹੀ ਫ਼ਸਲਾਂ..! ਲਹਿਲਹਾਉਂਦੇ ਖੇਤ...! ਕੁਦਰਤ ਦੀ ਹਰੀ ਚਾਦਰ ਵਿਛੀ ਹੋਈ...। 'ਮਾਸੜ' ਹਨੀ ਨੂੰ ਲਾਹ ਕੇ ਮੁੜ ਗਿਆ। ਉਸ ਦੇ ਮੁੜਨ ਤੋਂ ਬਾਅਦ ਜੱਸੀ ਨੇ ਹਨੀ ਨੂੰ ਗਲਵਕੜੀ ਵਿਚ ਘੁੱਟ ਲਿਆ। ਸਾਰੇ ਜੋਰ ਨਾਲ਼..! ਜਿਵੇਂ ਉਹ ਜੁੱਗੜਿਆਂ ਤੋਂ ਹਾਬੜੇ ਪਏ ਸਨ। ਹਨੀ ਵੀ ਚੰਦਨ ਦੇ ਰੁੱਖ਼ ਨਾਲ਼ ਸੱਪ ਲਿਪਟਣ ਵਾਂਗ, ਜੱਸੀ ਨਾਲ਼ ਲਿਪਟ ਗਈ।
-"ਜੇ 'ਕੱਲੀ ਆਣ ਮਿਲ਼ੀ, ਤਾਂ ਅੱਜ ਘੁੱਟ ਕੇ ਮਾਰ ਤਾਂ ਨ੍ਹੀ ਦੇਣੀਂ...?" ਹਨੀ ਨੇ ਮਜ਼ਾਕ ਦਾ ਤੀਰ ਚਲਾਉਂਦਿਆਂ ਕਿਹਾ।
-"ਧੱਕੇ ਤਾਂ ਜੱਟ ਦੇ ਅੱਜ ਈ ਚੜ੍ਹੀ ਐਂ...! ਅੱਜ ਤਾਂ ਕਸਰ ਪੂਰੀ ਕਰ ਕੇ ਹਟੂੰ...! ਬਥੇਰੀਆਂ ਚਲਾ ਲਈਆਂ ਤੂੰ ਚੰਮ ਦੀਆਂ...!" ਉਸ ਨੇ ਹਨੀ ਨੂੰ ਹੋਰ ਜੋਰ ਦੀ ਹਿੱਕ ਨਾਲ਼ ਘੁੱਟ ਲਿਆ। ਛਾਤੀ ਨਾਲ਼ ਛਾਤੀ ਖਹੀ ਤਾਂ ਰੂਹਾਂ ਸਰਸ਼ਾਰ ਹੋ ਗਈਆਂ...। ਦੁਖੜੇ ਟੁੱਟ ਗਏ...। ਹਨੀ ਉਸ ਦੀਆਂ ਬਾਹਾਂ ਵਿਚ ਤੋਰੀ ਵਾਂਗ ਲਟਕੀ ਹੋਈ ਸੀ। ਤਗ਼ਮਾਂ ਬਣ ਗਲ਼ ਵਿਚ ਪਈ ਹੋਈ ਸੀ।
ਸ਼ਾਮ ਹੋਣ ਤੱਕ ਉਹਨਾਂ ਨੇ ਰੱਜ ਕੇ ਗੱਲਾਂ ਕੀਤੀਆਂ ਅਤੇ ਦਿਲਾਂ ਦੀ ਤਮਾਮ ਜਿਲਬ ਲਾਹ ਮਾਰੀ।
ਸੂਰਜ ਛੁਪ ਗਿਆ ਸੀ।
ਪ੍ਰਛਾਵੇਂ ਕੰਧਾਂ ਦੇ ਘਨ੍ਹੇੜ੍ਹੀਂ ਚੜ੍ਹ ਗਏ ਸਨ।
ਹਨ੍ਹੇਰਾ ਛਾਲ਼ਾਂ ਮਾਰਦਾ ਅਸਮਾਨੋਂ ਧਰਤੀ 'ਤੇ ਆ ਉਤਰਿਆ ਸੀ।
ਮਾਸੜ ਆਣ ਕੇ ਰੋਟੀ ਅਤੇ ਸਵੇਰ ਦੀ ਚਾਹ ਲਈ ਦੁੱਧ ਫੜਾ ਗਿਆ।
-"ਕੱਲ੍ਹ ਨੂੰ ਮੈਂ ਨੌਂ ਵਜੇ ਕੈਂਪ ਪਹੁੰਚਣੈਂ ਜੱਸੀ, ਇਹਨਾਂ ਨੂੰ ਆਖ ਦਿਓ...!" ਹਨੀ ਨੇ ਦੱਬਵੀਂ ਅਵਾਜ਼ ਵਿਚ ਕਿਹਾ।
-"ਮਾਸੜ ਜੀ, ਇਹਨੇ ਕੱਲ੍ਹ ਨੂੰ ਨੌਂ ਵਜੇ ਕੈਂਪ ਪਹੁੰਚਣੈਂ...!" ਨਾਲ਼ ਦੀ ਨਾਲ਼ ਜੱਸੀ ਨੇ ਅੱਗੇ ਬੋਲ ਦਿੱਤਾ।
-"ਫ਼ਿਕਰ ਨਾ ਕਰੋ..! ਛੱਡ ਕੇ ਵੀ ਆਊਂ ਤੇ ਲੈ ਕੇ ਵੀ ਆਊਂ...! ਕਹੇਂ ਤਾਂ ਸਵੇਰੇ ਚਾਰ ਵਜੇ ਈ ਆਜੂੰ..? ਇਹ ਮੇਰਾ ਕੰਮ ਐਂ...! ਤੁਸੀਂ ਆਬਦਾ ਰੰਗ ਮਾਣੋਂ...! ਮਾਰੋ ਮਸਤੀ..! ਤੇ ਫ਼ਿਕਰ ਮੇਰੇ 'ਤੇ ਛੱਡੋ..!" ਰੰਗੀਲਾ ਮਾਸੜ ਗੱਲ 'ਚੋਂ ਆਨੰਦ ਲੈ ਗਿਆ ਸੀ। ਉਹਨਾਂ ਨੂੰ ਰੋਟੀ ਖੁਆ ਕੇ, ਉਸ ਨੇ ਮੋਟਰ ਸਾਈਕਲ ਨੂੰ ਕਿੱਕ ਮਾਰੀ ਅਤੇ ਹਵਾ ਹੋ ਗਿਆ।
ਜੱਸੀ ਮੁਸਕਰਾ ਪਿਆ।
ਹੁਣ ਹਨੀ ਅਤੇ ਜੱਸੀ ਬਿਲਕੁਲ ਇਕੱਲੇ ਸਨ। ਦੋ ਸਰੀਰ ਇਕ ਜਾਨ..! ਏਕਿ ਜੋਤਿ ਦੋਇ ਮੂਰਤੀ...!
ਫ਼ਾਰਮ ਹਾਊਸ ਤੋਂ ਬਾਹਰ ਨਿਕਲ ਕੇ ਜੱਸੀ ਨੇ ਦੂਰ ਤੱਕ ਨਿਗਾਹ ਮਾਰੀ। ਹਨ੍ਹੇਰੇ ਦੀ ਚਾਦਰ ਦੂਰ ਦੂਰ ਤੱਕ ਫ਼ੈਲੀ ਹੋਈ ਸੀ..। ਜਿਸ ਨੂੰ ਬਿਜਲੀ ਦੀ ਰੌਸ਼ਨੀ ਕਿਤੇ ਕਿਤੇ ਪਾੜਦੀ ਸੀ...। ਦੂਰ ਕਿਤੇ ਸਾਰਾ ਪਿੰਡ ਨੀਂਦ ਦੀ ਬੁੱਕਲ਼ ਵਿਚ ਡੁੱਬ ਚੁੱਕਾ ਸੀ...। ਕਿਤੇ ਕਿਤੇ ਟਟੀਹਰ੍ਹੀ ਬੋਲਦੀ ਸੀ ਅਤੇ ਕਿਤੇ ਉੱਲੂ ਆਪਣੀ ਘੱਗੀ ਜਿਹੀ ਅਵਾਜ਼ ਕੱਢਦਾ ਸੀ...। ਜੱਸੀ ਨੇ ਫ਼ਾਰਮ ਹਾਊਸ ਦੇ ਦੁਆਲ਼ੇ ਫ਼ਸਲਾਂ ਵਿਚ ਭਲਵਾਨੀ ਗੇੜਾ ਦਿੱਤਾ ਅਤੇ ਮੁੜ ਆ ਕੇ ਦਰਵਾਜੇ ਦੀ ਕੁੰਡੀ ਚਾੜ੍ਹ ਲਈ। ਹਨੀ ਪਲੰਘ 'ਤੇ ਬੈਠੀ ਕਿਸੇ ਸ਼ਮ੍ਹਾਂ ਵਾਂਗ ਜਗ ਰਹੀ ਸੀ। ਉਸ ਦੀਆਂ ਰਹੱਸਮਈ ਨਜ਼ਰਾਂ ਜੱਸੀ ਨੂੰ ਪਤਾ ਨਹੀਂ ਕੀ-ਕੀ ਬਿਆਨ ਰਹੀਆਂ ਸਨ..? ਜੱਸੀ ਨੇ ਉਸ ਨੂੰ ਆਪਣੀਆਂ ਬਾਹਾਂ ਵਿਚ ਘੁੱਟ ਲਿਆ ਅਤੇ ਬੇਸਬਰੀ ਵੱਸ ਉਸ ਦੇ ਪੱਤੀਆਂ ਬੁੱਲ੍ਹ 'ਪੀਣੇਂ' ਸ਼ੁਰੂ ਕਰ ਦਿੱਤੇ।
-"ਵਿਆਹ ਤੋਂ ਪਹਿਲਾਂ ਆਹ ਸਾਰਾ ਕੁਛ..? ਪਾਪ ਹੁੰਦੈ...!" ਹਨੀ ਨੇ ਉਸ ਨੂੰ ਧੱਕ ਕੇ ਪਿੱਛੇ ਕਰਨਾ ਚਾਹਿਆ। ਕਿਸੇ 'ਵੇਗ' ਵਿਚ ਉਸ ਦੀਆਂ ਅੱਖਾਂ ਮੱਲੋਮੱਲੀ ਬੰਦ ਹੁੰਦੀਆਂ ਜਾ ਰਹੀਆਂ ਸਨ।
-"ਕੌਣ ਕਹਿੰਦੈ ਪਾਪ ਹੁੰਦੈ..? ਪ੍ਰੇਮ ਅਤੇ ਜੰਗ ਵਿਚ ਸਭ ਕੁਛ ਜਾਇਜ ਹੁੰਦੈ, ਜਿੰਦ ਮੇਰੀਏ...!" ਜੱਸੀ ਦੇ ਸਾਹਾਂ 'ਚੋਂ ਅੱਗ ਵਰ੍ਹ ਰਹੀ ਸੀ ਅਤੇ ਸਾਰਾ ਬਦਨ ਭੱਠ ਵਾਂਗ ਤਪ ਰਿਹਾ ਸੀ।
-"ਲੋਕ ਕਹਿੰਦੇ ਨੇ...!" ਹਨੀ ਦੀ ਸੁਰਤ ਟਿਕਾਣੇਂ ਨਹੀਂ ਸੀ। ਕਿਸੇ ਤਾਂਘ, ਕਿਸੇ ਜਲੌਅ ਵਿਚ ਉਹ ਵੀ ਪਾਗ਼ਲ ਹੋਈ ਪਈ ਸੀ। ਬੇਸੁਰਤ ਜਿਹੀ..! ਉਸ ਦਾ ਦਿਮਾਗ ਸੱਤਾਂ ਸਵਰਗਾਂ ਦਾ ਆਨੰਦ ਮਾਣ ਰਿਹਾ ਸੀ ਅਤੇ ਉਹ ਸਭ ਚਿੰਤਾਵਾਂ ਤੋਂ ਮੁਕਤ, ਬੇਸੁੱਧ ਪਈ ਸੀ।
-"ਸਭ ਬਕਵਾਸ਼...! ਕਾਮ ਦਾ ਨਾਂ ਪੰਜ ਵਿਕਾਰਾਂ ਵਿਚ ਸਭ ਤੋਂ ਅੱਗੇ ਆਉਂਦਾ ਹੈ ਹਨੀ..! ਦੇਵਤੇ ਹਜ਼ਾਰਾਂ ਸਾਲ ਦਰੱਖਤਾਂ ਹੇਠ ਤਪੱਸਿਆ ਕਰਦੇ ਰਹੇ..! ਪਰ ਇਸ ਪੱਖੋਂਂ ਉਹਨਾਂ ਨੇ ਵੀ ਮਾਰ ਖਾਧੀ..! ਜਿਹੜੇ ਬਚੇ ਰਹੇ, ਸਮਾਂ ਆਉਣ 'ਤੇ ਉਹ ਦਰੱਖਤਾਂ ਹੇਠ ਬੈਠੇ ਹੀ ਮੋਮ ਵਾਂਗ ਪਿਘਲ ਗਏ ਜਾਂ ਝਾੜ੍ਹਾਂ ਬੂਟੀਆਂ ਦਾ ਹੀ ਰੂਪ ਹੋ ਗਏ..! ਸਿਰ ਦੇ ਵਾਲ਼ ਵੀ ਜਟਾਂ ਬਣ ਗਏ ਤੇ ਟਾਹਣੀਆਂ ਸਿਰ ਵਿਚ ਉੱਗ ਪਈਆਂ...! ਜਿਹੜਾ ਇਸ ਤੋਂ ਮੁਨੱਕਰ ਹੁੰਦਾ ਹੈ, ਉਹ ਉਸ ਕੁਦਰਤ ਦੇ ਕਾਨੂੰਨ ਤੋਂ ਬਾਗੀ, ਭਗੌੜਾ ਹੁੰਦਾ ਹੈ...! ਇਹ ਇਕ ਕੁਦਰਤੀ ਕਾਂਡ ਹੈ ਹਨੀ..! ਜਿਹੜਾ ਦੋ ਸਰੀਰਾਂ ਦਾ ਅਸਲੀ ਮਿਲਾਪ ਕਰਦਾ ਹੈ..! ਜਿਸ ਨੇ ਸਰੀਰਕ ਸਾਂਝ ਨਹੀਂ ਰੱਖੀ, ਉਹਨਾਂ ਦਾ ਮਿਲਾਪ ਹਰ ਹੱਦ ਤੱਕ ਅਧੂਰਾ ਹੈ ਜਿੰਦ ਮੇਰੀਏ...! ਹਰ ਹਾਲਤ ਵਿਚ ਅਧੂਰਾ ਹੈ...!" ਹੌਲ਼ੀ ਹੌਲ਼ੀ ਜੱਸੀ ਨੇ ਹਨੀ ਨੂੰ ਨਿਰਵਸਤਰ ਕਰ ਲਿਆ। ਉਹ ਇਕ ਦੂਜੇ ਨਾਲ਼ ਇਕ-ਮਿੱਕ ਹੋਏ, ਘੁਲ਼ੇ ਪਏ ਸਨ। ਅਚਾਨਕ ਹਨੀ ਦੇ ਮੂੰਹੋਂ, "ਹਾਏ ਮਾਰਤੀ ਵੇ ਟੁੱਟ ਪੈਣਿਆਂ..! ਮਾਰਤੀ...!! ਮਰਗੀ ਵੇ ਰੱਬਾ...!!!" ਦੀ ਦੱਬਵੀਂ ਜਿਹੀ ਅਵਾਜ਼ ਨਿਕਲ਼ੀ ਅਤੇ ਉਸ ਨੇ ਜੱਸੀ ਨੂੰ ਹੋਰ ਘੁੱਟ ਕੇ ਜੱਫ਼ੀ ਪਾ ਲਈ। ਉਸ ਦੇ ਮੱਥੇ 'ਤੇ ਪਸੀਨੇ ਦੇ ਕਣ ਸਿੰਮ ਆਏ ਸਨ ਅਤੇ ਅਜੀਬ ਜਿਹੀ ਪੀੜ ਸਿੱਧੀ ਦਿਲ ਦਿਮਾਗ ਨੂੰ ਗਈ ਸੀ। ਮੱਥੇ ਦੀ ਤਿਊੜੀ ਘੁੱਟ ਕੇ ਉਸ ਨੇ ਆਪਣਾ ਹੇਠਲਾ ਬੁੱਲ੍ਹ ਘੁੱਟ ਕੇ ਦੰਦਾਂ ਵਿਚ ਲਿਆ ਹੋਇਆ ਸੀ। ਸੁਆਦ ਅਤੇ ਪੀੜਾਂ ਦੀ ਸਾਂਝੀ ਲਹਿਰ ਵਿਚ ਰੁੜ੍ਹੀ ਉਹ ਦੱਬ ਕੇ ਅੱਖਾਂ ਮੀਟੀ ਪਈ ਸੀ। ਮੁੱਠੀਆਂ ਉਸ ਨੇ ਘੁੱਟ ਕੇ ਮੀਟ ਰੱਖੀਆਂ ਸਨ ਅਤੇ ਅੰਗੂਠੇ ਮੁੱਠੀਆਂ ਵਿਚ ਦਿੱਤੇ ਹੋਏ ਸਨ।
ਜਦੋਂ ਜੱਸੀ ਨੇ ਉਸ ਨੂੰ ਛੱਡਿਆ ਤਾਂ ਉਹ ਸੱਪ ਵਾਂਗ ਗੁੰਝਲ਼ੀ ਜਿਹੀ ਮਾਰ ਕੇ ਜਲੇਬੀ ਵਾਂਗ ਇਕੱਠੀ ਹੋ ਗਈ। ਜਦ ਜੱਸੀ ਨੇ ਚਾਦਰ 'ਤੇ ਨਜ਼ਰ ਮਾਰੀ ਤਾਂ ਸਾਰੀ ਚਾਦਰ ਖ਼ੂਨ ਨਾਲ਼ ਲੱਥ-ਪੱਥ ਹੋਈ ਪਈ ਸੀ। ਉਸ ਨੇ ਚਾਦਰ ਦਾ ਲੜ ਮੋੜ ਦਿੱਤਾ। ਤਾਰ 'ਤੇ ਟੰਗਿਆ ਪਰਨਾਂ ਤਹਿਆਂ ਮਾਰ ਕੇ ਹਨੀ ਹੇਠ ਦੇ ਦਿੱਤਾ। ਹਨੀ ਅਜੇ ਵੀ ਬੇਸੁਰਤਾਂ ਵਾਂਗ ਗੁੱਛ-ਮੁੱਛ ਹੋਈ ਪਈ ਸੀ। ਉਸ ਦੇ ਭੋਲ਼ੇ ਜਿਹੇ ਅਤੇ ਸੁਰਖ਼ ਹੋਏ ਚਿਹਰੇ ਤੋਂ ਜੱਸੀ ਦਾ ਕੁਰਬਾਨ ਹੋ ਜਾਣ ਨੂੰ ਦਿਲ ਕੀਤਾ। ਉਸ ਨੇ ਝੁਕ ਕੇ ਹਨੀ ਦਾ ਮੂੰਹ ਚੁੰਮ ਲਿਆ ਅਤੇ ਸਾਰੇ ਜੋਰ ਨਾਲ਼ ਬਾਂਹਾਂ ਵਿਚ ਘੁੱਟ ਲਿਆ। ਉਸ ਨੂੰ ਹਨੀ ਦਾ ਅਥਾਹ ਮੋਹ ਆਇਆ ਸੀ। ਤਨ ਦੇ ਮਿਲਾਪ ਨੇ ਮਨ ਵਿਚੋਂ 'ਤੇਰ-ਮੇਰ' ਅਤੇ 'ਮੈਂ-ਤੂੰ' ਦਾ ਖ਼ਾਤਮਾ ਕਰ ਦਿੱਤਾ ਸੀ। ਕਿਨਾਰਿਆਂ ਦੇ ਫ਼ਰਕ ਨਬੇੜ ਦਿੱਤੇ ਸਨ ਅਤੇ ਇਕ ਵਹਿਣ ਬਣਨ ਦਾ ਵਰਦਾਨ ਬਖਸ਼ ਦਿੱਤਾ ਸੀ।
ਸਾਰੀ ਰਾਤ ਹੀ ਸਰੀਰਾਂ ਅਤੇ ਆਤਮਾਵਾਂ ਦਾ ਖਿਲਾਅ ਭਰਦਾ ਅਤੇ ਡੁੱਲ੍ਹਦਾ ਰਿਹਾ।
ਰੂਹਾਂ ਹਲਕੀਆਂ ਹੋ ਕੇ ਪਤਾ ਨਹੀਂ ਕਦ ਸੌਂ ਗਈਆਂ।