ਤਰਕਸ਼ ਟੰਗਿਆ ਜੰਡ (ਕਾਂਡ 16)

ਬਿੱਲੇ ਨੇ ਜਰਮਨ ਨੂੰ ਤਿਆਰੀ ਖਿੱਚ ਲਈ।
ਹਣਿ ਉਹ ਬਿੱਖੜੇ ਪੈਂਡਿਆਂ 'ਤੇ ਤੁਰਨਾ ਕੁਝ ਕੁ ਸਿੱਖ ਗਿਆ ਸੀ। ਹਿੰਮਤੇ ਮਰਦਾਂ - ਮੱਦਦੇ ਖੁਦਾ ਦੀ ਧਾਰਨਾ ਉਸ ਨੇ ਧਾਰ ਲਈ ਸੀ। 'ਖਾਮੋਸ਼ੀ' ਨਾਲ ਗੱਲਾਂ ਕਰਨੀਆਂ ਉਸ ਨੇ ਸਿੱਖ ਲਈਆਂ ਸਨ। ਮੁਸੀਬਤਾਂ ਸੰਗ ਹਾਣੀ ਬਣ ਕੇ ਤੁਰਨ ਦੀ ਉਸ ਨੂੰ ਜਾਂਚ ਆ ਗਈ ਸੀ। ਮੁਸ਼ਕਿਲਾਂ ਨਾਲ ਦੋ ਹੱਥ ਕਰਨ ਦੀ ਉਸ ਨੂੰ ਗੇਝ ਪੈ ਗਈ ਸੀ। ਚਾਹੇ ਉਸ ਨੂੰ ਕੰਡਿਆਂ ਦਾ ਮੂੰਹ ਮੋੜਨ ਦੀ ਸੂਝ ਨਹੀਂ ਆਈ ਸੀ, ਪਰ ਦਰੱਖਤ 'ਤੇ ਚੜ੍ਹਨ ਦਾ ਡਰ ਉਸ ਅੰਦਰੋਂ ਮਰਨ ਲੱਗ ਪਿਆ ਸੀ।
ਜੋਗੀ ਨੇ ਬਿੱਲੇ ਨੂੰ ਇਕ ਏਜੰਟ ਨਾਲ ਮਿਲਾਇਆ।
ਸਾਰੇ ਉਸ ਨੂੰ "ਡਰਾਈਵਰ" ਆਖਦੇ ਸਨ। ਪਰ ਜੋਗੀ "ਡਰੈਵਰ" ਹੀ ਪੁਕਾਰ ਰਿਹਾ ਸੀ।
ਡਰਾਈਵਰ 'ਆਪਰੀਲੀਆ' ਵਿਚ ਰਹਿੰਦਾ ਸੀ। ਉਸ ਨਾਲ ਬਿੱਲੇ ਦੀ ਜਰਮਨ ਦੀ ਗੱਲ ਹੋਈ। ਬਾਰਾਂ ਸੌ ਯੂਰੋ ਵਿਚ ਸੌਦਾ ਮੁੱਕਿਆ। ਗਿਆਰਾਂ ਸੌ ਯੂਰੋ ਬਿੱਲੇ ਕੋਲ ਹੈ ਸਨ ਅਤੇ ਇਕ ਸੌ ਯੂਰੋ ਜੋਗੀ ਨੇ ਪਾ ਦਿੱਤੇ। ਅਗਲੇ ਦਿਨ ਤੁਰਨਾ ਪੱਕਾ ਕਰ ਲਿਆ।
ਅਗਲੇ ਦਿਨ ਉਹ ਚੱਲ ਪਏ। ਪਰ ਮਾੜੀ ਕਿਸਮਤ ਨੂੰ ਸਵਿੱਟਜ਼ਰਲੈਂਡ ਲੰਘਣ ਸਾਰ ਹੀ ਫੜੇ ਗਏ। ਸਵਿੱਟਜ਼ਰਲੈਂਡ ਵਾਲਿਆਂ ਨੇ ਨਿੱਜੀ ਵੇਰਵਾ ਅਤੇ ਉਂਗਲੀਆਂ ਦੇ ਨਿਸ਼ਾਨ ਲੈ ਕੇ ਫਿਰ ਇਟਲੀ ਵਾਪਿਸ ਮੋੜ ਦਿੱਤੇ। ਇਹ ਦੇਸ਼ਾਂ ਦਾ ਆਪਣਾ ਕਾਨੂੰਨ ਸੀ। ਇੱਕ ਸੰਧੀ ਸੀ ਕਿ ਜਿਹੜਾ ਜਾਹਲੀ ਬੰਦਾ ਜਿਸ ਦੇਸ਼ ਵਿਚੋਂ, ਦੂਸਰੇ ਦੇਸ਼ ਵਿਚ ਪ੍ਰਵੇਸ਼ ਕਰੇਗਾ, ਉਸ ਜਾਹਲੀ ਬੰਦੇ ਨੂੰ, ਪਹਿਲੇ ਦੇਸ਼ ਨੂੰ ਅਵੱਸ਼ ਅਪਨਾਉਣਾ ਪਵੇਗਾ।
ਬਿੱਲੇ ਨੇ ਫਿਰ ਹੌਸਲਾ ਫੜਿਆ। ਤਿੰਨ ਹੋਰ ਮੁੰਡਿਆਂ ਸਮੇਤ ਫਿਰ ਹੰਭਲਾ ਮਾਰਿਆ। ਪਰ ਫਿਰ ਫੜੇ ਗਏ। ਐਤਕੀਂ ਉਹਨਾਂ ਨੂੰ ਬਖ਼ਸਿ਼ਆ ਨਾ ਗਿਆ। ਸਵਿੱਟਜ਼ਰਲੈਂਡ ਦੀ ਅਦਾਲਤ ਵੱਲੋਂ ਉਹਨਾਂ ਨੂੰ ਦੁਬਾਰਾ ਇੱਧਰ ਆਉਣ ਕਾਰਨ ਪੰਜ ਦਿਨ ਦੀ ਜੇਲ੍ਹ ਦੀ ਸਜ਼ਾ ਹੋਈ, ਕਿਉਂਕਿ ਇਹ ਦੂਜੀ ਵਾਰ ਕਾਨੂੰਨ ਦੀ ਉਲੰਘਣਾਂ ਸੀ। ਪਹਿਲੀ ਵਾਰ ਮੁਆਫ਼ੀ ਅਤੇ ਦੂਸਰੀ ਵਾਰ ਜੇਲ੍ਹ!
ਛੇਵੇਂ ਦਿਨ ਫਿਰ ਉਹ ਇਟਲੀ ਪਹੁੰਚਾ ਦਿੱਤੇ ਗਏ। ਖੋਟੇ ਪੈਸੇ ਦੀ ਤਰ੍ਹਾਂ ਵਾਪਿਸ!
ਪਰ ਬਿੱਲੇ ਨੇ ਹਿੰਮਤ ਨਾ ਹਾਰੀ।
ਉਹ 'ਕੀੜੇ' ਅਤੇ 'ਕੰਧ' ਵਾਲੀ ਕਹਾਣੀ ਦਿਮਾਗ ਵਿਚ ਦੁਹਰਾਉਂਦਾ ਰਹਿੰਦਾ। ਕੀੜਾ ਕੰਧ 'ਤੇ ਚੜ੍ਹਨ ਦੀ ਕੋਸਿ਼ਸ਼ ਕਰਦਾ, ਪਰ ਹਰ ਵਾਰ ਡਿੱਗ ਪੈਂਦਾ ਸੀ। ਆਖਰ ਉਹ ਕੰਧ 'ਤੇ ਚੜ੍ਹ ਹੀ ਗਿਆ ਸੀ।
ਪੂਰਾ ਮਹੀਨਾ ਬਿੱਲਾ ਡਰਾਈਵਰ ਕੋਲ ਰਿਹਾ। ਪਰ ਡਰਾਈਵਰ ਦਾ ਕਿਤੇ ਫ਼ਹੁ ਨਹੀਂ ਪੈ ਰਿਹਾ ਸੀ। ਇਸ ਵਾਰ ਬਿੱਲੇ ਨੇ ਹਦਾਇਤ ਕੀਤੀ ਸੀ ਉਹ "ਡੌਂਕੀ" ਮਾਰ ਕੇ ਨਹੀਂ ਜਾਵੇਗਾ। ਸਗੋਂ ਕਿਸੇ ਟਰਾਲੇ 'ਤੇ ਚੜ੍ਹ ਕੇ ਜਾਵੇਗਾ।
ਡਰਾਈਵਰ ਨੇ ਇਕ ਹੋਰ ਏਜੰਟ ਨਾਲ ਕੁੰਡੀ ਅੜਾ ਲਈ। ਦੂਜਾ ਏਜੰਟ ਕਾਰ ਲੈ ਕੇ ਆ ਗਿਆ।
ਉਹ ਰੋਮ ਪਹੁੰਚ ਗਏ।
ਰੋਮ ਤੋਂ ਉਹਨਾਂ ਨੇ ਟਰੇਨ ਫੜੀ ਅਤੇ 'ਬੋਲੋਨੀਆਂ' ਆ ਗਏ। ਬੋਲੋਨੀਆਂ ਪਹੁੰਚ ਕੇ ਏਜੰਟ ਨੇ ਟਰਾਲੇ ਵਾਲਿਆਂ ਨੂੰ ਫ਼ੋਨ ਕੀਤਾ। ਉਸ ਨੇ ਪੰਜ ਵਜੇ ਦਾ ਟਾਈਮ ਦੇ ਦਿੱਤਾ। ਉਹਨਾਂ ਖਾਂਦੇ-ਪੀਂਦਿਆਂ ਨੇ ਟਾਈਮ ਪਾਸ ਕੀਤਾ।
ਛੇ ਕੁ ਵਜੇ ਟਰਾਲੇ ਵਾਲਾ ਆ ਗਿਆ।
ਪੂਰੇ ਸੱਤ ਵਜੇ ਸ਼ਾਮ ਨੂੰ ਟਰਾਲਾ ਤੋਰ ਲਿਆ ਗਿਆ। ਬਿੱਲਾ ਅਤੇ ਇਕ ਹੋਰ ਮੁੰਡਾ ਵਿਚ ਸਨ। ਉਹ ਟਰਾਲੇ ਵਿਚ ਲੱਦੀਆਂ ਸਬਜ਼ੀਆਂ ਪਿੱਛੇ ਲੁਕੇ ਹੋਏ ਸਨ। ਦੋ-ਦੋ ਕੰਬਲਾਂ ਅਤੇ ਸਬਜ਼ੀਆਂ ਦੇ ਨਿਘਾਸ ਕਾਰਨ ਉਹਨਾਂ ਨੂੰ ਠੰਢ ਬੜੀ ਘੱਟ ਲੱਗ ਰਹੀ ਸੀ। ਉਹਨਾਂ ਨੇ ਇਕ "ਘਚੋਰ੍ਹ" ਜਿਹੀ ਬਣਾ ਲਈ ਸੀ।
ਟਰਾਲਾ ਆਪਣੀ ਤੋਰ ਤੁਰਦਾ ਜਾ ਰਿਹਾ ਸੀ।
ਅੱਧੀ ਰਾਤੋਂ ਟਰਾਲਾ ਆਸਟਰੀਆ ਵਿਚ ਦਾਖਲ ਹੋ ਗਿਆ।
ਪੂਰੇ ਬਾਰਾਂ ਵੱਜ ਗਏ ਸਨ।
ਟਰਾਲਾ ਰੋਕ ਕੇ ਇਟਾਲੀਅਨ ਡਰਾਈਵਰ ਨੇ ਉਹਨਾਂ ਨੂੰ ਇਸ਼ਾਰੇ ਨਾਲ ਅਰਾਮ ਕਰਨ ਲਈ ਕਿਹਾ।
ਉਹ ਹੇਠਾਂ ਉਤਰੇ ਤਾਂ ਟਰਾਲਾ ਇਕ ਉਜਾੜ ਜਿਹੇ ਵਿਚ ਕਿਸੇ ਪੈਟਰੋਲ-ਪੰਪ ਦੀ ਪਾਰਕਿੰਗ ਵਿਚ ਖੜ੍ਹਾ ਸੀ। ਬਿੱਲੇ ਨੇ ਸਾਈਨ-ਬੋਰਡ ਪੜ੍ਹਿਆ ਤਾਂ "ਲਿੰਜ਼" ਲਿਖਿਆ ਹੋਇਆ ਸੀ।
ਸਵੇਰੇ ਪੰਜ ਕੁ ਵਜੇ ਉਹਨਾਂ ਨੇ ਪੈਟਰੋਲ-ਪੰਪ ਤੋਂ ਕੌਫ਼ੀ ਪੀਤੀ। ਹੱਥ-ਮੂੰਹ ਧੋਤਾ।
ਜਦੋਂ ਬਿੱਲੇ ਹੋਰੀਂ ਟਰਾਲੇ ਦੇ ਪਿੱਛੇ ਚੜ੍ਹਨ ਲੱਗੇ ਤਾਂ ਪੈਟਰੋਲ-ਪੰਪ ਵਾਲਾ ਗੋਰਾ ਉਹਨਾਂ ਨੂੰ ਦੇਖ ਕੇ ਮੁਸਕਰਾਈ ਜਾ ਰਿਹਾ ਸੀ। ਬਿੱਲੇ ਨੇ ਕੋਈ ਬਹੁਤਾ ਮਹਿਸੂਸ ਨਾ ਕੀਤਾ। ਉਹ ਉਸ ਨੂੰ ਹੱਥ ਚੁੱਕ ਕੇ ਟਰਾਲੇ ਵਿਚ ਵੜ ਗਿਆ। ਪਹਿਲੀ ਘਚੋਰ੍ਹ ਜਿਹੀ ਵਿਚ ਹੀ ਵੜ ਕੇ ਉਹ ਬੈਠ ਗਏ।
ਡਰਾਈਵਰ ਨੇ ਪਿਛਲਾ ਦਰਵਾਜਾ ਬੰਦ ਕੀਤਾ ਤਾਂ ਪੈਟਰੋਲ-ਪੰਪ ਵਾਲਾ ਗੋਰਾ ਟੈਲੀਫ਼ੋਨ ਨੂੰ ਚਿੰਬੜ ਗਿਆ। ਜਿਵੇਂ ਬਿੱਲੀ ਚੂਹੇ ਨੂੰ ਪੈਂਦੀ ਐ! ਟਰਾਲੇ ਦਾ ਨੰਬਰ ਉਸ ਨੇ ਨੋਟ ਕਰ ਲਿਆ ਸੀ।
ਪੂਰੇ ਸੱਤ ਵੱਜ ਚੁੱਕੇ ਸਨ।
ਜਦ ਆਸਟਰੀਆ ਤੋਂ ਜਰਮਨ ਵਿਚ ਦਾਖਲ ਹੋਏ ਤਾਂ ਜਰਮਨ ਬਾਰਡਰ-ਪੁਲੀਸ ਦੀਆਂ ਬੀ ਐੱਮ ਡਬਲਿਊ ਗੱਡੀਆਂ ਟਰਾਲੇ ਦੇ ਅੱਗੇ-ਪਿੱਛੇ ਆ ਲੱਗੀਆਂ। ਰੁਕਣ ਦਾ ਇਸ਼ਾਰਾ ਹੋ ਗਿਆ।
ਟਰਾਲਾ ਰੁਕਿਆ ਤਾਂ ਬਾਰਡਰ ਦੀ "ਸਪੈਸ਼ਲ-ਕਮਾਂਡੋ" ਬਾਂਦਰਾਂ ਵਾਂਗ ਟਰਾਲੇ ਵਿਚ ਆ ਚੜ੍ਹੀ।
ਬਿੱਲੇ ਅਤੇ ਦੂਜੇ ਲੜਕੇ ਹਨੀ ਨੂੰ, ਚੂਹੇ ਵਾਂਗ ਪੂਛੋਂ ਫੜ, ਬਾਹਰ ਕੱਢ ਲਿਆ। ਉਹਨਾਂ ਨੂੰ ਆਸਟਰੀਆ ਅਤੇ ਜਰਮਨ ਬਾਰਡਰ ਦੇ ਬਿਲਕੁਲ ਉਪਰ ਸਥਿੱਤ ਪੁਲੀਸ ਸਟੇਸ਼ਨ "ਪੀਡਿੰਗ" ਲਿਜਾਇਆ ਗਿਆ। ਉਹਨਾਂ ਦੇ ਹੱਥਾਂ ਦੇ ਨਿਸ਼ਾਨ ਅਤੇ ਫ਼ੋਟੋ ਲਏ ਗਏ। ਅਗਲੇ ਦਿਨ ਇਕ ਇੰਡੀਅਨ ਦੋਭਾਸ਼ੀਏ ਦੀ ਮੌਜੂਦਗੀ ਵਿਚ ਬਿਆਨ ਲੈ ਕੇ ਉਹਨਾਂ ਨੂੰ "ਬਾਦ-ਰਾਈਖ਼ਨਹਾਲ" ਸ਼ਹਿਰ ਦੇ ਇਲਾਕਾ ਮਜਿਸਟਰੇਟ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ।
ਇਲਾਕਾ ਮਜਿਸਟਰੇਟ ਨੇ ਵੀ ਹਿੰਦੋਸਤਾਨੀ ਦੋਭਾਸ਼ੀਏ ਦੀ ਮੌਜੂਦਗੀ ਵਿਚ ਬਿਆਨ ਲਏ।
-"ਤੁਸੀਂ ਆਸਟਰੀਆ ਵੱਲੋਂ ਜਰਮਨ ਦਾ ਬਾਰਡਰ ਪਾਰ ਕੀਤਾ-ਤੁਹਾਨੂੰ ਦੇਸ਼ਾਂ ਦੇ ਕਾਨੂੰਨ ਅਤੇ ਸੰਧੀ ਮੁਤਾਬਿਕ ਆਸਟਰੀਆ ਦੀ ਪੁਲੀਸ ਦੇ ਹਵਾਲੇ ਕੀਤਾ ਜਾਵੇਗਾ।" ਜੱਜ ਦਾ ਫ਼ੈਸਲਾ ਹਿੰਦੋਸਤਾਨੀ ਬੁਲਾਰੇ ਨੇ ਉਹਨਾਂ ਨੂੰ ਨਿਰੋਲ ਪੰਜਾਬੀ ਵਿਚ ਪੜ੍ਹ ਕੇ ਸੁਣਾਇਆ।
-"ਐਥੇ ਸਾਨੂੰ ਕਿੰਨੇ ਕੁ ਦਿਨ ਰੱਖਣਗੇ ਜੀ?" ਬਿੱਲੇ ਨੇ ਦੋਭਾਸ਼ੀਏ ਨੂੰ ਪੁੱਛਿਆ।
-"ਕਾਨੂੰਨੀ ਤੌਰ 'ਤੇ ਇਹ ਤੁਹਾਨੂੰ ਚਾਰ ਹਫ਼ਤੇ ਮਤਲਬ ਇਕ ਮਹੀਨਾ ਰੱਖ ਸਕਦੇ ਐ-ਪਰ ਇਕ ਮਹੀਨਾ ਇਹਨਾਂ ਨੇ ਤੁਹਾਨੂੰ ਰੱਖਣਾ ਨਹੀਂ-ਜਦੋਂ ਆਸਟਰੀਅਨ ਪੁਲੀਸ ਨੇ ਹਰੀ ਝੰਡੀ ਦੇ ਦਿੱਤੀ-ਇਹਨਾਂ ਨੇ ਇਕ-ਦੋ ਦਿਨਾਂ ਤੱਕ ਤੁਹਾਨੂੰ, ਉਹਨਾਂ ਨੂੰ ਦੇ ਦੇਣੈਂ-ਇਹ ਹੁਣ ਆਸਟਰੀਅਨ ਪੁਲੀਸ ਦੀ ਸਿਰਦਰਦੀ ਐ ਕਿ ਉਹ ਤੁਹਾਨੂੰ ਕਦੋਂ ਲੈਂਦੇ ਐ-ਜਿੰਨਾਂ ਚਿਰ ਤੁਹਾਨੂੰ ਆਸਟਰੀਅਨ ਪੁਲੀਸ ਵਾਪਿਸ ਨਹੀਂ ਲੈਂਦੀ-ਉਨਾਂ ਚਿਰ ਤੁਹਾਨੂੰ ਇਹਨਾਂ ਦੀ ਹਿਰਾਸਤ 'ਚ ਰਹਿਣਾ ਪੈਣੈਂ।" ਦੋਭਾਸ਼ੀਏ ਨੇ ਦੱਸਿਆ।
-"ਤੇ ਆਸਟਰੀਆ ਵਾਲੇ ਸਾਨੂੰ ਕਿੰਨਾਂ ਕੁ ਚਿਰ ਰੱਖਣਗੇ ਜੀ?"
-"ਕਾਨੂੰਨੀ ਤੌਰ 'ਤੇ ਉਹ ਤੁਹਾਨੂੰ ਛੇ ਮਹੀਨੇ ਤੱਕ ਰੱਖ ਸਕਦੇ ਐ।"
ਅਦਾਲਤ ਉਠ ਗਈ।
ਪੰਜਵੇਂ ਦਿਨ ਜਰਮਨ ਪੁਲੀਸ ਨੇ ਉਹਨਾਂ ਨੂੰ ਆਸਟਰੀਅਨ ਪੁਲੀਸ ਦੇ ਹਵਾਲੇ ਕਰ ਦਿੱਤਾ। ਉਥੇ ਵੀ ਉਹੀ ਵਿਵਹਾਰ ਹੋਇਆ, ਜੋ ਹਰ ਦੇਸ਼ ਵਿਚ ਹੁੰਦਾ ਆਇਆ ਸੀ। ਹੱਥਾਂ ਦੇ ਨਿਸ਼ਾਨ ਅਤੇ ਫ਼ੋਟੋ ਲਏ ਗਏ। ਨਾਂ, ਪਤਾ ਅਤੇ ਪੂਰਾ ਵੇਰਵਾ ਲਿਖਿਆ ਗਿਆ।
ਜਰਮਨ ਵਾਲਾ ਹਿੰਦੋਸਤਾਨੀ ਦੋਭਾਸ਼ੀਆ ਇੱਥੇ ਵੀ ਪਹੁੰਚਿਆ ਹੋਇਆ ਸੀ। ਉਹ ਜਰਮਨ ਅਤੇ ਆਸਟਰੀਅਨ ਪੁਲੀਸ ਦਾ ਸਾਂਝਾ ਬੰਦਾ ਸੀ। ਜਿੱਥੇ ਲੋੜ ਪੈਂਦੀ ਸੀ, ਬੁਲਾ ਲੈਂਦੇ ਸਨ। ਇਹ ਉਸ ਦਾ ਕਿੱਤਾ ਸੀ। ਡਿਊਟੀ ਸੀ।
ਬਿੱਲੇ ਅਤੇ ਹਨੀ ਦੇ ਬਿਆਨ ਹੋਏ।
ਬਿਆਨ ਲੈਣ ਤੋਂ ਬਾਅਦ ਉਹਨਾਂ ਦੀ ਖ਼ਹਿਸ਼ ਪੁੱਛੀ ਗਈ ਤਾਂ ਉਹਨਾਂ ਨੇ "ਸਟੇਅ" ਮੰਗ ਲਈ। ਉਹਨਾਂ ਤੋਂ 'ਸਟੇਅ' ਵਾਲੀ ਅਰਜ਼ੀ 'ਤੇ ਦਸਤਖ਼ਤ ਕਰਵਾ ਕੇ "ਪੁਲੀਸ-ਕਸਟੱਡੀ" ਵਿਚ ਭੇਜ ਦਿੱਤਾ ਗਿਆ। ਪ
ਪੂਰੇ ਅਠਾਰਵੇਂ ਦਿਨ ਉਹਨਾਂ ਨੂੰ "ਅਸਾਈਲਮ-ਆਫਿ਼ਸ" ਵਾਲਿਆਂ ਦਾ ਪੱਤਰ ਆ ਗਿਆ। ਇੰਟਰਵਿਊ ਵਾਸਤੇ ਬੁਲਾਇਆ ਗਿਆ ਸੀ।
ਅਗਲੇ ਦਿਨ ਬਿੱਲੇ ਦੀ ਅਤੇ ਉਸ ਤੋਂ ਅਗਲੇ ਦਿਨ ਹਨੀ ਦੀ ਇੰਟਰਵਿਊ ਸੀ।
ਪੁਲੀਸ ਵਾਲੇ ਬਿੱਲੇ ਦੀ ਇੰਟਰਵਿਊ ਦਿਵਾਉਣ ਲਈ ਲੈ ਗਏ। ਇੰਟਰਵਿਊ ਤਿੰਨ ਭਾਗਾਂ ਵਿਚ ਵੰਡੀ ਹੋਈ ਸੀ। ਨਿੱਜੀ ਵੇਰਵਾ, ਇੱਧਰ ਆਉਣ ਦਾ ਰੂਟ ਅਤੇ ਆਪਣਾ ਦੇਸ਼ ਛੱਡਣ ਦਾ ਮੁੱਖ ਕਾਰਨ?
ਦੋਭਾਸ਼ੀਏ ਦਾ ਕੰਮ ਇਕ ਹਿੰਦੀ ਬੋਲਦੀ ਲੜਕੀ ਕਰ ਰਹੀ ਸੀ।
ਬਿੱਲੇ ਨੇ ਨਿੱਜੀ-ਵੇਰਵੇ ਅਰਥਾਤ ਜਨਮ ਤਾਰੀਖ, ਨਾਂ ਅਤੇ ਐਡਰੈੱਸ ਤੋਂ ਬਾਅਦ ਆਪਣੇ ਆਪ ਨੂੰ "ਖਾੜਕੂ" ਦੱਸਿਆ।
ਉਸ ਨੇ ਲਿਖਾਇਆ ਕਿ ਉਹ ਖਾੜਕੂ ਸੀ। ਉਸ ਨੇ ਕਈ ਐਕਸ਼ਨਾਂ ਵਿਚ ਹਿੱਸਾ ਲਿਆ ਅਤੇ ਹੁਣ ਪੁਲੀਸ ਬੁਰੀ ਤਰ੍ਹਾਂ ਉਸ ਦੇ ਮਗਰ ਪਈ ਹੋਈ ਸੀ। ਉਸ ਨੂੰ ਪੁਲੀਸ ਤੋਂ ਖਤਰਾ ਸੀ। ਜੇਕਰ ਉਸ ਨੂੰ ਭਾਰਤ ਵਾਪਿਸ ਭੇਜਿਆ ਗਿਆ ਅਥਵਾ ਡਿਪੋਰਟ ਕੀਤਾ ਗਿਆ ਤਾਂ ਪੁਲੀਸ ਉਸ ਨੂੰ ਫ਼ਰਜ਼ੀ ਪੁਲੀਸ-ਮੁਕਾਬਲਾ ਬਣਾ ਕੇ ਮਾਰ ਦੇਵੇਗੀ! ਇਹਨਾਂ ਫ਼ਰਜ਼ੀ ਪੁਲੀਸ-ਮੁਕਾਬਲਿਆਂ ਵਿਚ ਪਹਿਲਾਂ ਵੀ ਬੜੇ 'ਮਿਲੀਟੈਂਟ' ਮਾਰੇ ਜਾ ਚੁੱਕੇ ਹਨ। ਪਰ ਉਹ ਆਪਣੀ ਜਾਨ ਬਚਾ ਕੇ ਬਾਹਰ ਆਉਣ ਵਿਚ ਸਫ਼ਲ ਹੋ ਗਿਆ।
ਇਸ ਗੱਲ ਦਾ ਸਬੂਤ ਉਸ ਕੋਲ ਕੋਈ ਨਹੀਂ ਸੀ ਕਿ ਉਹ ਵਾਕਿਆ ਹੀ ਮਿਲੀਟੈਂਟ ਸੀ ਜਾਂ ਉਸ ਨੇ ਕਿਸੇ ਖਾੜਕੂ-ਐਕਸ਼ਨ ਵਿਚ ਹਿੱਸਾ ਲਿਆ ਸੀ। ਪੁਲੀਸ ਦੀ ਕਿਸੇ ਐੱਫ਼ ਆਈ ਆਰ ਦੀ ਨਕਲ ਨਹੀਂ ਸੀ। ਸਰੀਰ 'ਤੇ ਕਿਸੇ ਤਸ਼ੱਦਦ ਦਾ ਨਿਸ਼ਾਨ ਨਹੀਂ ਸੀ। ਮੂੰਹੋਂ ਕੋਈ ਕੁਝ ਵੀ ਕਹਿ ਸਕਦਾ ਸੀ। ਮੂੰਹ-ਜੁਬਾਨੀ ਬਿਆਨਾਂ ਨੂੰ ਅਧਾਰ ਬਣਾ ਕੇ ਸਟੇਅ ਨਹੀਂ ਮਿਲ ਸਕਦੀ ਸੀ!
ਸਦਵੇਂ ਦਿਨ ਬਿੱਲੇ ਨੂੰ ਅਸਾਈਲਮ-ਆਫਿ਼ਸ ਵੱਲੋਂ "ਨੈਗੇਟਿਵ" ਫ਼ੈਸਲਾ ਆ ਗਿਆ। ਸ਼ਰਨਾਰਥੀ-ਦਫ਼ਤਰ ਨੇ ਉਸ ਨੂੰ 'ਸ਼ਰਣ' ਦੇਣ ਤੋਂ ਆਫ਼ ਇਨਕਾਰ ਕਰ ਦਿੱਤਾ ਸੀ। ਸਬੂਤਾਂ ਬਗੈਰ ਕੇਸ ਖੂਹ ਵਿਚ ਜਾ ਡਿੱਗਿਆ ਸੀ।
ਉਸ ਨੇ ਫ਼ੈਸਲੇ ਖਿ਼ਲਾਫ਼ ਅਪੀਲ ਕਰ ਦਿੱਤੀ।
ਕੰਮ ਲੰਮਾਂ ਪੈ ਗਿਆ।
ਹੋਰ ਇੰਡੀਅਨ ਮੁੰਡਿਆਂ ਦੀ ਦੇਖੋ-ਦੇਖੀ ਬਿੱਲੇ ਨੇ ਜੇਲ੍ਹ ਵਿਚ ਹੀ "ਭੁੱਖ-ਹੜਤਾਲ" ਕਰ ਦਿੱਤੀ। ਰਿਹਾਅ ਹੋਣ ਵਾਸਤੇ!
ਆਸਟਰੀਆ ਦੀ ਜੇਲ੍ਹ ਦਾ ਕਾਨੂੰਨ ਹੈ ਕਿ ਅਗਰ "ਜਾਹਲੀ-ਬੰਦਾ" ਇੱਕੀ ਦਿਨ ਦੀ ਭੁੱਖ-ਹੜਤਾਲ ਪੂਰੀ ਕਰ ਲੈਂਦਾ ਹੈ ਤਾਂ ਉਸ ਕੈਦੀ ਨੂੰ ਡਾਕਟਰ ਦੇ ਕਹਿਣ 'ਤੇ ਰਿਹਾਅ ਕਰ ਦਿੱਤਾ ਜਾਂਦਾ ਹੈ। ਕੈਦੀ ਦੀ ਜਾਨ ਦਾਅ 'ਤੇ ਲਾ ਕੇ ਜੇਲ੍ਹ ਕਰਮਚਾਰੀ ਆਪਣੇ ਕੈਰੀਅਰ ਨੂੰ ਖ਼ਤਰੇ ਵਿਚ ਨਹੀਂ ਪਾਉਂਦੇ! ਜਦੋਂ ਦਾ ਇਸ ਜੇਲ੍ਹ ਵਿਚ ਇਕ ਅਫ਼ਗਾਨਿਸਤਾਨੀ ਕੈਦੀ ਭੁੱਖ-ਹੜਤਾਲ ਕਰਕੇ ਮਰਿਆ ਸੀ, ਉਦੋਂ ਤੋਂ ਕਰਮਚਾਰੀ ਬੜੇ ਹੀ ਸੁਚੇਤ ਹੋ ਗਏ ਸਨ। ਕਿਉਂਕਿ ਮੀਡੀਆ ਨੇ ਇਸ ਬਾਰੇ ਬੜਾ ਧੂੰਆਂਧਾਰ ਪ੍ਰਚਾਰ ਕੀਤਾ ਸੀ ਅਤੇ ਜੇਲ੍ਹ ਕਰਮਚਾਰੀਆਂ ਦੀ ਬੜੀ ਹੀ ਮਿੱਟੀ ਪੁੱਟੀ ਸੀ।
ਉਸ ਅਫ਼ਗਾਨੀ ਦੇ ਕੇਸ ਕਰਕੇ ਸੁਪਰਡੈਂਟ-ਪੁਲੀਸ ਨੂੰ ਅਸਤੀਫ਼ਾ ਦੇਣਾ ਪਿਆ ਸੀ।
ਭੁੱਖ-ਹੜਤਾਲ ਕਾਰਨ ਬਿੱਲਾ ਹਫ਼ਤੇ ਬਾਅਦ ਹੀ ਬਿਮਾਰ ਪੈ ਗਿਆ। ਉਸ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ। ਡਾਕਟਰਾਂ ਨੇ ਉਸ ਨੂੰ ਸਾਂਭ ਲਿਆ। ਗੁਲੂਕੋਜ਼ ਅਤੇ ਟੀਕੇ ਲਾ ਕੇ ਕਾਇਮ ਕਰ ਦਿੱਤਾ ਅਤੇ ਫਿਰ ਜੇਲ੍ਹ ਭੇਜ ਦਿੱਤਾ।
ਡਾਕਟਰ ਦੀ ਪ੍ਰੇਰਨਾ ਸਦਕਾ ਉਹ ਫਿਰ ਖਾਣ-ਪੀਣ ਲੱਗ ਪਿਆ। ਇਸ ਜੇਲ੍ਹ ਵਿਚ ਉਸ ਨੇ ਅਪੀਲ ਹਰੀ ਹੋਣ ਤੱਕ ਰਹਿਣਾ ਹੀ ਰਹਿਣਾ ਸੀ! ਭੱਜ ਉਹ ਕਿਸੇ ਪਾਸੇ ਨਹੀਂ ਸਕਦਾ ਸੀ। ਡਾਕਟਰ ਅਨੁਸਾਰ ਉਹ ਥੋੜੀ-ਥੋੜੀ ਰੋਟੀ ਖਾਂਦਾ ਸੀ।
ਉਸ ਨੂੰ ਨਾਸ਼ਤੇ ਨਾਲ ਸੰਗਤਰਿਆਂ ਦਾ ਰਸ ਅਤੇ ਕੌਫ਼ੀ ਮਿਲਦੀ ਸੀ। ਦੁਪਿਹਰ ਦੇ ਖਾਣੇਂ ਵਿਚ ਮੀਟ ਅਤੇ ਉਬਲੇ ਆਲੂ ਮਿਲਦੇ ਸਨ ਅਤੇ ਸ਼ਾਮ ਨੂੰ ਫਿਰ ਰਸ ਅਤੇ ਦਹੀਂ ਮਿਲਦਾ ਸੀ।
ਇਕ ਹਫ਼ਤੇ ਬਾਅਦ ਉਸ ਨੂੰ ਆਮ ਖਾਣਾ ਮਿਲਣ ਲੱਗ ਪਿਆ। ਦੂਜੇ ਕੈਦੀਆਂ ਵਰਗਾ! ਸਵੇਰੇ ਮੱਖਣ ਨਾਲ ਨਾਸ਼ਤਾ, ਦੁਪਿਹਰੇ ਮੀਟ-ਚੌਲ ਅਤੇ ਰਾਤ ਨੂੰ ਸੂਪ, ਬਰੈੱਡ ਅਤੇ ਮੀਟ! ਫਿਰ ਪੈਣ ਲੱਗਿਆਂ ਉਹਨਾਂ ਨੂੰ ਫ਼ਰੂਟਾਂ ਵਾਲੀ ਚਾਹ ਜਾਂ ਦੁੱਧ ਦਿੱਤਾ ਜਾਂਦਾ।
ਅਪੀਲ ਕੀਤੀ ਹੋਈ ਸੀ।
ਪਰ ਅਪੀਲ ਨਿਕਲ ਨਹੀਂ ਰਹੀ ਸੀ!
ਉਹ ਸਾਰਾ ਦਿਨ ਜੇਲ੍ਹ ਵਿਚ ਬੋਰ ਹੁੰਦਾ ਰਹਿੰਦਾ। ਪਿਆ ਰਹਿੰਦਾ ਜਾਂ ਕੁਝ ਸੋਚਦਾ ਰਹਿੰਦਾ। ਉਹ ਕੈਦੀਆਂ ਨਾਲ ਸਿਰਫ਼ ਨਹਾਉਣ ਹੀ ਜਾਂਦਾ। ਸਾਰੇ ਕੈਦੀ ਫ਼ੁਆਰਿਆਂ ਹੇਠ ਅਲਫ਼-ਨੰਗੇ ਹੀ ਨਹਾਉਂਦੇ! ਇਕ ਵਰਾਂਡੇ ਜਿਹੇ ਵਿਚ ਫ਼ੁਆਰੇ ਲੱਗੇ ਹੋਏ ਸਨ।
ਇਕ ਦਿਨ ਉਸ ਦੇ ਦਿਲ ਵਿਚ ਪਤਾ ਨਹੀਂ ਕੀ ਆਇਆ? ਉਸ ਨੇ ਨਾਸ਼ਤੇ ਵੇਲੇ ਕੰਟੀਨ ਵਿਚੋਂ ਇਕ ਟੈਲੀਫ਼ੋਨ ਕਾਰਡ ਖਰੀਦ ਲਿਆ। ਨਾ ਚਾਹੁੰਦਿਆਂ ਵੀ ਉਸ ਨੇ ਡਾਕਟਰ ਭਜਨ ਦੇ ਕਲੀਨਿਕ 'ਤੇ ਬੱਬੂ ਨੂੰ ਫ਼ੋਨ ਮਿਲਾ ਲਿਆ। ਉਸ ਦਾ ਦਿਲ ਕੱਲ੍ਹ ਦਾ ਹੀ ਖੁੱਸੀ ਜਾ ਰਿਹਾ ਸੀ।
-"ਹਾਂ ਬੱਬੂ-ਕੀ ਹਾਲ ਐ? ਮੈਂ ਬਿੱਲਾ ਬੋਲਦੈਂ!"
-"ਕਿੱਥੋਂ ਬੋਲਦੈਂ?" ਬੱਬੂ ਨੇ ਪੁੱਛਿਆ।
-"ਆਸਟਰੀਆ ਦੀ ਜੇਲ੍ਹ 'ਚੋਂ-ਪਰ ਘਰੇ ਨਾ ਦੱਸੀਂ-ਮੈਂ ਬਹੁਤ ਤੰਗ ਐਂ ਯਾਰ!"
-"ਹੁਣ ਤੂੰ ਤੰਗ ਰਹਿ ਚਾਹੇ ਖੁਸ਼-ਜਿੱਥੇ ਮਰਜੀ ਐ ਰਹਿ-ਸੀਤਲ ਤਾਂ ਕੱਲ੍ਹ ਤੁਰ ਗਈ।" ਬੱਬੂ ਨੇ ਦੱਸਿਆ ਤਾਂ ਬਿੱਲੇ ਹੱਥੋਂ ਟੈਲੀਫ਼ੋਨ ਡਿੱਗਣ ਵਾਲਾ ਹੋ ਗਿਆ!
-"ਕਿੱਥੇ?" ਉਸ ਦੇ ਸਿਰ ਵਿਚ ਭੰਮੀਰੀਆਂ ਘੁਕੀ ਜਾ ਰਹੀਆਂ ਸਨ।
-"ਕੱਲ੍ਹ ਉਹਦਾ ਵਿਆਹ ਹੋ ਗਿਆ-ਬਿੱਲਿਆ! ਜਿੰਨੀ ਉਹਨੇ ਤੇਰੇ ਵਿਯੋਗ 'ਚ ਤੰਗੀ ਕੱਟੀ ਐ-ਕਿਸੇ ਨੇ ਨਹੀਂ ਕੱਟੀ ਹੋਣੀਂ-ਉਹਨੂੰ ਦੁਖੀ ਕਰਕੇ ਬਿੱਲਿਆ ਤੂੰ ਸਾਰੀ ਉਮਰ ਸੁਖ ਨਹੀਂ ਪਾਵੇਂਗਾ-ਸੀਤਲ ਤਾਂ ਵਿਆਹ ਕਰਵਾਉਂਦੀ ਨ੍ਹੀ ਸੀ-ਪਰ ਉਹਦੀ ਬੇਬੇ ਤੇ ਚਾਚੇ ਨੇ-।"
ਬਿੱਲੇ ਨੇ ਫ਼ੋਨ ਰੱਖ ਦਿੱਤਾ।
ਹੋਰ ਸੁਣਨ ਲਈ ਉਸ ਵਿਚ ਤਾਕਤ ਨਹੀਂ ਰਹੀ ਸੀ। ਉਸ ਦੇ ਸਰੀਰ ਦੀ ਸੱਤਿਆ ਮੁੱਕ ਚੁੱਕੀ ਸੀ। ਲੱਤਾਂ 'ਝਰਨ-ਝਰਨ' ਕਰੀ ਜਾ ਰਹੀਆਂ ਸਨ।
ਉਹ ਪੈਰ ਜਿਹੇ ਘੜੀਸਦਾ ਆਪਣੇ "ਸੈੱਲ" ਵਿਚ ਪਹੁੰਚ ਗਿਆ। ਉਸ ਦੀ ਰਹਿੰਦੀ-ਖੂੰਹਦੀ ਦੁਨੀਆਂ ਵੀ ਲੁੱਟੀ ਜਾ ਚੁੱਕੀ ਸੀ! ਕੱਖ ਪੱਲੇ ਨਹੀਂ ਰਿਹਾ ਸੀ! ਨਾਲੇ ਰੰਨ ਗਈ - ਨਾਲੇ ਕੰਨ ਪਾਟੇ - ਰਾਂਝੇ ਦੱਸ ਪਿਆਰ 'ਚੋਂ ਖੱਟਿਆ ਕੀ? ਉਸ ਦਾ ਸਾਰਾ ਸੰਸਾਰ ਹੀ ਉੱਜੜ ਗਿਆ ਸੀ।
ਉਸ ਨੇ ਦੁਪਿਹਰੇ ਨਾ ਰਾਤ ਨੂੰ ਖਾਣਾ ਖਾਧਾ।
ਰਾਤ ਨੂੰ ਉਸ ਨੇ ਜੇਲ੍ਹ ਕਰਮਚਾਰੀ ਕੋਲੋਂ ਇਕ ਪੈੱਨ ਅਤੇ ਕਾਗਜ਼ ਮੰਗਿਆ, ਜੋ ਤੁਰੰਤ ਮਿਲ ਗਿਆ।
ਉਸ ਬੇਸੁਰਤੇ ਜਿਹੇ ਨੇ ਪਤਾ ਨਹੀਂ ਕੀ ਲਿਖਣਾ ਸ਼ੁਰੂ ਕਰ ਦਿੱਤਾ? ਭਾਵੇਂ ਉਸ ਨੂੰ ਕੁਝ ਲਿਖਣਾ ਨਹੀਂ ਆਉਂਦਾ ਸੀ। ਪਰ ਦਿਲ ਦੀਆਂ ਭਾਵਨਾਵਾਂ ਦੇ ਟੁਕੜੇ ਉਸ ਨੇ ਕਾਗਜ਼ 'ਤੇ ਵਾਹੁੰਣੇ ਸ਼ੁਰੂ ਕਰ ਦਿੱਤੇ।
-"ਮੈਂ ਜਦੋਂ ਕਦੇ ਵੀ 'ਉਸ' ਨੂੰ ਯਾਦ ਕਰਦਾ ਹਾਂ ਤਾਂ ਮੇਰੀਆਂ ਅੱਖਾਂ ਵਹਿ ਤੁਰਦੀਆਂ ਹਨ। ਮੇਰੀ ਜਿ਼ੰਦਗੀ ਵਿਚ ਉਸ ਦਾ ਆਉਣਾ ਇਕ ਮਹਿਜ਼ ਇਤਫ਼ਾਕ ਹੀ ਸੀ। ਉਸ ਨੂੰ ਮੈਂ ਹਵਾ ਦਾ ਝੌਂਕਾ ਕਹਾਂ? ਵਕਤ ਦੀ ਆਰਜੂ? ਸਾਹਾਂ ਦੀ ਖੁਸ਼ਬੂ? ਜਾਂ ਫਿਰ ਦਿਲ ਦੀ ਧੜਕਣ? ਪਰ ਹਾਂ, ਇਹ ਅਵੱਸ਼ ਹੈ ਕਿ ਮੇਰੀ ਇਹ ਬੇਜਾਨ ਕਲਮ ਵੀ, ਉਸ ਵਕਤ ਦੀ ਅਤੇ 'ਉਸ' ਦੀ ਤਾਰੀਫ਼ ਕਰਦੀ ਹੋਈ, ਆਪਣੇ ਮੁਕੱਦਰ ਦੀ ਬੁਲੰਦੀ 'ਤੇ ਨਾਜ਼ ਕਰਦੀ ਹੋਵੇਗੀ!"
-"ਮੈਂ ਜਦੋਂ ਉਸ ਨੂੰ ਪਹਿਲੀ ਵਾਰ ਦੇਖਿਆ ਤਾਂ ਉਹ ਮੇਰੀਆਂ ਅੱਖਾਂ ਰਾਹੀਂ ਹੀ ਮੇਰੇ ਦਿਲ ਦੀ ਸਰਜ਼ਮੀਂ 'ਤੇ ਉੱਤਰ ਗਈ, ਕਿਸੇ ਪਰੀ ਵਾਂਗ!"
-"ਉਹ ਮੈਨੂੰ ਰੂਹ ਤੋਂ ਪਿਆਰ ਕਰਦੀ ਸੀ। ਆਤਮਾ ਤੋਂ ਚਾਹੁੰਦੀ ਸੀ। ਸਾਹਾਂ ਵਿਚ ਸਾਹ ਲੈਂਦੀ ਸੀ। ਮੇਰਾ ਦਿਲ ਉਸ ਦੇ ਦਿਲ ਦਾ ਹਾਣੀ ਬਣ ਗਿਆ ਸੀ। ਦੋਨੋਂ ਰੂਹਾਂ ਇਕ ਆਤਮਾ ਹੋ ਨਿੱਬੜੀਆਂ ਸਨ!"
-"ਦੋ ਰੂਹਾਂ ਦੇ ਮਿਲਾਪ ਸਦਕਾ ਸਮਾਂ ਪਲ ਬਣ ਬੀਤ ਗਿਆ। ਅਸੀਂ ਅੱਖਾਂ ਰਾਹੀਂ ਇਕ-ਦੂਜੇ ਦੀਆਂ ਘੁੱਟਾਂ ਭਰਦੇ ਰਹਿੰਦੇ। ਇਕ-ਦੂਜੇ ਨੂੰ ਪੀਂਦੇ ਰਹਿੰਦੇ!"
-"ਫਿਰ---!"
-"ਫਿਰ, ਇਕ ਦਿਨ ਮੈਂ ਉਸ ਨੂੰ ਬਿਨਾ ਦੱਸੇ ਹੀ 'ਬਾਹਰ' ਆ ਗਿਆ----!"
-"ਫਿਰ ਬਾਅਦ ਵਿਚ ਮੈਨੂੰ ਪਤਾ ਲੱਗਿਆ ਕਿ ਪਾਰਕ ਵਿਚ ਕੀਤੇ ਵਾਅਦੇ ਚਕਨਾਚੂਰ ਹੋ ਚੁੱਕੇ ਸਨ। ਪਿਆਰ ਦਾ ਬਾਗ ਉੱਜੜ ਗਿਆ ਸੀ। ਭਾਵਨਾਵਾਂ ਮਿੱਧੀਆਂ ਜਾ ਚੁੱਕੀਆਂ ਸਨ। ਇੱਛਾਵਾਂ ਦਾ ਗਲਾ ਦਬਾ ਦਿੱਤਾ ਗਿਆ ਸੀ। ਆਤਮਾਵਾਂ ਪ੍ਰੇਮ ਪੱਖੋਂ ਲਾਵਾਰਿਸ ਹੋ ਗਈਆਂ ਸਨ। ਰੂਹਾਂ ਦੇ ਰੱਬੀ-ਸੰਜੋਗ ਟੁੱਟ ਚੁੱਕੇ ਸਨ!"
-"ਉਹ ਕਿਸੇ ਦੇ ਹੁਸੀਨ ਸੁਪਨਿਆਂ ਦੀ ਦੁਲਹਨ ਬਣ ਗਈ ਸੀ---! ਉਸ ਦੇ ਮਾਲੂਕੜੇ ਪੈਰ ਕਿਸੇ ਦੀ ਸਰਦਲ ਦੀ ਜ਼ੀਨਤ ਬਣ ਗਏ ਸਨ--!"
-"ਉਹ ਹਮੇਸ਼ਾ ਲਈ ਮੇਰੇ ਤੋਂ ਦੂਰ ਹੋ ਗਈ ਸੀ--! ਪਰ, ਸਿਰਫ਼ ਅੱਖੀਆਂ ਤੋਂ ਦੂਰ! ਦਿਲ ਤੋਂ ਦੂਰ ਨਹੀਂ--!"
-"ਉਹ ਆਪਣੇ ਉਚੇ-ਸੁੱਚੇ ਮਿਆਰ ਦੀ ਅਜਿਹੀ ਜੋਤ ਮੇਰੀਆਂ ਯਾਦਾਂ ਵਿਚ ਛੱਡ ਗਈ, ਜਿਹੜੀ ਅੱਜ ਵੀ ਮੇਰੇ ਦਿਲ ਦੀ ਚਾਹਤ ਅਤੇ ਵਫ਼ਾ ਦਾ ਪੈਗ਼ਾਮ ਦੇ ਰਹੀ ਹੈ। ਉਸ ਦੇ ਤੁਰ ਜਾਣ ਤੋਂ ਬਾਅਦ, ਮੈਂ ਆਪਣੀਆਂ ਤਮਾਮ ਹਸਰਤਾਂ ਨੂੰ, ਉਸ ਦੀਆਂ ਯਾਦਾਂ ਦੇ ਨਾਲ, ਆਪਣੇ ਦੋਫ਼ਾੜ ਹੋਏ ਦਿਲ ਦੇ ਕੋਨੇ ਵਿਚ ਦਫ਼ਨ ਕਰ ਦਿੱਤਾ। ਸ਼ਾਇਦ 'ਉਹ' ਇਹ ਨਹੀਂ ਜਾਣਦੀ ਕਿ ਅੱਜ ਤੱਕ ਉਸ ਦੇ ਬਗੈਰ, ਆਪਣੇ ਦਿਲ ਨੂੰ ਕਿਵੇਂ ਫ਼ੋਕੀਆਂ ਤਸੱਲੀਆਂ ਦਿੰਦਾ ਹੋਇਆ, ਪਲ-ਪਲ ਮਰਿਆ ਹਾਂ!"
-"ਕੁਝ ਅਰਸੇ ਵਿਚ ਹੀ ਉਸ ਨੇ ਆਪਣੇ ਜਜ਼ਬਾਤਾਂ ਅਤੇ ਭਾਵਨਾਵਾਂ ਦੇ ਕੁਝ ਐਸੇ ਦੀਪ ਮੇਰੇ ਦਿਲ ਵਿਚ ਬਾਲ ਦਿੱਤੇ, ਜਿਹਨਾਂ ਨੂੰ ਅੱਜ ਤੱਕ, ਮਨਹੂਸ ਸਮੇਂ ਦੀ ਬੇਰਹਿਮ ਹਨ੍ਹੇਰੀ ਵੀ ਬੁਝਾਉਣ ਵਿਚ ਕਾਮਯਾਬ ਨਹੀਂ ਹੋ ਸਕੀ!"
-"ਪਤਾ ਨਹੀਂ ਕਿਉਂ? ਉਸ ਦੀਆਂ ਯਾਦਾਂ, ਉਸ ਦਾ ਤਸੱਵਰ, ਉਸ ਦਾ ਖਿਆਲ, ਜਿ਼ੰਦਗੀ ਦੇ ਹਰ ਮੋੜ 'ਤੇ ਮੇਰੇ ਨਾਲ-ਨਾਲ ਤੁਰਦਾ ਹੈ, ਨਾਲ-ਨਾਲ ਰਹਿੰਦਾ ਹੈ, ਸਾਥ-ਸਾਥ ਨਿਭਦਾ ਹੈ!"
-"ਉਸ ਦੀ ਨਿੱਘੀ-ਹੁਸੀਨ ਬੁੱਕਲ ਨੇ ਮੈਨੂੰ ਇਹ ਹੀ ਸਿਖਾਇਆ ਹੈ ਕਿ ਦਿਲ, ਸਮਾਜ ਦੇ ਰਸਮਾਂ-ਰਿਵਾਜਾਂ ਨੂੰ 'ਟਿੱਚ' ਜਾਣਦਾ ਹੈ! ਊਚ-ਨੀਚ ਦਾ ਭੇਦ-ਭਰਮ ਖ਼ਤਮ ਹੋ ਜਾਂਦਾ ਹੈ। ਦਿਲ ਸਿਰਫ਼ ਪ੍ਰੇਮ-ਭਾਸ਼ਾ ਹੀ ਸਮਝਦਾ ਹੈ ਅਤੇ ਉੱਤਰ ਵੀ ਉਸੀ ਭਾਸ਼ਾ ਵਿਚ ਮੰਗਦਾ ਹੈ---!"
ਉਸ ਨੂੰ ਪਤਾ ਹੀ ਨਾ ਲੱਗਿਆ ਕਿ ਕਦੋਂ ਰਾਤ ਬੀਤ ਗਈ? ਕਦੋਂ ਦਿਨ ਚੜ੍ਹ ਗਿਆ?
ਰਾਤ ਉਸ ਦੀ ਪੁਰਾਣੀਆਂ ਯਾਦਾਂ ਅਤੇ ਅੱਖਾਂ ਵਿਚ ਹੀ ਗੁਜਰ ਗਈ ਸੀ!


ਬਾਕੀ ਅਗਲੇ ਹਫ਼ਤੇ.....