ਤਰਕਸ਼ ਟੰਗਿਆ ਜੰਡ (ਕਾਂਡ 15)

ਤਿੰਨੇ ਟਰਾਲੇ ਗੂੜ੍ਹੀ ਰਾਤ ਵਿਚ ਸਾਇਪਰੱਸ ਦੇ "ਸੀ-ਪੋਰਟ" 'ਤੇ ਪਹੁੰਚ ਗਏ।
ਉਥੇ ਇਕ ਸਿ਼ੱਪ ਖੜ੍ਹਾ ਸੀ।
ਏਜੰਟਾਂ ਨੇ "ਆਈਦੇ-ਆਈਦੇ" ਕਰਦਿਆਂ ਸਾਰੇ ਮੁੰਡਿਆਂ ਨੂੰ ਕੱਟਿਆਂ ਵਾਂਗ ਸਿੱ਼ਪ ਵਿਚ ਵਾੜ ਦਿੱਤਾ। ਵਿੱਚੇ ਹੀ ਮਨਜੀਤ ਸੀ। ਹੁਣ ਉਸ ਦਾ ਦਿਲ ਕੁਝ ਟਿਕਿਆ ਹੋਇਆ ਸੀ। ਉਹ ਪੰਜਾਬੀ ਭਰਾਵਾਂ ਵਿਚ ਬੈਠੀ ਸੀ। ਪੰਜਾਬੀ ਭਰਾ ਉਸ ਦੀ 'ਵਾੜ' ਸਨ। ਹੁਣ ਉਸ ਨੂੰ ਕੋਈ 'ਖਰੂਦੀ-ਸਾਹਣ' ਉਜਾੜ ਨਹੀਂ ਸਕਦਾ ਸੀ। ਹੁਣ ਉਸ ਦੇ ਤਨ-ਜਿਸਮ ਦੀ ਫ਼ਸਲ ਸੁਰੱਖਿਅਤ ਸੀ। ਕੋਈ ਖਤਰਾ ਨਹੀਂ ਸੀ।
ਬਿੱਲੇ ਹੋਰਾਂ ਸਮੇਤ ਸਿੱਪ ਵਿਚ ਕੋਈ ਪੰਜ ਸੌ ਮੁੰਡਾ ਇਕੱਠਾ ਹੋ ਗਿਆ ਸੀ।
ਸਵੇਰ ਹੋਣ ਸਾਰ ਜਦੋਂ ਸਾਰੇ ਉਪਰ ਰੋਟੀ ਖਾਣ ਲਈ ਗਏ ਤਾਂ ਖਾਣਾ ਦੇਖ ਕੇ ਬਿੱਲੇ ਦਾ ਮਨ ਕਿਰਕ ਗਿਆ। ਬਗੈਰ ਲੂਣ-ਮਿਰਚ ਤੋਂ ਉਬਾਲੇ ਹੋਏ ਬਤਾਊਂ ਸਨ ਅਤੇ ਨਾਲ ਅੱਧ-ਪੱਕੇ ਚੌਲ ਸਨ। ਚੌਲਾਂ ਉਪਰ ਅੱਧ-ਕੱਚੇ ਬਤਾਊਂ ਬਿੱਲੇ ਨੂੰ ਮਰੇ ਚੂਹਿਆਂ ਵਰਗੇ ਜਾਪੇ। ਘੂਰਦੇ ਜਿਹੇ!
ਬਿੱਲੇ ਨੇ ਰੋਟੀ ਨਾ ਖਾਧੀ।
ਉਸੀ ਤਰ੍ਹਾਂ ਹੀ ਹੇਠਾਂ ਉਤਰ ਆਇਆ।
ਚਾਰ ਦਿਨ ਇਹ ਹੀ ਹਾਲ ਰਿਹਾ।
ਸਿ਼ੱਪ ਤੁਰ ਨਹੀਂ ਰਿਹਾ ਸੀ।
ਬਿੱਲੇ ਦਾ ਦਿਲ ਵਾਰ-ਵਾਰ ਵਾਪਿਸ ਮੁੜਨ ਨੂੰ ਕਰਦਾ ਸੀ। ਪਰ ਗਿੱਦੜਮਾਰਾਂ ਵਿਚ ਘਿਰੇ ਹੋਏ ਬਾਹਰਲੇ ਬਿੱਲੇ ਵਾਂਗ ਮਜਬੂਰ ਸੀ। ਨਾ ਉਸ ਕੋਲ ਟਿਕਟ ਸੀ ਅਤੇ ਨਾ ਹੀ ਪਾਸਪੋਰਟ।
ਸਿਰਫ਼ ਜੈਬੇ ਦਾ ਦਿੱਤਾ ਦੋ ਰੁਪਏ ਦਾ ਨੋਟ ਅਤੇ ਅਤੇ ਬਾਪੂ ਵਾਲਾ ਪੰਜਾਹਾਂ ਦਾ ਨੋਟ ਹੀ ਕੋਲ ਰਹਿ ਗਿਆ ਸੀ। ਜਿਹੜੇ ਉਸ ਨੇ ਬੜੀ ਅਮਾਨਤ ਵਾਂਗ ਸਾਂਭੇ ਹੋਏ ਸਨ- ਲਕੋ-ਛੁਪਾ ਕੇ!
ਇਹਨਾਂ ਦੋਹਾਂ ਨੋਟਾਂ ਦਾ ਉਸ ਨੂੰ ਬੜਾ ਹੀ ਆਸਰਾ ਸੀ। ਕਿਸੇ ਰੱਬੀ ਦਾਤ ਵਾਂਗ!
ਉਹ ਸਿ਼ੱਪ 'ਤੇ ਦਿਨ-ਕਟੀ ਜਿਹੀ ਕਰ ਰਹੇ ਸਨ। ਸਵੇਰੇ ਜਿਹੜੀ ਚਾਹ ਮਿਲਦੀ ਸੀ,ਉਸ ਵਿਚ ਨਾ ਦੁੱਧ ਅਤੇ ਨਾ ਹੀ ਮਿੱਠਾ ਹੁੰਦਾ। ਕਾਹਵੇ ਵਰਗੀ ਚਾਹ ਨਾਲ ਸਾਰੇ ਜਿਸਮ 'ਤੇ ਖੁਰਕ ਹੁੰਦੀ ਰਹਿੰਦੀ।
ਸਿ਼ੱਪ ਉਪਰ ਇਕ ਕੰਟੀਨ ਸੀ।
ਪਰ ਪੈਸਾ ਕਿਸੇ ਕੋਲ ਨਹੀਂ ਸੀ।
ਜਿਸ ਕੋਲ ਕੋਈ ਡਾਲਰ ਸੀ, ਉਹ ਉਸ ਨੇ ਨਜਾਇਜ ਹਥਿਆਰ ਵਾਂਗ ਛੁਪਾਅ ਕੇ ਰੱਖਿਆ ਹੋਇਆ ਸੀ। ਪਤਾ ਲੱਗਣ 'ਤੇ ਬਘਿਆੜਾਂ ਨੇ ਝਬੁੱਟ ਮਾਰ ਲੈਣੀ ਸੀ। ਖੋਹ-ਖਿੰਝ ਲੈਣਾ ਸੀ।
ਕੁਦਰਤੀਂ, ਖਾਣਾ ਵਰਤਾਉਣ ਵਾਲਾ ਬੰਦਾ ਬਿੱਲੇ ਦੇ ਨਾਨਕਿਆਂ ਵੱਲ ਦਾ ਨਿਕਲ ਆਇਆ। ਬਿੱਲਾ ਉਸ ਅੱਧਖੜ੍ਹ, ਪਰ ਚੰਗੇ ਆਦਮੀ ਨੂੰ 'ਮਾਮਾ' ਆਖ ਕੇ ਬੁਲਾਉਣ ਲੱਗ ਪਿਆ।
ਪੂਰੇ ਪੰਜ ਦਿਨ ਕੁਝ ਵੀ ਨਾ ਖਾਣ ਕਾਰਨ ਬਿੱਲਾ ਬਿਮਾਰ ਹੋ ਗਿਆ। 'ਮਾਮੇ' ਨੇ ਉਸ ਨੂੰ ਬਰੈੱਡ ਅਤੇ ਕੋਕਾ ਕੋਲਾ ਲਿਆ ਕੇ ਦਿੱਤਾ। ਵਧਿਆ ਸਬਜ਼ੀ ਬਣਾ ਕੇ ਦਿੱਤੀ। ਦੋ ਡੰਗ ਰੋਟੀ ਖਾਣ ਨਾਲ ਉਸ ਦੇ ਅੰਦਰ ਕੁਝ 'ਕਲਾਸ' ਹੋਇਆ।
ਮਨਜੀਤ ਵੀ ਪੂਰੀ ਤਰ੍ਹਾਂ ਸੰਭਲ ਚੁੱਕੀ ਸੀ।
ਪਰ ਕਦੇ-ਕਦੇ ਪੁਰਾਣੀਆਂ ਘਟਨਾਵਾਂ ਯਾਦ ਕਰ-ਕਰ ਉਸ ਨੂੰ ਉਲਟੀ ਜਿਹੀ ਆਉਂਦੀ। ਹਬਸ਼ੀ ਦੀ ਮੂੰਹ ਵਿਚ ਡਿੱਗੀ ਜਿਲਬ ਉਹ ਕਦੇ ਵੀ ਨਾ ਭੁਲਾ ਪਾਉਂਦੀ। ਉਸ ਨੂੰ ਬੁਰੀ ਤਰ੍ਹਾਂ ਕਚਿਆਣ ਜਿਹੀ ਆਉਣ ਲੱਗਦੀ। ਉਹ ਅਵੱਤ ਜਿਹੇ ਲੈ ਕੇ ਮਨ ਹਲਕਾ ਕਰ ਲੈਂਦੀ।
ਪੂਰੇ ਇੱਕ ਹਫ਼ਤੇ ਬਾਅਦ ਸਿ਼ੱਪ ਤੁਰਿਆ ਤਾਂ ਸਾਰਿਆਂ ਨੇ ਗੁਰੂ ਦਾ ਸ਼ੁਕਰਾਨਾ ਕੀਤਾ।
ਪੂਰੀਆਂ ਤਿੰਨ ਰਾਤਾਂ ਅਤੇ ਦੋ ਦਿਨ ਸਿ਼ੱਪ ਚੱਲਦਾ ਰਿਹਾ।
ਇਕ ਰਾਤ ਸਿ਼ੱਪ ਸਮੁੰਦਰ ਵਿਚ ਹੀ ਰੁਕ ਗਿਆ। ਕਾਰਨ ਦਾ ਕਿਸੇ ਨੂੰ ਵੀ ਪਤਾ ਨਹੀਂ ਸੀ। ਸਾਰੇ ਇਕ ਦੂਜੇ ਵੱਲ ਭਮੱਤਰੇ ਜਿਹੇ ਝਾਕ ਰਹੇ ਸਨ। ਘੁੱਟਾਂਬਾਟੀ ਤੱਕ ਰਹੇ ਸਨ।
ਦੋ ਕੁ ਘੰਟੇ ਬਾਅਦ ਇਕ ਸਿ਼ੱਪ ਹੋਰ ਆ ਗਿਆ। ਸਿ਼ੱਪ ਨਾਲ ਸਿ਼ੱਪ ਰੱਸੇ ਪਾ ਕੇ ਬੰਨ੍ਹਿਆਂ। ਦੋਨੋਂ ਸਿ਼ੱਪ ਬਰਾਬਰ-ਬਰਾਬਰ ਹੋ ਗਏ।
ਸਮੁੰਦਰ ਦਾ ਮੌਸਮ ਬਹੁਤ ਖਰਾਬ ਸੀ।
ਦੂਰੋਂ ਪ੍ਰੇਤ ਵਾਂਗ ਆਉਂਦੀਆਂ ਲਹਿਰਾਂ ਦਿਲ ਕੱਢਦੀਆਂ ਸਨ। ਦੂਰ-ਦੂਰ ਤੱਕ ਘੁੱਪ ਹਨ੍ਹੇਰਾ ਸੀ।
ਬੱਸ! ਮਾੜਾ ਮੋਟਾ ਸਿ਼ੱਪਾਂ ਦੀਆਂ ਲਾਈਟਾਂ ਦਾ ਹੀ ਚਾਨਣ ਦਿਲ ਧਰਵਾ ਰਿਹਾ ਸੀ।
ਤਕਰੀਬਨ ਪੰਜ ਸੌ ਦਾ ਪੰਜ ਸੌ ਮੁੰਡਾ ਹੀ ਸਾਈਡਾਂ ਟਪਾ ਕੇ ਦੂਸਰੇ ਸਿ਼ੱਪ ਵਿਚ ਵੜਦਾ ਕਰ ਦਿੱਤਾ। ਬਿਜਲੀ ਕੜਕ ਰਹੀ ਸੀ। ਸਮੁੰਦਰ ਗਰਜ ਰਿਹਾ ਸੀ।
ਇਹ ਸਿ਼ੱਪ ਜੰਗਾਲ ਦਾ ਇਤਨਾ ਖਾਧਾ ਹੋਇਆ ਸੀ ਕਿ ਜਦੋਂ ਆਉਂਦੀਆਂ ਲਹਿਰਾਂ ਨਾਲ ਹਿੱਲਦਾ ਸੀ ਤਾਂ ਜੰਗਾਲ ਦੇ ਖਲੇਪੜ ਡਿੱਗਦੇ ਸਨ। ਜਿਵੇਂ ਪੁਰਾਣੀ ਕੰਧ ਦੇ ਲਿਉੜ ਡਿੱਗਦੇ ਐ!
ਜਦੋਂ ਸਮੁੰਦਰ ਦਾ ਮੌਸਮ ਖਰਾਬ ਹੋਣ ਕਾਰਨ ਸਿ਼ੱਪ ਡਾਵਾਂਡੋਲ ਹੋ ਜਾਂਦਾ ਤਾਂ ਸਾਰੇ ਮੁੰਡਿਆਂ ਦੀ ਜਾਨ 'ਕਿਰ-ਕਿਰ' ਪੈਂਦੀ। ਦਿਲ 'ਸਹਿ-ਸਹਿ' ਕਰਦਾ।
-"ਬਾਈ ਸਿਰੇ ਲੱਗਾਂਗੇ ਕਿ ਨਹੀਂ?" ਬਿੱਲੇ ਨੇ ਜਰਨੈਲ ਸਿੰਘ ਨੂੰ ਪੁੱਛਿਆ।
-"ਜੋ ਗੁਰੂ ਨੂੰ ਮਨਜੂਰ ਐ-ਮਿੱਤਰਾ ਹੋ ਕੇ ਰਹਿਣੈਂ-ਰੱਬ-ਰੱਬ ਕਰੋ!" ਬਾਈ ਨੇ ਉਚੀ ਅਵਾਜ਼ ਵਿਚ ਕਿਹਾ।
ਇਸ ਸਿ਼ੱਪ ਵਿਚ ਉਹ ਤਕਰੀਬਨ ਤਿੰਨ ਹਫ਼ਤੇ ਰਹੇ। ਉਹ ਹਰ ਰੋਜ ਹੀ ਸ਼ਾਮ ਨੂੰ ਪਾਠ ਕਰਦੇ। ਅਰਦਾਸਾਂ ਕਰਦੇ। ਸ਼ਬਦ ਗਾਇਨ ਕਰਦੇ।
ਵੱਖੋ-ਵੱਖਰੇ ਮਜ਼ਹਬਾਂ-ਧਰਮਾਂ ਦੇ ਮੁੰਡੇ ਆਪਣੇ-ਆਪਣੇ ਅੱਲਾਹ, ਵਾਹਿਗੁਰੂ, ਰਾਮ ਨੂੰ ਧਿਆਉਂਦੇ ਸਨ। ਦੇਵੀ-ਦੇਵਤਿਆਂ ਦੀ ਉਪਾਸਨਾ ਕੀਤੀ ਜਾਂਦੀ ਸੀ। ਮੱਥੇ ਰਗੜੇ ਜਾਂਦੇ ਸਨ।
ਇਸ ਸਿ਼ੱਪ ਵਿਚ ਤਿੰਨ ਟਾਈਮ ਖਾਣਾ ਮਿਲਦਾ ਸੀ। ਦਾਲ ਅਤੇ ਚੌਲ! ਕਿਸੇ-ਕਿਸੇ ਦਿਨ ਉਹਨਾਂ ਨੂੰ ਸਿਰਫ਼ ਮੂੰਗੀ-ਮਸਰਾਂ ਦੀ ਦਾਲ ਉਪਰ ਹੀ ਗੁਜ਼ਾਰਾ ਕਰਨਾ ਪੈਂਦਾ।
ਇਸ ਸਿ਼ੱਪ ਵਿਚ ਬਿੱਲਾ ਤਿੰਨ ਹਫ਼ਤੇ ਹੀ ਬਿਮਾਰ ਪਿਆ ਰਿਹਾ। ਕੋਈ ਪੁੱਛ-ਗਿੱਛ ਨਹੀਂ ਸੀ। ਕੋਈ ਡਾਕਟਰੀ ਸਹੂਲਤ ਨਹੀਂ ਸੀ। ਬਾਈ ਅਤੇ ਮਨਜੀਤ ਵੀ ਬਿਮਾਰ ਪੈ ਗਏ। ਬਿਮਾਰੀ ਕਾਰਨ ਉਹਨਾਂ ਨੂੰ ਭੁੱਖ ਲੱਗਣੋਂ ਵੀ ਹਟ ਗਈ।
ਖਾਲੀ ਪੇਟ ਕਾਰਨ ਸਰੀਰ ਦੀਆਂ ਨਾੜਾਂ ਖਿੱਚੀਆਂ ਗਈਆਂ। ਹਮਦਰਦੀ ਰੱਖਣ ਵਾਲੇ ਮੁੰਡਿਆਂ ਨੇ ਉਹਨਾਂ ਨੂੰ ਧੱਕੇ ਨਾਲ ਖਾਣਾ ਖੁਆ ਦਿੱਤਾ, ਪਰ ਪੇਟ ਨੇ ਨਾ ਝੱਲਿਆ। ਉਲਟੀਆਂ ਨਾਲ ਸਾਰਾ ਕੁਝ ਹੀ ਬਾਹਰ ਆ ਗਿਆ। ਕਮਜ਼ੋਰੀ ਹੱਦਾਂ ਬੰਨੇ ਟੱਪਦੀ ਜਾ ਰਹੀ ਸੀ। ਦੇਹ ਹਿੱਲਣ ਲੱਗ ਪਈ ਸੀ।
ਸਿ਼ੱਪ ਵਿਚ ਤਣਾਓ ਵਧਦਾ ਜਾ ਰਿਹਾ ਸੀ।
ਹੁਣ ਤਾਂ ਮੁੰਡੇ ਖਾਣੇ ਅਤੇ ਸਿਗਰਟਾਂ ਪਿੱਛੇ ਵੀ ਝਗੜਨ ਲੱਗ ਪਏ। ਕਈਆਂ ਦਾ ਦਾਅਵਾ ਸੀ ਕਿ ਖਾਣਾ ਵਰਤਾਉਣ ਵਾਲੇ ਆਪਣਿਆਂ ਨੂੰ ਜਿ਼ਆਦਾ ਵਰਤਾਉਂਦੇ ਹਨ। ਇਸ ਕਰਕੇ ਖਾਣੇ ਵੇਲੇ ਲੜਾਈ ਹੋਣ ਲੱਗ ਪਈ। ਕੁੱਕੜ-ਖੇਹ ਉਡਣ ਲੱਗੀ।
ਸਿ਼ੱਪ ਦੇ ਕੈਪਟਨ ਦੇ ਦਖਲ ਦੇਣ 'ਤੇ ਖਾਣਾ ਦੋ ਥਾਂ ਆਉਣ ਲੱਗ ਪਿਆ। ਇਕ ਪਾਸੇ ਗਰੀਸ ਜਾਣ ਵਾਲਿਆਂ ਲਈ ਅਤੇ ਦੂਸਰੇ ਪਾਸੇ ਇਟਲੀ ਜਾਣ ਵਾਲਿਆਂ ਵਾਸਤੇ!
ਤਿੰਨ ਹਫ਼ਤੇ ਇਹ ਸਿਲਸਲਾ ਚੱਲਿਆ।
ਸ਼ਾਂਤੀ ਵਰਤੀ ਰਹੀ।
ਸਿ਼ੱਪ ਇਟਲੀ ਦੇ ਨਜ਼ਦੀਕ ਪਹੁੰਚਿਆ ਤਾਂ ਕੈਪਟਨ ਨੇ ਹਰ ਮੁੰਡੇ ਤੋਂ ਵੀਹ-ਵੀਹ ਡਾਲਰ ਮੰਗਣੇ ਸ਼ੁਰੂ ਕਰ ਦਿੱਤੇ। ਕਈਆਂ ਕੋਲ ਡਾਲਰ ਹੈ ਹੀ ਨਹੀਂ ਸਨ। ਕੈਪਟਨ ਦਾ ਕਥਨ ਸੀ ਕਿ ਅੱਗੇ ਤੁਹਾਨੂੰ ਬੱਸਾਂ ਲੈਣ ਆਉਣਗੀਆਂ, ਇਹ ਵੀਹ-ਵੀਹ ਡਾਲਰ ਬੱਸਾਂ ਲਈ ਹਨ। ਕਈਆਂ ਨੇ ਤਾਂ ਡਾਲਰ ਦੇ ਦਿੱਤੇ। ਪਰ ਜਿਹਨਾਂ ਕੋਲ ਹੈ ਹੀ ਨਹੀਂ ਸਨ, ਉਹ ਕਿੱਥੋਂ ਪੈਦਾ ਕਰਦੇ? ਨੰਗਾਂ ਦੇ ਨੰਗ ਪ੍ਰਾਹੁਣੇਂ! ਖਾਲੀ ਜੇਬਾਂ ਵਾਲੇ ਮੁੰਡੇ ਵਾੜ ਵਿਚ ਫ਼ਸੇ ਬਿੱਲੇ ਵਾਂਗ ਝਾਕਦੇ!
ਬਾਈ, ਬਿੱਲੇ ਅਤੇ ਮਨਜੀਤ ਦਾ ਵੀ ਇਹੋ ਹਾਲ ਸੀ। ਜੇਬਾਂ ਤੋਂ ਉਹ ਵੀ ਖਾਲੀ ਹੀ ਸਨ।
ਕੈਪਟਨ ਬਦਨੀਤੀ 'ਤੇ ਉਤਰ ਆਇਆ।
ਉਹ ਰਾਤ ਨੂੰ ਸਿ਼ੱਪ ਇਟਲੀ ਦੇ ਸੀ-ਪੋਰਟ ਦੇ ਨੇੜੇ ਲੈ ਜਾਂਦਾ। ਮੁੰਡਿਆਂ ਨੂੰ ਜਗਦੀਆਂ ਬੱਤੀਆਂ ਦਿਖਾ ਦਿੰਦਾ। ਬੱਤੀਆਂ ਵੱਲ ਹੱਥ ਕਰਕੇ ਉਹ "ਇਤਾਲੀ-ਇਤਾਲੀ" ਕਰ ਛੱਡਦਾ। ਪਰ ਸਵੇਰ ਸਾਰ ਹੀ ਸਿ਼ੱਪ ਦੂਰ ਕਰ ਲੈਂਦਾ। ਇਹ ਮੁੰਡਿਆਂ ਦੇ ਇਮਤਿਹਾਨ ਦੀ ਘੜੀ ਸੀ। ਪਰ ਉਹ ਪੈਸੇ ਕਿੱਥੋਂ ਲਿਆਉਂਦੇ? ਡਾਲਰ ਕਿਹੜੀ ਬੈਂਕ 'ਚੋਂ ਕੱਢ ਲੈਂਦੇ?
ਹਰ ਰੋਜ ਕੈਪਟਨ ਇਹੋ ਵਰਤਾਰਾ ਹੀ ਕਰਦਾ ਰਿਹਾ। ਅਗਰ ਮੁੰਡੇ ਕਾਰਨ ਪੁੱਛਦੇ ਤਾਂ ਇੱਕੋ ਹੀ ਘੜਿਆ-ਘੜਾਇਆ ਉਤਰ ਦੇ ਛੱਡਦਾ: ਮੌਸਮ ਖਰਾਬ ਹੈ-ਬੋਟਾਂ ਨਹੀਂ ਆ ਸਕਦੀਆਂ!
ਪੂਰੇ ਨੌਂ ਦਿਨ ਬੀਤ ਗਏ।
ਕੈਪਟਨ ਦਾ ਉਹ ਹੀ ਚੱਕਰਵਿਊ ਚੱਲਦਾ ਰਿਹਾ। ਪਾਣੀ ਮੁੰਡਿਆਂ ਦੇ ਸਿਰ ਉਪਰੋਂ ਵਗਣਾ ਸ਼ੁਰੂ ਹੋ ਗਿਆ। ਸਬਰ ਦਾ ਪਿਆਲਾ ਟੁੱਟਣ ਕਿਨਾਰੇ ਆ ਗਿਆ। ਉਹ ਅੱਠ-ਨੌਂ ਜਾਣੇਂ ਇਕ ਟੋਲੀ ਜਿਹੀ ਬਣਾ ਕੇ ਕੈਪਟਨ ਕੋਲ ਚਲੇ ਗਏ।
ਅੱਗਿਓਂ ਕੈਪਟਨ ਸ਼ਰਾਬ ਨਾਲ ਰੱਜਿਆ ਬੈਠਾ ਸੀ। ਜਦੋਂ ਮੁੰਡਿਆਂ ਨੇ "ਕਦ ਪਹੁੰਚਾਂਗੇ?" ਦਾ ਸੁਆਲ ਕੀਤਾ ਤਾਂ ਉਹ 'ਅਲੀ-ਅਲੀ' ਕਰਕੇ ਉਹਨਾਂ ਦੇ ਗਲ ਪੈ ਗਿਆ। ਬੁਰੀ 'ਤੇ ਆਏ ਮੁੰਡਿਆਂ ਨੇ ਕੈਪਟਨ ਨੂੰ ਥੱਲੇ ਧਰ ਲਿਆ ਅਤੇ ਜਬਾੜ੍ਹੇ ਸੇਕ ਦਿੱਤੇ। ਪਰ ਉਹ ਆਪਣੇ ਆਪ ਨੂੰ ਛੁਡਾ ਕੇ ਥੱਲੇ ਉਤਰਨ ਵਿਚ ਸਫ਼ਲ ਹੋ ਗਿਆ। ਭੜ੍ਹਕੇ ਮੁੰਡਿਆਂ ਨੇ ਉਸ ਨੂੰ ਕੁੱਕੜ ਵਾਂਗ ਮਧੋਲ ਧਰਿਆ ਸੀ।
ਅੱਧੀ ਕੁ ਰਾਤੋਂ ਇਕ ਮੁੰਡਾ ਪਿਸ਼ਾਬ ਕਰਨ ਲਈ ਟੁਆਇਲਟ ਗਿਆ ਤਾਂ ਉਸ ਨੂੰ ਸ਼ਰਾਬੀ ਕੈਪਟਨ ਨੇ ਢਾਹ ਲਿਆ ਅਤੇ ਵੈਂਟੀਲੇਟਰ ਵੱਲ ਨੂੰ ਘੜੀਸਣਾ ਸ਼ੁਰੂ ਕਰ ਦਿੱਤਾ। ਉਹ ਉਸ ਨੂੰ ਹਨ੍ਹੇਰੇ ਸਮੁੰਦਰ ਵਿਚ ਸੁੱਟਣ ਹੀ ਲੱਗਾ ਸੀ ਕਿ ਕੁਝ ਸ੍ਰੀ ਲੰਕਾ ਦੇ ਮੁੰਡਿਆਂ ਨੇ ਦੇਖ ਲਿਆ। ਉਹਨਾਂ ਨੇ ਕੈਪਟਨ ਦੇ ਸਿਰ ਵਿਚ ਹੈਂਡਲ ਮਾਰ ਕੇ ਉਸ ਦਾ ਸਿਰ ਪਾੜ ਦਿੱਤਾ ਅਤੇ ਮੁੰਡਾ ਉਸ ਹੇਠੋਂ ਕੱਢ ਲਿਆ।
ਇਸ ਸਿ਼ੱਪ ਵਿਚ ਤਕਰੀਬਨ ਚਾਲੀ ਸ੍ਰੀ ਲੰਕਾ ਦੇ ਮੁੰਡੇ ਸਨ। ਉਹ ਬੜੇ ਹੀ ਨੇਕ ਸੁਭਾਅ ਦੇ ਸਨ, ਪਰ ਪੰਜਾਬੀ ਮੁੰਡੇ ਉਹਨਾਂ ਨੂੰ "ਬੀੜੀਆਂ-ਪੀਣੇਂ" ਆਖ ਕੇ ਹੀ ਗਾਲ੍ਹਾਂ ਕੱਢੀ ਜਾਂਦੇ। ਅਗਰ ਉਹ ਪੰਜਾਬੀ ਮੁੰਡੇ ਨੂੰ ਕੈਪਟਨ ਤੋਂ ਨਾ ਬਚਾਉਂਦੇ ਤਾਂ ਇਤਨੀ ਖਲਕਤ ਵਿਚ ਮੁੰਡੇ ਦਾ ਕੀ ਪਤਾ ਲੱਗਣਾ ਸੀ?
ਮੁੰਡਿਆਂ ਦੀ ਇਸ ਸਖ਼ਤ ਕਾਰਵਾਈ ਕਾਰਨ ਕੈਪਟਨ ਦੇ ਦਿਲ ਵਿਚ ਡਰ ਬੈਠ ਗਿਆ। ਉਹ ਮੁੰਡਿਆਂ ਤੋਂ ਭੈਅ ਖਾਣ ਲੱਗ ਪਿਆ।
ਅਗਲੀ, ਅੱਧੀ ਰਾਤ ਨੂੰ ਹੀ ਬੋਟਾਂ ਪੁੱਜ ਗਈਆਂ। ਮੌਸਮ ਬਹੁਤ ਹੀ ਭਿਆਨਕ ਸੀ। ਪਰ ਏਜੰਟਾਂ ਲਈ ਇਹ ਸੁਨਿਹਰੀ ਮੌਕਾ ਸੀ। ਜਿਹੜੇ ਨਿਕਲਦੇ ਐ ਕੱਢੋ! ਜਿਹੜੇ ਰੁੜ੍ਹਦੇ ਐ-ਰੁੜ੍ਹ ਜਾਣ ਦਿਓ! ਕੋਈ ਫਿ਼ਕਰ ਨਹੀਂ! ਖਾਣ ਖਸਮਾਂ ਨੂੰ! ਮਰਨ ਦਿਓ ਪਰ੍ਹੇ!
ਤੇਜ਼ ਰੌਸ਼ਨੀ ਕਰਕੇ ਬੋਟਾਂ ਸਿ਼ੱਪ ਨਾਲ ਬੰਨ੍ਹੀਆਂ ਗਈਆਂ। ਸਮੁੰਦਰ ਅਜਗਰ ਵਾਂਗ ਸਿਰ ਨੂੰ ਆਉਂਦਾ ਸੀ। ਬਿਜਲੀ ਕਟਕਦੀ ਸੀ, ਸਮੁੰਦਰ ਗੱਜਦਾ ਸੀ!
ਪਹਿਲੀ ਬੋਟ ਵਿਚ ਤਕਰੀਬਨ ਸਵਾ ਕੁ ਸੌ ਮੁੰਡੇ ਵਾੜ ਦਿੱਤੇ। ਬੱਦਲਾਂ ਨੇ ਕੁਰਲਾਹਟ ਮਚਾਇਆ ਹੋਇਆ ਸੀ।
ਬੋਟ ਤੁਰ ਗਈ।
ਬਾਈ ਅਤੇ ਬਿੱਲੇ ਹੋਰੀਂ ਵਾਰੀ ਦੀ ਉਡੀਕ ਵਿਚ ਖੜ੍ਹੇ ਸਨ। ਦੂਸਰੀ ਬੋਟ ਨੇੜੇ ਕੀਤੀ ਤਾਂ ਉਸ ਵਿਚੋਂ ਇਕ ਪਾਕਿਸਤਾਨੀ ਬੜੀਆਂ ਗੰਦੀਆਂ ਗਾਲ੍ਹਾਂ ਕੱਢੀ ਜਾ ਰਿਹਾ ਸੀ।
-"ਉਏ ਜਲਦੀ ਵੜ ਜਾਓ ਭੈਣ ਚੋਦੋ! ਸਾਨੂੰ ਵੀ ਮਰਵਾ ਧਰੋਂਗੇ!"
ਬਿੱਲਾ, ਮਨਜੀਤ, ਬਾਈ ਅਤੇ ਬਾਕੀ ਨਾ ਚਾਹੁੰਦਿਆਂ ਵੀ ਅੰਦਰ ਜਾ ਵੜੇ। ਉਹਨਾਂ ਦਾ ਦਿਲ ਉਸ ਪਾਕਿਸਤਾਨੀ ਦੀ ਭੁਗਤ ਸੁਆਰਨ ਨੂੰ ਕਰਦਾ ਸੀ। ਪਰ ਉਹ ਛੇ ਬੰਦਿਆਂ ਦੇ ਰਿਵਾਲਵਰਾਂ ਕਰਕੇ, ਚੁੱਪ ਰਹਿਣ 'ਤੇ ਮਜਬੂਰ ਹੋ ਗਏ।
ਬੋਟ ਅਜੇ ਥੋੜੀ ਦੂਰ ਹੀ ਗਈ ਸੀ ਕਿ "ਘਿਰਰ-ਘਿਰਰ" ਜਿਹਾ ਕਰਕੇ ਰੁਕ ਗਈ।
ਬੋਟ ਖਰਾਬ ਹੋ ਚੁੱਕੀ ਸੀ।
ਉਹਨਾਂ ਵਾਇਰਲੈੱਸ ਕਰਕੇ ਇਕ ਹੋਰ ਬੋਟ ਮੰਗਵਾ ਲਈ। ਬੋਟ ਨਾਲ ਬੋਟ ਬੰਨ੍ਹੀ ਗਈ।
ਸਾਰਿਆਂ ਨੇ ਸੁਖ ਦਾ ਸਾਹ ਲਿਆ।
ਅਜੇ ਇਹ ਬੋਟ ਵੀ ਥੋੜਾ ਜਿਹਾ ਹੀ ਚੱਲੀ ਸੀ ਕਿ ਬਿੱਲੇ ਹੋਰਾਂ ਦੀ ਬੋਟ ਵਿਚ ਪਾਣੀ ਭਰਨਾ ਸ਼ੁਰੂ ਹੋ ਗਿਆ। ਪਾਣੀ ਕਿਸੇ ਕੱਸੀ ਵਾਂਗ ਆ ਰਿਹਾ ਸੀ। ਰਿਵਾਲਵਰਾਂ ਵਾਲੇ ਪਾਣੀ ਕੱਢਣ ਲੱਗ ਪਏ।
ਪਰ ਜਿੰਨਾਂ ਕੁ ਪਾਣੀ ਉਹ ਕੱਢਦੇ, ਉਸ ਤੋਂ ਕਿਤੇ ਜਿ਼ਆਦਾ ਹੋਰ ਪਾਣੀ ਬੋਟ ਵਿਚ ਭਰ ਜਾਂਦਾ। ਕਰੋਪੀ ਰੱਬ ਦੀ, ਬੋਟਾਂ ਦੇ ਟੋਚਨ ਵਾਲਾ ਰੱਸਾ ਅਚਾਨਕ ਟੁੱਟ ਗਿਆ। ਬੋਟ ਰੁਕ ਗਈ। ਪਾਣੀ ਭਰਨਾ ਬੰਦ ਹੋ ਗਿਆ। ਅਸਲ ਵਿਚ ਬਿੱਲੇ ਹੋਰਾਂ ਵਾਲੀ ਬੋਟ ਦਾ "ਹਾਊਸ-ਪਾਈਪ" ਫ਼ਟ ਗਿਆ ਸੀ। ਜਦ ਬੋਟ ਚੱਲਦੀ ਸੀ ਤਾਂ ਪਾਣੀ ਭਰਦਾ ਸੀ।
ਵਾਇਰਲੈੱਸ ਕਰਕੇ ਟੋਚਨ ਵਾਲੀ ਬੋਟ ਪਿੱਛੇ ਮੋੜੀ ਗਈ। ਜਦ ਬੋਟ ਆਈ ਤਾਂ ਬੋਟ ਦਾ ਡਰਾਈਵਰ ਅਤੇ ਉਸ ਦੇ ਆਦਮੀ ਉਸ ਬੋਟ ਵਿਚ ਚੜ੍ਹ ਕੇ 'ਰਫੂ-ਚੱਕਰ' ਹੋ ਗਏ। ਇਕੱਲੇ ਮੁੰਡਿਆਂ ਨੂੰ ਮਰਨ ਲਈ ਬੋਟ ਵਿਚ ਹੀ ਛੱਡ ਗਏ। ਕਿਹੜਾ ਕੋਈ ਤਰਸ ਸੀ? ਉਹ ਸਿਰਫ਼ ਆਪਣੀ ਹਿਫ਼ਾਜ਼ਤ ਹੀ ਜ਼ਰੂਰੀ ਸਮਝਦੇ ਸਨ।
ਕੜਾਕੇ ਦੀ ਸਰਦੀ ਕਾਰਨ ਮੁੰਡੇ 'ਥਰ-ਥਰ' ਕੰਬੀ ਜਾ ਰਹੇ ਸਨ। ਮਨਜੀਤ ਦਾ ਦੰਦ-ਕੜਿੱਕਾ ਵੱਜੀ ਜਾ ਰਿਹਾ ਸੀ। ਸਮੁੰਦਰ ਦਹਾੜੀ ਜਾ ਰਿਹਾ ਸੀ।
-"ਬਾਈ-ਬੰਦੇ ਤਾਂ ਸਾਰੇ ਹੀ ਭੱਜ ਗਏ-ਹੁਣ ਕੋਈ ਵਿਧੀ?" ਬਿੱਲਾ ਬੋਲਿਆ।
-"ਕਿਸ਼ਤੀ ਵਿਚੋਂ ਪਾਣੀ ਕੱਢੋ! ਵਿਧੀ ਰੱਬ ਬਣਾਊ-ਕਰਨ ਵਾਲਾ ਕੰਮ ਤਾਂ ਕਰੋ-ਨਾਲ ਦੀ ਨਾਲ ਪਾਠ ਵੀ ਕਰੋ!" ਬਾਈ ਨੇ ਕਿਹਾ।
ਸਾਰੇ ਮੁੰਡੇ "ਵਾਹਿਗੁਰੂ-ਰਾਮ-ਅੱਲਾਹ" ਧਿਆਉਂਦੇ ਪਾਣੀ ਕੱਢਣ ਲੱਗ ਪਏ।
ਪਾਣੀ ਕੱਢਦਿਆਂ ਨੂੰ ਸਵੇਰ ਹੋ ਗਈ।
ਸਮੁੰਦਰ ਵੀ ਸ਼ਾਂਤ ਹੋ ਗਿਆ ਸੀ।
ਸਵੇਰ ਦੇ ਸੱਤ ਕੁ ਵਜੇ ਉਹਨਾਂ ਨੂੰ ਇਕ ਸਿ਼ੱਪ ਦਿਖਾਈ ਦਿੱਤਾ। ਸਿ਼ੱਪ ਬਹੁਤ ਦੂਰੀ 'ਤੇ ਸੀ। ਮੁੰਡਿਆਂ ਦਾ ਪਾਠ ਨਿਰੰਤਰ ਜਾਰੀ ਸੀ।
ਬਾਈ ਨੇ ਇਕ ਮੁੰਡੇ ਦੀ ਪੱਗ ਲੁਹਾ ਲਈ। ਪੱਗ ਪਾੜ ਕੇ ਸਿ਼ੱਪ ਵੱਲ ਨੂੰ ਲਹਿਰਾਈ। ਸਿ਼ੱਪ ਨੇ ਇਧਰਲੀ ਦਿਸ਼ਾ ਫੜ ਲਈ। ਪਰ ਉਸ ਨੂੰ ਪਹੁੰਚਣ ਵਿਚ ਕੋਈ ਪੰਦਰਾਂ ਮਿੰਟ ਲੱਗ ਗਏ।
ਸਿ਼ੱਪ ਨੇ ਬੋਟ ਨੇੜੇ ਪੁੱਜ ਕੇ ਦੋ-ਤਿੰਨ ਗੇੜੇ ਲਾਏ ਤਾਂ ਮੁੰਡਿਆਂ ਨੇ "ਹੈੱਲਪ-ਹੈੱਲਪ" ਦਾ ਰੌਲਾ ਪਾ ਦਿੱਤਾ। ਹੱਥ ਜੋੜ-ਜੋੜ ਕੇ ਦਿਖਾਏ।
ਡੋਲ ਕੇ ਡੁੱਬਣ ਦੇ ਡਰੋਂ, ਸਿ਼ੱਪ ਬੋਟ ਦੇ ਨੇੜੇ ਨਹੀਂ ਆ ਸਕਦਾ ਸੀ। ਸਿ਼ੱਪ ਦੇ ਕੈਪਟਨ ਨੇ ਪੁਲੀਸ ਨੂੰ ਫ਼ੋਨ ਕਰ ਦਿੱਤਾ। ਪੰਦਰਾਂ ਕੁ ਮਿੰਟਾਂ ਬਾਅਦ ਪੁਲੀਸ ਆਪਣੀਆਂ ਹਵਾ ਨੂੰ ਗੰਢਾਂ ਦੇਣ ਵਾਲੀਆਂ ਬੋਟਾਂ ਲੈ ਕੇ ਪਹੁੰਚ ਗਈ।
ਇਕ ਨਿੱਕੀ ਜਿਹੀ ਬੋਟ ਵਿਚ ਇਤਨੇ ਮੁੰਡੇ ਦੇਖ ਕੇ ਪੁਲੀਸ ਹੱਦੋਂ ਵੱਧ ਹੈਰਾਨ ਸੀ! ਉਨ੍ਹਾਂ ਨੇ ਰੱਸੇ ਪਾ ਕੇ ਬੋਟ ਸਿ਼ੱਪ ਨਾਲ ਬੰਨ੍ਹ ਦਿੱਤੀ ਅਤੇ ਸਾਰੇ ਮੁੰਡੇ ਸਿ਼ੱਪ ਵਿਚ ਚਾੜ੍ਹ ਦਿੱਤੇ। ਪੁਲੀਸ ਨੇਗਿਣਤੀ ਕੀਤੀ ਤਾਂ ਪੂਰੇ ਇਕ ਸੌ ਪੈਂਹਟ ਮੁੰਡੇ ਸਨ।
ਪੁਲੀਸ ਨੇ ਮੀਡੀਆ ਨੂੰ ਖ਼ਬਰ ਕਰ ਦਿੱਤੀ।
ਸਾਰੀ ਰਾਤ ਖੜ੍ਹੇ ਮੁੰਡਿਆਂ ਦੀਆਂ ਲੱਤਾਂ ਸੋਟੇ ਬਣ ਗਈਆਂ ਸਨ। ਪੁਲੀਸ ਅਤੇ ਲੜਕਿਆਂ ਵਿਚ ਭਾਸ਼ਾ ਦੀ ਮੁਸ਼ਕਿਲ ਬਣੀ ਹੋਈ ਸੀ। ਮੁੰਡੇ ਮਾੜੀ ਮੋਟੀ ਅੰਗਰੇਜ਼ੀ ਜਾਣਦੇ ਸਨ। ਜਦ ਕਿ ਪੁਲੀਸ ਵਾਲੇ ਨਿਰੋਲ ਇਟਾਲੀਅਨ ਭਾਸ਼ਾ ਹੀ ਬੋਲਦੇ ਸਨ।
-"ਪਾਅਲੇ ਇਤਲੀਆਨੋ?" ਇਕ ਪੁਲੀਸ ਅਫ਼ਸਰ ਨੇ ਪੁੱਛਿਆ ਕਿ ਕੋਈ ਇਟਾਲੀਅਨ ਬੋਲੀ ਜਾਣਦਾ ਹੈ?
-"ਨ੍ਹੋ! ਇੰਗਲਿਸ਼! ਇੰਗਲਿਸ਼!!" ਮਨਜੀਤ ਬੋਲੀ।
-"ਓ ਕੇ!"
-"ਇੰਦੀਆਮੋਂ ਕਾਪੀਤੇਨ!" ਅਫ਼ਸਰ ਨੇ ਕੈਪਟਨ ਨੂੰ ਤੁਰਨ ਲਈ ਆਖਿਆ।
ਪੂਰੇ ਅੱਠ ਵਜੇ ਸਿ਼ੱਪ ਤੁਰ ਪਿਆ ਅਤੇ ਤਿੰਨ ਘੰਟਿਆਂ ਵਿਚ ਸੀ-ਪੋਰਟ 'ਰੱਜੋ-ਕਲਾਵਾਰੀਆ' ਲੱਗ ਗਿਆ। ਸੀ-ਪੋਰਟ 'ਤੇ ਮੀਡੀਆ ਅਤੇ ਪੁਲਸ ਦੇ ਵੱਡੇ-ਵੱਡੇ ਅਫ਼ਸਰਾਂ ਸਮੇਤ ਕੋਈ ਅੱਠ-ਨੌਂ ਸੌ ਬੰਦਾ ਪਹੁੰਚਿਆ ਹੋਇਆ ਸੀ।
ਥੋੜੀ-ਥੋੜੀ ਬਾਰਿਸ਼ ਪੈਣ ਲੱਗ ਪਈ ਸੀ।
ਸੀ-ਪੋਰਟ ਦੇ ਪੁਲੀਸ ਸਟੇਸ਼ਨ ਸਾਰਿਆਂ ਦੀ ਡਾਕਟਰੀ ਹੋਈ। ਉਂਗਲੀਆਂ ਦੇ ਨਿਸ਼ਾਨ ਲਏ ਗਏ।
ਜਦੋਂ ਮਨਜੀਤ ਦੀ ਡਾਕਟਰੀ ਹੋਈ ਤਾਂ ਡਾਕਟਰ ਕਿਸੇ ਗੱਲੋਂ ਬਾਗੋਬਾਗ ਹੋ ਗਿਆ।
-"ਕਾਂਗਰੈਚੂਲੇਸ਼ਨਜ਼ ਮਿਸਜ਼ ਕੌਰ!" ਡਾਕਟਰ ਗੁਜ਼ਾਰੇ ਜੋਗੀ ਅੰਗਰੇਜ਼ੀ ਜਾਣਦਾ ਸੀ।
-"ਵੱਟ ਫ਼ੌਰ----?" ਮਨਜੀਤ ਨੇ ਪੁੱਛਿਆ।
-"ਯੂ ਆਰ ਪ੍ਰੈੱਗਨੈਂਟ!" ਉਸ ਨੇ ਬੱਚਾ ਹੋਣ ਬਾਰੇ ਦੱਸਿਆ ਤਾਂ ਮਨਜੀਤ ਨੂੰ ਚੱਕਰ ਆ ਗਿਆ। ਇਕ ਨਵੀਂ ਅਲਾਮਤ ਆ ਚਿੰਬੜੀ ਸੀ।
ਡਾਕਟਰ ਨੇ ਮਨਜੀਤ ਨੂੰ ਪਾਣੀ ਪੀਣ ਲਈ ਦਿੱਤਾ। ਪਾਣੀ ਪੀ ਕੇ ਮਨਜੀਤ ਹੁਬਕੀਏਂ ਰੋਣ ਲੱਗ ਪਈ। ਡਾਕਟਰ ਹੈਰਾਨ ਸੀ ਕਿ ਯੂਰਪ ਵਿਚ ਤਾਂ ਲੋਕਾਂ ਤੋਂ ਖੁਸ਼ੀ ਨਹੀਂ ਝੱਲੀ ਜਾਂਦੀ, ਪਰ ਇਹ ਕਮਲੀ-ਬਦਮਗਜ ਤਾਂ ਰੋਣ ਲੱਗ ਪਈ ਸੀ!
-"ਯੂ ਨ੍ਹਾਟ ਹੈਪੀ?" ਡਾਕਟਰ ਨੇ ਪੁੱਛਿਆ।
-"ਆਈ ਡੋਂਟ ਨੋਅ-ਹੂਅ ਇੱਜ਼ ਦਾ ਫ਼ਾਦਰ ਆਫ਼ ਦਿਸ ਚਾਈਲਡ!"
-"ਓਹ ਰੀਅਲੀ! ਯੂ ਡੋਂਟ ਨੋਅ ਅਬਾਊਟ ਦੈਟ?"
-"-----।" ਉਹ ਗੋਡਿਆਂ ਵਿਚ ਸਿਰ ਸੁੱਟ ਕੇ ਰੋਣ ਲੱਗ ਪਈ। ਸਿਰ ਫੇਰਦੀ ਹੋਈ।
-"ਆਈ ਐੱਮ ਰੇਪਡ, ਡਾਕਟਰ!" ਉਹ ਰੋਂਦੀ ਦੱਸ ਰਹੀ ਸੀ।
-"ਹੂਅ ਹੀ ਵਾਜ਼?"
-"ਦੇਅਰ ਵਰ ਮੈਨ੍ਹੀ-ਨ੍ਹਾਟ ਓਨਲੀ ਵੱਨ!"
-"ਹਾਓ ਮੈਨ੍ਹੀ?" ਡਾਕਟਰ ਦਾ ਮੂੰਹ ਅੱਡਿਆ ਰਹਿ ਗਿਆ।
-"ਸੋ ਰਫ਼ਲੀ ਅਬਾਊਟ ਫ਼ੋਰਟੀ!"
-"ਫ਼ੋਰਟੀ!"
-"ਯੈੱਸ ਡਾਕਟਰ-ਫ਼ੋਰਟੀ!"
-"ਵੈਰ੍ਹੀ ਬੈਅਡ! ਵੈਰ੍ਹੀ-ਵੈਰ੍ਹੀ ਸੈਅਡ!" ਡਾਕਟਰ ਸਿਰ ਫੇਰਦਾ ਬਾਹਰ ਨਿਕਲ ਗਿਆ। ਉਸ ਦੇ ਦਿਲ ਨੂੰ ਦਰਦ ਜ਼ਰੂਰ ਆਇਆ ਸੀ। ਪਰ ਉਹ ਕੁਝ ਕਰ ਨਹੀਂ ਸਕਦਾ ਸੀ।
ਉਹਨਾਂ ਸਾਰਿਆਂ ਨੂੰ ਲਾਈਨਾਂ ਵਿਚ ਬਿਠਾ ਦਿੱਤਾ। ਖਾਣ ਲਈ ਮੀਟ ਅਤੇ ਚੌਲ ਆ ਗਏ। ਭੁੱਖੇ ਮੁੰਡੇ ਖਾਣੇ ਨੂੰ ਟੁੱਟ ਕੇ ਪੈ ਗਏ। ਪਰ ਮਨਜੀਤ ਨੇ ਨਾ ਖਾਧੇ। ਉਸ ਅੰਦਰ ਅਜ਼ੀਬ ਉਥਲ-ਪੁੱਥਲ ਹੋ ਰਹੀ ਸੀ।
-"ਮਨਜੀਤ-ਖਾਣਾ ਨਹੀਂ ਖਾਂਦੀ?" ਬਿੱਲੇ ਕੋਲ ਬੈਠਾ ਬਾਈ ਬੋਲਿਆ।
-"ਦਿਲ ਨਹੀਂ ਕਰਦਾ ਬਾਈ ਜੀ।"
ਉਸ ਨੇ ਦਿਲ ਦੀ ਗੰਢ ਦਿਲ ਵਿਚ ਹੀ ਨੱਪ ਲਈ।
-"ਖਾ ਲੈ ਸਹੁਰੀਏ! ਇਉਂ ਤਾਂ ਤੂੰ ਮਰਜੇਂਗੀ!"
-"ਬਾਈ ਜੀ-ਐਦੂੰ ਤਾਂ ਮੈਂ ਮਰ ਈ ਜਾਵਾਂ-ਹੋਰ ਕੀ ਲੈਣੈਂ? ਬਥੇਰ੍ਹਾ ਨਰਕ ਭੋਗ ਕੇ ਦੇਖ ਲਿਆ।"
-"ਕੁੜੀਏ ਹੁਣ ਸੰਸਾ ਨਾ ਕਰ! ਹੁਣ ਆਪਾਂ ਯੂਰਪੀਅਨ ਪੁਲਸ ਕੋਲੇ ਐਂ-ਹੁਣ ਇਹੇ ਤਣ ਪੱਤਣ ਲਾ ਕੇ ਹਟਣਗੇ।" ਬਾਈ ਨੇ ਆਖਿਆ। ਉਸ ਨੂੰ ਅੰਦਰਲੀ ਘੁੰਡੀ ਦਾ ਕੋਈ ਪਤਾ ਨਹੀਂ ਸੀ।
ਮਨਜੀਤ ਨੇ ਖਾਣਾ ਨਾ ਖਾਧਾ ਤਾਂ ਪੁਲੀਸ ਵਾਲੇ ਉਸ ਲਈ ਚਿਪਸ ਅਤੇ ਕੋਕਾ ਕੋਲਾ ਲੈ ਆਏ।
ਪਰ ਮਨਜੀਤ ਨੇ ਨਾਂਹ ਕਰ ਦਿੱਤੀ।
-"ਫੜ ਕੇ ਤਾਂ ਰੱਖ ਲੈ ਸਹੁਰੀਏ! ਫੇਰ ਭੁੱਖ ਲੱਗੂ ਤਾਂ ਕੀ ਖਾਏਂਗੀ?" ਬਾਈ ਦੇ ਕਹਿਣ 'ਤੇ ਉਸ ਨੇ ਚਿਪਸ ਅਤੇ ਕੋਲੇ ਦੀਆਂ ਬੋਤਲਾਂ ਫੜ ਲਈਆਂ। ਉਹ ਭੁੱਬ ਮਾਰ ਕੇ ਬਾਈ ਦੇ ਗਲ ਲੱਗ ਜਾਣਾ ਚਾਹੁੰਦੀ ਸੀ। ਉਸ ਨੂੰ ਬਾਈ 'ਚੋਂ ਰੱਬ ਦਿਸਦਾ ਸੀ।
ਉਹ ਕੱਖੋਂ ਹੌਲੀ ਹੋਈ ਬੈਠੀ ਸੀ।
ਇਸ ਬੱਚੇ ਦਾ ਬਾਪ ਕੌਣ ਸੀ? ਇਸ ਦਾ ਮਨਜੀਤ ਨੂੰ ਕੱਖ ਪਤਾ ਨਹੀਂ ਸੀ। ਉਸ ਨੂੰ ਸਿਰਫ਼ ਇਤਨਾ ਹੀ ਅਹਿਸਾਸ ਸੀ ਕਿ ਉਸ ਅੰਦਰ ਪਾਪ ਦਾ ਫ਼ਲ ਪਲ ਰਿਹਾ ਸੀ। ਜਿਸ ਨੂੰ ਲੋਕਾਂ ਨੇ ਪਤਾ ਨਹੀਂ ਕਿਸ ਦਾ ਨਾਂ ਦੇਣਾ ਸੀ? ਜਿਹੜਾ ਉਸ ਅੰਦਰਲਾ ਖੂਨ ਪੀ ਰਿਹਾ ਸੀ, ਉਹ ਸਮਾਜ ਵਿਚ ਇਕ 'ਕਲੰਕ' ਹੀ ਵੱਜਣਾ ਸੀ!
ਉਹਨਾਂ ਨੂੰ ਲੈਣ ਵਾਸਤੇ ਬੱਸਾਂ ਆ ਗਈਆਂ।
ਬੱਸਾਂ ਉਹਨਾਂ ਨੂੰ ਇਕ ਸਕੂਲ ਵਿਚ ਲੈ ਗਈਆਂ। ਹੋਰ ਕਿਤੇ ਉਹਨਾਂ ਦੀ ਰਹਾਇਸ਼ ਦਾ ਪ੍ਰਬੰਧ ਨਹੀਂ ਹੋ ਸਕਿਆ ਸੀ।
ਉਥੇ ਦੰਦਾਂ ਵਾਲੇ ਬੁਰਸ਼, ਕਾਲਗੇਟ, ਸ਼ੈਂਪੂ ਅਤੇ ਸਾਬਣ ਪੁਲੀਸ ਵੱਲੋਂ ਪਹਿਲਾਂ ਹੀ ਪਹੁੰਚਾ ਦਿੱਤਾ ਗਿਆ ਸੀ।
ਸਾਰਿਆਂ ਨੇ ਬੁਰਸ਼ ਕੀਤਾ।
ਗਰਮ-ਗਰਮ ਪਾਣੀ ਨਾਲ ਨਹਾ ਲਏ।
ਮਨਜੀਤ ਨਹਾਉਣ ਲੱਗੀ ਤਾਂ ਉਸ ਨੇ ਬਾਥਰੂਮ ਵਿਚ ਕਮਲਿਆਂ ਵਾਂਗ ਆਪਣੇ ਢਿੱਡ 'ਤੇ ਅਣਗਿਣਤ ਮੁੱਕੀਆਂ ਮਾਰੀਆਂ। ਉਹ ਇਸ ਪਾਪ ਦੇ "ਵੱਟੇ" ਨੂੰ ਕੌੜ-ਤੁੰਮੇਂ ਵਾਂਗ ਸੁੱਟ ਦੇਣਾ ਚਾਹੁੰਦੀ ਸੀ। ਜਿਹੜਾ ਉਸ ਮਗਰ "ਅਲੇਹੇ" ਵਾਂਗ ਲੱਗ ਗਿਆ ਸੀ। ਭੂਤ ਬਣ ਚਿੰਬੜ ਗਿਆ ਸੀ। ਉਹ ਕੰਧਾਂ ਨਾਲ ਟੱਕਰਾਂ ਮਾਰਨਾ ਚਾਹੁੰਦੀ ਸੀ। ਪਰ ਇੱਥੇ ਉਸ ਦਾ ਦਰਦੀ ਕੋਈ ਨਹੀਂ ਸੀ। ਦੁੱਖ ਦੱਸਣ ਲਈ ਵੀ ਕਿਸੇ ਦਰਦੀ ਦੀ ਲੋੜ ਪੈਂਦੀ ਹੈ!
ਉਹਨਹਾ ਕੇ ਬਾਹਰ ਨਿਕਲ ਆਈ।
ਪੁਲੀਸ ਵੱਲੋਂ ਬਿਸਕੁਟ, ਚਾਕਲੇਟ, ਕੇਲੇ, ਸੇਬ, ਕੋਕਾ ਕੋਲਾ ਅਤੇ ਦੁੱਧ ਲਿਆਂਦਾ ਜਾ ਚੁੱਕਾ ਸੀ। ਮੁੰਡੇ ਖਾ ਰਹੇ ਸਨ। ਪਰ ਮਨਜੀਤ ਨੇ ਫਿਰ ਕੁਝ ਮੂੰਹ 'ਤੇ ਨਾ ਧਰਿਆ। ਉਹ ਬੰਜਰ ਧਰਤੀ ਵਾਂਗ ਸੁੰਨ-ਸਰਾਂ ਹੀ ਬੈਠੀ ਸੀ, ਉਜੜੀ-ਉਜੜੀ!
ਸ਼ਾਮ ਦੇ ਛੇ ਵਜੇ ਸਕੂਲ ਵਿਚ ਹੀ ਅਦਾਲਤ ਲੱਗ ਗਈ। ਔਰਤ ਜੱਜ ਆ ਪਹੁੰਚੀ। ਉਸ ਦੇ ਰੀਡਰ ਅਤੇ ਸਹਾਇਕ ਨਾਲ ਸਨ।
ਸਾਰਿਆਂ ਨੂੰ ਪੰਦਰਾਂ-ਪੰਦਰਾਂ ਦਿਨ ਲਈ "ਵਕਤੀ-ਸ਼ਰਣ" ਮਿਲ ਗਈ। ਖੁਸ਼ੀ ਫ਼ੈਲ ਗਈ। ਮੁੰਡਿਆਂ ਦੇ ਚਿਹਰਿਆਂ 'ਤੇ ਖੇੜਾ ਆ ਗਿਆ।
ਪੁਲੀਸ ਵਾਲਿਆਂ ਨੇ ਉਹਨਾਂ ਲਈ ਕੰਬਲ ਅਤੇ ਵੱਡੇ-ਵੱਡੇ ਗੱਦੇ ਲਿਆ ਸੁੱਟੇ।
ਰਾਤ ਦਾ ਖਾਣਾ ਖਾ ਕੇ ਸਾਰਿਆਂ ਨੇ ਪਾਠ ਕੀਤਾ ਅਤੇ ਬਿਸਕੁਟਾਂ ਦਾ ਪ੍ਰਛਾਦ ਵੰਡਿਆ ਗਿਆ। ਗੁਰੂ ਮਹਾਰਾਜ ਦਾ ਸ਼ੁਕਰਾਨਾ ਕੀਤਾ ਗਿਆ।
ਜਿਵੇਂ ਉਹ ਜੁੱਗੜਿਆਂ ਤੋਂ ਅਨੀਂਦਰੇ ਸਨ। ਰਾਤ ਪਲ ਵਾਂਗ ਬੀਤ ਗਈ। ਪਰ ਮਨਜੀਤ ਨੂੰ ਰਾਤ ਪਰਬਤ ਵਾਂਗ ਮਿਲੀ ਸੀ।
ਸਵੇਰੇ ਨਾਸ਼ਤਾ ਕਰਨ ਤੋਂ ਬਾਅਦ ਹੀ ੳਹਨਾਂ ਨੂੰ ਪੰਦਰਾਂ ਦਿਨ ਦੀ "ਵਕਤੀ-ਸ਼ਰਣ" ਦੇ ਪ੍ਰਵਾਨੇ ਲਿਖਤੀ ਰੂਪ ਵਿਚ ਮਿਲ ਗਏ। ਹੁਣ ਉਹ ਸਾਰੇ ਇਟਲੀ ਵਿਚ ਕਿਤੇ ਵੀ ਤੁਰ-ਫਿਰ ਸਕਦੇ ਸਨ। ਦਸ-ਦਸ ਯੂਰੋ ਵੀ ਪੁਲੀਸ ਨੇ ਦੇ ਦਿੱਤੇ ਸਨ।
ਮੁੰਡਿਆਂ ਨੇ ਵੱਖੋ-ਵੱਖਰੇ ਸ਼ਹਿਰਾਂ ਨੂੰ ਕਮਰਕਸੇ ਕਸ ਲਏ। ਪਰ ਮਨਜੀਤ ਵਾਪਿਸ ਭਾਰਤ ਜਾਣ ਲਈ ਬਜਿ਼ਦ ਸੀ। ਅੜੀ ਹੋਈ ਸੀ!
-"ਸਹੁਰੀਏ! ਮਸਾਂ ਅੱਧ ਟਿਕਾਣੇਂ ਲੱਗੀ ਐਂ-ਜਿੱਧਰ ਜਾਣੈਂ-ਜਾ ਵੜ! ਪਿੱਛੇ ਜਾ ਕੇ ਕੀ ਕਰੇਂਗੀ?" ਬਾਈ ਨੇ ਮੱਤ ਦਿੱਤੀ।
-"ਨਹੀਂ ਬਾਈ ਜੀ-ਮੈਂ ਵਾਪਿਸ ਹੀ ਚਲੇ ਜਾਣੈਂ।" ਉਹ ਭਰਾ ਵਰਗੇ ਬਾਈ ਕੋਲ ਰੋ ਪਈ।
ਪੁਲੀਸ ਅਫ਼ਸਰ ਉਹਨਾਂ ਕੋਲ ਆਇਆ।
-"ਸਰ! ਆਈ ਵਾਂਟ ਟੂ ਗੋ ਬੈਕ ਟੂ ਇੰਡੀਆ!"
-"ਇੰਡੀਆ ਬੈਕ?"
-"ਯੈੱਸ ਸਰ!"
-"ਪਲੀਜ਼ ਕਮ ਵਿਦ ਮੀ।" ਉਸ ਨੇ ਮਨਜੀਤ ਨੂੰ ਇਸ਼ਾਰਾ ਕੀਤਾ।
-"ਚੰਗਾ ਬਾਈ ਜੀ-ਮੈਂ ਚੱਲਦੀ ਐਂ-ਪਿੱਛੇ ਕੋਈ ਸੁਨੇਹਾਂ ਪੱਤਰ?" ਉਸ ਨੇ ਪੁੱਛਿਆ।
-"ਜਿਉਂਦੀ ਵਸਦੀ ਰਹਿ ਕੁੜਇੇ-ਹੁਣ ਫ਼ਾਰਗ ਹੋ ਗਏ ਐਂ-ਆਪੇ ਈ ਫ਼ੋਨ ਕਰਲਾਂਗੇ-ਘਰਦਿਆਂ ਦੀ 'ਵਾਜ ਸੁਣਨ ਲਈ ਹਾਬੜੇ ਪਏ ਐਂ।" ਬਾਈ ਨੇ ਉਸ ਦੇ ਸਿਰ 'ਤੇ ਹੱਥ ਰੱਖ ਦਿੱਤਾ।
ਮਨਜੀਤ ਅਫ਼ਸਰ ਨਾਲ ਤੁਰ ਗਈ।
ਬਿੱਲੇ ਅਤੇ ਬਾਈ ਦੀਆਂ ਅੱਖਾਂ ਕਟੋਰਿਆਂ ਵਾਂਗ ਭਰੀਆਂ ਹੋਈਆਂ ਸਨ। ਪਤਾ ਨਹੀਂ ਉਹਨਾਂ ਦੀ ਕਿਹੜੀ ਸਾਂਝ ਸੀ? ਕਿਹੜੇ ਯੁੱਗ ਦਾ ਮੇਲ ਸੀ? ਕਿਹੜੇ ਪਲ ਦੀ ਰਿਸ਼ਤੇਦਾਰੀ ਸੀ?
-"ਬਾਈ---!" ਕਿਸੇ ਨੇ ਬਾਈ ਦੀਆਂ ਸੋਚਾਂ ਦੀ ਲੜੀ ਤੋੜੀ। ਉਸ ਨੇ ਉਧਰ ਤੱਕਿਆ ਤਾਂ ਰਿੱਕੀ ਦੂਰ ਖੜ੍ਹਾ ਉਹਨਾਂ ਨੂੰ ਹੱਥ ਮਾਰੀ ਜਾ ਰਿਹਾ ਸੀ। ਉਹ ਉਧਰ ਨੂੰ ਤੁਰ ਪਏ।
-"ਹਾਂ-ਕੀ ਗੱਲ ਐ?"
-"ਮੇਰੀ ਭੈਣ ਤੇ ਭਣੋਈਆ ਰਹਿੰਦੇ ਐ ਇਟਲੀ 'ਚ-ਆਪਾਂ ਉਹਨਾਂ ਕੋਲੇ ਚੱਲਦੇ ਐਂ।" ਰਿੱਕੀ ਨੇ ਕਿਹਾ।
-"ਚਲੋ!"
ਬਾਈ, ਬਿੱਲਾ, ਰਿੱਕੀ ਅਤੇ ਸੱਤ ਹੋਰ ਮੁੰਡੇ ਰੱਜੋ-ਕਲਾਵਾਰੀਆ ਦੇ ਰੇਲਵੇ-ਸਟੇਸ਼ਨ ਨੂੰ ਤੁਰ ਪਏ। ਮੇਲੇ ਜਾਣ ਵਾਂਗ!
ਪੁਲੀਸ ਅਫ਼ਸਰ ਦੇ ਦੱਸਣ ਮੁਤਾਬਿਕ ਰੇਲਵੇ-ਸਟੇਸ਼ਨ ਉਥੋਂ ਪੰਜ ਕੁ ਮਿੰਟਾਂ ਦਾ ਹੀ ਰਸਤਾ ਸੀ।
ਉਹ ਰੇਲਵੇ ਸਟੇਸ਼ਨ ਪੁੱਜ ਗਏ।
ਟਰੇਨ ਫੜ ਕੇ ਉਹ 'ਰੋਮ' ਸ਼ਹਿਰ ਨੂੰ ਰਵਾਨਾ ਹੋ ਗਏ। ਅੱਗੇ ਜਾ ਕੇ ਟਰੇਨ ਇਕ ਸਿ਼ੱਪ ਵਿਚ ਚੜ੍ਹ ਗਈ ਅਤੇ ਇਕ ਘੰਟੇ ਬਾਅਦ ਉਹ ਦੂਸਰੇ ਸਿਰੇ ਜਾ ਲੱਗੇ।
ਤਕਰੀਬਨ ਅੱਧੀ ਰਾਤ ਨੂੰ ਉਹ ਰੋਮ ਪਹੁੰਚੇ। ਉਤਰ ਕੇ ਰਿੱਕੀ ਨੇ ਆਪਣੀ ਭੈਣ ਨੂੰ ਫ਼ੋਨ ਕੀਤਾ। ਜਦੋਂ ਭੈਣ ਨੇ ਫ਼ੋਨ 'ਤੇ 'ਹੈਲੋ' ਆਖੀ ਤਾਂ ਰਿੱਕੀ ਨੂੰ ਜਿਵੇਂ ਹਲਕ ਛੁੱਟ ਪਿਆ।
-"ਬਬਲੀ! ਮੈਂ ਰਿੱਕੀ ਬੋਲਦੈਂ--!"
-"ਰਿੱਕੀ! ਕਿੱਥੋਂ?"
-"ਰੋਮ ਤੋਂ।"
-"ਇਕ ਮਿੰਟ-ਫ਼ੋਨ ਮੈਂ ਤੇਰੇ ਜੀਜਾ ਜੀ ਨੂੰ ਫੜਾਉਂਨੀ ਆਂ।"
-"ਓ ਕੇ।"
-"ਹੈਲੋ---!" ਉਧਰੋਂ ਖੁਰਦਰੀ ਜਿਹੀ ਅਵਾਜ਼ ਆਈ। ਖੱਦਰ ਵਾਂਗ ਪਾਟਦੀ ਅਵਾਜ਼!
-"ਜੀਜਾ ਜੀ-ਪੈਰੀਂ ਪੈਣਾ!"
-"ਕਿੱਥੋਂ ਬੋਲਦੈਂ?"
-"ਰੋਮ ਤੋਂ ਜੀ।"
-"ਰੋਮ ਬਹੁਤ ਵੱਡੈ-ਕਿੱਥੋਂ ਰੋਮ ਤੋਂ?"
-"ਰੇਲਵੇ ਸਟੇਸ਼ਨ ਤੋਂ ਜੀ।"
-"ਕਿੰਨੇ ਜਾਣੇਂ ਓਂ?"
-"ਦਸ।"
-"ਤੂੰ ਅੱਧਾ ਕੁ ਘੰਟਾ ਰੁਕ-ਮੈਂ ਆਇਆ।" ਉਸ ਨੇ ਫ਼ੋਨ ਰੱਖ ਦਿੱਤਾ।
ਮੀਂਹ ਬੜਾ ਤੇਜ਼ ਵਰ੍ਹ ਰਿਹਾ ਸੀ।
ਸੀਤ ਹਵਾ ਵਿਚ ਦੀ ਨਿਕਲਦੀ ਸੀ।
ਉਹਨਾਂ ਨੂੰ ਬੁਰੀ ਤਰ੍ਹਾਂ ਕਾਂਬਾ ਲੱਗ ਰਿਹਾ ਸੀ। ਲੂੰ-ਕੰਡੇ ਕੰਡੇਰਨਿਆਂ ਵਾਂਗ ਖੜ੍ਹੇ ਸਨ।
ਠਰਦਿਆਂ ਦੇਖ ਕੇ ਇਕ ਰੇਲਵੇ ਕਰਮਚਾਰੀ ਨੇ ਉਹਨਾਂ ਨੂੰ "ਵੇਟਿੰਗ-ਰੂਮ" ਵਿਚ ਲਿਆ ਬਿਠਾਇਆ।
ਪੂਰੇ ਦੋ ਘੰਟੇ ਬੀਤ ਗਏ।
ਪਰ ਰਿੱਕੀ ਦੇ 'ਜੀਜਾ ਜੀ' ਨਾ ਆਏ।
ਰਿੱਕੀ ਨੇ ਫਿਰ ਫ਼ੋਨ ਕੀਤਾ।
'ਜੀਜਾ ਜੀ' ਨੇ ਉਸ ਨੂੰ ਠੋਕ ਕੇ ਉਤਰ ਦੇ ਦਿੱਤਾ।
-"ਜੇ ਤੂੰ ਆਉਣੈਂ ਤਾਂ ਲੈ ਜਾਨੈਂ-ਨਹੀਂ ਮੈਥੋਂ ਐਨੀ ਕੁਤੀਹੜ ਨ੍ਹੀ ਰੱਖੀ ਜਾਣੀ-ਤੁਸੀਂ ਇੰਡੀਅਨ ਉਜੱਡ ਲੋਕ-ਥੋਨੂੰ ਕੀ ਪਤੈ ਬਈ ਬਾਹਰ ਲੋਕ ਕਿਵੇਂ ਰਹਿੰਦੇ ਐ? ਇਹ ਪੰਜਾਬ ਆਲਾ ਪਿੰਡ ਨ੍ਹੀ ਬਈ ਜੇ ਪ੍ਰਾਹੁਣੇਂ ਵੱਧ ਆ ਗਏ-ਦੋ ਮੰਜੇ ਗੁਆਂਢੀਆਂ ਦਿਓਂ ਮੰਗ ਲਿਆਮਾਂਗੇ।"
ਰਿੱਕੀ ਨੂੰ ਟੈਲੀਫ਼ੋਨ 'ਤੇ ਢਿੱਲਾ ਜਿਹਾ ਖੜ੍ਹਾ ਦੇਖ ਕੇ ਬਾਈ ਨੇ ਆਪਾ ਸਮੇਟਣ ਦਾ ਇਸ਼ਾਰਾ ਕੀਤਾ।
-"ਠੀਕ ਐ ਜੀਜਾ ਜੀ-ਤੁਸੀਂ ਮੈਨੂੰ 'ਕੱਲੇ ਨੂੰ ਈ ਲੈ ਜਾਓ।" ਰਿੱਕੀ ਨੇ ਫ਼ੋਨ ਕੱਟ ਦਿੱਤਾ।
-"ਕਰਾੜ ਲੋਕ ਜੱਟਾਂ ਦੀ ਧੰਗੇੜ੍ਹ ਕਦੋਂ ਝੱਲਦੇ ਐ?" ਬਾਈ ਨੇ ਬਿੱਲੇ ਦੇ ਕੰਨ ਵਿਚ ਕਿਹਾ।
ਉਹਨਾਂ ਵੇਟਿੰਗ-ਰੂਮ ਵਿਚ ਹੀ ਦਿਨ ਚੜ੍ਹਾ ਦਿੱਤਾ। ਰੇਲਵੇ ਕਰਮਚਾਰੀ ਨੇ ਉਹਨਾਂ ਨੂੰ ਕੌਫ਼ੀ ਲਿਆ ਦਿੱਤੀ। ਬਾਹਰ ਸਰਦੀ ਕਾਫ਼ੀ ਸੀ। ਪੁਰਾ ਵਗ ਰਿਹਾ ਸੀ। ਠੰਢ ਕੰਬਣੀ ਚਾਹੜਦੀ ਸੀ।
ਪੂਰਾ ਸੂਰਜ ਚਮਕਣ 'ਤੇ ਉਹਨਾਂ ਨੇ ਰੇਲਵੇ ਸਟੇਸ਼ਨ 'ਤੇ ਭਲਵਾਨੀ ਗੇੜੇ ਦੇਣੇ ਸ਼ੁਰੂ ਕਰ ਦਿੱਤੇ। ਕੋਈ ਕਿਨਾਰਾ ਨਹੀਂ ਦਿਸ ਰਿਹਾ ਸੀ। ਉਹ ਡੋਲਦੀ ਕਿਸ਼ਤੀ ਵਾਂਗ, ਕਪੜਛੱਲਾਂ ਵਿਚ ਉਲਝੇ ਹੋਏ ਸਨ।
ਬਾਹਰ ਟੈਕਸੀ ਸਟੈਂਡ 'ਤੇ ਉਹਨਾਂ ਨੂੰ ਦੋ ਇੰਡੀਅਨ ਮੁੰਡੇ ਮਿਲ ਪਏ। ਉਹਨਾਂ ਨੇ ਸਾਰਿਆਂ ਨੂੰ ਕੌਫ਼ੀ ਪਿਆਈ। 'ਪੀਜ਼ਾ' ਖੁਆਇਆ।
-"ਬਾਈ ਜੀ ਇਟਲੀ ਵਿਚ ਕੋਈ ਗੁਰਦੁਆਰਾ ਹੈ?" ਬਾਈ ਨੇ ਪੁੱਛਿਆ।
-"ਗੁਰਦੁਆਰਾ ਤਾਂ ਬਾਈ ਰੱਜੋਮੀਲੀਆ 'ਚ ਐ।"
ਬਾਈ ਨੇ ਸ਼ੁਰੂ ਤੋਂ ਲੈ ਕੇ ਆਖਰ ਤੱਕ ਸਾਰੀ ਕਹਾਣੀ ਉਹਨਾਂ ਨੂੰ ਸੁਣਾ ਦਿੱਤੀ।
-"ਅਸੀਂ ਤੁਹਨੂੰ ਟਿਕਟਾਂ ਲੈ ਦਿੰਨੇ ਐਂ-ਤੁਸੀਂ ਰੱਜੋਮੀਲੀਆ ਗੁਰਦੁਆਰੇ ਚਲੇ ਜਾਓ!"
-"ਉਥੋਂ ਰੱਬ ਕੋਈ ਹੀਲਾ ਆਪੇ ਈ ਬਣਾ ਦਿਊ।" ਬਾਈ ਨਿਰਾਸ਼ ਨਹੀਂ ਹੋਇਆ ਸੀ। ਉਹ ਗੁਰੂ ਮਹਾਰਾਜ 'ਤੇ ਅਥਾਹ ਵਿਸ਼ਵਾਸ ਰੱਖਣ ਵਾਲਾ ਬੰਦਾ ਸੀ। ਰੱਬ ਦੀ ਰਜਾ ਵਿਚ ਰਾਜ਼ੀ ਰਹਿਣ ਵਾਲਾ ਬੰਦਾ!
ਉਹਨਾਂ ਬਿੱਲੇ ਅਤੇ ਬਾਈ ਨੂੰ ਰੱਜੋਮੀਲੀਆ ਦੀਆਂ ਟਰੇਨ-ਟਿਕਟਾਂ ਲੈ ਦਿੱਤੀਆਂ। ਪੰਜਾਹ-ਪੰਜਾਹ ਯੂਰੋ ਦੇ ਦਿੱਤੇ। ਮੁੰਡੇ ਉਹਨਾਂ ਨੂੰ ਰੱਬ ਬਣ ਕੇ ਮਿਲੇ ਸਨ।
ਬਾਕੀ ਮੁੰਡੇ ਰੋਮ ਰਹਿ ਕੇ ਕੋਈ ਅਗਲਾ ਜੁਗਾੜ ਕਰਨਾ ਚਾਹੁੰਦੇ ਸਨ। ਉਹ ਰੋਮ ਹੀ ਰਹਿ ਪਏ।
ਬਿੱਲਾ ਅਤੇ ਬਾਈ ਟਰੇਨ ਫੜ ਕੇ ਰੱਜੋਮੀਲੀਆ ਪਹੁੰਚ ਗਏ। ਸਵੇਰ ਦੇ ਚਾਰ ਹੀ ਵੱਜੇ ਸਨ। ਗੁਰਦੁਆਰੇ ਦਾ ਐਡਰੈੱਸ ਉਹਨਾਂ ਕੋਲ ਹੈ ਨਹੀਂ ਸੀ।
ਉਥੇ ਉਹਨਾਂ ਨੂੰ ਫਿਰ ਇਕ ਦੇਸੀ ਮੁੰਡਾ ਮਿਲ ਪਿਆ।
-"ਬਾਈ ਜੀ ਅਸੀਂ ਗੁਰਦੁਆਰੇ ਜਾਣੈਂ-ਥੋਨੂੰ ਐਡਰੈੱਸ ਦਾ ਪਤੈ?" ਬਾਈ ਨੇ ਪੁੱਛਿਆ।
-"ਬਾਈ ਜੀ ਦੋ ਤਿੰਨ ਮਹੀਨੇ ਹੋ ਗਏ-ਭੂਚਾਲ ਆਇਆ ਸੀ-ਗੁਰਦੁਆਰਾ ਢਹਿ ਗਿਆ ਸੀ।"
ਉਹ ਹੋਰ ਪ੍ਰੇਸ਼ਾਨ ਹੋ ਉਠੇ।
-"ਤੁਸੀਂ ਬਾਈ ਜੀ-ਸਾਡੀ ਕੋਈ ਮੱਦਦ ਕਰ ਸਕਦੇ ਐਂ?" ਬਾਈ ਨੇ ਸਿੱਧਾ ਹੀ ਪੁੱਛ ਲਿਆ। ਉਸ ਨੇ ਉਸ ਨੂੰ ਸਾਰੀ ਮਜਬੂਰੀ ਦੱਸ ਦਿੱਤੀ।
-"ਮੈਂ ਬਾਈ ਜੀ ਥੋਡੀ ਕੋਈ ਮੱਦਦ ਨਹੀਂ ਕਰ ਸਕਦਾ-ਮੈਂ ਤਾਂ ਆਪ ਇੱਥੋਂ ਉਜੜ ਕੇ ਰੋਮ ਚੱਲਿਐਂ।"
ਬਿੱਲੇ ਅਤੇ ਬਾਈ ਨੇ ਉਸ ਮੁੰਡੇ ਦੇ ਨਾਲ ਹੀ ਰੋਮ ਵਾਲੀ ਟਰੇਨ ਫਿਰ ਫੜ ਲਈ। ਰਸਤੇ ਵਿਚ ਚੈੱਕਰ ਆ ਗਿਆ। ਟਿਕਟਾਂ ਉਹਨਾਂ ਕੋਲ ਹੈ ਨਹੀਂ ਸਨ। ਉਹਨਾਂ ਨੇ ਚੈੱਕਰ ਨੂੰ ਟਿਕਟਾਂ ਦੀ ਥਾਂ 'ਸਟੇਅ' ਦੇ ਕਾਗਜ਼ ਦਿਖਾ ਦਿੱਤੇ। ਉਹ ਪੇਪਰ ਪੜ੍ਹ ਕੇ ਅੱਗੇ ਤੁਰ ਗਿਆ। ਪਰ ਫਿਰ ਪਰਤ ਆਇਆ।
ਉਹ ਕੁਝ ਅੰਗਰੇਜ਼ੀ ਜਾਣਦਾ ਸੀ।
-"ਆਰ ਯੂ ਫਰੌਮ ਇੰਡੀਆ?"
-"ਯੈੱਸ।" ਬਿੱਲਾ ਬੋਲਿਆ।
-"ਆਈ ਹੈਵ ਬਿੰਨ ਇੰਨ ਇੰਡੀਆ।"
-"ਵੇਅਰ?"
-"ਵਿਸ਼ਾਖਾ ਪਟਨਮ।"
ਉਹ ਗੱਲਾਂ ਬਾਤਾਂ ਕਰਦੇ ਰਹੇ।
ਉਹਨਾਂ ਨੂੰ ਪਤਾ ਹੀ ਨਾ ਲੱਗਿਆ ਕਿ ਕਦੋਂ ਰੋਮ ਆ ਗਿਆ। ਉਤਰਨ ਲੱਗਿਆਂ ਨੂੰ ਚੈੱਕਰ ਨੇ ਦਸ-ਦਸ ਯੂਰੋ ਦਿੱਤੇ। ਉਹ 'ਧੰਨਵਾਦ' ਕਰਕੇ ਤੁਰ ਪਏ।
ਹੁਣ ਉਹਨਾਂ ਕੋਲ ਸੱਠ-ਸੱਠ ਯੂਰੋ ਹੋ ਗਏ।
ਉਹ ਪੁੱਛ-ਪੁਛਾ ਕੇ ਟੈਲੀਫ਼ੋਨ ਐਕਸਚੇਂਜ ਚਲੇ ਗਏ। ਬਿੱਲੇ ਨੇ ਡਾਕਟਰ ਭਜਨ ਨਾਲ ਗੱਲ ਕੀਤੀ। ਬੱਬੂ ਨਾਲ ਦੁਖ-ਸੁਖ ਕੀਤਾ। ਸੀਤਲ ਬਾਰੇ ਪੁੱਛਿਆ। ਸਾਰੇ ਪ੍ਰੀਵਾਰ ਦੀ ਰਾਜ਼ੀ-ਖੁਸ਼ੀ ਪੁੱਛੀ।
ਬੱਬੂ ਦੇ ਦੱਸਣ ਅਨੁਸਾਰ ਘਰਦੇ ਅਤੇ ਸੀਤਲ ਬਹੁਤ ਹੀ ਪ੍ਰੇਸ਼ਾਨ ਅਤੇ ਦੁਖੀ ਸਨ। ਬਿੱਲੇ ਨੇ ਫਿਰ ਫ਼ੋਨ ਕਰਨ ਬਾਰੇ ਆਖਿਆ ਅਤੇ ਫ਼ੋਨ ਰੱਖ ਦਿੱਤਾ।
ਉਸ ਦਾ ਰੋਣ ਬੰਦ ਨਹੀਂ ਹੁੰਦਾ ਸੀ।
ਉਸ ਦੀਆਂ ਅੱਖਾਂ ਧਰਾਲੀਂ ਵਗੀ ਜਾ ਰਹੀਆਂ ਸਨ।
ਬਾਈ ਦਾ ਵੀ ਇਹ ਹੀ ਹਾਲ ਸੀ। ਪਰ ਉਹ ਪਿੱਛੇ ਖਬਰ ਕਰ ਕੇ ਇਕ ਤਰ੍ਹਾਂ ਨਾਲ ਸੁਰਖ਼ਰੂ ਹੋ ਗਏ ਸਨ। ਦਿਲੋਂ ਪੱਥਰ-ਬੋਝ ਲਹਿ ਗਿਆ ਸੀ।
ਦੁਪਿਹਰ ਹੁੰਦਿਆਂ ਹੀ ਉਹਨਾਂ ਨੂੰ ਦੋ ਬੰਦੇ ਮਿਲੇ। ਤੱਕਣੀਂ-ਪਰਖਣੀਂ ਤੋਂ ਉਹ ਬੜੇ ਚਤਰ ਨਜ਼ਰ ਆ ਰਹੇ ਸਨ। ਝੱਗੇ-ਲਾਹੂ ਬੰਦੇ!
-"ਭਾਅ ਜੀ ਕਿਸੇ ਪ੍ਰੇਸ਼ਾਨੀ 'ਚ ਲੱਗਦੇ ਓਂ?" ਇੱਕ ਨੇ ਪੁੱਛਿਆ। ਉਸ ਦੀਆਂ ਤੱਕਲਾ-ਨਜ਼ਰਾਂ ਬਾਈ ਦਾ ਅੰਦਰ ਫਰੋਲ ਰਹੀਆਂ ਸਨ।
ਬਾਈ ਨੇ ਸਾਰੀ ਕਹਾਣੀ ਕਹਿ ਸੁਣਾਈ।
-"ਅਸੀਂ ਭਾਅ ਜੀ ਬੰਦੇ ਭੇਜਣ ਦਾ ਕੰਮ ਈ ਕਰਦੇ ਆਂ।" ਦੂਜਾ ਬੋਲਿਆ।
ਬਾਈ ਨੇ ਇੰਗਲੈਂਡ ਪਹੁੰਚਣ ਬਾਰੇ ਆਖਿਆ, ਜਦ ਕਿ ਬਿੱਲੇ ਨੇ ਜਰਮਨ ਦਾ ਨਾਂ ਲਿਆ।
ਉਹ ਉਹਨਾਂ ਨੂੰ ਨਾਲ ਲੈ ਗਏ।
ਉਹਨਾਂ ਦੇ ਕਮਰੇ 'ਚੋਂ ਬਿੱਲੇ ਨੇ ਬਾਲੀ ਨਾਲ ਗੱਲ ਕੀਤੀ।
-"ਆਹ ਜਾਹ! ਮੈਂ ਤਾਂ ਉਡੀਕੀ ਜਾਨੈਂ-ਅੱਖਾਂ ਪਕਾ ਦਿੱਤੀਆਂ ਤੂੰ ਤਾਂ-ਇਕ ਮੈਨੂੰ ਹਰ ਰੋਜ ਗੁਰਕੀਰਤ ਦਾ ਫ਼ੋਨ ਆਉਂਦੈ-ਉਹ ਮੈਨੂੰ ਯੈਹਣੋਂ ਨ੍ਹੀ ਹੱਟਦਾ-ਤੇਰੇ ਬਾਰੇ ਪੁੱਛਦਾ ਰਹਿੰਦੈ।" ਬਾਲੀ ਨੇ ਅੱਗੋਂ ਸੁਣਾਈ ਕੀਤੀ ਅਤੇ ਉਚੀ-ਉਚੀ ਹੱਸਿਆ।
ਬਿੱਲੇ ਨੇ ਬਾਲੀ ਦੀ ਏਜੰਟ ਨਾਲ ਗੱਲ ਕਰਵਾ ਦਿੱਤੀ। ਏਜੰਟ ਪੈਸੇ ਪਹਿਲਾਂ ਮੰਗਦਾ ਸੀ। ਪਰ ਬਾਲੀ ਪੈਸੇ ਜਰਮਨ ਪਹੁੰਚਣ 'ਤੇ ਹੀ ਦੇਣਾ ਚਾਹੁੰਦਾ ਸੀ। ਉਹ ਏਜੰਟਾਂ ਦੀਆਂ ਲੂੰਬੜ ਚਾਲਾਂ ਤੋਂ ਭਲੀਭਾਂਤ ਜਾਣੂੰ ਸੀ। ਅਗਰ ਪੈਸੇ ਪਹਿਲਾਂ ਮਿਲ ਜਾਂਦੇ ਸਨ ਤਾਂ ਬੰਦੇ ਨੂੰ ਚੁੱਕ ਕੇ ਕਿਤੇ ਜੰਗਲ ਵਿਚ ਹੀ ਲਾਹ ਦਿੰਦੇ ਸਨ, ਤੇ ਨਹੀਂ ਤਾਂ ਲਾਲਚ ਕਾਰਣ ਬੰਦਾ ਬੜੀ ਜਿ਼ੰਮੇਵਾਰੀ ਨਾਲ ਟਿਕਾਣੇਂ 'ਤੇ ਪਹੁੰਚਾਉਂਦੇ ਸਨ।
ਜਰਮਨ ਜਾਣ ਦਾ ਕੰਮ ਠੁੱਸ ਹੋ ਗਿਆ।
ਏਜੰਟ ਬਾਈ ਨੂੰ ਰੱਖਣਾ ਤਾਂ ਮੰਨ ਗਏ, ਕਿਉਂਕਿ ਬਾਈ ਦਾ ਬੰਦਾ ਪੈਸੇ ਪੇਸ਼ਗੀ ਦੇ ਰਿਹਾ ਸੀ। ਪਰ ਬਿੱਲੇ ਨੂੰ ਰੱਖਣ ਵੱਲੋਂ ਜਵਾਬ ਦੇ ਦਿੱਤਾ।
ਬਿੱਲੇ ਨੇ ਮਿੰਨਤ ਤਰਲਾ ਕਰ ਕੇ ਫਿਰ ਬਾਲੀ ਨੂੰ ਫ਼ੋਨ ਮਿਲਾਇਆ।
-"ਇਹ ਪੈਸੇ ਲੈ ਕੇ ਤੇਰੇ ਨਾਲ ਪਹਿਲਾਂ ਆਲੀ ਹਾਲਤ ਫੇਰ ਕਰਨਗੇ-ਤੂੰ ਇਹਨਾਂ ਦੀਆਂ ਮਿੱਠੀਆਂ ਗੱਲਾਂ ਵਿਚ ਨਾ ਆ! ਪੈਸੇ ਮੈਂ ਅੱਜ ਈ ਭੇਜ ਦਿੰਨੈਂ-ਪੈਸੇ ਤੇਰੇ ਨਾਲੋਂ ਚੰਗੇ ਨਹੀਂ-ਪਰ ਤੈਨੂੰ ਏਜੰਟਾਂ ਦੇ ਚਲਿੱਤਰਾਂ ਦਾ ਨ੍ਹੀ ਪਤਾ-ਤੂੰ ਗੁਰਕੀਰਤ ਦਾ ਭਾਣਜਾ ਈ ਨ੍ਹੀ-ਮੇਰਾ ਵੀ ਐਂ ਬਿੱਲਿਆ!" ਬਾਲੀ ਨੇ ਕਿਹਾ ਸੀ। ਉਹ ਬੜਾ ਸਪੱਸ਼ਟ ਅਤੇ ਤਜ਼ਰਬੇਕਾਰ ਬੰਦਾ ਸੀ। ਏਜੰਟਾਂ ਦੇ ਧੱਕੇ-ਧੋੜੇ ਅਤੇ ਟੁੱਲ ਖਾਂਦਾ ਉਹ ਜਰਮਨ ਪੁੱਜਿਆ ਸੀ। ਰੁਲਦਾ-ਖੁਲਦਾ ਸਿਰੇ ਲੱਗਿਆ ਸੀ।
-"ਹੁਣ ਫਿਰ ਮੇਰਾ ਕੋਈ ਇਲਾਜ?" ਬਿੱਲੇ ਨੂੰ ਧਰਤੀ ਖੁਰਦੀ ਪ੍ਰਤੀਤ ਹੋਈ।
-"ਤੂੰ ਇਹਨਾਂ ਦੇ ਖੂਹ 'ਚ ਡਿੱਗਣ ਨਾਲੋਂ ਸੁੱਖੇ ਕੋਲੇ ਚਲਿਆ ਜਾਹ।" ਬਾਲੀ ਨੇ ਕਿਹਾ।
-"ਸੁੱਖਾ ਕੌਣ ਐਂ?"
-"ਮੇਰੀ ਮਾਸੀ ਦਾ ਮੁੰਡੈ-ਇਟਲੀ ਈ ਰਹਿੰਦੈ-ਮੈਂ ਉਹਨੂੰ ਟੈਲੀਫ਼ੋਨ ਕਰ ਦਿੰਨੈਂ-ਉਹ ਤੈਨੂੰ ਆ ਕੇ ਲੈ ਜਾਊਗਾ।"
ਸ਼ਾਮ ਨੂੰ ਆ ਕੇ ਸੁੱਖਾ ਬਿੱਲੇ ਨੂੰ ਲੈ ਗਿਆ। ਵਿਛੜਨ ਲੱਗਿਆਂ ਬਿੱਲਾ ਬਾਈ ਦੇ ਗਲ ਲੱਗ ਕੇ ਰੋਇਆ ਸੀ। ਬੱਚਿਆਂ ਵਾਂਗ! ਬਾਈ ਦਾ ਉਸ ਨੂੰ ਦਿਲੋਂ ਪ੍ਰੇਮ ਆਉਣ ਲੱਗ ਪਿਆ ਸੀ। ਬਾਈ ਵੀ ਬਿੱਲੇ ਨੂੰ ਪੁੱਤਾਂ ਵਾਂਗ ਪਿਆਰਦਾ ਸੀ।
ਸੁੱਖਾ ਇਕ ਕਸਬੇ ਜਿਹੇ ਵਿਚ 'ਆਪਰੀਲੀਆ' ਰਹਿੰਦਾ ਸੀ।
ਦੋ ਕੁ ਦਿਨ ਬਿੱਲੇ ਦੀ ਵਾਹਵਾ ਖ਼ਾਤਿਰ ਹੋਈ। ਦਾਰੂ ਅਤੇ ਕੁੱਕੜ ਉਡੇ! ਠੱਠਾ-ਮਾਖੌਲ ਹੋਇਆ।
-"ਬਿੱਲਿਆ! ਇਹ ਯੂਰਪ ਐ-ਇੱਥੇ ਕੰ ਬਿਨਾ ਜਮਾਂ ਈ ਨ੍ਹੀ ਸਰਨਾ ਮਿੱਤਰਾ! ਇੱਥੇ ਤਾਂ ਪੈਸੇ ਬਿਨਾ ਬੰਦਾ ਰੱਬ ਨੂੰ ਵੀ ਮੱਥਾ ਨ੍ਹੀ ਟੇਕਦਾ।" ਤੀਜੇ ਦਿਨ ਸੁੱਖੇ ਨੇ ਬਿੱਲੇ ਨੂੰ ਆਪਣੇ ਕੋਲ ਬਿਠਾ ਕੇ ਕਿਹਾ, ਕੌੜੀ ਸੱਚਾਈ ਦੱਸੀ।
-"-----।" ਬਿੱਲਾ ਚੁੱਪ ਸੀ।
-"ਪੈਸੇ ਬਿਨਾ ਤਾਂ ਇੱਥੇ ਮਾਂ ਪੁੱਤ ਨੂੰ ਨ੍ਹੀ ਪਛਾਣਦੀ-ਇੱਥੇ ਸਭ ਰਿਸ਼ਤੇ-ਨਾਤੇ ਪੈਸੇ ਦੇ ਐ-ਪੈਸੇ ਬਿਨਾ ਇੱਥੇ ਕੋਈ ਬਾਤ ਨਹੀਂ ਪੁੱਛਦਾ-ਚਾਹੇ ਸਕਾ ਭਰਾ ਹੋਵੇ।" ਸੁੱਖਾ ਸੱਚ ਹੀ ਤਾਂ ਆਖ ਰਿਹਾ ਸੀ! ਯੂਰਪ ਵਿਚ ਤਾਂ ਪੈਸੇ ਖਾਤਰ ਮਾਵਾਂ, ਬਾਲ ਪੰਘੂੜ੍ਹੇ ਵਿਚ ਝੂਲਦੇ ਨੂੰ ਹੀ ਛੱਡ ਜਾਂਦੀਐਂ! ਕੋਈ ਮੋਹ ਨਹੀਂ। ਕੋਈ ਰਿਸ਼ਤਾ ਨਹੀਂ। ਸਫ਼ੈਦ ਖੂਨ। ਬੰਦਾ ਮਸ਼ੀਨ ਨਾਲ ਮਸ਼ੀਨ ਜਾਂ ਕੰਪਿਊਟਰ ਨਾਲ ਕੰਪਿਊਟਰ ਹੋਇਆ ਰਹਿੰਦੈ। ਤੇਜ਼ ਰੌਸ਼ਨੀਆਂ ਅੱਖਾਂ ਚੁੰਧਿਆਈ ਰੱਖਦੀਐਂ। ਸੋਨੇ ਦੀ ਜੇਲ੍ਹ ਬੰਦੇ ਨੂੰ ਅੰਦਰੋਂ ਖੋਖਲਾ ਕਰੀ ਜਾਂਦੀ ਹੈ ਅਤੇ ਕਿਣ-ਕਿਣ ਕਰਕੇ ਅਣਖੀ ਬੰਦੇ ਦੀ ਆਤਮਾ ਮਰਦੀ ਰਹਿੰਦੀ ਹੈ, ਜ਼ਮੀਰ 'ਖੱਸੀ' ਹੋ ਤੁਰਦੀ ਹੈ। ਮਾਨਸਿਕਤਾ ਦਾ ਹਰ ਰੋਜ ਬਲਾਤਕਾਰ ਹੁੰਦਾ ਹੈ ਅਤੇ ਰੀਝਾਂ ਦਾ ਗਲਾ ਬੁਰੀ ਤਰ੍ਹਾਂ ਦਬਾਇਆ ਜਾਂਦਾ ਹੈ!
ਪੰਜਾਬਣ ਔਰਤ ਵੀ ਆਪਣੇ ਮਰਦ ਨੂੰ ਹਰ ਸੰਭਵ, ਪਰ ਮਿੱਠਾ ਤਸੀਹਾ ਦੇ ਕੇ ਉਸ ਨੂੰ ਮਾਨਸਿਕ ਤੌਰ 'ਤੇ ਬਿਮਾਰ ਕਰਦੀ ਹੈ ਅਤੇ ਫਿਰ ਕੱਠਪੁਤਲੀ ਵਾਂਗ ਵਰਤਦੀ ਹੈ! ਯੂਰਪ ਦਾ ਇਕ ਅਜੀਬ, ਹੈਰਾਨੀਜਨਕ ਅਤੇ ਆਪਣਾ ਹੀ ਇਤਿਹਾਸ ਹੈ। ਆਪਹੁਦਰਾ ਇਤਿਹਾਸ! ਮਤਲਬਖੋਰ ਇਤਿਹਾਸ! ਬੰਦੇ ਨੂੰ ਮਾਨਸਿਕ ਤੌਰ 'ਤੇ ਖਤਮ ਕਰਕੇ, ਆਪਣੇ ਅਨੁਸਾਰ ਵਰਤਣ ਵਾਲਾ ਅਕ੍ਰਿਤਘਣ ਇਤਿਹਾਸ!
-"ਕੰਮ ਮਿਲ ਜਾਊਗਾ?" ਬਿੱਲੇ ਨੇ ਪੁੱਛਿਆ।
-"ਕੰ ਤਾਂ ਮਿਲ ਜਾਊਗਾ-ਪਰ ਮਿਲੂ ਸਰਕਸ ਦਾ।"
-"ਸਰਕਸ ਦਾ?"
-"ਆਸਟਰੀਆ ਵਿਚ ਨਵੇਂ ਮੁੰਡੇ ਸੜਕਾਂ 'ਤੇ ਅਖਬਾਰਾਂ ਵੇਚਦੇ ਐ-ਜਰਮਨ ਵਿਚ ਮੁੰਡੇ ਰੈਸਟੋਰੈਂਟਾਂ ਵਿਚ ਭਾਂਡੇ ਧੋਂਦੇ ਐ-ਇੱਥੇ ਇਟਲੀ 'ਚ ਨਵੇਂ ਮੁੰਡੇ ਸਰਕਸ 'ਚ ਕੰਮ ਕਰਦੇ ਐ-ਸ਼ੁਰੂ ਸ਼ੁਰੂ 'ਚ ਮੈਂ ਖੁਦ ਸਰਕਸ 'ਚ ਕੰਮ ਕੀਤੈ-ਡਿਪਟੀ ਕਮਿਸ਼ਨਰ ਇੱਥੇ ਕੋਈ ਲੱਗਣੋਂ ਰਿਹਾ।"
ਬਿੱਲਾ ਸਹਿਮਤ ਹੋ ਗਿਆ।
ਅਗਲੇ ਦਿਨ ਉਹ ਰੇਲਵੇ ਸਟੇਸ਼ਨ ਆ ਗਏ। ਸੁੱਖੇ ਨੇ ਉਸ ਨੂੰ 'ਮਿਲਾਨੋਂ' ਦੀ ਟਿਕਟ ਲੈ ਦਿੱਤੀ। ਪੰਜਾਹ ਯੂਰੋ ਵੱਖ ਦੇ ਦਿੱਤੇ।
ਟਰੇਨ ਰਾਤ ਨੂੰ ਗਿਆਰਾਂ ਵਜੇ ਚੱਲਣੀ ਸੀ।
-"ਮਿਲਾਨੋਂ ਪਹੁੰਚ ਕੇ ਵੇਟਿੰਗ ਰੂਮ ਵਿਚ ਬੈਠ ਜਾਈਂ-ਉਥੇ ਤੈਨੂੰ ਇਕ ਸੁਲੱਖਣ ਸਿੰਘ ਨਾਂ ਦਾ ਬੰਦਾ ਲੈਣ ਆਊਗਾ-ਉਹ ਵੀ ਉਥੇ ਈ ਕੰਮ ਕਾਰ ਕਰਦੈ-ਉਹ ਤੈਨੂੰ ਸਰਕਸ ਵਿਚ ਰਖਾ ਦਿਊ।" ਸੁੱਖੇ ਨੇ ਬਿੱਲੇ ਨੂੰ ਪੱਕਾ ਕੀਤਾ।
ਬਿੱਲਾ ਮਿਲਾਨੋਂ ਪਹੁੰਚ ਗਿਆ।
ਬਰਫ਼ ਬੁਰੀ ਤਰ੍ਹਾਂ ਪੈ ਰਹੀ ਸੀ।
ਠੰਢ ਕੜਾਕਾ ਪਾਉਂਦੀ ਸੀ।
ਉਹ 'ਵੇਟਿੰਗ-ਰੂਮ' ਵਿਚ ਜਾ ਬੈਠਾ।
ਸਵੇਰੇ ਦਸ ਵਜੇ ਜਾ ਕੇ ਉਹ ਮੁੰਡਾ ਆਇਆ ਅਤੇ ਬਿੱਲੇ ਨੂੰ ਆਪਣੇ ਨਾਲ ਲੈ ਗਿਆ।
ਬਿੱਲੇ ਨੂੰ ਸਰਕਸ ਵਿਚ ਕੰਮ ਮਿਲ ਗਿਆ। ਨੌਂ ਸੌ ਯੂਰੋ ਮਹੀਨਾ। ਖਾਣ ਪੀਣ ਆਪਣਾ।
-"ਛੇ ਕੁ ਸੌ ਮਹੀਨੇ ਦੇ ਬਚਣਗੇ-ਜੇ ਪੇਟ ਰੱਖ ਕੇ ਬਚਾਵੇਂਗਾ ਤਾਂ!" ਸੁਲੱਖਣ ਸਿੰਘ ਨੇ ਕਿਹਾ ਸੀ।
ਸਰਕਸ ਦਾ ਕੰਮ ਬੜਾ ਹੀ ਔਖਾ ਸੀ।
ਛੇ-ਛੇ ਫੁੱਟ ਦੇ ਕਿੱਲੇ ਬੱਜਰੀ ਵਾਲੀ ਜ਼ਮੀਨ ਵਿਚ ਗੱਡਣੇਂ। ਉਹ ਹੀ ਕਿੱਲੇ ਫੇਰ ਪੁੱਟਣੇ। ਪੈਂਦੀ ਬਰਫ਼ ਵਿਚ ਸਰਕਸ ਦੇ ਟੈਂਟ ਉਪਰ ਚੜ੍ਹ ਕੇ ਵੇਲਚਿਆਂ ਨਾਲ ਬਰਫ਼ ਲਾਹੁੰਣੀ। ਅਥਾਹ ਸਰਦੀ ਵਿਚ ਹੱਥ, ਹੱਡਾਂ ਵਾਂਗ ਆਕੜ ਜਾਂਦੇ। ਨਾ ਖੁੱਲ੍ਹਦੇ, ਨਾ ਬੰਦ ਹੁੰਦੇ। ਬਰਫ਼ ਨਾਲ ਜੰਮਿਆਂ ਅਤੇ ਆਕੜਿਆ ਮਾਸ "ਜਿਲੂੰ-ਜਿਲੂੰ" ਕਰਦਾ।
ਬਿੱਲੇ ਦੇ ਹੱਥਾਂ 'ਤੇ 'ਅੱਟਣ' ਪੈ ਗਏ ਅਤੇ ਸਰਦੀ ਨਾਲ ਛਾਤੀ ਵਿਚ ਦਰਦ ਰਹਿਣ ਲੱਗ ਪਿਆ। ਖਿਚਾਈ ਅਤੇ ਕਿੱਲੇ ਗੱਡਣ-ਪੁੱਟਣ ਦਾ ਕੰਮ ਉਸ ਨੂੰ ਹੱਦੋਂ ਵੱਧ ਤੰਗ ਕਰਦਾ।
ਬਿੱਲੇ ਦੀ ਬੇਵਾਹ ਹੋ ਗਈ।
ਘਰੇ ਕੰਮ ਕਦੇ ਕੋਈ ਕੀਤਾ ਨਹੀਂ ਸੀ।
ਮਾਲੂਕ ਜਿਹੀ ਜਿੰਦ ਨੂੰ ਬੜੇ ਭਾਰੀ ਮਾਮਲੇ ਆ ਪਏ ਸਨ। ਉਹ ਛਾਤੀ ਦੇ ਦਰਦ ਤੋਂ ਬੜਾ ਹੀ ਦੁਖੀ ਸੀ। ਉਠਦੇ-ਬੈਠਦੇ ਦੇ ਦਰਦ ਬਹੁੜੀਆਂ ਪੁਆ ਦਿੰਦਾ ਅਤੇ ਉਸ ਦਾ ਆਪ-ਮੁਹਾਰੇ ਹੀ ਰੋਣ ਨਿਕਲ ਜਾਂਦਾ। ਉਸ ਨੂੰ ਬੇਬੇ, ਜੈਬਾ, ਸੀਤਲ ਤਾਂ ਕੀ, ਘਰੇ ਦੇ ਪਸ਼ੂ ਵੀ ਯਾਦ ਆਉਂਦੇ!
-"ਮੇਰੇ ਨਾਲੋਂ ਤਾਂ ਸਾਡੇ ਬਲਦਾਂ ਦੀ ਹਾਲਤ ਹੀ ਚੰਗੀ ਐ।" ਉਹ ਕਦੇ-ਕਦੇ ਸੋਚਦਾ।
ਸਰਕਸ ਵਿਚ ਇਕ ਹੋਰ ਪੰਜਾਬੀ ਮੁੰਡੇ ਨੂੰ ਉਸ ਨੇ ਦੁੱਖ ਦੱਸਿਆ। ਉਸ ਦਾ ਨਾਂ ਜੋਗੀ ਸੀ। ਅਸਲ ਨਾਂ ਤਾਂ ਜੋਗਿੰਦਰ ਸਿੰਘ ਸੀ, ਪਰ ਲੋਕ ਆਖਦੇ 'ਜੋਗੀ' ਸਨ।
-"ਮੇਰਾ ਕੱਲ੍ਹ ਨੂੰ ਐਗਰੀਮੈਂਟ ਖਤਮ ਹੋ ਰਿਹੈ-ਮੇਰੇ ਦੋਸਤ 'ਸਨਵੀਤੋ' ਤੇ 'ਸਨਫੇਲੇਸੇ' ਰਹਿੰਦੇ ਐ-ਆਪਾਂ ਉਹਨਾਂ ਕੋਲ ਚੱਲਾਂਗੇ-ਉਹ ਆਪਾਂ ਨੂੰ ਕਿਸੇ ਤਣ-ਪੱਤਣ ਲਾ ਦੇਣਗੇ-ਬੜੇ ਵਧੀਆ ਬੰਦੇ ਐ।" ਜੋਗੀ ਨੇ ਕਿਹਾ।
ਬਿੱਲੇ ਨੇ ਸਰਕਸ ਦਾ ਕੰਮ ਛੱਡ ਦਿੱਤਾ।
ਦੋਨਾਂ ਨੇ ਹਿਸਾਬ-ਕਿਤਾਬ ਕਰਵਾ ਲਿਆ।
ਜੋਗੀ ਅਤੇ ਬਿੱਲਾ 'ਸਨ-ਫੇਲੇਸੇ' ਆ ਗਏ। ਇਕ ਦਿਨ ਸਨ-ਫੇਲੇਸੇ ਰਹਿਣ ਤੋਂ ਬਾਅਦ ਉਹ 'ਸਨਵੀਤੋ' ਪਹੁੰਚ ਗਏ।
ਇੱਥੇ ਪੰਜ ਮੁੰਡੇ ਰਲ-ਮਿਲ ਕੇ ਰਹਿੰਦੇ ਸਨ।
ਉਹਨਾਂ ਨੇ ਮਾਲਕ ਨਾਲ ਗੱਲ ਕਰਕੇ ਉਹਨਾਂ ਨੂੰ ਆਪਣੇ ਨਾਲ ਹੀ ਕੰਮ 'ਤੇ ਰਖਵਾ ਲਿਆ। ਕੰਮ, ਸਬਜ਼ੀਆਂ ਕੱਟਣ ਦਾ ਸੀ। ਪਹਿਲਾਂ ਸਬਜ਼ੀਆਂ ਖੇਤ ਵਿਚੋਂ ਕੱਟਣੀਆਂ, ਫਿਰ ਸਾਫ਼ ਕਰਨੀਆਂ ਅਤੇ ਫਿਰ ਪੇਟੀਆਂ ਵਿਚ ਬੰਦ ਕਰਕੇ ਟਰਾਲੀ 'ਤੇ ਲੱਦਣੀਆਂ। ਸਾਰਾ ਕੰਮ ਕੋਡੇ ਹੋ ਕੇ ਕਰਨ ਵਾਲਾ ਹੀ ਸੀ। ਸਾਰਾ ਦਿਨ ਵਿੰਗੀ ਰਹਿਣ ਕਰਕੇ ਸ਼ਾਮ ਨੂੰ ਰੀੜ੍ਹ ਦੀ ਹੱਡੀ ਕਮਾਣ ਬਣ ਜਾਂਦੀ। ਧਣੁੱਖ ਵਾਂਗ ਮੁੜ ਜਾਂਦੀ।
ਬਿੱਲੇ ਦਾ ਲੱਕ ਖੜ੍ਹ ਗਿਆ।
ਉਸ ਤੋਂ ਸਿੱਧਾ ਨਹੀਂ ਹੋਇਆ ਜਾਂਦਾ ਸੀ।
ਮਾਲਕ ਤੁਰੰਤ ਬਿੱਲੇ ਨੂੰ ਡਾਕਟਰ ਕੋਲ ਲੈ ਗਿਆ। ਡਾਕਟਰ ਨੇ ਰੀੜ੍ਹ ਦੀ ਹੱਡੀ ਦੇ ਜੋੜ ਵਿਚ ਦੋ ਟੀਕੇ ਲਾਏ। ਮਾਲਿਸ਼ ਕੀਤੀ। ਇੱਕ ਪਲੱਸਤਰ ਜਿਹਾ ਚੁਮੇੜ ਦਿੱਤਾ, ਜਿਹੜਾ ਤੀਜੇ ਦਿਨ ਆਪ ਹੀ ਲਹਿ ਜਾਣਾ ਸੀ।
ਬਿੱਲਾ ਘੋੜੇ ਵਰਗਾ ਹੋ ਗਿਆ।
ਉਸ ਨੇ ਫਿਰ ਕੰਮ ਲਈ ਲੱਕ ਬੰਨ੍ਹ ਲਿਆ।
ਕੰਮ ਸੀ ਤਾਂ ਪੈਸਾ ਸੀ। ਕੰਮ ਨਹੀਂ ਸੀ ਤਾਂ ਪੈਸਾ ਕਿੱਥੋਂ ਆਉਣਾ ਸੀ? ਉਸ ਨੇ ਮੁੰਡਿਆਂ ਦੇ ਆਸਰੇ ਦੇਹ ਤੋੜ ਕੇ ਕੰਮ ਕੀਤਾ। ਸਾਰੇ ਪੰਜਾਬੀ ਭਰਾਵਾਂ ਵਾਂਗ ਰਹਿੰਦੇ। ਹਾਸਾ-ਮਾਖੌਲ ਕਰਦੇ। ਟਾਈਮ ਤੀਆਂ ਵਾਂਗ ਬੀਤ ਜਾਂਦਾ। ਪਿੱਛਾ ਯਾਦ ਨਾ ਰਹਿੰਦਾ। ਝੱਲੇ ਦੁੱਖ ਭੁੱਲ ਜਾਂਦੇ। ਵਕਤ ਸਾਂਅਵਾਂ ਹੋ ਤੁਰਿਆ ਸੀ। ਉਹ ਰਚ-ਮਿਚ ਗਏ ਸਨ। ਜ਼ਖਮ ਆਠਰ ਗਏ ਸਨ।
ਸਬਜ਼ੀਆਂ ਦਾ ਕੰਮ ਸਿਰਫ਼ ਸੀਜ਼ਨ ਦਾ ਸੀ।
ਸੀਜ਼ਨ ਖ਼ਤਮ ਹੋ ਗਿਆ। ਕੰਮ ਮੁੱਕ ਗਿਆ।
ਮਾਲਕ ਨੇ ਬੜੀ ਹੀ ਈਮਾਨਦਾਰੀ ਨਾਲ ਸਾਰਿਆਂ ਦਾ ਹਿਸਾਬ-ਕਿਤਾਬ ਚੁਕਤਾ ਕਰ ਦਿੱਤਾ। ਵੀਹ-ਵੀਹ ਯੂਰੋ ਆਪਣੇ ਵੱਲੋਂ ਹਰ ਮੁੰਡੇ ਨੂੰ ਵੱਧ ਦਿੱਤੇ। ਵਿਦਾਇਗੀ ਦੀ ਇਕ-ਇਕ 'ਸਿ਼ਵਾਜ-ਰੀਗਲ' ਦੀ ਬੋਤਲ ਦਿੱਤੀ। ਜੱਫ਼ੀਆਂ ਪਾ-ਪਾ ਕੇ ਮਿਲਿਆ।
ਸਾਰੇ ਮੁੰਡਿਆਂ ਨੇ ਕਮਰੇ ਦਾ ਕਿਰਾਇਆ, ਬਿਜਲੀ ਦਾ ਬਿੱਲ, ਰੋਟੀ ਦਾ ਖਰਚਾ ਤਕਸੀਮ ਕਰ ਲਿਆ। ਪਿੰਡਾਂ ਨੂੰ ਫ਼ੋਨ ਕਰ ਦਿੱਤੇ। ਹਾਲ-ਚਾਲ ਪੁੱਛਿਆ।
ਸਾਰਾ ਖਰਚਾ ਕੱਢ ਕੇ ਬਿੱਲੇ ਕੋਲ ਹੁਣ ਗਿਆਰਾਂ ਸੌ ਯੂਰੋ ਬਚ ਗਏ। ਕਈਆਂ ਕੋਲ ਇਸ ਤੋਂ ਵੀ ਜਿ਼ਆਦਾ ਸਨ। ਕੋਈ ਬਿਮਾਰ ਮਾਂ ਨੂੰ ਪੈਸੇ ਭੇਜਣ ਲਈ ਸੋਚ ਰਿਹਾ ਸੀ, ਕੋਈ ਕਰਜ਼ਾਈ ਬਾਪ ਨੂੰ। ਕੋਈ ਬੱਚਿਆਂ ਦੀ ਪੜ੍ਹਾਈ ਦੇ ਖਰਚੇ ਬਾਰੇ ਸੋਚ ਰਿਹਾ ਸੀ ਅਤੇ ਕੋਈ ਆਪਣੀ ਔਰਤ ਦੇ ਵੇਚੇ ਹੋਏ ਗਹਿਣਿਆਂ ਬਾਰੇ! ਬਿੱਲਾ ਖੁਦ ਹੁਣ, ਆਪਣੇ ਸਿਰ 'ਤੇ, ਜਰਮਨ ਪਹੁੰਚਣ ਲਈ ਸਕੀਮਾਂ ਲੜਾ ਰਿਹਾ ਸੀ।
ਅਜੀਬ ਜਿਹੀ ਚੁੱਪ ਛਾਈ ਹੋਈ ਸੀ।
ਅਚਾਨਕ ਕਮਰੇ ਦਾ ਦਰਵਾਜਾ ਖੜਕਿਆ।
ਸਾਰੇ ਹੈਰਾਨ ਜਿਹੇ ਹੋ ਗਏ। ਉਹਨਾਂ ਸੁਆਲੀਆ ਜਿਹੀਆਂ ਨਜ਼ਰਾਂ ਨਾਲ ਇੱਕ-ਦੂਜੇ ਵੱਲ ਦੇਖਿਆ।
ਜੋਗੀ ਨੇ ਉਠ ਕੇ ਦਰਵਾਜਾ ਖੋਲ੍ਹ ਦਿੱਤਾ।
ਪਹਿਲਵਾਨ ਅੰਦਰ ਲੰਘ ਆਇਆ।
ਉਹ ਬੜਾ ਦੁਖੀ ਜਿਹਾ ਲੱਗਦਾ ਸੀ।
-"ਕੀ ਹੋ ਗਿਆ? ਬਾਹਲੇ ਈ ਸਾਹ-ਸਤ ਛੱਡੀ ਫਿਰਦੈਂ?" ਜੋਗੀ ਨੇ ਹੀ ਪਹਿਲ ਕੀਤੀ।
-"ਇੱਕ ਬੜਾ ਵੱਡਾ ਹਾਦਸਾ ਹੋ ਗਿਆ ਯਾਰ!" ਉਸ ਨੇ ਸਿਰ ਸੁੱਟ ਲਿਆ।
-"ਕੀ ਹੋ ਗਿਆ?" ਸਾਰੇ ਇਕੱਠੇ ਹੀ ਬੋਲੇ।
-"ਰਾਤ ਇਕ ਸਿ਼ੱਪ 'ਚੋਂ ਦੂਜੇ ਸਿ਼ੱਪ 'ਚ ਚੜ੍ਹਦੇ 189 ਮੁੰਡੇ ਮਾਰੇ ਗਏ!"
-"ਕਿੱਥੋਂ ਦੇ ਸੀ?"
-"ਇੰਡੀਅਨ, ਪਾਕਿਸਤਾਨੀ, ਬੰਗਲਾ ਦੇਸ਼ੀ, ਸ੍ਰੀ ਲੰਕਨ, ਸਾਰੇ ਰਲਵੇਂ ਮਿਲਵੇਂ ਈ ਸੀ।"
ਇੱਕ ਸੰਨਾਟਾ ਛਾ ਗਿਆ!
ਹਾੜ ਬੋਲਣ ਲੱਗ ਗਿਆ।
-"ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ।" ਜੋਗੀ ਦਿਲੋਂ ਦੁਖੀ ਸੀ।
-"ਐਥੇ ਤਾਂ ਜਿਹੜੇ ਦੁੱਖ ਕੱਟੇ ਐ-ਕੱਟੇ ਈ ਹੋਣਗੇ-ਪਰ ਰੱਬ ਅੱਗੇ ਵਿਚਾਰਿਆਂ ਨੂੰ ਜਰੂਰ ਬਖਸ਼ੇ।" ਲਾਲੀ ਬੋਲਿਆ।
-"ਮਾਂ-ਪਿਉ ਕਿਵੇਂ ਬਖਤਾਂ ਨਾਲ ਬਾਹਰ ਤੋਰਦੇ ਐ-ਪਰ ਏਜੰਟ ਦੇਖਲਾ ਕੀ ਕਰਦੇ ਐ ਅੱਗੇ ਵਿਚਾਰਿਆਂ ਨਾਲ।" ਪਹਿਲਵਾਨ ਨੇ ਕਿਹਾ।
-"ਸਾਰਿਆਂ ਨਾਲ ਈ ਇਹੋ ਘਾਣੀ ਬੀਤੀ ਐ।" ਬਿੱਲੇ ਨੇ ਆਖਿਆ।
-"ਤੈਨੂੰ ਕਿੱਥੋਂ ਪਤਾ ਲੱਗਿਆ?" ਜੋਗੀ ਨੇ ਪਹਿਲਵਾਨ ਨੂੰ ਪ੍ਰਸ਼ਨ ਕੀਤਾ।
-"ਹੈ ਕਮਲਾ! ਸਾਰੇ ਇਟਲੀ 'ਚ ਹਾਹਾਕਾਰ ਮੱਚੀ ਪਈ ਐ-ਟੈਲੀਵੀਯਨਾਂ ਆਲੇ ਤਾਂ ਤੜਕੇ ਦੇ ਈ ਇਸੇ ਖਬਰ ਨੂੰ ਪਿੱਟੀ ਜਾਂਦੇ ਐ-ਇਟਲੀ ਦੇ ਪ੍ਰਧਾਨ ਮੰਤਰੀ ਪਿਰਲਿਸਕੋਨੀ ਨੇ ਇਸ ਦੁਖਾਂਤ 'ਤੇ ਦੁੱਖ ਜਾਹਿਰ ਕੀਤੈ-'ਕੱਲੇ ਇਟਲੀ 'ਚ ਤਾਂ ਕੀ? ਸਾਰੇ ਸੰਸਾਰ 'ਤੇ ਈ ਇਹ ਖਬਰ ਘੰਟੇ-ਘੰਟੇ ਬਾਅਦ ਨਸ਼ਰ ਕੀਤੀ ਜਾ ਰਹੀ ਐ-ਮੈਂ ਸੀ ਐੱਨ ਐੱਨ ਖੁਦ ਦੇਖਿਐ।"
-"ਇਹ ਭਾਣਾ ਬੀਤਿਆ ਕਿਵੇਂ?"
-"ਗੱਲ ਕੀ ਹੋਈ?"
-"ਗੱਲ ਕੀ ਹੋਣੀ ਸੀ? ਮੈਂ ਜਿਵੇਂ ਦੇਖਿਐ-ਜਾਂ ਜਿਵੇਂ ਟੀ ਵੀ ਆਲੇ ਦੱਸਦੇ ਐ-ਬਈ ਮੌਸਮ ਸੀ ਹੱਦੋਂ ਵੱਧ ਖਰਾਬ-ਏਜੰਟ ਮੌਸਮ ਦਾ ਫਾਇਦਾ ਉਠਾਉਣਾ ਚਾਹੁੰਦੇ ਸੀ-ਉਹਨਾਂ ਨੂੰ ਇਹ ਹੁੰਦੇ ਬਈ ਖਰਾਬ ਮੌਸਮ ਵਿਚ ਸੀ-ਪੋਰਟ ਪੁਲਸ ਬਾਹਰ ਨਹੀਂ ਨਿਕਲਦੀ-ਗਸ਼ਤ ਨਹੀਂ ਕਰਦੀ-ਪਰ ਪੁਲਸ ਨੂੰ ਟੇਕ ਕਿੱਥੇ?"
-"ਜਦੋਂ ਏਜੰਟਾਂ ਨੇ ਸਿ਼ੱਪ ਨਾਲ ਸਿ਼ੱਪ ਬੰਨ੍ਹ ਕੇ ਮੁੰਡੇ ਦੂਜੇ ਸਿ਼ੱਪ ਵਿਚ ਚੜ੍ਹਾਉਣੇ ਚਾਹੇ-ਤਾਂ ਸਿ਼ੱਪ ਖਰਾਬ ਮੌਸਮ ਕਰਕੇ ਸਮੁੰਦਰ 'ਚ ਈ ਗੋਤੇ ਖਾਣ ਲੱਗ ਪਿਆ-ਜਹਾਜ ਦਾ ਅਮਲਾ ਤਾਂ ਮੋਟਰ-ਬੋਟ ਕੱਢ ਕੇ ਤਿੱਤਰ ਹੋ ਗਿਆ ਤੇ ਮੁੰਡੇ ਡੁੱਬ ਗਏ-ਕਈ ਮੁੰਡਿਆਂ ਨੇ ਤਾਂ ਉਹਨਾਂ ਦੀ ਮੋਟਰ-ਬੋਟ ਵਿਚ ਚੜ੍ਹਨ ਦੀ ਕੋਸਿ਼ਸ਼ ਵੀ ਕੀਤੀ-ਪਰ ਜੱਗੋਂ ਜਾਣਿਆਂ ਨੇ ਉਹਨਾਂ ਨੂੰ ਫੜ-ਫੜ ਛੂਕਦੇ ਸਮੁੰਦਰ ਵਿਚ ਸੁੱਟ ਦਿੱਤਾ।"
-"ਪੁਲਸ ਨੂੰ ਕਿਵੇਂ ਪਤਾ ਲੱਗਿਆ?"
-"ਤੈਨੂੰ ਪਤੈ ਬਈ ਭਿਆਨਕ ਮੌਸਮ 'ਚ ਪੁਲਸ ਮੋਟਰ-ਬੋਟਾਂ 'ਤੇ ਨਹੀਂ-ਹੈਲੀਕਾਪਟਰਾਂ ਨਾਲ ਗਸ਼ਤ ਕਰਦੀ ਐ-ਹੈਲੀਕਾਪਟਰ ਵਾਲਿਆਂ ਨੇ ਹਾਲ ਦੁਹਾਈ ਪਾਈ ਤਾਂ ਕਿਤੇ ਸਿ਼ੱਪ ਧੂਹ ਕੇ ਕਿਨਾਰੇ 'ਤੇ ਲਿਆਂਦਾ।"
-"ਕੋਈ ਬੱਚਤ ਹੋਈ?"
-"ਬੱਚਤ ਕੀ? 189 ਮੁੰਡੇ ਤਾਂ ਰੁੜ੍ਹ ਈ ਗਏ-ਸਵਾ ਕੁ ਸੌ ਬੇਸੁਰਤ ਹਸਪਤਾਲਾਂ 'ਚ ਪਏ ਐ-ਪੰਦਰਾਂ ਵੀਹ ਕੁ ਮੁੰਡੇ ਸੁਰਤ ਸਿਰ ਐ-ਉਹਨਾਂ ਨੇ ਇਹ ਭੇਦ ਖੋਹਲਿਐ।"
ਇਕ ਭਿਆਨਕ ਚੁੱਪ ਛਾ ਗਈ।
-"ਟੀ ਵੀ ਵਾਲਿਆਂ ਨੇ ਸਿ਼ੱਪ ਦਾ ਅੰਦਰਲਾ ਹਿੱਸਾ ਵੀ ਦਿਖਾਇਐ-ਸਿ਼ੱਪ ਥਾਂ-ਥਾਂ ਤੋਂ ਜੰਗਾਲ ਨਾਲ ਗਲਿਆ ਪਿਐ-ਕੰਧਾਂ 'ਤੇ ਕਿਤੇ-ਕਿਤੇ ਸਤਿਨਾਮ-ਵਾਹਿਗੁਰੂ, ਰਾਧਾ-ਸੁਆਮੀ, ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ, ਹਿੰਦੀ 'ਚ ਰਾਮ-ਰਾਮ ਤੇ ਹੋਰ ਬੋਲੀਆਂ 'ਚ ਲਿਖਿਆ ਮੈਂ ਟੀ ਵੀ 'ਤੇ ਖੁਦ ਆਪਣੇ ਅੱਖੀਂ ਦੇਖਿਐ।"
ਉਹ ਦੁੱਖ ਵਿਚ ਨੀਵੀਂਆਂ ਪਾਈ ਬੈਠੇ ਸਨ। ਲੰਮੀ ਚੁੱਪ, ਅਫ਼ਸੋਸ ਦੀ ਮਿਸਾਲ ਆਪ ਸੀ!

ਬਾਕੀ ਅਗਲੇ ਹਫ਼ਤੇ...