ਤਰਕਸ਼ ਟੰਗਿਆ ਜੰਡ (ਕਾਂਡ 14)

ਮਹੀਨੇ ਤੋਂ ਉਪਰ ਹੋ ਗਿਆ ਸੀ ਬਿੱਲੇ ਨੂੰ ਗਿਆਂ। ਪਰ ਉਸ ਦਾ ਕੋਈ ਚਿੱਠੀ ਪੱਤਰ ਨਹੀਂ ਆਇਆ ਸੀ। ਉਹ ਕਿਸ ਹਾਲਤ ਵਿਚ ਸੀ? ਇਹ ਵੀ ਕੁਝ ਕਿਸੇ ਨੂੰ ਪਤਾ ਨਹੀਂ ਸੀ!
ਬਿੱਲੇ ਦੀ ਮਾਂ ਸਮੇਤ ਸਾਰਾ ਪ੍ਰੀਵਾਰ ਗਮਾਂ ਦੀ ਮੂਰਤ ਬਣਿਆਂ ਬੈਠਾ ਸੀ। ਬੇਬੇ ਨੂੰ ਸਾਰੀ-ਸਾਰੀ ਰਾਤ ਨੀਂਦ ਨਾ ਪੈਂਦੀ। ਜਦੋਂ ਮਾੜੀ ਮੋਟੀ ਅੱਖ ਲੱਗਦੀ ਤਾਂ ਉਸ ਨੂੰ ਭੈੜੇ-ਭੈੜੇ ਸੁਪਨੇ ਆਉਂਦੇ।
ਬਿੱਲਾ ਉਸ ਦੇ ਦਿਲ 'ਤੇ ਚੜ੍ਹਿਆ ਰਹਿੰਦਾ।
ਹਿੱਕ ਤੋਂ ਨਾ ਉਤਰਦਾ।
ਫਿਰ ਵੀ ਪੇਟ ਦੀ ਆਂਦਰ ਸੀ।
ਢਿੱਡ ਦੀ ਅੱਗ ਸੀ।
ਉਹ ਸਾਰੀ-ਸਾਰੀ ਰਾਤ "ਵਾਹਿਗੁਰੂ-ਵਾਹਿਗੁਰੂ" ਕਰਦੀ ਰਹਿੰਦੀ। ਰੱਬ ਦਾ ਨਾਂ ਉਸ ਦਾ ਧਰਵਾਸ ਬਣਿਆਂ ਰਹਿੰਦਾ, ਡੁੱਬਦੀ ਲਈ ਸਹਾਰਾ!
ਜੈਬਾ ਵੀ ਗੁਰਕੀਰਤ ਨੂੰ ਬਿੱਲੇ ਬਾਰੇ ਪੁੱਛ ਚੁੱਕਾ ਸੀ। ਉਸ ਦਾ ਦਿਲ ਵੀ ਬਿੱਲੇ ਪਿੱਛੇ ਰਿੱਝਦਾ ਸੀ। ਪਰ ਗੁਰਕੀਰਤ ਕੀ ਉਤਰ ਦਿੰਦਾ? ਉਹ ਤਾਂ ਆਪ ਰੋਹੀ-ਬੀਆਬਾਨ ਵਿਚ ਭਟਕ ਰਿਹਾ ਸੀ।
ਗੁਰਕੀਰਤ, ਬਾਲੀ ਨੂੰ ਜਰਮਨ ਕਈ ਵਾਰ ਫ਼ੋਨ ਕਰ ਚੁੱਕਾ ਸੀ। ਬਾਲੀ ਨੂੰ ਵੀ ਬਿੱਲੇ ਦਾ ਕੋਈ ਫ਼ੋਨ ਨਹੀਂ ਆਇਆ ਸੀ। ਉਹ ਖੁਦ ਆਪਣੀ ਥਾਂ ਹੈਰਾਨ ਸੀ। ਬਿੱਲੇ ਕੋਲ ਬਾਲੀ ਦਾ ਫ਼ੋਨ ਨੰਬਰ ਸੀ। ਉਸ ਨੇ ਫ਼ੋਨ ਕਿਉਂ ਨਹੀਂ ਕੀਤਾ? ਇਹ ਇਕ ਰਹੱਸ ਬਣਿਆਂ ਹੋਇਆ ਸੀ। ਇਕ ਫਿ਼ਕਰ, ਇਕ ਪ੍ਰੇਸ਼ਾਨੀ ਬਣੀ ਹੋਈ ਸੀ।
ਬੇਬੇ ਢਿੱਡ ਵਿਚ ਮੁੱਕੀਆਂ ਦੇਈ ਫਿਰਦੀ ਸੀ।
ਉਸ ਨੇ ਕਿੰਦਰ ਅਤੇ ਮਿੰਦਰ ਤੋਂ ਚੋਰੀ ਗੁਰਕੀਰਤ ਨੂੰ ਪਿਛਲੇ ਵਿਹੜੇ ਵਿਚ ਸੱਦ ਲਿਆ।
-"ਕੀ ਗੱਲ ਐ ਜੀਤੋ?" ਗੱਲ ਦਾ ਤਾਂ ਗੁਰਕੀਰਤ ਨੂੰ ਪਤਾ ਹੀ ਸੀ ਕਿ ਭੈਣ ਨੇ ਕੀ ਕਰਨੀ ਸੀ। ਪਰ ਉਸ ਨੇ ਬੇਫਿ਼ਕਰ, ਬੇਪ੍ਰਵਾਹ ਜਿਹਾ ਹੋਣ ਦਾ ਦਿਖਾਵਾ ਜਿਹਾ ਕੀਤਾ।
-"ਵੇ ਗੁਰਕੀਰਤ-ਬਿੱਲੇ ਦਾ ਤਾਂ ਕਿਮੇਂ ਨਾ ਕਿਮੇਂ ਪਤਾ ਕਰ-ਮੇਰਾ ਤਾਂ ਡੁੱਬੜਾ ਦਿਲ ਪਿੱਛੇ ਨ੍ਹੀ ਪੈਂਦਾ-ਪਤਾ ਨ੍ਹੀ ਕਿਹੜੇ ਹਾਲੀਂ ਹੋਊ?" ਜੀਤ ਕੌਰ ਛੋਟੇ ਭਰਾ ਅੱਗੇ ਫਿ਼ੱਸ ਪਈ।
-"ਜੀਤੋ ਭੈਣੇਂ ਤੂੰ ਰੋ ਨਾ-ਜਮਾਂ ਫਿ਼ਕਰ ਨਾ ਕਰ-ਇਹ ਇਉਂ ਨ੍ਹੀ ਬਈ ਮੋਗਿਓਂ ਬੱਸ ਫੜੀ ਤੇ ਚੱਕ ਤਾਰੇਵਾਲ ਪਹੁੰਚ ਗਏ-ਜਾਂ ਚਚਰਾੜੀ ਤੋਂ ਬੱਸ ਫੜੀ ਤੇ ਮਲਕ ਪਹੁੰਚ ਗਏ-ਇਹ ਭੈਣ ਮੇਰੀਏ ਪ੍ਰਦੇਸਾਂ ਦੀ ਕਹਾਣੀ ਐਂ-।"
-"ਵੇ ਗੁਰਕੀਰਤ! ਤਾਂਹੀਂ ਤਾਂ ਮੈਂ ਤੜਫਦੀ ਫਿਰਦੀ ਐਂ-ਘਰੇ ਜੁਆਕ ਨੇ ਕਦੇ ਚੱਕ ਕੇ ਪਾਣੀ ਦਾ ਗਿਲਾਸ ਨ੍ਹੀ ਸੀ ਪੀਤਾ-ਲਾਡਲਾ ਰੱਖਿਐ-ਪਤਾ ਨ੍ਹੀ ਕਿਹੜੀ ਜੂਨ ਫਿਰਦਾ ਹੋਊਗਾ।" ਜੀਤ ਕੌਰ ਦੇ ਮੋਟੇ-ਮੋਟੇ ਹੰਝੂ ਕਿਰੀ ਜਾ ਰਹੇ ਸਨ।
ਗੁਰਕੀਰਤ ਦਾ ਦਿਲ ਭੈਣ ਨੂੰ ਦੇਖ ਕੇ ਡਾਢਾ ਹੀ ਦੁਖੀ ਹੋ ਗਿਆ। ਜੀਤ ਕੌਰ ਦੇ ਵੀ ਕੋਈ ਵੱਸ ਨਹੀਂ ਸੀ। ਇਕੱਲੇ-ਇਕੱਲੇ ਪੁੱਤ ਦੀ ਮਾਂ ਸੀ। ਦਿਲ ਪੁੱਤ ਵਿਚ ਦੀ ਧੜਕਦਾ ਸੀ। ਸਾਹ ਪੁੱਤ ਵਿਚ ਦੀ ਆਉਂਦਾ ਸੀ। ਪੁੱਤ ਬਿਨਾ ਜੱਗ ਸੁੰਨਾਂ-ਸੁੰਨਾਂ ਲੱਗਦਾ ਸੀ। ਕੰਧਾਂ-ਕੌਲੇ ਪੁੱਤ ਬਣ-ਬਣ ਭੁਲੇਖਾ ਪਾਉਂਦੇ ਸਨ।
-"ਵੇ ਗੁਰਕੀਰਤ! ਤੂੰ 'ਜੰਟ-ਜੁੰਟ ਤੋਂ ਈ ਪਤਾ ਕਰਲਾ-ਕੀ ਐ ਉਹਨੂੰ ਈ ਪਤਾ ਹੋਵੇ?"
-"ਏਜੰਟ ਤੋਂ ਪਤਾ ਕਰ ਲੈਨੈਂ ਭੈਣੇਂ-ਪਰ ਤੂੰ ਦਿਲ ਥੋੜਾ ਨਾ ਕਰ।" ਗੁਰਕੀਰਤ ਨੇ ਜੀਤ ਕੌਰ ਦੀ ਧੀਰਜ ਬੰਨ੍ਹਾਈ। ਪਰ ਉਸ ਦਾ ਆਪਣਾ ਦਿਲ ਵੀ ਇਕ ਤਰ੍ਹਾਂ ਨਾਲ ਰੋਹੀਏਂ ਚੜ੍ਹਿਆ ਹੋਇਆ ਸੀ। ਦਿਮਾਗ ਅੰਦਰ ਚੰਗੀਆਂ-ਮੰਦੀਆਂ ਸੋਚਾਂ ਦਾ ਘਮਸਾਣ ਮੱਚਿਆ ਹੋਇਆ ਸੀ।
ਅਗਲੇ ਦਿਨ ਹੀ ਗੁਰਕੀਰਤ ਸ਼ੁਕਲੇ ਵੱਲ ਨੂੰ ਬੱਸ ਚੜ੍ਹ ਗਿਆ। ਉਸ ਦਾ ਦਿਲ ਵਾਰ-ਵਾਰ ਥਾਲੀ ਦੇ ਪਾਣੀ ਵਾਂਗ ਡੋਲਦਾ ਸੀ।
ਜਦੋਂ ਉਹ ਸ਼ੁਕਲੇ ਦੇ ਦਫ਼ਤਰ ਪਹੁੰਚਿਆ ਤਾਂ ਕੁਰਸੀ 'ਤੇ ਬਹਾਦਰ ਬੱਠਲ ਜਿੱਡਾ ਸਿਰ ਕੱਢੀ ਬੈਠਾ ਸੀ।
ਸ਼ੁਕਲਾ ਦਫ਼ਤਰ ਵਿਚ ਨਹੀਂ ਸੀ।
ਗੁਰਕੀਰਤ ਦਾ ਮੱਥਾ ਠਣਕਿਆ।
-"ਬਹਾਦਰ! ਸ਼ੁਕਲਾ ਜੀ ਕਿੱਥੇ ਐ?" ਉਸ ਨੇ ਗੋਰਖੇ ਨੂੰ ਪੁੱਛਿਆ।
-"ਉਹ ਤਾਂ ਜਨਾਬ ਦਿੱਲੀ ਗਏ ਹੋਏ ਐ।"
-"ਕਦੋਂ ਆਉਣਗੇ?"
-"ਅੱਜ ਈ ਗਏ ਐ-ਕੱਲ੍ਹ ਜਾਂ ਫਿਰ ਪਰਸੋਂ ਹੀ ਮੁੜਨਗੇ।"
ਗੁਰਕੀਰਤ ਸਿਰ ਸੁੱਟ ਕੇ ਕੁਰਸੀ 'ਤੇ ਬੈਠ ਗਿਆ।
-"ਤੁਹਾਡਾ ਬੰਦਾ ਸਿਰੇ ਪਹੁੰਚਿਆ ਕਿ ਨਹੀਂ?" ਗੋਰਖੇ ਨੇ ਪੁੱਛਿਆ।
-"ਕਾਹਨੂੰ ਬਹਾਦਰ! ਜੇ ਉਹ ਸਿਰੇ ਪਹੁੰਚਿਆ ਹੁੰਦਾ-ਫੇਰ ਮੈਂ ਐਥੇ ਕੀ ਲੈਣ ਆਉਂਦਾ? ਉਹਦਾ ਨਾ ਤਾਂ ਕੋਈ ਫੋਨ-ਨਾ ਕੋਈ ਚਿੱਠੀ-ਕੁਛ ਨਹੀਂ ਆਇਆ।"
-"-----।" ਬਹਾਦਰ ਚੁੱਪ ਕਰ ਗਿਆ। ਇਹ ਕੋਈ ਪਹਿਲਾ ਕੇਸ ਨਹੀਂ ਸੀ। ਇੱਥੇ ਹਰ ਰੋਜ ਹੀ ਦੁਖੀਏ ਆਉਂਦੇ ਸਨ। ਦੁੱਖ ਰੋਂਦੇ ਸਨ।
-"ਬਹਾਦਰ!" ਗੁਰਕੀਰਤ ਕਾਫ਼ੀ ਦੇਰ ਬਾਅਦ ਬੋਲਿਆ।
-"ਤੇਰਾ ਸ਼ੁਕਲਾ ਕੀ ਲੱਗਦੈ?"
-"ਧਰਮਰਾਜ ਕਹਾਂ ਕਿ ਜਮਦੂਤ?" ਬਹਾਦਰ ਦੇ ਉਤਰ ਕਰਕੇ ਗੁਰਕੀਰਤ ਰੁਲ ਗਿਆ। ਉਸ ਨੂੰ ਕਦਾਚਿੱਤ ਉਮੀਦ ਨਹੀਂ ਸੀ ਕਿ ਅਭੋਲ ਜਿਹਾ ਗੋਰਖਾ ਉਸ 'ਤੇ ਅਜਿਹੀ, ਤਿਰਛੀ ਗੱਲ ਦਾ ਵਾਰ ਕਰੇਗਾ। ਉਸ ਨੇ ਬਹਾਦਰ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਦਿਲ ਟੋਹ ਲਿਆ।
-"ਫਸਿਆ ਮਾਰ ਖਾਂਦਾ ਲੱਗਦੈਂ?" ਗੁਰਕੀਰਤ ਨੇ ਉਸ ਦੀ ਦੁਖਦੀ ਰਗ ਫੜ ਲਈ।
-"ਪੁੱਛੋ ਕੁਛ ਨਾ ਸਰਦਾਰ ਜੀ।" ਉਸ ਦੇ ਬੁੱਲ੍ਹ ਫ਼ਰਕੇ।
-"ਤਾਂ ਵੀ? ਦੁੱਖ ਦੱਸਿਆਂ ਅੱਧਾ ਰਹਿ ਜਾਂਦੈ-ਦੁੱਖ ਦਿਲ 'ਚ ਨਹੀਂ ਰੱਖੀਦਾ-ਰੋਗ ਬਣ ਜਾਂਦੈ।" ਗੁਰਕੀਰਤ ਉਸ ਦੇ ਨੇੜੇ ਹੋ ਗਿਆ।
ਬਹਾਦਰ ਨੂੰ ਗੁਰਕੀਰਤ ਭਰਾਵਾਂ ਵਰਗਾ ਲੱਗਿਆ।
-"ਮੇਰੇ ਮਾਂ-ਬਾਪ ਕੁੱਲੂ ਮਨਾਲੀ ਵਿਚ ਇਕ ਟਰੇਨ ਐਕਸੀਡੈਂਟ ਵਿਚ ਮਾਰੇ ਗਏ-ਮੇਰਾ ਇਕ ਛੋਟਾ ਭਰਾ ਕਾਇੰਦਾ ਤੇ ਛੋਟੀ ਭੈਣ ਕਿਆਲੀ ਹੀ ਰਹਿ ਗਏ-ਭੈਣ ਭਰਾ ਦੀ ਜਿੰਮੇਵਾਰੀ ਵੱਡਾ ਹੋਣ ਕਰਕੇ ਮੇਰੇ 'ਤੇ ਡਿੱਗ ਪਈ-ਮੈਂ ਕੁੱਲੂ ਮਨਾਲੀ ਦੇ ਇਕ ਹੋਟਲ ਵਿਚ ਬਹਿਰੇ ਦੀ ਨੌਕਰੀ ਕਰ ਲਈ-ਘਰ ਦਾ ਖਰਚਾ ਮਸਾਂ ਚੱਲਦਾ ਸੀ-ਮੈਂ ਭੈਣ ਅਤੇ ਭਰਾ ਨੂੰ ਪੜ੍ਹਾਉਣਾ ਚਾਹੁੰਦਾ ਸੀ-ਪਰ ਹੋਟਲ ਦੀ ਕਮਾਈ ਨਾਲ ਤਾਂ ਘਰ ਹੀ ਮਸਾਂ ਤੁਰਦਾ ਸੀ-ਕਾਇੰਦਾ ਤੇ ਕਿਆਲੀ ਵੱਲ ਦੇਖ ਕੇ ਮੇਰੇ ਦਿਲ ਨੂੰ ਡੋਬ ਪੈਣ ਲੱਗਦੇ-।"
-"-----।"
-"ਫੇਰ ਇਕ ਦਿਨ ਉਸੇ 'ਅਪਾਰਟਮੈਂਟ ਪਰਿਵਿਲਿਜ਼ ਹੋਟਲ' ਵਿਚ ਹੀ ਮੇਰੀ ਸ਼ੁਕਲੇ ਨਾਲ ਮੁਲਾਕਾਤ ਹੋਈ-ਇਹਨੇ ਸ਼ਾਮ ਨੂੰ ਮੈਨੂੰ 'ਪੈਰਾਡਾਈਜ਼ ਵਿਊ ਹੋਟਲ' ਵਿਚ ਸੱਦ ਲਿਆ-ਪੰਜਾਬ ਚੱਲਣ ਲਈ ਪ੍ਰੇਰਿਆ ਅਤੇ ਬੜੇ ਸਬਜ਼ਬਾਗ ਦਿਖਾਏ-ਮੈਂ ਇਹਦੇ ਆਖੇ ਲੱਗ ਕੇ ਕਾਇੰਦਾ ਅਤੇ ਕਿਆਲੀ ਨੂੰ ਲੈ ਕੇ ਇੱਥੇ ਆ ਗਿਆ-ਸਕੂਲ ਵਿਚ ਦਾਖਲਾ ਮਿਲ ਗਿਆ-ਭੈਣ ਭਰਾ ਬੜਾ ਵਧੀਆ ਪੜ੍ਹਦੇ ਐ-ਚੰਗੇ ਨੰਬਰ ਲੈਂਦੇ ਐ-ਉਹਨਾਂ ਦੀ ਪੜ੍ਹਾਈ ਦਾ ਖਰਚਾ ਮੇਰੇ ਜਿੰਮੇਂ ਐ-ਜੇ ਮੈਂ ਇਸ ਬੁੱਚੜ ਦੀ ਨੌਕਰੀ ਨਹੀਂ ਕਰਦਾ ਤਾਂ ਮੇਰੇ ਭੈਣ-ਭਰਾ ਦਾ ਭਵਿੱਖ ਉੱਜੜ ਜਾਵੇਗਾ-ਮੈਂ 'ਕੱਲਾ ਉਹਨਾਂ ਨੂੰ ਲੈ ਕੇ ਕਿੱਥੇ ਜਾਊਂ ਸਰਦਾਰ ਜੀ? ਪੰਜਾਬ ਵਿਚ ਤਾਂ ਪੰਜਾਬੀਆਂ ਨੂੰ ਕੋਈ ਨੌਕਰੀ ਨਹੀਂ ਮਿਲਦੀ-ਮੈਨੂੰ ਕਿੱਥੋਂ ਮਿਲੂ?"
-"-----।"
-"ਸਰਦਾਰ ਜੀ! ਮੈਂ ਨਹੀਂ ਚਾਹੁੰਦਾ ਕਿ ਮੇਰੇ ਭੈਣ-ਭਰਾ ਵੀ ਮੇਰੇ ਵਾਂਗੂੰ ਧੰਦ ਪਿੱਟਣ-ਮੈਂ ਚਾਹੁੰਨੈਂ ਬਈ ਪੜ੍ਹ ਲਿਖ ਜਾਣ-ਆਪਦੇ ਸੂਬੇ 'ਚ ਜਾ ਕੇ ਚੰਗੇ ਕਿੱਤੀਂ ਲੱਗਣ-ਪੜ੍ਹਾਈ ਦੀ ਪੰਜਾਬ ਵਿਚ ਕਦਰ ਨਹੀਂ ਹੈ ਸਰਦਾਰ ਜੀ-ਸਾਡੇ ਸੂਬੇ ਵਿਚ ਪੜ੍ਹਾਈ ਦੀ ਬੜੀ ਕਦਰ ਹੈ-ਸਾਡੇ ਸੂਬੇ ਦੇ ਲੀਡਰ ਪੰਜਾਬ ਦੇ ਲੀਡਰਾਂ ਵਾਂਗੂੰ ਮਤਲਬ-ਪ੍ਰਸਤ ਨਹੀਂ-ਹਾਂ! ਲੀਡਰ ਸਾਡੇ ਵੀ ਦੁੱਧ ਧੋਤੇ ਨਹੀਂ-ਪਰ ਪੰਜਾਬ ਦੇ ਲੀਡਰਾਂ ਵਾਂਗੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਕਾਣੇਂ ਨਹੀਂ।"
-"ਪਰ ਤੂੰ ਸ਼ੁਕਲੇ ਦੀ ਨੌਕਰੀ ਕਿਉਂ ਨਹੀਂ ਕਰਨੀ ਚਾਹੁੰਦਾ? ਉਹਨੂੰ ਬੁੱਚੜ ਕਾਹਤੋਂ ਆਖਦੈਂ?"
-"ਸਰਦਾਰ ਜੀ-ਸੱਚ ਬੋਲੀਦੈ ਤਾਂ ਭਾਂਬੜ ਮੱਚਦੈ! ਨੌਕਰੀ ਵੱਲੋਂ ਵੀ ਹੱਥ ਧੋਣੇਂ ਪੈ ਸਕਦੇ ਐ।"
-"ਜਿਹੜੀ ਗੱਲ ਤੂੰ ਮੇਰੇ ਕੋਲ ਕਰ ਦਿੱਤੀ-ਸਮਝ ਲੈ ਖੂਹ ਵਿਚ ਪੈ ਗਈ-ਤੂੰ ਖੁੱਲ੍ਹ ਕੇ ਗੱਲ ਕਰ-ਗੱਲ ਆਪਣੇ ਵਿਚ ਹੀ ਰਹੂ।"
-"ਦੇਖੋ ਸਰਦਾਰ ਜੀ-।" ਬਹਾਦਰ ਨੇ ਉਠ ਕੇ ਦਰਵਾਜਾ ਬੰਦ ਕਰ ਦਿੱਤਾ।
-"ਸ਼ੁਕਲਾ ਮਜਬੂਰ ਅਤੇ ਗਰੀਬ ਕਿਸਾਨਾਂ ਨੂੰ ਦੋਹੀਂ ਹੱਥੀਂ ਲੁੱਟਦੈ-ਕਹਿੰਦਾ ਕੁਛ ਐ-ਕਮਾਉਂਦਾ ਕੁਛ ਐ-ਬੱਚੇ ਆਪਣੇ ਇਹਨੇ ਦੇਹਰਾਦੂਨ ਸਕੂਲ ਵਿਚ ਪਾਏ ਵੇ ਐ-ਬੰਬਈ ਵਿਚ ਇਕ ਵਿਸ਼ਾਲ ਕੋਠੀ ਪਾਈ ਹੋਈ ਐ-ਵਿਰਸੋਵਾ, ਸੀ ਸਾਈਡ ਏਰੀਏ ਵਿਚ-ਸਾਰੀ ਰਾਤ-ਸਾਰਾ ਦਿਨ ਪਿੱਟੀ ਜਾਊ-ਹਾਏ ਪੈਸਾ! ਹਾਏ ਪੈਸਾ! ਆਹ ਹੁਣ ਤਿੰਨ-।" ਬਹਾਦਰ ਤ੍ਰਭਕ ਕੇ ਰੁਕ ਗਿਆ। ਉਸ ਦੇ ਮੂੰਹੋਂ ਸ਼ਾਇਦ ਕੋਈ ਭਿਆਨਕ ਗੱਲ ਨਿਕਲ ਚੱਲੀ ਸੀ।
-"ਬੋਲ! ਚੁੱਪ ਕਿਉਂ ਕਰ ਗਿਐਂ?" ਗੁਰਕੀਰਤ ਸੁਚੇਤ ਹੋ ਗਿਆ।
-"ਰਹਿਣ ਈ ਦਿਓ ਸਰਦਾਰ ਜੀ-ਕੋਈ ਹੋਰ ਪੰਗਾ ਖੜ੍ਹਾ ਹੋਊ।"
-"ਤੈਨੂੰ ਮੇਰੇ 'ਤੇ ਵਿਸ਼ਵਾਸ ਨਹੀਂ? ਤੇਰੇ ਨਾਲ ਮੇਰਾ ਵਾਅਦਾ ਰਿਹਾ-ਗੱਲ ਇੰਚ ਵੀ ਬਾਹਰ ਨਹੀਂ ਜਾਂਦੀ।" ਗੁਰਕੀਰਤ ਦਾ ਦਿਲ ਧੜਕ ਉਠਿਆ।
-"ਸਰਦਾਰ ਜੀ-ਦੱਸ ਦਿੰਨੈਂ-ਪਰ ਗੱਲ ਆਪਣੇ ਵਿਚ ਹੀ ਰਹੇ:"
-"ਮੈਖਿਆ ਧੁੜਕੂ ਨਾ ਮੰਨ!"
-"ਮਾਸਕੋ ਨੇੜਿਓਂ ਜੰਗਲ ਵਿਚੋਂ ਤਿੰਨ ਪੰਜਾਬੀ ਮੁੰਡਿਆਂ ਦੇ ਪਿੰਜਰ ਮਿਲੇ ਐ-ਉਹ ਮੁੰਡੇ ਹੈ ਪਤਾ ਨ੍ਹੀ ਕੌਣ? ਇਹ ਵੀ ਨਹੀਂ ਪਤਾ ਕਿ ਉਹ ਕਿਹੜੇ ਏਜੰਟ ਨੇ ਭੇਜੇ ਸੀ? ਮਾਸਕੋ ਵਾਲੇ ਏਜੰਟਾਂ ਨੇ ਇੱਧਰਲੇ ਏਜੰਟਾਂ ਨੂੰ ਖਬਰਦਾਰ ਕੀਤੈ-ਬਈ ਜੇ ਇਸ ਕੇਸ ਨੂੰ ਇੰਟਰਪੋਲ ਨੇ ਹੱਥ ਪਾ ਲਿਆ-ਤਾਂ ਕਿਤੇ ਗੱਲ ਘਰਦਿਆਂ ਤੱਕ ਨਾ ਪਹੁੰਚ ਜਾਵੇ-ਇਸ ਲਈ ਵਰਮੇਂ ਨੇ ਪੰਜਾਬ ਦੇ ਸਾਰੇ ਏਜੰਟਾਂ ਦੇ ਕੰਨ ਖਿੱਚਣ ਲਈ ਦਿੱਲੀ ਬੁਲਾਇਐ।"
-"ਇਹਨਾਂ ਨੂੰ ਦਿੱਲੀ ਕਾਹਦੇ ਲਈ ਬੁਲਾਇਐ?"
-"ਉਹ ਇਸ ਲਈ ਬਈ ਜੇ ਇੰਟਰਪੋਲ ਨੇ ਹਿੰਦੋਸਤਾਨੀ ਏਜੰਟਾਂ ਦੀਆਂ ਗ੍ਰਿਫ਼ਤਾਰੀਆਂ ਕਰ ਲਈਆਂ ਤਾਂ ਇਹਨਾਂ ਦੇ ਬਿਆਨਾਂ ਦੇ ਆਧਾਰ 'ਤੇ ਮਾਸਕੋ ਵਾਲੇ ਏਜੰਟ ਨਰੜੇ ਜਾਣਗੇ-ਤੇ ਵਰਮੇਂ ਦਾ ਸਾਰਾ ਕਾਰਜ ਠੱਪ-।"
-"ਇਹ ਵਰਮਾਂ ਕੌਣ ਐਂ?"
-"ਵਰਮਾਂ ਸਾਰਿਆਂ ਤੋਂ ਵੱਡਾ ਮਗਰਮੱਛ ਐ-ਜੀਹਨੂੰ ਇਹ 'ਬੌਸ' ਕਹਿੰਦੈ-ਵਰਮਾਂ ਤਾਂ ਸਰਦਾਰ ਜੀ ਇਕ ਤਰ੍ਹਾਂ ਦਾ ਮੁੱਛ ਐ ਤੇ ਸ਼ੁਕਲੇ ਵਰਗੇ ਉਹਦੀਆਂ ਜੜ੍ਹਾਂ-ਇਹ ਕਿਰਲੀਆਂ ਤੇ ਉਹ ਖੜੱਪਾ ਸੱਪ ਐ ਜੀ।" ਬਹਾਦਰ ਨੇ ਨਿਰੋਲ ਸੱਚ ਆਖ ਕੇ ਰੂਹ ਹਲਕੀ ਕਰ ਲਈ।
-"ਉਹ ਮੁੰਡੇ ਹੈ ਕੌਣ?"
-"ਸਰਦਾਰ ਜੀ ਜੋ ਸੱਚ ਸੀ-ਮੈਂ ਤੁਹਾਨੂੰ ਹੂਬਹੂ ਸੱਚ ਦੱਸ ਦਿੱਤੈ-ਮੈਨੂੰ ਨਹੀਂ ਪਤਾ ਬਈ ਉਹ ਮੁੰਡੇ ਕੌਣ ਐਂ?"
ਗੁਰਕੀਰਤ ਦੇ ਸਿਰ ਵਿਚ ਵਦਾਣ ਚੱਲਣ ਲੱਗ ਪਏ। ਕੰਨਾਂ ਵਿਚ ਧਮਾਕਾ ਹੋਇਆ।
-"ਸ਼ੁਕਲਾ ਤੈਨੂੰ ਦੱਸੂ ਨਾ?"
-"ਹੋ ਸਕਦੈ ਦੱਸੇ-ਪਰ ਜਰੂਰੀ ਨਹੀਂ।"
-"ਆਪਣੇ ਕਾਕੇ ਦਾ ਨਾਂ ਹਰਮਨਪ੍ਰੀਤ ਐ-ਜੇ ਪਤਾ ਲੱਗਿਆ-ਦੱਸ ਸਕਦੈਂ? ਤੇਰਾ ਮੇਰਾ ਬਚਨ ਐਂ-ਗੱਲ ਅੱਗੇ ਨਹੀਂ ਹੋਊ।"
ਬਹਾਦਰ ਫਿ਼ੱਕਾ ਜਿਹਾ ਹੱਸ ਪਿਆ।
-"ਸਰਦਾਰ ਜੀ! ਪੜ੍ਹੇ ਲਿਖੇ ਜਰੂਰ ਓਂ-ਪਰ ਅਣਜਾਣ ਹੋ-ਏਜੰਟਾਂ ਰਾਹੀਂ ਬਾਹਰ ਜਾਣ ਵਾਲੇ ਹਰ ਮੁੰਡੇ ਦਾ ਅਸਲੀ ਨਾਂ ਸਿਰਫ਼ ਇੰਦਰਾ ਗਾਂਧੀ ਏਅਰਪੋਰਟ ਦਿੱਲੀ ਤੱਕ ਈ ਨਾਲ ਜਾਂਦੈ-ਜਦੋਂ ਅਗਲਾ ਏਅਰਪੋਰਟ ਦੇ ਅੰਦਰ ਦਾਖਲ ਹੁੰਦੈ-ਉਦੋਂ ਕੋਈ ਸ਼ਰਮਾਂ ਬਣ ਜਾਂਦੈ ਤੇ ਕੋਈ ਰਾਮ।"
-"ਇਹ ਕਿਉਂ?"
-"ਇੱਕ-ਇੱਕ ਪਾਸਪੋਰਟ 'ਤੇ ਪੰਦਰਾਂ-ਪੰਦਰਾਂ, ਵੀਹ-ਵੀਹ ਮੁੰਡੇ ਚੜ੍ਹਾਏ ਜਾਂਦੇ ਐ-ਉਹੀ ਪਾਸਪੋਰਟ ਮੁੰਡਿਆਂ ਤੋਂ ਮਾਸਕੋ ਏਅਰਪੋਰਟ 'ਤੇ ਈ ਫੜ ਲਏ ਜਾਂਦੇ ਐ ਤੇ ਦਿੱਲੀ ਵਾਪਿਸ ਕਰ ਦਿੱਤੇ ਜਾਂਦੇ ਐ-ਫਿਰ ਅਗਲੇ ਲੜਕੇ ਦੀ ਉਸੀ ਪਾਸਪੋਰਟ ਵਿਚ ਫ਼ੋਟੋ ਚਿਪਕਾ ਕੇ ਤੋਰ ਦਿੱਤਾ ਜਾਂਦੈ-ਜਿੰਨਾਂ ਕੁ ਮੈਨੂੰ ਪਤੈ-ਤੁਹਾਡਾ ਬੰਦਾ ਹਰਮਨਪ੍ਰੀਤ ਹਰੀ ਰਾਮ ਦੇ ਨਾਂ 'ਤੇ ਤੋਰਿਆ ਗਿਐ।"
-"ਅੱਛਾ ਜੀ---!" ਗੁਰਕੀਰਤ ਦੇ ਜਿ਼ਹਨ ਵਿਚ ਬਿੰਡੇ ਟਿਆਂਕਣ ਲੱਗ ਪਏ।
-"ਹਾਂ ਜੀ! ਤੁਸੀਂ ਗੇੜੇ ਮਾਰਨ ਨਾਲੋਂ ਮੈਨੂੰ ਕੋਈ ਫ਼ੋਨ ਨੰਬਰ ਦੇ ਜਾਓ-ਜੇ ਮੈਨੂੰ-ਜਾਂ ਜਦੋਂ ਮੈਨੂੰ ਕੋਈ ਪਤਾ ਲੱਗਿਆ-ਮੈਂ ਤੁਹਾਨੂੰ ਫ਼ੋਨ ਕਰ ਦਿਆਂਗਾ।"
ਗੁਰਕੀਰਤ ਨੇ ਡਾਕਟਰ ਭਜਨ ਦੇ ਕਲੀਨਿਕ ਦਾ ਨੰਬਰ ਦੇ ਦਿੱਤਾ।
-"ਜੋ ਗੱਲ ਕਰਨੀਂ ਐਂ-ਬੱਬੂ ਨਾਂ ਦੇ ਮੁੰਡੇ ਨਾਲ ਕਰਨੀ ਐਂ।" ਉਸ ਨੇ ਪੱਕਾ ਕੀਤਾ।
-"ਠੀਕ ਐ ਜੀ।"
ਗੁਰਕੀਰਤ ਉਠ ਖੜ੍ਹਿਆ।
-"ਸ਼ੁਕਲੇ ਕੋਲ ਗੇੜੇ ਮਾਰਨ ਦਾ ਕੋਈ ਫ਼ਾਇਦਾ ਨਹੀਂ-ਖੁਸ਼ੀ ਆਇਓ! ਤੁਹਾਨੂੰ ਮਿੱਠੀ ਉਂਗਲੀ ਚਟਾ ਕੇ ਮੋੜ ਦਿਊ-ਜਦੋਂ ਕੁਛ ਪਤਾ ਲੱਗਿਆ-ਮੈਂ ਖੁਦ ਤੁਹਾਨੂੰ ਫ਼ੋਨ ਕਰੂੰ-ਮੇਰੇ 'ਤੇ ਭਰਾਵਾਂ ਵਰਗਾ ਵਿਸ਼ਵਾਸ ਰੱਖੋ।"
-"ਵਿਸ਼ਵਾਸ ਹੈ ਬਹਾਦਰ-ਵਿਸ਼ਵਾਸ ਐ!"
ਉਹ ਬਹਾਦਰ ਨਾਲ ਹੱਥ ਮਿਲਾ ਕੇ ਬਾਹਰ ਆ ਗਿਆ।
ਬੱਸ ਵਿਚ ਬੈਠਾ ਉਹ ਸੋਚਾਂ ਦੇ ਸਾਗਰ ਵਿਚ ਨੱਕੋ-ਨੱਕ ਡੁੱਬਿਆ ਹੋਇਆ ਸੀ; ਕੀ ਬਿੱਲਾ ਸੱਚੀਂ ਹੀ---? ਉਹ ਜੀਤੋ ਭੈਣ ਨੂੰ ਕੀ ਦੱਸੇਗਾ? ਇਕ ਨਾ ਇਕ ਦਿਨ ਸੱਚਾਈ ਤਾਂ ਸਾਹਮਣੇ ਆ ਹੀ ਜਾਵੇਗੀ! ਸੱਚਾਈ ਤੋਂ ਕੋਈ ਕਿਤਨਾ ਕੁ ਚਿਰ ਭੱਜ ਸਕਦਾ ਹੈ? ਸੱਚਾ ਬੰਦਾ 'ਸੱਚਾਈ' ਨਹੀਂ ਬਣ ਸਕਦਾ!
ਉਹ ਬੱਸੋਂ ਉਤਰ ਸਿੱਧਾ ਬੱਬੂ ਕੋਲ ਪੁੱਜਿਆ। ਅਣਹੋਣੀ ਜਿਹੀ ਸੁਣ ਕੇ ਬੱਬੂ ਦਾ ਕਾਲਜਾ ਵੀ ਕੰਬਿਆ। ਹਰਾਸ ਮਾਰੇ ਗਏ।
-"ਗੱਲ ਜਿੰਨਾਂ ਚਿਰ ਵਿਤੋਂ ਬਾਹਰ ਨਹੀਂ ਹੋ ਜਾਂਦੀ-ਉਨਾਂ ਚਿਰ ਆਪਣੇ ਵਿਚ ਹੀ ਰਹੇ!" ਉਸ ਨੇ ਬੱਬੂ ਨੂੰ ਠ੍ਹੋਕਰਿਆ।
ਘਰ ਜਾਣ ਦੀ ਵਜਾਏ ਗੁਰਕੀਰਤ ਪਿੰਡ ਦੇ ਗੁਰਦੁਆਰੇ ਪੁੱਜ ਗਿਆ। ਅੱਜ ਉਹ ਜਿ਼ੰਦਗੀ ਵਿਚ ਪਹਿਲੀ ਵਾਰ ਗੁਰਦੁਆਰੇ ਆਇਆ ਸੀ।
ਉਸ ਨੇ ਗੁਰੂ ਅੱਗੇ ਮੱਥਾ ਰਗੜਿਆ।
ਪਾਸ਼ਚਾਤਾਪ ਕੀਤਾ।
-"ਸੱਚੇ ਪਾਤਿਸ਼ਾਹ!" ਉਸ ਦੇ ਹੰਝੂ ਵਗ ਪਏ।
-"ਬੰਦਾ ਬੜਾ ਅਕ੍ਰਿਤਘਣ ਐਂ-ਤੇਰੀ ਰਹਿਮਤ ਨੂੰ ਭੁੱਲ ਜਾਂਦਾ ਹੈ-ਪਰ ਤੂੰ ਬਖਸ਼ਣਹਾਰ ਹੈਂ-ਮੇਰੇ ਪ੍ਰਮ ਪਿਤਾ ਜੀਓ! ਤੂੰ ਹੀ ਭਵਸਾਗਰ ਵਿਚੋਂ ਕੱਢਣ ਵਾਲਾ ਅਕਾਲ ਮੂਰਤ ਹੈਂ-ਬਿੱਲੇ ਦੀ ਰੱਖਿਆ ਕਰਨੀ ਪਿਤਾ ਜੀਓ! ਆਪਣੇ ਪਾਪੀ ਪੁੱਤਰ ਦੀ ਅਰਜ਼ ਕਬੂਲ ਕਰਨੀ! ਕਿਰਪਾ ਕਰੋ ਦੀਨੁ ਕੇ ਦਾਤੇ।। ਮੇਰਾ ਗੁਣੁ ਅਵਗੁਣੁ ਨ ਵੀਚਾਰੋ ਕੋਈ।। ਮਾਟੀ ਕਾ ਕਿਆ ਧੋਪੈ ਸੁਆਮੀ।। ਮਾਣਸੁ ਕੀ ਗਤਿ ਏਹੀ।।" ਉਸ ਨੇ ਕਦੇ ਸੁਣੇ ਲਫ਼ਜ਼ ਦੁਹਰਾ ਦਿੱਤੇ ਅਤੇ ਅਰਦਾਸ ਕਰਕੇ ਬਾਹਰ ਆ ਗਿਆ। ਉਸ ਦੇ ਦਿਲ ਨੂੰ ਧਰਵਾਸ ਸੀ। ਸਰੀਰ ਵਿਚ ਫੁਰਤੀ ਸੀ। ਗੁਰੂ ਦੇ ਆਸਰੇ ਕੋਈ 'ਧੁੜਕੂ' ਉਡ ਗਿਆ ਸੀ। ਵਿਸ਼ਵਾਸ ਬੱਝਿਆ ਸੀ।
-"ਏਜੰਟ ਕਹਿੰਦਾ ਮੌਸਮ ਦੀ ਖਰਾਬੀ ਕਰਕੇ ਮੁੰਡੇ ਰੁਕੇ ਰਹੇ-ਹਫ਼ਤੇ ਦੇ ਵਿਚ-ਵਿਚ ਟਿਕਾਣਿਆਂ 'ਤੇ ਪੁੱਜ ਜਾਣਗੇ।" ਗੁਰਕੀਰਤ ਨੇ ਨਿਰੋਲ ਝੂਠ ਜੀਤ ਕੌਰ ਅੱਗੇ ਬੋਲਿਆ।
ਉਸ ਨੂੰ ਪ੍ਰੋਫ਼ੈਸਰ ਦੇ ਕਹੇ ਬਚਨ ਯਾਦ ਆਏ।
-"ਜਿਹੜਾ ਝੂਠ ਕਿਸੇ ਦੀ ਜਾਨ ਬਚਾ ਦੇਵੇ-ਉਹ ਝੂਠ ਸੌ ਸੱਚ ਨਾਲੋਂ ਸੁੱਚਾ ਅਤੇ ਰਹਿਮਤੀ ਹੁੰਦਾ ਹੈ।" ਪ੍ਰੋਫ਼ੈਸਰ ਅਕਸਰ ਆਖਦਾ ਹੁੰਦਾ ਸੀ।
ਉਸ ਨੇ ਝੂਠ ਬੋਲ ਕੇ, ਰਹਿਮਤੀ ਸੱਚ ਵਰਗਾ ਝੂਠ ਬੋਲ ਕੇ ਇਕ ਤਰ੍ਹਾਂ ਨਾਲ ਭੈਣ ਜੀਤੋ ਦੀ ਜਾਨ ਹੀ ਤਾਂ ਬਚਾਈ ਸੀ। ਤਿੰਨ ਮਾਨੁੱਖੀ ਪਿੰਜਰਾਂ ਬਾਰੇ ਸੁਣ ਕੇ ਤਾਂ ਜੀਤੋ ਨੇ ਸਾਹ ਸਤ ਹੀ ਛੱਡ ਜਾਣੇਂ ਸਨ।
ਜੀਤ ਕੌਰ ਨੇ ਸਰਬ-ਸ਼ਕਤੀਮਾਨ ਰੱਬ ਅੱਗੇ ਹੱਥ ਜੋੜ ਕੇ ਸ਼ੁਕਰਾਨਾ ਅਦਾ ਕੀਤਾ।
ਗੁਰਕੀਰਤ ਦਾ ਦਿਲ ਥਾਵੇਂ ਆ ਗਿਆ।
ਉਹ ਫਿਰ ਗੁਰਦੁਆਰੇ ਨੂੰ ਤੁਰ ਪਿਆ।


*********


ਬੱਬੂ ਕਈ ਦਿਨ ਸੀਤਲ ਤੋਂ ਟਾਲ-ਮਟੋਲ ਕਰਦਾ ਰਿਹਾ। ਸੀਤਲ ਹਾੜ੍ਹੇ ਕੱਢਦੀ, ਬਿਲਕਦੀ। ਪਰ ਬੱਬੂ ਵਿਸ਼ਾ ਹੀ ਬਦਲ ਜਾਂਦਾ।
ਸੀਤਲ ਨੇ ਕਿੱਟੀ ਰਾਹੀਂ ਬੱਬੂ ਦਾ ਵਾਸਤਾ ਪਾਇਆ ਤਾਂ ਬੱਬੂ ਬੇਵਸੀ ਨਾਲ ਪਿੱਟ ਉਠਿਆ।
-"ਉਹ ਤਾਂ ਬਾਹਰ ਦਫ਼ਾ ਹੋ ਗਿਆ---!"
-"ਪਹਿਲਾਂ ਕਿਉਂ ਨਾ ਦੱਸਿਆ?" ਕਿੱਟੀ ਵੀ ਸ਼ੇਰਨੀ ਵਾਂਗ ਬਿਫ਼ਰ ਕੇ ਖੜ੍ਹ ਗਈ।
-"ਕੀ ਦੱਸਦਾ ਮੈਂ? ਉਹਨੇ ਮੇਰੇ ਪੈਰਾਂ 'ਚ ਬੇੜੀਆਂ ਪਾਈਆਂ ਹੋਈਆਂ ਸੀ-ਕਹਿੰਦਾ ਮੈਂ ਆਪੇ ਜਾ ਕੇ ਸੀਤਲ ਨੂੰ ਫ਼ੋਨ ਕਰੂੰਗਾ।"
ਕਿੱਟੀ ਸਿੱਥਲ ਹੋ ਗਈ।
ਸੀਤਲ ਨੇ ਮੱਥਾ ਪਿੱਟਿਆ।
ਜਿਵੇਂ ਜੰਡ ਹੇਠ ਮਿਰਜ਼ਾ ਮਰਨ ਮਗਰੋਂ ਸਾਹਿਬਾਂ ਨੇ ਜੰਡੋਰੇ ਨੂੰ ਨਿਹੋਰ੍ਹੇ ਦਿੱਤੇ ਸਨ, ਉਸ ਨੇ ਬੱਬੂ ਨੂੰ ਮਿਹਣੇ ਮਾਰੇ।
ਪਰ ਬੱਬੂ ਦੇ ਵੀ ਕੋਈ ਵੱਸ ਨਹੀਂ ਸੀ।
ਉਹ ਸੀਤਲ ਦੇ ਦਿਲੀ-ਦਰਦ ਨੂੰ ਭਲੀ-ਭਾਂਤ ਸਮਝਦਾ ਸੀ। ਪਰ ਕਰਦਾ ਕੀ? ਉਸ ਦੇ ਹੱਥ ਕੁਝ ਵੀ ਨਹੀਂ ਸੀ, ਜਿਸ ਆਸਰੇ ਉਹ ਉਸ ਦਾ ਦਿਲ ਧਰਾ ਸਕਦਾ।
ਸੀਤਲ ਦੇ ਦਿਲ ਵਿਚ ਬਿੱਲੇ ਦੀਆਂ ਯਾਦਾਂ ਦੀ ਬਲਦੀ ਹੋਈ ਸ਼ਮ੍ਹਾਂ ਭੜੱਕਣ ਲੱਗੀ। ਫ਼ੋਕੀਆਂ ਤਸੱਲੀਆਂ ਉਸ ਦੇ ਦੋਫ਼ਾੜ ਹੋਏ ਦਿਲ ਨੂੰ ਠਾਹਰ ਨਾ ਦੇ ਸਕਦੀਆਂ। ਜਜ਼ਬਾਤਾਂ ਅਤੇ ਭਾਵਨਾਵਾਂ ਦੇ ਜਗੇ ਦੀਪ ਬੁਝਦੇ-ਬੁਝਦੇ ਮਹਿਸੂਸ ਹੋਏ। ਪਰ ਫਿਰ ਵੀ ਬਿੱਲੇ ਦੀਆਂ ਯਾਦਾਂ ਦਾ ਤਸੱਵਰ, ਉਸ ਦੇ ਮਿਆਰੀ ਖਿਆਲ, ਜਿ਼ੰਦਗੀ ਦੇ ਹਰ ਮੋੜ 'ਤੇ, ਨਾਲ ਨਾਲ ਹੀ ਰਹਿੰਦੇ! ਇਕ ਪ੍ਰਛਾਵੇਂ ਵਾਂਗ! ਢੀਠ ਦਲਾਲ ਵਾਂਗ!
ਉਹ ਕਿਹੜਾ ਰਿਸ਼ਤਾ ਸੀ? ਕਿਹੜਾ ਬੰਧਨ ਸੀ? ਜਿਸ ਨਾਲ ਉਸ ਦਾ ਵਜੂਦ ਬੱਝਿਆ ਹੋਇਆ ਸੀ? ਇਕ ਗੱਲ ਦਾ ਜ਼ਰੂਰ ਤਜ਼ਰਬਾ ਹੋਇਆ ਸੀ, ਕਿ ਜਦੋਂ ਦੋ ਦਿਲ ਸਾਥੀ ਬਣ ਤੁਰ ਪੈਂਦੇ ਹਨ ਤਾਂ ਬੰਦਾ ਆਪਣੇ ਆਪ ਤੋਂ ਵੱਖ ਹੋ ਜਾਂਦੈ! ਇਹ ਤਜ਼ਰਬੇ ਦਾ ਇਕ ਸਿੱਟਾ ਸੀ। ਸਾਰੀ ਦੁਨੀਆਂ ਉਸ ਨੂੰ ਹਾਣੀ ਤੋਂ ਬਿਨਾ, ਬਿਗਾਨੀ ਭਾਸਣ ਲੱਗ ਪੈਂਦੀ ਹੈ!
ਦੁਪਿਹਰੇ ਐੱਸ ਟੀ ਡੀ 'ਤੇ ਬੈਠੀ ਸੀਤਲ ਨੇ ਅਚੇਤ ਹੀ ਕੁਝ ਝਰੀਟ ਧਰਿਆ:


-"ਉਹ ਕੌਣ ਸੀ?
ਜੋ,
ਲੈ ਗਿਆ ਰੰਗੀਨੀਆਂ ਤਮਾਮ?
ਇਹ ਕਿਸ ਨੇ
ਮੇਰੇ ਸ਼ਹਿਰ ਨੂੰ
ਗਮਗੀਨ ਕੀਤਾ??"


ਉਹ ਵਾਰ-ਵਾਰ ਇਹ ਸਤਰਾਂ ਪੜ੍ਹਦੀ ਰਹੀ। ਸੁਤੇ-ਸਿੱਧ ਹੰਝੂ ਕੇਰਦੀ ਰਹੀ। ਤੜਪਦੀ ਰਹੀ!


ਬਾਕੀ ਅਗਲੇ ਹਫ਼ਤੇ....