ਤਰਕਸ਼ ਟੰਗਿਆ ਜੰਡ (ਕਾਂਡ 13)

ਦੋ ਹਫ਼ਤੇ ਬੀਤ ਗਏ।
ਗਿੱਲ ਅਤੇ ਢਿੱਲੋਂ ਵੱਲੋਂ ਬਾਈ ਹੋਰੀਂ ਡੱਕੇ ਭੰਨੀਂ ਬੈਠੇ ਸਨ।
-"ਇੰਡੀਆ!" ਹਬਸ਼ੀ ਖੁਸ਼ ਹੋਇਆ ਆਇਆ। ਉਹ ਸਾਰੇ ਭਾਰਤੀਆਂ ਨੂੰ 'ਇੰਡੀਆ' ਆਖ ਕੇ ਹੀ ਬੁਲਾਉਂਦਾ ਸੀ। ਉਸ ਨੂੰ ਪਹਿਲੀ ਵਾਰ ਖੁਸ਼ ਦੇਖ ਕੇ ਸਾਰੇ ਖੁਸ਼ ਜਿਹੇ ਹੋ ਗਏ। ਕੋਈ ਸ਼ੁਭ ਖਬਰ ਸੀ!
-"ਵੈਰੀ ਗੁੱਡ ਮੈਸਿੱਜ!"
-"ਕੀ ਕਹਿੰਦੈ?" ਬਾਈ ਨੇ ਮੁੰਡੇ ਨੂੰ ਪੁੱਛਿਆ।
-"ਕਹਿੰਦੈ ਬੜੀ ਵਧੀਆ ਖਬਰ ਐ।"
-"ਪੁੱਛ ਕੀ ਐ?" ਬਾਈ ਪੈਰਾਂ ਭਾਰ ਹੋ ਕੇ ਬੈਠ ਗਿਆ।
-"ਵੱਟ ਮੈਸਿਜ ਸਰ?"
-"ਨੈਕਸਟ ਵੀਕ ਟਰੱਕ ਕਮਿੰਗ-ਹੂਅ ਵਾਂਟ ਗੋ ਟੂ ਇਟਲੀ?"
-"ਕਹਿੰਦਾ ਇਟਲੀ ਕੌਣ ਜਾਣਾ ਚਾਹੁੰਦੈ? ਅਗਲੇ ਹਫ਼ਤੇ ਟਰੱਕ ਆ ਰਿਹੈ।"
ਸਾਰਿਆਂ ਨੇ ਹੀ ਹੱਥ ਖੜ੍ਹੇ ਕਰ ਦਿੱਤੇ।
ਉਹ ਇਸ ਨਰਕ ਤੋਂ ਛੁਟਕਾਰਾ ਚਾਹੁੰਦੇ ਸਨ।
-"ਨ੍ਹੋ ਆਲ ਇੰਡੀਆ!"
-"ਹਾਓ ਮੈਨ੍ਹੀ ਪੌਸੀਬਲ?"
-"ਫਿ਼ਫ਼ਟੀ ਮਿੰਨ!"
-"ਕਹਿੰਦਾ ਪੰਜਾਹ ਹੀ ਜਾ ਸਕਦੇ ਐ।"
-"ਚਲੋ ਪੰਜਾਹ ਈ ਸਹੀ-ਓ ਕੇ-ਓ ਕੇ!" ਬਾਈ ਨੇ ਹਬਸ਼ੀ ਨੂੰ ਕਿਹਾ। ਹੱਥ ਹਵਾ ਵਿਚ ਲਹਿਰਾਇਆ।
-"ਜਿਹੜੇ ਬਿਮਾਰ ਠਮਾਰ ਐ ਚਲੇ ਜਾਣ-ਬਾਕੀ ਫੇਰ ਸਹੀ-ਓਦੂੰ ਅਗਲਾ ਟਰੱਕ ਪੁੱਛ ਕਦੋਂ ਆਊ?"
-"ਵਿੱਨ ਕੱਮਜ਼ ਨੈਕਸਟ ਟਰੱਕ ਸਰ?"
-"ਵੈਰੀ ਸੂਨ! ਵੈਰੀ ਸੂਨ! ਮੇਅ ਬੀ ਇਨ ਟੂ ਵੀਕਸ!"
-"ਕਹਿੰਦਾ ਦੋ ਕੁ ਹਫ਼ਤਿਆਂ ਨੂੰ।"
-"ਓ ਕੇ-ਓ ਕੇ!" ਬਾਈ ਨੇ ਹਬਸ਼ੀ ਨੂੰ ਜਿੱਤ ਦਾ ਅੰਗੂਠਾ ਖੜ੍ਹਾ ਕਰ ਦਿੱਤਾ।
ਉਹ ਸਾਰੇ ਸਾਅਵੇਂ, ਹਲਕੇ ਜਿਹੇ ਹੋ ਗਏ।
ਉਸ ਰਾਤ ਉਹ ਬੇਫਿ਼ਕਰੀ ਦੀ ਨੀਂਦ ਸੁੱਤੇ।
ਅਗਲੇ ਦਿਨ ਈਵਾਨ ਇਕ ਸੁੰਦਰ-ਸੁਸ਼ੀਲ ਲੜਕੀ ਨੂੰ ਲੈ ਕੇ ਆਇਆ। ਕੁੜੀ ਕੋਈ ਵੀਹ ਕੁ ਸਾਲਾਂ ਦੀ ਸੀ। ਸਲਵਾਰ-ਕਮੀਜ਼ ਤੋਂ ਉਹ ਕੋਈ ਪੰਜਾਬਣ ਲੱਗਦੀ ਸੀ। ਸ਼ਕਲੋਂ-ਸੂਰਤੋਂ ਅਤੇ ਪਹਿਰਾਵੇ ਤੋਂ ਉਹ ਚੰਗੀ ਪੜ੍ਹੀ-ਲਿਖੀ ਜਾਪਦੀ ਸੀ। ਈਵਾਨ ਉਸ ਦੇ ਅੱਗੇ ਪਿੱਛੇ "ਪਲੀਜ਼-ਪਲੀਜ਼" ਕਰਦਾ ਫਿਰਦਾ ਸੀ। ਉਹ ਵੀ ਈਵਾਨ ਦੇ ਮਗਰ-ਮਗਰ ਪੱਬਾਂ ਭਾਰ ਤੁਰੀ ਫਿਰਦੀ ਸੀ।
ਈਵਾਨ ਨੇ ਹਬਸ਼ੀ ਨਾਲ ਕੋਈ ਘੁਸਰ-ਮੁਸਰ ਕੀਤੀ ਅਤੇ ਉਸ ਕੁੜੀ ਨੂੰ ਲੈ ਕੇ ਉਪਰ ਚੜ੍ਹ ਗਿਆ। ਉਪਰ ਇਕ ਚੁਬਾਰੇਨੁਮਾਂ ਕਮਰਾ ਸੀ। ਜਿੱਥੇ ਵਰਾਂਡੇ ਵਾਲਿਆਂ ਨੂੰ ਜਾਣ ਦੀ ਇਜਾਜ਼ਤ ਨਹੀਂ ਸੀ।
ਚੁਬਾਰੇ ਵਿਚ ਪਹੁੰਚ ਕੇ ਈਵਾਨ ਨੇ 'ਟਿੱਪੀਕਲ-ਵੋਦਕਾ' ਦੀ ਬੋਤਲ ਖੋਲ੍ਹ ਲਈ। ਉਸ ਦੇ ਧਰਤੀ 'ਤੇ ਪੈਰ ਨਹੀਂ ਲੱਗਦੇ ਸਨ। ਉਹ ਉਡਿਆ ਫਿਰਦਾ ਸੀ।
-"ਵੇਅਰ ਡੂ ਯੂ ਕਮ ਫਰੌਮ?" ਈਵਾਨ ਨੇ ਇਕ ਲੰਡਾ ਪੈੱਗ ਅੰਦਰ ਸੁੱਟਦਿਆਂ ਪੁੱਛਿਆ। ਦਾਰੂ ਦਾ ਪੈੱਗ ਉਸ ਅੰਦਰ ਕੁੜੀ ਦੇ ਹੁਸਨ ਵਾਂਗ ਹੀ ਲੀਕ ਜਿਹੀ ਪਾ ਗਿਆ ਸੀ। ਅਸਮਾਨੋਂ ਟੁੱਟਦੇ ਤਾਰੇ ਵਾਂਗ!
-"ਆਈ ਐੱਮ ਫਰੌਮ ਇੰਡੀਆ!"
-"ਵੇਅਰ ਫਰੌਮ ਇੰਡੀਆ? ਇੰਡੀਆ ਇਜ਼ ਏ ਲਾਰਜ ਕੰਟਰੀ!"
-"ਫਰੌਮ ਪੰਜਾਬ!"
-"ਯੂ ਆਰ ਸੋ ਪਰੈਟੀ ਗਰਲ।" ਉਹ ਦਾਰੂ ਦੇ 'ਗਰਲੇ' ਅੰਦਰ ਸੁੱਟੀ ਜਾ ਰਿਹਾ ਸੀ। ਜਿਵੇਂ ਗਧੇ ਨੂੰ 'ਨਾਅਲ' ਨਾਲ ਕਾਹੜਾ ਦੇਈਦੈ।
-"ਥੈਂਕਯੂ!"
-"ਵੇਅਰ ਡੂ ਯੂ ਵਾਂਟ ਟੂ ਗੋਅ?"
-"ਹਾਲੈਂਡ! ਟੂ ਮਾਈ ਹਸਬੈਂਡ!"
-"ਯੂ ਮੈਰਿਡ?"
-"ਨ੍ਹੋ! ਨਾਟ ਯੈੱਟ! ਓਨਲੀ ਅੰਗੇਜ਼ਡ!"
-"ਆਈ ਸੀ।"
-"ਯੂਅਰ ਨੇਮ?"
-"ਮਨਜੀਤ ਕੌਰ।" ਕੁੜੀ ਨੇ ਭਾਂਪ ਲਿਆ ਕਿ ਈਵਾਨ ਦਾ ਅੰਗਰੇਜ਼ੀ ਵੱਲੋਂ ਹੱਥ ਕਾਫ਼ੀ ਤੰਗ ਸੀ। ਉਹ ਉਸ ਨਾਲ ਉਸ ਹਿਸਾਬ ਨਾਲ ਹੀ ਬੋਲਣ ਲੱਗ ਪਈ।
-"ਮੰਛੀਤ?"
-"ਨ੍ਹੋ ਮੰਛੀਤ-ਮਨਜੀਤ!"
-"ਸਮ ਡਰਿੰਕ?" ਉਸ ਨੇ ਬੋਤਲ ਚੁੱਕਦਿਆਂ ਪੁੱਛਿਆ। ਬੋਤਲ ਉਸ ਨੇ ਕੁੱਕੜ ਵਾਂਗ ਧੌਣੋਂ ਫੜੀ ਹੋਈ ਸੀ।
-"ਨ੍ਹੋ! ਨੈਵਰ! ਆਈ ਡੋਂਟ ਲਾਈਕ ਡਰਿੰਕ।"
-"ਵੈਰੀ ਕੋਲਡ ਵੈਦਰ! ਟੇਕ ਜਸਟ ਐਜ਼ ਏ ਮੈਡੀਸਿਨ।"
-"ਨ੍ਹੋ-ਨ੍ਹੋ!"
-"ਕਮ ਆਨ ਮੰਛੀਜ!"
-"ਨ੍ਹੋ ਮੰਛੀਜ-ਮਨਜੀਤ!"
-"ਔਲ ਰਾਈਟ-ਮੰਸ਼ੀਤ!"
ਉਸ ਨੇ 'ਨਾਂਹ-ਨਾਂਹ' ਕਰਦੀ ਮਨਜੀਤ ਦੇ ਗਲ ਅੰਦਰ ਵੋਦਕਾ ਦਾ ਅੱਧਾ ਗਿਲਾਸ ਡੋਲ੍ਹ ਦਿੱਤਾ। ਵੋਦਕਾ ਕੁੜੀ ਦਾ ਗਲ ਸਾੜਦਾ ਥੱਲੇ ਉਤਰਿਆ ਸੀ। ਉਸ ਨੂੰ 'ਪੱਠਾ' ਲੱਗ ਗਿਆ। ਉਸ ਨੇ ਅੱਖਾਂ ਮੀਟ ਕੇ ਸਾਹ ਘੁੱਟ ਲਿਆ। ਦਾਰੂ ਭੰਬੂਕਾ ਬਣ ਕੇ ਸਿਰ ਨੂੰ ਚੜ੍ਹੀ ਸੀ। ਉਸ ਨੂੰ ਧੁੱਪ ਸਤਰੰਗੀ ਲੱਗੀ। ਹਵਾ ਦਾ ਬੁੱਲਾ ਲੋਰੀਆਂ ਦਿੰਦਾ ਜਾਪਿਆ। ਦਿਲ ਅਨੋਖੀ ਮਸਤੀ ਵਿਚ "ਬਾਘੀਆਂ" ਪਾਉਣ ਲੱਗ ਪਿਆ। ਉਹ ਅੱਧ-ਖੁੱਲ੍ਹੀਆਂ ਅੱਖਾਂ ਨਾਲ ਬੈੱਡ 'ਤੇ ਪਈ ਸੀ। ਕਾਲੇ ਘਟਾ ਵਰਗੇ ਕੇਸਾਂ ਨੇ ਉਸ ਦਾ ਚੰਨ ਵਰਗਾ ਮੁਖੜਾ ਅੱਧਾ ਕੱਜ ਲਿਆ ਸੀ। ਕਿਰੇ ਖਰਬੂਜੇ ਵਰਗਾ ਮੁੱਖ!
ਈਵਾਨ ਕੁਦਰਤ ਦੀ ਇਸ ਘੜਤ ਨੂੰ ਤੱਕ ਕੇ ਬੇਵਾਹ ਹੋਇਆ ਪਿਆ ਸੀ। ਉਸ ਅੰਦਰੋਂ ਲੂਹਰੀਆਂ ਉਠੀ ਜਾ ਰਹੀਆਂ ਸਨ। ਵਾਰ-ਵਾਰ ਉਸ ਦੇ ਲੂੰ-ਕੰਡੇ ਖੜ੍ਹੇ ਹੁੰਦੇ।
ਅਸਲ ਵਿਚ ਮਨਜੀਤ ਦਾ "ਤੱਤਾ" ਮੰਗੇਤਰ ਹੌਲੈਂਡ ਵਿਚ ਰਹਿੰਦਾ ਸੀ। ਦੋ ਵਾਰ ਉਹ ਮਨਜੀਤ ਨੂੰ ਹੌਲੈਂਡ ਮੰਗਵਾਉਣ ਦੀ ਕੋਸਿ਼ਸ਼ ਕਰ ਚੁੱਕਾ ਸੀ। ਪਰ ਹਰ ਵਾਰ ਹੌਲੈਂਡ ਦੀ ਅੰਬੈਸੀ ਨੇ ਕੋਈ ਨਾ ਕੋਈ ਵਿਘਨ ਖੜ੍ਹਾ ਕਰ ਦਿੱਤਾ ਸੀ। ਕਦੇ ਮਕਾਨ ਛੋਟਾ ਹੋਣ ਕਰਕੇ ਅਤੇ ਕਦੇ ਤਨਖਾਹ ਘੱਟ ਹੋਣ ਦਾ ਬਹਾਨਾ ਲਾ ਕੇ ਵੀਜ਼ਾ "ਰਿਜੈਕਟ" ਕਰ ਦਿੱਤਾ ਸੀ। ਉਸ ਨੇ ਵਕੀਲ ਦੀ ਮੱਦਦ ਲਈ ਤਾਂ ਅੰਬੈਸੀ ਵਾਲਿਆਂ ਨੇ ਠੋਕ ਕੇ ਹੀ ਆਖ ਦਿੱਤਾ ਕਿ ਉਹ ਸ਼ਾਦੀ ਤੋਂ ਪਹਿਲਾਂ ਮਨਜੀਤ ਨੂੰ ਕਿਸੇ ਹਾਲਤ ਵਿਚ ਹੌਲੈਂਡ ਨਹੀਂ ਬੁਲਾ ਸਕੇਗਾ।
"ਤੱਤੇ" ਮੰਗੇਤਰ ਨੇ ਦੁਖੀ ਹੋ ਕੇ ਇਕ ਏਜੰਟ ਨਾਲ ਅਟੀ-ਸੱਟੀ ਰਲਾਈ। ਪੂਰੇ ਪੰਜ ਲੱਖ ਰੁਪਏ ਵਿਚ ਉਸ ਨੇ ਮਨਜੀਤ ਨੂੰ ਮਾਸਕੋ ਰਾਹੀਂ ਹੌਲੈਂਡ ਵਾੜਨ ਲਈ ਤੈਅ ਕਰ ਲਿਆ। ਪੰਜ ਲੱਖ ਦਿੱਲੀ ਇਕ ਏਜੰਟ ਨੂੰ ਅਦਾ ਕੀਤਾ ਜਾ ਚੁੱਕਾ ਸੀ ਅਤੇ ਪੰਦਰਾਂ ਸੌ ਅਮਰੀਕਨ ਡਾਲਰ ਮਨਜੀਤ ਦੇ ਪਾਸ ਸਨ।
ਮਾਸਕੋ ਉਤਰਦਿਆਂ ਹੀ ਈਵਾਨ ਨੇ ਮਨਜੀਤ ਦਾ ਪਾਸਪੋਰਟ, ਟਿਕਟ ਅਤੇ ਪੰਦਰਾਂ ਸੌ ਡਾਲਰ ਵਾਪਿਸ ਮੋੜਨ ਦਾ ਵਾਅਦਾ ਕਰ ਕੇ ਫੜ ਲਏ ਸਨ।
ਹੁਣ ਮਨਜੀਤ ਬੁਲਡੋਜਰ ਵਰਗੇ ਈਵਾਨ ਦੇ ਰਹਿਮ ਹੇਠ ਸੀ। ਇਕ ਤਰ੍ਹਾਂ ਨਾਲ ਉਸ ਦੇ ਕਬਜ਼ੇ ਵਿਚ ਸੀ।
-"ਮੰਸ਼ੀਤ ਡਾਰਲਿੰਗ-ਮੰਸ਼ੀਤ ਡਾਰਲਿੰਗ" ਕਰਕੇ ਈਵਾਨ ਨੇ ਵੋਦਕਾ ਦੇ ਨਸ਼ੇ ਨਾਲ ਮਦਹੋਸ਼ ਜਿਹੀ ਹੋਈ ਮਨਜੀਤ ਨੂੰ ਅਲਫ਼ ਨਗਨ ਕਰ ਲਿਆ। ਹੁਣ ਉਹ ਡਲੀ ਵਾਂਗ ਨੰਗਧੜ੍ਹੰਗੀ ਬੈੱਡ 'ਤੇ ਪਈ, ਪਾਸੇ ਪਰਤ ਰਹੀ ਸੀ। ਈਵਾਨ ਦਾਰੂ ਪੀਂਦਾ ਉਸ ਦੇ ਹੁਸਨ ਨੂੰ ਨਿਹਾਰਦਾ ਰਿਹਾ। ਮਨਜੀਤ ਦਾ ਅਛੁਹ ਬਦਨ ਦੇਖ ਕੇ ਉਸ ਨੂੰ ਆਪਣੀ ਮਿੱਤਰ ਕੁੜੀ ਕਿਸੇ ਮੱਝ ਵਰਗੀ ਲੱਗ ਰਹੀ ਸੀ। ਉਹ ਤਾਂ ਡੋਕਲ ਹੱਡਾਂ ਨਾਲ ਹੀ ਮੱਥਾ ਮਾਰਦਾ ਰਿਹਾ ਸੀ! ਕਿਸੇ ਸੂਰੀ ਨਾਲ ਹਮ-ਬਿਸਤਰ ਹੁੰਦਾ ਰਿਹਾ ਸੀ! ਮਨਜੀਤ ਹਰੇ ਕਾਗਜ਼ 'ਤੇ ਸੋਨੇ ਦੀ ਡਲੀ ਵਾਂਗ ਪਈ ਸੀ।
ਈਵਾਨ ਪਾਗਲਾਂ ਵਾਂਗ ਮਨਜੀਤ ਵੱਲ ਲਪਕਿਆ। ਤਨ ਦੇ ਕੱਪੜੇ ਪਾੜ ਕੇ ਪਰ੍ਹੇ ਸੁੱਟ ਦਿੱਤੇ। ਉਸ ਨੇ ਮਨਜੀਤ ਨੂੰ ਚੁੰਮਣਾ ਨਹੀਂ, ਇਕ ਤਰ੍ਹਾਂ ਨਾਲ 'ਖਾਣਾ' ਸ਼ੁਰੂ ਕਰ ਦਿੱਤਾ।
ਅਚਾਨਕ ਮਨਜੀਤ ਦੀ ਹਿਰਦੇਵੇਧਕ ਚੰਘਿਆੜ ਨਿਕਲੀ, "ਮਾਰਤੀ ਵੇ ਬਾਪੂ---!" ਉਸ ਨੂੰ ਇੰਜ ਮਹਿਸੂਸ ਹੋਇਆ, ਜਿਵੇਂ ਉਸ ਅੰਦਰ ਕੋਈ ਕਿੱਲਾ ਠੋਕਿਆ ਜਾ ਰਿਹਾ ਸੀ। ਜਿਵੇਂ ਉਸ ਅੰਦਰ ਕੋਈ ਤਲਵਾਰ ਫਿਰ ਰਹੀ ਸੀ। ਉਸ ਦੀ ਜਾਨ ਰਗਾਂ ਵਿਚ ਆ ਗਈ ਅਤੇ ਅੱਖੀਆਂ 'ਚੋਂ ਹੰਝੂ ਛਲਕ ਪਏ। ਮੱਥੇ ਤੋਂ ਪਸੀਨਾ ਛੱਲਾਂ ਬਣ ਵਹਿ ਤੁਰਿਆ। ਅੱਖਾਂ ਅੱਗੇ ਹਨ੍ਹੇਰ ਛਾ ਗਿਆ। ਉਸ ਨੇ ਢਾਈ ਮਣ ਦੇ ਈਵਾਨ ਨੂੰ ਥੱਲੇ ਸੁੱਟਣਾ ਚਾਹਿਆ, ਪਿੱਛੇ ਧੱਕਣਾ ਚਾਹਿਆ। ਪਰ ਈਵਾਨ ਨੇ ਉਸ ਨੂੰ ਸਿਕੰਜੇ ਵਾਂਗ ਕਸ ਰੱਖਿਆ ਸੀ। ਉਹ ਹਥੌੜੇ ਦੀਆਂ ਸੱਟਾਂ ਮਾਰਨ ਵਿਚ ਮਘਨ ਸੀ।
ਸ਼ਰਾਬੀ ਈਵਾਨ ਨੇ ਅੱਧਾ ਘੰਟਾ ਕੁੜੀ ਨੂੰ 'ਹਲਾਲ' ਕੀਤਾ। ਜਦੋਂ ਉਸ ਨੇ ਮਨਜੀਤ ਨੂੰ ਛੱਡਿਆ ਤਾਂ ਉਸ ਅੰਦਰੋਂ ਖ਼ੂਨ ਦਾ ਫ਼ੁਆਰਾ ਫ਼ੁੱਟ ਤੁਰਿਆ।
ਈਵਾਨ ਨੇ ਤੁਰਦੇ ਖ਼ੂਨ ਵਾਲੀ ਥਾਂ ਵੋਦਕਾ ਡੋਲ੍ਹਿਆ ਤਾਂ ਸਪਿਰਟ ਵਰਗੇ ਵੋਦਕੇ ਨੇ ਪਾੜਿਆ ਮਾਸ ਹੋਰ ਸਾੜਨਾ ਸ਼ੁਰੂ ਕਰ ਦਿੱਤਾ।
ਮਨਜੀਤ ਕਰਾਹ ਰਹੀ ਸੀ!
ਫ਼ੱਟੜ ਸੱਪ ਵਾਂਗ ਉਸਲਵੱਟੇ ਲੈ ਰਹੀ ਸੀ।
ਈਵਾਨ ਨੇ ਉਸ ਹੇਠ ਸਿਰਹਾਣਾ ਰੱਖ ਕੇ ਫਿਰ ਵੋਦਕਾ ਡੋਲ੍ਹਿਆ। ਖੂਨ ਵਗਣਾ ਕੁਝ ਘੱਟ ਹੋ ਗਿਆ।
-"ਹਾਏ ਬਾਪੂ! ਹਾਏ ਰੱਬਾ!" ਦੀ ਅਵਾਜ਼ ਉਸ ਦੇ ਮੂੰਹੋਂ ਟੁੱਟ-ਟੁੱਟ ਕੇ ਆ ਰਹੀ ਸੀ। ਪੇਡੂ ਦਰਦ ਨਾਲ ਚਸਕਾਂ ਮਾਰ ਰਿਹਾ ਸੀ। ਉਸ ਅੰਦਰੋਂ ਦਰਦ ਦੀਆਂ ਲਾਟਾਂ ਉਠਦੀਆਂ, ਜਿਹੜੀਆਂ ਸਿੱਧੀਆਂ ਹੀ ਦਿਲ ਨੂੰ ਜਾਂਦੀਆਂ ਸਨ। ਮਨਜੀਤ ਅੰਦਰ ਜਿਵੇਂ ਬਲਦੇ ਅੰਗਿਆਰ ਡਿੱਗ ਪਏ ਸਨ। ਉਹ ਤਾਕਤ ਪੱਖੋਂ ਬਿਲਕੁਲ ਹੀ ਖਤਮ ਹੋ ਗਈ ਸੀ। ਨਿਰਬਲ ਹੋ ਗਈ ਸੀ। ਨਾ ਉਠਣ ਜੋਗੀ ਸੀ , ਨਾ ਚੀਕਣ ਦੀ ਹਾਲਤ ਵਿਚ ਸੀ। ਦਰਦ ਨਾਲ ਉਹ ਮੇਹਲ ਰਹੀ ਸੀ।
ਈਵਾਨ ਸਾਰੀ ਰਾਤ ਦਾਰੂ ਪੀਂਦਾ ਰਿਹਾ।
ਮਨਜੀਤ ਨੂੰ "ਝਟਕਾਉਂਦਾ" ਰਿਹਾ।
ਕੁੜੀ ਬਿਲਕੁਲ ਹੀ ਮਿੱਟੀ ਹੋ ਚੁੱਕੀ ਸੀ।
ਪੂਰਾ ਹਫ਼ਤਾ ਈਵਾਨ ਦਾ ਇਹੋ ਕੰਮ ਚੱਲਦਾ ਰਿਹਾ। ਹਫ਼ਤੇ ਬਾਅਦ ਹਬਸ਼ੀ ਫ਼ੇਰੇਸ ਦੀ ਵਾਰੀ ਵੀ ਆਉਣ ਲੱਗ ਪਈ।
ਹਬਸ਼ੀ ਦਾ ਤਾਂ ਸਾਰੀ ਦਿਹਾੜੀ ਦਾ ਹੀ ਇਹ ਕੰਮ ਬਣ ਗਿਆ ਸੀ। ਜਦੋਂ ਉਸ ਦਾ ਦਿਲ ਕਰਦਾ, ਉਹ ਪੱਬਾਂ ਭਾਰ ਚੁਬਾਰੇ ਜਾ ਚੜ੍ਹਦਾ ਅਤੇ ਆਪਣਾ ਕੰਮ ਨਬੇੜ ਕੇ ਹੇਠਾਂ ਉਤਰ ਆਉਂਦਾ। ਦਿਨੇ ਹਬਸ਼ੀ ਅਤੇ ਰਾਤ ਨੂੰ ਈਵਾਨ ਦੀ ਵਾਰੀ ਲੱਗਦੀ।
ਕੁੜੀ ਦਾ ਅੱਧ ਵੀ ਨਹੀਂ ਰਿਹਾ ਸੀ।
ਦੋ ਬਘਿਆੜਾਂ ਨੇ ਉਸ ਨੂੰ ਦੋਧੇ ਵਾਂਗ ਚੂੰਡ ਧਰਿਆ ਸੀ। ਉਸ ਦੀ ਜਾਨ ਰਗਾਂ ਵਿਚ ਫ਼ਸੀ ਹੋਈ ਸੀ।
ਫਿਰ ਈਵਾਨ ਨੇ ਅਮੀਰ ਗਾਹਕ ਲਿਆਉਣੇ ਸ਼ੁਰੂ ਕਰ ਦਿੱਤੇ। ਇੰਡੀਅਨ ਕੁੜੀ ਦੇ ਗਰਮ ਗੋਸ਼ਤ ਦਾ ਸੁਆਦ ਲੈਣ ਵਾਲੇ! ਇੰਡੀਅਨ ਕੁੜੀ ਉਹਨਾਂ ਲਈ ਇਕ ਅਜੂਬਾ ਸੀ। ਇਕ ਅਲੋਕਾਰ ਸੀ। ਅਚੰਭਾ ਸੀ।
ਉਹ ਅਮੀਰਜ਼ਾਦੇ ਇਕ 'ਵਾਰੀ' ਦਾ ਸੌ ਡਾਲਰ ਹੱਸ ਕੇ ਦਿੰਦੇ। ਕਈ ਤਿੰਨ-ਤਿੰਨ ਅਤੇ ਚਾਰ-ਚਾਰ ਵਾਰੀਆਂ ਵੀ ਲੈਂਦੇ। ਈਵਾਨ ਨੂੰ ਇਕ-ਇਕ ਰਾਤ ਦੇ ਹਜ਼ਾਰ-ਹਜ਼ਾਰ ਡਾਲਰ ਬਣਨ ਲੱਗੇ!
ਈਵਾਨ ਖੁਸ਼ ਸੀ।
ਹਬਸ਼ੀ ਬਾਗੋਬਾਗ ਸੀ।
ਪਰ ਮਨਜੀਤ ਆਪਣੇ ਕਰਮਾਂ ਨੂੰ ਰੋਂਦੀ ਰਹਿੰਦੀ। ਆਪਣੇ ਮੰਗੇਤਰ ਅਤੇ ਮਾਂ-ਬਾਪ ਨੂੰ ਹਜ਼ਾਰ-ਹਜ਼ਾਰ ਗਾਹਲ ਕੱਢਦੀ। ਸਿਰ ਅਤੇ ਮੱਥਾ ਪਿੱਟਦੀ। ਵੈਣ ਪਾਉਂਦੀ। ਕੰਧਾਂ 'ਚ ਟੱਕਰਾਂ ਮਾਰਦੀ।
ਕਰੀਬ ਤਿੰਨ ਹਫ਼ਤਿਆਂ ਵਿਚ ਉਸ ਉਪਰੋਂ ਦੀ ਪੂਰੇ ਅਠੱਤੀ ਬੰਦੇ ਲੰਘ ਚੁੱਕੇ ਸਨ। ਈਵਾਨ ਅਤੇ ਹਬਸ਼ੀ ਇਸ ਗਿਣਤੀ ਤੋਂ ਵੱਖ ਸਨ। ਈਵਾਨ ਅਤੇ ਹਬਸ਼ੀ ਉਸ ਨਾਲ ਸੈਂਕੜੇ ਵਾਰ ਹਮ-ਬਿਸਤਰ ਹੋ ਚੁੱਕੇ ਸਨ। ਉਹ ਘਰ ਦੀ ਮੁਰਗੀ ਵਾਂਗ ਹੀ ਤਾਂ ਸੀ! ਜਦ ਹਲਕ ਉਠਦਾ ਸੀ, ਫੜ ਲੈਂਦੇ ਸਨ। ਜਿਵੇਂ ਕੁੱਕੜ ਕੁਕੜੀ ਨੂੰ ਦੱਬ ਲੈਂਦੈ! ਕੋਈ ਡਰ ਡੁੱਕਰ ਨਹੀਂ ਸੀ।
ਮਨਜੀਤ ਬੇਵੱਸ ਸੀ।
ਇਕ ਤਰ੍ਹਾਂ ਨਾਲ ਕੈਦ ਸੀ।
ਉਹ ਕਿਸੇ ਪੰਛੀ ਵਾਂਗ ਖੰਭ ਪੱਟ ਕੇ, ਪਿੰਜਰੇ ਵਿਚ ਸੁੱਟੀ ਹੋਈ ਸੀ। ਉਸ ਨੂੰ ਆਪਣੇ ਆਪ ਵਿਚੋਂ ਅਜ਼ੀਬ ਜਿਹੀ ਬਦਬੂ ਮਾਰਦੀ। ਹੌਂਕ ਆਉਂਦੀ।
ਅੱਜ ਉਸ ਦੇ ਸਿਰ 'ਤੇ ਅਜ਼ੀਬ ਭਿਆਨਕ ਰਾਤ ਆਈ।
ਸ਼ਰਾਬ ਨਾਲ ਰੱਜਿਆ ਹਬਸ਼ੀ ਅਲਫ਼ ਨੰਗਾ ਉਸ ਅੱਗੇ ਖੜ੍ਹਾ ਸੀ। ਸੱਤ ਫ਼ੁੱਟਾ ਰੇਲਵੇ ਇੰਜਣ!
-"ਟੇਕ ਇੱਟ ਇੰਨ ਯੂਅਰ ਮਾਊਥ!" ਉਹ ਆਪਣੇ ਗੁਪਤ-ਅੰਗ ਵੱਲ ਇਸ਼ਾਰੇ ਕਰ-ਕਰ ਕਹਿ ਰਿਹਾ ਸੀ।
-"ਆਈ ਕੈਨ ਨਾਅਟ!" ਮਨਜੀਤ ਭੁੱਬੀਂ ਰੋ ਪਈ। ਉਸ ਨੂੰ ਦੇਖ-ਦੇਖ ਕੇ ਹੀ ਉਲਟੀ ਆ ਰਹੀ ਸੀ।
-"ਵਾਅਏ ਨਾਅਟ? ਟਰਾਈ ਇੱਟ! ਟੇਸਟ ਇੱਟ! ਬਰ੍ਹੇਵ ਗਰਲ! ਟੇਕ ਇੱਟ ਇੰਨ ਯੂਅਰ ਮਾਊਥ!"
-"ਯੂ ਕੈਨ ਹੈਵ ਨਾਰਮਲ ਸੈੱਕਸ ਵਿਦ ਮੀ।" ਉਸ ਨੂੰ ਅਵੱਤ ਆਉਣ ਲੱਗ ਪਏ।
-"ਹੇਅ ਇੰਡੀਆ! ਯੂ ਥਿੰਕ-ਆਈ ਐੱਮ ਡੱਲ?" ਉਸ ਨੇ ਵਾਲਾਂ 'ਤੋਂ ਫੜ ਕੇ ਮਨਜੀਤ ਦੇ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ।
-"ਯੂ ਥਿੰਕ-ਆਈ ਐੱਮ ਡੱਲ ਮੈਨ? ਯੂ ਬਲੱਡੀ ਇੰਡੀਆ ਬਿੱਚ!" ਉਹ ਉਸ ਨੂੰ ਵਾਲਾਂ ਤੋਂ ਫੜ ਕੇ ਕੁੱਟੀ ਜਾ ਰਿਹਾ ਸੀ। ਪੁਲਸ-ਮਾਰ ਨਾ ਝੱਲਦੀ ਹੋਈ ਕੁੜੀ ਨੇ ਹਥਿਆਰ ਸੁੱਟ ਦਿੱਤੇ।
-"ਪਲੀਜ਼! ਪਲੀਜ਼ ਸਰ! ਡੋਂਟ ਬੀਟ ਮੀ ਸੋ! ਆਈ ਡੂ-ਵੱਟ ਯੂ ਲਾਈਕ!" ਉਸ ਨੇ ਹਬਸ਼ੀ ਦੇ ਪੈਰ ਫੜ ਕੇ ਲ੍ਹੇਲੜੀ ਕੱਢੀ।
ਹਬਸ਼ੀ ਨੇ ਜ਼ਬਰੀ ਆਪਣੀ ਸ਼ਰਤ ਪੂਰੀ ਕਰਵਾ ਲਈ ਅਤੇ ਥੱਲੇ ਉਤਰ ਆਇਆ।
ਮਨਜੀਤ ਮੂਧੇ ਮੂੰਹ ਪਈ, ਮੂੰਹ ਵਿਚ ਡਿੱਗੀ ਜ਼ਹਿਮਤ ਨੂੰ ਬਾਹਰ ਕੱਢਣ ਦੀ ਕੋਸਿ਼ਸ਼ ਕਰ ਰਹੀ ਸੀ। ਕਰੜੇ ਅਵੱਤ ਆ-ਆ ਕੇ ਉਸ ਦੀਆਂ ਨਾੜਾਂ ਇਕੱਠੀਆਂ ਹੋ ਗਈਆਂ ਸਨ। ਭਾਰਤ ਦੇਸ਼ ਦੀ ਅਣਖੀ ਪੰਜਾਬਣ, ਇਕ 'ਰੰਡੀ' ਤੋਂ ਵੀ ਭੈੜੀ ਬਣੀ ਬੈਠੀ ਸੀ। ਜਦ ਉਹ ਦੇਸ਼ ਤੋਂ ਚੱਲੀ ਸੀ, ਬਿਲਕੁਲ ਸਤੀ-ਸਵਿਤਰੀ ਸੀ। ਅਛੁਹ, ਜਲ ਵਾਂਗ ਨਿਰਮਲ, ਅੰਮ੍ਰਿਤ ਵਾਂਗ ਪਵਿੱਤਰ! ਪਰ ਅੱਜ ਉਸ ਦੀ ਹਾਲਤ ਕਿਸੇ ਧੰਦਾ ਕਰਦੀ 'ਵੇਸਵਾ' ਨਾਲੋਂ ਬੁਰੀ ਸੀ। ਉਹ ਸਿਹਤ ਅਤੇ ਮਾਨਸਿਕ ਪੱਖੋਂ ਦਿਨੋ-ਦਿਨ ਖਤਮ ਹੁੰਦੀ ਜਾ ਰਹੀ ਸੀ। ਦਿਨਾਂ ਦੀ ਪ੍ਰਾਹੁਣੀ ਜਾਪਦੀ ਸੀ।
ਅਗਲੇ ਦਿਨ ਹਬਸ਼ੀ ਨੂੰ ਈਵਾਨ ਦਾ ਫ਼ੋਨ ਆਇਆ। ਕਿਸੇ ਗੱਲੋਂ ਉਹ ਬੁਰੀ ਤਰ੍ਹਾਂ ਘਬਰਾ ਗਿਆ ਸੀ। ਨਲਕੇ ਦੀ ਬੋਕੀ ਵਰਗੇ ਬੁੱਲ੍ਹਾਂ 'ਤੇ ਝੱਗ ਸੁੱਕ ਗਈ ਸੀ।
ਉਹ ਝੱਖੜ ਵਾਂਗ ਬਾਹਰ ਵਰਾਂਡੇ ਵਿਚ ਆਇਆ।
-"ਹੇਅ ਇੰਡੀਆ! ਰੈਡੀ-ਰੈਡੀ! ਹਰੀ ਅੱਪ! ਹਰੀ ਅੱਪ! ਆਲ ਇੰਡੀਆ ਗੋ ਟੂ ਇਟਲੀ! ਥਰੀ ਟਰੱਕ ਕਮਿੰਗ! ਹਰੀ ਅੱਪ!"
-"ਕੀ ਕਹਿੰਦੈ?" ਬਾਈ ਦੇ ਕੱਖ ਪੱਲੇ ਨਹੀਂ ਪਿਆ ਸੀ।
-"ਇਹ ਕਹਿੰਦੈ ਤਿੰਨ ਟਰੱਕ ਆ ਰਹੇ ਐ-ਜਲਦੀ ਤਿਆਰ ਹੋ ਜਾਵੋ-ਸਾਰਿਆਂ ਨੂੰ ਇਟਲੀ ਲਿਜਾਣੈਂ।" ਇਕ ਲੜਕੇ ਨੇ ਦੱਸਿਆ।
-"ਹੋਰ ਕੀ ਚਾਹੀਦੈ?"
ਸਾਰਿਆਂ ਨੇ ਤੋਪ ਵਿਚੋਂ ਗੋਲਾ ਨਿਕਲਣ ਵਾਂਗ ਛਾਲ ਮਾਰੀ। ਸਾਰੇ ਗੰਨਿਆਂ ਵਾਂਗ ਖੜ੍ਹੇ ਹੋ ਗਏ। ਅਚਾਨਕ ਹੀ ਕਿਸਮਤ ਖੁੱਲ੍ਹੀ ਸੀ।
ਹਬਸ਼ੀ ਮਨਜੀਤ ਨੂੰ ਥੱਲੇ ਚੁੱਕ ਲਿਆਇਆ।
ਅਸਲ ਵਿਚ ਕਿਸੇ ਮਿਰਗ-ਸਿ਼ਕਾਰੀ ਨੂੰ ਸਿ਼ਕਾਰ ਕਰਦੇ ਸਮੇਂ ਜੰਗਲ ਵਿਚੋਂ ਗਿੱਲ, ਢਿੱਲੋਂ ਅਤੇ ਦਿਲਪ੍ਰੀਤ ਹੋਰਾਂ ਦੇ ਪਿੰਜਰ ਮਿਲੇ ਸਨ। ਉਸ ਨੇ ਪੁਲੀਸ ਨੂੰ ਖਬਰ ਕਰ ਦਿੱਤੀ ਸੀ। ਉਸ ਏਰੀਏ ਵਿਚ ਪੁਲੀਸ ਨੇ ਹੈਲੀਕਾਪਟਰ ਚਾੜ੍ਹ ਦਿੱਤੇ ਸਨ ਅਤੇ ਮਾਨੁੱਖੀ ਪਿੰਜਰਾਂ ਦੇ ਟੁਕੜੇ ਕਬਜ਼ੇ ਵਿਚ ਕਰ, ਕਾਰਵਾਈ ਜੰਗੀ ਪੱਧਰ 'ਤੇ ਸ਼ੁਰੂ ਕਰ ਦਿੱਤੀ ਸੀ। ਦੇਰ ਹਨ੍ਹੇਰ ਸੀ। ਖਤਰਾ ਸੀ।
ਈਵਾਨ ਨੂੰ ਖਤਰਾ ਬੜਾ ਨਜ਼ਦੀਕ ਦਿਸਿਆ।
ਇਸ ਲਈ ਹੀ ਉਸ ਨੇ ਹਬਸ਼ੀ ਨੂੰ ਫ਼ੋਨ ਕੀਤਾ ਸੀ।
ਸਾਰੇ ਤਿਆਰ ਸਨ। ਰੱਬ ਮਸਾਂ ਦਿਆਲ ਹੋਇਆ ਸੀ।
ਤਿੰਨ ਵੱਡੇ ਟਰਾਲੇ ਆਏ ਅਤੇ ਮੁੰਡਿਆਂ ਨੂੰ ਭੇਡਾਂ ਵਾਂਗ ਲੱਦ ਕੇ ਤੁਰ ਗਏ। ਨਾਲ ਹੀ ਮਨਜੀਤ ਸੀ।
ਟਰਾਲੇ ਤੁਰਨ ਤੋਂ ਬਾਅਦ ਸਾਰਿਆਂ ਨੇ ਸੁਖ ਦਾ ਸਾਹ ਲਿਆ। ਉਹਨਾਂ ਨੇ ਉਮਰ-ਕੈਦ ਤੋਂ ਰਿਹਾਈ ਵਾਂਗ ਮਹਿਸੂਸ ਕੀਤਾ ਸੀ। ਮਨਜੀਤ ਟਰਾਲੇ ਵਿਚ ਚੌਫ਼ਾਲ ਪਈ ਸੀ। ਕਿਸੇ ਨੇ ਵੀ ਉਸ ਨਾਲ ਗੱਲ ਕਰ ਕੇ ਫੱਟ ਉਧੇੜਨੇ ਠੀਕ ਨਾ ਸਮਝੇ। ਜਿਵੇਂ ਸ਼ਾਇਦ ਉਹਨਾਂ ਨੂੰ ਅਸਲੀਅਤ ਦਾ ਪਤਾ ਸੀ। ਜਿਹੜਾ ਹਬਸ਼ੀ ਸੋਹਣੇ-ਸੁਣੱਖੇ ਮੁੰਡਿਆਂ ਨਾਲ 'ਕਾਮ-ਪੂਰਤੀ' ਕਰ ਸਕਦਾ ਸੀ, ਉਸ ਨੇ ਅਤਿ-ਸੁੰਦਰ ਕੁੜੀ ਨੂੰ ਕਦੋਂ ਬਖਸਿ਼ਆ ਹੋਵੇਗਾ?
ਬਾਈ ਸੋਚ ਰਿਹਾ ਸੀ।
ਈਵਾਨ, ਹਬਸ਼ੀ ਅਤੇ ਉਸ ਦੇ ਕੁੱਤਿਆਂ ਨੂੰ ਲੈ ਕੇ ਗਾਇਬ ਹੋ ਚੁੱਕਾ ਸੀ। ਪਿੱਛੇ ਕੋਈ ਸਬੂਤ ਬਾਕੀ ਨਹੀਂ ਛੱਡਿਆ ਸੀ। ਖੁੱਡਾ ਖਾਲੀ ਹੋ ਗਿਆ ਸੀ।
ਤਿੰਨ ਟਰਾਲੇ ਅੱਗੜ-ਪਿੱਛੜ ਹਾਥੀ ਚਾਲ ਤੁਰੇ ਜਾ ਰਹੇ ਸਨ। ਡਰੇ ਈਵਾਨ ਨੇ ਟਰਾਲੇ ਦੇ ਡਰਾਈਵਰਾਂ ਨੂੰ ਸਖਤ ਤਾੜਨਾ ਕੀਤੀ ਸੀ ਕਿ ਇਹਨਾਂ ਨੂੰ "ਸਾਇਪਰੱਸ" ਦੇ 'ਸੀ-ਪੋਰਟ' 'ਤੇ ਹੀ ਲਾਹੁੰਣਾ ਹੈ! ਅੱਗੇ ਇਹਨਾਂ ਨੂੰ ਇਕ ਸਿ਼ੱਪ ਨੇ ਲੈ ਕੇ ਇਟਲੀ ਜਾਣਾ ਸੀ। ਇਹ ਪ੍ਰਬੰਧ ਈਵਾਨ ਅਤੇ ਉਸ ਦੇ ਆਦਮੀਆਂ ਨੇ ਤਿੰਨ ਕਤਲ ਕੇਸਾਂ ਤੋਂ ਬਚਣ ਲਈ ਤੁਰੰਤ ਹੀ ਕੀਤਾ ਸੀ। ਜਾਨ ਬਚੀ ਲਾਖੋਂ ਪਾਏ!
ਟਰਾਲੇ ਸਾਰੀ ਰਾਤ ਚੱਲਦੇ ਰਹੇ।
ਕੁਝ ਮੁੰਡੇ ਬੰਦ ਟਰਾਲਿਆਂ ਵਿਚ ਹੀ ਉਲਟੀਆਂ ਕਰਦੇ ਰਹੇ। ਅੰਦਰ ਹੀ ਪਿਸ਼ਾਬ ਕਰਦੇ ਰਹੇ। ਮਨਜੀਤ ਢਿੱਡੋਂ ਖਾਲੀ ਸੀ। ਉਹ ਬੁਰੀ ਤਰ੍ਹਾਂ ਨਾਲ ਅਵੱਤ ਜਿਹੇ ਲੈ ਰਹੀ ਸੀ। ਬਾਈ ਅਤੇ ਬਿੱਲਾ ਉਸ ਕੋਲ ਨਿਹੱਥੇ ਜਿਹੇ ਹੋਏ ਬੈਠੇ ਸਨ। ਉਹ ਮਜ਼ਬੂਰ ਸਨ। ਕੋਈ ਮੱਦਦ ਨਹੀਂ ਕਰ ਸਕਦੇ ਸਨ।
ਸਾਰੀ ਰਾਤ ਸਫ਼ਰ ਕਰਨ ਤੋਂ ਬਾਅਦ ਦਿਨ ਚੜ੍ਹਦੇ ਸਾਰ ਹੀ ਟਰਾਲੇ ਕਿਸੇ ਜੰਗਲ-ਉਜਾੜ ਵਿਚ ਰੁਕ ਗਏ। ਡਰਾਈਵਰਾਂ ਅਤੇ ਕਲੀਨਰਾਂ ਨੇ ਬੰਦ ਟਰਾਲਿਆਂ ਦੇ ਪਿਛਲੇ ਦਰਵਾਜੇ ਖੋਲ੍ਹ ਕੇ ਜਿਉਂਦੇ-ਮਰੇ ਮੁੰਡਿਆਂ ਦੀ ਪੁਸ਼ਟੀ ਕਰ ਲਈ। ਉਹ ਦਿਨ-ਰਾਤ ਚੱਲਣ ਵਾਲੇ ਤਜ਼ਰਬੇਕਾਰ ਡਰਾਈਵਰ ਸਨ। ਇਹਨਾਂ ਰੋਹੀਆਂ ਅਤੇ ਜੰਗਲਾਂ ਵਿਚੋਂ ਦੀ ਵਗਣ ਵਾਲੇ! ਜੇ ਕੋਈ ਮੁੰਡਾ ਕਦੇ ਮਰ ਜਾਂਦਾ ਤਾਂ ਉਹ ਉਸ ਨੂੰ ਟਰੱਕ ਵਿਚੋਂ ਕੱਢ ਕੇ ਜੰਗਲ ਦੀਆਂ ਝਾੜੀਆਂ ਵਿਚ ਸੁੱਟ ਦਿੰਦੇ। ਜਾਹਲੀ ਬੰਦੇ ਇੱਧਰ-ਉਧਰ ਕਰਨ ਦੀ ਸਜ਼ਾ ਛੇ ਮਹੀਨੇ ਤੋਂ ਲੈ ਕੇ ਡੇੜ੍ਹ ਸਾਲ ਤੱਕ ਸੀ। ਪਰ ਉਹਨਾਂ ਦੀ ਲਾਪ੍ਰਵਾਹੀ ਕਾਰਨ ਮਰੇ ਮੁੰਡੇ ਦੀ ਸਜ਼ਾ ਤਿੰਨ ਸਾਲ ਤੋਂ ਲੈ ਕੇ ਅੱਠ ਸਾਲ ਤੱਕ ਸੀ। ਇਹ ਜੱਜ ਦੇ ਮੂੜ੍ਹ ਦੀ ਗੱਲ ਸੀ। ਗਵਾਹਾਂ ਦੇ ਠੋਸ ਬਿਆਨਾਂ ਦੇ ਮੁਨੱਸਰ ਸੀ। ਇਸ ਲਈ ਉਹ ਹਰ ਰੁਕਣ ਵਾਲੀ ਜਗਾਹ 'ਤੇ ਖੜ੍ਹ ਕੇ ਜਿਉਂਦੇ ਜਾਂ ਮਰੇ ਮੁੰਡਿਆਂ ਨੂੰ ਨਿਰਖਣਾ ਆਪਣਾ ਮੁੱਖ 'ਕਰਤੱਵ' ਸਮਝਦੇ ਸਨ।
ਸਾਰੀ ਦਿਹਾੜੀ ਟਰਾਲੇ ਜੰਗਲ ਵਿਚ ਖੜ੍ਹੇ ਰਹੇ। ਸਾਰੇ ਭੁੱਖੇ-ਤਿਹਾਏ ਟਰਾਲਿਆਂ ਵਿਚ ਹੀ ਬੈਠੇ ਰਹੇ। ਕੋਈ ਖਾਣ, ਪੀਣ ਜਾਂ ਪਾਣੀ ਦਾ ਪ੍ਰਬੰਧ ਨਹੀਂ ਸੀ। ਉਹਨਾਂ ਨੂੰ ਸਿਰਫ਼ ਜੰਗਲ-ਪਾਣੀ ਜਾਣ ਦੀ ਇਜਾਜ਼ਤ ਹੀ ਮਿਲੀ ਸੀ।
ਹਨ੍ਹੇਰੇ ਹੋਏ ਟਰਾਲੇ ਫਿਰ ਤੁਰ ਪਏ।
"ਸਾਇਪਰੱਸ" ਦੇ ਇਸ ਏਰੀਏ ਵਿਚ ਟਰਾਲਿਆਂ ਦੀ ਚੈਕਿੰਗ ਨਾਮਾਤਰ ਹੀ ਸੀ। ਕੋਈ ਖਾਸ ਨਹੀਂ ਸੀ।
ਠੰਢ ਕਾਫ਼ੀ ਹੋ ਗਈ ਸੀ।
ਮੁੰਡੇ ਇਕ ਦੂਜੇ ਨਾਲ ਲੱਗ ਕੇ ਨਿਘਾਸ ਲੈ ਰਹੇ ਸਨ। ਇਕ ਅਜ਼ੀਬ ਜਿਹੀ ਸਥਿਤੀ ਸੀ। ਉਹ 'ਠੁਰ-ਠੁਰ' ਕਰ ਰਹੇ ਸਨ। ਬੁਰਾ ਹਾਲ ਸੀ।


ਬਾਕੀ ਅਗਲੇ ਹਫ਼ਤੇ....