ਤਰਕਸ਼ ਟੰਗਿਆ ਜੰਡ (ਕਾਂਡ 12)

ਸੱਤ ਘੰਟੇ ਦੀ ਜੱਦੋਜਹਿਦ ਬਾਅਦ ਜਹਾਜ ਰੂਸਲੈਂਡ ਦੀ ਧਰਤੀ 'ਤੇ ਮਾਸਕੋ ਆ ਉਤਰਿਆ।
ਕੜਾਕੇਦਾਰ ਠੰਢ ਸੀ। ਬਰਫ਼ ਪਈ ਹੋਈ ਸੀ। ਤਾਪਮਾਨ ਜ਼ੀਰੋ ਤੋਂ ਵੀ ਕਾਫ਼ੀ ਹੇਠ ਸੀ।
ਮਾਸਕੋ ਕੋਈ ਬਹੁਤੀ ਪੁੱਛ-ਗਿੱਛ ਨਹੀਂ ਸੀ।
ਬਿੱਲਾ ਜਲਦੀ ਹੀ ਬਾਹਰ ਆ ਗਿਆ।
ਕੋਈ ਜਾਣਕਾਰੀ ਨਾ ਹੋਣ ਕਰਕੇ ਉਹ ਹਨ੍ਹੇਰੀ ਵਿਚ ਉਡਦੇ ਪੱਤੇ ਵਾਂਗ ਫਿਰਦਾ ਸੀ।
ਕਿਸੇ ਨੇ ਆ ਕੇ ਉਸ ਦਾ ਮੋਢਾ ਹਿਲਾਇਆ। ਬਿੱਲਾ ਤ੍ਰਹਿ ਕੇ ਪਿੱਛੇ ਝਾਕਿਆ।
ਇਕ ਸੂਰ ਵਰਗਾ ਰੂਸੀ ਗੋਰਾ ਖੜ੍ਹਾ ਸੀ।
-"ਯੂਅਰ ਨੇਮ?" ਉਸ ਨੇ ਪੁੱਛਿਆ।
-"ਹਰੀ ਰਾਮ।" ਬਿੱਲਾ ਬੋਲਿਆ।
"ਹਰੀ ਰਾਮ" ਕਹਿਣ ਲੱਗਿਆਂ ਬਿੱਲਾ ਉੱਚੀ-ਉੱਚੀ ਰੋਣਾ ਚਾਹੁੰਦਾ ਸੀ। ਧਾਹਾਂ ਮਾਰਕੇ!
ਗੋਰਾ, ਕੁੱਤੇ ਵਾਂਗ ਸੰਗਲੀ ਫੜ ਕੇ ਨਾਲ ਤੋਰਨ ਵਾਂਗ, ਬਿੱਲੇ ਨੂੰ ਨਾਲ ਤੋਰ ਕੇ ਲੈ ਗਿਆ।
ਕਾਰ ਵਿਚ ਬਿਠਾ ਕੇ ਉਸ ਨੇ ਬਿੱਲੇ ਤੋਂ ਪਾਸਪੋਰਟ ਅਤੇ ਟਿਕਟ ਲੈ ਲਏ। ਇਹ ਪਾਸਪੋਰਟ ਮੁੜ ਦਿੱਲੀ ਏਜੰਟਾਂ ਕੋਲ ਜਾਂਦੇ ਸਨ। ਵਾਪਿਸੀ ਟਿਕਟ ਬਾਰੇ ਰੱਬ ਜਾਣਦਾ ਸੀ ਕਿ ਕਿਸ ਦੇ ਕੰਮ ਆਉਂਦੀ ਸੀ?
ਗੋਰਾ ਟਿਕਟ ਅਤੇ ਪਾਸਪੋਰਟ ਲੈ ਕੇ ਵੀ ਖੁਸ਼ ਨਹੀਂ ਲੱਗਦਾ ਸੀ।
-"ਮਨੀ-ਮਨੀ! ਡਾਲਰ-ਡਾਲਰ!" ਉਹ ਬਿੱਲੇ ਵੱਲ ਝਈਆਂ ਲੈ-ਲੈ ਆਉਂਦਾ ਸੀ। ਬਿੱਲਾ ਡਰਿਆ ਜਿਹਾ ਬੈਠਾ ਸੀ।
ਬਿੱਲੇ ਨੇ ਪੰਜ ਸੌ ਰੁਪਏ ਅਤੇ ਬਚਿਆ ਸੌ ਡਾਲਰ ਕੱਢ ਕੇ ਅੱਗੇ ਕਰ ਦਿੱਤੇ। ਗਿਣ ਕੇ ਗੋਰਾ ਘੁੱਟਾਂਬਾਟੀ ਝਾਕਿਆ।
-"ਫ਼ੱਕ ਇੰਡੀਆ! ਯੂ ਫ਼ੱਕਿੰਗ ਇੰਡੀਆ! ਵੱਨ ਹੰਡਰਡ ਫ਼ੱਕਿੰਗ ਡਾਲਰ? ਦਿਸ ਇੰਡੀਆ ਮਨੀ! ਯੂ ਦਿਸ ਪੁਸ਼ ਇੰਨ ਯੂਅਰ ਐਸ!" ਉਹ ਟੁੱਟੀ ਫੁੱਟੀ ਅੰਗਰੇਜ਼ੀ ਬੋਲਦਾ ਸੀ। ਅਧੇੜ ਅੰਗਰੇਜ਼ੀ!
ਉਸ ਨੇ ਪੈਸੇ ਲੈਦਰ ਦੀ ਜੈਕਟ ਵਿਚ ਪਾ ਲਏ।
ਉਸ ਨੇ 'ਬੁੜ-ਬੁੜ' ਕਰਦਿਆਂ ਪਾਗਲਾਂ ਵਾਂਗ ਕਾਰ ਚਲਾਈ।
ਘੰਟਾ ਕੁ ਕਾਰ ਚੱਲਦੀ ਰਹੀ।
ਗੋਰਾ ਸਾਰਾ ਸਮਾਂ "ਫ਼ੱਕ-ਫ਼ੱਕਿੰਗ" ਹੀ ਅਲਾਪਦਾ ਰਿਹਾ ਸੀ। ਇਤਨਾ ਕਰੋਧੀ ਬੰਦਾ ਬਿੱਲੇ ਨੇ ਕਦੀ ਦੇਖਿਆ ਨਹੀਂ ਸੀ। ਉਹ ਚੁੱਪ-ਚਾਪ ਸਾਹ ਰੋਕੀ ਬੈਠਾ ਰਿਹਾ।
ਕਾਰ ਘਣੇਂ ਜੰਗਲ ਵੱਲ ਨੂੰ ਵਧਦੀ ਜਾ ਰਹੀ ਸੀ। ਰੋਹੀ-ਬੀਆਬਾਨ ਵੱਲ ਨੂੰ!
ਡੇੜ੍ਹ ਕੁ ਘੰਟੇ ਬਾਅਦ ਕਾਰ ਜੰਗਲ ਵਿਚ, ਇਕ ਪੁਰਾਣੇ ਜਿਹੇ ਘਰ ਕੋਲ ਜਾ ਕੇ ਰੁਕ ਗਈ। ਕਾਰ ਦੀ ਅਵਾਜ਼ ਸੁਣ ਕੇ ਦੋ ਬੁਲੀ ਕੁੱਤੇ ਬਾਹਰ ਆ ਗਏ। ਬਘਿਆੜ੍ਹਾਂ ਵਰਗੇ ਖੂੰਖ਼ਾਰ ਕੁੱਤੇ!
ਬਿੱਲੇ ਦਾ ਦਿਲ 'ਧੱਕ-ਧੱਕ' ਕਰੀ ਜਾ ਰਿਹਾ ਸੀ।
ਗੋਰੇ ਨੇ ਹਾਰਨ ਮਾਰਿਆ ਤਾਂ ਇਕ ਨੌਂ ਗਜਾ ਹਬਸ਼ੀ ਬਾਹਰ ਆਇਆ। ਉਹ ਖੰਭੇ ਜਿੱਡਾ ਬੰਦਾ ਧਰਤੀ ਲਤੜ-ਲਤੜ ਤੁਰਦਾ ਸੀ। ਉਸ ਦੀ ਧੌਣ ਬੋਹੜ ਦੇ ਮੁੱਛ ਵਰਗੀ ਸੀ ਅਤੇ ਡਰਾਉਣੀਆਂ ਅੱਖਾਂ 'ਚੋਂ ਰੱਤ ਚੋਂਦੀ ਸੀ। ਉਸਤਰੇ ਨਾਲ ਮੂੰਹ-ਸਿਰ ਰਗੜਿਆ ਹੋਣ ਕਰਕੇ ਉਸ ਦਾ ਪ੍ਰਭਾਵ ਹੋਰ ਕਰੂਪ ਜਿਹਾ ਲੱਗਦਾ ਸੀ। ਬੁਲੀ ਕੁੱਤੇ ਉਸ ਦੇ ਹੱਥ ਚੱਟ ਰਹੇ ਸਨ। ਉਹ ਸਿੱਧਾ ਸਲੋਟ ਝਾਕ ਰਿਹਾ ਸੀ।
ਬਿੱਲੇ ਦੇ ਦਿਮਾਗ ਵਿਚ ਸੀਟੀਆਂ ਵੱਜ ਰਹੀਆਂ ਸਨ। ਅਜਿਹੀ ਧਰਤੀ ਅਤੇ ਜਮਦੂਤਾਂ ਬਾਰੇ ਉਸ ਨੇ ਕਦੇ ਸੁਪਨੇ ਵਿਚ ਵੀ ਨਹੀਂ ਕਲਪਿਆ ਸੀ। ਉਹ ਕੰਨਾਂ 'ਤੇ ਹੱਥ ਧਰ ਕੇ ਵਾਪਿਸ ਮੁੜ ਜਾਣਾ ਚਾਹੁੰਦਾ ਸੀ। ਪਰ ਕੱਟੇ ਹੋਏ ਖੰਭਾਂ ਵਾਲੇ ਪੰਛੀ ਵਾਂਗ ਬੇਵੱਸ ਸੀ। ਉਡ ਨਹੀਂ ਸਕਦਾ ਸੀ। ਉਸ ਨੂੰ ਆਪਣੀ ਹੋਣੀ ਕੱਟਣੀ ਹੀ ਪੈਣੀਂ ਸੀ।
-"ਫ਼ੇਰੇਸ!" ਗੋਰੇ ਨੇ ਹਬਸ਼ੀ ਨੂੰ ਕਿਹਾ।
-"ਫ਼ੱਕ ਮੈਨ!" ਉਹ ਬੇਪ੍ਰਵਾਹ ਜਿਹਾ ਬੋਲਿਆ।
-"ਫ਼ੇਰੇਸ! ਦਿਸ ਮੈਨ ਫ਼ੱਕ ਇੰਡੀਆ! ਟੇਕ ਦਿਸ!" ਉਸ ਨੇ ਪੰਜ ਸੌ ਰੁਪਏ ਹਬਸ਼ੀ ਅੱਗੇ ਕਰ ਦਿੱਤੇ। ਦੇਖ ਕੇ ਉਸ ਨੇ ਮੂੰਹ ਸਕੋੜ ਲਿਆ, ਜਿਵੇਂ ਬੂਅ ਆਈ ਹੋਵੇ।
-"ਈਵਾਨ!" ਹਬਸ਼ੀ ਨੇ ਗੋਰੇ ਨੂੰ ਕਿਹਾ। ਉਸ ਦੇ ਚੱਪਣਾਂ ਵਰਗੇ ਵੱਡੇ-ਵੱਡੇ ਬੁੱਲ੍ਹ ਮਸਾਂ ਹੀ ਹਿੱਲੇ ਸਨ। ਹਬਸ਼ੀ ਦਾ ਨਾਂ 'ਫ਼ੇਰੇਸ' ਅਤੇ ਗੋਰੇ ਰੂਸੀ ਦਾ ਨਾਂ 'ਈਵਾਨ' ਸੀ।
-"ਦਿਸ ਬਲੱਡੀ ਇੰਡੀਆ ਮਨੀ? ਸਟਿੰਕ! ਸਟਿੰਕਿੰਗ ਮਨੀ ਮੈਨ! ਯੂ ਇੰਡੀਆ! ਕਮ ਵਿੱਦ ਮੀ! ਆਈ ਫ਼ੱਕ ਯੂ ਟੂ ਨਾਈਟ!" ਉਹ ਬਿੱਲੇ ਨੂੰ 'ਇੰਡੀਅਨ' ਆਖਣ ਦੀ ਥਾਂ 'ਇੰਡੀਆ' ਹੀ ਆਖ ਰਹੇ ਸਨ।
-"ਆਈ ਫ਼ੱਕ ਯੂ ਇੰਡੀਆ--!" ਹਬਸ਼ੀ ਵਿਰਲਾਪ ਜਿਹਾ ਕਰਦਾ ਬਿੱਲੇ ਨੂੰ ਅੰਦਰ ਲੈ ਗਿਆ।
ਬਿੱਲਾ ਠੱਕੇ ਦੀ ਮਾਰੀ ਬੱਕਰੀ ਵਾਂਗ ਕੰਬੀ ਜਾ ਰਿਹਾ ਸੀ। ਉਸ ਉਪਰ ਸਰਦੀ, ਪਤਾ ਨਹੀਂ ਡਰ ਭਾਰੂ ਸੀ?
ਜਦੋਂ ਉਹ ਅੰਦਰ ਗਏ ਤਾਂ ਇਕ ਵਰਾਂਡੇਨੁਮਾਂ ਛਤੜੇ ਜਿਹੇ ਹੇਠ ਸੈਂਕੜੇ ਮੁੰਡੇ ਪਏ ਸਨ। ਵੱਖੋ-ਵੱਖ ਦੇਸ਼ਾਂ ਦੇ ਮੁੰਡੇ। ਇੰਡੀਅਨ, ਪਾਕਿਸਤਾਨੀ, ਬੰਗਲਾ ਦੇਸ਼ੀ ਅਤੇ ਸ੍ਰੀ ਲੰਕਾ ਦੇ ਮੁੰਡੇ। ਬਿੱਲੇ ਦਾ ਦਿਲ ਕੁਝ ਥਾਵੇਂ ਆ ਗਿਆ।
ਪਏ ਲੜਕਿਆਂ ਵਿਚੋਂ ਕੋਈ ਬੁਰੀ ਤਰ੍ਹਾਂ ਖੰਘ ਰਿਹਾ ਸੀ, ਕਿਸੇ ਨੂੰ ਬੁਖਾਰ ਚੜ੍ਹਿਆ ਹੋਇਆ ਸੀ। ਕਿਸੇ ਦੇ ਮਾਤਾ ਨਿਕਲੀ ਹੋਈ ਸੀ। ਸਾਰਿਆਂ ਦੇ ਫ਼ਟੇ-ਪੁਰਾਣੇਂ ਕੱਪੜਿਆਂ 'ਚੋਂ ਅਜ਼ੀਬ ਬਦਬੂ ਆ ਰਹੀ ਸੀ। ਕੋਈ ਕਿਸੇ ਨਾਲ ਗੱਲ ਨਹੀਂ ਕਰ ਰਿਹਾ ਸੀ।
ਉਥੇ ਕਿਸੇ ਜੰਗੀ ਕੈਂਪ ਦੇ ਹਸਪਤਾਲ ਦਾ ਭੁਲੇਖਾ ਪੈਂਦਾ ਸੀ। ਕਿਸੇ ਲੜਕੇ ਨੇ ਵੀ ਬਿੱਲੇ ਨੂੰ ਬੁਲਾਇਆ ਨਹੀਂ ਸੀ।
-"ਹੇਅ ਇੰਡੀਆ--!" ਹਬਸ਼ੀ ਦੀ ਅਵਾਜ਼ ਬਿੱਲੇ ਦੀ ਵੱਖੀ ਵਿਚ ਹੁੱਝ ਵਾਂਗ ਵੱਜੀ।
-"ਕਮ ਹੇਅਰ!"
ਬਿੱਲਾ ਤੁਰ ਪਿਆ।
-"ਯੂਅਰ ਲੱਗੇਜ-ਬਰਿੰਗ ਯੂਅਰ ਸੂਟ ਕੇਸ!"
ਬਿੱਲੇ ਨੇ ਅਟੈਚੀ ਚੁੱਕ ਲਿਆ।
ਉਹ ਉਸ ਨੂੰ ਇਕ ਸੜੇ ਜਿਹੇ ਕਮਰੇ ਵਿਚ ਲੈ ਗਿਆ। ਅੰਗਰੇਜ਼ੀ ਉਸ ਨੂੰ ਵੀ ਲੰਗੇ-ਡੰਗ ਹੀ ਆਉਂਦੀ ਸੀ। ਟੁੱਟੀ-ਫੁੱਟੀ ਅੰਗਰੇਜ਼ੀ!
ਉਸ ਨੇ ਫ਼ਟੇ ਪੁਰਾਣੇ ਕੱਪੜੇ ਬਿੱਲੇ ਅੱਗੇ ਸੁੱਟ ਦਿੱਤੇ।
-"ਟੇਕ ਦਿਸ ਕਲੋਦ-ਗਿਵ ਮੀ ਯੂਅਰ ਕਲੋਦ!"
ਉਸ ਨੇ ਬਿੱਲੇ ਦੇ ਨਵੇਂ ਕੱਪੜੇ ਲੁਹਾ ਲਏ।
ਪੁਰਾਣੇ ਕੱਪੜੇ ਪੁਆ ਦਿੱਤੇ।
ਨਵੇਂ ਕੱਪੜੇ ਅਟੈਚੀ ਵਿਚ ਰੱਖ, ਅਟੈਚੀ ਸਾਂਭ ਲਿਆ। ਬਿੱਲੇ ਦੇ ਗੁੱਟ ਤੋਂ ਘੜੀ ਜਬਰੀ ਲੁਹਾ ਲਈ।
ਪੁਰਾਣੇ ਕੱਪੜੇ ਪਾ ਕੇ ਬਿੱਲਾ ਦੂਸਰੇ ਸਾਥੀ ਮੁੰਡਿਆਂ ਵਰਗਾ ਬਣ ਗਿਆ। ਬਾਹਰ ਆਉਣ ਦੇ 'ਸ਼ੌਕੀਨ' ਮੁੰਡਿਆਂ ਵਾਲੀ 'ਵਰਦੀ' ਪਾ ਲਈ। ਉਹਨਾਂ ਦੀ 'ਜੱਥੇਬੰਦੀ' ਵਿਚ ਸ਼ਾਮਲ ਹੋ ਗਿਆ।
-"ਗੋਅ ਟੂ ਯੂਅਰ ਇੰਡੀਆ ਪੀਪਲ!" ਹਬਸ਼ੀ ਅਟੈਚੀ ਫਰੋਲਦਾ ਬੋਲਿਆ।
ਬਿੱਲਾ ਫਰੋਲਾ-ਫਰਾਲੀ ਕਰਦੇ ਹਬਸ਼ੀ ਵੱਲ ਤੱਕੀ ਗਿਆ। ਉਹ ਕੱਪੜੇ ਕੱਢ-ਕੱਢ ਨਿਰਖੀ ਜਾ ਰਿਹਾ ਸੀ।
ਜਦੋਂ ਬਿੱਲਾ ਨਾ ਤੁਰਿਆ ਤਾਂ ਹਬਸ਼ੀ ਉਸ ਨੂੰ ਮਗਰਮੱਛ ਵਾਂਗ ਟੁੱਟ ਕੇ ਪਿਆ:
-"ਯੂ ਫ਼ੱਕ ਆਫ਼ ਮੈਨ! ਬੀਟ ਇੱਟ! ਯੂ ਫ਼ੱਕ ਔਫ਼! ਬਲੱਡੀ ਇੰਡੀਆ!" ਉਹ ਚੀਕਿਆ।
ਠਠੰਬਰਿਆ ਬਿੱਲਾ ਬਾਹਰ ਨਿਕਲ ਆਇਆ।
ਉਹ ਵਰਾਂਡੇ ਵਿਚ ਪਏ ਮੁੰਡਿਆਂ ਵਿਚ ਇਕ ਤਰ੍ਹਾਂ ਨਾਲ ਬੈਠਾ ਨਹੀਂ, ਡਿੱਗ ਪਿਆ।
ਜਿਵੇਂ ਕਾਫ਼ੀ ਦੇਰ ਉਸ ਨੂੰ ਸੁਰਤ ਹੀ ਨਹੀਂ ਆਈ ਸੀ। ਉਹ ਠਰੀ ਕੰਧ ਨਾਲ ਢੋਅ ਲਾਈ ਬੈਠਾ ਸੀ। ਉਸ ਦਾ ਨਿਰਬਲ ਜਿਹਾ ਹੋਇਆ ਸਰੀਰ 'ਝਰਨ-ਝਰਨ' ਕਰੀ ਜਾ ਰਿਹਾ ਸੀ।
-"ਕਿਹੜਾ ਪਿੰਡ ਐ ਜੁਆਨਾਂ?" ਇਕ ਪੱਕੜ ਜਿਹੇ ਬੰਦੇ ਨੇ ਬਿੱਲੇ ਨੂੰ ਪੰਜਾਬੀ ਵਿਚ ਪੁੱਛਿਆ। ਉਸ ਦੀ ਦਾਹੜੀ ਗਿੱਠ-ਗਿੱਠ ਵਧੀ ਹੋਈ ਸੀ।
-"ਕਾਲੇ ਕੇ ਐ ਬਾਈ ਜੀ।" ਬਿੱਲੇ ਦੇ ਮਨ ਨੂੰ ਧਰਵਾਸ ਹੋਇਆ ਕਿ ਕਿਸੇ ਨੇ ਉਸ ਨੂੰ ਬੁਲਾਇਆ ਤਾਂ ਸੀ! ਉਹ ਕਿਸੇ ਨਾਲ ਗੱਲ ਕਰਨ ਲਈ ਹਾਬੜਿਆ ਪਿਆ ਸੀ।
-"ਕਿਵੇਂ ਆ ਫਸਿਆ?"
-"ਜਰਮਨ ਜਾਣੈਂ।" ਬਿੱਲੇ ਦੇ ਕਹਿਣ 'ਤੇ ਉਹ ਉਦਾਸ ਜਿਹਾ ਹਾਸਾ ਹੱਸ ਪਿਆ।
-"ਆਹ ਮੁੰਡੇ ਦੇਖਦੈਂ?" ਉਸ ਨੇ ਪਏ ਮੁੰਡਿਆਂ ਵੱਲ ਉਂਗਲ ਕਰ ਕੇ ਕਿਹਾ ਤਾਂ ਬਿੱਲੇ ਨੇ ਚੁਫ਼ੇਰੇ ਨਜ਼ਰ ਫੇਰੀ। ਪਰ ਮੂੰਹੋਂ ਚੁੱਪ ਰਿਹਾ।
-"ਇਹਨਾਂ 'ਚੋਂ ਕੋਈ ਜਰਮਨ, ਕੋਈ ਹੌਲੈਂਡ, ਕੋਈ ਇੰਗਲੈਂਡ, ਕੋਈ ਬੈਲਜੀਅਮ ਜਾਣ ਆਲੇ ਐ।"
-"-----।"
-"ਕਿੰਨੇ ਪੈਸੇ ਦਿੱਤੇ ਐ ਏਜੰਟ ਨੂੰ?"
-"ਚਾਰ ਲੱਖ ਦਸ ਹਜਾਰ।"
-"ਕਿਹੜਾ ਏਜੰਟ ਸੀ?"
-"ਸ਼ੁਕਲਾ!"
-"ਬੜਾ ਭੈਣ ਚੋਦ ਐ-ਕਹਿੰਦਾ ਕੁਛ ਐ-ਕਮਾਉਂਦਾ ਕੁਛ ਐ-ਮੂੰਹੋਂ ਮਿੱਠਾ ਤੇ ਦਿਲ ਦਾ ਬੜਾ ਬੇਈਮਾਨ ਐਂ-ਐਹਨਾਂ ਮੁੰਡਿਆਂ ਵਿਚ ਘੱਟੋ-ਘੱਟ ਤੀਹ ਪੈਂਤੀ ਬੰਦੇ ਸ਼ੁਕਲੇ ਦੇ ਹੋਣਗੇ।"
-"ਕਿੰਨਾਂ ਕੁ ਚਿਰ ਹੋ ਗਿਆ ਬੈਠਿਆਂ ਨੂੰ?"
-"ਹੋ ਗਏ ਕੋਈ ਦੋ ਕੁ ਮਹੀਨੇ।"
-"ਦੋ ਮਹੀਨੇ?" ਬਿੱਲੇ ਨੂੰ ਧਰਤੀ ਘੁਕਦੀ ਦਿਸੀ। ਤੌਰ ਉਡੇ।
-"ਹਾਂ ਦੋ ਮਹੀਨੇ!"
-"ਫੇਰ ਇਹਨਾਂ ਨੂੰ ਭੇਜਦੇ ਕਿਉਂ ਨ੍ਹੀ?"
-"ਕਈਆਂ ਤੋਂ ਹੋਰ ਪੈਸੇ ਮੰਗਦੇ ਐ-ਕਈਆਂ ਦੇ ਘਰਦਿਆਂ ਨੇ ਅੱਧੇ ਪੈਸੇ ਏਜੰਟ ਨੂੰ ਬਾਅਦ ਵਿਚ ਦੇਣੇ ਕੀਤੇ ਸੀ-ਜਿੰਨਾਂ ਚਿਰ ਉਹ ਪੂਰੇ ਪੈਸੇ ਪਿਛਲੇ ਏਜੰਟ ਨੂੰ ਨਹੀਂ ਦਿੰਦੇ-ਮੁੰਡੇ ਐਥੇ ਈ ਅੱਡੀਆਂ ਰਗੜਦੇ, ਜਣਦਿਆਂ ਨੂੰ ਰੋਂਦੇ ਰਹਿੰਦੇ ਐ-ਜੇ ਕੋਈ ਬਾਹਰ ਬੈਠਾ ਰਿਸ਼ਤੇਦਾਰ ਇਹਨਾਂ ਏਜੰਟਾਂ ਨੂੰ ਹੋਰ ਪੈਸੇ ਭੇਜ ਦਿੰਦੈ ਤਾਂ ਇਹ ਅੱਗੇ ਤੋਰ ਦਿੰਦੇ ਐ-ਤੇ ਨਹੀਂ ਐਥੇ ਭੁੱਖੇ ਤਿਹਾਏ ਬਿਮਾਰ ਹੋਈ ਜਾਂਦੇ ਐ।"
-"-----।"
-"ਮੇਰਾ ਪਿੰਡ ਕੌਂਕੇ ਐ-ਡੇੜ੍ਹ ਕਿੱਲਾ ਜਮੀਨ ਸੀ-ਵੇਚ ਵੱਟ ਕੇ ਏਜੰਟ ਨੂੰ ਦੇ ਦਿੱਤੇ ਚਾਰ ਲੱਖ-ਦੋ ਮਹੀਨੇ ਹੋ ਗਏ-ਆਹ ਬੈਠੈਂ-ਕੋਈ ਸਾਲਾ ਬਾਤ ਨ੍ਹੀ ਪੁੱਛਦਾ-ਪਿਛਲਿਆਂ ਦਾ ਕੋਈ ਪਤਾ ਨ੍ਹੀ-ਹੈਗੇ ਐ ਜਾਂ ਮਰ ਗਏ? ਇੱਕੋ ਇਕ ਮੇਰੇ ਮੁੰਡਾ ਐ-ਨਾ ਅੱਗੇ ਜੋਗੇ ਨਾ ਪਿੱਛੇ ਜੋਗੇ-ਕੋਈ ਫ਼ੋਨ ਦੀ ਸਹੂਲਤ ਨਹੀਂ-ਕੋਈ ਚਿੱਠੀ ਪੱਤਰ ਦੀ ਸਹੂਲਤ ਨਹੀਂ-ਮੁੰਡੇ ਬਿਮਾਰ ਪਏ ਐ-ਕੋਈ ਦੁਆਈ ਨ੍ਹੀ ਲਿਆ ਕੇ ਦਿੰਦਾ-ਕੋਈ ਮਰੇ ਕੋਈ ਜੀਵੇ-ਕਿਸੇ ਨੂੰ ਕੋਈ ਤਰਸ ਨਹੀਂ-ਕੋਈ ਦਰਦ ਨਹੀਂ।"
-"-----।" ਕੰਬਣੀਂ ਬਿੱਲੇ ਦੇ ਦਿਮਾਗ ਨੂੰ ਚੜ੍ਹ ਗਈ।
-"ਆਹ ਮੁੰਡਾ ਬਾਘੇਪੁਰਾਣੇ ਦਾ ਐ-ਕੋਈ ਹਫਤਾ ਹੋ ਗਿਆ-ਇਹਨੂੰ ਬੁਖਾਰ ਈ ਨ੍ਹੀ ਉਤਰਦਾ।"
-"-----।"
-"ਚੰਗੇ ਖਾਂਦੇ ਪੀਂਦੇ ਘਰਾਣੇਂ ਦਾ ਐ-ਬੱਸ ਬਾਹਰ ਆਉਣ ਦੀ ਲੱਲੜੀ ਲੱਗੀ ਵੀ ਸੀ-ਦੇਖ ਲੈ-ਆਹ ਪਿਐ ਪੰਜ ਲੱਖ ਰੁਪਈਆ ਫੂਕ ਕੇ-ਦਿਲਪ੍ਰੀਤ ਨਾਂ ਐ ਇਹਦਾ।"
-"ਵਾਪਿਸ ਕਿਉਂ ਨ੍ਹੀ ਮੁੜਦਾ?"
-"ਹੈ ਕਮਲਾ! ਐਥੇ ਬੰਦਾ ਆ ਜਾਂਦੈ-ਪਰ ਪਿੱਛੇ ਮੁੜਨਾ ਕਿਸੇ ਦੇ ਵੱਸ ਨਹੀਂ-ਇੱਥੋਂ ਅੱਗੇ ਤੋਰਨਾ ਜਾਂ ਪਿੱਛੇ ਮੋੜਨਾ ਇਹਨਾਂ ਜਮਦੂਤਾਂ ਦੇ ਵੱਸ ਐ-ਜੰਗਲ 'ਚ ਬੈਠੇ ਐਂ-ਰਸਤੇ ਦਾ ਕੋਈ ਪਤਾ ਨ੍ਹੀ-ਕਿੱਥੇ ਹਾਂ ਕਿੱਥੇ ਨਹੀਂ? ਇਹ ਵੀ ਨਹੀਂ ਪਤਾ! ਜੰਗਲ ਕਿੱਡਾ ਕੁ ਐ? ਇਹ ਵੀ ਨ੍ਹੀ ਪਤਾ! ਸਾਰੀ ਰਾਤ ਆਹਬੁਲੀ ਕੁੱਤੇ ਨ੍ਹੇਰੀ ਲਿਆਈ ਰੱਖਦੇ ਐ-ਬੰਦਾ ਭੱਜੂ ਕਿੱਧਰ?"
-"ਤੁਹਾਡਾ ਨਾਂ ਕੀ ਐ?"
-"ਮੇਰਾ ਨਾਂ ਜਰਨੈਲ ਸਿੰਘ ਐ-ਪਰ ਸਾਰੇ ਵੱਡੀ ਉਮਰ ਕਰਕੇ ਮੈਨੂੰ ਬਾਈ ਈ ਕਹਿ ਦਿੰਦੇ ਐ।"
ਰਾਤ ਨੂੰ ਉਹਨਾਂ ਨੂੰ ਠੂਠੇਨੁਮਾਂ ਕੌਲਿਆਂ ਵਿਚ ਚੌਲ ਦਿੱਤੇ ਗਏ। ਉਬਲੇ ਹੋਏ ਚੌਲ ਅਧਕੱਚੇ ਸਨ ਅਤੇ ਨਾਲ ਮੂਤ ਵਰਗੀ ਦਾਲ ਸੀ। ਖਾਣ ਨੂੰ ਵੱਢੀ ਰੂਹ ਨਹੀਂ ਕਰਦੀ ਸੀ। ਪਰ ਮਜ਼ਬੂਰੀ ਮੂੰਹ ਸਾਰਿਆਂ ਨੇ ਕਾਲਜੇ ਧਾਫ਼ੜ ਲਏ। ਪਰ ਬਿਮਾਰ ਦਿਲਪ੍ਰੀਤ ਨੂੰ ਉਲਟੀ ਆ ਗਈ। ਉਹ ਇਤਨਾ ਕਮਜ਼ੋਰ ਹੋ ਗਿਆ ਸੀ ਕਿ ਉਸ ਦੇ ਮੂੰਹੋਂ 'ਹਾਏ' ਵੀ ਨਹੀਂ ਨਿਕਲ ਰਿਹਾ ਸੀ। ਬਾਈ ਸਮੇਤ ਕਈ ਮੁੰਡੇ ਉਸ ਦੀ ਦੇਖ-ਭਾਲ ਕਰ ਰਹੇ ਸਨ। ਪਰ ਦਿਲਪ੍ਰੀਤ ਦੀ ਹਾਲਤ ਪਲ-ਪਲ ਵਿਗੜ ਰਹੀ ਸੀ।
ਮੁੰਡਿਆਂ ਦੀ 'ਕੁਰਬਲ-ਕੁਰਬਲ' ਸੁਣ ਕੇ ਹਬਸ਼ੀ ਆ ਗਿਆ। ਉਹ ਦਾਰੂ ਨਾਲ ਰੱਜਿਆ ਹੋਇਆ ਸੀ। ਉਸ ਦੀਆਂ ਅੱਖਾਂ ਚੜ੍ਹੀਆਂ ਹੋਈਆਂ ਸਨ। ਹੱਥ ਵਿਚ ਪਿਸਤੌਲ ਸੀ।
-"ਹੇਅ ਇੰਡੀਆ! ਵੱਟ ਇਜ਼ ਮੈਟਰ?" ਉਸ ਨੇ ਝੂਲਦਿਆਂ ਪੁੱਛਿਆ। ਪਿਸਤੌਲ ਲਹਿਰਾਇਆ।
-"ਦਿਸ ਮੈਨ ਇਜ਼ ਸਿੱਕ-ਇੱਲ-ਇੱਲ।" ਕਿਸੇ ਨੇ ਮਾੜੀ ਮੋਟੀ ਅੰਗਰੇਜ਼ੀ ਵਿਚ ਦੱਸਿਆ।
ਉਹ ਵਾਪਿਸ ਮੁੜ ਗਿਆ।
ਫਿਰ ਇਕ ਕੰਬਲ ਲੈ ਕੇ ਵਾਪਿਸ ਮੁੜ ਆਇਆ। ਫ਼ਟਿਆ ਪੁਰਾਣਾ ਜੂੰਆਂ ਅਤੇ ਖਟਮਲਾਂ ਵਾਲਾ ਕੰਬਲ!
-"ਟੇਕ ਦਿਸ ਬਲੈਂਕਿੱਟ।" ਉਹ ਤੁਰ ਗਿਆ।
-"ਸਰ! ਹੀ ਹੈਜ਼ ਫ਼ੀਵਰ-ਹੈੱਲਪ-ਹੈੱਲਪ!" ਕਿਸੇ ਮੁੰਡੇ ਨੇ ਕਿਹਾ ਤਾਂ ਹਬਸ਼ੀ ਰੁਕ ਗਿਆ।
-"ਫ਼ੱਕ ਦਿਸ ਮੈਨ! ਡੋਂਟ ਮੇਕ ਨੋਆਇਜ਼! ਸਲੀਪ-ਸਲੀਪ!"
-"ਸਰ! ਹੀ ਨੀਡ ਡਾਕਟਰ-ਡਾਕਟਰ!"
-"ਵਾਅਟ? ਡਾਕਟਰ! ਟੇਕ ਮਾਈ ਦਿਸ ਥਿੰਗ!" ਉਸ ਨੇ ਆਪਣਾ 'ਗੁਪਤ ਅੰਗ' ਘੁੱਟ ਕੇ ਕਿਹਾ।
-"ਸਰ! ਦਿਸ ਮੈਨ ਵਿੱਲ ਡਾਈ!"
-"ਯੂ ਫ਼ੱਕ ਔਫ਼! ਬਲੱਡੀ ਇੰਡੀਆ! ਯੂ ਫ਼ੱਕ ਔਫ਼ ਮੈਨ! ਹੀ ਡਾਈ? ਔਲ ਰਾਈਟ! ਵੈਰੀ ਗੁੱਡ! ਯੂ ਸਲੀਪ! ਨੋ ਨੁਆਇਜ਼! ਓ ਕੇ?" ਉਹ ਚਲਾ ਗਿਆ। ਪਿਸਤੌਲ ਡੱਬ ਵਿਚ ਤੁੰਨ ਲਿਆ।
-"ਬਾਈ ਇਕ ਗੱਲ ਦੱਸ?" ਬਿੱਲੇ ਨੇ ਜਰਨੈਲ ਸਿੰਘ ਨੂੰ ਪੁੱਛਿਆ।
-"ਪੁੱਛ।"
-"ਇਹਨੇ ਕਾਲੇ ਨੇ ਮੇਰੇ ਕੱਪੜੇ ਲੁਹਾ ਕੇ ਪੁਰਾਣੇਂ ਕਿਉਂ ਪੁਆ ਦਿੱਤੇ? ਘੜੀ ਵੀ ਲੁਹਾ ਲਈ?"
-"ਸਾਰਿਆਂ ਨਾਲ ਈ ਇਉਂ ਹੋਇਐ-ਮਾਸਕੋ 'ਚ ਹਰ ਸ਼ਨਿੱਚਰਵਾਰ ਨੂੰ ਮੰਡੀ ਲੱਗਦੀ ਐ-ਹਬਸ਼ੀ ਦਾ ਭਰਾ ਮੁੰਡਿਆਂ ਦੇ ਨਵੇਂ ਕੱਪੜੇ ਉਸ ਮੰਡੀ 'ਚ ਵੇਚਦੈ-ਤੂੰ ਕੱਪੜਿਆਂ ਦੀ ਗੱਲ ਕਰਦੈਂ? ਉਹ ਤਾਂ ਜੋ ਬੁਰਸ਼, ਜੋ ਕਾਲਗੇਟ, ਜੋ ਜੁਰਾਬਾਂ, ਸਾਰਾ ਕੁਛ ਈ ਵੇਚ ਦਿੰਦੇ ਐ-ਜਿਹੜਾ ਟੈਚੀ ਤੂੰ ਲੈ ਕੇ ਆਇਐਂ-ਉਹਦੇ ਦਰਸ਼ਣ ਤੈਨੂੰ ਮੁੜ ਕੇ ਨ੍ਹੀ ਹੋਣੇਂ-ਲਿਖ ਲੈ! ਘੜੀ ਵੀ ਮੰਡੀ 'ਚ ਈ ਵਿਕੂਗੀ।"
ਬਿੱਲਾ ਸੱਚ ਸੁਣ ਕੇ ਚੁੱਪ ਕਰ ਗਿਆ।
ਹਰ ਪਲ, ਨਵਾਂ ਸੱਚ ਉਸ ਨੂੰ ਹਾਦਸਾ ਬਣ ਕੇ ਟੱਕਰ ਰਿਹਾ ਸੀ। ਉਸ ਦਾ ਦਿਲ ਇਸ ਦਾ ਆਦੀ ਹੋਣ ਦੀ ਆਦਤ ਪਾ ਰਿਹਾ ਸੀ। ਹੋਰ ਕੋਈ ਚਾਰਾ ਵੀ ਨਹੀਂ ਸੀ।
ਦੇਰ ਗਈ ਰਾਤ ਨੂੰ ਦਿਲਪ੍ਰੀਤ ਦੀ ਹਾਲਤ ਬੁਰੀ ਤਰ੍ਹਾਂ ਵਿਗੜ ਗਈ। ਉਹ ਖੰਘਿਆ ਤਾਂ ਉਸ ਦੇ ਮੂੰਹ ਵਿਚੋਂ ਬਿੱਲੀ ਦੀ ਪੂਛ ਵਰਗੀ ਖ਼ੂਨ ਦੀ ਧਾਰ ਆਈ। ਖ਼ੂਨ ਦਾ ਛੱਪੜ ਲੱਗਦਾ ਜਾ ਰਿਹਾ ਸੀ।
ਕਈ ਮੁੰਡਿਆਂ ਨੇ ਉਚੀ-ਉਚੀ ਰੋਣਾ ਸ਼ੁਰੂ ਕਰ ਦਿੱਤਾ। ਚੀਕ ਚਿਹਾੜਾ ਮੱਚ ਗਿਆ।
ਹਬਸ਼ੀ ਦੀ ਜਾਗ ਖੁੱਲ੍ਹ ਗਈ।
ਉਹ ਭੂਸਰੇ ਗੈਂਡੇ ਵਾਂਗ ਧੁੱਸ ਦੇ ਕੇ ਆਇਆ।
-"ਯੂ ਸਿ਼ੱਟ ਇੰਡੀਆ! ਵੱਟ ਇਜ਼ ਮੈਟਰ?" ਉਸ ਦਾ ਬੈਂਗਣੀਂ ਰੰਗਾ ਚਿਹਰਾ ਚੰਗਿਆੜੇ ਛੱਡੀ ਜਾ ਰਿਹਾ ਸੀ।
-"ਸਰ! ਲੁੱਕ-ਲੁੱਕ! ਹੀ ਇਜ਼ ਡਾਈਇੰਗ! ਟੂ ਮੱਚ ਬਲੱਡ! ਡਾਕਟਰ! ਹੈਲਪ!"
ਪ੍ਰਨਾਲੇ ਵਾਂਗ ਵਗਦਾ ਖ਼ੂਨ ਦੇਖ ਕੇ ਹਬਸ਼ੀ ਧੰਦਕ ਗਿਆ। ਉਹ ਨਿਹੱਥਾ ਜਿਹਾ ਹੋਇਆ ਖੜ੍ਹਾ ਸੀ। ਨੀਂਦ ਅਤੇ ਦਾਰੂ ਦੇ ਨਸ਼ੇ ਨਾਲ ਉਹ ਮਧੋਲਿਆ ਜਿਹਾ ਪਿਆ ਸੀ।
-"ਸਰ! ਯੂਅਰ ਮੋਬਾਇਲ ਫ਼ੋਨ! ਡਾਕਟਰ-ਬਰਿੰਗ ਡਾਕਟਰ!" ਇਕ ਮੁੰਡੇ ਨੇ ਫ਼ੋਨ ਕਰਕੇ, ਡਾਕਟਰ ਬੁਲਾਉਣ ਲਈ ਕਿਹਾ। ਹਬਸ਼ੀ ਘਬਰਾਇਆ ਹੋਇਆ ਮੋਬਾਇਲ ਫ਼ੋਨ ਨੂੰ ਚਿੰਬੜ ਗਿਆ।
ਉਸ ਨੇ ਫ਼ੋਨ ਈਵਾਨ ਨੂੰ ਮਿਲਾ ਲਿਆ।
-"ਈਵਾਨ! ਈਵਾਨ!" ਉਹ ਪ੍ਰੇਸ਼ਾਨੀ ਵਿਚ ਬੋਲ ਰਿਹਾ ਸੀ।
-"ਵੱਟ ਮੈਨ?" ਉਧਰੋਂ ਅਵਾਜ਼ ਆਈ। ਬੇਹੱਦ ਅੱਕੀ ਹੋਈ ਅਵਾਜ਼!
-"ਏ ਇੰਡੀਆ ਮੈਨ ਇਜ਼ ਡਾਈਇੰਗ! ਬਰਿੰਗ ਡਾਕਟਰ! ਸੈਚੂਏਸ਼ਨ ਵੈਰੀ ਬੈਡ!"
-"ਓਹ ਯੂ ਸ਼ੈੱਟ-ਅੱਪ ਮੈਨ! ਸ਼ੱਅਟ-ਅੱਪ!" ਉਹ ਗਰਜਿਆ।
-"ਆਈ ਐੱਮ ਇਨ ਬੈੱਡ ਵਿਦ ਮਾਈ ਗਰਲ ਫ਼ਰੈਂਡ! ਆਈ ਇੰਜਾਏ ਸੈਕਸ ਵਿਦ ਹਰ! ਆਈ ਐੱਮ ਫ਼ੱਕਿੰਗ ਮਾਈ ਗਰਲ ਫ਼ਰੈਂਡ! ਫ਼ੱਕਿੰਗ! ਅੰਡਰਸਟੈਂਡ?" ਉਹ ਅੰਗਰੇਜ਼ੀ ਦੀ ਜੱਖਣਾ ਪੱਟੀ ਜਾ ਰਿਹਾ ਸੀ।
-"ਬੱਟ ਈਵਾਨ! ਹੀ ਇੱਜ਼ ਡਾਈਇੰਗ! ਦੈਟ ਇੰਡੀਆ ਮੈਨ ਇਜ਼ ਡਾਈਇੰਗ! ਹੀ ਨੀਡ ਡਾਕਟਰ-ਅਰਜੈਂਟ ਕੇਸ! ਹੀ ਇਜ਼ ਬਲੀਡਿੰਗ ਟੂ ਮੱਚ! ਹੀ ਇਜ਼ ਡਾਈਇੰਗ ਈਵਾਨ!" ਉਸ ਨੇ ਮੁਧਕਰ ਵਰਗਾ ਪੈਰ ਧਰਤੀ 'ਤੇ ਮਾਰਦਿਆਂ ਕਿਹਾ।
-"ਲੈੱਟ ਹਿੰਮ ਡਾਈ! ਵੈਨ ਹੀ ਡੈਡ-ਥਰੋਅ ਇੰਨ ਜੰਗਲ-ਐਂਡ ਨਾਓ! ਲੈੱਟ ਮੀ ਇੰਜਾਏ ਸੈਕਸ ਵਿਦ ਮਾਈ ਗਰਲ ਫਰੈਂਡ! ਡੋਂਟ ਡਿਸਟਰਬ ਮੀ! ਗੋਅ ਟੂ ਸਲੀਪ!"
ਫ਼ੋਨ ਕੱਟਿਆ ਗਿਆ।
ਹਬਸ਼ੀ ਬੇਪ੍ਰਵਾਹ ਹੋ ਗਿਆ।
ਜਦੋਂ ਈਵਾਨ ਵਰਗਿਆਂ ਨੂੰ ਫਿ਼ਕਰ ਨਹੀਂ ਸੀ, ਹਬਸ਼ੀ ਕਿਉਂ ਕਰਦਾ? ਹਬਸ਼ੀ ਤਾਂ ਸਿਰਫ਼ ਇਕ ਨਿਗਰਾਨ ਸੀ। ਬੰਦਿਆਂ ਤੋਂ ਪੈਸੇ ਤਾਂ ਈਵਾਨ ਵਰਗੇ ਹੀ ਕਮਾਉਂਦੇ ਸਨ। ਛਿੱਲ ਤਾਂ ਈਵਾਨ ਵਰਗੇ ਹੀ ਲਾਹੁੰਦੇ ਸਨ। ਹਬਸ਼ੀ ਦੇ ਹਿੱਸੇ ਤਾਂ ਬਚੀਆਂ-ਖੁਚੀਆਂ ਹੱਡੀਆਂ ਹੀ ਰਹਿ ਜਾਂਦੀਆਂ ਸਨ। ਉਸ ਨੂੰ ਤਾਂ ਨਿਗਰਾਨੀ ਕਰਨ ਦੇ ਪੰਜ ਸੌ ਡਾਲਰ ਮਹੀਨੇ ਦੇ ਮਿਲਦੇ ਸਨ ਅਤੇ ਇਕ ਪੇਟੀ ਵਿਸਕੀ ਦੀ ਮਿਲ ਜਾਂਦੀ ਸੀ। ਉਹ ਦਿਨ ਰਾਤ ਦਾਰੂ ਪੀ ਕੇ ਕਮਲਾ ਹੋਇਆ ਰਹਿੰਦਾ। ਮੁੰਡਿਆਂ ਨੂੰ ਗਾਹਲਾਂ ਕੱਢ ਛੱਡਦਾ। ਉਸ ਦਾ ਇਕੋ-ਇਕ ਭਰਾ ਸੀ। ਹੋਰ ਪ੍ਰੀਵਾਰ ਬਾਰੇ ਉਸ ਨੂੰ ਬਹੁਤਾ ਪਤਾ ਨਹੀਂ ਸੀ। ਉਸ ਨੂੰ ਇਤਨਾ ਜਰੂਰ ਪਤਾ ਸੀ ਕਿ ਉਹ ਭੁੱਖ-ਦੁੱਖ ਸੰਗ, ਰੁਲ-ਖੁਲ ਕੇ ਪਲਿਆ ਸੀ। ਉਸ ਦਾ ਦਿਲ, ਜਜ਼ਬਾਤ ਸਾਰੇ ਮਰ ਚੁੱਕੇ ਸਨ। ਜ਼ਮੀਰ ਸੌਂ ਚੁੱਕੀ ਸੀ। ਉਹ ਇਕ ਤੁਰਦੀ ਫਿਰਦੀ ਲਾਸ਼ ਸੀ। ਦਾਰੂ ਅਤੇ ਮਾਸ ਆਸਰੇ ਤੁਰਨ ਵਾਲੀ ਲਾਅਸ਼! ਹੋਰ ਉਸ ਨੂੰ ਕੋਈ ਇੱਛਾ ਨਹੀਂ ਸੀ। ਕੋਈ ਫਿ਼ਕਰ ਨਹੀਂ ਸੀ। ਉਸ ਨੂੰ ਕਿਸੇ ਦਾ ਪਿਆਰ ਨਹੀਂ ਸੀ। ਉਹ ਘ੍ਰਿਣਾ ਨਾਲ ਪਲਿਆ ਸੀ, ਵੱਡਾ ਹੋਇਆ ਸੀ। ਜੇ ਉਸ ਨੂੰ ਕੋਈ ਉਸ ਦੇ ਮਾਂ-ਬਾਪ ਬਾਰੇ ਪੁੱਛਦਾ ਤਾਂ ਉਹ "ਡੋਂਟ-ਨੋਅ" ਜਾਂ ਫਿਰ "ਫ਼ੱਕ ਮਾਈ ਪੇਰੈਂਟਸ!" ਆਖ ਛੱਡਦਾ। ਉਸ ਦਾ ਕੋਈ ਪਿੱਛਾ ਨਹੀਂ ਸੀ, ਕੋਈ ਅੱਗਾ ਨਹੀਂ ਸੀ। ਕੋਈ ਦੁਨੀਆਂ ਵਸਾਉਣ ਦੀ ਖਾਹਿਸ਼ ਨਹੀਂ ਸੀ। ਕੋਈ ਅਰਮਾਨ ਨਹੀਂ ਸੀ। ਉਹ ਇਕ ਖਾਲੀ ਪੋਲ ਵਰਗਾ ਸੀ। ਖਾਲੀ ਪੋਪਲੇ ਵਰਗਾ ਦਿਲ ਰਹਿਤ ਮਾਨੁੱਖ! ਵਕਤ ਦੀਆਂ ਠੋਹਕਰਾਂ ਅਤੇ ਠੇਡੇ ਖਾਂਦਾ ਉਹ ਇਕ ਘ੍ਰਿਣਾ ਦੀ ਮੂਰਤ ਬਣ ਚੁੱਕਾ ਸੀ। ਇਕ ਪੱਥਰ ਵਾਂਗ! ਕਠੋਰ ਬੰਦਾ!
ਅੱਧੀ ਰਾਤੋਂ ਬਾਅਦ ਦਿਲਪ੍ਰੀਤ ਦੇ ਦਿਲ ਦੀ ਧੜਕਣ ਬੰਦ ਹੋ ਗਈ। ਉਸ ਦਾ ਮੂੰਹ ਅੱਡਿਆ ਹੋਇਆ ਸੀ ਅਤੇ ਅੱਖਾਂ ਖੜ੍ਹੀਆਂ ਸਨ। ਪਾਸੇ ਖੂਨ ਹੀ ਖੂਨ ਡੁੱਲ੍ਹਿਆ ਪਿਆ ਸੀ।
ਹਿਰਦੇਵੇਧਕ ਦ੍ਰਿਸ਼ ਦੇਖ ਕੇ ਮੁੰਡਿਆਂ ਦੀਆਂ ਦੱਬੀਆਂ ਚੀਕਾਂ ਫਿਰ ਉਚੀਆਂ ਉਠੀਆਂ।
ਹਬਸ਼ੀ ਫਿਰ ਉਠ ਬੈਠਾ।
ਉਸ ਦੇ ਕੁੱਤੇ ਵੀ ਬੂਥ ਚੁੱਕ ਕੇ ਬਾਹਰ ਦੇਖਣ ਲੱਗ ਪਏ।
-"ਹੇਅ ਇੰਡੀਆ! ਵੱਟ ਇਜ਼ ਮੈਟਰ?" ਉਹ ਅੱਧ-ਹਨ੍ਹੇਰੇ ਵਿਚ ਖੜ੍ਹਾ ਪ੍ਰੇਤ ਲੱਗਦਾ ਸੀ।
-"ਦਿਸ ਮੈਨ ਇਜ਼ ਡੈੱਡ!"
-"ਵਾਅਟ? ਡੈੱਡ!"
-"ਯੈੱਸ! ਡੈੱਡ!"
ਉਸ ਨੇ ਫ਼ੋਨ ਫਿਰ ਈਵਾਨ ਨੂੰ ਮਿਲਾ ਲਿਆ।
-"ਈਵਾਨ! ਈਵਾਨ!"
-"ਵੱਟ ਮੈਨ!"
-"ਵੱਨ ਇੰਡੀਆ ਇਜ਼ ਡੈੱਡ!"
-"ਓ ਕੇ! ਵਾਅਟ ਇਜ਼ ਟਾਈਮ ਨਾਓ?"
-"ਟੂ ਓ ਕਲਾਕ।"
-"ਆਈ ਐੱਮ ਕਮਿੰਗ।"
ਫ਼ੋਨ ਕੱਟਿਆ ਗਿਆ।
ਤਕਰੀਬਨ ਰਾਤ ਦੇ ਤਿੰਨ ਕੁ ਵਜੇ ਈਵਾਨ ਆਇਆ। ਮੁੰਡਿਆਂ ਵਿਚ ਭੂਚਾਲ ਆਇਆ ਹੋਇਆ ਸੀ। ਕਈ ਰੋ ਰਹੇ ਸਨ। ਕਈ ਵਿਰਲਾਪ ਕਰ ਰਹੇ ਸਨ। ਹਰ ਕੋਈ ਆਪਣੀ ਹੋਣੀਂ ਬੜੀ ਨਜ਼ਦੀਕ ਮਹਿਸੂਸ ਕਰ ਰਿਹਾ ਸੀ। ਹੋਣ ਵਾਲੇ ਮਨਹੂਸ ਹਸ਼ਰ ਪ੍ਰਤੀ ਫਿ਼ਕਰਮੰਦ ਸੀ।
ਈਵਾਨ ਨੇ ਮੋਟੇ ਤੌਰ 'ਤੇ ਸਥਿਤੀ ਦਾ ਜਾਇਜਾ ਲਿਆ। ਜੇ ਇਹ ਸਾਰੇ ਇਕੱਠੇ ਹੋ ਕੇ ਸਾਨੂੰ ਪੈ ਗਏ? ਫੇਰ ਕੀ ਬਣੇਗਾ? ਉਸ ਨੇ ਸਕੀਮ ਸੋਚੀ।
-"ਹੇਅ ਇੰਡੀਆ! ਆਈ ਟੇਕ ਦਿਸ ਮੈਨ ਟੂ ਹੌਸਪੀਟਲ-ਹੈੱਲਪ ਮੀ!"
-"ਵਾਏ ਹੌਸਪੀਟਲ? ਹੀ ਇਜ਼ ਡੈੱਡ! ਵੂਈ ਵਿੱਲ---।" ਮੁੰਡੇ ਨੂੰ "ਸਸਕਾਰ ਕਰਨ" ਦੀ ਅੰਗਰੇਜ਼ੀ ਨਹੀਂ ਆਉਂਦੀ ਸੀ।
-"ਵੂਈ ਵਿੱਲ ਬਰਨ ਹਿੰਮ।" ਉਸ ਨੇ ਹੱਥ ਨਾਲ ਸੀਖ ਜਗਾਉਣ ਦਾ ਇਸ਼ਾਰਾ ਕੀਤਾ।
-"ਵਾਅਟ? ਬਰਨ? ਯੂ ਕਰੀਜ਼ੀ, ਮੈਨ? ਇਨ ਫ਼ਾਰੈਸਟ ਨਾਅਟ ਪੌਸੀਬਲ ਬਰਨ-ਫੇਰੇਸ! ਹੈੱਲਪ ਮੀ ਮੈਨ!" ਉਸ ਨੇ ਦਿਲਪ੍ਰੀਤ ਦੀ ਬਾਂਹ ਫੜਦਿਆਂ ਹਬਸ਼ੀ ਨੂੰ ਕਿਹਾ।
ਹਬਸ਼ੀ ਨੇ ਸਾਰੇ ਮੁੰਡੇ ਘਾਹ-ਫੂਸ ਵਾਂਗ ਪਾਸੇ ਕਰ ਦਿੱਤੇ ਅਤੇ ਬੇਜਾਨ ਦਿਲਪ੍ਰੀਤ ਨੂੰ ਖਿਡਾਉਣੇਂ ਵਾਂਗ ਚੁੱਕ ਲਿਆ।
-"ਇੰਨ ਮਾਈ ਕਾਰ।"
ਹਬਸ਼ੀ ਨੇ ਲਾਅਸ਼ ਕਾਰ ਵਿਚ ਰੱਖ ਦਿੱਤੀ।
ਡਿੱਕੀ ਬੰਦ ਕਰ ਦਿੱਤੀ।
ਕਾਰ ਤੁਰ ਗਈ।
ਈਵਾਨ ਦਿਲਪ੍ਰੀਤ ਦੀ ਲਾਅਸ਼ ਨੂੰ ਦੂਰ ਘਣੇਂ ਜੰਗਲ ਵਿਚ ਸੁੱਟ ਆਇਆ। ਮਰੇ ਜਾਨਵਰ ਵਾਂਗ! ਕਿਸੇ ਮਾਂ ਦਾ ਸੋਨਾ ਪੁੱਤ ਕੁੱਤਿਆਂ-ਗਿੱਦੜਾਂ ਦੇ ਦੁਆਰੇ ਸੁੱਟਿਆ ਜਾ ਚੁੱਕਾ ਸੀ।
ਮੁੜਦੇ ਈਵਾਨ ਨੇ ਹਬਸ਼ੀ ਨੂੰ ਫ਼ੋਨ ਮਿਲਾ ਲਿਆ।
-"ਫ਼ੇਰੇਸ!"
-"ਵੱਟ ਮੈਨ?"
-"ਇੱਫ਼ ਇੰਡੀਆ ਮੇਕ ਪ੍ਰਾਬਲਮ-ਸ਼ੋਅ ਯੂਅਰ ਰਿਵਾਲਵਰ-ਬੱਟ ਡੋਂਟ ਛੂਟ! ਅੰਡਰਸਟੈਂਡ?"
-"ਅੰਡਰਸਟੈਂਡ।"
ਵਰਾਂਡੇ ਵਿਚ ਕੰਬਲ ਲਈ ਬੈਠੇ ਮੁੰਡੇ ਦਿਲਪ੍ਰੀਤ ਦੀ ਉਡੀਕ ਕਰ ਰਹੇ ਸਨ। ਦਿਲਪ੍ਰੀਤ ਨੇ ਕਿੱਥੋਂ ਮੁੜਨਾ ਸੀ? ਉਹ ਤਾਂ ਕੂਚ ਕਰ ਗਿਆ ਸੀ!
-"ਬਾਈ!" ਇਕ ਮੁੰਡਾ ਬੋਲਿਆ।
-"-----।"
-"ਇਉਂ ਤਾਂ 'ਕੱਲੇ-'ਕੱਲੇ ਕਰਕੇ ਸਾਰੇ ਈ ਮਰਜਾਂਗੇ।"
-"ਆਪਾਂ ਨੂੰ ਕੋਈ ਹੀਲਾ ਸੋਚਣਾ ਚਾਹੀਦੈ।"
-"ਇੱਥੋਂ ਨਿਕਲਣ ਦੀ ਬਿਧੀ ਲੱਭੋ!"
-"ਇਹਨਾਂ ਦੇ ਰਹਿਮ 'ਤੇ ਨਾ ਰਹੀਏ।"
-"ਆਪਾਂ ਇਉਂ ਕਰਦੇ ਐਂ।" ਬਾਈ ਬੋਲਿਆ।
ਸਾਰੇ ਉਸ ਵੱਲ ਝਾਕੇ।
-"ਰਾਤ ਨੂੰ ਦੋ ਜਾਣੇਂ ਬਾਹਰ ਨਿਕਲੋ-ਬਾਹਰਲੀ ਜਾਣਕਾਰੀ ਲਓ-ਫੇਰ ਸਾਰੇ ਈ ਰਾਤ ਬਰਾਤੇ ਤਿੱਤਰ ਹੋ ਚੱਲਾਂਗੇ।"
-"ਪਰ ਜੇ ਇਹਨਾਂ ਨੂੰ ਪਤਾ ਲੱਗ ਗਿਆ?"
-"ਪਤਾ ਕਿਵੇਂ ਲੱਗਜੂ? ਦੱਬੇ ਪੈਰੀਂ ਨਿਕਲੋ ਤੇ ਚੋਰ ਪੈਰੀਂ ਆ ਜਾਓ।"
-"ਇਕ ਗੱਲ ਹੋਰ ਐ ਯਾਰ-।" ਇਕ ਹੋਰ ਬੋਲਿਆ ਤਾਂ ਸਾਰਿਆਂ ਨੇ ਧਿਆਨ ਉਧਰ ਖਿੱਚ ਲਏ।
-"ਆਪਾਂ ਕਿੰਨੇ ਜਾਣੇਂ ਐਂ?"
-"ਹੋਵਾਂਗੇ ਡੇੜ੍ਹ ਕੁ ਸੌ ਤਾਂ।" ਬਾਈ ਨੇ ਅੰਦਾਜ਼ਾ ਲਾਇਆ।
-"ਬਗਾਵਤ ਕਰੋ-ਸਾਰਿਆਂ ਨੂੰ ਤਾਂ ਮਾਰਨੋਂ ਰਹੇ-ਆਪਾਂ ਨੂੰ ਗੁਲਾਮਾਂ ਮਾਂਗੂੰ ਕਾਹਤੋਂ ਬੈਠੇ ਐਂ?"
-"ਕਮਲ ਜਮਾਂ ਨਾ ਮਾਰੋ! ਹਰ ਜਾਨ ਕੀਮਤੀ ਐ-ਤੱਤੇ ਨਾ ਵਗੋ।"
-"ਭੇਦ ਲਓ ਤੇ ਬਾਹਰ ਨਿਕਲੋ।"
-"ਪਹਿਲਾਂ ਆਪਾਂ ਨੂੰ ਕੁੱਤਿਆਂ ਦਾ ਪ੍ਰਬੰਧ ਕਰਨਾ ਪਊ-ਰੈਂਗੜੇ ਤਿਆਰ ਕਰੋ-ਜਦੋਂ ਕੁੱਤੇ ਨੇੜੇ ਆਉਣ-ਚਾਰੇ ਪਾਸਿਓਂ ਟੁੱਟ ਕੇ ਪੈ ਜਾਵੋ।"
-"ਜੇ ਆਪਾਂ ਨੂੰ ਪੁਲਸ ਪੈ ਗਈ-ਫੇਰ?"
-"ਐਸ ਨਰਕ ਨਾਲੋਂ ਤਾਂ ਫੇਰ ਵੀ ਵਧੀਆ ਰਹਾਂਗੇ-ਪੁਲਸ ਘਰਦਿਆਂ ਨਾਲ ਫ਼ੋਨ ਤਾਂ ਕਰਵਾਊ-ਖਾਣ ਪੀਣ ਨੂੰ ਤਾਂ ਦਿਊ-ਐਥੇ ਦੋ ਮਹੀਨਿਆਂ ਦੇ ਉਬਲੇ ਹੋਏ ਚੌਲ ਈ ਖਾਈ ਜਾਨੇਂ ਐਂ।"
ਹਬਸ਼ੀ ਬਾਹਰ ਆ ਗਿਆ।
-"ਹੇਅ ਇੰਡੀਆ! ਵੱਟ ਸਪੀਕਿੰਗ?" ਉਹ ਬੋਲਿਆ।
-"ਵੇਅਰ ਇਜ਼ ਦਿਸ ਬੁਆਏ?" ਇਕ ਮੁੰਡੇ ਨੇ ਖੂਨ ਵੱਲ ਇਸ਼ਾਰਾ ਕਰਦਿਆਂ ਪੁੱਛਿਆ।
-"ਹੌਸਪੀਟਲ-ਹੌਸਪੀਟਲ।"
-"ਨੋ ਹੌਸਪੀਟਲ-ਹੀ ਇਜ਼ ਆਲਰੈਡੀ ਡੈੱਡ!"
-"ਹੇ ਇੰਡੀਆ! ਇੱਫ਼ ਯੂ ਮੇਕ ਪਰਾਬਲਮ-ਲੁੱਕ ਦਿਸ ਰਿਵਾਲਵਰ-ਆਈ ਛੂਟ ਯੂ-ਅੰਡਰਸਟੈਂਡ?" ਤੇ ਉਹ ਧਮਕਾ ਕੇ ਅੰਦਰ ਵੜ ਗਿਆ।
ਬਿੱਲਾ ਰੱਬ ਦੇ ਅਜ਼ੀਬ ਰੰਗ ਤੱਕ ਰਿਹਾ ਸੀ।
ਦਿਲਪ੍ਰੀਤ ਨਾ ਮੁੜਿਆ ਅਤੇ ਨਾ ਹੀ ਉਸ ਨੇ ਮੁੜਨਾ ਸੀ। ਉਹ ਤਾਂ ਸੁਨਿਹਰੀ ਭਵਿੱਖ ਦੇ ਸੁਪਨੇ ਲੈਂਦਾ, ਗਿੱਦੜਾਂ ਦੇ ਭੱਤੇ ਆ, ਬਲੀ ਚੜ੍ਹ ਗਿਆ ਸੀ।
ਸ਼ਾਮ ਨੂੰ 'ਬਾਈ' ਨੇ ਦੋ ਮੁੰਡੇ ਤਿਆਰ ਕੀਤੇ।
ਪਰਦੇ ਨਾਲ ਉਹਨਾਂ ਨੂੰ ਤਿੰਨ-ਤਿੰਨ ਪੈਂਟਾਂ ਅਤੇ ਪੰਜ-ਪੰਜ ਜੋੜੇ ਜੁਰਾਬਾਂ ਦੇ ਪੁਆ ਦਿੱਤੇ। ਦੋ-ਦੋ ਕੋਟੀਆਂ ਉਪਰ ਦੀ ਉਹਨਾਂ ਨੇ ਜੈਕਟਾਂ ਪਹਿਨ ਲਈਆਂ।
ਰਾਤ ਨੂੰ ਚੌਲ ਵਰਤਾਉਣ ਮੌਕੇ ਹਬਸ਼ੀ ਨੇ ਕਈ ਮੁੰਡਿਆਂ ਦੇ ਪੈਰ ਨੰਗੇ ਦੇਖ ਲਏ।
-"ਹੇਅ ਇੰਡੀਆ! ਯੂਅਰ ਸੌਕਸ?" ਉਸ ਨੇ ਪੈਰਾਂ ਵੱਲ ਇਸ਼ਾਰਾ ਕਰਕੇ ਪੁੱਛਿਆ।
-"ਵਾਸ਼ਡ-ਵਾਸ਼ਡ! ਬੈਅਡ ਸਮਿੱਲ-ਵੈਰੀ ਬੈਅਡ ਸਮਿੱਲ।" ਮੁੰਡਾ ਪਾੜ ਵਿਚ ਫੜੇ ਚੋਰ ਵਾਂਗ ਝਾਕ ਰਿਹਾ ਸੀ। ਉਸ ਨੇ ਘਬਰਾਹਟ ਵਿਚ ਬਹੁਤ ਕੁਝ ਆਖ ਦਿੱਤਾ।
ਹਬਸ਼ੀ ਸ਼ੱਕੀ ਹੋ ਗਿਆ।
ਪਰ ਸ਼ੱਕ ਦੀ ਸੂਈ ਡਾਵਾਂਡੋਲ ਹੀ ਰਹੀ।
ਕੋਈ ਠੋਸ ਡਰ ਦਿਮਾਗ ਵਿਚ ਨਾ ਆਇਆ।
ਪਰ ਫਿਰ ਵੀ ਉਸ ਨੇ ਆਪਣਾ ਸ਼ੱਕ ਈਵਾਨ ਅੱਗੇ ਰੱਖ ਦਿੱਤਾ।
-"ਈਵਾਨ!"
-"ਵੱਅਟ ਮੈਨ! ਵੱਟ ਇਜ਼ ਪ੍ਰਾਬਲਮ?" ਉਹ ਹਮੇਸ਼ਾ ਵਾਂਗ ਅੱਕਿਆ ਹੋਇਆ ਬੋਲਿਆ।
-"ਇੰਡੀਆ ਸ਼ੀਪਜ਼! ਆਈ ਥਿੰਕ-ਦੇ ਟਰਾਈ ਰੱਨ ਅਵੇ! ਆਈ ਐੱਮ ਐਲੋਨ! ਯੂ ਕੇਅਰ!" ਉਹ ਅੰਗਰੇਜ਼ੀ ਦੀ ਅਹੀ ਤਹੀ ਫੇਰੀ ਜਾ ਰਿਹਾ ਸੀ।
-"ਡੋਂਟ ਵਰੀ ਮੈਨ! ਆਈ ਕੇਅਰ!" ਈਵਾਨ ਨੇ ਫ਼ੋਨ ਬੰਦ ਕਰ ਦਿੱਤਾ।
ਬਾਈ ਪੂਰਾ ਖਬਰਦਾਰ ਸੀ।
ਉਹ ਦੂਰ ਬੈਠੇ, ਦਾਰੂ ਪੀਂਦੇ ਹਬਸ਼ੀ ਦੀ ਸਪੀਡ ਮਾਪਦਾ ਰਿਹਾ ਸੀ। ਬੋਤਲ ਉਸ ਅੱਗੇ ਰਾਕਟ ਬਣਦੀ ਜਾ ਰਹੀ ਸੀ।
ਰਾਤ ਦੇ ਦਸ ਕੁ ਵਜੇ ਹਬਸ਼ੀ ਦੇ ਘੁਰਾੜ੍ਹੇ ਡਰਾਉਣ ਲੱਗ ਪਏ।
ਉਹ ਗਧੇ ਵਾਂਗ ਫ਼ਰਾਟੇ ਜਿਹੇ ਮਾਰ ਰਿਹਾ ਸੀ।
ਬਾਈ ਦੇ ਇਸ਼ਾਰੇ 'ਤੇ ਗਿੱਲ ਅਤੇ ਢਿੱਲੋਂ ਬਾਹਰ ਨਿਕਲ ਗਏ। ਉਹਨਾਂ ਕੰਬਲਾਂ ਦੇ ਝੁੰਬ ਮਾਰੇ ਹੋਏ ਸਨ।
ਬਾਹਰ ਗੁੜ੍ਹਾ ਹਨ੍ਹੇਰਾ ਸੀ।
ਜੰਗਲ ਛੂਕ ਰਿਹਾ ਸੀ।
ਹੌਲਨਾਕ 'ਛਾਂ-ਛਾਂ' ਹੋ ਰਹੀ ਸੀ।
ਧੜਕਦੇ ਦਿਲ ਸਾਫ਼ ਸੁਣਾਈ ਦੇ ਰਹੇ ਸਨ।
ਸਭ ਤੋਂ ਜਿ਼ਆਦਾ ਖਤਰਾ ਉਹਨਾਂ ਨੂੰ ਜੰਗਲੀ ਜਾਨਵਰਾਂ ਦਾ ਸੀ। ਉਹ ਸੁੰਨ, ਠਰੀ ਰਾਤ ਵਿਚ ਕਿਸੇ ਅਣਮਿਥੀ ਮੰਜਿਲ ਵੱਲ ਵਾਹੋਦਾਹੀ ਤੁਰੇ ਜਾ ਰਹੇ ਸਨ।
ਗਿੱਲ ਕਿਸੇ ਚੀਜ਼ ਵਿਚ ਅੜ੍ਹਕ ਕੇ ਡਿੱਗਿਆ ਤਾਂ ਪੰਛੀਆਂ ਦੀ ਡਾਰ 'ਫੜ-ਫੜ' ਕਰਕੇ ਉਡੀ। ਵਣ ਹਿੱਲਿਆ। ਉਹਨਾਂ ਦਾ ਤਰਾਹ ਨਿਕਲ ਗਿਆ। ਪੰਛੀਆਂ ਦੀ 'ਫੜ-ਫੜ' ਉਹਨਾਂ ਨੂ ਗੋਲੀਆਂ ਚੱਲਣ ਵਾਂਗ ਜਾਪੀ ਸੀ।
-"ਉਏ ਢਿੱਲੋਂ!" ਗਿੱਲ ਬੋਲਿਆ।
-"ਹਾਂ?" ਉਹ ਧੀਮਾਂ-ਧੀਮਾਂ ਬੋਲ ਰਹੇ ਸਨ।
-"ਆਹ ਕਿਸੇ ਕਾਰ ਦੀ ਲੀਹ ਐ।"
ਉਹ ਅੰਦਾਜੇ ਨਾਲ ਹੀ ਕਾਰ ਦੀ ਲੀਹੋ-ਲੀਹ ਤੁਰ ਪਏ। ਉਹਨਾਂ ਨੂੰ ਸੀਤ ਰਾਤ ਵਿਚ ਵੀ ਪਸੀਨਾ ਆ ਗਿਆ ਸੀ। ਪਰ ਉਹ ਧੁੱਸ ਦੇਈ ਤੁਰੇ ਜਾ ਰਹੇ ਸਨ। ਕੋਈ ਕਿਸੇ ਨਾਲ ਗੱਲ ਨਹੀਂ ਕਰ ਰਿਹਾ ਸੀ।
ਅਜੇ ਉਹ ਅੱਧਾ ਕੁ ਕਿਲੋਮੀਟਰ ਹੀ ਅੱਗੇ ਗਏ ਸਨ ਕਿ ਅੱਗੋਂ ਕਾਰ ਦੀਆਂ ਬੱਤੀਆਂ ਜਗ ਪਈਆਂ। ਦਿਨ ਚੜ੍ਹ ਗਿਆ। ਤੇਜ਼ ਰੌਸ਼ਨੀ ਨੇ ਜੰਗਲ ਦੇ ਹਨ੍ਹੇਰੇ ਦਾ ਸੀਨਾ ਪਾੜ ਧਰਿਆ ਸੀ।
ਉਹਨਾਂ ਰੁਕ ਕੇ ਇਕ-ਦੂਜੇ ਵੱਲ ਤੱਕਿਆ।
ਉਹ ਘਬਰਾਏ ਹੋਏ ਇਕ ਦਮ ਪਿੱਛੇ ਨੂੰ ਦੌੜੇ।
ਉਹਨਾਂ ਦੀਆਂ ਅੱਖਾਂ ਅੱਗੇ ਭੂਚਾਲ ਆ ਗਿਆ ਸੀ। ਪਰ ਉਹਨਾਂ ਨੂੰ ਪੰਜ ਬੰਦਿਆਂ ਨੇ ਘੇਰ ਲਿਆ। ਉਹਨਾਂ ਦੇ ਹੱਥਾਂ ਵਿਚ ਲੋਹੇ ਦੀਆਂ ਰਾਡਾਂ ਸਨ।
-"ਵੇਅਰ ਆਰ ਯੂ ਰੱਨਿੰਗ ਇੰਡੀਆ?"
ਈਵਾਨ ਉਹਨਾਂ ਅੱਗੇ ਖੜ੍ਹਾ ਸੀ। ਉਸ ਦੇ ਹੱਥ ਵਿਚ ਲੋਹੇ ਦੀ ਰਾਡ ਘੁਕ ਰਹੀ ਸੀ।
-"ਨੋ ਰੱਨਿੰਗ-ਜਸਟ ਵਾਕ-ਓਨਲੀ ਵਾਕ ਸਰ!" ਢਿੱਲੋਂ ਬੋਲਿਆ। ਉਸ ਨੂੰ ਪਸੀਨੇ ਦੀ ਛੱਲ ਫੁੱਟੀ।
-"ਯੂ ਇੰਡੀਆ! ਓਨਲੀ ਵਾਕ?"
ਉਸ ਨੇ ਰਾਡ ਢਿੱਲੋਂ ਦੇ ਸਿਰ ਵਿਚ ਮਾਰੀ। ਉਹ ਚੌਫ਼ਾਲ ਧਰਤੀ 'ਤੇ ਡਿੱਗਿਆ। ਈਵਾਨ ਨੇ ਇਕ ਰਾਡ ਹੋਰ ਮਾਰੀ। ਢਿੱਲੋਂ ਦੇ ਸਿਰ ਵਿਚ ਪਾੜ ਪੈ ਗਿਆ। ਲਹੂ ਖਾਲ ਵਾਂਗ ਵਹਿ ਤੁਰਿਆ। ਗਿੱਲ ਉਸ ਦੇ ਉਪਰ ਢੇਰੀ ਹੋ ਗਿਆ।
ਈਵਾਨ ਦੇ ਸਹਿਯੋਗੀ ਬੁੱਚੜਾਂ ਨੇ ਗਿੱਲ ਨੂੰ ਕੱਟੇ ਵਾਂਗ ਧੂਹ ਲਿਆ। ਗਿੱਲ "ਸੌਰੀ ਸਰ-ਸੌਰੀ ਸਰ" ਪੁਕਾਰਦਾ ਰਿਹਾ। ਪਰ ਬੇਰਹਿਮ ਬੁੱਚੜ ਉਸ ਨੂੰ ਬੇਕਿਰਕੀ ਨਾਲ ਮਾਰਦੇ ਰਹੇ।
-"ਵਾਟਰ---ਵਾਟਰ ਪਲੀਜ਼!" ਢਿੱਲੋਂ ਦੀ ਮੁਰਦਾ ਅਵਾਜ਼ ਨਿਕਲੀ। ਉਸ ਦਾ ਮੂੰਹ ਅੱਡਿਆ ਹੋਇਆ ਸੀ।
-"ਵਾਟਰ? ਯੈੱਸ ਵਾਟਰ!" ਸ਼ਰਾਬੀ ਈਵਾਨ ਨੇ ਪੈਂਟ ਖੋਲ੍ਹ ਕੇ ਢਿੱਲੋਂ ਦੇ ਮੂੰਹ ਵਿਚ ਮੂਤਣਾ ਸ਼ੁਰੂ ਕਰ ਦਿੱਤਾ।
ਕਾਰ ਦੀਆਂ ਲਾਈਟਾਂ ਦੇ ਚਾਨਣ ਵਿਚ ਜਦੋਂ ਗਿੱਲ ਨੇ ਈਵਾਨ ਨੂੰ ਢਿੱਲੋਂ ਦੇ ਮੂੰਹ ਵਿਚ ਮੂਤਦਿਆਂ ਤੱਕਿਆ ਤਾਂ ਉਸ ਅੰਦਰਲਾ ਸਾਰਾ ਬਾਰੂਦ ਫ਼ਟ ਗਿਆ। ਉਸ ਦੀਆਂ ਅੱਖਾਂ ਵਿਚੋਂ ਜੁਆਲਾ ਨਿਕਲੀ ਤਾਂ ਉਸ ਨੇ ਆਪਾ ਛੁਡਾ ਲਿਆ ਅਤੇ ਈਵਾਨ ਨੂੰ ਆ ਢਾਹਿਆ।
-"ਯੂ ਬੁੱਚੜ! ਯੂ ਭੈਣ ਚੋਦ ਰਸ਼ੀਆ! ਯੂ ਭੈਣ ਦਾ ਯਾਰ! ਯੂ ਮੇਰਾ ਸਾਅਲਾ!" ਉਸ ਨੇ ਈਵਾਨ ਨੂੰ ਕੁੱਕੜ ਵਾਂਗ ਮਧੋਲ ਧਰਿਆ।
ਜਦ ਈਵਾਨ ਨੇ ਆਪਦੀ ਆਪਣੀ ਭਾਸ਼ਾ ਵਿਚ ਹਾਲ-ਦੁਹਾਈ ਪਾਈ ਤਾਂ ਬਾਕੀ ਬੁੱਚੜਾਂ ਨੇ ਗਿੱਲ ਨੂੰ ਘੜ੍ਹੀਸ ਲਿਆ। ਉਸ ਦਾ ਸਿਰ ਪਹਾੜੀ ਪੱਥਰ 'ਤੇ ਧਰ ਲਿਆ ਅਤੇ ਦੂਜੇ ਪੱਥਰ ਨਾਲ ਉਸ ਦਾ ਸਿਰ ਖ਼ਰਬੂਜੇ ਵਾਂਗ ਫ਼ੇਹ ਦਿੱਤਾ। ਦਿਮਾਗ ਦੀਆਂ ਨਾੜੀਆਂ ਦੂਰ-ਦੂਰ ਤੱਕ ਖਿਲਰ ਗਈਆਂ। ਲਹੂ ਦਾ ਛੱਪੜ ਲੱਗ ਗਿਆ।
ਇਹੀ ਹਸ਼ਰ ਢਿੱਲੋਂ ਦਾ ਹੋਇਆ।
ਲਾਅਸ਼ਾਂ ਦਿਲਪ੍ਰੀਤ ਵਾਲੀ ਜਗਾਹ ਹੀ ਸੁੱਟ ਦਿੱਤੀਆਂ ਗਈਆਂ। ਜੰਗਲੀ ਜਾਨਵਰਾਂ ਦੇ ਖਾਣ ਲਈ!
ਦਿਲਪ੍ਰੀਤ ਬਿਮਾਰੀ ਦੀ ਭੇਂਟ ਚੜ੍ਹ ਗਿਆ ਸੀ ਕਿਸੇ ਨੇ ਕੋਈ ਮੱਦਦ ਨਹੀਂ ਕੀਤੀ ਸੀ। ਉਹ ਅਤਡੀਆਂ ਰਗੜ ਕੇ ਮਰ ਗਿਆ ਸੀ।
ਪਰ ਹੁਣ! ਗਿੱਲ ਅਤੇ ਢਿੱਲੋਂ ਮਾਰ ਕੇ ਟਿਕਾਣੇਂ ਲਾ ਦਿੱਤੇ ਗਏ ਸਨ। ਜੰਗਲ ਦੇ ਰਾਜ ਵਿਚ ਕਿਸੇ ਦੀ ਕੁੱਤੇ ਜਿੰਨੀ ਕਦਰ ਨਹੀਂ ਸੀ। ਬੰਦਾ ਮਰ ਗਿਆ ਜਾਂ ਜਾਣ ਕੇ ਮਾਰ ਦਿੱਤਾ ਗਿਆ, ਚੁੱਕ ਕੇ ਜੰਗਲ ਵਿਚ ਸੁੱਟ ਆਂਦਾ, ਕੰਮ ਖਤਮ! ਸਬੂਤ ਖਤਮ! ਨਾ ਲਾਅਸ਼ ਬੋਲਦੀ ਸੀ ਅਤੇ ਨਾ ਹੀ ਚੂੰਡੇ ਪਿੰਜਰ ਨੇ ਬੋਲਣਾ ਸੀ। ਮਾਂ-ਬਾਪ ਅਤੇ ਰਿਸ਼ਤੇਦਾਰ ਹਜਾਰਾਂ ਮੀਲ ਦੂਰ ਬੈਠੇ ਸਨ। ਕੀ ਕਿਸੇ ਨੇ ਹੀਲ-ਹੁੱਜਤ ਕਰ ਲੈਣੀਂ ਸੀ? ਉਹ ਤਾਂ ਮੁੰਡਿਆਂ ਦੇ ਫ਼ੋਨ ਜਾਂ ਚਿੱਠੀ ਦੀ ਆਸ ਵਿਚ ਬੈਠੇ ਸਨ!
ਪਰ ਮੁੰਡੇ ਤਾਂ ਅਗਲੀ ਦੁਨੀਆਂ ਵਿਚ ਜਾ ਬਿਰਾਜੇ ਸਨ। ਇਸ ਨਾਸ਼ਵਾਨ ਜਹਾਨ ਨੂੰ ਅਲਵਿਦਾ ਆਖ ਕੇ!
ਬਾਈ ਅਤੇ ਹੋਰ ਮੁੰਡੇ ਗਿੱਲ ਅਤੇ ਢਿੱਲੋਂ ਬਾਰੇ ਫਿ਼ਕਰਮੰਦ ਹੋਏ ਬੈਠੇ ਸਨ। ਡਰੇ ਹੋਏ, ਦਿਲਾਂ ਨੂੰ ਹੱਡੀਆਂ
ਵਿਚ ਘੁੱਟੀ!
ਪਹੁ ਫ਼ਟਣ ਵਾਲੀ ਸੀ।
ਪਰ ਗਿੱਲ ਹੋਰੀਂ ਵਾਪਿਸ ਨਾ ਪਰਤੇ।
ਪਰਤਦੇ ਕਿੱਥੋਂ? ਉਹ ਤਾਂ ਗੈਬੀ ਸੰਸਾਰ ਵਿਚ ਬੈਠੇ ਸਨ!
-"ਜਾਂ ਤਾਂ ਉਹ ਖਤਮ ਕਰ ਦਿੱਤੇ ਜਾਂ ਫਿਰ ਨਿਕਲ ਗਏ।" ਬਾਈ ਨੇ ਬੜੀ ਹੀ ਹੌਲੀ ਅਵਾਜ਼ ਵਿਚ ਕਿਹਾ।
-"ਪੁਲਸ ਨਾ ਫੜ ਕੇ ਲੈ ਗਈ ਹੋਵੇ?" ਬਿੱਲਾ ਸਾਰੇ ਦਿਨ ਅਤੇ ਸਾਰੀ ਰਾਤ ਵਿਚ ਇਕ ਵਾਰ ਹੀ ਬੋਲਿਆ ਸੀ।
-"ਜੇ ਪੁਲਸ ਨੇ ਫੜ ਲਏ ਤਾਂ ਆਪਣਾ ਖਹਿੜਾ ਜਲਦੀ ਛੁੱਟ ਜਾਣੈਂ।" ਬਾਈ ਨੇ ਕਿਹਾ।
-"ਕਿਵੇਂ?"
-"ਉਹਨਾਂ ਨੇ ਆਪਣੇ ਬਾਰੇ ਦੱਸ ਈ ਦੇਣੈਂ।"
-"ਰੂਸੀ ਬੋਲੀ ਤਾਂ ਉਹਨਾਂ ਨੂੰ ਆਉਂਦੀ ਨਹੀਂ?"
-"ਦੋਭਾਸ਼ੀਆ ਮੰਗਵਾ ਲੈਂਦੇ ਐ।"
-"ਮਾੜੀ ਮੋਟੀ ਅੰਗਰੇਜੀ ਵੀ ਉਹਨਾਂ ਨੂੰ ਆਉਂਦੀ ਐ।"
ਉਹ ਅੱਕਾਂ ਵਿਚ ਡਾਂਗਾਂ ਮਾਰਦੇ ਰਹੇ।
ਸੁਪਨੇ ਛੂੰਹਦੇ ਰਹੇ।
ਪਰ ਗਿੱਲ ਅਤੇ ਢਿੱਲੋਂ ਨਾ ਬਹੁੜੇ!


ਬਾਕੀ ਅਗਲੇ ਹਫ਼ਤੇ....