ਤਰਕਸ਼ ਟੰਗਿਆ ਜੰਡ (ਕਾਂਡ 11)

ਅੱਜ ਬੁੱਧਵਾਰ ਦਾ ਦਿਨ ਸੀ।
ਬਿੱਲੇ ਦੇ ਤੁਰਨ ਦਾ ਦਿਨ ਸੀ।
ਮਿੰਦਰ, ਕਿੰਦਰ ਅਤੇ ਬੇਬੇ ਫਿ਼ੱਸੀਆਂ-ਫਿ਼ੱਸੀਆਂ ਜਿਹੀਆਂ ਫਿਰਦੀਆਂ ਸਨ। ਬੇਬੇ ਨੇ ਕਿੰਦਰ ਨੂੰ ਭੇਜ ਕੇ ਬਚਨੋਂ ਭੂਆ ਨੂੰ ਮੰਗਵਾ ਲਿਆ। ਬਚਨੋਂ ਭੂਆ ਉਸ ਦੇ ਦੁੱਖ-ਦਰਦ ਵੇਲੇ ਫ਼ਰਿਸ਼ਤਾ ਬਣ ਕੇ ਬਹੁੜਦੀ ਸੀ। ਬਿੱਲੇ ਬਾਰੇ ਆਂਢ-ਗੁਆਂਢ ਮਾੜਾ ਮੋਟਾ ਹੀ ਪਤਾ ਸੀ। ਟੈਕਸੀ ਪਹੁੰਚ ਚੁੱਕੀ ਸੀ। ਬਾਪੂ ਜੀ ਵੀ ਪੁੱਜੇ ਹੋਏ ਸਨ।
ਬਿੱਲੇ ਨੇ ਜੈਬੇ ਨੂੰ ਬੱਬੂ ਵੱਲ ਤੋਰ ਦਿੱਤਾ।
ਬਚਨੋਂ ਭੁਆ ਪਹੁੰਚੀ ਤਾਂ ਬੇਬੇ ਦਾ ਦਿਲ ਹੜ੍ਹ ਵਾਂਗ ਵਗ ਪਿਆ। ਕਈ ਦਿਨਾਂ ਦੇ ਜ਼ਬਰਦਸਤੀ ਰੋਕੇ ਹੰਝੂ ਬੇਕਾਬੂ ਹੋ ਤੁਰ ਪਏ ਸਨ।
-"ਕਾਹਨੂੰ ਦਿਲ ਭੈੜ੍ਹਾ ਕਰਦੀ ਐਂ?" ਬਚਨੋਂ ਭੂਆ ਨੇ ਜੀਤ ਕੌਰ ਨੂੰ ਥਾਪੜਦਿਆਂ ਕਿਹਾ।
-"ਇੱਕ ਪੁੱਤ ਦੀ ਮਾਂ ਅੰਨ੍ਹੀ ਹੁੰਦੀ ਐ ਬੀਬੀ।" ਉਸ ਨੇ ਹੰਝੂਆਂ ਦੀ ਵਾਛੜ ਚੁੰਨੀ ਵਿਚ ਸਾਂਭੀ ਹੋਈ ਸੀ।
-"ਖੱਟਣ ਕਮਾਉਣ ਈ ਚੱਲਿਐ ਜੀਤ ਕੁਰੇ-ਦਿਲ ਧਰ-ਕਮਲ ਨ੍ਹੀ ਮਾਰੀਦਾ।"
ਬੱਬੂ ਪਹੁੰਚ ਗਿਆ।
ਉਹ ਖਿੱਚੀ ਤਿਆਰੀ ਦੇਖ ਕੇ ਦੰਗ ਹੀ ਰਹਿ ਗਿਆ। ਜੈਬੇ ਨੇ ਅਟੈਚੀ ਅਤੇ ਖੋਆ ਸੂਮੋਂ ਵਿਚ ਰੱਖ ਦਿੱਤਾ।
ਬਿੱਲਾ ਬੱਬੂ ਨੂੰ ਇਕ ਪਾਸੇ ਲੈ ਗਿਆ।
-"ਕਿੱਧਰ ਨੂੰ ਚੜ੍ਹਾਈ ਕਰਤੀ?"
-"ਮੇਰੇ ਕੋਲੇ ਟਾਈਮ ਬਹੁਤ ਘੱਟ ਐ ਬੱਬੂ! ਤੇਰੇ ਕੋਲੇ ਕੀ ਲਕੋ ਐ? ਮੇਰੀ ਤਿਆਰੀ ਐ ਜਰਮਨ ਦੀ-।"
-"ਸੀਤਲ ਦਾ ਕੀ ਬਣੂੰ? ਉਹ ਤਾਂ ਕੰਧਾਂ ਨਾਲ ਟੱਕਰਾਂ ਮਾਰ ਕੇ ਮਰਜੂ! ਉਹ ਤਾਂ ਤੇਰਾ ਇਕ ਦਿਨ ਦਾ ਵਿਛੋੜਾ ਨਹੀਂ ਝੱਲਦੀ-।"
-"ਤੂੰ ਅਜੇ ਉਹਨੂੰ ਕੁਛ ਨਾ ਦੱਸੀਂ!"
ਉਹ ਬੜੀ ਤੇਜ਼ੀ ਨਾਲ ਚੋਰਾਂ ਵਾਂਗ ਗੱਲਾਂ ਕਰ ਰਹੇ ਸਨ।
-"ਮੈਂ ਕਿਸੇ ਟਿਕਾਣੇ ਲੱਗ ਕੇ ਉਹਨੂੰ ਟੈਲੀਫੋਨ ਕਰੂੰ-ਤੂੰ ਉਹਦਾ ਦਿਲ ਧਰਾ ਕੇ ਰੱਖੀਂ।"
-"ਕੱਚੀ ਛੋਹਰ ਤੇ ਆਟਾ ਖਰਾਬ-ਕਰਤੀ ਨਾ ਤੂੰ ਉਹੀ ਗੱਲ?"
-"ਤੂੰ ਹਫਤੇ ਲਈ ਜਿੰਮੇਵਾਰੀ ਸੰਭਾਲ-ਬਾਕੀ ਗੁਰੂ ਭਲੀ ਕਰੂ-ਹਫਤੇ ਖੰਡ 'ਚ ਮੈਂ ਕਿਸੇ ਤਣ ਪੱਤਣ ਲੱਗ ਜਾਊਂ-ਫੇਰ ਮੈਂ ਆਪੇ-।"
-"ਹਫਤਾ ਤਾਂ ਮੈਂ ਸਾਂਭ ਲਊਂ-ਪਰ ਤੂੰ ਨਾ ਕਿਸੇ ਮੇਮ ਦੀ ਬੁੱਕਲ 'ਚ ਜਾ ਬਿਰਾਜੀਂ?"
-"ਮੇਰਾ ਦਿਲ ਈ ਪੁੱਛਿਆ ਜਾਣਦੈ-ਹੁਣ ਹੋਰ ਨਾ ਦੁਖੀ ਕਰ ਬਾਈ!" ਬਿੱਲਾ ਡੁਸਕ ਪਿਆ। ਬੱਬੂ ਨੇ ਹਮਦਰਦ ਹੱਥ ਉਸ ਦੇ ਮੋਢੇ 'ਤੇ ਰੱਖ ਲਿਆ।
-"ਬਾਈਆਂ ਨੂੰ ਨਾ ਭੁੱਲ ਜਾਈਂ ਗੋਰਿਆਂ 'ਚ ਜਾ ਕੇ।" ਬੱਬੂ ਦਾ ਦਿਲ ਵੀ ਭੈੜਾ ਹੋ ਗਿਆ।
-"ਜਲਦੀ ਕਰ ਬਈ ਹਰਮਨ ਸਿਆਂ!"
-"ਮੈਂ ਜਾ ਕੇ ਤੈਨੂੰ ਐਡਰੈੱਸ ਭੇਜੂੰ-ਚਿੱਠੀ ਜਰੂਰ ਪਾਇਆ ਕਰੀਂ-ਤੇ ਬਾਈ ਬਣਕੇ ਬੱਬੂ! ਸੀਤਲ ਦੇ ਹਾਲਾਤ ਹੁਣ ਤੇਰੇ ਹੱਥ ਐ।"
ਉਹ ਮੁੜ ਆਏ।
-"ਜਿੰਨੀ ਜੋਕਰਾ ਮੈਂ ਹੋਇਆ-ਜਰੂਰ ਕਰੂੰਗਾ-ਪਰ ਆਬਦੀ ਜਿੰਮੇਵਾਰੀ ਵੀ ਯਾਦ ਰੱਖੀਂ।" ਬੱਬੂ ਨੇ ਆਖਿਆ।
ਬਿੱਲਾ ਦਿਲ ਨੂੰ ਨੱਕਾ ਮਾਰੀ ਫਿਰਦਾ ਸੀ।
ਬੇਬੇ ਨੇ ਉਸ ਨੂੰ ਦਹੀਂ ਪਿਆਇਆ।
ਖੰਡ ਮੂੰਹ ਨੂੰ ਲਾਈ। ਹਰ ਸ਼ਗਨ ਕੀਤਾ।
ਤੁਰਨ ਲੱਗੇ ਬਿੱਲੇ ਕੋਲ ਜੈਬਾ ਆ ਗਿਆ।
-"ਲੈ ਛੋਟੇ ਭਾਈ! ਮੇਰਾ ਤਾਂ ਆਹੀ ਕਬੂਲ ਕਰੀਂ!" ਉਸ ਨੇ ਦੋ ਰੁਪਏ ਦਾ ਫ਼ਟਿਆ-ਪੁਰਾਣਾ ਜਿਹਾ ਨੋਟ ਬਿੱਲੇ ਅੱਗੇ ਕੀਤਾ।
-"ਨਹੀਂ ਬਾਈ ਜੈਬਿਆ-ਇਹ ਤੂੰ ਰੱਖ!" ਬਿੱਲੇ ਨੇ ਦਿਲ ਨੂੰ ਬੰਨ੍ਹ ਮਾਰਿਆ ਹੋਇਆ ਸੀ।
-"ਤੇਰੇ ਗਰੀਬ ਬਾਈ ਕੋਲੇ ਤਾਂ ਐਨੇ ਕੁ ਈ ਸੀ।" ਜੈਬੇ ਨੇ ਕਿਹਾ ਤਾਂ ਬਿੱਲੇ ਦਾ ਬੰਨ੍ਹਿਆਂ ਦਿਲ ਖੁੱਲ੍ਹ ਗਿਆ। ਉਸ ਨੇ ਜੈਬੇ ਦੇ ਗਲ ਲੱਗ, ਹੰਝੂਆਂ ਦੀ ਝੜੀ ਲਾ ਦਿੱਤੀ।
-"ਜਿੰਨਾਂ ਚਿਰ ਮੈਂ ਜਿਉਨੈਂ ਛੋਟਿਆ-ਪਿੱਛੇ ਦਾ ਜਮਾਂ ਫਿਕਰ ਨਾ ਕਰੀਂ।" ਉਸ ਨੇ ਬਿੱਲੇ ਨੂੰ ਥਾਪੜ ਕੇ ਕਿਹਾ। ਬਿੱਲੇ ਨੇ ਜਜ਼ਬਾਤ ਘੁੱਟ ਕੇ 'ਹਾਂ' ਕਹੀ।
ਬਿੱਲਾ ਸਾਰਿਆਂ ਨੂੰ ਘੁੱਟ ਕੇ ਮਿਲਿਆ।
ਸਾਰਿਆਂ ਦੇ ਪੈਰੀਂ ਹੱਥ ਲਾਏ।
ਤੁਰਦੀ ਗੱਡੀ ਦੇ ਟਾਇਰਾਂ 'ਤੇ ਬੇਬੇ ਨੇ ਪਾਣੀ ਡੋਲ੍ਹਿਆ। ਜਦੋਂ ਜੈਬੇ ਨੇ ਹੱਥ ਖੜ੍ਹਾ ਕੀਤਾ ਤਾਂ ਬਿੱਲੇ ਦਾ ਮਨ ਫਿਰ ਉਛਲ ਪਿਆ। ਜੈਬੇ ਦਾ ਉਸ ਨੂੰ ਵੱਡੇ ਭਰਾਵਾਂ ਵਾਂਗ ਮੋਹ ਆਉਂਦਾ ਸੀ।
ਕਿੰਦਰ, ਮਿੰਦਰ ਅਤੇ ਬੇਬੇ ਹੰਝੂ ਰੋਕ ਕੇ ਦੂਰ ਜਾਂਦੀ ਗੱਡੀ ਨੂੰ ਤੱਕਦੀਆਂ ਰਹੀਆਂ। ਜਦੋਂ ਗੱਡੀ ਅੱਖਾਂ ਤੋਂ ਓਹਲੇ ਹੋ ਗਈ ਤਾਂ ਉਹ ਅੰਦਰ ਜਾ ਕੇ 'ਧੜ੍ਹੰਮ' ਕਰਕੇ ਅਲਾਣੇਂ ਮੰਜੇ 'ਤੇ ਡਿੱਗ ਪਈ। ਮਿੰਦਰ ਅਤੇ ਕਿੰਦਰ ਰਸੋਈ ਦੀ ਕੰਧ ਨਾਲ ਮੱਖੀਆਂ ਵਾਂਗ ਲੱਗ ਕੇ ਬੈਠ ਗਈਆਂ। ਬਚਨੋਂ ਭੂਆ ਉਹਨਾਂ ਨੂੰ ਧਰਵਾਸ ਦੇ ਰਹੀ ਸੀ। ਰੋਣ-ਧੋਣ ਤੋਂ ਵਰਜ ਰਹੀ ਸੀ।


*********


ਰਾਜਪੁਰੇ ਪੁੱਜ ਕੇ ਉਹਨਾਂ ਨੇ ਰੋਟੀ ਖਾਧੀ।
ਚਾਹ ਪੀਤੀ।
ਤਕਰੀਬਨ ਸ਼ਾਮ ਦੇ ਚਾਰ ਕੁ ਵਜੇ ਉਹ ਪਹਾੜ ਗੰਜ ਪਹੁੰਚ ਗਏ। 'ਚੰਚਲ' ਹੋਟਲ ਲੱਭਣ ਲਈ ਉਹਨਾਂ ਨੂੰ ਕੋਈ ਬਹੁਤੀ ਮੁਸ਼ਕਿਲ ਨਹੀਂ ਆਈ। ਇਕ ਕਮਰਾ ਗੁਰਕੀਰਤ ਨੇ ਬੁੱਕ ਕਰਵਾ ਲਿਆ।
ਕਮਰੇ ਵਿਚ ਪਹੁੰਚ ਕੇ ਉਹਨਾਂ ਨੇ ਪਾਣੀ-ਧਾਣੀ ਪੀਤਾ। ਸਮਾਨ ਰੱਖਿਆ। ਡਰਾਈਵਰ ਨੂੰ ਚਾਹ-ਪਾਣੀ ਪਿਆ ਕੇ ਉਹਨਾਂ ਗੱਡੀ ਵਾਪਿਸ ਮੋੜ ਦਿੱਤੀ।
ਨਹਾਉਂਦਿਆਂ ਧੋਂਦਿਆਂ ਉਹਨਾਂ ਨੇ ਪੰਜ ਵਜਾ ਦਿੱਤੇ। ਪੂਰੇ ਸਾਢੇ ਪੰਜ ਵਜੇ ਸ਼ੁਕਲਾ 'ਬਿੱਜ' ਵਾਂਗ ਆ ਵੱਜਿਆ। ਉਸ ਨੇ ਕੋਟ-ਪੈਂਟ ਪਾਇਆ ਹੋਇਆ ਸੀ। ਬਹੁਤੀ ਘੁੱਟ ਕੇ ਬੰਨ੍ਹੀ ਟਾਈ ਕਾਰਨ ਉਸ ਦਾ ਮੂੰਹ ਸੁੱਜਿਆ-ਸੁੱਜਿਆ ਅਤੇ ਭੈੜ੍ਹੀਆਂ ਜਿਹੀਆਂ ਅੱਖਾਂ ਬਾਹਰ 'ਡਿੱਗੂੰ-ਡਿੱਗੂੰ' ਕਰਦੀਆਂ ਸਨ। ਉਸ ਦੇ ਅਧਗੰਜੇ ਸਿਰ ਦੇ ਵਾਲ ਕੰਡੇਰਨਿਆਂ ਵਾਂਗ ਖੜ੍ਹੇ ਅਤੇ ਵਾਧੂ ਜਿਹਾ ਮਾਸ ਜੁੱਤੀ ਤੋਂ ਬਾਹਰ ਲਟਕ ਰਿਹਾ ਸੀ।
ਉਸ ਨੇ ਗੁਰਕੀਰਤ ਅਤੇ ਬਿੱਲੇ ਨਾਲ ਦੋਨੋਂ ਹੱਥ ਮਿਲਾਏ।
ਬਾਪੂ ਜੀ ਦੇ ਗੋਡੀਂ ਹੱਥ ਲਾਏ।
-"ਚਾਹ ਪਾਣੀ ਪੀਤਾ?"
-"ਹਾਂ ਜੀ ਪੀ ਲਿਆ।"
-"ਮੈਂ ਬੌਸ ਨੂੰ ਫ਼ੋਨ ਕਰ ਦਿੱਤਾ ਸੀ-ਉਹ ਸਵੇਰੇ ਦਸ ਵਜੇ ਮਿਲੇਗਾ-ਰਕਮ ਲਿਆਂਦੀ?" ਉਸ ਨੇ ਪੁੱਛਿਆ।
ਬਾਪੂ ਜੀ ਹੱਸ ਪਏ।
-"ਰਕਮ ਬਿਨਾ ਸਾਨੂੰ ਦਿੱਲੀ 'ਚ ਕੀਹਨੇ ਨੇੜੇ ਲੱਗਣ ਦਿੱਤਾ ਬਾਬੂ ਜੀ!"
-"-"ਰਕਮ ਮੈਨੂੰ ਫੜਾ ਦਿਓ-ਬੌਸ ਦੇ ਘਰੇ ਪਹੁੰਚਦੀ ਕਰਨੀ ਐਂ।"
ਅਸਲ ਵਿਚ ਉਸ ਨੇ ਇਸ ਰਕਮ ਵਿਚੋਂ ਚਾਲੀ ਹਜ਼ਾਰ ਰੁਪਏ ਆਪਣੇ ਖਿਸਕਾਉਣੇ ਸਨ ਅਤੇ ਬੌਸ ਵਰਮੇ ਨਾਲ ਮਿਥੀ ਰਕਮ ਉਸ ਨੇ ਅਗਲੇ ਦਿਨ ਦੇਣੀ ਸੀ। ਆਪਣੀ ਰਕਮ ਲਈ ਉਹ ਕਾਹਲਾ ਪਿਆ ਹੋਇਆ ਸੀ।
-"ਬਾਬੂ ਜੀ-ਕਿਤੇ ਥੋਡਾ ਬੌਸ ਰਕਮ ਲੈ ਕੇ ਬੇਗੇ ਲਹਿਰੇ ਨਾ ਵੱਜੇ?"
ਸ਼ੁਕਲਾ ਹੱਸ ਪਿਆ।
-"ਸਾਹਬ ਬਹਾਦਰ ਬਾਬਾ ਜੀ! ਆਪਣਾ ਹਰਮਨਪ੍ਰੀਤ ਪਹਿਲਾ ਬੰਦਾ ਨਹੀਂ-ਜੀਹਨੂੰ ਬਾਹਰ ਭੇਜਣ ਲੱਗੇ ਐਂ-ਸਾਡਾ ਨਿੱਤ ਦਾ ਈ ਇਹੇ ਕੰਮ ਐਂ-ਬੌਸ ਤਾਂ ਹਰਮਨਪ੍ਰੀਤ ਬਾਰੇ ਪੈਰ ਈ ਨਹੀਂ ਲਾਉਂਦਾ ਸੀ-ਮਸਾਂ ਤਰਲੇ ਮਿੰਨਤਾਂ ਕਰਕੇ ਇਹਦਾ ਨੰਬਰ ਲਾਇਐ-ਸਾਡੇ ਬੌਸ ਮਗਰ ਤਾਂ ਲੋਕ ਪੰਜ-ਪੰਜ ਲੱਖ ਰੁਪਈਆ ਚੁੱਕੀ ਫਿਰਦੇ ਐ ਜਰਮਨ ਜਾਣ ਵਾਸਤੇ!" ਅਗਲੇ ਪਿਛਲੇ ਇਕੱਠੇ ਕੀਤੇ ਗਪੌੜ ਸ਼ੁਕਲੇ ਨੇ ਬਾਬੇ ਅੱਗੇ ਖਿਲਾਰ ਦਿੱਤੇ। ਬਾਬੇ ਦੀ ਤਹਿ ਲੱਗ ਗਈ ਅਤੇ ਉਸ ਨੇ ਰਕਮ ਕੱਢ ਲਈ।
ਸ਼ੁਕਲੇ ਨੇ ਕਮਰੇ ਦੀ ਕੁੰਡੀ ਲਾ ਦਿੱਤੀ।
ਗੁਰਕੀਰਤ ਨੇ ਪੈਸੇ ਗਿਣ ਕੇ ਉਸ ਨੂੰ ਫੜਾ ਦਿੱਤੇ। ਸ਼ੁਕਲੇ ਨੇ ਫਿਰ ਗਿਣਤੀ ਕੀਤੀ। ਤਸੱਲੀ ਕਰ ਕੇ ਉਸ ਨੇ ਪੈਸੇ ਬੈਗ ਵਿਚ ਪਾ ਲਏ।
-"ਮੈਂ ਤੁਹਾਨੂੰ ਸਵੇਰੇ ਪੂਰੇ ਦਸ ਵਜੇ ਇੱਥੇ ਈ ਮਿਲੂੰਗਾ-ਤੁਸੀਂ ਸੁਦੇਹਾਂ ਉਠ ਕੇ ਤਿਆਰ ਹੋ ਜਾਇਓ-ਸ਼ਾਇਦ ਕੱਲ੍ਹ ਰਾਤ ਦੀ ਹੀ ਫ਼ਲਾਈਟ ਹੋਵੇ।" ਤੇ ਉਹ ਚਿੱਤੜ ਹਿਲਾਉਂਦਾ ਤੁਰ ਗਿਆ।
-"ਹੋਰ ਤਾਂ ਨਹੀਂ ਕੋਈ ਸਮਾਨ ਲੈਣਾ ਹਰਮਨ ਪੁੱਤ?" ਬਾਪੂ ਨੇ ਬੜੇ ਹੇਰਵੇ, ਬੜੇ ਮੋਹ ਨਾਲ ਪੁੱਛਿਆ।
-"ਨਹੀਂ ਜੀ।"
-"ਸੰਗੀਂ ਨਾ ਪੁੱਤ-ਜੇ ਕੋਈ ਚੀਜ ਲੈਣੀ ਹੋਵੇ-ਬੇਧੜਕ ਹੋ ਕੇ ਦੱਸ ਦੇਈਂ-ਕੋਈ ਰੀਝ ਤੇਰੇ ਦਿਲ 'ਚ ਨਾ ਰਹਿ ਜਾਵੇ ਸ਼ੇਰ ਬੱਗਿਆ!" ਉਸ ਨੇ ਉਠ ਕੇ ਉਸ ਨੂੰ ਬੁੱਕਲ ਵਿਚ ਲੈ ਲਿਆ। ਬੱਚੇ ਵਾਂਗ।
-"ਨਹੀਂ ਜੀ ਸਾਰਾ ਸਮਾਨ ਲੈ ਲਿਆ-ਕਾਸੇ ਦੀ ਲੋੜ ਨਹੀਂ।"
ਉਹ ਢਾਬੇ ਤੋਂ ਰੋਟੀ ਖਾ ਆਏ।
ਗੱਲਾਂ ਕਰਦਿਆਂ ਗੂੜ੍ਹੀ ਰਾਤ ਕਰ ਦਿੱਤੀ।
ਸਵੇਰੇ ਉਠ ਕੇ ਨਹਾ ਧੋ ਲਏ।
ਪੂਰੇ ਦਸ ਵਜੇ ਸ਼ੁਕਲਾ ਆ ਗਿਆ।
ਉਹ ਉਸ ਦੇ ਕਹਿਣ 'ਤੇ ਨਾਲ ਤੁਰ ਪਏ।
ਪੈਟਰੋਲ-ਪੰਪ 'ਤੇ ਖੜ੍ਹਕੇ ਉਹਨਾਂ ਵਰਮੇ ਦਾ ਇੰਤਜ਼ਾਰ ਸ਼ੁਰੂ ਕਰ ਦਿੱਤਾ। ਸ਼ੁਕਲਾ ਕੁਝ ਪ੍ਰੇਸ਼ਾਨ ਨਜ਼ਰ ਆ ਰਿਹਾ ਸੀ। ਉਹ ਸੂਣ ਵਾਲੀ ਮੱਝ ਵਾਂਗ 'ਵੱਟ' ਜਿਹਾ ਕਰ ਰਿਹਾ ਸੀ।
ਇਕ ਘੰਟੇ ਦੀ ਉਡੀਕ ਬਾਅਦ ਵਰਮਾ ਉਥੇ ਪੁੱਜਿਆ। ਉਸ ਦੇ ਕਾਲੀਆਂ ਐਨਕਾਂ ਲਾਈਆਂ ਹੋਈਆਂ ਸਨ ਅਤੇ ਹੇਠ ਇੰਪੋਰਟਿਡ ਕਾਰ ਸੀ। ਉਹ ਮੋਬਾਇਲ ਫ਼ੋਨ 'ਤੇ ਕਿਸੇ ਨਾਲ ਗੱਲ ਕਰ ਰਿਹਾ ਸੀ।
-"ਤੁਸੀਂ ਖੜ੍ਹੋ ਇੱਥੇ-ਮੈਂ ਆਇਆ।"
ਸ਼ੁਕਲਾ ਉਧਰ ਨੂੰ ਲਪਕਿਆ।
ਵਰਮਾ ਕਾਰ ਵਿਚ ਬੇਪ੍ਰਵਾਹ ਬੈਠਾ ਸੀ।
ਸ਼ੁਕਲਾ ਵੀ ਕਾਰ ਵਿਚ ਜਾ ਬੈਠਾ।
ਵਰਮਾ ਫ਼ੋਨ 'ਤੇ ਗੱਲਾਂ ਕਰਦਾ ਰਿਹਾ। ਜਿਵੇਂ ਉਸ ਨੂੰ ਸ਼ੁਕਲੇ ਦੀ ਕੋਈ ਪ੍ਰਵਾਹ ਹੀ ਨਹੀਂ ਸੀ। ਸ਼ੁਕਲਾ ਬਿਨਾ ਬੋਲਿਆਂ ਹੀ ਵਰਮੇਂ ਦੀਆਂ ਲੱਤਾਂ ਘੁੱਟੀ ਜਾ ਰਿਹਾ ਸੀ।
ਫ਼ੋਨ ਬੰਦ ਹੋ ਗਿਆ।
-"ਪਾਂਏਂ ਲਾਗੂੰ ਵਰਮਾ ਜੀ!"
-"ਲੌਂਡੇ ਕਾ ਨਾਮ ਕਿਆ ਹੈ?" ਉਸ ਨੇ ਸ਼ੁਕਲੇ ਦਾ 'ਪੈਰੀਂ ਪੈਣਾ' ਵੀ ਕਬੂਲ ਨਾ ਕੀਤਾ।
-"ਹਰਮਨਪ੍ਰੀਤ ਸਿੰਘ ਹੈ ਜੀ।"
-"ਉਸ ਕੀ ਫ਼ੋਟੋ ਕਿਸੀ ਔਰ ਕੇ ਪਾਸਪੋਰਟ ਮੇਂ ਚਿਪਕਾ ਦੀ ਹੈ-ਉਸ ਕੋ ਬੋਲ ਦੇਨਾ-ਅਬ ਉਸ ਕਾ ਨਾਮ ਹਰਮਨਪ੍ਰੀਤ ਨਹੀਂ-ਹਰੀ ਰਾਮ ਹੈ-!"
-"ਲੇਕਿਨ-।"
-"ਬਾਤ ਸੁਨੋਂ---!" ਵਰਮਾ ਉਸ ਨੂੰ ਖਿਝ ਕੇ ਪਿਆ। ਸ਼ੁਕਲਾ ਉਸ ਦੀ ਗੱਲ ਕੱਟ ਗਿਆ ਸੀ।
-"ਉਸ ਕਾ ਨਾਮ ਹਰੀ ਰਾਮ ਹੈ-ਪਾਸਪੋਰਟ ਮੇਂ ਪੂਰਾ ਐਡਰੈੱਸ ਲਿਖਾ ਹੂਆ ਹੈ-ਉਸ ਕੇ ਬਾਰੇ ਮੇਂ ਉਸ ਕੋ ਪੂਰਾ ਸਮਝਾ ਦੇਨਾ-ਪਾਈਸਾ ਲਾਏ ਹੋ?"
-"ਲਾਇਆ ਹੂੰ ਜੀ।" ਸ਼ੁਕਲੇ ਨੇ ਬੈਗ ਖੋਹਲਣਾ ਸ਼ੁਰੂ ਕੀਤਾ ਤਾਂ ਵਰਮੇਂ ਨੇ ਤਾਕੀਆਂ ਦੇ ਕਾਲੇ ਸ਼ੀਸ਼ੇ ਉਪਰ ਚੁੱਕ ਦਿੱਤੇ। ਪੈਸੇ ਲੈ ਲਏ, ਪਾਸਪੋਰਟ ਅਤੇ ਇਕ ਸਸਤੀ ਜਿਹੀ ਏਅਰਲਾਈਨ ਦੀ ਟਿਕਟ ਉਸ ਨੂੰ ਫੜਾ ਦਿੱਤੀ। ਸ਼ੁਕਲੇ ਨੇ ਬੈਗ ਵਿਚ ਪਾ ਲਈ।
ਅਸਲ ਵਿਚ ਜਿਹੜੇ ਲੜਕੇ ਇੱਥੋਂ ਮਾਸਕੋ ਜਾਂਦੇ ਸਨ। ਉਥੇ ਉਤਰਦਿਆਂ ਹੀ ਦੂਸਰੇ ਏਜੰਟ ਉਨ੍ਹਾਂ ਤੋਂ ਏਅਰਪੋਰਟ 'ਤੇ ਹੀ ਪਾਸਪੋਰਟ ਫੜ ਲੈਂਦੇ ਸਨ। ਫਿਰ ਉਹੀ ਪਾਸਪੋਰਟ, ਫਿਰ ਦਿੱਲੀ ਵਰਮੇਂ ਵਰਗੇ ਏਜੰਟਾਂ ਕੋਲ ਵਾਪਿਸ ਪਹੁੰਚਦੇ ਕਰ ਦਿੱਤੇ ਜਾਂਦੇ ਸਨ ਅਤੇ ਵਰਮੇਂ ਵਰਗੇ ਉਹਨਾਂ ਪਾਸਪੋਰਟਾਂ ਉਪਰ ਹੀ ਹੋਰ ਫ਼ੋਟੋ ਚਿਪਕਾ ਕੇ, ਅਗਲੇ "ਮੁਰਗੇ" ਬਾਹਰ ਤੋਰ ਦਿੰਦੇ ਸਨ। ਇਕ ਪਾਸਪੋਰਟ ਉਪਰ ਇਕ ਵਾਰ ਰੂਸਲੈਂਡ ਦਾ ਤਿੰਨ ਮਹੀਨੇ ਦਾ ਵੀਜ਼ਾ ਲਗਵਾਇਆ ਜਾਂਦਾ ਸੀ ਅਤੇ ਪੰਦਰਾਂ-ਪੰਦਰਾਂ ਮੁੰਡੇ ਉਸੇ ਪਾਸਪੋਰਟ ਉਪਰ ਹੀ ਬਾਹਰ ਭੇਜੇ ਜਾਂਦੇ ਸਨ। ਅੰਨ੍ਹੀ ਕਮਾਈ ਸੀ। ਲੁੱਟ-ਕਸੁੱਟ ਸੀ। ਏਜੰਟਾਂ ਦੀਆਂ ਤਾਂ ਪੰਜੇ ਉਂਗਲਾਂ ਘਿਉ 'ਚ ਸਨ ਅਤੇ ਸਿਰ ਕੜਾਹੀ ਵਿਚ ਸੀ। ਸ਼ੁਕਲੇ ਵਰਗੇ ਉਹਨਾਂ ਨੂੰ ਗਾਜਰਾਂ ਵਿਚ 'ਰੰਬਾ' ਮਿਲੇ ਹੋਏ ਸਨ।
-"ਫ਼ਲਾਈਟ ਕਬ ਹੈ ਵਰਮਾ ਜੀ?" ਉਹ ਬੈਗ ਬੰਦ ਕਰਦਾ ਹੋਇਆ ਬੋਲਿਆ।
-"ਕੱਲ੍ਹ ਰਾਤ ਕੋ ਤੇਕ ਵੱਜ ਕਰ ਚਾਲੀਸ ਮਿਨਟ ਪਰ ਹੈ-ਆਪ ਗਿਆਰਾਂ ਵਜੇ ਹੀ ਏਅਰਪੋਰਟ ਪਰ ਪਹੁੰਚ ਜਾਨਾ-ਔਰ ਹਾਂ! ਲੌਂਡੇ ਕੋ ਬੋਲੀਏ-ਦੋ ਕੁ ਸੌ ਅਮੈਰਕਨ ਡਾਲਰ ਸਾਥ ਲੇ ਲਏ-ਮਾਸਕੋ ਵਾਲੇ ਭੀ ਖਾਨਾ ਪੀਨਾ ਮਾਂਗਤੇ ਥੇ-ਬੜੇ ਕੰਬਖਤ ਹੈਂ ਸਾਲੇ!"
-"-----।" ਸ਼ੁਕਲਾ ਚੁੱਪ ਹੋ ਗਿਆ।
-"ਟਿਕਟ ਕੱਲ੍ਹ ਕੀ ਕਨਫ਼ਰਮ ਹੈ-ਫ਼ਲਾਈਟ ਨਾ ਮਿੱਸ ਕਰ ਲੇਨਾ-ਉਸ ਕੋ ਨਾਮ ਕੇ ਬਾਰੇ ਮੇਂ ਜ਼ਰੂਰ ਬਤਲਾ ਦੇਨਾ-ਯੇਹ ਪੰਜਾਬੀ ਸਾਲੇ ਬੜੇ ਉਜੱਡ ਹੋਤੇ ਹੈਂ-ਦਸ ਵਾਰ ਬੋਲੋ-ਤਬ ਏਕ ਵਾਰ ਸਮਝ ਪਾਤੇ ਹੈਂ।"
-"ਨਾਮ ਕੇ ਬਾਰੇ ਮੇਂ ਤੋ ਮੈਂ ਕੱਲ੍ਹ ਏਅਰਪੋਰਟ ਪਰ ਹੀ ਬਤਾਊਂਗਾ-ਪਹਿਲੇ ਕੋਈ ਲਪੜਾ ਨਾ ਖੜ੍ਹਾ ਕਰ ਦੇਂ-ਵੋ ਦੂਸਰਾ ਲੌਂਡਾ ਕਾਫ਼ੀ ਪੜ੍ਹਾ ਲਿਖਾ ਹੈ-ਬੜਾ ਚਤਰ ਹੈ ਹਰਾਮਜ਼ਾਦਾ।"
-"ਯੇਹ ਆਪ ਕੀ ਪ੍ਰਾਬਲਮ ਹੈ।" ਵਰਮੇਂ ਨੇ ਉਸ ਨੂੰ ਉਤਰਨ ਦਾ ਇਸ਼ਾਰਾ ਕੀਤਾ।
ਸ਼ੁਕਲਾ ਉਤਰ ਗਿਆ।
ਵਰਮਾ ਤੁਰ ਗਿਆ।
-"ਦੇਖਿਆ ਕਿੰਨਾਂ ਹਰਾਮਜ਼ਾਦੈ?" ਸ਼ੁਕਲਾ ਉਹਨਾਂ ਕੋਲ ਆ ਗਿਆ।
ਪਰ ਉਹ ਸਾਰੇ ਚੁੱਪ ਸਨ।
-"ਕੱਲ੍ਹ ਨੂੰ ਇਕ ਵੱਜ ਕੇ ਚਾਲੀ ਮਿੰਟ 'ਤੇ ਫ਼ਲਾਈਟ ਐ।" ਸ਼ੁਕਲੇ ਨੇ ਦੱਸਿਆ।
-"ਦਿਨੇ ਕਿ ਰਾਤ ਨੂੰ ਜੀ?"
-"ਰਾਤ ਨੂੰ-ਜਿੰਨੀਆਂ ਫ਼ਲਾਈਟਾਂ ਵੈੱਸਟ ਸਾਈਡ ਨੂੰ ਜਾਂਦੀਐਂ-ਸਾਰੀਆਂ ਰਾਤ ਨੂੰ ਈ ਚੱਲਦੀਐਂ।" ਸ਼ੁਕਲੇ ਨੇ 'ਵੈਸਟ' ਦਾ ਕੋਈ ਨਾਂ ਨਹੀਂ ਲਿਆ ਸੀ।
-"ਆਪਾਂ ਪੂਰੇ ਗਿਆਰਾਂ ਵਜੇ ਏਅਰਪੋਰਟ ਪਹੁੰਚਣੈਂ-ਤਿਆਰੀ ਕਰ ਲਓ!"
-"ਪਾਸਪੋਰਟ ਤੇ ਟਿਕਟ ਜੀ?"
-"ਸਾਰਾ ਕੁਛ ਦੇ ਕੇ ਈ ਤੋਰਾਂਗੇ ਸਾਹਬ ਬਹਾਦਰ-ਫਿ਼ਕਰ ਨਾ ਕਰੋ-ਸਾਰਾ ਕੁਛ ਏਅਰਪੋਰਟ 'ਤੇ ਈ ਮਿਲ ਜਾਵੇਗਾ-ਇਕ ਗੱਲ ਹੋਰ ਐ।"
-"-----।" ਉਹਨਾਂ ਨੇ ਨਵੀਂ ਗੱਲ ਲਈ ਕੰਨ ਖੋਲ ਲਏ।
-"ਹਰਮਨਪ੍ਰੀਤ ਨੂੰ ਦੋ ਕੁ ਸੌ ਡਾਲਰ ਨਾਲ ਦੇ ਦੇਇਓ-ਕਈ ਵਾਰੀ ਏਅਰਪੋਰਟ ਵਾਲੇ ਪੁੱਛ ਲੈਂਦੇ ਐ-ਇਹ ਸਿਰਫ਼ ਸ਼ੋਅ-ਮਨੀ ਹੀ ਹੋਵੇਗੀ-ਇਹ ਚਾਹੇ ਉਥੋਂ ਜਾ ਕੇ ਵਾਪਿਸ ਭੇਜ ਦੇਵੇ-ਦਿਲ ਕਰੇਵਰਤ ਲਵੇ-ਇਹ ਇਹਦੀ ਮਰਜੀ ਐ।"
-"-----।" ਉਹ ਦਿਲ ਥਾਮ ਕੇ ਸੁਣ ਰਹੇ ਸਨ।
-"ਕੱਲ੍ਹ ਨੂੰ ਗਿਆਰਾਂ ਵਜੇ ਏਅਰਪੋਰਟ 'ਤੇ ਹੀ ਮਿਲਾਂਗੇ-ਆਲ ਦਾ ਬੈਸਟ!" ਤੇ ਸ਼ੁਕਲਾ ਹਮੇਸ਼ਾ ਵਾਂਗ ਚਿੱਤੜ ਹਿਲਾਉਂਦਾ ਤੁਰ ਗਿਆ। ਉਸ ਨੇ ਵਾਰ-ਵਾਰ ਦੋਨੋਂ ਹੱਥ ਮਿਲਾਏ ਸਨ।
ਗੁਰਕੀਰਤ ਨਿਰਾਸ਼ਾ ਵਿਚ ਸਿਰ ਫੇਰ ਕੇ ਮੁਸਕਰਾ ਪਿਆ। ਉਹ ਠੱਗੇ-ਠੱਗੇ ਜਿਹੇ ਖੜ੍ਹੇ ਸਨ।
ਉਹ ਹੋਟਲ ਜਾਣ ਦੀ ਵਜਾਏ ਬੈਂਕ ਚਲੇ ਗਏ। ਬਾਹਰ ਬੈਠੇ ਦਲਾਲ ਉਹਨਾਂ ਦੁਆਲੇ ਮੱਖੀਆਂ ਵਾਂਗ ਇਕੱਠੇ ਹੋ ਗਏ।
-"ਯਾਰ ਹੇਠੋਂ ਉਤੋਂ ਅਸੀਂ ਦੋ ਸੌ ਡਾਲਰ ਲੈਣੈਂ।" ਗੁਰਕੀਰਤ ਤਰ੍ਹਾਂ-ਤਰ੍ਹਾਂ ਦੀ ਦਲਾਲਗੀ ਤੋਂ ਅੱਕ ਗਿਆ ਸੀ। ਥਾਂ-ਥਾਂ ਝੱਗੇ ਲਾਹੁੰਣ ਵਾਲੇ ਖੜ੍ਹੇ ਸਨ।
ਉਹ ਦੋ ਸੌ ਡਾਲਰ ਲੈ ਕੇ ਹੋਟਲ ਆ ਗਏ।
-"ਦਿੱਲੀ ਕਾਹਦੀ ਐ ਸਹੁਰੀ-ਇੱਥੇ ਤਾਂ ਗਿਰਝਾਂ ਮਾਂਗੂੰ ਖੋਹਣ ਪੈਂਦੇ ਐ।" ਬਾਪੂ ਜੀ ਬੋਲੇ।
-"ਮੈਂ ਤਾਂ ਇਸ ਸ਼ਹਿਰ 'ਚ ਇਕ ਦਿਨ ਵੀ ਨਾ ਕੱਟਾਂ-ਲੋਕ ਸਹੁਰੇ ਪਤਾ ਨ੍ਹੀ ਕਿਵੇਂ ਕੱਟੀ ਜਾਂਦੇ ਐ?"
-"ਬਾਪੂ ਜੀ--!" ਗੁਰਕੀਰਤ ਨੇ ਗੱਲ ਤੋਰੀ।
-"ਬਾਬੇ ਨਾਨਕ ਨੇ ਭਾਈ ਮਰਦਾਨੇ ਨੂੰ ਆਖਿਆ ਸੀ: ਮਰਦਾਨਿਆਂ! ਕੋਈ ਐਹੋ ਜਿਹਾ ਸਮਾਂ ਆਊਗਾ-ਦੁਨੀਆਂ 'ਤੇ ਸਾਰੇ ਚੋਰ-ਠੱਗ ਬਣ ਜਾਣਗੇ! ਭਾਈ ਮਰਦਾਨੇ ਨੇ ਪੁੱਛਿਆ: ਗੁਰੂ ਜੀ! ਜਦੋਂ ਸਾਰੇ ਈ ਚੋਰ-ਠੱਗ ਹੋਏ-ਫੇਰ ਲੁੱਟਿਆ ਕੌਣ ਜਾਊ? ਤੇ ਗੁਰੂ ਜੀ ਬੋਲੇ: ਮਰਦਾਨਿਆਂ! ਲੁੱਟਿਆ ਉਹ ਜਾਊ-ਜਿਹੜਾ ਕਿਸੇ 'ਤੇ ਧਿਜੂ!"
-"ਤੇ ਆਹ ਦੇਖ ਲਓ! ਸਾਰੇ ਈ ਚੋਰ-ਠੱਗ ਫਿਰਦੇ ਐ! ਲੁੱਟੇ ਜਾਂਦੇ ਐ ਆਪਣੇ ਵਰਗੇ ਧਿਜਾਊ।"
ਅਗਲੀ ਰਾਤ ਉਹ ਅਟੈਚੀ ਲੈ ਕੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ 'ਤੇ ਪੁੱਜ ਗਏ।
ਇਕ ਮੇਲਾ ਲੱਗਿਆ ਹੋਇਆ ਸੀ। ਕੋਈ ਆ ਰਿਹਾ ਸੀ। ਕੋਈ ਜਾ ਰਿਹਾ ਸੀ। ਕੋਈ ਰੋ ਰਿਹਾ ਸੀ। ਕੋਈ ਆਇਆਂ ਨੂੰ ਗਲਵਕੜੀਆਂ ਪਾ ਰਿਹਾ ਸੀ।
ਅਜੀਬ ਰੌਲਾ ਰੱਪਾ ਸੀ। ਗਧੀਗੇੜ ਸੀ।
ਗਿਆਰਾਂ ਵੱਜ ਗਏ।
ਸ਼ੁਕਲਾ ਆ ਗਿਆ। ਉਸ ਦੇ ਪੈਰ ਉੱਖੜ ਰਹੇ ਸਨ। ਨਾਲ ਉਸ ਦੇ ਕੋਈ ਹੋਰ ਸੀ। ਸ਼ਾਇਦ ਵਰਮੇਂ ਦਾ ਬੰਦਾ ਸੀ। ਉਹਨਾਂ ਰੱਜ ਕੇ ਦਾਰੂ ਪੀਤੀ ਹੋਈ ਲੱਗਦੀ ਸੀ। ਉਹ ਇਕ ਦੂਜੇ ਨਾਲ ਕੋਈ ਗੱਲ ਕਰਕੇ ਦੰਦੀਆਂ ਜਿਹੀਆਂ ਕੱਢਦੇ ਸਨ।
ਸ਼ੁਕਲਾ ਉਹਨਾਂ ਕੋਲ ਆਇਆ।
ਅੱਜ ਉਸ ਦਾ ਵਤੀਰਾ ਕੁਝ ਬਦਲਿਆ ਹੋਇਆ ਸੀ। ਤੱਕਣੀਂ ਰੁੱਖੀ ਸੀ। ਉਹ ਉਹਨਾਂ ਵੱਲ ਸਿੱਧਾ ਨਹੀਂ ਝਾਕ ਰਿਹਾ ਸੀ। ਉਸ ਦੀ ਤਿਰਛੀ ਨਜ਼ਰ ਉਹਨਾਂ ਦੇ ਸਿਰਾਂ ਤੋਂ ਲੰਘ ਜਾਂਦੀ ਸੀ। ਉਹ ਅੱਖ ਮਿਲਾਉਂਦਾ ਝਿਜਕਦਾ ਸੀ। ਅੱਖਾਂ 'ਚ ਅੱਖਾਂ ਪਾਉਣੋਂ ਕਤਰਾ ਰਿਹਾ ਸੀ।
-"ਤੁਸੀਂ ਮਿਲ ਗਿਲ ਲਓ-ਇਹ ਬਾਬੂ ਜੀ ਇਹਨੂੰ ਅੰਦਰ ਵਾੜ ਕੇ ਆਉਣਗੇ।" ਤੇ ਉਹ ਦੂਰ ਤੁਰ ਗਿਆ।
-"ਆ ਫੇਰ ਸ਼ੇਰਾ! ਗਲ ਲੱਗ ਮੇਰੇ-ਤੈਨੂੰ ਪਿਆਰ ਦੇਵਾਂ।" ਬਾਪੂ ਜੀ ਨੇ ਉਸ ਨੂੰ ਘੁੱਟ ਲਿਆ। ਦੋ ਕੋਸੇ ਹੰਝੂ ਬਜੁਰਗ ਦੀ ਦਾਹੜੀ ਵਿਚ ਹੀ ਜ਼ੀਰ ਗਏ। ਬਿੱਲੇ ਦਾ ਮਨ ਵੀ ਭਾਰਾ ਹੋ ਗਿਆ।
-"ਜਾ ਕੇ ਚਿੱਠੀ ਜਰੂਰ ਪਾਈਂ ਸ਼ੇਰਾ-ਕਿਤੇ ਭੁੱਲ ਨਾ ਬੈਠੀਂ!"
-"-----।" ਬਿੱਲਾ ਬੋਲ ਨਾ ਸਕਿਆ।
-"ਡਾਲਰ ਸੰਭਾਲ ਕੇ ਪਾ ਲਏ?"
ਬਿੱਲੇ ਨੇ ਸਿਰ ਹਿਲਾਇਆ।
ਬਾਪੂ ਜੀ ਨੇ ਸਿਰ ਪਲੋਸ ਦਿੱਤਾ।
ਬਿੱਲਾ ਅਤੇ ਗੁਰਕੀਰਤ ਜੱਫ਼ੀ ਪਾ ਕੇ ਮਿਲੇ। ਬਿੱਲਾ ਗੁਰਕੀਰਤ ਨੂੰ ਮਾਮਾ ਘੱਟ, ਪਰ ਦੋਸਤ ਵੱਧ ਸਮਝਦਾ ਸੀ। ਹਰ ਗੱਲ ਖੁੱਲ੍ਹੀ ਹੋਈ ਸੀ।
ਸ਼ੁਕਲਾ ਅਤੇ ਬਾਬੂ ਆ ਗਏ।
-"ਚੱਲ ਬਈ!" ਸ਼ੁਕਲਾ ਬੋਲਿਆ।
ਬਿੱਲਾ ਉਹਨਾਂ ਦੇ ਨਾਲ ਤੁਰ ਪਿਆ।
ਗੁਰਕੀਰਤ ਹੋਰੀਂ ਉਥੇ ਹੀ ਖੜ੍ਹੇ ਰਹੇ।
ਅੱਗੇ ਜਾ ਕੇ ਬਾਬੂ ਨੇ ਬਿੱਲੇ ਦਾ ਅਟੈਚੀ ਟਰਾਲੀ 'ਤੇ ਧਰਵਾ ਲਿਆ।
-"ਗੱਲ ਸੁਣ! ਤੇਰਾ ਨਾਂ ਅੱਜ ਤੋਂ ਹਰੀ ਰਾਮ ਐਂ-ਹਰਮਨਪ੍ਰੀਤ ਨਹੀਂ!" ਸ਼ੁਕਲੇ ਨੇ ਸੁਣਾਈ ਕੀਤੀ।
-"-----।" ਬਿੱਲਾ ਸੁਆਲੀਆ ਨਜ਼ਰਾਂ ਨਾਲ ਝਾਕਿਆ।
-"ਤੇਰਾ ਪਾਸਪੋਰਟ ਹਰੀ ਰਾਮ ਦੇ ਨਾਂ ਦਾ ਬਣਿਆਂ ਹੋਇਐ-ਜੇ ਏਅਰਪੋਰਟ ਵਾਲੇ ਪੁੱਛਣ-ਆਪਣਾ ਨਾਂ ਹਰੀ ਰਾਮ ਦੱਸਣੈਂ-ਸੁਣ ਗਿਆ?" ਉਸ ਨੇ ਦਬਕਾ ਮਾਰਿਆ।
-"ਹਾਂ---।" ਬਿੱਲਾ ਘੁੱਟਾਂਬਾਟੀ ਸ਼ੁਕਲੇ ਵੱਲ ਝਾਕ ਰਿਹਾ ਸੀ।
-"ਬਣਿਆਂ ਬਣਾਇਆ ਕੰਮ ਨਾ ਖਰਾਬ ਕਰਦੀਂ! ਹਰੀ ਰਾਮ ਯਾਦ ਰੱਖੀਂ! ਤਿਲਕ ਨਗਰ ਦਿੱਲੀ ਦਾ ਐਡਰੈੱਸ ਐ-ਆਹ ਫੜ ਪਾਸਪੋਰਟ ਤੇ ਟਿਕਟ-ਜੇ ਇੰਮੀਗਰੇਸ਼ਨ ਵਾਲੇ ਪੁੱਛਣ-ਕਹਿ ਦੇਈਂ ਬਈ ਟੂਰਿਸਟ ਚੱਲਿਐਂ-ਤੁਰਨ ਫਿਰਨ ਵਾਸਤੇ-ਠੀਕ ਐ?"
-"ਹਾਂ-ਠੀਕ ਐ।" ਉਸ ਨੇ ਮਰਿਆ ਜਿਹਾ ਉਤਰ ਦਿੱਤਾ। ਉਸ ਦੇ ਦਿਮਾਗ ਵਿਚ ਬਿੰਡੇ ਟਿਆਂਕ ਰਹੇ ਸਨ।
-"ਹਰੀ ਰਾਮ-ਤਿਲਕ ਨਗਰ ਦਿੱਲੀ-ਟੂਰਿਸਟ-ਓ ਕੇ?"
-"ਹਾਂ ਜੀ।"
-"ਜਾਹ!" ਸ਼ੁਕਲੇ ਨੇ ਬਿੱਲੇ ਨੂੰ ਭੇਡ ਵਾਂਗ ਧੱਕ ਕੇ ਅੰਦਰ ਕਰ ਦਿੱਤਾ। ਉਸ ਨੂੰ ਦਿੱਲੀ-ਪੁਲੀਸ ਤੋਂ ਭੈਅ ਆ ਰਿਹਾ ਸੀ।
-"ਟਿਕਟ ਔਰ ਪਾਸਪੋਰਟ?" ਦਰਵਾਜੇ 'ਤੇ ਖੜ੍ਹੇ ਪੁਲਸ ਵਾਲੇ ਨੇ ਕਿਹਾ।
ਬਿੱਲੇ ਨੇ ਪਾਸਪੋਰਟ ਅਤੇ ਟਿਕਟ ਫੜਾ ਦਿੱਤੀ। ਅੱਗੇ ਜਾਣ ਦਾ ਰਸਤਾ ਸਾਫ਼ ਹੋ ਗਿਆ।
-"ਕਹਾਂ ਜਾਊਂ ਜੀ?"
-"ਪਹਿਲੇ ਅਟੈਚੀ ਕੀ ਸਕਿਊਰਿਟੀ ਕਰਵਾ ਲੋ-ਫਿਰ ਉਸ ਡੈੱਸਕ ਪਰ ਚਲੇ ਜਾਨਾ-ਬੋਰਡਿੰਗ ਕਾਰਡ ਮਿਲ ਜਾਏਗਾ-ਔਰ ਫਿਰ ਆਗੇ---।" ਪੁਲੀਸ ਅਫ਼ਸਰ ਬਹੁਤ ਹੀ ਚੰਗਾ ਬੰਦਾ ਸੀ। ਉਸ ਨੇ ਰਸਤੇ ਸਮਝਾ ਦਿੱਤੇ।
ਬਿੱਲਾ ਸਕਿਊਰਿਟੀ ਕਰਵਾ ਕੇ ਏਅਰਲਾਈਨ ਦੇ ਕਾਊਂਟਰ 'ਤੇ ਚਲਾ ਗਿਆ। ਸਮਾਨ ਜਮਾਂਹ ਹੋ ਗਿਆ। ਬੋਰਡਿੰਗ ਕਾਰਡ ਮਿਲ ਗਿਆ। ਉਹ ਪੁੱਛ-ਪੁਛਾ ਕੇ ਇੰਮੀਗਰੇਸ਼ਨ-ਡੈੱਸਕ 'ਤੇ ਪੁੱਜ ਗਿਆ। ਇਕ ਥੱਕਿਆ ਜਿਹਾ ਅਫ਼ਸਰ ਬੈਠਾ ਸੀ।
ਬਿੱਲੇ ਨੇ ਪਾਸਪੋਰਟ ਅਤੇ ਟਿਕਟ ਅੱਗੇ ਕਰ ਦਿੱਤੀ।
-"ਕਹਾਂ ਜਾ ਰਹਾ ਹੈਂ?" ਉਸ ਨੇ ਟਿਕਟ ਵਾਪਿਸ ਕਰਦਿਆਂ ਪੁੱਛਿਆ।
-"ਮਾਸਕੋ।" ਬਿੱਲੇ ਨੂੰ ਯਾਦ ਆਇਆ ਕਿ ਸ਼ੁਕਲੇ ਨੇ ਕਿਹਾ ਸੀ, ਇਹਨੂੰ ਮਾਸਕੋ ਰਾਹੀਂ ਜਰਮਨ ਭੇਜਾਂਗੇ।
-"ਕਿਆ ਕਰਨੇਂ?"
-"ਜੀ ਟੂਰਿਸਟ।"
-"ਕਹਾਂ ਰਹਿਤਾ ਹੈ?" ਉਹ ਕੰਪਿਊਟਰ ਦੀਆਂ ਸੁੱਚਾਂ ਨੱਪਦਾ ਪੁੱਛ ਰਿਹਾ ਸੀ।
-"ਜੀ ਤਿਲਕ ਨਗਰ ਦਿੱਲੀ।"
-"ਟੂਰਿਸਟ ਜਾ ਰਹਾ ਹੈਂ?" ਉਸ ਦੀਆਂ ਭਿਆਨਕ ਨਜ਼ਰਾਂ ਨੇ ਬਿੱਲੇ ਦੇ ਦਿਲ ਕਟਾਰ ਮਾਰੀ।
-"ਹਾਂ ਜੀ।" ਬਿੱਲੇ ਨੂੰ ਮੁੜ੍ਹਕਾ ਆ ਗਿਆ।
-"ਦਿੱਲੀ ਕਾ ਲਾਲ ਕਿਲ੍ਹਾ ਦੇਖਾ ਹੈ?"
-"-----।" ਬਿੱਲੇ ਦਾ ਦਿਲ 'ਧੱਕ' ਕਰਕੇ ਰਹਿ ਗਿਆ।
-"ਪਾਗਲ ਮਤ ਬਨਾਓ!" ਉਸ ਨੇ ਪਾਸਪੋਰਟ 'ਤੇ ਮੋਹਰ ਠੋਕਦਿਆਂ ਕਿਹਾ। ਮਾਸਕੋ ਤੱਕ ਟਿਕਟ ਸੀ। ਰੂਸਲੈਂਡ ਦਾ ਵੀਜ਼ਾ ਲੱਗਿਆ ਹੋਇਆ ਸੀ। ਅਫ਼ਸਰ ਕੁਝ ਕਰ ਨਹੀਂ ਸਕਦਾ ਸੀ। ਬੇਵੱਸ ਸੀ। ਦੋ ਨੰਬਰ ਦੇ ਪਾਸਪੋਰਟ ਦਾ ਉਸ ਨੂੰ ਪਤਾ ਨਹੀਂ ਸੀ।
ਬਿੱਲੇ ਨੂੰ ਅੱਗੇ ਜਾਣ ਦੀ ਇਜਾਜ਼ਤ ਮਿਲ ਗਈ। ਹੁਣ ਉਸ ਦੀ ਆਪਣੀ ਅਤੇ ਆਖਰੀ ਸਕਿਊਰਿਟੀ ਬਾਕੀ ਸੀ।
ਜਦੋਂ ਉਹ ਮੈਟਲ-ਡਿਟੈਕਟਰ ਵਿਚੋਂ ਦੀ ਲੰਘਿਆ ਤਾਂ ਮੈਟਲ-ਡਿਟੈਕਟਰ 'ਮਿਆਂਕ' ਪਿਆ। ਇਹ ਕਿਸੇ ਹਥਿਆਰ ਜਾਂ ਗੈਰ ਚੀਜ਼ ਦਾ ਸੰਕੇਤ ਸੀ।
ਸਕਿਊਰਿਟੀ ਅਫ਼ਸਰ ਬਿੱਲੇ ਦੁਆਲੇ ਹੋ ਗਿਆ। ਉਸ ਦੀਆਂ ਚੁਸਤ-ਨਜ਼ਰਾਂ ਤਾੜ ਗਈਆਂ ਸਨ ਕਿ ਬਿੱਲਾ ਪਹਿਲੀ ਵਾਰ ਬਾਹਰ ਜਾ ਰਿਹਾ ਸੀ। ਦਾਲ ਬਰਾਬਰ ਮੁਰਗੀ ਸੀ। ਸਿਰਫ਼ ਮਰੋੜਨ ਦੀ ਹੀ ਕਸਰ ਬਾਕੀ ਸੀ।
-"ਕਿਆ ਹੈ ਤੇਰੇ ਪਾਸ?" ਉਸ ਨੇ ਲਮਕਾ ਕੇ ਪੁੱਛਿਆ।
-"ਮੇਰੇ ਪਾਸ ਕੁਛ ਨਹੀਂ ਜੀ।"
-"ਕੁਛ ਤੋ ਹੋਗਾ-ਹਮਾਰਾ ਮੈਟਲ ਡਿਟੈਕਟਰ ਝੂਟ ਨਹੀਂ ਬੋਲਤਾ।" ਉਸ ਨੇ ਬਿੱਲੇ ਦੀ ਤਲਾਸ਼ੀ ਲੈਣੀਂ ਸ਼ੁਰੂ ਕਰ ਦਿੱਤੀ। ਬਿੱਲਾ ਬਿਲਕੁਲ 'ਕਲੀਨ' ਸੀ। ਉਸ ਪਾਸੋਂ ਕੁਝ ਨਾ ਮਿਲਿਆ।
-"ਕਹਾਂ ਜਾ ਰਹਾ ਹੈ?"
-"ਮਾਸਕੋ।"
-"ਕਿਆ ਕਰਨੇ?"
-"ਟੂਰਿਸਟ।"
-"ਕਿਤਨੇ ਪਾਈਸੇ ਲੇਕਰ ਜਾ ਰਹਾ ਹੈ?"
-"ਪੰਜ ਸੌ ਰੁਪਏ-ਦੋ ਸੌ ਡਾਲਰ।"
-"ਤੂ ਨਹੀਂ ਜਾ ਸਕਤਾ-ਇਧਰ ਖੜ੍ਹੇ ਹੋ ਜਾਈਏ!" ਉਸ ਨੇ ਬਿੱਲੇ ਨੂੰ ਇਕ ਪਾਸੇ ਖੜ੍ਹਾ ਕਰ ਦਿੱਤਾ ਅਤੇ ਹੋਰਨਾਂ ਨੂੰ ਚੈੱਕ ਕਰਨ ਲੱਗ ਪਿਆ।
ਬਿੱਲਾ ਝੂਠਾ ਜਿਹਾ ਹੋਇਆ ਖੜ੍ਹਾ ਸੀ।
ਉਸ ਨੂੰ ਵਾਰ-ਵਾਰ ਕੱਚੀ ਤਰੇਲੀ ਆਉਂਦੀ ਸੀ। ਦਿਲ ਫੜੇ ਕਬੂਤਰ ਵਾਂਗ "ਫੜ੍ਹੱਕ-ਫੜ੍ਹੱਕ" ਵੱਜੀ ਜਾ ਰਿਹਾ ਸੀ।
ਜਦੋਂ ਰਸ਼ ਕੁਝ ਘਟਿਆ ਤਾਂ ਸਕਿਊਰਿਟੀ ਅਫ਼ਸਰ ਬਿੱਲੇ ਕੋਲ ਆ ਗਿਆ।
-"ਅਗਰ ਜਾਨਾ ਹੈ ਤੋ ਸੌ ਡਾਲਰ ਮੁਝੇ ਦੇ ਜਾਹ।"
-"ਡਾਲਰ ਤੋ ਮੁਝੇ ਵਹਾਂ ਚਾਹੀਏ-ਸੌ ਰੁਪਏ ਲੇ ਲੀਜੀਏ।" ਬਿੱਲੇ ਨੇ ਦਿਲ ਕੱਢ ਕੇ ਸੌਦਾ ਕਰਨਾ ਚਾਹਿਆ।
-"ਸੌ ਡਾਲਰ ਵਰਨਾ ਵਾਪਿਸ ਜਾਨਾ ਪੜੇਗਾ-ਸੋਚ ਲੋ!" ਉਸ ਨੇ ਦੋ ਕੱਟ ਫ਼ੈਸਲਾ ਦੱਸਿਆ ਤਾਂ ਬਿੱਲੇ ਨੇ ਸੌ ਡਾਲਰ ਦੇ ਕੇ ਫ਼ਾਹਾ ਵੱਢ ਦਿੱਤਾ।
ਜਦ ਫ਼ਲਾਈਟ ਉਡ ਗਈ ਤਾਂ ਸ਼ੁਕਲਾ ਗੁਰਕੀਰਤ ਹੋਰਾਂ ਕੋਲ ਆਇਆ। ਉਹ ਨਸ਼ੇ ਵਿਚ ਧੁੱਤ ਸੀ। ਉਹ ਡਰ ਕਰਕੇ ਏਅਰਪੋਰਟ 'ਤੇ ਹੀ ਰਿਹਾ ਸੀ ਕਿ ਬਿੱਲਾ ਕਿਤੇ ਮੁੜ ਨਾ ਆਵੇ। ਬਿੱਲਾ ਉਡ ਗਿਆ, ਸ਼ੁਕਲੇ ਦਾ ਫਿ਼ਕਰ ਖਤਮ ਹੋ ਗਿਆ। ਪੈਸੇ ਖਰੇ ਹੋ ਗਏ। ਫ਼ਲਾਈਟ ਉਡਣ ਤੱਕ ਉਸ ਨੂੰ ਖ਼ਤਰਾ ਹੀ ਖਾਂਦਾ ਰਿਹਾ ਸੀ। ਜਹਾਜ ਹਵਾ ਵਿਚ ਸੀ ਅਤੇ ਸ਼ੁਕਲੇ ਦੇ ਪੈਂਹਟ ਹਜ਼ਾਰ ਬੋਝੇ ਪੈ ਗਏ ਸਨ।
-"ਸਾਹਬ ਬਹਾਦਰ ਗੁਰਕੀਰਤ ਜੀ! ਹਰਮਨਪ੍ਰੀਤ ਚਲਾ ਗਿਆ-ਹੁਣ ਬੇਫਿ਼ਕਰ ਹੋ ਕੇ ਘਰੇ ਜਾਓ! ਘਰਦੇ ਫਿ਼ਕਰ ਕਰਦੇ ਹੋਣਗੇ।" ਉਹ ਬਲਦ ਮੂਤਣੀਆਂ ਪਾਉਂਦਾ, ਹੱਥ ਅਤੇ ਚਿੱਤੜ ਹਿਲਾਉਂਦਾ ਤੁਰ ਗਿਆ। ਨਸ਼ੇ ਕਾਰਨ ਉਸ ਦੇ ਪੈਰ ਨਿਕਲ ਰਹੇ ਸਨ। ਉਹ ਡਿੱਕਡੋਲੇ ਜਿਹੇ ਖਾਂਦਾ ਫਿਰਦਾ ਸੀ।
ਗੁਰਕੀਰਤ ਅਤੇ ਬਾਪੂ ਜੀ ਵਾਪਿਸ ਆ ਗਏ। ਦਿਲੋਂ ਉਹ ਦੋਨੋਂ ਹੀ ਉਦਾਸ ਸਨ।


ਬਾਕੀ ਅਗਲੇ ਹਫ਼ਤੇ.....