ਤਰਕਸ਼ ਟੰਗਿਆ ਜੰਡ (ਕਾਂਡ 10)

ਕਈ ਦਿਨਾਂ ਬਾਅਦ ਬਿੱਲਾ ਸੀਤਲ ਨੂੰ ਮਿਲਣ ਆਇਆ।
ਸੀਤਲ ਬਟਨ ਵਾਂਗ ਉਸ ਦੀ ਹਿੱਕ ਨੂੰ ਲੱਗ ਗਈ। ਹਿੱਕ ਦਾ ਤਪਦਾ ਮਾਰੂਥਲ ਸ਼ਾਂਤ ਹੋ ਗਿਆ। ਦਿਲ ਦੀ ਵਿੱਥ ਨੇ ਅਪਣੱਤ ਦਾ ਹੁੰਗਾਰਾ ਭਰਿਆ। ਜੁੱਗਾਂ ਦੇ ਪਿਆਸੇ ਰੇਗਿਸਤਾਨ ਨੂੰ ਜਿਵੇਂ ਬੂੰਦ ਨਸੀਬ ਹੋਈ ਸੀ। ਸੀਤਲ ਬਿੱਲੇ ਵਿਚ ਹੀ ਜਜ਼ਬ ਹੋ ਜਾਣਾ ਚਾਹੁੰਦੀ ਸੀ। ਨੈਣ ਇਕ ਦੂਜੇ ਦੀ ਅਦੁਤੀ ਸਾਂਝ ਦੀ ਗਵਾਹੀ ਭਰ ਰਹੇ ਸਨ।
-"ਜੇ ਰੱਬ ਤੈਨੂੰ ਇਕ ਘੰਟੇ ਲਈ ਪੂਰਨ ਸ਼ਕਤੀ ਬਖਸ਼ ਦੇਵੇ-ਫੇਰ ਕੀ ਕਰੇਂ?" ਬਿੱਲੇ ਨੇ ਇਕ ਅਵੱਲਾ ਜਿਹਾ ਸੁਆਲ ਕੀਤਾ।
-"ਸਭ ਤੋਂ ਪਹਿਲਾਂ ਮੈਂ ਤੁਹਾਨੂੰ ਆਪਣਾ ਕਰ ਲਵਾਂ!"
-"ਉਸ ਤੋਂ ਬਾਅਦ?"
-"ਫੇਰ ਤੁਹਾਨੂੰ ਬੁੱਕਲ 'ਚ ਲੈ ਕੇ ਮਰ ਜਾਵਾਂ।" ਉਹ ਬੰਦ ਅੱਖਾਂ ਨਾਲ, ਭਾਰੇ-ਭਾਰੇ ਸਾਹ ਲੈ ਰਹੀ ਸੀ। ਉਸ ਨੇ ਬਿੱਲੇ ਨੂੰ ਆਪਣੀਆਂ ਇੱਟਾਂ ਵਰਗੀਆਂ ਛਾਤੀਆਂ ਨਾਲ ਘੁੱਟ ਰੱਖਿਆ ਸੀ।
ਬਿੱਲਾ ਉਸ ਨੂੰ ਬੱਚਿਆਂ ਵਾਂਗ ਥਾਪੜੀ ਜਾ ਰਿਹਾ ਸੀ। ਉਸ ਦੀਆਂ ਛਾਤੀਆਂ ਦਾ ਨਿੱਘ ਉਸ ਨੂੰ ਸ਼ਰਸ਼ਾਰ ਕਰੀ ਜਾ ਰਿਹਾ ਸੀ। ਉਸ ਅੰਦਰ ਕੋਈ ਤੂਫ਼ਾਨ ਹਿੱਲਿਆ। ਕਿਸੇ ਗ਼ੈਬੀ ਲਾਵੇ ਨੇ ਫ਼ਟਣ ਵਾਸਤੇ ਹਰਕਤ ਕੀਤੀ। ਉਸ ਨੇ ਆਪਣੇ ਅੱਗ ਵਰਗੇ ਬੁੱਲ੍ਹ ਸੀਤਲ ਦੇ ਬੁੱਲ੍ਹਾਂ 'ਤੇ ਰੱਖ ਦਿੱਤੇ। ਹਾੜ੍ਹ ਮਹੀਨੇ ਤੱਤੀ ਲੋਅ ਵਗਣ ਵਾਂਗ, ਉਹਨਾਂ ਅੰਦਰੋਂ ਸਾਹ ਵਗ ਰਹੇ ਸਨ। ਸੀਤਲ ਦੀਆਂ ਅੱਖਾਂ ਅੱਧੀਆਂ ਖੁੱਲ੍ਹੀਆਂ ਸਨ। ਉਹ ਬੇਸੁਰਤਾਂ ਵਾਂਗ ਬਿੱਲੇ ਦੇ ਗਲ ਦੁਆਲੇ ਲਟਕ ਰਹੀ ਸੀ। ਕਿਸੇ ਕੰਠੇ ਵਾਂਗ! ਕਿਸੇ ਮਾਲਾ ਵਾਂਗ! ਉਸ ਮਾਲਾ ਵਾਂਗ ਜਿਹੜੀ ਕਿਸੇ ਫ਼ੱਕਰ-ਦਰਵੇਸ਼ ਦੇ ਗਲ ਵਿਚ ਲਟਕਦੀ ਹੈ।
-"ਜੇ ਰੱਬ ਇਕ ਘੰਟੇ ਲਈ ਆਪਣੀ ਪੂਰੀ ਸ਼ਕਤੀ ਤੁਹਾਨੂੰ ਬਖਸ਼ ਦੇਵੇ-ਤਾਂ ਤੁਸੀਂ ਕੀ ਕਰੋਂਗੇ?" ਸੀਤਲ ਨੇ ਆਪਣੇ ਮੱਥੇ ਦਾ ਪਸੀਨਾ ਬਿੱਲੇ ਦੀ ਗੱਲ੍ਹ ਨਾਲ ਪੂੰਝ ਦਿੱਤਾ। ਉਹ ਅਜੇ ਵੀ ਬੇਹੋਸ਼ਾਂ ਵਾਂਗ ਬੋਲ ਰਹੀ ਸੀ।
-"ਮੈਂ ਸਾਰੇ ਸੰਸਾਰ ਦੀ ਹਰ ਪੀੜ ਚੂਸ ਲਵਾਂ-ਵੈਰ ਵਿਰੋਧ ਖਤਮ ਕਰ ਦਿਆਂ-ਖੁਸ਼ਹਾਲੀਆਂ ਵੰਡ ਦਿਆਂ-ਪਰ ਸੀਤਲ ਕਮਲੀਏ! ਇਹ ਤਾਂ ਸਿਰਫ਼ ਆਪਣੇ ਕਿਆਫ਼ੇ ਐ! ਸਰਾਸਰ ਕਲਪਨਾਵਾਂ! ਜੋ ਹੋ ਰਿਹੈ-ਸਭ ਉਸ ਦੇ ਭਾਣੇ ਵਿਚ ਹੀ ਹੋ ਰਿਹੈ-ਅਸੀਂ ਤਾਂ ਉਸ ਪ੍ਰਮ ਸ਼ਕਤੀ ਦੇ ਹਥਿਆਰ ਹਾਂ-ਸੰਦ ਹਾਂ! ਅਸੀਂ ਤਾਂ ਉਸ ਦੇ ਕਰਮ ਵਿਚ ਇਕ ਮਾਧਿਅਮ ਬਣਦੇ ਹਾਂ-ਸਾਧਨ ਬਣਦੇ ਹਾਂ-ਪਰ ਕਈ ਵਾਰ ਅਸੀਂ ਆਪਣੇ ਆਪ ਨੂੰ ਉਸ ਦੀ ਕੱਠਪੁਤਲੀ ਮਹਿਸੂਸ ਕਰਦੇ ਹਾਂ-ਜਦ ਕਿ ਹੋਣਾ ਸਾਰਾ ਕੁਛ ਉਸ ਦੀ ਰਜ਼ਾ ਵਿਚ ਹੀ ਹੁੰਦਾ ਹੈ-ਮਾਨੁੱਖ ਬੜਾ ਹੀ ਨਾਸ਼ੁਕਰਾ ਹੈ-ਜਦ ਉਹ ਖੁਸ਼ੀਆਂ ਬਖਸ਼ਦਾ ਹੈ-ਉਸ ਦਾ ਧੰਨਵਾਦ ਕਰਨਾ ਵੀ ਔਖਿਆਈ ਮੰਨਦਾ ਹੈ-ਜਦੋਂ ਕੋਈ ਮੁਸ਼ਕਿਲ ਪੈਂਦੀ ਹੈ-ਫੇਰ ਚੀਕਾਂ ਮਾਰਦੈ-ਉਹਨੂੰ ਮਿਹਣੇ ਦਿੰਦੈ।"
-"ਬੰਦਾ ਵੀ ਕੀ ਕਰੇ? ਜਦੋਂ ਰੱਬ ਖੁਸ਼ੀਆਂ ਦਿੰਦੈ-ਸਾਰੇ ਦੁੱਖ ਤੋੜ ਦਿੰਦੈ-ਤੇ ਜਦੋਂ ਖੋਂਹਦੈ ਤਾਂ ਰੁੰਡ ਮਰੁੰਡ ਈ ਕਰ ਧਰਦੈ।"
-"ਮੈਂ ਜਾਣੈ-ਕੱਪੜੇ ਦਿੱਤੇ ਸੀ ਸਿਉਣ ਵਾਸਤੇ-ਉਹ ਲੈ ਕੇ ਜਾਣੇ ਐਂ।" ਬਿੱਲੇ ਦੇ ਮੂੰਹੋਂ ਨਿਕਲ ਗਿਆ। ਪਰ ਸੀਤਲ ਨੂੰ ਕੁਝ ਵੀ ਮਹਿਸੂਸ ਨਾ ਹੋਇਆ। ਉਸ ਦੇ ਦਿਲ ਵਿਚ ਕੋਈ ਗੱਲ ਨਹੀਂ ਸੀ। ਕੋਈ ਧੁੜਕੂ ਨਹੀਂ ਸੀ ਕਿ ਬਿੱਲਾ ਉਸ ਨੂੰ ਕਦੇ ਪੁਨੂੰ ਵਾਂਗ ਸੁੱਤੀ ਪਈ ਨੂੰ ਹੀ ਥਲਾਂ ਵਿਚ ਸੜਨ ਲਈ ਛੱਡ ਜਾਵੇਗਾ। ਉਸ ਨੂੰ ਇਹ ਕਦਾਚਿੱਤ ਆਸ ਨਹੀਂ ਸੀ ਕਿ ਉਸ ਨੂੰ ਵੀ ਸ਼ੀਰੀ ਵਾਂਗ, ਫ਼ਰਹਾਦ ਦੇ ਵਿਛੋੜੇ ਦੇ ਸੱਲ ਵਿਚ ਮਹਿਲ ਤੋਂ ਛਾਲ ਮਾਰਨੀ ਪਵੇਗੀ। ਉਸ ਨੇ ਕਦੇ ਸੁਪਨੇ ਵਿਚ ਵੀ ਚਿਤਵਿਆ ਨਹੀਂ ਸੀ ਕਿ ਉਸ ਨੂੰ ਵੀ ਮਹੀਂਵਾਲ ਦੀ ਤੜਪ ਵਿਚ ਕੱਚੇ ਘੜੇ 'ਤੇ ਠਿੱਲਣਾ ਪਵੇਗਾ। ਸੋਹਣੀ ਵਾਂਗ ਨਦੀ ਦੀਆਂ ਛੱਲਾਂ ਸੰਗ ਟੱਕਰ ਲੈਣੀ ਪਵੇਗੀ।
ਕਈ ਵਾਰ ਵਕਤ ਇਤਨਾ ਕਰੂਪ ਅਤੇ ਭਿਆਨਕ ਬੁਰਕਾ ਪਹਿਨ ਲੈਂਦਾ ਹੈ ਕਿ ਸੋਹਣੀ ਨੂੰ ਬੇਰਹਿਮ ਨਣਾਨ, ਸਾਹਿਬਾਂ ਨੂੰ ਚਾਚਾ ਕੈਦੋਂ, ਸ਼ੀਰੀ ਨੂੰ ਖ਼ਤਰਨਾਕ ਭੈਣ ਅਤੇ ਸੱਸੀ ਨੂੰ ਹੰਕਾਰੀ ਬਲੋਚ ਬਣ-ਬਣ ਟੱਕਰਦਾ ਹੈ। ਸੱਚਾ ਪਿਆਰ ਹਮੇਸ਼ਾ ਮਹਿੰਦੀ ਦੇ ਬੂਟੇ ਹੇਠ ਜਾਂ ਫਿਰ ਮਾਰੂਥਲਾਂ ਅਤੇ ਰੇਗਿਸਤਾਨ ਵਿਚ ਤੜਪ-ਤੜਪ ਕੇ ਮਰਿਆ ਹੈ। ਝਨਾਂ ਵਿਚ ਡੁੱਬਿਆ ਹੈ ਜਾਂ ਫਿਰ ਕੈਦੋਂ ਦੇ ਜ਼ਹਿਰੀਲੇ ਲੱਡੂਆਂ ਦੀ ਭੇਂਟ ਚੜ੍ਹਿਆ ਹੈ।
-"ਹੁਣ ਕਦੋਂ ਮਿਲੋਂਗੇ?" ਸੀਤਲ ਕਾਫ਼ੀ ਦੇਰ ਬਾਅਦ ਬੋਲੀ ਸੀ।
-"ਕੋਈ ਵਾਅਦਾ ਨਹੀਂ ਕਰਦਾ।" ਬਿੱਲੇ ਨੇ ਦਿਲੋਂ ਉਠਦੀ ਚੀਸ ਨੂੰ ਦੱਬ ਲਿਆ।
-"ਤਾਂ ਵੀ?"
-"ਜਿਹੜੀ ਗੱਲ ਦਾ ਪੱਕਾ ਪਤਾ ਹੀ ਨਹੀਂ-ਉਸ ਬਾਰੇ ਵਾਅਦਾ ਕਰ ਕੇ ਝੂਠ ਬੋਲਣ ਦਾ ਭਾਗੀ ਕਿਉਂ ਬਣਾ?"
-"ਮੈਂ ਤੁਹਾਡੀ ਮਜਬੂਰੀ ਸਮਝਦੀ ਹਾਂ-ਬਾਪੂ ਜੀ ਦੇ ਤੁਰ ਜਾਣ ਤੋਂ ਬਾਅਦ ਤੁਹਾਡੀਆਂ ਜਿੰਮੇਵਾਰੀਆਂ ਜਰੂਰ ਵਧ ਗਈਆਂ ਨੇ-ਜੇ ਤੁਸੀਂ ਮਿਲਣ ਨਹੀਂ ਆ ਸਕਦੇ-ਘੱਟੋ ਘੱਟ ਫੋਨ ਤਾਂ ਕਰ ਸਕਦੇ ਹੋ? ਮੈਂ ਤੁਹਾਨੂੰ ਕਦੇ ਮਜਬੂਰ ਨਹੀਂ ਕਰਾਂਗੀ-ਕਦੇ ਗਿ਼ਲਾ ਨਹੀਂ ਕਰਾਂਗੀ-ਆਪਣੀਆਂ ਪ੍ਰੀਵਾਰ ਪ੍ਰਤੀ ਜਿੰਮੇਵਾਰੀਆਂ ਲਈ ਸੁਚੇਤ ਰਹੋ-ਪਰ ਮੈਨੂੰ ਫੋਨ ਜਰੂਰ ਕਰ ਲਿਆ ਕਰੋ।"
ਉਸ ਦੇ ਕੇਸੂਆਂ ਵਰਗੇ ਮਾਸੂਮ ਬੁੱਲ੍ਹ ਹਿੱਲੇ ਤਾਂ ਬਿੱਲੇ ਨੂੰ ਉਸ 'ਤੇ ਅਥਾਹ ਤਰਸ ਆਇਆ। ਮਾਲੂਕ ਜਿੰਦੜੀ ਵਿਛੋੜੇ ਦੇ ਘੁਲਾੜ੍ਹੇ ਵਿਚ ਆਉਣ ਹੀ ਵਾਲੀ ਸੀ। ਇਹ ਕਿਵੇਂ ਦਿਨ ਕਟੀ ਕਰੇਗੀ? ਮੇਰੇ ਬਿਨਾ ਕਿਵੇਂ ਸਾਰੇਗੀ? ਇਹ ਤਾਂ ਦੋ ਦਿਨਾਂ ਵਿਚ ਹੀ ਤੁਲਸੀ ਦੇ ਬੂਟੇ ਵਾਂਗ ਧੌਣ ਸੁੱਟ ਲੈਂਦੀ ਹੈ, ਬਿਰਹੋਂ ਦਾ ਲੰਬਾ ਪੈਂਡਾ ਕਿਵੇਂ ਤਹਿ ਕਰੇਗੀ? ਅੰਬੀਆਂ ਦੇ ਬਾਗਾਂ ਵਿਚ ਗਾਉਣ ਵਾਲੀ ਸੋਹਲ ਕੋਇਲ ਰੋਹੀ-ਬੀਆਬਾਨ ਦੀਆਂ ਉਜੜੀਆਂ ਖੱਡਾਂ ਵਿਚ ਕਿਵੇਂ ਰਹੇਗੀ?
-"ਫੋਨ ਤਾਂ ਕਰ ਲਿਆ ਕਰੋਂਗੇ ਨ੍ਹਾ?"
ਪਪੀਸੀਆਂ ਵਰਗੇ ਬੁੱਲ੍ਹਾਂ ਨੇ ਫਿਰ ਪੁੱਛਿਆ।
ਉਨ੍ਹਾਂ ਦੀ ਮਾਸੂਮਤਾ ਆਪਣੀ ਮਿਸਾਲ ਆਪ ਸੀ। ਚਸ਼ਮਦੀਦ ਗਵਾਹ!
ਬਿੱਲੇ ਦੀਆਂ ਅੱਖਾਂ ਕਟੋਰਿਆਂ ਵਾਂਗ ਨੱਕੋ-ਨੱਕ ਭਰ ਆਈਆਂ। ਉਸ ਨੇ ਸ਼ੀਤਲ ਨੂੰ ਗਲਵਕੜੀ ਵਿਚ ਘੁੱਟ ਕੇ, ਸਿਰ ਹਿਲਾ ਕੇ ਹਾਂਮੀ ਭਰੀ। ਉਹ ਅੱਜ ਸੀਤਲ ਦੇ ਸਾਰੇ ਦੁੱਖ ਡੀਕ ਲਾ ਕੇ ਪੀ ਜਾਣਾ ਚਾਹੁੰਦਾ ਸੀ। ਪਤਾ ਨਹੀਂ ਫਿਰ ਕਿਹੜੇ ਜੁੱਗ ਮੇਲ ਹੋਣੇ ਸਨ? ਕਦੇ, ਕਿਤੇ ਮੇਲ ਹੋਣੇ ਵੀ ਸਨ ਜਾਂ ਨਹੀਂ? ਇਹ ਇਕ ਪਰਬਤ ਜਿੱਡਾ ਸੁਆਲ ਸੀ।
-"ਮੈਂ ਕਿਤੇ ਵੀ ਹੋਵਾਂ-ਤੂੰ ਹਮੇਸ਼ਾ ਮੇਰੇ ਦਿਲ ਵਿਚ ਮੂਰਤ ਵਾਂਗ ਵਸਦੀ ਹੈਂ-ਕਦੇ ਮਿਲ ਨਾ ਸਕਾਂ ਤਾਂ ਮੈਨੂੰ ਮੁਆਫ਼ ਕਰ ਦੇਵੀਂ-ਮੁਆਫ਼ ਕਰ ਦੇਵੀਂ ਸੀਤਲ!" ਉਸ ਦਾ ਫਿ਼ਸਿੱਆ ਮਨ ਭਰ ਕੇ ਉਛਲ ਗਿਆ। ਬੁੱਲ੍ਹ ਦੰਦਾਂ ਵਿਚ ਘੁੱਟੀ ਸੀਤਲ ਵੀ ਭਰੀ-ਪੀਤੀ ਖੜ੍ਹੀ ਸੀ। ਬਿੱਲੇ ਨੇ ਫਿਰ ਉਸ ਨੂੰ ਬੁੱਕਲ ਵਿਚ ਘੁੱਟ ਲਿਆ। ਜਿਵੇਂ ਇਹ ਉਸ ਦੀ ਆਖਰੀ ਗਲਵਕੜੀ ਸੀ। ਉਸ ਨੂੰ ਸਬਰ ਨਹੀਂ ਆ ਰਿਹਾ ਸੀ। ਉਸ ਦਾ ਦਿਲ ਦੋਫ਼ਾੜ ਹੋਇਆ ਪਿਆ ਸੀ ਅਤੇ ਰੂਹ ਕੁਰਲਾਈ ਜਾ ਰਹੀ ਸੀ। ਜਜ਼ਬਾਤ ਲਹੂ-ਲੁਹਾਣ ਹੋਏ ਪਏ ਸਨ। ਪਰ ਸੀਤਲ ਕਿਸੇ ਵੀ ਅੰਦਰੂਨੀ ਭੇਦ ਤੋਂ ਕੋਰੀ ਸੀ। ਨਾਵਾਕਿਫ਼ ਸੀ। ਉਸ ਨੂੰ ਕੀ ਪਤਾ ਸੀ ਕਿ ਉਸ ਦੇ ਦਿਲਾਂ ਦਾ ਜਾਨੀ ਬਹੁਤ ਹੀ ਦੂਰ ਜਾਣ ਵਾਲਾ ਸੀ? ਬਿਰਹੋਂ ਦੇ ਪਹਾੜ ਸਿਰ ਟੁੱਟਣ ਵਾਲੇ ਸਨ? ਵਿਛੋੜੇ ਦਾ ਨਾਗ ਸਿਰ 'ਤੇ ਛੂਕ ਰਿਹਾ ਸੀ?
ਬਿੱਲਾ ਭਰਾੜ੍ਹ ਹੋਇਆ ਮਨ ਘੁੱਟੀ ਬਾਹਰ ਨਿਕਲ ਗਿਆ। ਸੀਤਲ ਉਸ ਨੂੰ ਜਾਂਦੇ ਨੂੰ ਤੱਕਦੀ ਰਹੀ। ਨਿਹਾਰਦੀ ਰਹੀ।
-"ਇਤਨਾ ਵੀ ਮੋਹ ਨਾ ਪਾਈਏ ਬਈ ਵਿਛੜਨ ਵੇਲੇ ਹੰਝੂ ਕੇਰਨੇ ਪੈਣ।" ਕਦੇ ਬੱਬੂ ਦੇ ਕਹੇ ਸ਼ਬਦ ਬਿੱਲੇ ਦੇ ਦਿਮਾਗ ਅੰਦਰ ਵਦਾਣ ਮਾਰਦੇ ਸਨ।
ਦੂਰ ਸੜਕ 'ਤੇ ਖੜ੍ਹ ਕੇ ਬਿੱਲੇ ਨੇ ਸੀਤਲ ਦੀ ਐੱਸ ਟੀ ਡੀ ਨੂੰ ਬੜੀ ਰੀਝ, ਬੜੀ ਹਸਰਤ ਨਾਲ ਤੱਕਿਆ। ਉਸ ਦੇ ਮਨ ਨੂੰ ਹੌਲ ਜਿਹਾ ਪਿਆ।
-"ਭਵਿੱਖ ਸੁਆਰਨ ਵਾਸਤੇ ਜਿਹੜਾ ਜ਼ਖਮ ਤੈਨੂੰ ਦੇਣ ਲੱਗਿਐਂ ਸੀਤਲ ਮੇਰੀਏ! ਉਸ 'ਤੇ ਇਕ ਦਿਨ ਮੱਲ੍ਹਮ ਪੱਟੀ ਜ਼ਰੂਰ ਕਰਾਂਗਾ-ਤੈਨੂੰ ਦੱਸੇ ਬਗੈਰ ਛੱਡ ਚੱਲਿਐਂ ਜਿੰਦ ਮੇਰੀਏ! ਮੈਂ ਤੇਰਾ ਦੇਣਦਾਰ ਹਾਂ-ਹੋ ਸਕੇ ਤਾਂ ਮੈਨੂੰ ਮੁਆਫ਼ ਕਰ ਦੇਵੀਂ-ਤੈਨੂੰ ਰੱਬ ਆਸਰੇ ਛੱਡ ਚੱਲਿਐਂ-ਜਿਉਂਦੀ ਵਸਦੀ ਰਹਿ ਸੀਤਲ ਮੇਰੀਏ! ਜਿਉਂਦੀ ਵਸਦੀ ਰਹਿ!" ਉਹ ਦੂਰ ਸੜਕ 'ਤੇ ਖੜ੍ਹਾ ਆਪਣੀ ਜਿੰਦ-ਜਾਨ ਸੀਤਲ ਨਾਲ ਬਚਨ-ਬਿਲਾਸ ਕਰਦਾ ਰਿਹਾ ਸੀ। ਹੰਝੂ ਕੇਰਦਾ ਰਿਹਾ ਸੀ। ਸੀਤਲ ਨਾਲੋਂ ਵਿਛੜਨ ਦੇ ਦਰਦ ਨਾਲ ਕਰਾਹੁੰਦਾ ਰਿਹਾ ਸੀ। ਅਵਾਕ ਬਿਲਕਦਾ ਰਿਹਾ ਸੀ।
ਦਰਜੀ ਤੋਂ ਕੱਪੜੇ ਲੈ ਕੇ ਉਹ ਬੱਸ ਫੜ ਕੇ, ਬੁਝੇ-ਬਝੇ ਜਿਹੇ ਮਨ ਨਾਲ ਪਿੰਡ ਆ ਗਿਆ।
ਘਰ ਦਾ ਮਾਹੌਲ ਵੀ ਕੋਈ ਬਹੁਤਾ ਸੁਖਾਵਾਂ ਨਹੀਂ ਸੀ। ਘੁੱਟਣ ਜਿਹੀ ਸੀ। ਬਿੱਲੇ ਦੇ ਬਾਹਰ ਜਾਣ ਦੇ ਦੁੱਖ ਕਰਕੇ ਬੇਬੇ ਧੂੰਏਂ ਦੇ ਪੱਜ ਰੋਂਦੀ ਰਹੀ ਸੀ।
ਕਿੰਦਰ ਅਤੇ ਮਿੰਦਰ ਵੀ ਵੈਰਾਗ ਵਿਚ ਮਨ ਹੌਲਾ ਕਰ ਲੈਂਦੀਆਂ। ਪਰ ਰੋਂਦਾ ਹਰ ਕੋਈ ਲੁਕ ਕੇ ਹੀ ਸੀ। ਇਹ ਹੀ ਹਰ ਕਿਸੇ ਦਾ ਦੁਖਾਂਤ ਸੀ। ਦੂਜੇ ਨੂੰ ਰੋ ਕੇ ਦਿਖਾਉਣ ਦਾ ਮਤਲਬ ਅਗਲੇ ਨੂੰ ਹੋਰ ਦੁਖੀ ਕਰਨਾ ਸੀ। ਜ਼ਖਮ ਉਚੇੜਨਾ ਸੀ।
-"ਮਿਲ ਆਇਆ?" ਗੁਰਕੀਰਤ ਨੇ ਬਿੱਲੇ ਨੂੰ ਪੁੱਛਿਆ।
-"ਹਾਂ---!" ਉਸ ਨੇ ਲੰਮਾ ਸਾਹ ਲੈ ਕੇ ਅੰਦਰਲੀ ਭੜ੍ਹਾਸ ਬਾਹਰ ਕੱਢੀ।
-"ਮੁਹੱਬਤ ਜਦੋਂ ਭੈੜਾ ਰੋਗ ਬਣ ਜਾਵੇ-ਉਦੋਂ ਬੜਾ ਘਾਤਕ ਸਿੱਧ ਹੁੰਦੈ-ਇਹ ਉਹ ਭੁਸ ਐ-ਜਿਹੜਾ ਲਲਕ ਵਾਂਗ ਲੱਗਿਆ ਖਹਿੜਾ ਨਹੀਂ ਛੱਡਦਾ-ਬੂਰ ਦੇ ਲੱਡੂਆਂ ਵਾਂਗ ਜਿਹੜਾ ਖਾਂਦੈ-ਉਹ ਵੀ ਪਛਤਾਉਂਦੈ-ਜਿਹੜਾ ਨਹੀਂ ਖਾਂਦਾ-ਉਹਨੇ ਤਾਂ ਪਛਤਾਉਣਾ ਈ ਐ।"
-"-----।"
-"ਇਹਦਾ ਸੁਆਦ ਬੰਦਾ ਕਦੇ ਨਹੀਂ ਦੱਸ ਸਕਦਾ-ਗੂੰਗੇ ਦੇ ਗੁੜ ਖਾਣ ਵਾਂਗ-ਇਹਦੀ ਮਿਣਤੀ ਅਤੇ ਵਜ਼ਨ ਦਾ ਕਿਸੇ ਨੇ ਭੇਦ ਨਹੀਂ ਪਾਇਆ-ਰੱਬ ਵਾਂਗ!"
-"-----।"
-"ਇਹ ਇਕ ਮਾਨਣ ਅਤੇ ਮਹਿਸੂਸਣ ਵਾਲੀ ਚੀਜ਼ ਐ-ਪਰ ਜਦੋਂ ਇਹ ਅਲਰਜ਼ੀ ਦਾ ਰੂਪ ਧਾਰਨ ਕਰ ਲਵੇ-ਫਿਰ ਸਿਰਦਰਦੀ ਬਣਦੈ-ਪਿਆਰ ਇਕ ਖੁਰਕ ਵਾਂਗ ਐ-ਖੁਰਕ ਇਕ ਬੜੀ ਭੈੜੀ ਬਿਮਾਰੀ ਐ-ਖੁਰਕ ਹੁੰਦੀ ਐ-ਅਸੀਂ ਖੁਰਕਦੇ ਹਾਂ-ਚਾਹੇ ਮਿੱਠੀ ਮਿੱਠੀ ਹੀ ਹੁੰਦੀ ਐ-ਪਰ ਅਸੀਂ ਰਾਤ ਨੂੰ ਅਰਾਮ ਨਾਲ ਸੌਂ ਨਹੀਂ ਸਕਦੇ-ਪ੍ਰੇਮ ਦੀ ਹੋਂਦ ਅਤੇ ਅਣਹੋਂਦ ਬੰਦੇ ਦੇ ਦਿਲ ਨੂੰ ਖੋਹ ਪਾਉਂਦੀ ਐ-ਮੂੰਹ ਵਿਚ ਬੱਤੀ ਦੰਦ ਹੁੰਦੇ ਐ-ਇਕ ਦੰਦ ਨਿਕਲ ਜਾਵੇ ਤਾਂ ਜੀਭ ਮੁੜ-ਮੁੜ ਕੇ ਉਥੇ ਜਾਂਦੀ ਐ-ਕਿਉਂਕਿ ਜੀਭ ਨੂੰ ਡਿੱਗੇ ਦੰਦ ਦਾ ਅਹਿਸਾਸ ਹੁੰਦੈ-ਥੋੜਾ ਚਿਰ ਬੀਤਦੈ ਤਾਂ ਜੀਭ ਉਸ ਦੰਦ ਦੇ ਖਲਾਅ ਦੀ ਆਦੀ ਹੋ ਜਾਂਦੀ ਐ-ਮੇਰੇ ਕਹਿਣ ਦਾ ਮਤਲਬ ਐ-ਵਕਤੀ ਤੌਰ 'ਤੇ ਤੈਨੂੰ ਸੀਤਲ ਦਾ ਖਲਾਅ ਜਰੂਰ ਡੰਗੇਗਾ-ਪਰ ਫਿਰ ਉਹੋ ਜਿਹਾ ਹੀ ਹੋ ਜਾਵੇਗਾ-ਇਹਨੂੰ ਆਪਣੇ ਪਿਆਰ ਦੀ ਅਮਾਨਤ ਸਮਝ ਕੇ ਦਿਲ ਅੰਦਰ ਪਾਲੀਂ-ਕੈਂਸਰ ਨਾ ਬਣਾ ਲਈਂ-ਬੜਾ ਜਾਨ ਲੇਵਾ ਹੁੰਦੈ।" ਗੁਰਕੀਰਤ ਨੇ ਉਸ ਨੂੰ ਕਈ ਸਲਾਹਾਂ ਦਿੱਤੀਆਂ।
ਉਹ ਘਰੇ ਦੱਸ ਕੇ ਖੇਤ ਨੂੰ ਤੁਰ ਪਏ।
-"ਜੈਬਿਆ! ਘੁੱਟ ਦਾਰੂ ਪਈ ਐ?" ਗੁਰਕੀਰਤ ਨੇ ਪੁੱਛਿਆ ਤਾਂ ਜੈਬਾ ਅਵਾਕ ਰਹਿ ਗਿਆ।
-"ਦਾਰੂ!" ਜੈਬੇ ਨੇ ਹੈਰਾਨੀ ਨਾਲ ਗੁਰਕੀਰਤ ਵੱਲ ਤੱਕਿਆ ਤਾਂ ਗੁਰਕੀਰਤ ਹੱਸ ਪਿਆ।
-"ਜੈਬਿਆ ਜੀਭ ਇਕ ਅਜਿਹੀ ਚੀਜ਼ ਐ-ਜਿਹੜੀ ਚੰਗੀਆਂ ਵੀ ਤੇ ਮੰਦੀਆਂ ਗੱਲਾਂ ਵੀ ਬਹੁਤ ਕਰਦੀ ਐ-ਜੀਭ ਪਾਠ ਕਰਦੀ ਐ-ਗਾਲ੍ਹਾਂ ਕੱਢਦੀ ਐ-ਸੁਆਦ ਚੱਖਦੀ ਐ-ਬੇਇੱਜ਼ਤੀ ਕਰਦੀ ਐ-ਮਿੱਠੀ ਕੌੜੀ ਹੁੰਦੀ ਐ-ਡੰਗਦੀ ਐ-ਮਾਸ਼ੂਕ ਦੇ ਬਦਨ ਦਾ ਸੁਆਦ ਲੈਂਦੀ ਐ-ਮਿੱਠਾ ਕੌੜਾ ਦੱਸਦੀ ਐ-।"
-"ਤੂੰ ਗੱਲ ਦਾਰੂ ਦੀ ਕਰਦਾ ਸੀ-ਪਰ ਤੁਰ ਕਿਹੜੇ ਵਾਹਣੀਂ ਪਿਆ?" ਆਖ ਕੇ ਜੈਬੇ ਨੇ ਗੁਰਕੀਰਤ ਦੇ ਬਰੇਕ ਲਾਏ।
-"ਦਾਰੂ ਅਤੇ ਜੀਭ ਦਾ ਬੜਾ ਗੂੜ੍ਹਾ ਸਬੰਧ ਐ ਜੈਬਿਆ-ਜਦੋਂ ਜੀਭ ਕਿਸੇ ਗੱਲੋਂ ਥਿੜਕਦੀ ਐ-ਦਾਰੂ ਉਸ ਨੂੰ ਥਾਂ-ਸਿਰ ਲਿਆਉਂਦੀ ਐ-ਪਰ ਜਦੋਂ ਦਾਰੂ ਉਤੋਂ ਦੀ ਪੈ ਜਾਵੇ-ਫਿਰ ਜੀਭ ਦੀ ਕਦਰ ਨਹੀਂ ਕਰਦੀ-ਉਸੇ ਜੀਭ ਨੂੰ ਥਿੜਕਣ ਲਾ ਦਿੰਦੀ ਐ।"
-"-----।" ਜੈਬਾ ਮੂੰਹ ਅੱਡੀ ਖੜ੍ਹਾ ਰਿਹਾ।
-"ਜਦੋਂ ਕਿਸੇ ਦੇ ਦਿਲ ਨੂੰ ਹਿੱਕ 'ਤੇ ਪੱਥਰ ਧਰ ਕੇ ਧਰਵਾਸ ਦੇਣਾ ਹੋਵੇ-ਉਹ ਫੋਕਾ ਧਰਵਾਸ, ਜਿਹੜਾ ਕਿਸੇ ਦਾ ਕੁਛ ਸੁਆਰ ਹੀ ਨਾ ਸਕੇ-ਜੇ ਡਰਪੋਕ ਦਿਲ ਅਤੇ ਬੇਧੜਕ ਜ਼ਮੀਰ ਨੂੰ ਅੱਗੇ ਲਾਉਣਾ ਹੋਵੇ ਤਾਂ ਦਾਰੂ ਬੜੀ ਗੁਣਕਾਰੀ ਚੀਜ਼ ਐ।" ਗੁਰਕੀਰਤ ਨੇ ਜੈਬੇ ਦੇ ਕੰਨ ਵਿਚ ਕਿਹਾ।
-"ਦਾਰੂ ਤਾਂ ਆਮ ਪਈ ਐ-ਪਰ ਤੂੰ ਸਾਡੀ ਬੋਲੀ ਬੋਲਿਆ ਕਰ ਗੁਰਕੀਰਤ! ਕਦੇ ਕਦੇ ਤੇਰੀ ਪਸ਼ਤੋਂ ਦੀ ਸਮਝ ਨਹੀਂ ਆਉਂਦੀ।"
ਗੁਰਕੀਰਤ ਨਾਲ ਬਿੱਲਾ ਵੀ ਹੱਸ ਪਿਆ।
ਉਹ ਬੜੇ ਸਲੀਕੇ ਨਾਲ ਪੀਣ ਬੈਠ ਗਏ। ਉਹ "ਗਰਲਾ-ਮਾਰ" ਨਹੀਂ, ਬੜੇ ਸਲੀਕੇ ਨਾਲ ਪੀ ਰਹੇ ਸਨ। ਰੀਝ ਨਾਲ ਪੀ ਰਹੇ ਸਨ।
-"ਤੇਰੇ ਜਾਣ ਤੋਂ ਪਹਿਲਾਂ ਮੈਂ ਦੱਸ ਦਿਆਂ।" ਗੁਰਕੀਰਤ ਨੇ ਗੱਲ ਤੋਰੀ। ਉਹ ਵਾਹਵਾ ਰੰਗਾਂ ਵਿਚ ਹੋ ਗਿਆ ਸੀ। ਕਦੇ ਪੀਤੀ ਨਾ ਹੋਣ ਕਰਕੇ ਜਲਦੀ ਹੀ ਸਰੂਰ ਵਿਚ ਆ ਗਿਆ ਸੀ।
-"ਮੈਂ ਵਿਆਹ ਕਾਹਤੋਂ ਨਹੀਂ ਕਰਵਾਉਂਦਾ?"
-"ਬਿਆਹ ਬਿਨਾ ਕੀ ਗੱਡਾ ਖੜ੍ਹੈ?" ਜੈਬਾ ਵਿਚੋਂ ਹੀ ਬੋਲਿਆ, "ਬਾਧੂ ਛਿੱਤਰਾਂ ਨੂੰ ਥਾਂ ਕਰਨੈਂ।"
-"ਮੇਰੀ ਗੱਲ ਜੈਬਿਆ ਸੁਣਨ ਆਲੀ ਐ।"
-"ਸੁਣਾ ਬਾਈ!"
-"ਬਿੱਲਿਆ! ਤੇਰੇ ਆਲਾ ਈ ਚੱਕਰ ਮੇਰਾ ਸੀ-ਪਲੱਸ-ਟੂ ਤੋਂ ਲੈ ਕੇ ਬੀ ਐੱਡ ਕਰਨ ਤੱਕ ਮੇਰਾ ਕਿਸੇ ਕੁੜੀ ਨਾਲ ਪ੍ਰੇਮ ਚੱਲਿਆ-ਘਰਦੇ ਉਹਦੇ ਮੰਨਦੇ ਨਹੀਂ ਸੀ ਸਾਡੇ ਵਿਆਹ ਬਾਰੇ-ਜੱਗ ਦੀ ਲਾਹਣਤ ਅਸੀਂ ਖੱਟਣਾ ਨਹੀਂ ਚਾਹੁੰਦੇ ਸੀ-।"
-"ਮਾਰ ਜਾਂਦੇ ਕਿਤੇ ਉਡਾਰੀ!" ਜੈਬਾ ਕਹਾਣੀ ਸੁਣਦਾ ਪੈਰਾਂ ਭਾਰ ਹੋ ਕੇ ਬੈਠ ਗਿਆ।
ਗੁਰਕੀਰਤ ਜੈਬੇ ਵੱਲੋਂ ਬੇਧਿਆਨਾ ਹੋ ਗਿਆ।
-"ਫੇਰ ਜਦੋਂ ਅਸੀਂ ਦੇਖਿਆ ਬਈ ਸਾਡੀ ਗੱਡੀ ਕਿਸੇ ਲੀਹ 'ਤੇ ਨਹੀਂ ਆਉਣੀ-ਅਸੀਂ ਸਮਝੌਤਾ ਕਰ ਲਿਆ-ਉਹ ਵਿਆਹ ਕਰਵਾ ਕੇ ਕੈਨੇਡਾ ਜਾ ਵਸੀ-।"
-"ਤੇ ਤੂੰ ਬਾਈ ਰਹਿ ਗਿਆ ਉਠ ਦੀ ਪੂਛ ਮਾਂਗੂੰ 'ਕੱਲਾ।" ਅਧੂਰੀ ਗੱਲ ਜੈਬੇ ਨੇ ਸਿਰੇ ਲਾਈ।
-"ਤੇ ਬਾਈ ਜੈਬਿਆ! ਉਹਦੀ ਯਾਦ ਨੂੰ ਹੀ ਦਿਲ 'ਚ ਵਸਾ ਕੇ ਮੈਂ ਤੁਰਿਆ ਫਿਰਦੈਂ-ਕਦੇ ਦਿਲੋਂ ਨਹੀਂ ਲਾਹੀ-ਐਸਾ ਸਕੂਨ ਮਿਲਦੈ-ਪੁੱਛ ਨਾ!" ਉਹ ਕਿਸੇ ਆਨੰਦ ਵਿਚੋਂ ਬੋਲ ਰਿਹਾ ਸੀ।
-"ਬਾਹ ਬਈ ਬਾਹ! ਪਾਸ ਐਂ ਗੁਰਕੀਰਤ! ਪਾਸ ਐਂ!"
-"ਤੇ ਜੇ ਮੈਂ ਬਿੱਲੇ ਵਾਂਗੂੰ ਬੁੱਲ੍ਹ ਜਿਹੇ ਸਿੱਟੀ ਰੱਖਦਾ-ਹੁਣ ਨੂੰ ਮੇਰੇ ਫੁੱਲ ਪਏ ਹੁੰਦੇ-।"
-"ਬਿੱਲਾ ਵੀ ਕਿਤੇ ਕੁੰਡਾ ਅੜਾਈ ਫਿਰਦੈ?"
-"ਲੈ ਹੈ! ਇਹ ਕਿਸੇ ਦੀ ਨੂੰਹ ਧੀ ਨਾਲੋਂ ਘੱਟ ਐ?"
-"ਬੱਲੇ-ਬੱਲੇ ਬਈ ਛੜਿਆਂ ਦੇ ਦੋ-ਦੋ ਚੱਕੀਆਂ-ਕੋਈ ਡਰਦੀ ਪੀਹਣ ਨਾ ਆਵੇ---!" ਜੈਬਾ ਫਿਰ ਚੌਂਕੜੀ ਮਾਰ ਕੇ ਬਹਿ ਗਿਆ।
-"ਉਏ ਗੁਰਕੀਰਤ! ਇਹ ਤਾਂ ਬੜਾ ਖਤਰਨਾਕ ਨਿਕਲਿਆ! ਮੈਂ ਤਾਂ ਇਹਨੂੰ ਊਂਧਾ ਈ ਸਮਝਦਾ ਸੀ!"
-"ਸ਼ਾਂਤ ਪਾਣੀ ਹਮੇਸ਼ਾ ਈ ਡੂੰਘੇ ਹੁੰਦੇ ਐ ਬਾਈ ਜੈਬਿਆ---!"
-"ਛੋਟੇ ਭਾਈ ਕਦੇ ਨੱਢੀ ਦੇ ਦਰਸ਼ਣ ਤਾਂ ਪੁਆ ਦਿੰਦਾ! ਮੈਂ ਫੇਰ ਵੀ ਜੇਠ ਆਂ ਯਾਰ! ਛੜਾ ਜੇਠ ਬੋਹੜ ਦਾ ਬੂਟਾ-ਹਿੱਕ ਉਤੇ ਰਹੇ ਝੂਲਦਾ।" ਉਸ ਨੇ ਕਵੀਸ਼ਰੀ ਕੀਤੀ।
ਉਹ ਹੱਸ ਪਏ।
-"ਅਸਲ ਵਿਚ ਆਹ ਐ ਫ਼ਕੀਰੀ! ਜਿਹੜੀ ਤੇਰੇ ਵਿਚ ਐ ਬਾਈ ਜੈਬਿਆ-ਫ਼ਕੀਰੀ ਜੰਗਲਾਂ ਵਿਚ ਜਾ ਕੇ ਨਹੀਂ ਮਿਲਦੀ-ਦਰਵੇਸ਼ਤਾ ਧੂੰਣੇਂ ਤਾਪ ਕੇ ਨਸੀਬ ਨਹੀਂ ਹੁੰਦੀ-ਫ਼ਕੀਰੀ ਅਤੇ ਦਰਵੇਸ਼ਤਾ ਦਾ ਵਾਸ ਤਾਂ ਕੁਦਰਤੀ ਹੀ ਮਨ ਵਿਚ ਹੁੰਦੈ।"
-"ਨਾ ਰੱਬ ਮਿਲਦਾ ਨ੍ਹਾਤਿਆਂ ਧੋਤਿਆਂ ਤੋਂ-ਨਾ ਰੱਬ ਮਿਲਦਾ ਜੰਗਲ ਉਜਾੜ ਬਾਈ---!"
-"ਜੈਬਿਆ ਤੂੰ ਨਹੀਂ ਕਿਤੇ ਦਿਲ ਰੰਗੀਨ ਕੀਤਾ?" ਗੁਰਕੀਰਤ ਹੱਸ ਕੇ ਬੋਲਿਆ।
-"ਕਿੱਥੇ ਬਾਈ ਗੁਰਕੀਰਤ! ਇਹ ਤਾਂ ਪਾੜ੍ਹਿਆਂ ਦੇ ਕਰਮਾਂ 'ਚ ਈ ਐ-ਮੈਂ ਤਾਂ ਨਿਆਣਾ ਹੁੰਦਾ ਈ ਮੱਝਾਂ ਮਗਰ ਲੱਗ ਗਿਆ-ਮਾੜਾ ਜਿਆ ਉਡਾਰ ਹੋਇਆ-ਦਿਹਾੜੀ ਜਾਣ ਲੱਗ ਪਿਆ-ਜੁਆਨੀ ਆਈ-ਸੀਰੀ ਰਲ ਗਿਆ-ਆਸ਼ਕੀ ਕਿਹੜੇ ਸੰਨ੍ਹ 'ਚ ਕਰਦਾ? ਸੱਚੀ ਗੱਲ ਐ ਬਾਈ ਐਹੋ ਜਿਹੇ ਕੰਮਾਂ ਆਸਤੇ ਸੁਰਤ ਈ ਨਹੀਂ ਆਈ-ਫੇਰ ਪੱਲੇ ਪੈ ਗਈ ਚੁੜੇਲ ਤੀਮੀਂ-ਉਹ ਹੁਣ ਤੱਕ ਦਾਣਿਆਂ ਮਾਂਗੂੰ ਭੁੰਨਦੀ ਆਉਂਦੀ ਐ।" ਜੈਬੇ ਦਾ ਨਸ਼ਾ ਖੋਟਾ ਹੋ ਗਿਆ। ਉਸ ਨੇ ਇਕ ਗਿਲਾਸ ਭਰ ਕੇ ਹੋਰ ਅੰਦਰ ਸੁੱਟ ਲਿਆ। ਬਿੱਲਾ ਬਿਲਕੁਲ ਚੁੱਪ ਬੈਠਾ ਸੀ।
-"ਜਦੋਂ ਬੰਦੇ ਦੀਆਂ ਇੱਛਾਵਾਂ ਵਧ ਜਾਂਦੀਐਂ-ਉਦੋਂ ਬੰਦਾ ਦੁਖੀ ਹੁੰਦੈ ਬਾਈ ਜੈਬਿਆ! ਜਦੋਂ ਬੰਦਾ ਬਿਨਾ ਪਾਣੀ ਤੋਂ ਮੌਜੇ ਲਾਹੁੰਦੈ-ਉਦੋਂ ਤਬਾਹੀ ਵੱਲ ਨੂੰ ਤਿਲ੍ਹਕਦੈ-ਜਦੋਂ ਬੰਦਾ ਰੁੱਖੀ ਮਿੱਸੀ ਨੂੰ ਵੀ, ਤੂੰ ਦਾਤਾ ਦਾਤਾਰ।। ਤੇਰਾ ਦਿੱਤਾ ਖਾਵਣਾ।। ਆਖ ਕੇ ਖਾਂਦੈ-ਉਦੋਂ ਰੂਹ ਨੂੰ ਕੋਈ ਸ਼ਕਾਇਤ ਹੀ ਨਹੀਂ ਰਹਿ ਜਾਂਦੀ।"
-"ਇਹ ਤਾਂ ਹੈ ਬਾਈ ਸਿਆਂ।"
-"ਰੂਹ ਉਦੋਂ ਈ ਸੰਤੁਸ਼ਟ ਰਹਿੰਦੀ ਐ-ਜਦੋਂ ਇਨਸਾਨ ਰੱਬ ਦੀ ਦਿੱਤੀ ਹਰ ਦਾਤ ਦਾ ਖਿੜੇ ਮਨ ਨਾਲ ਸੁਆਗਤ ਕਰਦੈ-ਸੁੱਖ ਦੁੱਖ ਵਿਚ ਵੀ ਉਸ ਦਾ ਸ਼ੁਕਰਗੁਜ਼ਾਰ ਰਹਿੰਦੈ-ਧੁਰ ਕੀ ਬਾਣੀ ਕਹਿੰਦੀ ਐ: ਸੁਖ ਦੁਖ ਦੋਇ ਦਰ ਕਪਰੇ।। ਪਹਿਰੇ ਜਾਇ ਮਾਨੁੱਖ।। ਇਹਦਾ ਮਤਲਬ ਐ ਸੁਖ ਅਤੇ ਦੁੱਖ ਦੋਨੋਂ ਕੱਪੜਿਆਂ ਦੀ ਤਰ੍ਹਾਂ ਹਨ-ਮਾਨੁੱਖ ਪਹਿਨਦਾ ਰਹਿੰਦੈ।"
ਸੂਰਜ ਡੁੱਬਣ 'ਤੇ ਉਹ ਘਰੇ ਪਹੁੰਚ ਗਏ।
ਪੂਰੇ ਪੰਦਰਾਂ ਦਿਨਾਂ ਬਾਅਦ ਗੁਰਕੀਰਤ ਨੇ ਸ਼ੁਕਲੇ ਨੂੰ ਫ਼ੋਨ ਕੀਤਾ।
-"ਸਰਦਾਰ ਬਹਾਦਰ-ਤੁਸੀਂ ਮੈਨੂੰ ਸ਼ਾਮ ਨੂੰ ਫ਼ੋਨ ਕਰੋ-ਸਾਰੀ ਡਿਟੇਲ ਦੱਸ ਦਿਆਂਗਾ।" ਉਸ ਨੇ ਆਖਿਆ।
ਸ਼ਾਮ ਨੂੰ ਗੁਰਕੀਰਤ ਨੇ ਫਿਰ ਫ਼ੋਨ ਕੀਤਾ।
-"ਸਰਦਾਰ ਗੁਰਕੀਰਤ ਸਿੰਘ ਜੀ ਵਧਾਈਆਂ!" ਉਹ ਲਾਚੜਿਆ ਦੱਸ ਰਿਹਾ ਸੀ।
-"ਥੋਨੂੰ ਵੀ ਵਧਾਈਆਂ ਜੀ!"
-"ਗੱਲ ਐਨੀ ਐਂ-।" ਕਹਿ ਕੇ ਸ਼ੁਕਲੇ ਨੇ ਗੱਲ ਦਾ ਰੁੱਖ ਮੋੜਿਆ। ਆਨੇ ਵਾਲੀ ਥਾਂ 'ਤੇ ਆਇਆ।
-"ਤੁਸੀਂ ਅਗਲੇ ਹਫ਼ਤੇ ਰਕਮ ਲੈ ਕੇ ਦਿੱਲੀ ਪਹੁੰਚੋ-ਹਰਮਨਪ੍ਰੀਤ ਦੀ ਫ਼ਲਾਈਟ ਵੀਰਵਾਰ ਜਾਂ ਸ਼ੁਕਰਵਾਰ ਦੀ ਹੋਵੇਗੀ।"
-"ਠੀਕ ਐ ਜੀ।"
-"ਗਰਮ ਕੱਪੜੇ ਬਗੈਰਾ ਸੰਵਾਅ ਲਏ?"
-"ਹਾਂ ਜੀ।"
-"ਬੱਸ ਸਰਦਾਰ ਬਹਾਦਰ-ਬੁੱਧਵਾਰ ਨੂੰ ਪਹੁੰਚ ਜਾਓ-ਰੱਬ ਦਾ ਨਾਂ ਲੈ ਕੇ।"
-"ਪਰ ਦਿੱਲੀ ਬਹੁਤ ਵੱਡੀ ਐ ਜੀ-ਪਹੁੰਚੀਏ ਕਿਹੜੀ ਥਾਂ?"
-"ਤੁਸੀਂ ਟਰੇਨ 'ਤੇ ਈ ਆਵੋਂਗੇ?"
-"ਹਾਂ ਜੀ!"
-"ਦਿੱਲੀ ਸਟੇਸ਼ਨ 'ਤੇ ਉਤਰ ਕੇ ਆਟੋ ਰਿਕਸ਼ਾ ਫੜ ਲਇਓ ਤੇ ਕਨਾਟ ਪਲੇਸ ਪਹੁੰਚ ਜਾਇਓ-ਜੇ ਯਾਦ ਨਹੀਂ ਰਹਿਣਾ ਤਾਂ ਲਿਖ ਲਓ।"
-"ਨਹੀਂ ਯਾਦ ਰਹੂ ਜੀ।"
-"ਤੁਸੀਂ ਇਉਂ ਕਰੋ-ਕਨਾਟ ਪਲੇਸ ਨਾ ਜਾਇਓ-ਤੁਸੀਂ ਪਹਾੜ ਗੰਜ ਪਹੁੰਚਿਓ-ਪਹਾੜ ਗੰਜ-ਠੀਕ ਐ?"
-"ਹਾਂ ਜੀ-ਪਹਾੜ ਗੰਜ ਪਹੁੰਚ ਗਏ।" ਗੁਰਕੀਰਤ ਨੇ ਲਿਖਣਾ ਸ਼ੁਰੂ ਕਰ ਦਿੱਤਾ।
-"ਉਥੋਂ ਚੰਚਲ ਹੋਟਲ ਨਾਲ ਈ ਐ-ਚੰਚਲ ਹੋਟਲ ਜਾ ਕੇ ਕਮਰਾ ਲੈ ਲਇਓ-ਮੈਂ ਤੇ ਮੇਰਾ ਬੌਸ ਤੁਹਾਨੂੰ ਚੰਚਲ ਹੋਟਲ 'ਚ ਈ ਮਿਲਾਂਗੇ-ਔਰ ਹਾਂ! ਬੌਸ ਨਾਲ ਤੁਸੀਂ ਕੋਈ ਗੱਲ ਨਹੀਂ ਕਰਨੀ-ਬੜਾ ਹਰਾਮਜ਼ਾਦਾ ਬੰਦਾ ਹੈ! ਹੋਰ ਨਾ ਬਣਿਆਂ ਬਣਾਇਆ ਕੰਮ ਖਰਾਬ ਕਰ ਦੇਵੇ! ਸਾਹਬ ਬਹਾਦਰ ਗੁਰਕੀਰਤ ਸਿੰਘ ਜੀ! ਤੁਸੀਂ ਪੜ੍ਹੇ ਲਿਖੇ ਇਨਸਾਨ ਹੋ-।"
-"ਜੀ-।"
-"ਬਾਈ ਗਾਡ! ਬਿਲੀਵ ਮੀ-ਹੀ ਇੱਜ਼ ਵੈਰ੍ਹੀ ਵੈਰ੍ਹੀ ਸਟੂਪਿੱਟ ਮੈਨ-ਡੋਂਟ ਟਾਕ ਵਿੱਦ ਹਿੰਮ!"
-"ਡੋਂਟ ਵਰੀ ਅਬਾਊਟ ਦੈਟ-ਸ਼ੁਕਲਾ ਜੀ।" ਗੁਰਕੀਰਤ ਨੇ ਕਿਹਾ। ਉਸ ਨੂੰ ਇਤਨਾ ਜ਼ਰੂਰ ਖੁੜਕ ਗਈ ਸੀ ਕਿ ਜਿਹੜਾ ਸ਼ੁਕਲਾ ਵਾਰ-ਵਾਰ ਬੌਸ ਨਾਲ ਗੱਲ ਕਰਨ ਤੋਂ ਮਨਾਹੀ ਕਰ ਰਿਹਾ ਸੀ, ਦਾਲ ਵਿਚ ਕੁਝ ਕਾਲਾ ਜ਼ਰੂਰ ਸੀ। ਕੋਈ ਗੱਲ ਜ਼ਰੂਰ ਸੀ, ਜਿਹੜੀ ਸਾਡੇ ਅਤੇ ਉਸ ਦੇ ਬੌਸ ਦੇ ਵਿਚਕਾਰ ਨਸ਼ਰ ਨਹੀਂ ਹੋਣ ਦੇਣੀ ਚਾਹੁੰਦਾ ਸੀ।
-"ਬਾਕੀ ਰਕਮ ਦਾ ਖਿਆਲ ਰੱਖਿਓ! ਦਿੱਲੀ ਜੇਬ ਕਤਰੇ ਬਹੁਤ ਹਨ-ਟਰੇਨਾਂ ਵਿਚ ਵੀ ਜੇਬ ਕਤਰੇ ਸਫ਼ਰ ਕਰਦੇ ਐ।"
-"ਠੀਕ ਐ ਜੀ!"
-"ਦਿੱਲੀ ਹੀ ਮੁਲਾਕਾਤ ਹੋਵੇਗੀ ਸਾਹਬ ਬਹਾਦਰ।" ਸ਼ੁਕਲਾ ਫ਼ੋਨ ਕੱਟ ਗਿਆ।
-"ਤੇਰੇ ਨਾਲੋਂ ਵੱਡਾ ਜੇਬ ਕਤਰਾ ਕਿਹੜਾ ਹੋਊ? ਸਾਰੇ ਜੇਬ ਕਤਰਿਆਂ ਦੀ ਨਾਨੀ ਤਾਂ ਤੂੰ ਐਂ।" ਗੁਰਕੀਰਤ 'ਬੁੜ-ਬੁੜ' ਕਰਦਾ ਬਾਹਰ ਨਿਕਲ ਆਇਆ।
-"ਕੀ ਕਹਿੰਦਾ?" ਬਿੱਲੇ ਨੇ ਪੁੱਛਿਆ। ਉਹ ਬਾਹਰ ਹੀ ਕੁਰਸੀ ਡਾਹੀ ਬੈਠਾ ਸੀ।
-"ਬੁੱਧਵਾਰ ਨੂੰ ਦਿੱਲੀ ਪਹੁੰਚਣੈਂ-ਸ਼ਾਇਦ ਵੀਰਵਾਰ ਜਾਂ ਸ਼ੁਕਰਵਾਰ ਦੀ ਫ਼ਲਾਈਟ ਐ।"
ਉਹ ਪੈਦਲ ਹੀ ਹੋ ਤੁਰੇ।
-"ਕੱਲ੍ਹ ਨੂੰ ਇਕ ਤਾਂ ਖਰੀਦੀਏ ਅਟੈਚੀ-ਤੇ ਨਾਲੇ ਦੱਸੀਏ ਬਾਪੂ ਜੀ ਨੂੰ-ਪੈਸਿਆਂ ਦਾ ਪ੍ਰਬੰਧ ਵੀ ਕਰ ਲੈਣਗੇ।"
-"ਘਰੇ ਕੀ ਦੱਸੀਏ?"
-"ਸੱਚ-ਹੋਰ ਘਰੇ ਕੀ ਦੱਸਣੈਂ?"
ਉਹ ਦਿਲ 'ਕਰੜਾ' ਕਰਨ ਲਈ ਖੇਤ ਜੈਬੇ ਕੋਲ ਪਹੁੰਚ ਗਏ। ਦੋ-ਦੋ ਪੈੱਗ ਲਾ ਕੇ ਘਰੇ ਆ ਗਏ।
ਬੁੱਧਵਾਰ ਨੂੰ ਤੁਰਨ ਬਾਰੇ ਸੁਣ ਕੇ ਬੇਬੇ ਨੂੰ ਗਸ਼ ਪੈਣ ਵਾਲੀ ਹੋ ਗਈ। ਪਰ ਉਸ ਨੇ ਦਿਲ 'ਤੇ ਕਾਬੂ ਪਾ ਕੇ ਬਿੱਲੇ ਲਈ ਖੋਆ ਮਾਰਨਾ ਸ਼ੁਰੂ ਕਰ ਦਿੱਤਾ। ਬੇਬੇ ਅੰਦਰੋ ਅੰਦਰੀ ਰੋਂਦੀ ਵੀ ਰਹੀ ਸੀ।
ਬੇਬੇ ਸਾਰੀ ਰਾਤ ਖੋਆ ਮਾਰਦੀ ਰਹੀ।
ਕਿੰਦਰ ਅਤੇ ਮਿੰਦਰ ਨੂੰ ਵੀ ਸਾਰੀ ਰਾਤ ਨੀਂਦ ਨਹੀਂ ਪਈ ਸੀ। ਇਕੱਲਾ-ਇਕੱਲਾ ਗਊ ਵਰਗਾ ਵੀਰ ਜਾ ਰਿਹਾ ਸੀ। ਜਿਸ ਨੇ ਕਦੇ ਉਨ੍ਹਾਂ ਨੂੰ "ਫਿੱਟੇ-ਮੂੰਹ" ਤੱਕ ਨਹੀਂ ਕਿਹਾ ਸੀ। ਲੋਕਾਂ ਦੇ ਜੁਆਕਾਂ ਵਾਂਗ ਉਹ ਕਦੇ ਲੜੇ ਨਹੀਂ ਸਨ। ਰਲ ਮਿਲ ਕੇ ਰਹੇ ਸਨ। ਇਕ-ਦੂਜੇ ਨੂੰ ਮੂੰਹ ਦੀ ਬੁਰਕੀ ਕੱਢ ਕੇ ਵੀ ਦਿੱਤੀ ਸੀ।
ਉਹ ਸਾਰੀ ਰਾਤ ਪਲਸੇਟੇ ਮਾਰਦੀਆਂ ਰਹੀਆਂ।
ਜਿਵੇਂ ਮੰਜਾ ਉਹਨਾਂ ਦੇ ਚੂੰਢੀਆਂ ਵੱਢਦਾ ਰਿਹਾ ਸੀ।
ਉਹ ਸਵੇਰੇ ਉਠੇ।
ਸ਼ਹਿਰ ਪਹੁੰਚ ਕੇ ਇਕ ਅਟੈਚੀ ਖਰੀਦ ਲਿਆ। ਦੌਧਰ ਵਾਲਿਆਂ ਦੀ ਦੁਕਾਨ ਤੋਂ ਬੁਰਸ਼, ਜੁਰਾਬਾਂ, ਕੰਘਾ ਅਤੇ ਕਾਲਗੇਟ ਖਰੀਦ ਕੇ ਅਟੈਚੀ ਵਿਚ ਸੁੱਟ ਲਿਆ।
ਅਟੈਚੀ ਰੇਹੜੇ 'ਤੇ ਰੱਖ ਪਿੰਡ ਤੋਰ ਦਿੱਤਾ ਅਤੇ ਆਪ ਚੱਕ-ਤਾਰੇਵਾਲ ਆ ਗਏ।
ਬਾਪੂ ਜੀ ਨੂੰ ਸਾਰੀ ਗੱਲ ਦੱਸੀ।
-"ਗੱਲ ਇਲ ਐ ਗੁਰਕੀਰਤ।" ਬਾਪੂ ਜੀ ਨੇ ਸੰਜੀਦਾ ਹੁੰਦਿਆਂ ਕਿਹਾ।
-"ਦੱਸੋ ਬਾਪੂ ਜੀ?"
-"ਆਪਾਂ ਰੇਲ ਗੱਡੀ 'ਤੇ ਨਾ ਚੱਲੀਏ-ਰਕਮ ਦਾ ਕੰਮ ਐਂ-ਜੇ ਕੋਈ ਥੁੱਕ ਲਾ ਗਿਆ-ਲੁੱਟੇ ਜਾਵਾਂਗੇ ਨਾਲੇ ਮੂਰਖ ਕਹਾਵਾਂਗੇ।"
-"ਫੇਰ?"
-"ਗੋਲਡੀ ਨੂੰ ਕਹਿ-ਇਕ ਗੱਡੀ ਕਰਦੂ।"
-"ਕਿਹੜੇ ਗੋਲਡੀ ਨੂੰ ਜੀ?"
-"ਦੌਧਰ ਆਲੇ ਨੂੰ-ਓਹ ਜਾਣੇਂ-ਜਿੱਥੇ ਐਨਾ ਖੂਹ ਪੱਟਣੈਂ-ਉਥੇ ਦੋ ਹਜਾਰ ਹੋਰ ਲੱਗਜੂ-ਇਕ ਤਾਂ ਸੌਖੇ ਜਾਵਾਂਗੇ-ਤੇ ਇਕ ਚੋਰੀ ਚੱਪੇ ਦਾ ਡਰ ਨ੍ਹੀ ਰਹੂ।"
-"ਠੀਕ ਐ ਜੀ।"
-"ਕੱਪੜੇ ਲੱਤੇ ਤਿਆਰ ਐ ਪੁੱਤ?"
-"ਹਾਂ ਜੀ।"
-"ਹੋਰ ਕੁਛ ਲੈਣੈਂ ਤਾਂ ਲੈਲਾ-ਅਜੇ ਚਾਰ ਦਿਨ ਆਪਣੇ ਕੋਲੇ ਹੈਗੇ ਐ।"
-"ਸਭ ਕੁਛ ਲੈ ਲਿਆ ਬਾਪੂ ਜੀ।"
ਅਗਲੇ ਦਿਨ ਬਾਪੂ ਜੀ ਨੇ ਹਰ ਕਿਸੇ ਤੋਂ ਚੋਰੀ ਕਰਵਾਈ ਐੱਫ਼ ਡੀ ਤੁੜਵਾ ਲਈ। ਉਹ ਇਸ ਰਕਮ ਨੂੰ ਕਿਸੇ ਧਾਰਮਿਕ ਕੰਮ ਲਈ ਵਰਤਣਾ ਚਾਹੁੰਦਾ ਸੀ। ਕੁਛ ਬੈਂਕ 'ਚੋਂ ਅਤੇ ਕੁਛ ਆੜ੍ਹਤੀਏ ਤੋਂ ਫੜ ਕੇ ਰਕਮ ਪੂਰੀ ਕਰ ਲਈ।
ਪੂਰਾ ਚਾਰ ਲੱਖ ਰੁਪਈਆ ਬਾਪੂ ਜੀ ਨੇ ਬੋਝੇ ਵਿਚ ਪਾ ਲਿਆ। ਟੈਕਸੀ ਅਤੇ ਬਾਕੀ ਫੁਟਕਲ ਖਰਚੇ ਤਕਸੀਮ ਕਰ ਲਏ।
ਟੈਕਸੀ ਦਾ ਪ੍ਰਬੰਧ ਗੋਲਡੀ ਰਾਹੀਂ ਗੁਰਕੀਰਤ ਨੇ ਕਰ ਲਿਆ ਸੀ। ਪੂਰੀ ਤਿਆਰੀ ਸੀ।
ਬਾਕੀ ਅਗਲੇ ਹਫ਼ਤੇ....