ਤਰਕਸ਼ ਟੰਗਿਆ ਜੰਡ (ਕਾਂਡ 9)

ਬਿੱਲਾ, ਗੁਰਕੀਰਤ ਅਤੇ ਬਾਪੂ ਜੀ ਬਿੱਲੇ ਦੇ ਪਿੰਡ ਪਹੁੰਚ ਗਏ। ਦਿਨ ਛੁਪ ਗਿਆ ਸੀ।
ਬੇਬੇ, ਜੀਤ ਕੌਰ ਨੂੰ ਸਾਰੀ ਗੱਲ ਦੱਸੀ ਜਾ ਚੁੱਕੀ ਸੀ। ਉਹ ਵਾਰ-ਵਾਰ ਮਨ ਭਰਦੀ ਸੀ। ਮਿੰਦਰ ਅਤੇ ਕਿੰਦਰ ਵੀ ਨਾਨਾ ਜੀ ਦੇ ਨਾਲ ਲੱਗੀਆਂ ਬੈਠੀਆਂ ਸਨ। ਦਿਲੋਂ ਹਰਾਸੀਆਂ-ਹਰਾਸੀਆਂ ਹੋਈਆਂ। ਘੋਰ ਉਦਾਸ!
-"ਬਾਪੂ ਜੀ---!" ਜੀਤੋ ਨੇ ਪੱਲੇ ਨਾਲ ਅੱਖਾਂ ਪੂੰਝਦਿਆਂ ਕਿਹਾ।
-"ਬੋਲ ਧੀਏ---!"
ਉਹ ਬੜੇ ਹੀ ਸੰਖੇਪ ਬੋਲ ਰਹੇ ਸਨ।
-"ਪਹਿਲਾਂ ਸਿਰ ਦਾ ਸਾਈਂ ਦਗਾ ਦੇ ਕੇ ਜੱਗੋਂ ਤੁਰ ਗਿਆ-ਹੁਣ ਢਿੱਡ ਦੀ ਆਂਦਰ ਪ੍ਰਦੇਸਾਂ ਨੂੰ---!" ਬੇਬੇ ਤੋਂ ਗੱਲ ਪੂਰੀ ਨਹੀਂ ਹੋ ਸਕੀ ਸੀ।
-"ਭੈਣ ਮੇਰੀਏ---!" ਬਾਪੂ ਦੇ ਸਿਰ ਸੁੱਟਣ Ḕਤੇ ਗੱਲ ਗੁਰਕੀਰਤ ਨੇ ਆਪਣੇ ਹੱਥ ਲੈ ਲਈ।
-"ਕਈ ਵਾਰ ਵਕਤ ਹੀ ਕੁਛ ਅਜਿਹਾ ਹੁੰਦੈ-ਬੰਦੇ ਨੂੰ ਮਰਦੇ ਨੂੰ ਅੱਕ ਚੱਬਣਾ ਹੀ ਪੈਂਦੈ-ਪੂਰੇ ਪੰਜਾਬ ਦੀ ਕੀ ਦੁਰਗਤੀ ਹੋ ਰਹੀ ਐ-ਕਿਸਾਨ ਕਰਜੇ ਹੇਠ ਦੱਬੇ ਖੁਦਕਸ਼ੀਆਂ ਕਰ ਰਹੇ ਐ-ਕਾਂਗਰਸੀਆਂ ਦੀ ਤਾਂ ਗੱਲ ਛੱਡੋ-ਅਕਾਲੀ ਲੀਡਰ ਵੀ ਪੰਜਾਬ ਦੇ ਗਲ ਮਰਿਆ ਸੱਪ ਬਣ ਕੇ ਪਏ ਹੋਏ ਐ-ਮਰਨ ਦਾ ਕਿਸੇ ਨੂੰ ਕੋਈ ਚਾਅ ਨਹੀਂ ਹੁੰਦਾ-ਜਦੋਂ ਕੋਈ ਚਾਰਾ ਨਾ ਦਿਸੇ-ਬੰਦਾ ਅੰਨ੍ਹੇ ਵਾਂਗ ਖੂਹ Ḕਚ ਹੀ ਡਿੱਗਦੈ।"
-"ਗੁਰਕੀਰਤ! ਤੂੰ ਵੀ ਇਹਦਾ ਈ ਪੱਖ ਪੂਰਦੈਂ? ਪੜ੍ਹਿਆ ਲਿਖਿਆ ਹੋ ਕੇ ਤੇਰੇ ਡਮਾਕ ਨੂੰ ਕੀ ਪੁੱਠੀ ਭਮਾਲੀ ਆਗੀ? ਘਰੇ ਮਾੜੀ ਮੋਟੀ ਜਮੀਨ ਐਂ-ਉਹਦੇ ਨਾਲ ਈ ਦਿਨ ਤੋੜ ਲਵਾਂਗੇ।"
-"ਪਰ ਭੈਣੇ! ਬੱਕਰੇ ਦੀ ਮਾਂ ਕਦੋਂ ਕੁ ਤੱਕ ਸੁੱਖ ਮਨਾਊ? ਦੋ ਸਿਆੜ ਜਮੀਨ ਕੀ ਕਰੂਗੀ? ਜੱਟ ਨੂੰ ਤਕਾਵੀ ਬਿਨਾ ਸਰਨਾ ਨਹੀਂ-ਕਿਸ਼ਤਾਂ ਨਾ ਮੁੜੀਆਂ ਤਾਂ ਧਾੜਵੀਆਂ ਨੇ ਜਮੀਨ ਆ ਦੱਬਣੀ ਐਂ-ਫੇਰ ਕਿਹੜੀ ਮੋਰੀ ਨਿਕਲੋਂਗੇ?"
-"ਗੁਰਕੀਰਤ-ਭਰਾਵਾ ਅਸੀਂ ਤਾਂ ਇਕ ਦੀ ਥਾਂ ਪ੍ਰਦੇਸ ਨਾਲੋਂ ਅੱਧੀ ਖਾਲਾਂਗੇ-ਕੁੜੀਆਂ ਆਬਦੇ ਘਰੇ ਜਾ ਵੜਨਗੀਆਂ-ਸਾਡੀ ਕਿੱਡੀ ਕੁ ਕਬੀਲਦਾਰੀ ਰਹਿਜੂ? ਇਕ ਨੂੰਹ ਹੋਊ-ਇਕ ਪੁੱਤ ਤੇ ਇਕ ਮੈਂ-ਮੈਂ ਤਾਂ ਵੀਰ ਮੇਰਿਆ ਇਕ ਰੋਟੀ ਦੀ ਈ ਭਾਈਵਾਲ ਐਂ-ਚਾਹੇ ਮਿਰਚ ਨਾਲ ਬੇਹੀ ਹੀ ਮਿਲ ਜਾਵੇ।"
-"ਜੀਤੋ---!" ਬਾਪੂ ਕਾਫ਼ੀ ਦੇਰ ਬਾਅਦ ਬੋਲਿਆ ਸੀ। ਉਸ ਨੇ ਖੂੰਡੀ ਮੰਜੇ ਦੇ ਸੇਰੂ Ḕਤੇ ਖੜਕਾਈ।
ਬੇਬੇ ਨੇ ਗੁਰਮੁਖ ਬਾਪੂ ਜੀ ਵੱਲ ਤੱਕਿਆ।
-"ਜਦੋਂ ਕੋਈ ਗੱਲ ਤੁਰ ਪਵੇ-ਫੇਰ ਨੰਨਾਂ ਨਾ ਪਾਈਏ-ਗੁਰੂ ਜੋ ਕਰਦੈ-ਚੰਗਾ ਈ ਕਰਦੈ-ਆਪਾਂ ਇਹਨੂੰ ਭੇਜ ਕੇ ਦੇਖ ਲੈਨੇ ਐਂ-ਜੇ ਨਾ ਦਿਲ ਲੱਗਿਆ-ਮੁੜ ਆਊ।"
-"ਇਉਂ ਬਾਪੂ ਜੀ ਟਾਟੇ ਆਲੀ ਢੇਰੀ Ḕਤੇ ਬੈਠੇ ਐਂ? ਕੁੜੀਆਂ ਬੂਹਿਓਂ Ḕਠਾਉਣ ਦਾ ਫ਼ਿਕਰ ਤੋੜ-ਤੋੜ ਖਾਂਦੈ।"
-"ਮੈਂ ਕਾਹਦੇ ਆਸਤੇ ਬੈਠੈਂ? ਮੈਂ ਮਰ ਨਹੀਂ ਗਿਆ ਅਜੇ! ਕੁੜੀਆਂ ਦੇ ਬਿਆਹ ਮੈਂ ਕਰੂੰ-ਅਜੰਟ ਨੂੰ ਪੈਸੇ ਮੈਂ ਦਿਊਂ-ਆੜ੍ਹਤੀਏ ਦਾ ਕਰਜਾ ਮੈਂ ਲਾਹੂੰ-ਹੋਰ ਦੱਸ? ਊਂ ਤਾਂ ਜੇ ਹਰਮਨ ਬਾਹਰ ਸੈੱਟ ਹੋ ਗਿਆ-ਸਾਰੇ ਪ੍ਰੀਵਾਰ ਦੇ ਈ ਧੋਣੇ ਧੋਤੇ ਜਾਣਗੇ-ਬੈਲ ਕੋਈ ਇਹਨੂੰ ਨਹੀਂ-ਐਬ ਕੋਈ ਇਹਨੂੰ ਨਹੀਂ-ਆਪਾਂ ਕਿਹੜਾ ਕਿਸੇ ਜੂਏ Ḕਤੇ ਖਰਾਬ ਕਰਨੇ ਐਂ? ਗੁਰਕੀਰਤ ਦੇ ਦੋਸਤ ਨੇ ਹਿੱਕ ਥਾਪੜੀ ਐ-ਕਹਿੰਦਾ ਇਹਨੂੰ ਸਾਂਭ ਮੈਂ ਲਊਂ-ਅਜੰਟ ਕਹਿੰਦਾ ਜਰਮਨ ਇਹਨੂੰ ਮੈਂ ਪੁਚਾਊਂ-ਜੇ ਨਾ ਪੈਰ ਲੱਗੇ-ਉਹ ਜਾਣੇ ਮੁੜ ਆਊ-ਕਰਨਾ ਸਾਰਾ ਕੁਛ ਗੁਰੂ ਨੇ ਐ।"
-"ਜੱਟ ਆਲਾ ਧੰਦ ਤਾਂ ਜਦੋਂ ਮਰਜੀ ਐ ਆ ਕੇ ਪਿੱਟ ਲਵੇ-ਉਹ ਤਾਂ ਕਿੱਧਰੇ ਗਿਆ ਹੀ ਨਹੀਂ।" ਗੁਰਕੀਰਤ ਨੇ ਕਿਹਾ।
-"ਇਹ ਤਾਂ ਗੁਰਕੀਰਤ ਤੇਰੀ ਗੱਲ ਸੋਲਾਂ ਆਨੇ ਐਂ-ਧੰਦ ਪਿੱਟਦਿਆਂ ਸਾਰੀ ਉਮਰ ਲੰਘ ਗਈ-ਪੁਰਾਣੇ ਲੰਗਾਰ ਈ ਲੋਟ ਨ੍ਹੀ ਆਏ।" ਜੀਤ ਕੌਰ ਨੇ ਕਿਹਾ। ਉਸ ਦੀ ਲਿਉੜ ਲਿਪਦੀ ਦੀ ਉਮਰ ਬੀਤ ਗਈ ਸੀ। ਬਾਰਸ਼ਾਂ ਵੇਲੇ ਕੋਠਿਆਂ ਦੀਆਂ ਚਿਉਂਦੀਆਂ ਮੋਰੀਆਂ ਬੰਦ ਕਰਦੀ ਦੇ ਹੱਥ ਪੱਕ ਗਏ ਸਨ। ਗੋਹਾ ਕੂੜਾ ਕਰਦੀ ਦੇ ਸਿਰ ਵਿਚ ਅੱਟਣ ਪੈ ਗਏ ਸਨ। ਖੇਤ ਰੋਟੀਆਂ ਢੋਂਹਦੀ ਦੀਆਂ ਲੱਤਾਂ ਸੋਟੇ ਬਣ ਗਈਆਂ ਸਨ।
ਉਸ ਨੇ ਦੀਵੇ ਦੀ ਲਾਟ ਵਾਂਗ ਡੋਲਦੇ ਦਿਲ ਨਾਲ ਅੱਧੀ ਕੁ ਸਹਿਮਤੀ ਦੇ ਦਿੱਤੀ ਸੀ।
ਬੇਬੇ ਨੂੰ ਸਾਰੀ ਰਾਤ ਨੀਂਦ ਨਹੀਂ ਆਈ ਸੀ।
ਉਹ ਸਾਰੀ ਰਾਤ ਮੰਜੇ Ḕਤੇ ਪਈ ਪਲਸੇਟੇ ਮਾਰਦੀ ਰਹੀ ਸੀ।
-"ਜੀਤੋ, ਸੌਂ ਗਈ ਪੁੱਤ?" ਬਾਪੂ ਜੀ ਨੇ ਇਕ ਵਾਰ ਪੁੱਛਿਆ ਸੀ। ਪਰ ਉਹ ਜਾਗਦੀ ਹੋਈ ਵੀ, ਜਾਣ ਕੇ ਚੁੱਪ ਰਹੀ ਸੀ। ਉਹ ਬਾਪੂ ਦਾ ਦਿਲ ਕੁਝ ਆਖ ਕੇ ਦੁਖੀ ਨਹੀਂ ਕਰਨਾ ਚਾਹੁੰਦੀ ਸੀ। ਆਠਰੇ ਜ਼ਖਮ ਉਚੇੜਨਾ ਨਹੀਂ ਚਾਹੁੰਦੀ ਸੀ। ਬਾਪੂ ਜੀ ਵੀ "ਵਾਹਿਗੁਰੂ" ਆਖ ਕੇ ਪੈ ਗਏ ਸਨ। ਉਹ ਵੀ ਢਕੀ ਹੀ ਰਿੱਝਣ ਦੇਣਾ ਚਾਹੁੰਦੇ ਸਨ।
ਦਿਨ ਚੜ੍ਹਿਆ।
ਸੰਸਾਰ ਹਰਕਤ ਵਿਚ ਆ ਗਿਆ ਸੀ।
ਉਹਨਾਂ ਨੇ ਚਾਹ ਪੀ ਕੇ ਹਾਜਰੀ ਰੋਟੀ ਖਾਧੀ ਅਤੇ ਬੱਸ ਫੜ ਕੇ ਸ਼ਹਿਰ ਆ ਗਏ। ਬਾਪੂ ਜੀ ਨੇ ਆੜ੍ਹਤੀਏ ਤੋਂ ਇੱਕੀ ਹਜ਼ਾਰ ਰੁਪਏ ਫੜ ਲਏ।
-"ਜੇ ਕੱਟਣੇ ਹੋਏ ਸਾਉਣੀ ਦੀ ਫਸਲ Ḕਚੋਂ ਕੱਟ ਲਈਂ-ਜੇ ਚਾਹੇਂ ਤਾਂ ਪਰਸੋਂ ਬੈਂਕ Ḕਚੋਂ ਕਢਵਾ ਕੇ ਦੇ ਦਿਊਂ।" ਬਾਪੂ ਜੀ ਨੇ ਆਪਣੇ ਆੜ੍ਹਤੀਏ ਨੂੰ ਕਿਹਾ।
-"ਕਿਹੜੀ ਗੱਲ ਕਰ ਦਿੱਤੀ ਮਿੱਤ ਸਿਆਂ? ਆਪਣੀ ਸਾਰੀ ਜਿੰਦਗੀ ਲੰਘ ਗਈ ਵਰਤਦਿਆਂ ਦੀ-ਕਦੇ ਕੋਈ ਉਨੀ-ਇੱਕੀ ਹੋਈ ਐ? ਜੇ ਹੋਰ ਚਾਹੀਦੇ ਐ ਤਾਂ ਹੋਰ ਲੈ ਜਾਹ।" ਬਰਾਬਰ ਉਮਰ ਦੇ ਆੜ੍ਹਤੀਏ ਨੇ ਕਿਹਾ। ਮਿੱਤ ਸਿੰਘ ਉਸ ਦੀ ਮੋਟੀ ਅਸਾਮੀ ਸੀ। ਹਿਸਾਬ ਕਿਤਾਬ ਪੱਖੋਂ ਲੱਠਾ ਬੰਦਾ!
ਉਹ ਸ਼ੁਕਲੇ ਕੋਲ ਆ ਗਏ।
ਸ਼ੁਕਲਾ ਉਹਨਾਂ ਨੂੰ ਦੇਖ ਕੇ ਬਾਂਦਰ ਵਾਂਗ ਲਾਚੜ ਗਿਆ। ਉਸ ਨੇ ਬਹਾਦਰ ਨੂੰ ਕਹਿ ਕੇ ਤੁਰੰਤ ਚਾਹ ਮੰਗਵਾ ਲਈ।
-"ਫੋਟੋ ਲਿਆਂਦੀਆਂ?" ਪੈਂਦੀ ਸੱਟੇ ਸ਼ੁਕਲੇ ਨੇ ਪੁੱਛਿਆ। ਪੁੱਛਣਾ ਤਾਂ ਉਸ ਨੇ "ਪੈਸੇ ਲਿਆਂਦੇ?" ਸੀ। ਪਰ ਉਹ ਕੱਚੀਆਂ ਗੋਲੀਆਂ ਖੇਡਣ ਵਾਲਾ ਬੰਦਾ ਨਹੀਂ ਸੀ। ਹੰਢਿਆ ਵਰਤਿਆ ਚਤਰ ਬੰਦਾ ਸੀ। ਕੁੜਿੱਕੀ ਵਿਚ ਅੜੇ ਸ਼ਿਕਾਰ ਨੂੰ ਉਹ ਬੜੇ ਢੰਗ ਤਰੀਕੇ ਨਾਲ "ਹਲਾਲ" ਕਰਦਾ ਸੀ। ਤੱਤਾ ਖਾ ਕੇ ਮੂੰਹ ਮਚਾਉਣਾ ਉਸ ਦੀ ਫ਼ਿਤਰਤ ਨਹੀਂ ਸੀ।
-"ਲੈ ਬਈ ਫੋਟੋ ਭੁੱਲ ਆਏ!" ਗੁਰਕੀਰਤ ਨੇ ਮੱਥੇ Ḕਤੇ ਹੱਥ ਮਾਰਿਆ।
-"ਕਿੱਥੋਂ ਲੁਹਾਈਆਂ ਸੀ?"
-"ਆਹ ਥੋਡੇ ਨਾਲ ਈ-ਖੂੰਜੇ Ḕਤੇ ਈ ਦੁਕਾਨ ਐਂ।"
-"ਫੇਰ ਫਿਕਰ ਨਾ ਕਰੋ-ਮੰਗਵਾ ਲੈਨੇ ਐਂ।" ਸ਼ੁਕਲੇ ਨੇ ਟੇਬਲ-ਬੈੱਲ ਵਜਾਈ।
ਬਹਾਦਰ ਹਾਜ਼ਰ ਸੀ।
-"ਬਹਾਦਰ! ਸ਼ਰਮਾ ਜੀ ਤੋਂ ਸਰਦਾਰ ਜੀ ਹੋਰਾਂ ਦੀਆਂ ਫੋਟੋਆਂ ਲੈ ਕੇ ਆ-ਪਰਚੀ ਲੈ ਜਾਹ-ਪੈਸੇ ਦੇ ਦਿਓ!"
-"ਉਹ ਤਾਂ ਅਸੀਂ ਕੱਲ੍ਹ ਹੀ ਦੇ ਦਿੱਤੇ ਸੀ ਜੀ।" ਗੁਰਕੀਰਤ ਨੇ ਪਰਚੀ ਫੜਾਊਂਦਿਆਂ ਕਿਹਾ।
ਬਹਾਦਰ ਮੁੰਡਾ ਨਹੀਂ "ਹਨ੍ਹੇਰੀ" ਸੀ।
ਉਹ ਫੋਟੋ ਫੜ ਕੇ ਤੁਰੰਤ ਮੁੜ ਆਇਆ।
-"ਮੇਰੀ ਕੱਲ੍ਹ ਦਿੱਲੀ ਮੇਨ ਪਾਵਰ ਵਾਲਿਆਂ ਨਾਲ ਗੱਲ ਹੋ ਗਈ ਐ ਸਰਦਾਰ ਬਹਾਦਰ-ਕੱਲ੍ਹ ਨੂੰ ਮੈਂ ਫੋਟੋ ਲੈ ਕੇ ਦਿੱਲੀ ਜਾਵਾਂਗਾ-ਹਰਮਨਪ੍ਰੀਤ ਦਾ ਪਾਸਪੋਰਟ ਵੀ ਮੇਨ ਪਾਵਰ ਵਾਲੇ ਬਣਵਾ ਦੇਣਗੇ-ਵੀਜ਼ਾ ਲੱਗ ਜਾਵੇਗਾ।"
-"ਆਹ ਲਓ ਬਾਬੂ ਜੀ ਥੋਡੀ ਅਮਾਨਤ।" ਬਾਪੂ ਜੀ ਨੇ ਅੰਦਰਲੀ ਜੇਬ ਵਿਚੋਂ ਵੀਹ ਹਜ਼ਾਰ ਰੁਪਏ ਸ਼ੁਕਲੇ ਦੇ ਮੇਜ਼ Ḕਤੇ ਰੱਖ ਦਿੱਤੇ।
-"ਇਹ ਤਾਂ ਵੱਡੇ ਕੰਜਰਾਂ ਦੇ ਐ ਬਾਪੂ ਜੀ! ਪਾਸਪੋਰਟ ਬਣਵਾਉਣ ਲਈ ਸਿੱਧਾ ਹੀ ਪੱਚੀ ਹਜਾਰ ਮੰਗਦੇ ਸੀ-ਦਸ ਹਜਾਰ Ḕਤੇ ਮਸਾਂ ਈ ਮਨਾਏ-ਬੜੇ ਕੁੱਤੇ ਐ ਹਰਾਮਜ਼ਾਦੇ-ਨੌਕਰੀ ਕਰਨ ਦਾ ਤਾਂ ਸਾਹਬ ਬਹਾਦਰ ਕੋਈ ਹੱਜ ਈ ਨ੍ਹੀ ਰਿਹਾ।" ਵੀਹ ਹਜ਼ਾਰ ਰੁਪਏ ਗਿਣ ਕੇ ਉਸ ਨੇ ਬੈਗ ਵਿਚ ਪਾਉਂਦਿਆਂ ਦੁੱਖ ਰੋਇਆ।
-"ਵੀਹ ਹਜਾਰ ਆ ਗਿਆ ਸਾਹਬ ਬਹਾਦਰ-ਤਿੰਨ ਲੱਖ ਨੱਬੇ ਹਜਾਰ ਦਿੱਲੀ ਲੈ ਆਇਓ।" ਉਸ ਨੇ ਫੋਟੋ ਵੀ ਬੈਗ ਵਿਚ ਸੁੱਟ ਲਈਆਂ।
-"ਕੋਈ ਰਸੀਦ ਸ਼ੁਕਲਾ ਜੀ?" ਗੁਰਕੀਰਤ ਬੋਲਿਆ ਤਾਂ ਸ਼ੁਕਲਾ ਪਾਗਲਾਂ ਵਾਂਗ ਹੱਸ ਪਿਆ।
-"ਸਰਦਾਰ ਜੀ! ਇਹ ਰੱਬ ਦੀ ਧਰਤੀ ਵਿਸ਼ਵਾਸ ਆਸਰੇ ਖੜ੍ਹੀ ਐ-ਨਹੀਂ ਹੁਣ ਨੂੰ ਗਰਕ ਨਾ ਜਾਂਦੀ? ਤੁਹਾਡੀ ਰਕਮ ਸਾਡੇ ਰਜਿਸਟਰ ਵਿਚ ਦਰਜ ਹੋ ਚੁੱਕੀ ਐ-ਬੇਧੜਕ-ਬੇਫ਼ਿਕਰ ਹੋ ਕੇ ਜਾਓ।" ਉਸ ਨੇ ਇਕ ਤਰ੍ਹਾਂ ਨਾਲ ਬਾਹਰ ਜਾਣ ਦਾ ਇਸ਼ਾਰਾ ਦਿੱਤਾ।
-"ਬਾਬੂ ਜੀ ਥੋਡੇ ਮੇਰੇ ਸੰਨ੍ਹ ਰੱਬ ਐ।"
-"ਸਾਹਬ ਬਹਾਦਰ! ਬਾਪੂ ਜੀ! ਮੈਂ ਤੁਹਾਡਾ ਪੁੱਤਰ ਹਾਂ! ਇਤਬਾਰ ਕਰੋ-ਅਸੀਂ ਵੀ ਰੋਟੀ ਇਸੇ ਸ਼ਹਿਰ Ḕਚੋਂ ਈ ਕਮਾਉਣੀ ਐਂ-ਤੁਹਾਡੇ ਨਾਲ ਵਲ-ਫੇਰ ਕਰ ਕੇ ਅਸੀਂ ਜਾਣਾ ਕਿੱਥੇ ਐ?"
-"ਸ਼ੁਕਲਾ ਜੀ-ਹੁਣ ਕਦੋਂ ਆਈਏ?"
ਗੁਰਕੀਰਤ ਨੇ ਉਸ ਦੀ Ḕਟੈਂ-ਟੈਂḔ ਤੋਂ ਅੱਕ ਕੇ ਕਿਹਾ।
-"ਕੱਲ੍ਹ ਨੂੰ ਮੈਂ ਦਿੱਲੀ ਜਾਵਾਂਗਾ-ਪੂਰੇ ਪੰਦਰਾਂ ਦਿਨਾਂ ਨੂੰ ਮੈਨੂੰ ਫੋਨ ਕਰ ਲੈਣਾ-ਆਹ ਮੇਰਾ ਕਾਰਡ ਹੈ।" ਉਸ ਨੇ ਉਹਨਾਂ ਨੂੰ "ਦਫ਼ਾ ਹੋਣ" ਦਾ ਇਸ਼ਾਰਾ ਕਰ ਦਿੱਤਾ।
ਉਹ ਤੁਰ ਗਏ।
ਅਗਲੇ ਦਿਨ ਸ਼ੁਕਲੇ ਨੇ ਤਾਂ ਦਿੱਲੀ ਕੀ ਜਾਣਾ ਸੀ? ਫ਼ੋਟੋ ਦੇ ਕੇ ਬਹਾਦਰ ਨੂੰ ਤੋਰ ਦਿੱਤਾ। ਉਪਰਲੇ ਕੰਮਾਂ Ḕਤੇ ਸਿਰਫ਼ ਬਹਾਦਰ ਹੀ ਹੁੰਦਾ ਸੀ। ਸ਼ੁਕਲਾ ਤਾਂ ਸਿਰਫ਼ ਪੈਸੇ ਉਗਰਾਹੁਣ ਹੀ ਦਿੱਲੀ ਜਾਂਦਾ ਸੀ। ਜਾਂ ਫਿਰ ਪਾਸਪੋਰਟ ਲੈ ਕੇ ਉਹ ਖੁਦ ਜਾਂਦਾ ਸੀ।
ਦਿੱਲੀ ਏਜੰਟਾਂ ਦੀ ਇਕ ਮੰਡੀ ਸੀ। ਜਿੱਥੇ ਪੰਜਾਬੀ ਮੁੰਡੇ ਇਕ ਤਰ੍ਹਾਂ ਨਾਲ ਇਸ ਮੰਡੀ ਵਿਚ ਪਸ਼ੂਆਂ ਵਾਂਗ ਵੇਚੇ ਜਾਂਦੇ ਸਨ। ਪੰਜਾਬ ਵਿਚ ਤੁਰਿਆ ਅੱਤਿਵਾਦ ਅਤੇ ਮਾਰੋ-ਮਾਰ ਕਰਦੀ ਬੇਰੁਜ਼ਗਾਰੀ ਏਜੰਟਾਂ ਲਈ ਇਕ ḔਵਰਦਾਨḔ ਬਣ ਕੇ ਬਹੁੜੀ ਸੀ। ਯੂਰਪ ਦੇ ਬਾਰਾਂ ਦੇਸ਼ ਇਕੱਠੇ ਹੋਣ ਕਾਰਨ ਬਣੀ "ਯੂਰਪੀਅਨ ਯੂਨੀਅਨ" ਨੇ ਏਜੰਟਾਂ ਦੀ ਇਸ ਮੰਡੀ ਦੀਆਂ ਹੋਰ ਲਹਿਰਾਂ ਬਹਿਰਾਂ ਕੀਤੀਆਂ ਸਨ। ਏਜੰਟਾਂ ਦਾ ਯੂਰਪੀਅਨ ਯੂਨੀਅਨ ਬਣਨ ਤੋਂ ਪਹਿਲਾਂ ਜਿਹੜਾ ਰੇਟ ਢਾਈ-ਤਿੰਨ ਲੱਖ ਰੁਪਏ ਚੱਲਦਾ ਸੀ, ਉਹੀ ਰੇਟ ਯੂਰਪੀਅਨ ਯੂਨੀਅਨ ਬਣਨ ਤੋਂ ਬਾਅਦ ਸਿੱਧਾ ਚਾਰ, ਸਾਢੇ ਚਾਰ ਲੱਖ Ḕਤੇ ਪੁੱਜ ਗਿਆ ਸੀ। ਇਕ ਮੁੰਡੇ ਮਗਰ ਸਿੱਧਾ ਹੀ ਡੇੜ੍ਹ-ਦੋ ਲੱਖ ਰੁਪਏ ਮੁਨਾਫ਼ਾ!!
ਦਿੱਲੀ ਇਕ ਸੌਦਾ-ਘਰ ਸੀ।
ਦਿੱਲੀ ਇਕ ਕਤਲਗਾਹ ਸੀ। ਜਿੱਥੇ ਏਜੰਟ ਬਾਹਰ ਜਾਣ ਦੇ ਇੱਛੁਕ ਮੁੰਡਿਆਂ ਨੂੰ ਬੜੀ ਰੀਝ ਨਾਲ "ਹਲਾਲ" ਕਰਦੇ ਸਨ। ਫੇਰ ਲੂਣ-ਮਸਾਲੇ ਲਾ-ਲਾ ਕੇ ਛਕ-ਛਕਾਈ ਕਰਦੇ ਸਨ। ਏਜੰਟ, ਮਜ਼ਬੂਰ ਮੁੰਡਿਆਂ ਦੇ ਜਜ਼ਬਾਤਾਂ ਅਤੇ ਦਿਲਾਂ ਦੇ ਦਰਦ ਦੀ ਮਿਣਤੀ ਕਰਨ ਨਹੀਂ ਜਾਣਦੇ ਸਨ। ਉਹ ਤਾਂ ਉਹਨਾਂ ਨੂੰ Ḕਬਲੀ ਦਾ ਬੱਕਰਾḔ ਸਮਝ ਕੇ ਸਿਰਫ਼ ਟੋਕਾ ਵਾਹੁੰਣਾ ਹੀ ਜਾਣਦੇ ਸਨ। ਫਿਰ ਉਹਨਾਂ ਦੀ ਖੱਲ ਕਿਤੇ, ਮਾਸ ਕਿਤੇ ਅਤੇ ਲਹੂ ਕਿਤੇ ਵੇਚਿਆ ਜਾਂਦਾ ਸੀ। ਉਹਨਾਂ ਦੇ ਜਜ਼ਬਾਤਾਂ ਨੂੰ ਉੱਖਲੀ ਵਿਚ ਪਾ ਕੇ ਕੁੱਟਿਆ ਜਾਂਦਾ ਅਤੇ ਦਿਲੀ-ਦਰਦ ਨੂੰ ਛੱਜ ਵਿਚ ਪਾ ਕੇ ਛੱਟਿਆ ਜਾਂਦਾ। ḔਹਰਾਮḔ ਦੀ ਕੀਤੀ ਕਮਾਈ ਨਾਲ ਰਾਤ ਨੂੰ ਵਲੈਤੀ ਦਾਰੂ ਅਤੇ ਕੁੱਕੜ ਉਡਦੇ। ਸਾਰੀ-ਸਾਰੀ ਰਾਤ ਪੈਸੇ ਆਸਰੇ "ਹੁਸਨ" ਮਾਣਿਆਂ ਨਹੀਂ, ਖਾਧਾ ਜਾਂਦਾ। ਕਲੱਬਾਂ ਵਿਚ ਸ਼ਬਾਬ ਦਾ ਆਨੰਦ ਨਹੀਂ ਸੀ ਲਿਆ ਜਾਂਦਾ, ਸਗੋਂ ਚੂੰਡਿਆ ਜਾਂਦਾ। ਕਈ ਮਜ਼ਬੂਰ ਅਤੇ ਕਈ Ḕਰੰਗੀਨ-ਮਿਜਾਜḔ ਕੁੜੀਆਂ ਨੂੰ ਵਰਤਿਆ ਨਹੀਂ, ਮਧੋਲਿਆ ਜਾਂਦਾ। ਸ਼ਰਾਬ ਦਾ ਨਸ਼ਾ ਹੁਸਨ ਨੂੰ ਪਿੰਜਦਾ ਰਹਿੰਦਾ। ਰੰਗਰਲੀਆਂ ਮਨਾਉਣ ਦੀਆਂ ਆਦੀ, Ḕਸ਼ੌਕੀਨḔ ਕੁੜੀਆਂ ਤਾਂ ਆਪਣੀ ḔਭਲḔ ਪੂਰੀ ਕਰ ਲੈਂਦੀਆਂ। ਪਰ ਆਰਥਿਕ ਪੱਖੋਂ ਇਸ ਕਿੱਤੇ ਵਿਚ ਪਈਆਂ ਮਜ਼ਬੂਰ ਕੁੜੀਆਂ ਨੂੰ, ਬੁਲਡੋਜ਼ਰ ਵਰਗੇ ਬੰਦੇ ਦੇ ਹੇਠ ਪਈਆਂ ਨੂੰ, ਆਪਣੀਆਂ ਹੱਡੀਆਂ ਟੁੱਟਦੀਆਂ ਮਹਿਸੂਸ ਹੁੰਦੀਆਂ। ਉਹ ਸ਼ਰਾਬੀ ਅਤੇ ਟੈਂਕ ਵਰਗੇ ਬੰਦੇ ਦੀ ਕਾਮ-ਪੂਰਤੀ ਕਰਨ ਤੋਂ ਬਾਅਦ ਕਈ-ਕਈ ਦਿਨ ਉਖੜੀ ਪੀੜ੍ਹੀ ਵਾਂਗ ਬੈੱਡ ਵਿਚ ਹੀ ਪਈਆਂ ਰਹਿੰਦੀਆਂ। ਕਿੱਤੇ ਦੇ ਯੋਗ ਨਾ ਰਹਿੰਦੀਆਂ। ਪਰ ਆਰਥਿਕ ਪੱਖੋਂ ਬੁਰੀ ਤਰ੍ਹਾਂ ਟੁੱਟੀਆਂ ਹੋਈਆਂ ਨੂੰ ਮਜ਼ਬੂਰੀ ਫਿਰ ਉਂਗਲ ਲਾ ਕੇ ਤੋਰ ਲੈਂਦੀ।
ਉਹਨਾਂ ਨੂੰ ਫਿਰ ਮਜ਼ਬੂਰੀਵੱਸ ਹਰ ਰਾਤ "ਭਵਸਾਗਰ" ਪਾਰ ਕਰਨਾ ਪੈਂਦਾ। ਉਹਨਾਂ ਨੂੰ ਆਪਣੇ ਸਰੀਰ Ḕਚੋਂ ਬੁਰੀ ਜਿਹੀ ਬੂਅ ਆਉਂਦੀ। ਅਣਚਾਹਤ, ਅੰਦਰ ਡਿੱਗਿਆ ਦਲਿੱਦਰ ਉਹਨਾਂ ਦੀ ਮਾਨਸਿਕ ਦਸ਼ਾ ਨੂੰ ਬੁਰੀ ਤਰ੍ਹਾਂ ਨਾਲ ਘਾਇਲ ਕਰਦਾ। ਜਦ ਅੰਦਰ ਨਿਰ-ਇੱਛਤ, ਕੋਸੀ-ਕੋਸੀ ḔਧਾਰḔ ਡਿੱਗਦੀ, ਤਾਂ ਗਰਭਵਤੀ ਹੋਣ ਦਾ ਡਰ ਉਹਨਾਂ ਦਾ ਕਾਲਜਾ ਕੱਢ ਲੈਂਦਾ ਅਤੇ ਉਹ ਘੰਟਿਆਂ ਬੱਧੀ ਕਲੱਬ ਦੇ ਫ਼ੁਆਰੇ ਹੇਠ ਖੜ੍ਹ ਕੇ ਇਸ ਕਲੰਕ ਨੂੰ ਬਾਹਰ ਕੱਢਣ ਲਈ ਯਤਨਸ਼ੀਲ ਰਹਿੰਦੀਆਂ। ਉਹਨਾਂ ਨੂੰ ਬੁਰੀ ਤਰ੍ਹਾਂ ਨਾਲ ਕਚਿਆਣ ਜਿਹੀ ਆਉਂਦੀ ਅਤੇ ਹੇਠਲੇ ਪਾਏ ਕੱਪੜੇ "ਚਿੱਪ-ਚਿੱਪ" ਕਰਦੇ ਜਾਪਦੇ। ਪਰ ਦਿੱਲੀ ਦੀ ਅਯਾਸ਼, ਪਰ ਮਹਿੰਗੀ ਜ਼ਿੰਦਗੀ ਉਹਨਾਂ ਦੇ ਪੈਰਾਂ ਦੀ ਬੇੜੀ ਬਣ ਜਾਂਦੀ। ਡਿੱਕਡੋਲੇ ਜਿਹੇ ਖਾਂਦੀ ਜ਼ਿੰਦਗੀ ਦੀ ਗੱਡੀ ਫਿਰ ਲੀਹ Ḕਤੇ ਜਾ ਪੈਂਦੀ।
ਉਹਨਾਂ ਦਾ ਹਰ ਰਾਤ ਕਤਲ ਹੁੰਦਾ। ਇੱਛਾ ਅਤੇ ਜ਼ਮੀਰ ਦਾ ਹਰ ਰਾਤ ਬਲਾਤਕਾਰ ਕੀਤਾ ਜਾਂਦਾ। ਜਜ਼ਬੇ ਮਸਲ ਦਿੱਤੇ ਜਾਂਦੇ। ਚਾਅਵਾਂ ਅਤੇ ਮਲਾਰਾਂ ਨੂੰ ਸੂਲੀ ਟੰਗਿਆ ਜਾਂਦਾ। ਅਹਿਸਾਸ ਦਫ਼ਨ ਹੋ ਜਾਂਦਾ। ਸਵੇਰ ਹੁੰਦਿਆਂ ਪਿੱਛੇ ਕੀ ਰਹਿ ਜਾਂਦਾ? ਕੋਹਲੂ-ਗੇੜ ਜ਼ਿੰਦਗੀ! ਮਰੇ ਹੋਏ ਸੁਪਨਿਆਂ ਦਾ ਜਨਾਜਾ! ਕਿਣਕਾ-ਕਿਣਕਾ ਹੋ ਕੇ ਕਿਰ ਰਹੀ ਜ਼ਿੰਦਗੀ ਦੀ ਮੜ੍ਹੀ! ਡੁੱਬ ਕੇ ਮਰਦੇ ਜਾ ਰਹੇ ਅਰਮਾਨਾਂ ਦੀ ਚਿਖ਼ਾ! ਤੇ ਫਿਰ---ਰਾਤ ਨੂੰ ਫਿਰ ਉਸੀ ਰੋਹੀ-ਬੀਆਬਾਨ ਦਾ ਸਫ਼ਰ! ਉਜਾੜਾਂ ਭਰਿਆ ਸਫ਼ਰ! ਹਨ੍ਹੇਰੇ ਵਿਚ ਭਟਕਿਆ ਸਫ਼ਰ! ਕਤਲਗਾਹ ਦਾ ਸਫ਼ਰ!


*************


ਕਈ ਦਿਨ ਹੋ ਗਏ ਸਨ, ਬਿੱਲਾ ਸੀਤਲ ਨੂੰ ਮਿਲਣ ਨਹੀਂ ਆਇਆ ਸੀ। ਸੀਤਲ ਲਈ ਤਾਂ ਜਿਵੇਂ ਜੁੱਗੜੇ ਬੀਤ ਗਏ ਸਨ। ਸਦੀ ਲੰਘ ਗਈ ਸੀ। ਉਸ ਲਈ ਸਮੇਂ ਦੇ ਪਲ, ਪਹਾੜ ਬਣੇ ਹੋਏ ਸਨ।
ਉਹ ਐੱਸ ਟੀ ਡੀ Ḕਤੇ ਬੈਠੀ ਬਾਹਰ ਸੜਕ ਵੱਲ ਹੀ ਝਾਕਦੀ ਰਹਿੰਦੀ। ਜਿਵੇਂ ਬਿੱਲਾ ਕਿਸੇ ਦੇਵਤੇ ਵਾਂਗ ਪ੍ਰਗਟ ਹੋਵੇਗਾ। ਕਿਸੇ ਪਤਾਲ ਵਿਚੋਂ ਨਿਕਲੇਗਾ ਜਾਂ ਅਕਾਸ਼ੋਂ ਉਤਰੇਗਾ। ਉਸ ਦੇ ਦਿਲ ਅੰਦਰੋਂ ਅਜ਼ੀਬ-ਅਜ਼ੀਬ ਵਿਚਾਰ ਉਭਰਦੇ। ਡਰਾਉਣੇ ਖਿਆਲ ਕੁਰਲਾਹਟ ਕਰਦੇ। ਆਤਮਾ ਅੰਦਰੋਂ ਟੀਸ ਉਠਦੀ ਤਾਂ ਉਹ ਪੀੜ ਨਾਲ ਕਲੇਜਾ ਘੁੱਟ ਲੈਂਦੀ।
-"ਕਿਵੇਂ ਐਂ ਬਿੱਲੀਏ---!" ਪਿਛਲੇ ਦਰਵਾਜੇ ਵੱਲੋਂ ਕਿੱਟੀ ਬੋਲੀ। ਉਹ ਉਸ ਨੂੰ ਚਿੜਾਉਣ ਖਾਤਰ ਬਿੱਲੇ ਕਰਕੇ ḔਬਿੱਲੀḔ ਆਖਦੀ।
-"-----।" ਸੀਤਲ ਸਹਿਜ-ਸੁਭਾਅ ਬੈਠੀ ਹੋਣ ਕਾਰਨ ਡਰ ਗਈ। ਉਸ ਨੇ ਦਿਲ Ḕਤੇ ਹੱਥ ਰੱਖ ਲਿਆ।
-"ਨੀ ਡਰ ਗਈ---!" ਉਹ ਤਾੜੀ ਮਾਰ ਕੇ ਹੱਸੀ।
-"ਚੌੜ ਨਾ ਕਰ ਕਿੱਟੀ---!"
-"ਕਿਉਂ? ਕੀ ਭੜ੍ਹਾਕਾ ਪੈ ਗਿਆ?"
-"-----।"
-"ਨੀ ਕੀ ਹੋਇਐ ਤੈਨੂੰ? ਬੋਲਦੀ ਕਿਉਂ ਨਹੀਂ?"
-"ਦਿਲ ਨਹੀਂ ਕਰਦਾ।"
-"ਕਾਹਤੋਂ ਨਹੀਂ ਕਰਦਾ? ਹਾਂ---ਸਮਝ ਗਈ! ਅੱਜ ਬਿੱਲਾ ਨਹੀਂ ਮਿਲਿਆ ਹੋਣਾ? ਸੀਨੇ ਸੱਟ ਜਿੰਨ੍ਹਾਂ ਨੇ ਖਾਧੀ---।"
-"ਉਹਨੂੰ ਤਾਂ ਕਈ ਦਿਨ ਹੋ ਗਏ ਮਿਲੇ ਨੂੰ।" ਕਿੱਟੀ ਦੀ ਗੱਲ ਕੱਟ ਕੇ ਸੀਤਲ ਬੋਲੀ।
-"ਕਿਉਂ? ਕਾਹਤੋਂ? ਕਿਹੜੀ ਕੂਟੀਂ ਚਲਿਆ ਗਿਆ ਉਹ ਘੋਗਲਕੰਨਾਂ?"
-"ਪਤਾ ਨਹੀਂ-ਫੋਨ ਵੀ ਨਹੀਂ ਕੀਤਾ ਕਿਤੋਂ-ਮੈਨੂੰ ਤਾਂ ਡਰ ਲੱਗੀ ਜਾਂਦੈ ਕਿੱਟੀ।"
-"ਨੀ ਕਾਹਦਾ ਡਰ?" ਕਿੱਟੀ ਸੀਤਲ ਨਾਲੋਂ ਵੱਡੀ ਹੋਣ ਕਾਰਨ ਉਸ ਨੂੰ ḔਝੁੱਡੂḔ ਹੀ ਸਮਝਦੀ ਸੀ।
-"ਕਿਤੇ ਸੱਸੀ, ਸੋਹਣੀ, ਸ਼ੀਰੀ ਅਤੇ ਸਾਹਿਬਾਂ ਵਾਲਾ ਇਤਿਹਾਸ ਮੇਰੇ Ḕਤੇ ਨਾ ਦੂਹਰ ਲਾ ਜਾਵੇ?"
ਕਿੱਟੀ ਹੱਸ ਪਈ।
-"ਉਹ ਤਾਂ ਜਿਹੜਾ ਕਮਲਾ ਸੀ-ਸੀਗਾ ਈ! ਮੈਨੂੰ ਲੱਗਦੈ ਤੂੰ ਵੀ ਪਾਗਲ ਹੋ ਗਈ।"
-"ਹਾਂ-ਹਾਂ ਮੈਂ ਪਾਗਲ ਹੋ ਗਈ---!" ਉਹ ਚੀਕ ਉਠੀ।
-"-----!" ਕਿੱਟੀ ਠਠੰਬਰ ਗਈ।
ਉਸ ਨੇ ਸੀਤਲ ਨੂੰ ਕਦੇ ਉਚੀ ਬੋਲਦੇ ਵੀ ਨਹੀਂ ਸੁਣਿਆਂ ਸੀ। ਉਹ ਠੰਢੀ ਠਾਰ ਹੋਈ ਖੜ੍ਹੀ ਸੀ।
-"ਮੈਨੂੰ ਐਹੋ ਜਿਹਾ ਰੋਗ ਲੱਗ ਗਿਆ ਕਿੱਟੀ! ਨਾ ਮੈਂ ਜਿਉਂਦਿਆਂ ਵਿਚ ਨਾ ਮਰਿਆਂ ਵਿਚ!" ਸੀਤਲ ਦੀ ਅਵਾਜ਼ ਧੀਮੀ ਹੋ ਗਈ ਸੀ।
-"-----।"
-"ਮੈਨੂੰ ਮੁਆਫ਼ ਕਰਨਾ ਕਿੱਟੀ-ਮੈਂ ਥੋੜਾ ਉਚੀ ਬੋਲ ਗਈ।" ਸੀਤਲ ਨੂੰ ਅਫ਼ਸੋਸ ਹੋਇਆ। ਉਹ ਤਾਂ ਬਗੈਰ ਕਿਸੇ ਕਸੂਰ ਤੋਂ ਹੀ ਕਿੱਟੀ ਦੇ ਗਲ ਪੈ ਚੱਲੀ ਸੀ।
-"ਸੀਤਲ! ਮੈਂ ਤੇਰੇ ਦਿਲ ਦਿਮਾਗ ਦੀ ਹਾਲਤ ਸਮਝਦੀ ਐਂ-ਪਰ ਕਦੇ ਵੀ ਆਪੇ ਤੋਂ ਬਾਹਰ ਨਾ ਹੋਈਏ-ਜਜ਼ਬਾਤਾਂ ਨੂੰ ਕਾਬੂ ਰੱਖੀਏ-ਲੜਨ ਝਗੜਨ ਅਤੇ ਚੀਕਣ ਨਾਲ ਕੰਮ ਰਾਸ ਨਹੀਂ ਆਉਂਦੇ-ਧਹੰਮਲ ਤੋਂ ਕੰਮ ਲੈ।"
-"-----।" ਸੀਤਲ ਚੁੱਪ-ਚਾਪ, ਸਿੱਧੀ-ਸਲੋਟ ਕਿੱਟੀ ਵੱਲ ਤੱਕ ਰਹੀ ਸੀ।
-"ਇਉਂ ਤਾਂ ਤੂੰ ਸੱਚੀਂ ਪਾਗਲ ਹੋ ਜਾਵੇਂਗੀ! ਤੇਰੇ ਘਰਦੇ ਕਿਵੇਂ ਸਹਿਣ ਕਰਨਗੇ? ਆਪ ਦੁਖੀ ਐਂ-ਉਹਨਾਂ ਨੂੰ ਦੁਖੀ ਕਰੇਂਗੀ-ਕੀ ਫ਼ਾਇਦਾ? ਬੇਬੇ ਅੱਗੇ ਈ ਦੁਖੀ ਐ-ਚੱਲ ਬੱਬੂ ਕੋਲੇ ਚੱਲਦੀਐਂ-ਉਹ ਦੱਸ ਸਕਦੈ ਕੁਛ।"
ਦੁਪਿਹਰੋਂ ਬਾਅਦ ਉਹ ਬੱਬੂ ਕੋਲ ਪੁੱਜ ਗਈਆਂ।
ਬੱਬੂ ਕਲੀਨਿਕ Ḕਤੇ ਇਕੱਲਾ ਹੀ ਸੀ।
-"ਬੱਬੂ! ਤੇਰਾ ਧੱਕ-ਮਕੌੜਾ ਕਿੱਥੇ ਐ?"
ਕਿੱਟੀ ਨੇ ਪੁੱਛਿਆ।
ਉਹ ਬਿਫ਼ਰੀ ਖੜ੍ਹੀ ਸੀ।
-"ਪਤਾ ਨਹੀਂ-ਕਈ ਦਿਨ ਹੋ ਗਏ ਦਿਸਿਆ ਨਹੀਂ-ਜਿੰਨਾਂ ਕੁ ਮੈਨੂੰ ਪਤੈ-ਉਹ ਨਾਨਕੀਂ ਗਿਆ ਸੀ-ਮੁੜ ਆਇਆ-ਪਤਾ ਨ੍ਹੀ, ਨਹੀਂ।"
-"ਫੋਨ ਫਾਨ ਤਾਂ ਕਰ ਲੈਂਦਾ? ਦੇਖ ਇਹਦਾ ਕੀ ਹਾਲ ਹੋਇਆ ਪਿਐ।"
-"ਹਾਏ ਮਰਜਾਂ! ਕਿਵੇਂ ਫੁੱਲ ਮਾਂਗੂੰ ਕੁਮਲਾਈ ਫਿਰਦੀ ਐ?" ਬੱਬੂ ਨੇ ਹਿੱਕ Ḕਤੇ ਹੱਥ ਧਰ ਕੇ ਆਖਿਆ ਤਾਂ ਸੀਤਲ ਮੁਸਕਰਾ ਪਈ। ਬਿੱਲੇ ਦੇ ਨਾਨਕੀਂ ਜਾਣ ਬਾਰੇ ਸੁਣ ਕੇ ਉਸ ਦਾ ਦਿਲ ਕੁਝ ਥਾਵੇਂ ਆ ਗਿਆ ਸੀ। ਡਰ ਲਹਿ ਗਿਆ ਸੀ। ਭਰਮ ਮੁੱਕ ਗਿਆ ਸੀ।
ਉਹ ਬੈਠ ਗਈਆਂ।
-"ਸੀਤਲ! ਇਕ ਗੱਲ ਆਖਾਂ?" ਬੱਬੂ ਨੇ ਲੰਮਾ ਸਾਹ ਲੈ ਕੇ ਪੁੱਛਿਆ ਤਾਂ ਸੀਤਲ ਨੇ ਅੱਖਾਂ ਝਮਕਾ ਕੇ ḔਹਾਂḔ ਵਿਚ ਸਿਰ ਹਿਲਾਇਆ।
-"ਜਦੋਂ ਦੇ ਤਾਇਆ ਜੀ ਮਰੇ ਐ-ਬਿੱਲੇ ਦੀਆਂ ਜਿੰਮੇਵਾਰੀਆਂ ਕਾਫ਼ੀ ਹੱਦ ਤੱਕ ਵਧ ਗਈਐਂ-ਉਹਨੂੰ ਸਮਝਣ ਦੀ ਕੋਸ਼ਿਸ਼ ਜਰੂਰ ਕਰ-ਪਿਉ ਮਰਨ ਤੋਂ ਬਾਅਦ ਉਹ ਕਈ ਪਾਸੀਂ ਵੰਡਿਆ ਗਿਆ-ਉਹਦੀ ਜਾਨ ਹੁਣ ਬਾਹਲੇ ਪਾਸੀਂ ਐ-ਜੇ ਉਹ ਕੁਝ ਦਿਨ ਨਾ ਵੀ ਮਿਲ ਸਕੇ ਤਾਂ ਤੂੰ ਉਹਨੂੰ ਮੁਆਫ਼ ਕਰਨ ਦੀ ਆਦਤ ਪਾ।"
-"ਸੁਣ ਗਿਆ ਬਿੱਲੀਏ---!" ਕਿੱਟੀ ਨੇ ਉਸ ਦੇ ਮੁੱਕੀ ਮਾਰੀ।
ਉਹ ਹੌਲੀਆਂ ਫੁੱਲ ਹੋ ਕੇ ਉਠ ਖੜ੍ਹੀਆਂ।
-"ਤੂੰ ਤਾਂ ਬਹਿ ਜਾ।" ਬੱਬੂ ਨੇ ਕਿੱਟੀ ਨੂੰ ਕਿਹਾ।
-"ਤੇਰੇ ਕੋਲੇ ਬਹਿੰਦੀ ਐ ਮੇਰੀ ਜੁੱਤੀ!" ਕਿੱਟੀ ਨੇ ਅੰਗੂਠਾ ਕੱਢ ਕੇ ਦਿਖਾ ਦਿੱਤਾ।
-"ਨਾ ਛੜੇ ਜੇਠ ਆਲਾ ਸਲੂਕ ਕਰ।"
ਕਿੱਟੀ ਨੇ ਵੱਡੀ ਸਾਰੀ ਜੀਭ ਕੱਢੀ।
-"ਬੁੱਢੀ ਹੋਈ ਤਰਸੇਂਗੀ-ਤੇਰੀ ਸਾਰ ਨਾ ਕਿਸੇ ਨੇ ਲੈਣੀ।"
-"ਬਥੇਰੇ ਮਿਲ ਜਾਣਗੇ।"
-"ਸਾਧ ਅਰਗਾ ਨ੍ਹੀ ਮਿਲਣਾ।"
-"ਚੱਲ ਸੀਤਲ ਚੱਲੀਏ-ਇਹ ਤਾਂ ਭੌਂਕੀ ਜਾਊ-ਵੱਡਾ ਸਾਧ!"
-"ਇਹਨੂੰ ਚਾਹ ਪਾਣੀ ਪਿਆ-ਊਂ ਈ ਮਾੜੇ ਟੱਟੂ ਮਾਂਗੂੰ ਡਿੱਗਦੀ ਜੀ ਫਿਰਦੀ ਐ।"
-"ਤੇਰਾ ਜੱਟ ਆਲਾ ਦਿਲ ਹੁੰਦਾ-ਹੁਣ ਨੂੰ ਇਹਦੇ ਗੁਲੂਕੋਜ ਦੀ ਬੋਤਲ ਲਾਈ ਹੁੰਦੀ।"
-"ਸਾਡੀਆਂ ਬੋਤਲਾਂ ਨਾਲ ਇਹਨੂੰ ਕੋਈ ਫਰਕ ਨਹੀਂ ਪੈਣਾ-ਇਹਨੂੰ ਤਾਂ ਟਿੱਲੇ ਆਲੇ ਸਾਧ ਦੀਆਂ ਪੁੜੀਆਂ ਈ ਲੋਟ ਕਰਨਗੀਆਂ।"
-"ਜਿੱਦੇਂ ਟਿੱਲੇ ਆਲਾ ਸਾਧ ਮਿਲ ਪਿਆ-ਉਦੇਂ ਉਹਦੇ ਵੀ ਝੱਗੇ ਦਾ ਮੇਚ ਲਊਂ ਟਿਕਾਅ ਕੇ।"
-"ਮੇਰੇ ਯਾਂਘੀਏ ਦਾ ਮੇਚ ਕੌਣ ਲਊ-ਸੀਤਲ?"
-"ਇਹਤੋਂ ਤਾਂ ਇਕ ਈ ਨ੍ਹੀ ਲੋਟ ਆਉਂਦਾ-ਤੇਰੇ ਜੋਗੀ ਨਹੀਂ ਰਹੀ ਹੁਣ ਇਹੇ-ਜੇ ਇਹਦਾ ਨਾਂ ਮੁੜ ਕੇ ਲਿਆ-ਤੇਰੀਆਂ ਬੋਦੀਆਂ ਜੀਆਂ ਜਰੂਰ ਪੱਟਣੀਆਂ ਪੈਣਗੀਆਂ।"
-"ਤੂੰ ਮੇਰੀ ਮਾਸ਼ੂਕ ਐਂ ਕਿ ਅੱਤਿਵਾਦਣ?"
-"ਜਿਹੜਾ ਕੁਛ ਤੂੰ ਸਮਝ ਲਵੇਂ।"
-"ਤੂੰ ਤਾਂ ਬਾਹਲੀ ਖਤਰਨਾਕ ਐਂ ਬਈ।"
-"ਅਜੇ ਤੂੰ ਦੇਖਿਆ ਈ ਕੀ ਐ?"
-"ਕਿੱਥੇ ਕਿਜੇ ਐ ਸੂਈ?"
-"ਖਤਰੇ ਆਲੇ ਨਿਸ਼ਾਨ ਤੋਂ ਥੋੜੀ ਈ ਥੱਲੇ ਐ।"
-"ਖਤਰੇ 'ਤੇ ਕਦੋਂ ਪਹੁੰਚ ਸਕਦੀ ਐ?"
-"ਜਦੋਂ ਬਾਹਰਲੀ ਖੁਰਨੀ Ḕਚ ਮੂੰਹ ਮਾਰਨ ਦੀ ਕੋਸ਼ਿਸ਼ ਕੀਤੀ, ਤਾਂ!"
-"ਜੇ ਬਾਹਰਲੀ ਖੁਰਨੀ ਮੇਰੇ ਕੋਲ ਆਊ-ਫੇਰ?"
-"ਫੇਰ ਦੋਹਾਂ ਨੂੰ ਈ ਖਤਰਾ।"
ਸਾਰੇ ਹੀ ਹੱਸ ਪਏ।


ਬਾਕੀ ਅਗਲੇ ਹਫ਼ਤੇ......