ਤਰਕਸ਼ ਟੰਗਿਆ ਜੰਡ (ਕਾਂਡ 8)

ਕਈ ਦਿਨ ਬਿੱਲਾ ਊਧ-ਮਧੂਣਾਂ ਜਿਹਾ ਤੁਰਿਆ ਫਿਰਦਾ ਰਿਹਾ। ਕਲੀਨਿਕ ਜਾਂਦਾ ਪਰ ਘੰਟੇ, ਦੋ ਘੰਟਿਆਂ ਬਾਅਦ ਫਿਰ ਮੁੜ ਆਉਂਦਾ। ਡਾਕਟਰ ਭਜਨ ਵੱਲੋਂ ਉਸ ਨੂੰ ਖੁੱਲ੍ਹੀ ਛੁੱਟੀ ਸੀ। ਆਪਣੇ ਧੁੰਦਲੇ ਭਵਿੱਖ ਬਾਰੇ ਸੋਚ-ਸੋਚ ਕੇ ਉਹ ਬੇਹੱਦ ਪ੍ਰੇਸ਼ਾਨ ਹੋ ਉਠਦਾ। ਸੀਤਲ ਦਾ ਸਾਥ ਵੀ ਉਸ ਨੂੰ ਧਰਵਾਸ ਨਾ ਦੁਆ ਸਕਦਾ। ਜਿਵੇਂ ਇਕ ਬਿਮਾਰ, ਮਰੀਜ਼ ਲਈ ਛੱਤੀ ਪਦਾਰਥ ਵੀ ਬੇਅਰਥ ਹੁੰਦੇ ਹਨ। ਜਿਹਨਾਂ ਨੂੰ ਉਸ ਦੀ ਰੂਹ ਹੀ ਨਹੀਂ ਇਕਬਾਲ ਕਰਦੀ।
ਉਹ ਆਪਣੇ ਅਤੇ ਸੀਤਲ ਦੇ ਸਾਂਝੇ ਭਵਿੱਖ ਦੀ ਕਾਮਨਾ ਜ਼ਰੂਰ ਕਰਦਾ ਸੀ। ਉਸ ਨੂੰ ਦਿਲੋਂ ਚਾਹੁੰਦਾ ਸੀ। ਪਰ ਜਦੋਂ ਉਹ ਆ ਰਹੇ ਸਮੇਂ ਬਾਰੇ ਸੋਚਦਾ ਤਾਂ ਉਸ ਨੂੰ ਕੰਬਣੀਂ ਛਿੜ ਜਾਂਦੀ। ਕੀ ਉਹ ਸੀਤਲ ਨੂੰ ਖੁਸ਼ ਰੱਖ ਸਕੇਗਾ? ਪਰ ਜਿਸ ਤਰ੍ਹਾਂ ਨਾਲ ਕਿਸਾਨ ਤਬਾਹੀ ਦੇ ਖੂਹ ਨੂੰ ਤੁਰੇ ਜਾ ਰਹੇ ਹਨ, ਕਦਾਚਿੱਤ ਨਹੀਂ! ਗਰੀਬੀ ਦੇ ਧੂਏਂ ਵਿਚ ਹਰ ਫੁੱਲ ਕੁਮਲਾ ਜਾਂਦਾ ਹੈ। ਅੱਗ ਦੀ ਲਾਟ ਕਿਤਨੀ ਵੀ ਸੁੰਦਰ ਕਿਉਂ ਨਾ ਹੋਵੇ, ਪੱਤੀਆਂ ਸਾੜਨ ਦੀ ਸਮਰੱਥਾ ਜ਼ਰੂਰ ਰੱਖਦੀ ਹੈ!
ਕੀ ਉਹ ਸੀਤਲ ਨੂੰ ਦਗਾ ਦੇਵੇਗਾ? ਧੋਖਾ ਕਰੇਗਾ?
-"ਮੈਂ ਸੀਤਲ ਤੋਂ ਬਹੁਤ ਦੂਰ ਚਲਿਆ ਜਾਵਾਂਗਾ।" ਉਸ ਨੇ ਆਪਣੇ ਆਪ ਨੂੰ ਕਿਹਾ। ਪਰ ਕੀ ਉਹ ਸੀਤਲ ਤੋਂ ਦੂਰ ਜਾ ਸਕੇਗਾ? ਆਤਮਾ ਬਿਨਾ ਵਜੂਦ ਕਿਤਨਾ ਕੁ ਚਿਰ ਕੱਟੇਗਾ? ਆਖਰ ਗਲ ਸੜ ਜਾਵੇਗਾ! ਪਰ ਆਤਮਾ ਸੁਖੀ ਰਹੇ, ਵਜੂਦ ਨੂੰ ਗਲਣ ਜਾਂ ਸੜਨ ਨਾਲ ਕੋਈ ਫਰਕ ਨਹੀਂ ਪੈਂਦਾ। ਪਰ ਕੀ ਤੂੰ ਸੀਤਲ ਬਿਨਾ ਜੀਅ ਸਕੇਂਗਾ? ਪਰ ਸੀਤਲ ਦੀ ਖੁਸ਼ਹਾਲੀ ਲਈ ਤੈਨੂੰ ਆਪਣੇ ਅਰਮਾਨਾਂ ਦੀ ਬਲੀ ਦੇਣੀ ਹੋਵੇਗੀ!
ਹੋ ਸਕਦੈ ਸੀਤਲ ਨੂੰ ਕੋਈ ਪੜ੍ਹਿਆ-ਲਿਖਿਆ, ਅਮੀਰ ਪਤੀ ਮਿਲ ਜਾਵੇ? ਉਸ ਦੀ ਦੁਖੜਿਆਂ ਭਰੀ ਜਿ਼ੰਦਗੀ ਵਿਚ ਕੋਈ ਹਾਣੀ ਮਹਿਕ ਬਣ ਕੇ ਟਹਿਕ ਪਵੇ? ਪਰ ਕੀ ਤੂੰ ਸੀਤਲ ਨੂੰ ਕਿਸੇ ਹੋਰ ਦੀ ਡੋਲੀ ਚੜ੍ਹਦੀ ਤੱਕ ਲਵੇਂਗਾ? ਦੇਖ ਸਕੇਂਗਾ? ਮਾਮਾ ਗੁਰਕੀਰਤ ਕਹਿੰਦਾ ਸੀ: ਅੱਖਾਂ ਤੋਂ ਦੂਰ ਹੋਣ ਨਾਲ ਬੰਦਾ ਹੌਲੀ-ਹੌਲੀ ਦਿਲ ਤੋਂ ਵੀ ਦੂਰ ਹੋ ਜਾਂਦੈ! ਹਾਂ, ਮੈਂ ਸੀਤਲ ਤੋਂ ਬਹੁਤ ਦੂਰ ਚਲਾ ਜਾਵਾਂਗਾ। ਉਸ ਦੀ ਖੁਸ਼ਹਾਲ ਜਿ਼ੰਦਗੀ ਦੀ ਕਾਮਨਾ ਕਰਦਾ ਹੋਇਆ, ਸੱਤਾਂ ਸਮੁੰਦਰਾਂ ਦੀ ਹਿੱਕ ਚੀਰ ਜਾਵਾਂਗਾ। ਥੋੜਾ ਚਿਰ ਉਹ ਮੇਰਾ ਵਿਛੋੜਾ ਮਹਿਸੂਸ ਕਰੇਗੀ। ਫਿਰ ਗਿੱਲੀ ਮਿੱਟੀ ਵਾਂਗ ਹੌਲੀ-ਹੌਲੀ ਸਥਿਰਤਾ ਪਕੜ ਲਵੇਗੀ। ਤੂੰ ਕਦੇ ਵੀ ਸੀਤਲ ਨੂੰ ਖੁਸ਼ ਨਹੀਂ ਰੱਖ ਸਕੇਂਗਾ। ਪਰ ਕੀ ਸੀਤਲ ਤੈਨੂੰ ਕਿਤੇ ਜਾਣ ਦੇਵੇਗੀ? ਮੈਂ ਸੀਤਲ ਨੂੰ ਦੱਸਣਾ ਹੀ ਨਹੀਂ! ਚੁੱਪ ਚਾਪ ਆਪਣੇ ਦਿਲ ਦੇ ਰਿਸਦੇ ਜ਼ਖਮ ਘੁੱਟ ਕੇ ਤੁਰ ਜਾਵਾਂਗਾ। ਕੀ ਇਹ ਸੀਤਲ ਨਾਲ ਧੋਖਾਧੜੀ ਅਤੇ ਫ਼ਰੇਬ ਨਹੀਂ? ਸੱਚੇ-ਸੁੱਚੇ ਪ੍ਰੇਮ ਦਾ ਵੱਢਾਂਗਾ ਨਹੀਂ? ਮਰੀਜ਼ ਦਾ ਆਪਰੇਸ਼ਨ ਕਰਨ ਵੇਲੇ ਉਸ ਨੂੰ ਬੇਹੋਸ਼ ਕਰਨਾ ਜ਼ਰੂਰੀ ਹੁੰਦਾ ਹੈ। ਆਪਰੇਸ਼ਨ ਮਰੀਜ਼ ਨੂੰ ਬਚਾਉਣ ਲਈ ਕਰਨਾ ਹੁੰਦਾ ਹੈ। ਬੇਹੋਸ਼ ਇਸ ਲਈ ਕਿ ਉਸ ਨੂੰ ਚੀਰ-ਫਾੜ ਦੀ ਤਕਲੀਫ਼ ਨਾ ਹੋਵੇ। ਜਦੋਂ ਉਹ ਫਿਰ ਸੁਰਤ ਸਿਰ ਹੁੰਦਾ ਹੈ, ਤਾਂ ਹਲਕਾ-ਹਲਕਾ ਮਹਿਸੂਸ ਕਰਦਾ ਹੈ, ਕਿਉਂਕਿ ਉਸ ਦਾ ਨਾਸੂਰ ਤੋਂ ਛੁਟਕਾਰਾ ਹੋ ਗਿਆ ਹੁੰਦਾ ਹੈ। ਆਪਰੇਸ਼ਨ ਦੇ ਟਾਂਕਿਆਂ ਦੀ ਤਕਲੀਫ਼ ਕੁਝ ਦਿਨਾਂ ਦੀ ਅਤੇ ਵਕਤੀ ਹੁੰਦੀ ਹੈ। ਇਹ ਹਾਲ ਹੀ ਸੀਤਲ ਦਾ ਹੋਵੇਗਾ। ਨ਷ ਸਾਂਬਣ ਕੇ ਤੰਗ ਕਰਨ ਵਾਲਾ ਬਿੱਲਾ, ਨਵੇਂ ਹਾਣੀ ਦੇ ਆਪਰੇਸ਼ਨ ਸਦਕਾ ਪਾਸੇ ਹੋ ਜਾਵੇਗਾ। ਵਿਛੋੜੇ ਦੇ ਟਾਂਕੇ ਵਕਤ ਪਾ ਕੇ ਰਾਜ਼ੀ ਹੋ ਜਾਣਗੇ ਅਤੇ ਉਹ ਖੁਸ਼-ਖੁਸ਼ ਵਸੇਗੀ।
ਬਿੱਲੇ ਦਾ ਦਿਲ ਅਤੇ ਆਤਮਾ ਇਕ ਦੂਜੇ ਨਾਲ ਸੁਆਲ-ਜਵਾਬ ਕਰ ਰਹੇ ਸਨ। ਕੋਈ ਕੁਛ ਕਹਿੰਦਾ ਸੀ, ਕੋਈ ਕੁਛ! ਪਰ ਦਲੀਲਾਂ ਤੌਰ 'ਤੇ ਦੋਨੋਂ ਆਪਣੀ-ਆਪਣੀ ਜਗਾਹ ਸੱਚੇ ਸਨ। ਆਤਮਾ ਆਦਮੀ ਨੂੰ ਇਕ ਸੱਚੇ-ਸੁੱਚੇ ਪ੍ਰਤੀਕਰਮ 'ਤੇ ਖੜ੍ਹਨ ਲਈ ਪ੍ਰੇਰਦੀ ਹੈ, ਜਦ ਕਿ ਦਿਲ ਹਮੇਸ਼ਾ ਹੀ ਵਾਹਣੀਂ ਪਿਆ ਰਹਿੰਦਾ ਹੈ। ਟੋਈਂ-ਟਿੱਬੀਂ ਡਿੱਗਦਾ ਫਿਰਦਾ ਰਹਿੰਦਾ ਹੈ।
ਬਿੱਲਾ ਸੁੱਕੇ ਪੱਤੇ ਵਾਂਗ, ਖਿਆਲਾਂ ਵਿਚ ਇੱਧਰ-ਉਧਰ ਭਟਕਦਾ ਫਿਰਦਾ ਸੀ। ਉਸ ਨੂੰ ਕੋਈ ਕਿਨਾਰਾ ਨਜ਼ਰ ਨਾ ਆਉਂਦਾ। ਉਹ ਬੇਕਾਰ, ਕਪੜਛੱਲਾਂ ਵਿਚ ਹੱਥ ਪੈਰ ਮਾਰ ਰਿਹਾ ਸੀ।
ਉਹ ਸੀਤਲ ਨੂੰ ਮਿਲਦਾ।
ਉਸ ਦਾ ਧਾਹ ਮਾਰਨ ਨੂੰ ਦਿਲ ਕਰਦਾ। ਉਸ ਦਾ ਦਿਲ ਕਰਦਾ ਕਿ ਸੀਤਲ ਨੂੰ ਗਲਵਕੜੀ 'ਚ ਲੈ ਕੇ ਕਹੇ: ਮੈਂ ਜਾ ਰਿਹਾ ਹਾਂ ਸੀਤਲ! ਬਹੁਤ ਦੂਰ ਜਾ ਰਿਹਾ ਹਾਂ! ਤੈਨੂੰ ਇਕੱਲੀ ਨੂੰ ਛੱਡ ਕੇ! ਬਾਪੂ ਦੀ ਅਣਆਈ ਮੌਤ ਨੇ ਮੈਨੂੰ ਲੱਕੋਂ ਤੋੜ ਦਿੱਤਾ ਹੈ। ਮੈਂ ਤੈਨੂੰ ਸੁਖ ਨਹੀਂ ਦੇ ਸਕਾਂਗਾ! ਤੈਨੂੰ ਦੁਖੀ ਦੇਖਣ ਤੋਂ ਪਹਿਲਾਂ, ਮੈਂ ਤੈਨੂੰ ਨਾ ਦੇਖਾਂ ਤਾਂ ਬਿਹਤਰ ਹੈ।
ਪਰ ਉਹ ਸੀਤਲ ਨੂੰ ਕਹਿ ਨਾ ਸਕਦਾ।
ਗੱਲ ਉਸ ਦੇ ਮੂੰਹ 'ਤੇ ਆ ਕੇ ਮਰ ਜਾਂਦੀ।
ਦਿਲ ਕਿਰ ਜਾਂਦਾ।
ਹੌਸਲਾ ਤਿੜਕ ਜਾਂਦਾ।
ਸਾਹਸ ਫੱਟੜ ਹੋ ਕੇ ਡਿੱਗ ਪੈਂਦਾ।
ਉਹ ਨਿਰਬਲ ਹੋ ਜਾਂਦਾ।
ਇਕ ਦਿਨ ਉਹ ਮਾਮੇ ਗੁਰਕੀਰਤ ਕੋਲ ਖੇਤ ਰੋ ਪਿਆ।
-"ਕੀ ਗੱਲ ਐ ਬਿੱਲਿਆ?"
-"------।"
-"ਰੋਂਦੇ ਕਮਜੋਰ ਹੁੰਦੇ ਐ।"
-"------।"
-"ਰੋਣਾ ਵੀ ਦਿਲ ਹੌਲਾ ਕਰਨ ਦੀ ਦੁਆਈ ਐ-ਰੋਣ ਨਾਲ ਦਿਲ ਹੌਲਾ ਹੁੰਦੈ ਤਾਂ ਜੀਅ ਸਦਕੇ ਰੋ।"
-"------।"
-"ਬਿੱਲਿਆ! ਮੈਂ ਸਿਰਫ਼ ਤੇਰਾ ਮਾਮਾ ਹੀ ਨਹੀਂ-ਯਾਰ ਮਿੱਤਰ-ਦਿਲਾਂ ਦਾ ਦਰਦੀ-ਸਾਰਾ ਕੁਛ ਹੀ ਹਾਂ-ਦੁੱਖ ਦੱਸਿਆਂ ਦੁੱਖ ਅੱਧਾ ਰਹਿ ਜਾਂਦੈ-ਵੰਡਿਆ ਜਾਂਦੈ।"
-"------।"
-"ਜੇ ਦੱਸ ਕੇ ਮਨ ਹੌਲਾ ਕਰਨਾ ਚਾਹੇਂ ਤਾਂ ਬੇਧੜਕ, ਬੇਡਰ ਹੋ ਕੇ ਕਹਿ-ਮੈਂ ਸੁਣਦੈਂ।"
ਬਿੱਲੇ ਨੇ ਸਾਰੀ ਕਹਾਣੀ ਬਗੈਰ ਕਿਸੇ ਭੂਮਿਕਾ ਤੋਂ ਕਹਿ ਸੁਣਾਈ। ਗੁਰਕੀਰਤ ਨੇ ਬੜਾ ਧਿਆਨ ਦੇ ਕੇ ਸੁਣੀ।
-"ਤੇਰਾ ਕੀ ਇਰਾਦਾ ਐ?" ਗੁਰਕੀਰਤ ਨੇ ਲੰਬਾ ਸਾਹ ਲੈ ਕੇ ਪੁੱਛਿਆ।
-"ਜਿੱਥੇ ਬੰਦੇ ਦਾ ਕੋਈ ਭਵਿੱਖ ਹੀ ਨਹੀਂ-ਮੈਂ ਉਸ ਦੇਸ਼ 'ਚ ਰਹਿਣਾ ਈ ਨਹੀਂ!" ਬਿੱਲੇ ਨੇ ਦੋ ਟੁੱਕ ਗੱਲ ਕਰ ਦਿੱਤੀ। ਦਿਲਬਰੀ ਮਾਮੇ ਅੱਗੇ ਵਲ-ਫੇਰ ਰੱਖਣਾ ਬਿਹਤਰ ਨਾ ਸਮਝਿਆ।
-"ਜਜਬਾਤ 'ਚ ਆ ਕੇ ਕੋਈ ਫੈਸਲਾ ਲੈਣਾ ਘਾਤਕ ਹੁੰਦੈ-ਦਿਮਾਗ ਨਾਲ ਡੂੰਘਾ ਸੋਚ ਕੇ ਕੀਤੇ ਫੈਸਲੇ ਹੀ ਵਫ਼ਾ ਕਰ ਸਕਦੇ ਐ ਬਿੱਲਿਆ!"
-"ਮਾਮਾ! ਤੇਰੇ ਬਿਨਾ ਮੇਰੀ ਹਾਲਤ ਨੂੰ ਕੋਈ ਨਹੀਂ ਸਮਝ ਸਕਦਾ-ਮੇਰੇ ਦਿਲ ਦਾ ਮੌਸਮ ਖਤਰਨਾਕ ਹੱਦ ਤੱਕ ਵਿਗੜਦਾ ਜਾਂਦੈ-ਇਸ ਤੋਂ ਪਹਿਲਾਂ ਕਿ ਹਨ੍ਹੇਰੀਆਂ ਝੱਖੜ ਆਉਣ-ਆਪਾਂ ਉਡਾਰੀ ਮਾਰ ਜਾਣੀ ਐਂ।" ਉਹ ਲਕੀਰਾਂ ਖਿਚਦਾ ਜਾ ਰਿਹਾ ਸੀ।
-"ਲੇਖ ਜਾਣਗੇ ਨਾਲੇ-ਤੁਰਜਾਹ ਬਰਮਾ ਨੂੰ-ਮੁਸ਼ਕਲਾਂ ਤੋਂ ਡਰ ਕੇ ਭੱਜਣਾ ਮਰਦਾਨਗੀ ਨਹੀਂ-ਮੈਨੂੰ ਇਕ ਡਰ ਖਾਂਦੈ ਬਈ ਕਿਤੇ ਉਹ ਗੱਲ ਨਾ ਹੋਵੇ-ਮੂਸਾ ਭੱਜਿਆ ਮੌਤ ਤੋਂ ਤੇ ਅਤਗੇ ਮੌਤ ਖੜ੍ਹੀ।"
-"ਮਾਮਾ-ਕੁਛ ਕਹਿ-ਮੈਂ ਐਥੇ ਰਹਿਣਾ ਈ ਨਹੀਂ!" ਉਸ ਨੇ ਹਿੰਡ ਧਾਰ ਲਈ।
-"ਬਿੱਲਿਆ! ਜੋ ਸੁਖ ਛੱਜੂ ਦੇ ਚੁਬਾਰੇ-ਉਹ ਬਲਖ ਨਾ ਬੁਖਾਰੇ।"
-"ਪਰ ਮਾਮਾ-ਜਿਹੜੇ ਚੁਬਾਰੇ ਦੀਆਂ ਨੀਹਾਂ ਈ ਖੋਖਲੀਆਂ ਹੋ ਚੁੱਕੀਆਂ ਹੋਣ-ਉਸ ਚੁਬਾਰੇ ਦਾ ਵੀ ਕੀ ਫਾਇਦਾ? ਅਜਿਹੇ ਖੂਨੀ ਚੁਬਾਰੇ ਨਾਲੋਂ ਤਾਂ ਕੱਖਾਂ ਕਾਨਿਆਂ ਦੀ ਕੁੱਲੀ ਹੀ ਮਹਿਲ ਵਰਗੀ ਐ।"
ਗੁਰਕੀਰਤ ਨਿਰੁਤਰ ਹੋ ਗਿਆ।
ਉਸ ਦੇ ਸਿੰਨ੍ਹ ਕੇ ਛੱਡੇ ਤੀਰ ਛੱਪੜ ਵਿਚ ਹੀ ਜਾ ਡਿੱਗੇ ਸਨ। ਕਿਸੇ ਦਲੀਲ ਦਾ ਮੁੱਲ ਨਹੀਂ ਪਿਆ ਸੀ। ਉਹ ਹਥਿਆਰ ਜਿਹੇ ਸੁੱਟੀ ਖੜ੍ਹਾ ਸੀ।
-"ਭੈਣ ਜੀਤੋ ਨੂੰ ਕੌਣ ਮਨਾਊ?" ਉਸ ਨੇ ਤਰਕ ਦੇ ਭੱਥੇ 'ਚੋਂ ਆਖਰੀ ਬਾਣ ਚਲਾਇਆ।
-"ਮਾਮਾ! ਜਿੱਥੇ ਰਾਮ ਵਰਗੇ ਬੇਵੱਸ ਹੋ ਜਾਂਦੇ ਐ-ਉਥੇ ਹਨੂਮਾਨ ਵਰਗੇ ਬਲੀ ਯੋਧੇ ਕੰਮ ਆਉਂਦੇ ਐ-ਤੇ ਤੂੰ ਮੇਰੇ ਲਈ ਯੋਧੇ ਨਾਲੋਂ ਜਮਾਂ ਵੀ ਘੱਟ ਨਹੀਂ।" ਆਖ ਕੇ ਬਿੱਲੇ ਨੇ ਮਾਮੇ ਦੇ ਮੂੰਹ 'ਤੇ ਥੋਬਾ ਲਾ ਦਿੱਤਾ। ਇਕ ਤਰ੍ਹਾਂ ਨਾਲ ਪਲੱਸਤਰ ਕਰ ਦਿੱਤਾ।
ਗੁਰਕੀਰਤ ਮਾੜੇ ਪਹਿਲਵਾਨ ਵਾਂਗ ਚਿੱਤ ਹੋਇਆ ਪਿਆ ਸੀ।
-"ਬੇਬੇ ਨੂੰ ਮਨਾਉਣਾ ਤੇਰਾ ਕੰਮ ਐਂ-ਆਹ ਕੰਮ ਕਰਦੇ ਮਾਮਾ-ਤੇਰਾ ਮੈਂ ਸਾਰੀ ਜਿੰਦਗੀ ਗੁਣ ਨਹੀਂ ਭੁਲਾਉਂਦਾ।"
-"ਜੇ ਤੂੰ ਜਿ਼ਦ ਫੜ ਹੀ ਲਈ ਐ ਤਾਂ ਤੂੰ ਵੀ ਮੇਰੀ ਗੱਲ ਧਿਆਨ ਦੇ ਕੇ ਸੁਣ!"
-"------।" ਬਿੱਲੇ ਨੇ ਨਜ਼ਰ ਉਪਰ ਚੁੱਕੀ।
-"ਜੀਤੋ ਭੈਣ ਜੇ ਮੰਨੂਗੀ ਤਾਂ ਸਿਰਫ਼ ਬਾਪੂ ਜੀ ਦੇ ਕਹਿਣ 'ਤੇ ਹੀ ਮੰਨੂਗੀ-ਆਪਾਂ ਇਉਂ ਕਰਦੇ ਐਂ-ਕੱਲ੍ਹ ਨੂੰ ਬਾਪੂ ਜੀ ਕੋਲੇ ਚੱਲਦੇ ਐਂ-ਉਹਨਾਂ ਨੂੰ ਦਲੀਲ ਨਾਲ ਸਮਝਾਵਾਂਗੇ-ਉਹ ਇੱਥੇ ਆ ਕੇ ਜੀਤੋ ਨਾਲ ਗੱਲ ਕਰਨ-ਗੱਲ ਫਿਰ ਜਾ ਕੇ ਤਣ ਪੱਤਣ ਲੱਗੂਗੀ ਜਾ ਕੇ।"
-"ਮਾਮਾ-ਅੱਗਾ ਤੇਰਾ ਤੇ ਪਿੱਛਾ ਮੇਰਾ-ਤੇਰੇ ਕੋਲੇ ਈ ਮੈਂ ਦਿਲ ਦੀ ਗੰਢ ਖੋਲ੍ਹ ਸਕਦੈਂ-ਜੇ ਤੂੰ ਨਾ ਮੇਰਾ ਦੁਖ ਸੁਖ ਭਾਗੀ ਹੁੰਦਾ-ਮੈਂ ਤਾਂ ਬਾਪੂ ਜੀ ਆਲੇ ਇਰਾਦੇ 'ਤੇ ਆਇਆ ਵਿਆ ਸੀ।" ਕਹਿ ਕੇ ਬਿੱਲੇ ਨੇ ਮਾਮੇ ਨੂੰ ਚਕਿੱਤ ਕਰ ਦਿੱਤਾ।
-"ਖੁਦਕਸ਼ੀ ਕਰਨ 'ਤੇ?"
-"-----।" ਉਸ ਨੇ 'ਹਾਂ' ਵਿਚ ਸਿਰ ਹਿਲਾਇਆ।
ਗੁਰਕੀਰਤ ਨੇ ਸੋਚਿਆ, ਇਸ ਉਮਰ ਵਿਚ ਸਿਰਫ਼ ਬਿੱਲਾ ਹੀ ਨਹੀਂ, ਕੋਈ ਵੀ ਜਜ਼ਬਾਤਾਂ ਦੀ ਮਾਰ ਹੇਠ ਆ ਕੇ, ਕੁਛ ਵੀ ਕਰ ਸਕਦਾ ਸੀ। ਬੀਤ ਗਈ ਨੂੰ ਘੋੜੇ ਨਹੀਂ ਮਿਲਦੇ। ਪਵਿੱਤਰ ਗੁਰਬਾਣੀ ਫ਼ੁਰਮਾਂਦੀ ਹੈ: ਵਕਤ ਵਿਚਾਰੇ ਸੋ ਬੰਦਾ ਹੋਇ।। ਸੱਪ ਖੁੱਡ ਵਿਚ ਵੜਨ ਪਿੱਛੋਂ, ਲੀਹ ਕੁੱਟਣ ਵਾਲਾ ਮਹਾਂ ਮੂਰਖ ਬੰਦਾ ਹੁੰਦਾ ਹੈ। ਖੇਤ ਚੁਗੇ ਜਾਣ ਤੋਂ ਬਾਅਦ ਚਿੜੀਆਂ ਨੂੰ ਗਾਲ੍ਹਾਂ ਕੱਢਣ ਦਾ ਕੋਈ ਫਾਇਦਾ? ਨਿਰੀ ਮੂਰਖਤਾਈ! ਪੰਜਾਲੀ-ਭੰਨ ਵਹਿੜਕੇ ਨੂੰ ਸੋਟੀ ਮਾਰਨੀ ਨਿਰੀ ਬੇਵਕੂਫ਼ੀ! ਜੁਆਨੀ ਦਾ ਵਹਿਣ ਅਤੇ ਹੜ੍ਹ ਦਾ ਪਾਣੀ ਕਹੀ ਦੇ ਚੇਪਿਆਂ ਨਾਲ ਨਹੀਂ ਰੁਕਦੇ। ਜੁਆਨੀ ਸਾਰੇ ਜਹਾਨ ਦੀ ਅੰਨ੍ਹੀ! ਪੈਰ ਥਿੜਕਿਆ ਤਾਂ ਖੂਹ ਖਾਤੇ ਹੀ ਡਿੱਗੂ!
ਅਗਲੇ ਦਿਨ ਬਿੱਲਾ ਅਤੇ ਗੁਰਕੀਰਤ ਚੱਕ-ਤਾਰੇਵਾਲ ਨੂੰ ਬੱਸ ਚੜ੍ਹ ਗਏ। ਸਾਰੇ ਰਾਹ ਗੁਰਕੀਰਤ ਦੇ ਦਿਮਾਗ ਵਿਚ ਸੋਚਾਂ ਦੀ ਘੋੜ-ਦੌੜ ਘੜਮੱਸ ਪਾਉਂਦੀ ਰਹੀ ਸੀ। ਚੰਗੇ-ਮੰਦੇ ਵਿਚਾਰ ਖੁਰਵੱਢ ਕਰਦੇ ਰਹੇ ਸਨ। ਇਹ ਹੀ ਹਾਲ ਬਿੱਲੇ ਦਾ ਸੀ।
ਖਿਆਲਾਂ ਦੀ ਘੁੰਮਣਘੇਰੀ ਵਿਚ ਉਲਝੇ ਉਹ ਚੱਕ-ਤਾਰੇਵਾਲ ਪੁੱਜ ਗਏ।
ਬਿੱਲੇ ਦਾ ਨਾਨਾ ਮਿੱਤ ਸਿੰਘ ਇਕ ਰੱਜੀ ਪੁੱਜੀ ਰੂਹ ਵਾਲਾ ਭੱਦਰ ਪੁਰਸ਼ ਸੀ। ਹਰ ਵਕਤ ਮਾਲਾ ਫੇਰਨਾ ਅਤੇ "ਵਾਹਿਗੁਰੂ-ਵਾਹਿਗੁਰੂ" ਜਪਣਾ ਉਸ ਦਾ ਕਰਮ ਸੀ।
ਦੋਨਾਂ ਨੇ ਮਿੱਤ ਸਿੰਘ ਦੇ ਗੋਡੀਂ ਹੱਥ ਜਾ ਲਾਏ।
-"ਉਏ ਤੁਸੀਂ! ਜਿਉਂਦੇ ਵਸਦੇ ਰਹੋ ਗੁਰੂ ਦੇ ਪਿਆਰਿਓ! ਕਲਗੀਆਂ ਵਾਲਾ ਥੋਨੂੰ ਭਾਗ ਲਾਵੇ।" ਉਸ ਨੇ ਅਸੀਸਾਂ ਦੀ ਛਹਿਬਰ ਲਾ ਦਿੱਤੀ। ਮਿੱਤ ਸਿੰਘ ਦਾ ਗੋਡਿਆਂ ਤੱਕ ਪ੍ਰਕਾਸ਼ ਦਾਹੜਾ ਕੋਈ ਨੂਰੀ ਪ੍ਰਭਾਵ ਦੇ ਰਿਹਾ ਸੀ। ਦੁੱਧ-ਚਿੱਟੇ ਕੱਪੜਿਆਂ ਵਿਚ ਬਜੁਰਗ ਕੋਈ ਫ਼ਰਿਸ਼ਤਾ ਜਾਪਦਾ ਸੀ।
-"ਉਏ ਕਮਲਿਓ-ਤੁਸੀਂ ਦੋਨੋਂ ਈ ਆ ਗਏ? ਜੀਤੋ ਹੋਰਾਂ ਦਾ ਦਿਲ ਕਿਵੇਂ ਲੱਗੂ? ਉਹ ਤਾਂ ਓਦਰ ਜਾਣਗੀਆਂ ਗੁਰੂ ਸਵਾਰਿਓ!" ਸਰਬੱਤ ਦਾ ਭਲਾ ਲੋਚਣ ਵਾਲਾ ਮਿੱਤ ਸਿੰਘ ਫਿ਼ਕਰਮੰਦ ਜਿਹਾ ਹੋ ਗਿਆ।
-"ਅਸੀਂ ਕੋਈ ਰੈਅ ਕਰਨ ਆਏ ਆਂ ਬਾਪੂ ਜੀ-ਅਸੀਂ ਕੱਲ੍ਹ ਨੂੰ ਸਾਝਰੇ ਈ ਮੁੜਜਾਂਗੇ।"
-"ਉਏ ਗੁਰਮੁਖੋ! ਥੋਨੂੰ ਮੈਂ ਘਰੋਂ ਨਹੀਂ ਕੱਢਣ ਲੱਗਿਆ! ਪਰ ਇਕ ਜਣਾਂ ਆ ਜਾਂਦੇ-ਦੂਜਾ ਫੇਰ ਆ ਕੇ ਮਿਲ ਜਾਂਦਾ? ਤੁਸੀਂ ਜੀਤੋ ਹੋਰਾਂ ਬਾਰੇ ਤਾਂ ਸੋਚਣਾ ਸੀ? ਮੇਰੇ ਵੱਲੀਓਂ ਜੁੱਗ ਜੁੱਗ ਆਓ-ਪਰ ਅਜੇ ਸਮਾਂ ਥੋੜਾ ਜਿਆ ਕਰੜਾ ਚੱਲ ਰਿਹੈ-ਕੁਛ ਤਾਂ ਗੁਰੂ ਸਵਾਰਿਓ ਸੋਚ ਕਰਦੇ!"
-"ਬਾਪੂ ਜੀ ਗਲਤੀ ਹੋ ਗਈ।"
-"ਠੀਕ ਐ-ਅਰਾਮ ਕਰੋ-ਦੁੱਧ ਪੀਓ!"
ਬਜੁਰਗ ਪਾਠ ਵਿਚ ਫਿਰ ਮਸਤ ਹੋ ਗਿਆ।
ਉਸ ਦੀ ਬੀਬੀ ਸਾਊ ਦਾਹੜੀ ਹਵਾ ਵਿਚ ਲਹਿਰਾ ਰਹੀ ਸੀ।
ਮਿੱਤ ਸਿੰਘ ਦਾ ਵਧੀਆ ਕਾਰੋਬਾਰ ਚਲਦਾ ਸੀ। ਅਠਾਈ ਏਕੜ ਉਪਜਾਊ ਜ਼ਮੀਨ ਸੀ। ਦੋ ਲੜਕੀਆਂ ਅਤੇ ਦੋ ਲੜਕੇ ਵਿਆਹੇ ਵਰੇ ਸਨ। ਬੱਸ! ਸਿਰਫ਼ ਗੁਰਕੀਰਤ ਹੀ ਕੁਆਰਾ ਸੀ। ਉਸ ਨੇ ਘਰਦਿਆਂ ਦੇ ਜੋਰ ਪਾਉਣ 'ਤੇ ਵੀ ਵਿਆਹ ਨਹੀਂ ਕਰਵਾਇਆ ਸੀ। ਲੱਤ ਨਹੀਂ ਲਾਈ ਸੀ। ਉਹ ਵਿਆਹ ਦੇ ਰੱਪੜ ਵਿਚ ਪੈਣਾ ਹੀ ਨਹੀਂ ਚਾਹੁੰਦਾ ਸੀ। ਇਹ ਗੱਲ ਨਹੀਂ ਸੀ ਕਿ ਉਹ "ਐਸ਼ੀਪੱਠਾ" ਸੀ। ਬੱਸ, ਪਤਾ ਨਹੀਂ ਕਿਉਂ ਉਹ ਵਿਆਹ ਤੋਂ ਤੀਰੋਂ ਕਾਂ ਵਾਂਗ ਚੱਲਦਾ ਸੀ। ਦੋਵਾਂ ਭਰਜਾਈਆਂ ਨੇ ਆਪਣੀਆ-ਆਪਣੀਆਂ ਭੈਣਾਂ ਦੇ ਰਿਸ਼ਤੇ ਕਰਵਾਉਣ ਲਈ ਗੁਰਕੀਰਤ ਦੀਆਂ ਬਥੇਰੀਆਂ ਤੜਾਵਾਂ ਖਿੱਚੀਆਂ, ਚਾਟ ਧੂੜਿਆ, ਪਸਮਾਇਆ, ਖਹਿ-ਖਹਾਈ ਕੀਤੀ, ਛਿੱਟੇ ਮਾਰੇ, ਪਲੋਸਿਆ, ਪਰ ਬੇਪ੍ਰਵਾਹ ਗੁਰਕੀਰਤ ਖੁਰ ਮਾਰ ਕੇ ਬਾਲਟੀ ਭੰਨਦਾ ਰਿਹਾ। ਜਦੋਂ ਭਰਜਾਈਆਂ ਨੂੰ ਪਰਪੱਕ ਵਿਸ਼ਵਾਸ ਹੋ ਗਿਆ ਕਿ ਗੁਰਕੀਰਤ ਉਹਨਾਂ ਦੇ ਫਰਾਂ ਹੇਠ ਨਹੀਂ ਆਵੇਗਾ, ਤਾਂ ਉਹਨਾਂ ਨੇ ਬੁੱਲ੍ਹ ਕੱਢੇ, ਨਿਹੋਰੇ ਦਿੱਤੇ। ਪਰ ਗੁਰਕੀਰਤ ਆਪਣੀ ਪਹੀ 'ਤੇ ਮਸਤ ਚਾਲ ਤੁਰਿਆ ਗਿਆ। ਰਸਤਾ ਨਾ ਬਦਲਿਆ।
-"ਕਦੋਂ ਆਏ ਮੇਰੇ ਖੇਡਣੇ ਮੇਢਣੇ?" ਬਾਹਰੋਂ ਬਿੱਲੇ ਦੀ ਨਾਨੀ ਅੰਦਰ ਆਉਂਦੀ ਬੋਲੀ। ਇਕਹਿਰੇ ਜਿਹੇ ਸਰੀਰ ਵਾਲੀ ਨਾਨੀ ਵੀ ਬੜੀ ਦਾਨੀ ਬੁੜ੍ਹੀ ਸੀ। ਉਸ ਨੇ ਆਪਣੀ ਖੂੰਡੀ ਕੰਧ ਨਾਲ ਖੜ੍ਹੀ ਕਰਕੇ ਵਾਰੀ-ਵਾਰੀ ਦੋਹਾਂ ਨੂੰ ਬੁੱਕਲ ਵਿਚ ਲੈ ਲਿਆ।
-"ਦੁੱਧ ਪੀਤੈ ਪੁੱਤ?"
-"ਹਾਂ ਜੀ-ਦੁੱਧ ਪੀ ਲਿਆ।"
-"ਜੀਤੋ ਕਿੰਦਰ ਹੋਰੀਂ ਠੀਕ ਸੀ?"
-"ਹਾਂ ਠੀਕ ਸੀ ਜੀ।"
-"ਆਥਣੇ ਕੀ ਖਾਓਗੇ ਪੁੱਤ?"
-"ਕੁਛ ਵੀ ਹੋਵੇ ਜੀ।"
-"ਜੀਤੋ ਨੇ ਦਿਲ ਧਰਿਆ ਕੁਛ?"
-"ਹਾਂ ਜੀ-ਹੁਣ ਤਾਂ ਠੀਕ ਸੀ।"
-"ਕਾਹਦੀ ਠੀਕ ਐ ਪੁੱਤ-ਉਹ ਜਾਣੇ ਜੇ ਜੁਆਕ ਵਿਆਹੇ ਹੁੰਦੇ ਤਾਂ ਵੀ ਸੀ-ਪਰ ਸਾਰੀ ਕਬੀਲਦਾਰੀ ਜਿਉਂ ਦੀ ਤਿਉਂ ਛੱਡ ਕੇ ਤੁਰ ਗਿਆ ਬਲਿਹਾਰ ਸਿਉਂ-ਕੀ ਦੋਸ਼ ਐ ਬਿਚਾਰੀ ਨੂੰ-ਦੁੱਖ ਤਾਂ ਬਥੇਰੈ ਬਿਚਾਰੀ ਨੂੰ ਪੁੱਤ! ਬੱਸ, ਦਿਲ ਦਾ ਗੋਲਾ ਦੱਬੀ ਫਿਰਦੀ ਐ ਜੁਆਕਾਂ ਦੀ ਖਾਤਰ।"
-"-----।"
-"ਕਾਹਦੀ ਜਿ਼ੰਦਗੀ ਹੁੰਦੀ ਐ ਪੁੱਤ ਮਾਲਕ ਬਿਨਾ-ਉਹ ਜਾਣੇ ਮਾਲਕ ਸਿਰ 'ਤੇ ਹੋਵੇ-ਤੀਮੀ ਕੰਨ ਹੇਠ ਹੱਥ ਧਰਕੇ ਸੌਂ ਛੱਡਦੀ ਐ-ਕੋਈ ਫਿਕਰ ਫਾਕਾ ਨ੍ਹੀ ਪੁੱਤ ਰਹਿੰਦਾ-ਬੰਦਾ ਪੁੱਤ ਘਰੇ ਨਾ ਹੋਵੇ-ਦੁਨੀਆਂ ਖਾਣ ਆਉਂਦੀ ਲੱਗਦੀ ਐ-ਜੁਆਨ ਧੀਆਂ ਘਰੇ ਜਿਉਂ ਹੋਈਆਂ।" ਮਾਈ ਦੁੱਖ ਰੋਂਦੀ ਅੱਖਾਂ ਅਤੇ ਨੱਕ ਪੂੰਝਦੀ ਰਹੀ। ਧੀ ਦੇ ਦੁੱਖ ਵਿਚ ਤੜਪਦੀ ਰਹੀ।
ਰਾਤ ਨੂੰ ਰੋਟੀ ਖਾਣ ਤੋਂ ਬਾਅਦ ਗੁਰਕੀਰਤ ਨੇ ਬਾਪੂ ਜੀ ਕੋਲ ਬਿੱਲੇ ਵਾਲੀ ਗੱਲ ਚਿਤਾਰੀ। ਬਜੁਰਗ ਦਾ ਨੂਰੀ ਚਿਹਰਾ ਸੰਜੀਦਾ ਹੋ ਗਿਆ। ਉਹ ਕਈ ਸੋਚਾਂ ਵਿਚ ਗਿੜਦਾ, ਕਲਪਨਾ ਨਾਲ ਘੋਲ ਕਰਦਾ ਰਿਹਾ।
-"ਤੇਰਾ ਕੀ ਖਿਆਲ ਐ ਗੁਰਕੀਰਤ?" ਸੋਚਾਂ ਦੀ ਕਪੜਛਾਣ 'ਚੋਂ ਨਿਕਲਦਿਆਂ ਬਜੁਰਗ ਨੇ ਪੁੱਛਿਆ।
-"ਥੋਡੇ ਖਿਆਲ ਨਾਲ ਹੀ ਮੈਂ ਆਂ ਬਾਪੂ ਜੀ।" ਗੁਰਕੀਰਤ ਦਿਲੋਂ ਬਾਪੂ ਜੀ ਦੀ ਇੱਜਤ ਕਰਦਾ ਸੀ। ਉਸ ਲਈ ਬਾਪੂ ਰੱਬ ਸੀ।
-"ਗੁਰਮਖਾ-ਸਾਡੇ ਆਲੇ ਅਨਪੜ੍ਹ ਵੇਲੇ ਵਿਹਾਅ ਗਏ-ਹੁਣ ਸਮਾਂ ਨਵੀਂ ਪੜ੍ਹੀ ਲਿਖੀ ਪੀੜ੍ਹੀ ਦਾ ਐ-ਅਸੀਂ ਤਾਂ ਥੋਡੇ ਮਗਰ ਲੱਗ ਕੇ ਤੁਰਨ ਆਲੇ ਐਂ-ਤੂੰ ਪੜ੍ਹਿਆ ਲਿਖਿਐਂ-ਜੱਗ ਦੀ ਸੂਝ ਐਂ-ਸਾਡੇ ਆਲੇ ਕੱਚੇ ਪਹੇ ਪੁੱਤਰਾ, ਬੀਤ ਗਏ-ਹੁਣ ਤਾਂ ਅਸੀਂ ਥੋਡੀਆਂ ਸੜਕਾਂ 'ਤੇ ਤੁਰਨਾ ਸਿੱਖਣੈਂ।" ਬਾਪੂ ਨੇ ਧਲ੍ਹਿਆਰੇ ਦਾ ਰੱਸਾ ਗੁਰਕੀਰਤ ਦੇ ਹੱਥ ਦੇ ਦਿੱਤਾ।
-"ਮੇਰਾ ਵਿਚਾਰ ਤਾਂ ਬਾਪੂ ਜੀ ਇਹ ਐ-।"
-"ਦੱਸ?"
-"ਬਈ ਬਿੱਲੇ ਨੂੰ ਕਿਸੇ ਏਜੰਟ ਨਾਲ ਗੱਲ ਕਰਕੇ ਬਾਹਰ ਤੋਰ ਦਿੱਤਾ ਜਾਵੇ-ਮੇਰਾ ਇਕ ਕਾਲਜ ਦਾ ਦੋਸਤ ਜਰਮਨ 'ਚ ਰਹਿੰਦੈ-ਉਹ ਉਧਰ ਕੋਈ ਬੰਨ੍ਹ ਸੁੱਬ ਕਰਕੇ ਇਹਨੂੰ ਸਾਂਭ ਲਊ-ਮੈਂ ਉਹਨੂੰ ਫੋਨ ਕਰਕੇ ਕਹਿ ਦਿੰਨੈ।"
-"ਜੀਤੋ ਹੋਰਾਂ ਦਾ ਕੀ ਬਣੂੰ?" ਬਿਰਧ ਨੂੰ ਸਹੇ ਨਾਲੋਂ ਪਹੇ ਦਾ ਡਰ ਖਾਣ ਲੱਗ ਪਿਆ।
-"ਜਿੰਨਾਂ ਚਿਰ ਬਿੱਲਾ ਜਰਮਨ ਸੈੱਟ ਨਹੀਂ ਹੁੰਦਾ-ਉਨਾਂ ਚਿਰ ਜੀਤੋ ਹੋਰਾਂ ਕੋਲੇ ਮੈਂ ਰਹੂੰ-ਇਹ ਮੇਰਾ ਵਾਅਦਾ ਐ-ਕਿੰਦਰ ਅਤੇ ਮਿੰਦਰ ਦੇ ਵਿਆਹ ਦਾ ਫਿਕਰ ਵੀ ਮੇਰੇ 'ਤੇ ਛੱਡੋ-ਬਥੇਰੇ ਪੜ੍ਹੇ ਲਿਖੇ ਲੋਕ ਮੇਰੇ ਵਾਕਫ਼ ਐ-ਮੈਂ ਆਪੇ ਉਹਨਾਂ ਦਾ ਕਰੂੰ ਬਾਪੂ ਜੀ।" ਗੁਰਕੀਰਤ ਨੇ ਪੂਰੀ ਜਿ਼ੰਮੇਵਾਰੀ ਓਟ ਲਈ। ਬਿੱਲੇ ਦਾ ਦਿਲ ਕੀਤਾ ਗੁਰਕੀਰਤ, ਮਾਮੇ ਦੇ ਪੈਰ ਚੁੰਮ ਲਵੇ। ਉਹ ਨੀਵੀਂ ਪਾਈ ਮਨ ਭਰੀ ਬੈਠਾ ਸੀ।
-"ਤੇ ਤੇਰਾ ਆਬਦੇ ਬਿਆਹ ਬਾਰੇ ਕੀ ਖਿਆਲ ਐ?" ਬਾਪੂ ਗੁਰਕੀਰਤ ਵੱਲ ਤਿਰਛਾ ਝਾਕਿਆ।
-"ਬਾਪੂ ਜੀ ਮੈਂ ਛੜਾ ਜਮਾਂ ਹੀ ਨਹੀਂ ਮਰਦਾ-ਜਦੋਂ ਜਿੰਮੇਵਾਰੀਆਂ ਸਿਰੇ ਚੜ੍ਹ ਗਈਆਂ-ਮੈਂ ਵੀ ਵਿਆਹ ਕਰਵਾ ਲਊਂ।" ਗੁਰਕੀਰਤ ਮੁਸਕਰਾ ਪਿਆ।
-"ਫੇਰ ਤੈਨੂੰ ਸਕੀ ਧੀ ਦਿਊ ਕੌਣ ਗੁਰਮਖਾ? ਬੁੜ੍ਹੇ ਹੋਏ ਦਾ ਤੇਰਾ ਕਿਸੇ ਨੇ ਬਿਆਹ ਨ੍ਹੀ ਕਰਨਾ।" ਬਜੁਰਗ ਵੀ ਹੱਸ ਪਿਆ।
-"ਬਾਪੂ ਜੀ ਕਿੰਦਰ ਤੇ ਮਿੰਦਰ ਦਾ ਕਾਰਜ ਸਿਰੇ ਚਾੜ੍ਹ ਲਈਏ-ਮੈਂ ਵਿਆਹ ਕਰਵਾ ਲਊਂ-ਇਹ ਮੇਰਾ ਵਾਅਦਾ ਰਿਹਾ ਤੁਹਾਡੇ ਨਾਲ।"
ਬਜੁਰਗ ਹਲਕਾ ਹੋ ਗਿਆ।
ਉਹ ਕਈ ਵਾਰ ਗੁਰਕੀਰਤ ਦੇ ਵਿਆਹ ਨਾ ਕਰਵਾਉਣ ਕਰਕੇ ਦੁਖੀ ਹੋ ਜਾਂਦਾ।
-"ਪੁੱਤ ਸਾਡੇ ਜਿਉਂਦੇ ਜੀਅ ਤਾਂ ਸਰ ਜਾਊ-ਪਰ ਸਾਡੇ ਮਰਿਆਂ ਬਾਅਦ ਤੈਨੂੰ ਭਰਜਾਈਆਂ ਨੇ ਰੋਟੀ ਨ੍ਹੀ ਦੇਣੀ-ਬਿਆਹ ਕਰਵਾ ਲੈ-ਫੇਰ ਨਾ ਝਾਕੀਂ।" ਇਕ ਵਾਰੀ ਬਜੁਰਗ ਨੇ ਕਿਹਾ ਸੀ। ਬੇਬੇ ਨੇ ਵੀ ਮਗਰੇ ਹੀ ਵੋਟ ਪਾਈ ਸੀ।
-"'ਕੱਠੇ ਰਹਿੰਦੇ ਘਰ 'ਚ ਕੋਈ ਫਰਕ ਨਹੀਂ ਪੈਂਦਾ-ਜਿੱਦੇਂ ਭਰਾ ਅੱਡੋ ਅੱਡੀ ਹੋ ਗਏ-ਤੇਰਾ ਠੂਠੇ ਨਾਲ ਕੁਨਾਲ ਵੱਜੂ।"
-"ਬੇਜੀ ਤੁਸੀਂ ਮੇਰੀ ਰੋਟੀ ਦਾ ਫਿਕਰ ਨਾ ਕਰੋ-ਭੁੱਖਾ ਮੈਂ ਜਮਾਂ ਨਹੀਂ ਮਰਦਾ।" ਗੁਰਕੀਰਤ ਨੇ ਉਤਰ ਮੋੜਿਆ ਸੀ।
ਪਰ ਅੱਜ ਪਹਿਲੀ ਵਾਰ ਗੁਰਕੀਰਤ ਨੇ ਵਿਆਹ ਬਾਰੇ 'ਹਾਂ' ਪੱਖੀ ਹੁੰਗਾਰਾ ਭਰਿਆ ਸੀ। ਇਸ ਸ਼ਰਤ 'ਤੇ ਬਜੁਰਗ ਕੋਈ ਵੀ ਸ਼ਰਤ ਮੰਨ ਸਕਦਾ ਸੀ।
-"ਗੁਰਕੀਰਤ-ਤੂੰ ਇਉਂ ਕਰ।"
-"ਬੋਲੋ ਬਾਪੂ ਜੀ।"
-"ਪਹਿਲਾਂ ਤੂੰ ਆਬਦੇ ਦੋਸਤ ਨਾਲ ਗੱਲ ਕਰ ਜਰਮਨ ਆਲੇ ਨਾਲ-ਬਈ ਉਹ ਇਹਨੂੰ ਸਾਂਭ ਵੀ ਲਊਗਾ? ਤੇ ਦੂਜਾ ਕਰ ਕਿਸੇ ਏਜੰਟ ਦਾ ਪਤਾ-ਜਿਹੜਾ ਇਹਨੂੰ ਉਥੇ ਪਹੁੰਚਾ ਦੇਵੇ-ਪੈਸੇ ਗੁਰਮਖਾ ਮੈਂ ਆਪੇ ਲਾਊਂ।"
-"ਕੱਲ੍ਹ ਨੂੰ ਈ ਲਓ ਬਾਪੂ ਜੀ-ਪਰ ਇਕ ਗੱਲ ਹੋਰ ਐ।"
-"ਕੀ?"
-"ਭੈਣ ਜੀਤੋ ਨੂੰ ਵੀ ਤੁਸੀਂ ਹੀ ਮਨਾਉਣਾ ਹੋਊ।" ਗੁਰਕੀਰਤ ਪੱਥੀ ਹੋਈ ਇੱਟ ਕੱਚੀ ਨਹੀਂ ਰਹਿਣ ਦੇਣੀ ਚਾਹੁੰਦਾ ਸੀ।
-"ਉਏ ਲੁੱਚੜਿਓ! ਜੀਤੋ ਨੂੰ ਪਤਾ ਈ ਨ੍ਹੀ? 'ਕੱਲੇ ਈ ਸੀਟੀ ਰਲਾਈ ਫਿਰਦੇ ਐਂ?" ਬਜੁਰਗ ਘੋਰ ਹੈਰਾਨ ਸੀ।
-"ਬਾਪੂ ਜੀ ਤਾਹੀਓਂ ਤਾਂ ਥੋਡੇ ਚਰਨ ਫੜੇ ਐ ਆ ਕੇ-ਸੋਚਿਆ, ਜੀਤੋ ਸਾਡੀ ਕਹੀ ਮੰਨੇ-ਨਾ ਮੰਨੇ-ਅਸੀਂ ਤਾਂ ਕੋਈ ਵੀ ਗੱਲ ਨਹੀਂ ਕੀਤੀ।"
-"ਥੋਡਾ ਬੇੜਾ ਤਰਜੇ ਥੋਡਾ।"
ਬਜੁਰਗ ਸਿਰ ਫੇਰਦਾ ਹੱਸ ਪਿਆ।
-"ਨਾਲੇ ਗੁਰਕੀਰਤ!"
-"ਹਾਂ ਬਾਪੂ ਜੀ?"
-"ਬਲਿਹਾਰ ਸਿਉਂ ਦੇ ਆੜ੍ਹਤੀਏ ਤੋਂ ਪਤਾ ਕਰੀਂ ਬਈ ਆੜ੍ਹਤੀਏ ਦਾ ਕਿੰਨ੍ਹਾਂ ਕੁ ਕਰਜਾ ਰਹਿੰਦੈ-ਐਤਕੀਂ ਉਹ ਵੀ ਲਾਹ ਦਿਆਂਗੇ-ਕਮਲੇ ਨੇ ਕਦੇ ਬਾਤ ਈ ਨ੍ਹੀ ਸੀ ਪਾਈ-ਨਹੀਂ ਆਪਣੇ ਘਰੇ ਕਾਹਦਾ ਘਾਟਾ ਸੀ? ਸ਼ਰਮ 'ਚ ਈ ਤੁਰ ਗਿਆ-ਗੁਰੂ ਦਾ ਦਿੱਤਾ ਬਥੇਰਾ ਕੁਛ ਐ-ਜਿੱਥੇ ਕੱਟਿਆਂ ਦੇ ਉਥੇ ਵੱਛਿਆਂ ਦੇ ਤਾਰੇ ਜਾਣਗੇ।"
-"ਠੀਕ ਐ ਜੀ।"
-"ਜੇ ਕੋਹੜੀ ਮੇਰੇ ਕੋਲ ਗੱਲ ਕਰਦਾ ਤਾਂ ਆਹ ਨੌਬਤ ਆਉਣੀ ਈ ਨ੍ਹੀ ਸੀ-ਪਰ ਕੀ ਕਰੇ ਬੰਦਾ? ਬਲਿਹਾਰ ਸਿਉਂ ਕੂੰਨਾ ਬਾਹਲਾ ਸੀ-ਦੁੱਖ ਦੇ ਕੇ ਤਾਂ ਕਿਸੇ ਨੂੰ ਰਾਜੀ ਈ ਨ੍ਹੀ ਸੀ-ਬੜਾ ਸਾਊ ਬੰਦਾ ਸੀ-ਨਿਰਾ ਈ ਸਾਧੂ-ਤੇ ਨਹੀਂ ਦੇਖਲਾ ਲੋਕਾਂ ਦੇ ਪ੍ਰਾਹੁਣੇ ਸਹੁਰਿਆਂ ਨੂੰ ਵੰਝ 'ਤੇ ਚੜ੍ਹਾਈ ਰੱਖਦੇ ਐ-ਪਰ ਉਹਨੇ ਮਾਂ ਦੇ ਸ਼ੇਰ ਨੇ ਕਦੇ ਕੰਡੇ ਦੀ ਤਕਲੀਪ ਨੀ ਸੀ ਦਿੱਤੀ-ਜਿਉਂ ਦੀ ਜੀਤੋ ਬਿਆਹੀ ਸੀ-ਘੁੱਗ ਵਸਦੇ ਰਹੇ ਐਂ।"
-"-----।"
-"ਹੁਣ ਜਾ ਕੇ ਪਵੋ ਸ਼ੇਰ ਬੱਗਿਓ-ਮੈਂ ਵੀ ਕੀਰਤਨ ਸੋਹਿਲੇ ਦਾ ਪਾਠ ਕਰਨੈਂ।"
ਉਹ ਉਠ ਖੜ੍ਹੇ ਹੋਏ।
-"ਜਿਹੜੇ ਗੁਰਕੀਰਤ ਤੈਨੂੰ ਮੈਂ ਕੰਮ ਕਹੇ ਐ-ਉਹ ਕੱਲ੍ਹ ਨੂੰ ਤੂੰ ਕਰਨੇ ਐਂ-ਬਾਹਲਾ ਕਿਸੇ ਕੋਲੇ ਰੌਲਾ ਰੱਪਾ ਨ੍ਹੀ ਪਾਉਣਾ।" ਬਾਪੂ ਜੀ ਨੇ ਇਕ ਤਰ੍ਹਾਂ ਨਾਲ ਕੰਨ ਜਿਹੇ ਕੀਤੇ।
-"ਠੀਕ ਐ ਜੀ।"
ਉਹ ਸੌਣ ਤੁਰ ਗਏ।
ਅਗਲੇ ਦਿਨ ਗੁਰਕੀਰਤ ਨੇ ਆਪਣੇ ਜਰਮਨ ਵਸਦੇ ਦੋਸਤ ਬਾਲੀ ਨੂੰ ਟੈਲੀਫੋਨ ਕੀਤਾ।
ਦੂਜੀ ਬੈੱਲ 'ਤੇ ਹੀ ਕਿਸੇ ਨੇ ਫ਼ੋਨ ਚੁੱਕ ਲਿਆ।
-"ਹੈਲੋ! ਬਾਲੀ ਬੋਲਦੈ?"
-"ਹਾਂ ਜੀ-ਮੈਂ ਬਾਲੀ ਬੋਲਦੈਂ।"
-"ਕੀ ਹਾਲ ਐ ਬਾਲੀ? ਮੈਂ ਡੀ ਐੱਮ ਕਾਲਜ ਆਲਾ ਗੁਰਕੀਰਤ ਬੋਲਦੈਂ।"
-"ਉਏ ਗੁਰਕੀਰਤ-ਤੂੰ! ਉਏ ਤੈਨੂੰ ਮੇਰੀ ਯਾਦ ਕਿਵੇਂ ਆ ਗਈ ਉਏ ਪੱਟ ਹੋਣਿਆਂ?"
-"ਬੰਦਾ ਬੜਾ ਖੁਦਗਰਜ਼ ਐ ਬਾਲੀ! ਬਗੈਰ ਗਰਜ਼ ਤੋਂ ਜਮਾਂ ਈ ਨਹੀਂ ਯਾਦ ਕਰਦਾ।"
-"ਧੰਨਭਾਗ ਉਏ ਉਸ ਗਰਜ਼ ਦੇ ਮਾਂ ਦਿਆ ਮੱਖਣਾਂ-ਜੀਹਦੇ ਕਰਕੇ ਤੂੰ ਮੈਨੂੰ ਯਾਦ ਕੀਤਾ-ਹੁਕਮ ਕਰ!"
ਗੁਰਕੀਰਤ ਨੇ ਸਾਰੀ ਕਹਾਣੀ ਕਹਿ ਸੁਣਾਈ।
-"ਤੁਸੀਂ ਇਉਂ ਕਰੋ-ਇਹਨੂੰ ਜਰਮਨ ਪਹੁੰਚਦਾ ਕਰ ਦਿਓ-ਐਥੇ ਸਾਂਭਣਾ ਮੇਰਾ ਕੰਮ ਐਂ।"
-"ਕਿਸੇ ਏਜੰਟ ਦਾ ਪਤੈ? ਜਿਹੜਾ ਇਹਨੂੰ ਜਰਮਨ ਪਹੁੰਚਦਾ ਕਰ ਸਕੇ?"
-"ਯਾਰ ਇਹਦੇ ਬਾਰੇ ਤਾਂ ਮੈਨੂੰ ਕੋਈ ਪਤਾ ਨਹੀਂ-ਇਕ ਏਜੰਟ ਸੀ-ਉਹ ਪਤਾ ਨ੍ਹੀ ਕਿੱਥੇ ਚਲਿਆ ਗਿਆ? ਪਤਾ ਨ੍ਹੀ ਅੰਦਰ ਹੋ ਗਿਆ-ਪਤਾ ਨ੍ਹੀ ਕਿਸੇ ਨੇ ਊਂ ਈ ਘੋਗਾ ਚਿੱਤ ਕਰਤਾ-ਰੱਬ ਜਾਣੇ! ਇਹ ਮੈਨੂੰ ਪੱਕਾ ਪਤਾ ਨ੍ਹੀ-ਯਾਰ ਕਿੰਨੇ ਪੰਜਾਬ 'ਚ ਏਜੰਟ ਫਿਰਦੇ ਐ-ਫੜ ਲੈ ਕਿਸੇ ਨੂੰ।"
-"ਠੀਕ ਐ-ਕਰਦੈਂ ਕੋਈ ਜੁਗਾੜ।"
ਫ਼ੋਨ ਕੱਟੇ ਗਏ।
ਹੁਣ ਗੁਰਕੀਰਤ ਅੱਗੇ ਏਜੰਟ ਲੱਭਣ ਵਾਲੀ ਮੁਸ਼ਕਿਲ ਖੜ੍ਹੀ ਹੋ ਗਈ।
ਪਰ ਉਸ ਦੀ ਵਾਕਫ਼ੀਅਤ ਨੇ ਇਕ ਏਜੰਟ ਦੀ ਪੈੜ ਕੱਢ ਹੀ ਲਈ। ਉਹ ਬਾਪੂ ਜੀ ਅਤੇ ਬਿੱਲੇ ਨੂੰ ਲੈ ਕੇ ਏਜੰਟ ਕੋਲੇ ਚਲਿਆ ਗਿਆ। ਇਹ ਏਜੰਟ "ਸ਼ੁਕਲਾ ਜੀ" ਕਰਕੇ ਮਸ਼ਹੂਰ ਸੀ।
ਸ਼ੁਕਲਾ ਬੜਾ ਚੰਟ ਏਜੰਟ ਸੀ।
ਉਹ ਬੰਦੇ 'ਤੇ ਅਜਿਹਾ ਭਰਮ-ਜਾਲ ਸੁੱਟਦਾ ਕਿ ਬੰਦਾ ਕੀਲਿਆ ਜਾਂਦਾ। ਉਹ ਪੰਜਾਬ ਵਿਚੋਂ ਬੰਦੇ ਇਕੱਠੇ ਕਰ ਕੇ ਅੱਗੇ ਦਿੱਲੀ ਕਿਸੇ ਏਜੰਟ ਨੂੰ ਦਿੰਦਾ ਸੀ। ਉਸ ਨੂੰ ਇਕ ਬੰਦੇ ਮਗਰ ਅਰਬ ਦੇਸ਼ਾਂ ਲਈ ਪੰਜ ਹਜ਼ਾਰ ਅਤੇ ਯੂਰਪ ਦੇਸ਼ਾਂ ਵਾਸਤੇ ਪੰਦਰਾਂ ਹਜ਼ਾਰ ਰੁਪਏ ਮਿਲਦੇ ਸਨ। ਹਿੰਗ-ਫਟਕੜੀ ਉਸ ਦੀ ਕੋਈ ਲੱਗਦੀ ਨਹੀਂ ਸੀ। ਬੱਸ, ਮਹੀਨੇ ਵਿਚ ਦੋ ਵਾਰ ਉਸ ਨੂੰ ਦਿੱਲੀ ਜਾਣਾ ਪੈਂਦਾ। ਪੰਜਾਬੀਆਂ ਨੂੰ ਕੁੰਡੀ ਵਿਚ ਅੜਾ ਕੇ ਅੱਗੇ ਦੇਣਾ ਉਸ ਦਾ ਮੁੱਖ ਕੰਮ ਸੀ। ਇਸ ਬਦਲੇ ਹੀ ਉਸ ਨੂੰ ਕਮਿਸ਼ਨ ਮਿਲਦਾ ਸੀ।
ਉਹਨਾਂ ਸ਼ੁਕਲੇ ਦੇ ਜਾ ਅਲਖ ਜਗਾਈ।
ਸ਼ੁਕਲਾ ਉਹਨਾਂ ਨੂੰ ਉਡ ਕੇ ਮਿਲਿਆ।
ਉਸ ਨੂੰ ਵਾਰ-ਵਾਰ ਅੱਖਾਂ ਮਾਰਨ ਅਤੇ ਵਾਰ-ਵਾਰ ਹੱਥ ਮਿਲਾਉਣ ਦੀ ਬੁਰੀ ਆਦਤ ਸੀ।
-"ਬੈਠੋ ਜੀ!"
ਉਸ ਨੇ ਕੁਰਸੀਆਂ ਅੱਗੇ ਕੀਤੀਆਂ।
ਸਾਰੇ ਬੈਠ ਗਏ।
-"ਚਾਹ ਪੀਓਗੇ?"
-"ਜੀ ਨਹੀਂ।" ਗੁਰਕੀਰਤ ਬੋਲਿਆ।
-"ਕਿਹੜਾ ਚਿੱਥਣੀ ਐਂ? ਇਸ ਬਹਾਨੇ ਨਾਲ ਗੱਲਾਂ ਬਾਤਾਂ ਵੀ ਕਰ ਲਵਾਂਗੇ।" ਉਸ ਨੇ ਟੇਬਲ-ਬੈੱਲ ਵਜਾਈ ਤਾਂ ਇਕ ਇੱਕ ਚਾਪੜ ਸਿਰਾ ਜਿਹਾ ਗੋਰਖਾ ਅੰਦਰ ਆਇਆ।
-"ਹਾਂ ਜੀ?" ਉਹ ਰੁਕ ਕੇ ਜਿਹੇ ਬੋਲਿਆ। ਉਸ ਨੂੰ 'ਹੱਕ' ਪੈਂਦੀ ਸੀ। ਕਈ ਵਾਰੀ ਤਾਂ ਉਸ ਦੀ ਘੁਲਾੜ੍ਹੀ ਦਾ ਕੁੱਤਾ ਐਹੋ ਜਿਹਾ ਅੜਦਾ ਕਿ ਕਾਫ਼ੀ ਦੇਰ ਬੋਲ ਹੀ ਨਾ ਸਕਦਾ।
-"ਚਾਰ ਕੱਪ-ਦੁੱਧ 'ਚ ਪੱਤੀ।"
ਉਹ ਤੁਰ ਗਿਆ।
-"ਹਾਂ ਜੀ ਸਰਦਾਰ ਜੀ-ਹੁਕਮ ਕਰੋ-ਕਿਵੇਂ ਦਰਸ਼ਣ ਦਿੱਤੇ?" ਉਸ ਨੇ ਲੰਮਾ ਸਾਹ ਲੈ ਕੇ ਵੱਡੀ ਕੁਰਸੀ ਨਾਲ ਢੋਹ ਲਾ ਲਈ। ਟਾਈ ਢਿੱਲੀ ਕੀਤੀ। ਕੋਟ ਦੇ ਬਟਨ ਖੋਲ੍ਹ ਲਏ।
-"ਆਹ ਮੁੰਡਾ ਜਰਮਨ ਪਹੁੰਚਾਉਣੈਂ ਸ਼ੁਕਲਾ ਜੀ।"
-"ਪੁਚਾ ਦਿਆਂਗੇ!" ਸ਼ੁਕਲਾ ਇੰਜ ਬੋਲਿਆ ਜਿਵੇਂ ਜਰਮਨ ਅੰਬੈਸੀ ਵਿਚ ਉਸ ਦਾ ਬਾਪੂ ਲੱਗਿਆ ਹੋਇਆ ਸੀ। ਉਸ ਨੇ ਬਿੱਲੇ ਵੱਲ ਇੰਜ ਤੱਕਿਆ, ਜਿਵੇਂ ਕਿਸਾਈ ਬੱਕਰੇ ਨੂੰ ਪੂਛੋਂ ਫੜ ਕੇ ਜੋਂਹਦੈ। ਭਾਰ ਅਤੇ ਮਾਸ ਦਾ ਅੰਦਾਜ਼ਾ ਲਾਉਂਦੈ।
-"ਕਿੰਨੇ ਕੁ ਪੈਸੇ ਲੱਗਣਗੇ ਜੀ?" ਬਾਪੂ ਜੀ ਨੇ ਖੂੰਡੀ ਦੇ ਖੂੰਡ 'ਤੇ ਭਾਰ ਪਾਉਂਦਿਆਂ ਪੁੱਛਿਆ।
-"ਜੋ ਮਰਜੀ ਦੇ ਦੇਇਓ ਬਜੁਰਗੋ! ਤੁਹਾਡੇ ਦਰਸ਼ਣ ਕਰਕੇ ਤਾਂ ਰੂਹ ਹੀ ਖੁਸ਼ ਹੋ ਗਈ-ਧਰਮ ਨਾਲ ਦਿਲ ਖਿੜ ਗਿਆ।"
-"ਸ਼ੁਕਲਾ ਜੀ! ਹਰ ਬੰਦਾ ਕਰ ਕੇ ਖਾਂਦੈ-ਇਹ ਤੁਹਾਡਾ ਕਿੱਤਾ ਹੈ-ਤੁਸੀਂ ਆਪਣੀ ਫੀਸ ਤੇ ਪੂਰਾ ਖਰਚਾ ਦੱਸੋ।" ਗੁਰਕੀਰਤ ਸ਼ੁਕਲੇ ਦੀਆਂ ਲੂੰਬੜ-ਪਲੋਸ ਗੱਲਾਂ ਭਲੀਭਾਂਤ ਸਮਝਦਾ ਸੀ। ਮਗਰਮੱਛ ਸਿ਼ਕਾਰ ਨੂੰ 'ਜੁੱਪਣ' ਤੋਂ ਪਹਿਲਾਂ ਬੜਾ ਸੀਲ ਦਿਸਦਾ ਹੈ। ਪਰ ਪਤਾ ਉਦੋਂ ਲੱਗਦਾ ਹੈ, ਜਦੋਂ ਖੂਨੀ ਜਬਾੜ੍ਹਾ ਸਿ਼ਕਾਰ ਦੀ ਧੌਣ ਨੂੰ ਜਾ ਪੈਂਦਾ ਹੈ।
ਗੋਰਖਾ ਚਾਹ ਲੈ ਆਇਆ।
ਉਹ ਚਾਹ ਪੀਣ ਵਿਚ ਰੁੱਝ ਗਏ।
-"ਮਿੱਟੀ ਰੰਗਾ ਮਗਰਮੱਛ ਸਾਰਿਆਂ ਤੋਂ ਖ਼ਤਰਨਾਕ ਹੁੰਦੈ।" ਚਾਹ ਪੀਂਦਾ ਗੁਰਕੀਰਤ ਸੋਚ ਰਿਹਾ ਸੀ।
-"ਸਾਬਤਾ ਸਬੂਤਾ ਈ ਨਿਗਲਦੈ।"
-"ਦੇਖੋ ਸਰਦਾਰ ਜੀ-।" ਉਸ ਨੇ ਚਾਹ ਖਤਮ ਕਰਕੇ ਕੱਪ ਮੇਜ਼ 'ਤੇ ਟਿਕਾਅ ਦਿੱਤਾ।
-"ਹੁਣ ਯੂਰਪ ਇਕੱਠਾ ਹੋ ਗਿਆ-ਬਾਰਾਂ ਦੇਸ਼ਾਂ ਦੀ ਯੂਨੀਅਨ ਬਣ ਗਈ-ਜਿਸ ਨੂੰ ਰੱਬ ਥੋਡਾ ਭਲਾ ਕਰੇ ਯੂਰਪੀਅਨ ਯੂਨੀਅਨ ਕਹਿੰਦੇ ਐ-ਤੁਸੀਂ ਪੜ੍ਹੇ ਲਿਖੇ ਹੋ-ਤੁਹਾਨੂੰ ਪਤਾ ਹੀ ਹੋਣੈਂ?"
-"-----।" ਗੁਰਕੀਰਤ ਨੇ 'ਹਾਂ' ਵਿਚ ਸਿਰ ਹਿਲਾਇਆ।
-"ਅਜੇ ਹੋਰ ਦੇਸ਼ ਇਸ ਯੂਨੀਅਨ ਵਿਚ ਆਉਣ ਹੀ ਵਾਲੇ ਐ-ਜੇ ਬੰਦਾ ਯੂਰਪ ਦੇ ਇਕ ਦੇਸ਼ ਵਿਚ ਸੈੱਟਲ ਹੋ ਗਿਆ-ਸਮਝੋ ਬਾਰਾਂ ਦੇਸ਼ਾਂ ਵਿਚ ਹੀ ਪੈਰ ਲੱਗ ਗਏ-ਯੂਰਪ ਦੇ ਜਿਹੜੇ ਮਰਜ਼ੀ ਦੇਸ਼ ਵਿਚ ਚਲਾ ਜਾਵੇ-ਇੰਗਲੈਂਡ, ਹਾਲੈਂਡ, ਜਰਮਨ, ਬੈਲਜੀਅਮ, ਆਸਟਰੀਆ, ਫਰਾਂਸ, ਇਟਲੀ, ਬਗੈਰਾ-ਬਗੈਰਾ---।"
-"ਯੂਰਪ ਇਕੱਠਾ ਹੋਣ ਕਾਰਨ ਦਿੱਲੀ ਮੇਨ ਪਾਵਰ ਵਾਲਿਆਂ ਨੇ ਰੇਟ ਵਧਾ ਦਿੱਤੇ-ਇੰਗਲੈਂਡ ਤੋਂ ਬਿਨਾ ਬਾਕੀ ਯੂਰਪ ਦੇ ਸਾਰੇ ਦੇਸ਼ਾਂ ਦਾ ਚਾਰ ਲੱਖ ਲੱਗਦੈ।" ਕਹਿ ਕੇ ਉਸ ਨੇ ਸਾਰਿਆਂ ਦੇ ਚਿਹਰਿਆਂ ਦਾ ਨਿਰੀਖਣ ਕੀਤਾ। ਉਸ ਦੀਆਂ ਤੇਜ਼ ਅਤੇ ਅਕ੍ਰਿਤਘਣ ਅੱਖਾਂ ਘੁਕੀ ਜਾ ਰਹੀਆਂ ਸਨ।
-"ਇਹਨੂੰ ਜਰਮਨ ਦਾ ਸਿੱਧਾ ਵੀਜ਼ਾ ਮਿਲ ਜਾਊ ਜੀ?" ਗੁਰਕੀਰਤ ਬੋਲਿਆ।
-"ਦੇਖੋ ਜੀ ਸਾਹਬ ਬਹਾਦਰ-ਕੀ ਨਾਂ ਐਂ ਕਾਕਾ ਜੀ ਦਾ?"
-"ਜੀ ਹਰਮਨਪ੍ਰੀਤ ਸਿੰਘ।"
-"ਵਾਹ! ਕਿਆ ਨਾਮ ਹੈ! ਹਰਮਨਪ੍ਰੀਤ ਨੂੰ ਮਾਸਕੋ ਰਾਹੀਂ ਜਰਮਨ ਇੰਟਰ ਕਰਾਂਗੇ-ਜਰਮਨ ਜਾ ਕੇ ਇਹਨੂੰ ਸਿਆਸੀ ਪਨਾਂਹ ਮਿਲ ਜਾਵੇਗੀ-ਸਿਆਸੀ ਪਨਾਂਹ ਮਿਲਣ ਤੋਂ ਬਾਅਦ ਇਹਨੂੰ ਕੰਮ ਕਰਨ ਦੀ ਇਜਾਜਤ ਮਿਲੇਗੀ-ਜਿੱਥੇ ਇਹ ਪੰਜਾਹ ਸੱਠ ਹਜਾਰ ਰੁਪਏ ਮਹੀਨੇ ਦੇ ਕਮਾਵੇਗਾ।" ਸ਼ੁਕਲੇ ਦੇ ਆਖਣ 'ਤੇ ਬਿੱਲੇ ਦਾ ਚਿਹਰਾ ਟਹਿਕ ਉਠਿਆ ਅਤੇ ਉਸ ਨੇ ਆਪਣੇ ਆਪ ਨੂੰ ਜਿਪਸੀ 'ਤੇ ਬੈਠਾ ਮਹਿਸੂਸ ਕੀਤਾ।
-"ਬਾਬੂ ਜੀ-ਕਿਤੇ ਸਹੁਰਾ ਰਾਹ ਰੂਹ 'ਚ ਈ ਨਾ ਫੜਿਆ ਜਾਵੇ?" ਬਜੁਰਗ ਨੇ ਆਖ ਕੇ ਬਿੱਲੇ ਦਾ ਸੁਪਨਾ ਚਕਨਾਚੂਰ ਕਰ ਦਿੱਤਾ।
-"ਅਸੀਂ ਕਾਹਦੇ ਵਾਸਤੇ ਬੈਠੇ ਆਂ ਸਰਦਾਰ ਬਹਾਦਰ ਬਾਪੂ ਜੀ? ਤੁਸੀਂ ਬੇਫਿਕਰ ਰਹੋ! ਅਸੀਂ ਹਰਮਨਪ੍ਰੀਤ ਨੂੰ ਥਾਂ-ਸਿਰ ਪਹੁੰਚਦਾ ਕਰਾਂਗੇ-ਇਹ ਸਾਡੀ ਜਿੰਮੇਵਾਰੀ ਐ-ਅਸੀਂ ਕਿਤੇ ਭੱਜ ਨਹੀਂ ਜਾਣਾ-ਪੰਜਾਬ 'ਚ ਈ ਬੈਠੇ ਆਂ-ਜੇ ਤੁਹਾਡਾ ਬੰਦਾ ਜਰਮਨ ਨਾ ਪਹੁੰਚਾਇਆ-ਮੈਨੂੰ ਆ ਕੇ ਫੜ ਲਇਓ।" ਸ਼ੁਕਲਾ ਗਿੱਦੜਮਾਰਾਂ ਵਾਲੇ ਦਾਅ ਸੁੱਟ ਰਿਹਾ ਸੀ।
-"ਬਾਬੂ ਜੀ-ਇਹ ਮੇਰਾ ਦੋਹਤਾ ਐ-ਬਾਪ ਇਹਦਾ ਥੋੜਾ ਚਿਰ ਹੋ ਗਿਆ, ਚੜ੍ਹਾਈ ਕਰ ਗਿਆ-'ਕੱਲਾ 'ਕੱਲਾ ਮੇਰਾ ਦੋਹਤਾ ਐ-ਦੇਖਿਓ ਕਿਤੇ ਕੋਈ ਜਾਨ ਖਤਰਾ ਹੋਵੇ?" ਬਜੁਰਗ ਨੇ ਝਿਜਕ ਜਿਹੀ ਦਿਖਾਈ ਤਾਂ ਸ਼ੁਕਲਾ ਸੁਚੇਤ ਹੋ ਗਿਆ। ਟੋਕਰੇ ਹੇਠ ਆਇਆ ਸਿ਼ਕਾਰ ਤਾਂ ਹੱਥੋਂ ਖੁੱਸ ਚੱਲਿਆ ਸੀ! ਤੱਲਖ-ਤਰੀਕਿਆਂ ਦੇ ਤਜ਼ਰਬੇ ਵਿਚੋਂ ਉਸ ਨੇ ਇਕ ਹੋਰ ਦੱਲਿਆਂ ਵਾਲਾ ਭੁਲੱਥਾ ਮਾਰਿਆ।
-"ਸਰਦਾਰ ਬਹਾਦਰ ਬਾਪੂ ਜੀ! ਦੇਖ ਲਵੋ! ਅੱਜ ਕੱਲ੍ਹ ਯੂਰਪ ਦੇ ਬਾਰਡਰ ਖੁੱਲ੍ਹੇ ਹਨ-ਬੰਦਾ ਬੜਾ ਹੀ ਸੌਖਾ ਪਾਰ ਹੋ ਜਾਂਦਾ ਹੈ-ਸਾਡੇ ਕੋਲ ਸਮਾਂ ਬੜਾ ਹੀ ਘੱਟ ਅਤੇ ਕੋਟਾ ਬਹੁਤ ਹੀ ਸੀਮਤ ਹੈ-ਜੇ ਹੁਣ ਬੰਦਾ ਭੇਜਣਾ ਹੈ ਤਾਂ ਸੁਨਿਹਰੀ ਮੌਕੈ-ਫੇਰ ਸਾਡੇ ਕੋਲੇ ਗੇੜੇ ਨਾ ਮਾਰਿਓ-ਫੇਰ ਥੋਡਾ ਬੰਦਾ ਕਿਸੇ ਨੇ ਨਹੀਂ ਭੇਜਣਾ-ਮੁੜ ਕੇ ਸਾਨੂੰ ਦੋਸ਼ ਨਾ ਦੇਇਓ-ਪਤਾ ਨਹੀਂ ਯੂਰਪ ਦੇ ਬਾਰਡਰ ਕਦੋਂ ਬੰਦ ਹੋ ਜਾਣ?" ਸ਼ੁਕਲੇ ਨੇ ਦਾਣੇ ਸਿ਼ਕਾਰ ਅੱਗੇ ਖਿਲਾਰ ਦਿੱਤੇ।
-"-----।" ਉਹ ਬਲੀ ਦੇ ਬੲਕਰਿਆਂ ਵਾਂਗ ਸ਼ੁਕਲੇ ਅੱਗੇ ਧੌਣ ਝੁਕਾਈ ਬੈਠੇ ਸਨ। ਬੱਸ, ਛੁਰੀ ਫੇਰਨ ਦੀ ਹੀ ਲੋੜ ਸੀ।
-"ਸ਼ੁਕਲਾ ਜੀ-ਇਹਦਾ ਤਾਂ ਪਾਸਪੋਰਟ ਵੀ ਨਹੀਂ ਬਣਿਆਂ?" ਗੁਰਕੀਰਤ ਨੇ ਕਿਹਾ।
-"ਇਹ ਕੰਮ ਵੀ ਕਰ ਦਿਆਂਗੇ-ਪਰ ਇਸ ਦੇ ਪੈਸੇ ਵੱਖ ਲੱਗਣਗੇ।"
-"ਕਿੰਨ੍ਹੇ ਕੁ?"
-"ਦਸ ਹਜਾਰ-ਹਾਂ, ਜੇ ਤੁਸੀਂ ਪਾਸਪੋਰਟ ਬਣਵਾ ਸਕਦੇ ਹੋ ਤਾਂ ਇਕ ਮਹੀਨੇ ਦੇ ਵਿਚ-ਵਿਚ ਬਣਾ ਕੇ ਲੈ ਆਓ-ਅਗਲਾ ਗਰੁੱਪ ਅਗਲੇ ਮਹੀਨੇ ਹੀ ਮਾਸਕੋ ਰਾਹੀਂ ਯੂਰਪ ਜਾ ਰਿਹੈ।" ਉਸ ਨੇ ਭੱਜਣ ਦੇ ਸਾਰੇ ਰਸਤੇ ਹੀ ਬੰਦ ਕਰ ਦਿੱਤੇ। ਵਾੜ ਕਰ ਦਿੱਤੀ। ਹੁਣ ਸੱਪ ਦੇ ਮੂੰਹ ਵਿਚ ਕੋਹੜ ਕਿਰਲਾ ਆ ਗਿਆ ਸੀ। ਖਾਂਦਾ ਸੀ ਕੋਹੜੀ, ਛੱਡਦਾ ਸੀ ਤਾਂ ਕਲੰਕੀ!
-"ਪਰ ਸ਼ੁਕਲਾ ਜੀ-ਇਕ ਮਹੀਨੇ ਵਿਚ ਤਾਂ ਪਾਸਪੋਰਟ ਨਹੀਂ ਮਿਲਣਾ?"
-"ਸਾਹਬ ਬਹਾਦਰ ਜੀ! ਫਿਰ ਅਸੀਂ ਕਿਸ ਮੌਜ ਤੋਂ ਬੈਠੇ ਆਂ? ਗੋਲੀ ਕੀਹਦੀ ਤੇ ਗਹਿਣੇ ਕੀਹਦੇ?"
-"ਬਾਬੂ ਜੀ-।"
-"ਜੀ ਸਾਹਬ ਬਹਾਦਰ ਬਾਬਾ ਜੀ!"
-"ਪਾਸਕੋਰਟ ਸਣੇਂ ਬਣ ਗਿਆ ਪੂਰਾ ਚਾਰ ਲੱਖ ਤੇ ਦਸ ਹਜਾਰ-ਇਹਦੇ ਕੱਪੜੇ ਲੱਤੇ 'ਤੇ ਅਤੇ ਦਿੱਲੀ ਜਾਣ 'ਤੇ ਵੀ ਖਰਚਾ ਬਰਚਾ ਹੋਊ-ਚਾਰ ਲੱਖ ਵੀਹ ਹਜਾਰ ਤਾਂ ਲੱਗੂ ਈ?"
-"ਬਿਲਕੁਲ ਲੱਗੂ ਜੀ! ਜਿਹੜੀ ਗੱਲ ਸਹੀ ਐ-ਸਹੀ ਹੀ ਕਹੂੰਗਾ।"
-"ਜੱਟ ਨੂੰ ਤਾਂ ਸਿੱਧਾ ਈ ਜਮੀਨ ਦਾ ਇਕ ਕਿੱਲਾ ਵੇਚਣਾ ਪੈ ਗਿਆ।" ਬਜੁਰਗ ਦੀ ਠੋਡੀ ਹੇਠਲੀ ਖੂੰਡੀ ਘੁਕਣ ਲੱਗ ਪਈ।
ਸ਼ੁਕਲਾ ਮੇਜ਼ 'ਤੇ ਹੱਥ ਮਾਰ ਕੇ ਖਿੜ-ਖਿੜਾ ਕੇ ਹੱਸ ਪਿਆ।
-"ਬਾਪੂ ਮੇਰਿਆ!"
-"ਉਹ ਬਜੁਰਗ ਦੇ ਮੂੰਹ ਨੇੜੇ ਕਰਕੇ ਬੋਲਿਆ।
-"ਜੱਟ ਦਸ ਕਿੱਲੋ ਬੀਜ ਪਾ ਕੇ ਜਮੀਨ 'ਚੋਂ ਕੁਆਂਟਲਾਂ ਦੇ ਹਿਸਾਬ ਹਿਸਾਬ ਨਾਲ ਕਣਕ ਲੈਂਦੈ-ਇਕ ਵਾਰੀ ਬੋਰ ਕਰਕੇ ਜਿੰਦਗੀ ਭਰ ਪਾਣੀ ਕੱਢਦੈ-ਇਕ ਬੋਰੀ ਰੇਹ ਪਾ ਕੇ ਰਿਕਾਰਡ ਤੋੜ ਝਾੜ ਲੈਂਦੈ-ਲੈਂਦੈ ਕਿ ਨਹੀਂ?"
-"ਲੈਂਦੈ।" ਬਾਬੇ ਦੀ ਖੂੰਡੀ ਘੁਕਣੋਂ ਹਟ ਗਈ।
-"ਆਹੀ ਗੱਲ ਬਾਹਰ ਜਾਣ ਵਾਲਿਆਂ ਦੀ ਐ-ਬੰਦਾ ਇਕ ਵਾਰੀ ਕੌੜਾ ਅੱਕ ਚੱਬ ਕੇ-ਹਿੱਕ 'ਤੇ ਪੱਥਰ ਧਰ ਕੇ-ਪੈਸੇ ਲਾ ਕੇ ਬਾਹਰ ਚਲਿਆ ਜਾਂਦੈ-ਤੇ ਫੇਰ ਸਾਰੀ ਉਮਰ ਕਮਾਉਣ ਖੱਟਣ 'ਤੇ ਹੀ ਐ-ਆਹ ਜਲੰਧਰ ਜਿਲ੍ਹੇ ਦੇ ਲੜਕੇ ਭੇਜੇ ਸੀ ਜਰਮਨ ਨੂੰ-ਛੇ ਮਹੀਨਿਆਂ ਵਿਚ ਕਰਜਾ ਲਾਹ ਕੇ ਪਰ੍ਹੇ ਮਾਰਿਆ-ਪੈਸੇ ਭੇਜਣ ਵਾਲੀ ਤਹਿ ਹੀ ਤੋੜ ਦਿੱਤੀ-ਘਰਦੇ ਜੀਪਾਂ-ਟਰੈਕਟਰ ਲੈ-ਲੈ ਕੇ ਘੁੰਦੇ ਐ ਤੇ ਨਾਲੇ ਕਰਦੇ ਐ ਸਾਡਾ ਧੰਨਵਾਦ।" ਹੱਦੋਂ ਵੱਧ ਪੜੁੱਲ ਮਾਰ ਕੇ ਸ਼ੁਕਲੇ ਨੇ ਉਹਨਾਂ ਦੇ ਸਾਰੇ ਵਲ ਕੱਢ ਦਿੱਤੇ। ਉਹ ਸਿੱਧੇ ਸਲੋਟ, ਸੱਪ ਵਾਂਗ ਖੱਡ ਵਿਚ ਵੜਨ ਲਈ ਤਿਆਰ ਸਨ।
-"ਬਾਬੂ ਜੀ ਪੈਸੇ ਕਦੋਂ ਲੈ ਕੇ ਆਈਏ?"
-"ਮੇਰੇ ਵੱਲੋਂ ਚਾਹੇ ਕੱਲ੍ਹ ਆ ਜਾਓ-ਜਿਵੇਂ ਕਿਸੇ ਨੇ ਪੰਡਤ ਨੂੰ ਪੁੱਛਿਆ ਸੀ: ਪੰਡਤ ਜੀ ਸਰਾਧ ਕਦੋਂ ਐਂ? ਤੇ ਪੰਡਤ ਜੀ ਕਹਿੰਦੇ: ਭਾਈ ਸਾਡੇ ਤਾਂ ਸਰਾਧ ਈ ਸਰਾਧ ਐ-ਜਦੋਂ ਮਰਜੀ ਐ ਕਰ ਲਇਓ।" ਉਹ ਆਪ ਹੀ ਹੱਸ ਪਿਆ। ਜਿਵੇ ਸੁਰਾਹੀ 'ਚੋਂ ਪਾਣੀ ਮੁਧਦੈ! 'ਗਿੜ-ਗਿੜ' ਕਰਕੇ ਅਵਾਜ਼ ਆਈ ਸੀ।
-"ਹਾਂ-!" ਸ਼ੁਕਲਾ ਗੰਭੀਰ ਜਿਹਾ ਹੋ ਗਿਆ।
-"ਹਰਮਨਪ੍ਰੀਤ ਦੀਆਂ ਬਾਰਾਂ ਪਾਸਪੋਰਟ ਸਾਈਜ਼ ਫੋਟੋਆਂ ਚਾਹੀਦੀਐਂ-ਵੀਜ਼ੇ ਅਤੇ ਪਾਸਪੋਰਟ ਵਾਸਤੇ-ਇਹਦੇ ਗਰਮ ਕੱਪੜੇ ਸਿਉਣੇ ਦੇ ਦਿਓ-ਯੂਰਪ 'ਚ ਠੰਢ ਬਹੁਤ ਪੈਂਦੀ ਐ।"
-"ਬਾਬੂ ਜੀ-ਪੈਸੇ ਸਾਰੇ ਪਹਿਲਾਂ ਦੇਣੇ ਪੈਣਗੇ?" ਬਜੁਰਗ ਨੇ ਪੁੱਛਿਆ।
-"ਬਾਬਾ ਜੀ-ਤੁਸੀਂ ਇੰਜ ਕਰੋ-ਵੀਹ ਹਜਾਰ ਮੈਨੂੰ ਕੱਲ੍ਹ ਫੜਾ ਜਾਓ-ਤੇ ਬਾਕੀ ਦਿੱਲੀ ਵੀਜ਼ਾ ਲੱਗੇ ਤੋਂ ਦੇ ਦੇਇਓ-ਮੈਂ ਥੋਡਾ ਪੰਜਾਬੀ ਭਾਈ ਹਾਂ-ਥੋਡੇ ਜਮਾਂ ਗਲ 'ਗੂਠਾ ਨਹੀਂ ਦਿੰਦਾ।" ਸ਼ੋਕਲੇ ਨੇ ਅਸਿੱਧੇ ਤਰੀਕੇ ਨਾਲ ਆਪਣਾ ਹਿੱਸਾ ਪਹਿਲਾਂ ਹੀ ਖ਼ਰਾ ਕਰ ਲੈਣਾ ਚਾਹਿਆ। ਅੱਗ ਲੱਗੀ ਤੋਂ ਡੱਬੂ ਨੂੰ ਕਿਸ ਨੇ ਪੁੱਛਣਾ ਸੀ? ਤੱਤੇ ਘਾਹ ਜੱਟ ਨੂੰ ਜਿਵੇਂ ਮਰਜੀ ਐ ਮੁੰਨ ਲਵੋ, ਜੇ ਇੱਕ ਵਾਰ ਲੱਤ ਚੁੱਕ ਗਿਆ, ਫਿਰ ਬਾਵੇ ਅੰਗ ਨਹੀਂ ਆਉਂਦਾ। ਉਹ ਆਪਣੇ ਉਸਤਾਦ ਦੇ ਕਹੇ 'ਬਚਨ' ਯਾਦ ਕਰ ਗਿਆ ਸੀ।
-"ਬਾਰਾਂ ਪਾਸਪੋਰਟ ਸਾਈਜ਼ ਫੋਟੋਆਂ ਨਾ ਭੁੱਲਿਓ-ਜਿੱਦੇਂ ਪੈਸੇ ਅਤੇ ਫੋਟੋ ਮਿਲ ਗਏ-ਮੈਂ ਦਿੱਲੀ ਫੜਾ ਆਵਾਂਗਾ।"
ਸ਼ੁਕਲਾ ਉਹਨਾਂ ਨੂੰ ਬਾਹਰ ਤੱਕ ਛੱਡਣ ਆਇਆ।
ਜਦੋਂ ਉਹ ਤੁਰ ਗਏ ਤਾਂ ਸ਼ੁਕਲੇ ਨੇ ਆਪਣੇ ਦਫ਼ਤਰ ਅੰਦਰ ਵੜ ਕੇ ਕੁੰਡੀ ਚਾੜ੍ਹ ਲਈ ਅਤੇ ਟੈਲੀਫੋਨ ਨੂੰ ਚਿੰਬੜ ਗਿਆ।
-"ਕੁਮਾਰ ਸਾਹਬ ਬੋਲ ਰਹੇ ਨੇ?"
-"ਜੀ, ਕੁਮਾਰ ਬੋਲ ਰਹਾ ਹੂੰ।" ਉਧਰੋਂ ਅਵਾਜ਼ ਆਈ। ਸਰਾਸਰ ਰੁੱਖੀ ਅਵਾਜ਼। ਬੇਸੁਆਦੀ ਅਵਾਜ਼।
-"ਨਮਸਕਾਰ ਜੀ ਕੁਮਾਰ ਸਾਹਬ! ਸ਼ੁਕਲਾ ਬੋਲ ਰਹਾ ਹੂੰ-ਵਰਮਾ ਜੀ ਹੈਂ?"
-"ਹੋਲਡ ਰੱਖੀਏ।"
-"ਹਰਾਮਜ਼ਾਦਾ!" ਸ਼ੁਕਲੇ ਨੇ ਰਿਸੀਵਰ ਦੇ ਮੂੰਹ 'ਤੇ ਹੱਥ ਰੱਖ ਕੇ ਕੁਮਾਰ ਨੂੰ ਗਾਲ੍ਹ ਕੱਢੀ।
-"ਵਰਮਾ ਜੀ ਨਮਸਕਾਰ!"
-"ਹਾਂ ਜੀ ਸ਼ੁਕਲਾ ਜੀ?"
-"ਏਕ ਲੜਕੇ ਕਾ ਨਾਮ ਲਿਖੀਏ-ਹਰਮਨਪ੍ਰੀਤ ਸਿੰਘ-ਤੀਨ ਲਾਖ ਪਚਾਸ ਹਜ਼ਾਰ ਦੇ ਰਹੇ ਹੈਂ ਜਰਮਨ ਕੇ।"
-"ਕਮ ਹੈ।"
-"ਵਰਮਾ ਜੀ-ਹਮ ਆਪ ਕੇ ਬੱਚੇ ਹੈਂ-ਪੰਜਾਬ ਕੀ ਫਾਈਨੈਂਸ਼ਲ ਸਿਚੂਏਸ਼ਨ ਆਪ ਕੋ ਮਾਲੁਮ ਹੀ ਹੈ-ਕਬੂਲ ਕਰ ਲੀਜੀਏ ਹਜੂਰ।"
-"ਸੋਚ ਲੇਂਗੇ।"
-"ਮਾਈ ਬਾਪ ਵਰਮਾ ਜੀ-ਪਲੀਜ਼!"
-"ਠੀਕ ਹੈ-ਕਰਨਾ ਕਿਆ ਹੋਗਾ?"
-"ਪਾਸਪੋਰਟ ਕਾ ਪ੍ਰਬੰਧ ਵੀ ਕਰਨਾ ਹੈ ਔਰ ਵਾਇਆ ਮਾਸਕੋ ਜਰਮਨ ਭੇਜਨਾ ਹੈ।"
-"ਪਾਸਪੋਰਟ ਕਾ ਪ੍ਰਬੰਧ ਭੀ ਕਰਨਾ ਹੈ? ਫਿਰ ਤੀਨ ਪਚਾਸ ਮੇਂ ਕੈਸੇ ਹੋਗਾ? ਸ਼ੁਕਲਾ ਜੀ ਪਾਗਲ ਤੋ ਨਹੀਂ ਹੋ ਗਏ?"
-"ਵਰਮਾ ਜੀ! ਮਾਈ ਬਾਪ! ਹਮ ਆਪ ਕੇ ਬੱਚੇ ਹੈਂ ਜੀ! ਆਪ ਕੀ ਮਿਹਰਬਾਨੀ ਸੇ ਹੀ ਬੱਚੇ ਪਾਲਤੇ ਹੈ! ਤੀਨ ਸਾਠ ਦਿਲਵਾ ਦੇਤਾ ਹੂੰ-ਠੀਕ ਹੈ ਜੀ?" ਸ਼ੁਕਲਾ ਉਸ ਦੇ ਪੈਰੀਂ ਡਿੱਗਿਆ ਪਿਆ ਸੀ।
-"ਆਪ ਨੇ ਕਿਤਨਾ ਲੇਨਾ ਕੀਆ ਹੈ?" ਹੱਦੋਂ ਵੱਧ ਚਤਰ ਵਰਮੇ ਨੇ ਸ਼ੁਕਲੇ ਨੂੰ ਪੈਰੋਂ ਕੱਢਣਾ ਚਾਹਿਆ।
-"ਵਰਮਾ ਜੀ! ਹਮ ਤੋ ਆਪ ਕੇ ਘੜ੍ਹੇ ਕੀ ਮਛਲੀ ਹੈਂ ਜੀ-ਆਪ ਕੇ ਸਾਥ ਧੋਕਾ ਕਰ ਸਕਤੇ ਹੈਂ? ਸਮੁੰਦਰ ਮੇਂ ਰਹ ਕਰ ਹਮ ਮਗਰਮੱਛ ਸੇ ਦੁਸ਼ਮਨੀ ਨਹੀਂ ਪਾਤੇ ਮਾਈ ਬਾਪ! ਗੰਗਾ ਮਈਆ ਕੀ ਕਸਮ ਖਾ ਕਰ ਕਹਿਤਾ ਹੂੰ-ਤੀਨ ਲਾਖ ਸਾਠ ਹਜ਼ਾਰ ਹੀ ਲੂੰਗਾ-ਵੋ ਆਪ ਕੋ ਸੀਧਾ ਹੀ ਪਹੁੰਚਾ ਦੂੰਗਾ-ਮੇਰਾ ਪੰਦਰਾਂ ਹਜ਼ਾਰ ਕਾ ਕਮਿਸ਼ਨ ਮੁਝੇ ਦੇ ਦੇਨਾ-ਆਜ ਕੱਲ੍ਹ ਕੰਬਖਤ ਪੰਜਾਬ ਮੇ ਬਹੂਤ ਮੰਦਾ ਚਲ ਰਹਾ ਹੈ ਜਨਾਬ! ਪਾਏਂ ਪੜਤਾ ਹੂੰ-ਆਪ ਕੇ ਚਰਨ ਪਕੜਤਾ ਹੂੰ ਮਾਈ ਬਾਪ!"
-"ਪਾਸਪੋਰਟ ਕੇ ਬਾਰੇ ਮੇਂ ਤੋ ਆਪ ਕੋ ਮਾਲੁਮ ਹੀ ਹੈ? ਕਿਸੀ ਔਰ ਕੇ ਪਾਸਪੋਰਟ ਪੇ ਇਸ ਲੌਂਡੇ ਕੀ ਫੋਟੋ ਚਿਪਕਾ ਦੇਂਗੇ-ਪਾਸਪੋਰਟ ਬਨਵਾਨੇ ਕੀ ਤੋ ਜ਼ਰੂਰਤ ਹੀ ਨਹੀਂ ਪੜੇਗੀ।"
-"ਫਿਰ ਤੋ ਤੀਨ ਸਾਠ ਮੇਂ ਚਲਨਾ ਚਾਹੀਏ ਜਨਾਬ।" ਸ਼ੁਕਲੇ ਦੀ ਲੱਤ ਉਪਰ ਹੋ ਗਈ।
-"ਦਿਮਾਗ ਕਯੋਂ ਖਾ ਰਹੇ ਹੋ ਸ਼ੁਕਲਾ ਜੀ? ਅਬ ਚੁੱਪ ਭੀ ਹੋ ਜਾਓ-ਚਲ ਜਾਏਗਾ-ਚਲ ਜਾਏਗਾ।"
-"ਧੰਨਿਆਵਾਦ! ਧੰਨਿਆਵਾਦ ਵਰਮਾ ਜੀ-ਬਹੂਤ ਬਹੂਤ ਧੰਨਿਆਵਾਦ! ਜਬ ਮੁਝੇ ਫੋਟੋ ਮਿਲ ਗਈ-ਲੜਕੇ ਕੀ ਫੋਟੋ ਦੇਕਰ ਮੁੰਡੂ ਕੋ ਭੇਜਦੂੰ?"
-"ਭੇਜ ਦੋ।"
ਫ਼ੋਨ ਕੱਟਿਆ ਗਿਆ।
ਕੱਟੇ ਫ਼ੋਨ ਦੀ 'ਟੂੰ-ਟੂੰ' ਸ਼ੁਕਲੇ ਦਾ ਦਿਮਾਗ ਚੱਟਣ ਲੱਗ ਪਈ।
-"ਕਿੱਡਾ ਭੈਣ ਚੋਦ ਐ ਸਾਲਾ ਮੇਰਾ।" ਉਸ ਨੇ ਫ਼ੋਨ "ਘੜ੍ਹੱਪ" ਕਰਕੇ ਰੱਖ ਦਿੱਤਾ। ਫਿਰ ਉਸ ਨੇ ਦਿਮਾਗ ਅੰਦਰ ਤਕਸੀਮਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਵੀਹ ਹਜ਼ਾਰ ਵਿਚੋਂ ਪੰਦਰਾਂ ਤਾਂ ਸਿੱਧਾ ਹੀ ਉਸ ਦਾ ਸੀ। ਚਾਰ ਲੱਖ ਦਸ ਹਜ਼ਾਰ ਉਸ ਨੇ ਲੈਣਾ ਕੀਤਾ ਸੀ। ਤਿੰਨ ਲੱਖ ਸੱਠ ਹਜ਼ਾਰ ਉਸ ਨੇ ਵਰਮੇ ਨੂੰ ਦੇਣਾ ਸੀ। ਹਰਮਨਪ੍ਰੀਤ ਮਗਰ ਉਸ ਨੂੰ ਸਿੱਧਾ ਹੀ ਪੈਂਹਟ ਹਜ਼ਾਰ ਬਚਣਾ ਸੀ। ਉਸ ਦੇ ਦਿਮਾਗ ਅੰਦਰ ਖੁਸ਼ੀ ਦੀਆਂ ਘੰਟੀਆਂ ਖੜਕੀਆਂ। ਫੁੱਲ-ਝੜ੍ਹੀਆਂ ਜਗੀਆਂ। ਉਸ ਨੇ ਦਰਵਾਜੇ ਦੀ ਚਿਟਕਣੀ ਲਾਹ ਕੇ ਗੋਰਖੇ ਨੂੰ ਅਵਾਜ਼ ਮਾਰੀ।
ਗੋਰਖਾ ਹਾਜ਼ਰ ਸੀ।
-"ਜਾਹ ਸੋਢਾ ਫੜ ਕੇ ਲਿਆ!"
ਗੋਰਖਾ ਸੋਢੇ ਦੀ ਬੋਤਲ ਫੜ ਲਿਆਇਆ।
ਸ਼ੁਕਲੇ ਨੇ ਪੈੱਗ ਲਾ ਲਿਆ।
-"ਬਹਾਦਰ!" ਉਹ ਫਿਰ ਗੋਰਖੇ ਨੂੰ ਸੰਬੋਧਨ ਹੋਇਆ।
ਗੋਰਖਾ ਸਾਹਮਣੇ ਖੜ੍ਹਾ ਗੋਹੇ ਦਾ ਗਹੀਰਾ ਹੀ ਲੱਗਦਾ ਸੀ।
-"ਜੀ ਜਨਾਬ!"
-"ਪਰਸੋਂ ਦਿੱਲੀ ਜਾਣਾ ਹੈ-ਤਿਆਰ ਹੋ ਕੇ ਆਈਂ!" ਉਸ ਨੇ ਹੁਕਮ ਸੁਣਾਇਆ।
-"ਜੀ ਹਜੂਰ!" ਉਹ ਸਾਵਧਾਨ ਹੋ ਗਿਆ।


ਬਾਕੀ ਅਗਲੇ ਹਫ਼ਤੇ.....