ਤਰਕਸ਼ ਟੰਗਿਆ ਜੰਡ (ਕਾਂਡ 7)

ਕਲੀਨਿਕ ਵਿਚ ਬਿੱਲਾ ਘਾਊਂ-ਮਾਊਂ ਜਿਹਾ ਰਿਹਾ। ਉਸ ਦਾ ਮੂਡ ਬੜ ਹੀ ਖਰਾਬ ਸੀ। ਉਸ ਦਾ ਮੱਥਾ ਠਣਕ ਰਿਹਾ ਸੀ ਅਤੇ ਖੱਬੀ ਅੱਖ ਸਵੇਰ ਦੀ "ਫੜੱਕ-ਫੜੱਕ" ਫ਼ਰਕੀ ਜਾ ਰਹੀ ਸੀ। ਪਤਾ ਨਹੀਂ ਉਸ ਦਾ ਕਿਉਂ ਰੋਣ ਜਿਹੇ
ਨੂੰ ਦਿਲ ਕਰੀ ਜਾ ਰਿਹਾ ਸੀ? ਉਹ ਕਿਸੇ ਨਾਲ ਵੀ ਰੂਹ ਨਾਲ ਨਾ ਬੋਲਿਆ।
ਦੁਪਿਹਰੇ ਉਹ ਸੀਤਲ ਕੋਲ ਗਿਆ। ਪਰ ਦਿਲ ਨੂੰ ਅੱਚਵੀ ਜਿਹੀ ਲੱਗੀ ਹੋਣ ਕਾਰਨ ਕੋਈ ਫੋ਼ਕਾ ਬਹਾਨਾ ਮਾਰ ਕੇ ਆ ਗਿਆ। ਸੀਤਲ ਵੀ ਉਸ ਦੇ ਗੁੰਮ-ਸੁੰਮ ਹੋਣ 'ਤੇ ਹੈਰਾਨ ਸੀ। ਪਰ ਕੁਝ ਬੋਲੀ ਨਹੀਂ ਸੀ। ਪਰ ਉਹ ਸੁਆਲੀਆ ਜਿਹੀ ਜ਼ਰੂਰ ਬਣੀ ਬੈਠੀ ਰਹੀ ਸੀ।
ਬਿੱਲੇ ਦੇ ਖਿੱਲਰੇ ਮੂਡ ਵਿਚੋਂ ਉਹ ਕਾਰਨ ਨਹੀਂ ਲੱਭ ਸਕੀ ਸੀ। ਗੱਲ ਕਰਕੇ ਉਹ ਕੋਈ ਜ਼ਖਮ ਉਚੇੜਨਾ ਨਹੀਂ ਚਾਹੁੰਦੀ ਸੀ। ਕਿਉਂਕਿ ਬਿੱਲੇ ਨੇ ਉਸ ਤੋਂ ਕਦੇ ਕੋਈ ਗੱਲ ਨਹੀਂ ਛੁਪਾਈ ਸੀ। ਬਿੱਲਾ ਉਸ ਲਈ ਇਕ ਖੁੱਲ੍ਹੀ ਕਿਤਾਬ ਵਾਂਗ ਸੀ, ਜਾਂ ਇਕ ਸ਼ੀਸ਼ੇ ਵਾਂਗ! ਜਿਸ ਵਿਚੋਂ ਉਹ ਖੁਦ ਹੀ ਸਭ ਕੁਝ ਦੇਖ ਅਤੇ ਸਮਝ ਸਕਦੀ ਸੀ।
ਸ਼ਾਮ ਨੂੰ ਸੱਤ ਕੁ ਵਜੇ ਬੱਬੂ ਦਾ ਵੱਡਾ ਭਰਾ ਕਾਕਾ ਬੜਾ ਹੀ ਘਬਰਾਇਆ ਕਲੀਨਿਕ ਪਹੁੰਚਿਆ। ਉਹ ਬੜੀ ਹੀ ਤੇਜ਼ੀ ਨਾਲ ਸਾਈਕਲ ਚਲਾ ਕੇ ਲਿਆਇਆ ਸੀ। ਪਸੀਨੇ ਨਾਲ ਗੜੁੱਚ ਉਹ ਹੌਂਕੀ ਜਾ ਰਿਹਾ ਸੀ।
ਕਾਕਾ ਸਿੱਧਾ ਹੀ ਅੰਦਰ ਡਾਕਟਰ ਭਜਨ ਕੋਲ ਪਹੁੰਚਿਆ। ਹੋਰ ਕਿਸੇ ਨਾਲ ਉਸ ਨੇ ਜੁਬਾਨ ਵੀ ਸਾਂਝੀ ਨਹੀਂ ਕੀਤੀ ਸੀ। ਪਤਾ ਨਹੀਂ ਕੀ ਭਾਣਾ ਵਰਤ ਗਿਆ ਸੀ? ਬੱਬੂ ਅਤੇ ਬਿੱਲੇ ਦੇ ਦੋਨਾਂ ਦੇ ਹੀ ਦਿਲ ਹਿੱਲ ਗਏ ਸਨ। ਕਾਕਾ ਪਤਾ ਨਹੀਂ ਕਿਹੜੀ ਮਨਹੂਸ ਖ਼ਬਰ ਲੈ ਕੇ ਆਇਆ ਸੀ? ਬਿੱਲੇ ਦਾ ਦਿਲ ਫੜੇ ਕਬੂਤਰ ਵਾਂਗ, ਹਿੱਕ ਵਿਚ ਹਥੌੜੇ ਵਾਂਗ ਵੱਜੀ ਜਾ ਰਿਹਾ ਸੀ। ਪਰ "ਕੀ ਗੱਲ ਐ?" ਪੁੱਛਣ ਦਾ ਉਸ ਅੰਦਰ ਸਾਹਸ ਹੀ ਨਹੀਂ ਰਿਹਾ ਸੀ।
ਕੁਝ ਦੇਰ ਗੁੱਝੀਆਂ ਗੱਲਾਂ ਕਰਕੇ ਕਾਕਾ ਅਤੇ ਡਾਕਟਰ ਬਾਹਰ ਆ ਗਏ। ਉਹਨਾਂ ਦੇ ਚਿਹਰੇ 'ਫ਼ੱਕ' ਹੋਏ ਪਏ ਸਨ। ਚਿਹਰਿਆਂ 'ਤੇ ਗੰਭੀਰਤਾ ਸੀ। ਮੂੰਹ 'ਤੇ ਕੋਈ ਸੁਆਲ ਉੱਕਰਿਆ ਹੋਇਆ ਸੀ।
ਡਾਕਟਰ ਭਜਨ ਨੇ ਆਪਣੀ ਕਾਰ ਬਾਹਰ ਕੱਢ ਲਈ। ਕੋਈ ਗੱਲ ਉਸ ਨੇ ਕੀਤੀ ਨਹੀਂ ਸੀ।
-"ਬਿੱਲਿਆ--!" ਡਾਕਟਰ ਨੇ ਲੰਮਾਂ ਸਾਹ ਛੱਡ ਕੇ ਕਿਹਾ, "ਆ ਚੱਲੀਏ--!"
-"ਕਿੱਥੇ ਡਾਕਟਰ ਸਾਹਿਬ?"
-"ਪਿੰਡ!"
-"ਕੀ ਗੱਲ ਹੋ ਗਈ, ਡਾਕਟਰ ਸਾਹਿਬ?"
ਬਿੱਲੇ ਦਾ ਸੁਆਲ ਡਾਕਟਰ ਲਈ ਸਿਲ-ਪੱਥਰ ਬਣ ਗਿਆ। ਉਹ ਛੋਟੇ ਮੂੰਹ 'ਚੋਂ ਵੱਡੀ ਗੱਲ ਕਿਵੇਂ ਕੱਢਦਾ? ਮੂੰਹ ਤਾਂ ਇਕ ਤਰ੍ਹਾਂ ਨਾਲ ਠਾਕਿਆ ਗਿਆ ਸੀ।
-"ਕਾਕਿਆ-ਤੂੰ ਈ ਦੱਸ ਦੇਹ!" ਡਾਕਟਰ ਨੇ ਬੱਬੂ ਦੇ ਵੱਡੇ ਭਰਾ ਨੂੰ ਕਿਹਾ।
-"ਬਿੱਲਿਆ-ਤਾਇਆ ਜੀ ਨੇ ਖੁਦਕਸ਼ੀ ਕਰ ਲਈ।" ਕਾਕੇ ਨੇ ਹਿੱਕ 'ਤੇ ਪੱਥਰ ਰੱਖ ਕੇ ਕਿਹਾ। ਸੱਚੀ ਗੱਲ ਵੀ ਉਸ ਦੇ ਮੂੰਹੋਂ ਮਸਾਂ ਹੀ ਨਿਕਲੀ ਸੀ।
-"ਕਦੋਂ? ਕਿੱਥੇ? ਕਿਵੇਂ? ਕਾਹਤੋਂ?"
ਬਿੱਲੇ ਦੇ ਦਿਮਾਗ ਅੰਦਰ ਬਿੰਡੇ ਟਿਆਂਕ ਰਹੇ ਸਨ। ਉਸ ਨੇ ਕਈ ਸੁਆਲ ਇਕ ਦਮ ਦਾਗ ਦਿੱਤੇ। ਉਸ ਦੀ ਆਤਮਾ ਲਹੂ-ਲੁਹਾਣ ਸੀ ਅਤੇ ਅੱਖਾਂ ਨੁੱਚੜੀ ਜਾ ਰਹੀਆਂ ਸਨ। ਬਾਪੂ ਜੀ ਦੇ ਸਿਰ 'ਤੇ ਉਹ ਬੇਫਿਕਰ ਸੀ। ਚਾਹੇ ਬਾਪੂ ਕਿਤਨਾ ਵੀ ਤੰਗ ਰਿਹਾ ਸੀ। ਪਰ ਉਸ ਨੇ ਬੱਚਿਆਂ ਨੂੰ ਕਿਸੇ ਗੱਲੋਂ ਘਾਟ ਨਹੀਂ ਆਉਣ ਦਿੱਤੀ ਸੀ। ਕਿਸੇ ਗੱਲੋਂ ਟੋਟ ਨਹੀਂ ਆਉਣ ਦਿੱਤੀ ਸੀ। ਹਮੇਸਾ, ਹਰ ਗੱਲੋਂ ਖੁਸ਼ ਰੱਖਿਆ ਸੀ।
ਉਹ ਕਾਰ ਲੈ ਕੇ ਪਿੰਡ ਨੂੰ ਤੁਰ ਪਏ।
ਸਵੇਰੇ ਤੁਰਨ ਵੇਲੇ ਬਾਪੂ ਦੀਆਂ ਕੀਤੀਆਂ ਗੱਲਾਂ ਅਤੇ ਪਾਈਆਂ ਜੱਫ਼ੀਆਂ ਬਿੱਲੇ ਨੂੰ ਯਾਦ ਆਈਆਂ ਤਾਂ ਉਸ ਅੰਦਰ ਝੋਕਾ ਜਿਹਾ ਫਿਰ ਗਿਆ ਅਤੇ ਮੱਲੋਮੱਲੀ ਰੋਕਿਆ ਹੋਇਆ ਰੋਣ ਨਿਕਲ ਗਿਆ।
ਉਸ ਨੇ ਬਾਪੂ ਜੀ ਵੱਲੋਂ ਦਿੱਤਾ ਪੰਜਾਹਾਂ ਦਾ ਨੋਟ ਜੇਬ ਵਿਚੋਂ ਕੱਢ ਕੇ ਦੇਖਿਆ ਅਤੇ ਬੜੀ ਹੀ ਹਸਰਤ ਨਾਲ ਤੱਕਿਆ। ਇਹ ਬਾਪੂ ਜੀ ਦੀ ਦਿੱਤੀ ਹੋਈ ਆਖਰੀ ਨਿਸ਼ਾਨੀ ਸੀ। ਉਸ ਨੇ ਨੋਟ ਜੇਬ ਵਿਚ ਪਾ ਕੇ ਹੱਥ ਨਾਲ ਘੁੱਟ ਲਿਆ। ਉਸ ਦਾ ਦਿਲ ਕੀਰਨੇ ਪਾਈ ਜਾ ਰਿਹਾ ਸੀ ਅਤੇ ਆਤਮਾ ਬਿਲਕ ਰਹੀ ਸੀ।
ਬਾਪੂ ਜੀ ਦੀਆਂ ਕੀਤੀਆਂ ਮਿੱਠੀਆਂ-ਤੋਤਲੀਆਂ ਗੱਲਾਂ ਬਿੱਲੇ ਦੇ ਸੀਨੇ ਵਿਚ ਬਰਛੀਆਂ ਵਾਂਗ ਵੱਜੀ ਜਾ ਰਹੀਆਂ ਸਨ।
-"ਬਿੱਲਿਆ!" ਡਾਕਟਰ ਨੇ ਗੱਲ ਤੋਰੀ।
-"ਜਿਹੜੀ ਗੱਲ ਹੋਈ-ਬਹੁਤ ਹੀ ਮਾੜੀ ਹੋਈ-ਅਤੀਅੰਤ ਬੁਰੀ।"
ਬਿੱਲੇ ਦਾ ਰੋਣਾ ਫਿਰ ਸ਼ੁਰੂ ਹੋ ਗਿਆ।
-"ਜੇ ਹੌਸਲਾ ਰੱਖੇਂਗਾ ਤਾਂ ਚਾਚੀ ਜੀ ਹੋਰਾਂ ਦੇ ਦਿਲ ਵੀ ਟਿਕ ਜਾਣਗੇ-ਜੇ ਤੂੰ ਈ ਦਿਲ ਸਿੱਟ ਲਿਆ-ਬੁੜੀਆਂ ਤਾਂ ਊਂ ਈ ਦਿਲ ਛੱਡ ਜਾਣਗੀਆਂ।"
-"-----।"
-"ਦਿਲ ਮੱਝ ਵਰਗਾ ਬਣਾਵੇਂਗਾ-ਫੇਰ ਈ ਸਰੂ! ਚਾਚਾ ਜੀ ਨੂੰ ਤਾਂ ਮੋੜ ਕੇ ਮਿੱਤਰਾ ਲਿਆ ਨਹੀਂ ਸਕਦੇ-ਪਰ ਜਿੰਨੀ ਜੋਕਰਾ ਹਾਂ-ਦਿਨ ਰਾਤ ਹਾਜ਼ਰ ਐਂ।" ਡਾਕਟਰ ਨੇ ਉਸ ਦੇ ਮੋਢੇ 'ਤੇ ਰਹਿਮਤ ਦਾ ਹੱਥ ਰੱਖ ਦਿੱਤਾ।
-"ਅਜੇ ਡਾਕਟਰ ਸਾਹਿਬ ਜਾਣ ਦੀ ਉਮਰ ਨਹੀਂ ਸੀ।" ਬਿੱਲਾ ਫਿਰ ਰੋ ਪਿਆ।
-"ਇਹ ਮੈਂ ਵੀ ਮੰਨਦੈਂ ਬਈ ਜਾਣ ਦੀ ਅਜੇ ਉਮਰ ਨਹੀਂ ਸੀ-ਪਰ ਜੋ ਬੀਤ ਗਿਆ-ਉਸ ਨੂੰ ਘੋੜੇ ਨਹੀਂ ਮਿਲਦੇ-ਰੱਬ ਦੀ ਰਜ਼ਾ ਵਿਚ ਹਰ ਹਾਲਤ ਰਾਜ਼ੀ ਰਹਿਣਾ ਪੈਣੈਂ-ਦਿਲ ਰੱਖ-ਸ਼ੇਰ ਬਣ!"
-"ਡਾਕਟਰ ਸਾਹਿਬ-ਬਾਪੂ ਜੀ ਦੇ ਹੁੰਦਿਆਂ ਕੋਈ ਫਿ਼ਕਰ ਫ਼ਾਕਾ ਨਹੀਂ ਸੀ-ਕੰਨ ਹੇਠ ਬਾਂਹ ਧਰ ਕੇ ਸੌਂ ਛੱਡੀਦਾ ਸੀ।" ਉਸ ਦਾ ਮਨ ਭਰ-ਭਰ ਕੇ ਉਛਲ ਰਿਹਾ ਸੀ।
-"ਬਿੱਲਿਆ! ਸਿਆਣਿਆਂ ਨੇ ਐਵੇਂ ਨਹੀਂ ਕਿਹਾ ਬਈ ਸਦਾ ਨਾ ਬਾਗੀਂ ਬੁਲਬੁਲ ਬੋਲੇ-ਸਦਾ ਨਾ ਮੌਜ ਬਹਾਰਾਂ-ਇਹ ਕੁਦਰਤ ਦਾ ਗੇੜ ਐ-ਇਹ ਨਿਰੰਤਰ ਤੁਰਿਆ ਜਾਣੈਂ-ਜਿਹੜੇ ਬਿੱਲਿਆ ਤੁਰ ਗਏ-ਉਹਨਾਂ ਬਿਨਾ ਇਹ ਰੁਕਿਆ ਨਹੀਂ-ਤੇ ਜਿਹੜੇ ਅਜੇ ਜੱਗ 'ਤੇ ਆਉਣੇ ਐਂ-ਉਹਨਾਂ ਦੀ ਇਹ ਖੜ੍ਹ ਕੇ ਉਡੀਕ ਨਹੀਂ ਕਰਦਾ-ਅਕਾਲ ਪੁਰਖ ਦਾ ਗੇੜ ਐ।"
ਉਹ ਉਦਾਸ ਜਿਹੀਆਂ ਗੱਲਾਂ ਕਰਦੇ ਆਏ।
ਜਦੋਂ ਉਹ ਪਿੰਡ ਪਹੁੰਚੇ ਤਾਂ ਘਰ ਵਿਚ ਕੁਰਲਾਹਟ ਮੱਚਿਆ ਹੋਇਆ ਸੀ। ਬਨੇਰੇ 'ਤੇ ਮੌਤ ਕੂਕ ਰਹੀ ਸੀ। ਹਿਰਦੇਵੇਧਕ ਵੈਣ ਪੈ ਰਹੇ ਸਨ।
ਬਿੱਲਾ ਬਾਪੂ ਜੀ ਦੀ ਲਾਸ਼ 'ਤੇ ਢੇਰੀ ਹੋ ਗਿਆ।
-"ਉਜੜ ਗਿਆ ਤੇਰੇ ਬਿੱਲੇ ਦਾ ਸੰਸਾਰ ਉਏ ਬਾਪੂ ਮੇਰਿਆ---!" ਉਸ ਨੇ ਧਾਹ ਮਾਰੀ।
ਬੁੜ੍ਹੀਆਂ ਦੇ ਕੀਰਨੇ ਹੋਰ ਉਚੇ ਹੋ ਗਏ।
-"ਇਹ ਕਿਵੇਂ ਹੋ ਗਿਆ ਬੇਬੇ ਮੇਰੀਏ?"
-"-----।" ਰੋਂਦੀ ਬੇਬੇ ਨੇ ਇਕ ਕੌਲੇ ਨਾਲ ਲੱਗੇ ਬੈਠੇ ਜੈਬੇ ਵੱਲ ਹੱਥ ਕਰ ਦਿੱਤਾ। ਮੂੰਹੋਂ ਉਹ ਚਾਹੁੰਦਿਆਂ ਵੀ ਬੋਲ ਨਾ ਸਕੀ।
ਬਿੱਲੇ ਨੇ ਖੂੰਜੇ ਬੈਠੇ, ਰੋਂਦੇ ਜੈਬੇ ਨੂੰ ਜਾ ਫੜਿਆ।
-"ਬਾਈ ਜੈਬਿਆ-ਆਹ ਕੀ ਹੋ ਗਿਆ?"
ਜੈਬਾ ਗੋਡਿਆਂ 'ਚ ਮੂੰਹ ਦੇ ਕੇ ਰੋਣ ਲੱਗ ਪਿਆ। ਬੋਲ ਉਸ ਤੋਂ ਵੀ ਨਾ ਹੋਇਆ। ਦਿਨ ਰਾਤ ਨਾਲ ਨਿਭਣ ਵਾਲਾ ਦਿਲਦਾਰ ਚਾਚਾ ਸਾਹਮਣੇ ਮਿੱਟੀ ਹੋਇਆ ਪਿਆ ਸੀ। ਕੁੜੀਆਂ ਅਤੇ ਚਾਚੀ ਉਸ ਤੋਂ ਰੋਂਦੀਆਂ ਝੱਲੀਆਂ ਨਹੀਂ ਜਾਂਦੀਆਂ ਸਨ। ਉਸ ਨੇ ਚਾਚੇ ਦੇ ਪ੍ਰੀਵਾਰ ਨੂੰ ਕਦੇ ਬਿਗਾਨਾ ਸਮਝਿਆ ਹੀ ਨਹੀਂ ਸੀ। ਇਹ ਉਸ ਦਾ ਆਪਣਾ ਪ੍ਰੀਵਾਰ ਹੀ ਤਾਂ ਸੀ।
ਜੈਬਾ ਰੋਈ ਜਾ ਰਿਹਾ ਸੀ।
ਡਾਕਟਰ ਭਜਨ ਉਸ ਕੋਲ ਆ ਕੇ ਬੈਠ ਗਿਆ।
-"ਜੈਬਿਆ!" ਉਸ ਨੇ ਉਸ ਦੇ ਮੋਢੇ 'ਤੇ ਹੱਥ ਰੱਖ ਲਿਆ।
-"ਕੀ ਗੱਲ ਕੀ ਹੋਈ-ਇਹ ਤਾਂ ਦੱਸ?"
-"ਗੱਲ ਬਾਈ ਭਜਨ ਸਿਆਂ ਕੀ ਹੋਣੀ ਸੀ? ਮੈਂ ਆਪਣੀ ਨਿੱਕੀ-ਨਿੱਕੀ ਮੱਕੀ 'ਚੋਂ ਤਰਦੇ-ਤਰਦੇ ਖੱਸਣ ਦੇ ਬੂਟੇ ਖਿੱਚਦਾ ਸੀ-ਚਾਚਾ ਉਥੇ ਆ ਗਿਆ-ਮੈਂ ਚਾਚੇ ਨੂੰ ਖੇਤ ਆਉਣ ਤੋਂ ਨਿੱਤ ਵਰਜਦਾ ਸੀ-।"
-"ਕਾਹਤੋਂ?" ਭਜਨ ਨੇ ਪੁੱਛਿਆ।
-"ਜਦੋਂ ਚਾਚਾ ਖੇਤ ਆਉਂਦਾ ਸੀ ਤਾਂ ਓਪਰੀਆਂ ਜੀਆਂ ਗੱਲਾਂ ਕਰਨ ਲੱਗ ਪੈਂਦਾ ਸੀ।"
-"ਕਿਵੇਂ ਓਪਰੀਆਂ ਜੀਆਂ?"
-"ਬਈ ਆਹ ਜਮੀਨਾਂ ਦਾ ਮਾਲਕ ਕੌਣ ਬਣੂੰ? ਕਿਸਾਨ ਨੂੰ ਸਾਰੇ ਸਰਮਾਏਦਾਰ ਵੱਢ-ਵੱਢ ਖਾਈ ਜਾਂਦੇ ਐ-ਅਗਲੀ ਪੀੜ੍ਹੀ ਦਾ ਕੀ ਬਣੂੰ? ਜੁਆਕ ਭੁੱਖੇ ਮਰ ਜਾਣਗੇ-ਸਰਕਾਰ ਕੋਈ ਬਾਤ ਨਹੀਂ ਪੁੱਛਦੀ-ਹਾੜ੍ਹੀ ਸਾਉਣੀ ਕਰਜਾ ਸਿਰ ਟੁੱਟੀ ਜਾਂਦੈ-ਕਰਜਾ ਕਿਮੇ ਲਾਹਾਂਗੇ? ਇਕ ਦਿਨ ਜਮੀਨ ਵੇਚ ਕੇ ਸੇਠਾਂ ਦਾ ਕਰਜਾ ਲਾਹੁੰਣਾ ਪਊ-ਬੱਸ ਐਹ ਿਜੀਆਂ ਗੱਲਾਂ ਬਾਈ ਖੇਤ ਆ ਕੇ ਚਾਚਾ ਕਰਦਾ ਸੀ।"
ਸਾਰੇ ਚੁੱਪ ਹੋ ਗਏ।
-"ਘਰੇ ਮੈਂ ਤਾਂ ਗੱਲ ਨੀ ਸੀ ਕਰਦਾ ਬਈ ਚਾਚੀ ਹੋਰਾਂ ਦਾ ਦਿਲ ਦੁਖੀ ਹੋਊ-ਚਾਚਾ ਤਾਂ ਜਿਹੜਾ ਦੁਖੀ ਸੀਗਾ-ਸੀਗਾ ਈ।"
-"ਤੇ ਅੱਜ ਦੁਪਿਹਰੇ ਜਿਹੇ ਮੇਰੇ ਕੋਲ ਫੇਰ ਖੇਤ ਆ ਗਿਆ-ਕੋਲੇ ਉਹਦੇ ਸਪਰੇਅ ਕਰਨ ਆਲੀ ਦੁਆਈ ਦੀ ਪੀਪੀ ਸੀ-ਮੈਨੂੰ ਕਹਿੰਦਾ ਆਹ ਦੁਆਈ ਕੱਲ੍ਹ ਨੂੰ ਮੱਕੀ 'ਤੇ ਸਪਰੇਅ ਕਰਵਾ ਦਿਆਂਗੇ-ਤੂੰ ਬਾਹਲਾ ਖੱਸਣ ਨਾਲ ਮੱਥਾ ਨਾ ਮਾਰਿਆ ਕਰ-ਤੇ ਮੈਂ ਕਿਹਾ ਚਾਚਾ ਜਿੰਨੇ ਕੁ ਨਿਕਲਦੇ ਐ-ਮੈਂ ਕੱਢ ਦਿੰਨੈ-ਸਾਰੀ ਦਿਹਾੜੀ ਵਿਹਲਾ ਕੀ ਕਰੂੰ? ਤੇ ਬਾਈ ਉਹ ਦੁਆਈ ਆਲੀ ਪੀਪੀ ਲੈ ਕੇ ਇੰਜਣ ਆਲੀ ਕੋਠੀ ਚਲਿਆ ਗਿਆ-ਮੈਂ ਆਵੇਸਲਾ ਹੋਇਆ ਆਬਦੇ ਕੰਮ ਲੱਗਿਆ ਰਿਹਾ।"
ਜੈਬਾ ਲੰਬਾ ਸਾਹ ਲੈ ਕੇ ਫਿਰ ਬੋਲਿਆ।
-"ਤੇ ਜਦੋਂ ਬਾਈ ਮੈਂ ਪੱਠੇ ਵੱਢਣ ਆਸਤੇ ਟੂਬਲ ਆਲੀ ਕੋਠੀ 'ਚੋਂ ਦਾਤੀ ਲੈਣ ਗਿਆ ਤਾਂ ਚਾਚਾ ਢੇਰੀ ਹੋਇਆ ਪਿਆ ਸੀ-ਕੋਲੇ ਈ ਸਪਰੇਅ ਆਲੀ ਪੀਪੀ ਖੁੱਲ੍ਹੀ ਪਈ ਸੀ-ਮੈਂ ਤਾਂ ਫੱਟ ਸਮਝ ਗਿਆ ਬਈ ਕਾਰਾ ਤਾਂ ਚਾਚੇ ਨੇ ਕਰ ਲਿਆ-ਮੈਂ ਰੌਲਾ ਪਾਇਆ ਤਾਂ ਲੋਕ 'ਕੱਠੇ ਹੋ ਗਏ-ਜੱਥੇਦਾਰ ਕਾ ਪਾੜ੍ਹਾ ਮੋਟਰ ਛੈਂਕਲ ਲੈ ਕੇ ਡਾਕਦਾਰ ਆਤਮੇ ਵੱਲ ਭੱਜ ਗਿਆ-ਖਤਮ ਤਾਂ ਚਾਚਾ ਮੇਰੇ ਜਾਣ ਤੋਂ ਪਹਿਲਾਂ ਈ ਹੋ ਗਿਆ ਸੀ-ਪਰ ਮਨ ਨੂੰ ਤੋੜ ਲੱਗੀ ਵੀ ਸੀ ਬਈ ਕੀ ਐ ਬਚ ਈ ਰਹੇ? ਦਿਲ ਨੂੰ ਤਾਂ ਹੁਣ ਤੱਕ 'ਤਬਾਰ ਨੀ ਆਉਂਦਾ ਬਈ ਚਾਚਾ---!" ਜੈਬੇ ਦੇ ਹੰਝੂ ਫਿਰ ਧਰਾਲੀਂ ਵਹਿ ਤੁਰੇ। ਉਸ ਨੇ ਮੁੜ ਸਿਰ ਗੋਡਿਆਂ ਵਿਚ ਸੁੱਟ ਲਿਆ। ਉਹ ਵਾਰ-ਵਾਰ ਅੱਖਾਂ ਅਤੇ ਨੱਕ ਪੂੰਝਦਾ "ਹਾਏ" ਆਖਦਾ ਸੀ।
ਭਜਨ ਨੇ ਉਸ ਦੀ ਪਿੱਠ ਪਲੋਸੀ।
ਜੈਬਾ ਕੁਝ ਸਥਿਰ ਹੋ ਗਿਆ।
-"ਜਦੋਂ ਪਾੜ੍ਹਾ ਡਾਕਦਾਰ ਨੂੰ ਮੋਟਰ ਛੈਂਕਲ 'ਤੇ ਲੈ ਕੇ ਆਇਆ ਤਾਂ ਡਾਕਦਾਰ ਨੇ ਟੂਟੀਆਂ-ਟਾਟੀਆਂ ਲਾ ਕੇ ਦੇਖਿਆ-ਚਾਚਾ ਖਤਮ ਸੀ-ਡਾਕਦਾਰ ਨੇ ਸਿਰ ਫੇਰਤਾ-ਤੇ ਫੇਰ ਬਾਈ ਅਸੀਂ ਜੱਥੇਦਾਰ ਕੀ ਟਰਾਲੀ 'ਚ ਪਾ ਕੇ ਲਾਅਸ਼ ਪਿੰਡ ਲੈ ਆਏ-ਮੇਰੇ ਦੁਖਦੇ ਸੁਖਦੇ ਦੀ ਦਾਰੂ ਸੀ ਚਾਚਾ, ਬਾਈ! ਬੱਸ ਤੇਰੇ ਸਾਹਮਣੇ ਐਂ-ਰੋਹੀ ਬੀਆਬਾਨ 'ਚ ਛੱਡ ਕੇ ਤੁਰ ਗਿਆ-ਹਾਏ ਉਏ ਚਾਚਾ--!" ਜੈਬੇ ਦਾ ਰੋਣ ਬੰਦ ਨਹੀਂ ਹੁੰਦਾ ਸੀ।
ਬਿੱਲਾ ਰੋ ਰਿਹਾ ਸੀ।
ਮਿੰਦਰ ਅਤੇ ਕਿੰਦਰ ਰੋ ਰਹੀਆਂ ਸਨ।
ਜੀਤ ਕੌਰ ਰੋ ਰਹੀ ਸੀ।
ਰੋਂਦੀ ਜੀਤ ਕੌਰ ਦਾ ਬਚਨੋਂ ਭੂਆ ਨੇ ਮੋਢਾ ਆ ਦੱਬਿਆ। ਬਚਨੋਂ ਭੂਆ ਬੜੀ ਹੀ ਸੁੱਘੜ-ਸਿਆਣੀ ਬੁੜ੍ਹੀ ਸੀ।
-"ਜੀਤ ਕੁਰੇ-ਹੌਸਲਾ ਰੱਖ-ਰੋਣ ਨਾਲ ਕੁਛ ਨ੍ਹੀ ਬਣਨਾ-ਤੇਰੇ ਨਾਲ ਤਾਂ ਜੁਆਕ ਵੀ ਕਮਲੇ ਹੋ ਜਾਣਗੇ।" ਬਚਨੋਂ ਭੂਆ ਨੇ ਕਿਹਾ। ਧਰਵਾਸ ਦਿੱਤਾ।
ਜੀਤ ਕੌਰ ਬਚਨੋਂ ਭੂਆ ਦੇ ਗਲ ਲੱਗ ਕੇ ਰੋਣ ਲੱਗ ਪਈ।
-"ਰਿਸ਼ਤੇਦਾਰੀਆਂ 'ਚ ਗਿਐ ਕੋਈ?"
-"ਬਾਬਾ ਮਰਾਸੀ ਗਿਐ ਬੀਬੀ।"
ਸ਼ਾਮ ਹੋ ਗਈ।
ਬਿੱਲੇ ਕੇ ਘਰ 'ਤੇ ਵੈਰਾਨਗੀ ਛਾਈ ਹੋਈ ਸੀ। ਹਾੜ ਬੋਲਦਾ ਸੀ। ਰੁੱਖੀ-ਸੁੱਖੀ ਜਿਹੀ ਹਵਾ ਵਗ ਰਹੀ ਸੀ। ਉਦਾਸ ਤੇ ਸੋਗਮਈ ਮਾਹੌਲ ਸੀ।
ਨੇੜੇ ਦੇ ਰਿਸ਼ਤੇਦਾਰ ਪਹੁੰਚਣੇ ਸ਼ੁਰੂ ਹੋ ਗਏ ਸਨ। ਚਾਹ-ਪਾਣੀ ਦਾ ਸਾਰਾ ਢਾਣਸ ਬਚਨੋਂ ਭੂਆ ਦੀ ਨਿਗਰਾਨੀ ਹੇਠ ਹੋ ਰਿਹਾ ਸੀ।
ਰੋਣ-ਧੋਣ ਜਾਰੀ ਸੀ।
ਬਲਿਹਾਰ ਸਿੰਘ ਦੀ ਜਿ਼ੰਦਗੀ ਦੇ ਉਤਰਾਅ-ਚੜ੍ਹਾਅ ਬਾਰੇ ਗੱਲਾਂ ਹੋ ਰਹੀਆਂ ਸਨ।
ਦੇਰ ਗਈ ਰਾਤ ਤੱਕ ਨੇੜਲੇ ਰਿਸ਼ਤੇਦਾਰ ਪਹੁੰਚਦੇ ਰਹੇ ਸਨ।
ਸਾਰਿਆਂ ਨੇ ਪੱਟੀਆਂ 'ਤੇ ਪਿਆਂ ਨੇ, ਧੂਹ-ਘੜ੍ਹੀਸ ਕੇ ਰਾਤ ਪੂਰੀ ਕੀਤੀ। ਸਮਾਂ ਧੱਕਿਆ।
ਜੀਤ ਕੌਰ ਸਾਰੀ ਰਾਤ ਲਾਸ਼ ਕੋਲ ਬੈਠੀ ਰਹੀ ਸੀ। ਰੋਂਦੀ ਰਹੀ ਸੀ।
ਸੂਰਜ ਦੀ ਪਹਿਲੀ ਕਿਰਨ ਨਾਲ ਹੀ ਦੂਰ ਵਾਟ ਦੇ ਰਿਸ਼ਤੇਦਾਰ ਵੀ ਪਹੁੰਚ ਗਏ। ਬਲਿਹਾਰ ਸਿੰਘ ਦੀ ਲਾਸ਼ ਦਾ ਇਸ਼ਨਾਨ ਕਰਵਾਇਆ।
ਬਾਬਾ ਸੋਹਣ ਸਿੰਘ ਗਿਆਨੀ ਨੇ ਅਰਦਾਸ ਕੀਤੀ ਅਤੇ ਸਸਕਾਰ ਕਰ ਦਿੱਤਾ ਗਿਆ। ਕਾਹਲੀ ਅੱਗ ਦੀ ਲਾਟ ਧੁਰ ਅਸਮਾਨ ਨੂੰ ਗਈ ਸੀ।
ਸਾਰੇ ਆਖਰੀ ਡੱਕੇ ਸੁੱਟ ਕੇ ਮੁੜ ਆਏ।
ਗੁਰਦੁਆਰੇ ਦੇ ਨਲਕੇ 'ਤੇ ਖੜ੍ਹ ਕੇ ਹੱਥ-ਪੈਰ ਸੁੱਚੇ ਕੀਤੇ। ਅਕਾਲ ਪੁਰਖ ਦੇ ਚਰਨਾਂ ਵਿਚ ਬਲਿਹਾਰ ਸਿੰਘ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਬੇਨਤੀਆਂ ਹੋਈਆਂ ਸਨ।
ਵਕਤੀ ਤੌਰ 'ਤੇ ਬਿੱਲੇ ਦਾ ਪੜ੍ਹਿਆ-ਲਿਖਿਆ, ਪਰ ਬੇਰੁਜ਼ਗਾਰ ਮਾਮਾ ਗੁਰਕੀਰਤ ਇੱਥੇ ਹੀ ਰਹਿ ਪਿਆ।
ਬਾਪੂ ਬਲਿਹਾਰ ਸਿੰਘ ਤਾਂ ਤੁਰ ਗਿਆ ਸੀ। ਪਰ ਬਿੱਲੇ ਦੀ ਜਿ਼ੰਦਗੀ ਰੋਹੀ-ਬੀਆਬਾਨ ਬਣ ਗਈ ਸੀ। ਬੰਜਰ ਉਜਾੜ ਬਣ ਗਈ ਸੀ। ਉਹ ਉਖੜਿਆ-ਉਖੜਿਆ ਜਿਹਾ ਰਹਿੰਦਾ। ਬੌਂਦਲਿਆ-ਬੌਂਦਲਿਆ ਜਿਹਾ ਫਿਰਦਾ। ਉਹ ਕਦੇ ਕਲੀਨਿਕ ਜਾਂਦਾ, ਕਦੇ ਨਾ ਜਾਂਦਾ। ਡਾਕਟਰ ਭਜਨ ਵੀ ਉਸ ਨੂੰ ਕੁਝ ਨਾ ਆਖਦਾ। ਉਹ ਬਿੱਲੇ ਦਾ ਦੁੱਖ ਧੁਰ-ਦਿਲੋਂ ਸਮਝਦਾ ਸੀ। ਡਾਕਟਰ ਭਜਨ ਰੱਬੀ-ਰੂਹ ਸੀ। ਰੱਬ ਦੀ ਲੋਕਤਾਈ ਨੂੰ ਪਿਆਰ ਕਰਨ ਵਾਲਾ ਬੰਦਾ ਸੀ। ਦਰਵੇਸ਼ ਸੁਭਾਅ ਵਾਲਾ ਮਾਨੁੱਖ ਸੀ।
ਇਕ ਦਿਨ ਦੁਪਿਹਰੋਂ ਬਾਅਦ ਬਿੱਲਾ ਸੀਤਲ ਨੂੰ ਮਿਲਣ ਆਇਆ। ਸੀਤਲ ਉਸ ਨੂੰ ਅਮਰ-ਵੇਲ ਵਾਂਗ ਚਿੰਬੜ ਗਈ।
ਉਹ ਇਕ ਦੂਜੇ ਦੇ ਗਲ ਲੱਗ ਕੇ ਪਤਾ ਨਹੀਂ ਕਿੰਨਾਂ ਕੁ ਚਿਰ ਰੋਂਦੇ ਰਹੇ? ਦਿਲ ਹੌਲਾ ਕਰਦੇ ਰਹੇ? ਅੱਜ ਬਿੱਲਾ ਰੱਜ ਕੇ ਰੋਇਆ ਸੀ। ਹਾਣੀ ਦੇ ਗਲ ਲੱਗ ਕੇ ਉਹ ਸਾਰੇ ਜ਼ਖਮ ਧੋ ਦੇਣਾ ਚਾਹੁੰਦਾ ਸੀ।
-"ਹਾਣੀ ਮੇਰਿਆ! ਆਹ ਕੀ ਹੋ ਗਿਆ?" ਲੰਬੀ ਚੁੱਪ ਸੀਤਲ ਨੇ ਹੀ ਤੋੜੀ। ਚਾਰ ਰੋਂਦੀਆਂ ਅੱਖਾਂ ਇਕ ਦੂਜੇ ਦੇ ਦੁੱਖ ਪੁੱਛ ਰਹੀਆਂ ਸਨ।
-"ਜੋ ਡਾਢੀ ਕਿਸਮਤ ਨੂੰ ਮਨਜ਼ੂਰ!"
-"ਇਸ ਜਖਮ ਬਾਰੇ ਤਾਂ ਕਦੇ ਸੋਚਿਆ ਹੀ ਨਹੀਂ ਸੀ।"
-"ਹੁਣ ਤਾਂ ਜ਼ਖਮ ਵੀ ਨਾਸੂਰ ਬਣਦਾ ਜਾਂਦੈ-ਸੀਤਲ ਮੇਰੀਏ!"
-"ਤੁਹਾਡੇ ਸਾਰੇ ਜ਼ਖਮ ਹੀ ਭਰ ਦਿਆਂਗੀ ਸੱਜਣ ਜੀ! ਸਮਾਂ ਅਤੇ ਸਾਥ ਬਹੁਤ ਬੜਾ ਕੁਝ ਭੁਲਾ ਦੇਣ ਦੇ ਸਮਰੱਥ ਹੁੰਦੇ ਐ!"
-"ਕਦੇ ਕਿਸੇ ਦਾ ਬੁਰਾ ਕਰਨਾ ਤਾਂ ਕੀ ਸੀ? ਕਦੇ ਸੋਚਿਆ ਵੀ ਨਹੀਂ ਸੀ! ਆਹ ਪਤਾ ਨਹੀਂ ਕਿਹੜੇ ਭੁੱਜੇ ਬੀਜੇ ਦਾਣੇ ਅੱਗੇ ਆ ਗਏ?"
-"ਰੱਬ ਬੜਾ ਮਿਹਰਵਾਨ ਐਂ! ਜੇ ਚੰਗੇ ਦਿਨ ਨਹੀਂ ਰਹੇ-ਰਹਿੰਦੇ ਮਾੜੇ ਵੀ ਨਹੀਂ-ਉਸ 'ਤੇ ਅਥਾਹ ਭਰੋਸਾ ਰੱਖੋ!"
-"ਸੀਤਲ! ਜਿਹੜੀ ਦੁਨੀਆਂ ਮੈਨੂੰ ਹੱਸਦੀ-ਖੇਡਦੀ ਨਜ਼ਰ ਆਉਂਦੀ ਸੀ-ਉਹ ਮੈਨੂੰ ਵੱਢਖਾਣੀਂ ਦਿਸਦੀ ਐ।"
-"ਇਹ ਚੰਗੇ ਅਤੇ ਮੰਦੇ ਟਾਈਮ ਦਾ ਹੇਰ ਫੇਰ ਹੁੰਦੈ ਮੇਰੇ ਹਾਣੀਆਂ! ਸਮੇਂ ਦਾ ਗੇੜ ਵੱਡੇ-ਵੱਡੇ ਫੱਟ ਰਾਜ਼ੀ ਕਰ ਦਿੰਦੈ-ਇੱਕ, ਇੱਕ ਅਤੇ ਦੋ ਗਿਆਰਾਂ ਹੁੰਦੇ ਐ-ਆਪਾਂ ਦੋਵੇਂ ਰਲ ਕੇ ਮਾੜੇ ਸਮੇਂ ਨੂੰ ਮਧੋਲ ਸੁੱਟਾਂਗੇ-ਇਹ ਮੇਰਾ ਦਿਲੀ ਵਿਸ਼ਵਾਸ ਐ-ਇਹ ਮੇਰਾ ਪਰਪੱਕ ਵਿਸ਼ਵਾਸ ਐ-ਪਰਪੱਕ ਵਿਸ਼ਵਾਸ!"
-"ਸੀਤਲ!"
-"ਹਾਂ ਜੀ?"
-"ਮੈਂ ਇਕ ਪਤੰਗ ਵਾਂਗ ਹਾਂ।"
-"----।" ਸੀਤਲ ਨੇ ਆਪਣੀਆਂ ਅੱਖਾਂ ਉਪਰ ਚੁੱਕੀਆਂ। ਕੋਹਿਨੂਰ ਵਾਂਗ ਚਮਕਦੀਆਂ ਅੱਖਾਂ!
-"ਮੈਂ ਇਕ ਡੋਲਦੇ ਪਤੰਗ ਵਰਗਾ ਹਾਂ ਸੀਤਲ! ਤੇ ਤੂੰ ਮੇਰੀ ਡੋਰ-ਤੇਰੇ ਬਗੈਰ ਮੈਂ ਡਾਵਾਂਡੋਲ ਹੋ ਜਾਵਾਂਗਾ-ਪਤਾ ਨਹੀਂ ਮੇਰਾ ਅੰਤ ਕਿੱਥੇ ਜਾ ਕੇ ਹੋਵੇ? ਮੈਨੂੰ ਸੰਭਾਲੀ ਰੱਖੀਂ ਸੀਤਲ! ਮੈਨੂੰ ਸੰਭਾਲੀ ਰੱਖੀਂ! ਜੇ ਮੈਂ ਡਿੱਗ ਪਿਆ-ਮੇਰਾ ਕੱਖ ਨਹੀਂ ਬਚੇਗਾ ਸੀਤਲ।"
ਸੀਤਲ ਨੇ ਸਾਰੇ ਜੋਰ ਨਾਲ ਬਿੱਲੇ ਨੂੰ ਘੁੱਟ ਲਿਆ। ਆਪਣੇ ਬਿੱਲੇ ਨੂੰ! ਜਿੰਦ-ਜਾਨ ਬਿੱਲੇ ਨੂੰ!
ਬਿੱਲੇ ਦੀ ਘਰ ਜਾਣ ਨੂੰ ਵੱਢੀ ਰੂਹ ਨਹੀਂ ਕਰਦੀ ਸੀ। ਘਰ ਖਾਣ ਨੂੰ ਆਉਂਦਾ ਸੀ। ਬੂਹੇ ਬੈਠੀਆਂ ਜੁਆਨ ਭੈਣਾਂ ਕਿਸੇ ਦੈਂਤ ਵਾਂਗ ਡਰਾਉਂਦੀਆਂ ਸਨ। ਜੇ ਉਹ ਘਰੇ ਚਲਾ ਜਾਂਦਾ ਤਾਂ ਉਸ ਦਾ ਘਰੋਂ ਬਾਹਰ ਨਿਕਲਣ ਨੂੰ ਦਿਲ ਨਹੀਂ ਕਰਦਾ ਸੀ। ਦੁਨੀਆਂ ਘਰੂਟ ਮਾਰਨ ਆਉਂਦੀ ਪ੍ਰਤੀਤ ਹੁੰਦੀ ਸੀ। ਉਸ ਦੀ ਅਜ਼ੀਬ ਜਿਹੀ ਹਾਲਤ ਹੋਈ ਪਈ ਸੀ।
ਜਿਸ ਦਿਨ ਉਹ ਕਲੀਨਿਕ ਨਾ ਜਾਂਦਾ ਤਾਂ ਦਿਲ ਦਾ ਮੌਸਮ ਬਦਲਣ ਲਈ ਉਹ ਮਾਮੇਂ ਗੁਰਕੀਰਤ ਸਿੰਘ ਨਾਲ ਖੇਤ ਚਲਾ ਜਾਂਦਾ। ਗੁਰਕੀਰਤ ਕੋਈ ਬਹੁਤੀ ਉਮਰ ਦਾ ਨਹੀਂ ਸੀ। ਬਿੱਲੇ ਦੀ ਮਾਂ ਸਾਰਿਆਂ ਭੈਣ-ਭਰਾਵਾਂ ਤੋਂ ਵੱਡੀ ਸੀ ਅਤੇ ਗੁਰਕੀਰਤ ਸਾਰਿਆਂ ਨਾਲੋਂ ਛੋਟਾ ਸੀ।
ਗੁਰਕੀਰਤ ਨੇ ਐੱਮ ਏ ਕਰਕੇ ਫਿਰ ਬੀ ਐੱਡ ਕੀਤੀ ਹੋਈ ਸੀ। ਬੜੇ ਵਧੀਆ ਖਿਆਲਾਂ ਦਾ ਸੀ। ਉਹ ਲੱਖਾਂ ਦੀ ਕੋਠੀ ਪਾ ਕੇ, ਉਪਰ ਸੜਿਆ ਹੋਇਆ ਛਿੱਤਰ ਟੰਗਣ ਦਾ ਹਾਮੀਂ ਨਹੀਂ ਸੀ। ਹਰ ਗੱਲ ਨੂੰ 'ਤਰਕ' ਨਾਲ ਜੋੜ ਕੇ ਦੇਖਣ ਦਾ ਆਦੀ ਸੀ। ਚਾਹੇ ਉਹ ਬੇਰੁਜ਼ਗਾਰ ਹੀ ਸੀ, ਪਰ ਰਿਸ਼ਵਤ ਦੇ ਕੇ ਕਿੱਤਾ ਲੈਣਾ ਉਸ ਦੇ ਕਾਨੂੰਨ ਦੇ ਖਿ਼ਲਾਫ਼ ਸੀ। ਐੱਮ ਏ ਬੀ ਐੱਡ ਨੂੰ ਆਪਣੀ ਜਿ਼ੰਦਗੀ ਦੀ ਪ੍ਰਾਪਰਟੀ ਸਮਝਦਾ ਸੀ। ਗੋਡੇ ਟੇਕ ਕੇ ਨੌਕਰੀ ਲੱਗਣਾ ਉਸ ਦੇ ਵਿਸ਼ੇ ਵਿਚ ਕਿਤੇ ਨਹੀਂ ਲਿਖਿਆ ਸੀ।
ਖੇਤ ਉਹ ਜੈਬੇ ਨਾਲ ਵਾਹਵਾ ਰਚ-ਮਿਚ ਜਾਂਦੇ। ਟਾਈਮ ਵਧੀਆ ਗੁਜ਼ਰ ਜਾਂਦਾ। ਜੈਬੇ ਦਾ ਵੀ ਦਿਲ ਲੱਗ ਜਾਂਦਾ। ਬਲਿਹਾਰ ਸਿੰਘ ਦੇ ਤੁਰ ਜਾਣ ਤੋਂ ਬਾਅਦ ਉਹ ਆਪਣੇ ਆਪ ਨੂੰ ਇਕ ਤਰ੍ਹਾਂ ਨਾਲ 'ਯਤੀਮ' ਮਹਿਸੂਸਣ ਲੱਗ ਪਿਆ ਸੀ। ਜਦੋਂ ਉਹ ਇਕੱਲਾ ਖੇਤ ਹੁੰਦਾ ਤਾਂ ਉਸ ਨੂੰ ਜਿਵੇਂ ਹੌਲ ਪੈਂਦੇ! ਕਦੇ-ਕਦੇ ਉਸ ਨੂੰ ਬਲਿਹਾਰ ਸਿੰਘ ਦਾ ਖੇਤ ਆਉਂਦੇ ਦਾ ਝਾਉਲਾ ਜਿਹਾ ਪੈਂਦਾ। ਉਹ ਨੀਝ ਜਿਹੀ ਲਾ ਕੇ ਉਧਰ ਤੱਕਣ ਲੱਗ ਪੈਂਦਾ। ਜਦ ਕੋਈ ਹੋਰ ਨਿਕਲ ਆਉਂਦਾ ਤਾਂ ਉਹ ਆਪਣੇ ਆਪ ਨੂੰ ਲਾਹਣਤ ਜਿਹੀ ਪਾਉਂਦਾ।
-"ਤੁਰ ਗਏ ਕਦੇ ਮੁੜੇ ਐ ਕਮਲਿਆ ਜੈਬਾ ਸਿਆਂ? ਤੁਰ ਗਿਆ ਤੇਰਾ ਚਾਚਾ ਘਚਾਨੀ ਦੇ ਕੇ-ਉਹ ਨਹੀਂ ਰੱਬ ਦਾ ਜੀਅ ਮੁੜਨਾ ਹੁਣ-ਨਾ ਦਿਨੇ ਸੁਪਨੇ ਲਿਆ ਕਰ! ਰੱਬ ਉਹਦਾ ਸੁਰਗ 'ਚ ਵਾਸਾ ਕਰੇ-ਬੜਾ ਦੁਖਦੇ ਸੁਖਦੇ ਕੰਮ ਆਇਆ ਕਰਮਾਂ ਆਲਾ-ਉਹ ਤਾਂ ਤੁਰ ਗਿਆ-ਤੇ ਜੈਬਾ ਸਿਆਂ ਤੂੰ ਰਹਿ ਗਿਆ 'ਕੱਲਾ ਰੋਹੀ ਬੀਆਬਾਨ 'ਚ ਭੜਕਣ ਆਸਤੇ-ਵਾਹ ਉਏ ਮੇਰਿਆ ਚਾਚਾ! ਪੁੱਤ ਜੈਬੇ ਨੂੰ ਵੀ ਨਾਲ ਈ ਲੈ ਜਾਂਦਾ-ਮੇਰੇ ਬਿਨਾ ਕਿਹੜਾ ਐਥੇ ਵਿਸਾਖੀ ਲੱਗਣੋਂ ਹਟ ਜਾਂਦੀ?" ਉਹ ਇਕੱਲਾ ਹੀ ਗੱਲਾਂ ਕਰੀ ਜਾਂਦਾ। ਜਦੋਂ ਗੁਰਕੀਰਤ ਅਤੇ ਬਿੱਲਾ ਖੇਤ ਆ ਜਾਂਦੇ ਤਾਂ ਉਸ ਦਾ ਦਿਲ ਟਿਕਾਣੇ ਰਹਿੰਦਾ। ਉਹਨਾਂ ਨਾਲ ਉਹ ਪਰਚਿਆ ਰਹਿੰਦਾ ਅਤੇ ਆਖਦਾ:
-"ਤੁਸੀਂ ਕੰਮ ਚਾਹੇ ਡੱਕਾ ਨਾ ਕਰਿਆ ਕਰੋ-ਕੰਮ ਥੋਡੇ ਵੰਡੇ ਦਾ ਮੈਂ ਕਰਿਆ ਕਰੂੰ-ਤੁਸੀਂ ਮੇਰੇ ਵੀਰ ਖੇਤ ਆ ਜਾਇਆ ਕਰੋ-'ਕੱਲੇ ਦਾ ਤਾਂ ਜਾਣੀ ਦੀ ਮੇਰਾ ਹਲਟ ਫੇਲ੍ਹ ਹੋਣ ਆਲਾ ਹੋ ਜਾਂਦੈ-ਜਦੋਂ ਦਾ ਚਾਚਾ ਛੱਡ ਕੇ ਗਿਐ-ਮੈਂ ਤਾਂ ਜਾਣੀ ਦੀ ਜਮਾਂ ਈ---!" ਜੈਬੇ ਦਾ ਗੱਚ ਭਰ ਆਇਆ। ਉਸ ਦੀ ਗੱਲ, ਗਲ ਵਿਚ ਹੀ ਦਫ਼ਨ ਹੋ ਗਈ। ਅੱਖਾਂ ਨੱਕੋ-ਨੱਕ ਭਰ ਆਈਆਂ।
-"ਜੈਬਿਆ---!" ਗੁਰਕੀਰਤ ਨੇ ਉਸ ਦਾ ਮੋਢਾ ਦੱਬ ਲਿਆ।
-"ਰਿਸ਼ਤੇਦਾਰੀਆਂ ਤਾਂ ਸਿਰਫ਼ ਨਾਂ ਦੀਆਂ ਹੁੰਦੀਐਂ-ਨਿਰਾ ਬਕਵਾਸ! ਰਿਸ਼ਤੇਦਾਰੀਆਂ ਸਿਰਫ਼ ਲੋਭ ਲਾਲਚ ਦੀਆਂ-ਰਿਸ਼ਤੇਦਾਰੀਆਂ ਸਿਰਫ਼ ਸੁਆਰਥ ਦੀਆਂ-ਜਦੋਂ ਸੁਆਰਥ ਪੂਰਾ ਹੋ ਗਿਆ-ਫੇਰ ਅਹਿਸਾਨ-ਫ਼ਰਾਮੋਸ਼ ਪਾਸਾ ਵੱਟ ਜਾਂਦੇ ਐ-ਟਿੱਚਰਾਂ ਕਰਦੇ ਐ-ਗੰਦ ਬਕਦੇ ਐ-ਗੁਰੂ ਦੀ ਪਵਿੱਤਰ ਬਾਣੀ ਵੀ ਅਹਿਸਾਨ-ਫ਼ਰਾਮੋਸ਼ਾਂ ਬਾਰੇ ਫ਼ੁਰਮਾਂਦੀ ਐ: ਜਿਚਰੁ ਪਹਿਨਨ ਖਾਵਨੇ ਤਿਚਰੁ ਰਖਨਿ ਗੰਢਿ।। ਜਿਤੁ ਦਿਨੁ ਕਿਛੁ ਨ ਹੋਵਈ ਤਿਤੁ ਦਿਨੁ ਬੋਲਣਿ ਗੰਦ।।"
-"ਰਿਸ਼ਤੇ ਹੁੰਦੇ ਐ ਸਿਰਫ਼ ਦਿਲ ਦੀ ਨੇੜਤਾ ਦੇ-ਅੱਖਾਂ ਤੋਂ ਦੂਰ ਹੋਣ ਨਾਲ ਹੌਲੀ ਹੌਲੀ ਬੰਦਾ ਦਿਲ ਤੋਂ ਵੀ ਦੂਰ ਹੋ ਜਾਂਦੈ।"
-"ਪਰ ਗੁਰਕੀਰਤ! ਚਾਚਾ ਤਾਂ ਮੇਰੇ ਦਿਲੋਂ ਈ ਨ੍ਹੀ ਲਹਿੰਦਾ-ਹਰ ਬਖਤ ਦਿਲ 'ਤੇ ਚੜ੍ਹਿਆ ਰਹਿੰਦੈ।" ਜੈਬਾ ਬੋਲਿਆ। ਗੁਰਕੀਰਤ ਨੇ ਉਸ ਨੂੰ 'ਮਾਮਾ' ਆਖਣ ਤੋਂ ਵਰਜਿਆ ਹੋਇਆ ਸੀ। ਜੈਬਾ ਗੁਰਕੀਰਤ ਤੋਂ ਪੂਰੇ ਪੰਜ ਸਾਲ ਵੱਡਾ ਸੀ।
-"ਆਹੀ ਤਾਂ ਤੇਰਾ ਉਹਦੇ ਨਾਲ ਰਿਸ਼ਤਾ ਐ-ਇਹ ਦਿਲਾਂ ਦੀ ਸਾਂਝ ਐ-ਪਵਿੱਤਰ ਰਿਸ਼ਤਾ! ਧੱਕੇ ਨਾਲ ਬਣਾਇਆ ਰਿਸ਼ਤਾ ਨਹੀਂ! ਕੁਦਰਤ ਵੱਲੋਂ ਬਣਿਆਂ ਰਿਸ਼ਤਾ-ਰਿਸ਼ਤੇਦਾਰੀਆਂ ਦੇ ਠੇਕੇਦਾਰ ਤਾਂ ਬਹੁਤ ਫਿਰਦੇ ਐ-ਪਰ ਕੁਦਰਤੀ ਰਿਸ਼ਤੇ ਦਾ ਸਮਰਥਕ ਕੋਈ ਨਹੀਂ-ਕਿੰਨੇ ਅਖੌਤੀ ਰਿਸ਼ਤੇਦਾਰ ਬਾਈ ਜੀ ਦੀ ਮੌਤ 'ਤੇ ਆਏ-ਸਾਰੇ ਤੈਨੂੰ ਬਾਈ ਜੀ ਦਾ ਸੀਰੀ ਈ ਸਮਝਦੇ ਰਹੇ ਹੋਣਗੇ-ਪਰ ਮੈਂ ਤੈਨੂੰ ਜੈਬਿਆ, ਪ੍ਰੀਵਾਰ ਦਾ ਇਕ ਮੈਂਬਰ ਸਮਝਦੈਂ!" ਗੁਰਕੀਰਤ ਨੇ ਕਿਹਾ ਤਾਂ ਜੈਬੇ ਦਾ ਮਨ ਹੋਰ ਭਾਰਾ ਹੋ ਗਿਆ। ਗੁਰਕੀਰਤ ਨੇ ਉਸ ਨੂੰ ਜੱਫ਼ੀ ਵਿਚ ਲੈ ਲਿਆ।
-"ਬਿੱਲਾ ਤੇਰੇ ਕੋਲ ਖੇਤ ਆਵੇ ਜਾਂ ਨਾ ਆਵੇ-ਪਰ ਮੈਂ ਜ਼ਰੂਰ ਆਇਆ ਕਰੂੰ।"
ਜੈਬੇ ਦਾ ਦਿਲ ਸਥਿਰ ਹੋ ਗਿਆ।
ਉਸ ਦਾ 'ਇਕਲਾਪੇ' ਵਾਲਾ ਡਰ ਲੱਥ ਗਿਆ।
ਉਹ ਹੌਲਾ ਫੁੱਲ ਵਰਗਾ ਹੋ ਗਿਆ ਸੀ।
ਉਹ ਸਾਰੇ ਪੱਠੇ ਵੱਢਣ ਜਾ ਲੱਗੇ।
-"ਗੁਰਕੀਰਤ!" ਜੈਬੇ ਨੇ ਗੱਲ ਤੋਰੀ।
-"ਹਾਂ?"
-"ਇਕ ਗੱਲ ਕਈ ਦਿਨਾਂ ਦੀ ਮੇਰੇ ਦਿਲ 'ਚ ਉਬਲੀ ਜਾਂਦੀ ਐ।"
-"ਗੱਲ ਦਿਲ 'ਚ ਨਹੀਂ ਰੱਖੀਦੀ-ਫੋੜਾ ਫਿ਼ੱਸ ਜਾਵੇ ਅਰਾਮ ਆ ਜਾਂਦੈ-ਤੇ ਜੇ ਬਿਨਾਂ ਮੂੰਹ ਤੋਂ ਗੁੰਮੀ ਨਿਕਲ ਆਵੇ ਤਾਂ ਕਿੰਨੇ ਬਦਲੇ ਲੈਂਦੀ ਐ? ਉਹੀ ਗੱਲ, ਗੱਲ ਦੀ ਐ-ਜੇ ਗੱਲ ਕਿਸੇ ਨਾਲ ਸਾਂਝੀ ਹੋ ਜਾਵੇ ਤਾਂ ਦਿਲ ਹੌਲਾ ਹੋ ਜਾਂਦੈ-ਤੇ ਨਹੀਂ ਤਾਂ ਦੁੱਧ ਰਿੜਕਦੀ ਮਧਾਣੀ ਵਾਂਗੂੰ ਪਾਸੇ ਭੰਨਦੀ ਐ।"
-"ਗੱਲ ਇਹ ਐ-ਬਈ ਜਿਹੜੀਆਂ ਗੱਲਾਂ ਚਾਚਾ ਕਰਦਾ ਹੁੰਦਾ ਸੀ-ਉਹ ਗੱਲਾਂ ਸਾਰੀਆਂ ਈ ਸੱਚੀਆਂ ਕਰਦਾ ਸੀ।"
-"ਬਾਈ ਜੀ ਗੱਲਾਂ ਸੱਚੀਆਂ ਹੀ ਕਰਦੇ ਸੀ-ਪਰ ਉਹਨਾਂ ਦੇ ਖੁਦਕਸ਼ੀ ਕਰਨ ਨਾਲ ਮਸਲਾ ਤਾਂ ਕੋਈ ਹੱਲ ਨਹੀਂ ਹੋਇਆ? ਸਾਰਾ ਕੁਛ ਜਿਉਂ ਦੀ ਤਿਉਂ ਈ ਖੜ੍ਹੈ-ਖੁਦਕਸ਼ੀ ਕਿਸੇ ਮਸਲੇ ਦਾ ਹੱਲ ਨਹੀਂ-ਆਪਣੀ ਜਾਨ ਗੁਆਈ? ਪ੍ਰੀਵਾਰ ਦੇ ਮਸਲੇ ਸੁਲਝੇ ਨਹੀਂ-ਉਲਝੇ ਐ-ਕਰਜਾ ਸਿਰ ਖੜ੍ਹੈ-ਬੰਦੇ ਦੀ ਜਾਨ ਗਈ-ਪ੍ਰੀਵਾਰ ਦਾ ਮੈਂਬਰ ਖੁੱਸ ਗਿਆ-ਧੀਆਂ ਦਾ ਬਾਪ ਗਿਆ ਤੇ ਭੈਣ ਜੀਤੋ ਦਾ ਸੁਹਾਗ-ਕੀ ਬਾਈ ਜੀ ਦੀ ਮੌਤ ਕਰਕੇ ਕਰਜਾ ਮੁੜ ਗਿਆ? ਕੀ ਬਾਈ ਜੀ ਦੀ ਖੁਦਕਸ਼ੀ ਨਾਲ ਸਰਮਾਏਦਾਰ ਲੁੱਟ ਬੰਦ ਕਰ ਦੇਣਗੇ? ਕੀ ਬਾਈ ਜੀ ਦੇ ਤੁਰ ਜਾਣ ਨਾਲ ਲੀਡਰ ਸੁਧਰ ਜਾਣਗੇ? ਲੀਡਰਾਂ ਲਈ ਤਾਂ ਚਾਹੇ ਅੱਧਾ ਪੰਜਾਬ ਮਰ ਜਾਵੇ-ਪਰਨਾਲਾ ਥਾਂ ਦੀ ਥਾਂ ਈ ਰਹੂ!"
-"ਪਰ ਬਾਈ ਸਿਆਂ-ਚਾਚੇ ਦੇ ਆਖਣ ਮਾਂਗੂੰ ਅਗਲੀ ਪੀੜ੍ਹੀ ਦਾ ਕੀ ਬਣੂੰ?"
-"ਜੈਬਿਆ! ਕੁੱਤੇ ਦੀ ਪੂਛ ਚਾਹੇ ਬਾਰ੍ਹਾਂ ਸਾਲ ਵੰਝਲੀ 'ਚ ਪਾਈ ਸਿੱਧੀ ਹੋ ਜਾਵੇ-ਪਰ ਇਹ ਮੰਤਰੀ ਸ਼ੰਤਰੀ ਕਦੇ ਸਿੱਧੇ ਨਹੀਂ ਹੋ ਸਕਦੇ-ਤੂੰ ਅਗਲੀ ਪੀੜ੍ਹੀ ਦੀ ਗੱਲ ਕਰਦੈਂ? ਅਗਲੀ ਪੀੜ੍ਹੀ ਜਾਊਗੀ ਰੋਹੀ ਬੀਆਬਾਨ ਨੂੰ-ਜਿਮੀਂਦਾਰ ਕੋਲੋਂ ਹਰ ਖੇਤੀ ਦਾ ਸਾਧਨ ਖੁਸਦਾ ਜਾਂਦੈ-ਨਹਿਰੀ ਪਾਣੀ ਨਹੀਂ-ਬਿਜਲੀ ਨਹੀਂ-ਡੀਜਲ ਨਹੀਂ-ਜੱਟ ਕਰੂ ਕੀ? ਜੱਟ ਕੰਬਾਈਨ ਦੀ ਥਾਂ ਦਾਤੀ ਵਰਤ ਲਊ-ਟਰੈਕਟਰ ਦੀ ਥਾਂ ਬਲਦਾਂ ਨਾਲ ਬੀਜ ਵਾਹ ਲਊ-ਪਰ ਪਾਣੀ ਕਿਹੜੇ ਪਤਾਲ 'ਚੋਂ ਲਿਆਊ? ਪਹਿਲਾ ਪਾਣੀ ਜੀਓ ਹੈ।। ਜਿਤੁ ਹਰਿਆ ਸਭ ਕੋਇ।। ਇਹ ਗੱਲ ਗੁਰਬਾਣੀ ਕਹਿੰਦੀ ਐ-ਪਾਣੀ ਦੇ ਸਿਰ 'ਤੇ ਸਾਰੀ ਹਰੇਵਾਈ ਐ-ਹਰਿਆਲੀ ਐ-ਇਹਤੋਂ ਬਿਨਾਂ ਜੀਣਾਂ ਮੁਹਾਲ ਐ-ਅੱਜ ਦਾ ਕਿਸਾਨ ਜੇ ਖੂਹ 'ਚ ਐ ਤਾਂ ਅਗਲੀ ਪੀੜ੍ਹੀ ਖਾਤੇ 'ਚ ਐ!"
-"ਕੋਈ ਹੱਲ?" ਜੈਬੇ ਦਾ ਮੂੰਹ ਅੱਡਿਆ ਹੋਇਆ ਸੀ।
-"ਹੱਲ? ਹੱਲ ਜਦੋਂ ਕਰਨ ਆਲੇ ਨਹੀਂ ਕਰਦੇ-ਹੋਰ ਕੌਣ ਕਰੂ? ਕਿਸਾਨ ਨੂੰ ਖੁੱਲ੍ਹਾ ਡੁੱਲ੍ਹਾ ਡੀਜਲ ਤੇ ਬਿਜਲੀ ਮਿਲੇ-ਜਮੀਨ ਅਨੁਸਾਰ ਖਾਦਾਂ ਦੇ ਕੋਟੇ ਮੁਹੱਈਆ ਕੀਤੇ ਜਾਣ-ਜੱਟ ਨੂੰ ਜਿਣਸ ਦਾ ਭਾਅ ਇਮਾਨਦਾਰੀ ਨਾਲ ਦਿੱਤਾ ਜਾਵੇ-ਕੁਇੰਟਲ ਮਗਰ ਰੇਟ ਫਿਕਸ ਕੀਤਾ ਜਾਵੇ-ਜੱਟ ਨੂੰ ਵਾਰਾ ਖਾਂਦੈ ਤਾਂ ਵੇਚੇ-ਨਹੀਂ ਵਾਰਾ ਖਾਂਦਾ ਨਾ ਵੇਚੇ-ਹਰਿਆਣੇ ਦੀ ਜਿਣਸ ਪੰਜਾਬ ਵਿਚ ਵੇਚੀ ਜਾ ਸਕਦੀ ਐ-ਜਾਂ ਹੋਰ ਬਾਹਰਲੇ ਸੂਬਿਆਂ ਵਿਚ ਵੇਚੀ ਜਾ ਸਕਦੀ ਐ-ਪੰਜਾਬ ਦੀ ਜਿਣਸ ਕਿਉਂ ਨਹੀਂ ਬਾਹਰਲੇ ਸੂਬਿਆਂ ਵਿਚ ਵੇਚਣ ਦੀ ਇਜਾਜਤ? ਕੀ ਇਹ ਪੰਜਾਬ ਦੇ ਕਿਸਾਨ ਨਾਲ ਬਿਗਾਨੇ ਪੁੱਤ ਵਾਲਾ ਸਲੂਕ ਨਹੀਂ? ਬਿਹਾਰ ਦਾ ਭਈਆ ਆ ਕੇ ਪੰਜਾਬ ਜਮੀਨ ਖਰੀਦ ਸਕਦੈ-ਪਰ ਪੰਜਾਬ ਦਾ ਕਿਸਾਨ ਬਾਹਰ ਕਿਤੇ ਜਮੀਨ ਦਾ ਮਾਲਕ ਨਹੀਂ ਬਣ ਸਕਦਾ-ਕੀ ਇਹ ਨਿਰਪੱਖਤਾ ਹੈ?"
-"ਬਿਲਕੁਲ ਨਹੀਂ!"
-"ਤਕਰੀਬਨ ਦਸ ਸਾਲ ਪੰਜਾਬ ਵਿਚ ਅੱਤਵਾਦ ਦੀ ਹਨ੍ਹੇਰੀ ਝੁੱਲੀ-ਮਰ ਜਾਓ-ਮਾਰ ਦਿਓ ਤਾਂ ਕਰਦੇ ਰਹੇ-ਪਰ ਇਸ ਦੇ ਧੁਰ ਅੰਦਰ ਤੱਕ ਝਾਕਣ ਜਾਂ ਅੱਤਵਾਦ ਦਾ ਅਸਲੀ ਕਾਰਨ ਪਤਾ ਕਰਨ ਦੀ ਕਿਸੇ ਨੇ ਖੇਚਲ ਨਹੀਂ ਕੀਤੀ-ਚਾਹੇ ਪੁਲਸ ਕਰਮਚਾਰੀ ਮਰਦੇ ਸੀ-ਚਾਹੇ ਅੱਤਵਾਦੀ ਮਰਦੇ ਸੀ-ਪਰ ਮਰਦੀ ਤਾਂ ਮਾਨੁੱਖਤਾ ਈ ਸੀ-ਮਰੇ ਤਾਂ ਮਾਵਾਂ ਦੇ ਪੁੱਤ ਈ-ਤੇ ਲੀਡਰਾਂ ਦਾ ਕੀ ਰੋਲ ਰਿਹਾ? ਜਾਂ ਤਾਂ ਜੇਲ੍ਹਾਂ 'ਚ ਜਾ ਬਿਰਾਜੇ ਜਾਂ ਹੋਰਨਾਂ ਸੂਬਿਆਂ 'ਚ ਰਹਾਇਸ਼ ਕਰ ਲਈ-ਸਰਕਾਰ ਦੀ 'ਬਾਪੂ ਜੀ' ਤੋਂ ਬਦਲ ਕੇ ਬੋਲੀ 'ਮਾਂ ਦੇ ਖਸਮ' 'ਤੇ ਆ ਗਈ-ਮੁੰਡੇ ਇਸ ਨੂੰ ਕਿਵੇਂ ਸਹਾਰਦੇ? ਉਹਨਾਂ ਨੇ ਨਹਿਰ ਜਾਂ ਕਿਸੇ ਪੁਲ 'ਤੇ ਖੜ੍ਹ ਕੇ ਮਰਨ ਨਾਲੋਂ ਮੈਦਾਨਿ-ਜੰਗ ਵਿਚ ਮਰਨ ਨੂੰ ਤਰਜੀਹ ਦਿੱਤੀ ਤੇ ਹਥਿਆਰ ਚੁੱਕ ਕੇ ਸ਼ਰੇਆਮ ਘੁੰਮਣ ਲੱਗ ਪਏ-ਜਾਨਾਂ ਤਲੀ 'ਤੇ ਰੱਖ ਲਈਆਂ-ਵਿਚੋਂ ਨਿਕਲਿਆ ਕੀ? ਤਬਾਹੀ! ਜੇ ਕੋਈ ਲੀਡਰ ਉਹਨਾਂ ਨੂੰ ਸੇਧ ਦੇਣ ਵਾਲਾ ਹੁੰਦਾ-ਸਾਰਾ ਪੰਜਾਬ ਹੀ ਕੁਛ ਨਾ ਕੁਛ ਲੈ ਡਿੱਗਦਾ-ਪਰ ਲੀਡਰ ਤਾਂ ਬਿਆਨ ਈ ਕਮਲਿਆਂ ਵਾਂਗੂੰ ਦੇਣ ਲੱਗ ਪਏ: ਇਹ ਲੰਡਰ ਮਡੀਹਰ 'ਕੱਠੀ ਹੋਈ ਵੀ ਐ ਜੀ-ਅੱਤਵਾਦੀ ਸਿਰ ਫਿਰੇ ਹਨ ਜੀ-ਇਹਨਾਂ ਨੂੰ ਪਾਕਸਤਾਨ ਦੀ ਸ਼ਹਿ ਐ ਜੀ-ਇਹ ਪਾਕਸਤਾਨ ਦੇ ਇਸ਼ਾਰੇ 'ਤੇ ਨੱਚਦੇ ਐ ਜੀ-ਪਰ ਉਹਨਾਂ ਨੂੰ ਪਲੋਸ ਕੇ-ਪਿਆਰ ਨਾਲ ਸਿੱਧੇ ਰਸਤੇ 'ਤੇ ਲਿਆਉਣ ਦੀ ਕਿਸੇ ਨੇ ਵੀ ਕੋਸਿ਼ਸ਼ ਨਹੀਂ ਕੀਤੀ-ਬੱਸ ਫੜਿਆ ਤੇ ਫੜ ਕੇ ਪਾਰ ਬੁਲਾ ਦਿੱਤਾ-।"
-"ਕੋਛਟ-? ਤੇਰੇ ਡਮਾਕ 'ਚ ਕੀ ਐ? ਬਈ ਆਪਣੀ ਗੌਰਮਿਲਟ ਨੂੰ ਕੀ ਕਰਨਾ ਚਾਹੀਦਾ ਸੀ?" ਜੈਬੇ ਨੇ ਰੇਵੀਏ ਪਏ ਗੁਰਕੀਰਤ ਨੂੰ ਰੋਕ ਕੇ ਪੁੱਛਿਆ। ਉਹ ਅੱਕਲਕਾਨ ਜਿਹਾ ਹੋਇਆ ਪਿਆ ਸੀ।
-"ਮੌਤ ਤੋਂ ਬਿਨਾਂ ਸੰਸਾਰ 'ਤੇ ਸਾਰੇ ਮਸਲਿਆਂ ਦਾ ਹੀ ਹੱਲ ਐ-ਜੇ 1984 ਤੋਂ ਪਹਿਲਾਂ ਹੀ ਆਨੰਦਪੁਰ ਸਾਹਿਬ ਦਾ ਮਤਾ ਮੰਨ ਲੈਂਦੇ-ਐਨਾਂ ਗਦਰ ਕਦੇ ਮੱਚਣਾ ਹੀ ਨਹੀਂ ਸੀ-ਚਲੋ ਜੋ ਕੁਛ ਹੋ ਗਿਆ ਸੀ-ਉਹ ਤਾਂ ਹੋ ਗਿਆ ਸੀ-ਹੋਈ ਨਿੱਬੜੀ! ਜੇ ਸਰਕਾਰ 1985 ਵਿਚ ਹੋਇਆ ਰਾਜੀਵ-ਲੌਂਗੋਵਾਲ ਸਮਝੌਤਾ ਹੀ ਲਾਗੂ ਕਰ ਦਿੰਦੀ-ਫੇਰ ਵੀ ਲੋਕਾਂ ਨੂੰ ਸੁਖ ਦਾ ਸਾਹ ਆ ਜਾਂਦਾ-ਜਿੰਨਾਂ ਪੈਸਾ ਪੰਜਾਬ ਦੇ ਸੁਰੱਖਿਆ ਪ੍ਰਬੰਧਾਂ 'ਤੇ ਖਰਚਿਆ-ਜੇ ਉਨਾਂ ਈ ਪੰਜਾਬ ਦੇ ਭਲੇ ਵਾਸਤੇ ਖਰਚ ਦਿੰਦੇ-ਬੇਰੁਜਗਾਰੀ ਕਾਫ਼ੀ ਹੱਦ ਤੱਕ ਖਤਮ ਹੋ ਸਕਦੀ ਸੀ-ਇੰਡਸਟਰੀ ਲਾ ਦਿੰਦੇ-ਹੋਰ ਰੁਜਗਾਰ ਦੇ ਹੀਲੇ ਵਸੀਲੇ ਪੈਦਾ ਕਰਦੇ-ਪੜ੍ਹੇ ਲਿਖੇ ਮੁੰਡਿਆਂ ਨੂੰ ਨੌਕਰੀਆਂ ਦਿੰਦੇ-ਪੰਜਾਬ ਦੇ ਕਿਸਾਨ ਨੂੰ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕਰਦੇ-ਜਿੰਦਗੀ ਆਪੇ ਹੀ ਸਾਅਵੀਂ ਹੋ ਕੇ ਰਸਤੇ ਪੈ ਜਾਂਦੀ-ਜਦੋਂ ਜੱਟ ਦੇ ਪੁੱਤ ਕੋਲੇ ਜਿੰਦਗੀ ਬਸਰ ਕਰਨ ਵਾਸਤੇ ਸਾਧਨ ਹੋਊ-ਉਹ ਮਾਰੂ ਹਥਿਆਰ ਨੂੰ ਕਿਉਂ ਹੱਥ ਪਾਊ? ਜਿੰਦਗੀ ਹਰ ਇੱਕ ਨੂੰ ਪਿਆਰੀ ਐ-ਮੌਤ ਤੋਂ ਸਾਰੇ ਈ ਡਰਦੇ ਐ ਬਾਈ ਮੇਰਿਆ! ਮੌਤ ਨੂੰ ਤਾਂ ਬੰਦਾ ਉਦੋਂ ਹੀ ਬੁੱਕਲ 'ਚ ਲੈਂਦੈ-ਜਦੋਂ ਅੱਗੇ ਉਜਾੜ ਤੇ ਪਿੱਛੇ ਧਾੜ ਹੋਵੇ-ਜੇ ਬੰਦਾ ਖੁਸ਼ਹਾਲ ਜਿੰਦਗੀ ਜਿਉਂਦਾ ਹੋਵੇ ਤਾਂ ਉਹ ਛੇਤੀ ਕੀਤੇ ਕਿਸੇ ਨਾਲ ਲੜ ਕੇ ਆਪਣੀ ਜਿੰਦਗੀ ਨੂੰ ਬੇਸੁਆਦੀ ਨਹੀਂ ਬਣਾਉਂਦਾ-ਹਥਿਆਰ ਚੁੱਕਣਾ ਤਾਂ ਦੂਰ ਦੀ ਗੱਲ ਰਹੀ-ਬਾਹਰਲਾ ਬਿੱਲਾ ਉਦੋਂ ਗਲ ਨੂੰ ਚਿੰਬੜਦੈ-ਜਦੋਂ ਬੁਰੀ ਤਰ੍ਹਾਂ ਨਾਲ ਗਿੱਦੜਮਾਰਾਂ ਦੇ ਘੇਰੇ ਵਿਚ ਆ ਜਾਵੇ ਤੇ ਸਾਹਮਣੇ ਕੋਈ ਹੋਰ ਰਸਤਾ ਨਾ ਦਿਸਦਾ ਹੋਵੇ-ਆਹੀ ਹਾਲ ਪੰਜਾਬੀਆਂ ਦੇ ਐ-ਮਾੜੀ ਮੋਟੀ ਗੱਲ ਨੂੰ ਤਾਂ ਬੱਤੀ ਸੁਲੱਖਣੇ ਗੌਲਦੇ ਈ ਕੱਖ ਨਹੀਂ-ਜਦੋਂ ਗਲ ਨੂੰ ਤੰਦੀ ਪੈਂਦੀ ਐ-ਉਦੋਂ ਕੁਛ ਵੀ ਕਰ ਸਕਦੇ ਐ।"
ਗੁਰਕੀਰਤ ਨੇ ਇਕ ਲੰਬਾ ਭਾਸ਼ਣ ਝਾੜ ਧਰਿਆ। ਅੱਧੀਆਂ ਕੁ ਗੱਲਾਂ ਦੀ ਜੈਬੇ ਨੂੰ ਸਮਝ ਪਈ। ਕਈ ਗੱਲਾਂ ਉਸ ਦੇ ਸਿਰ ਉਪਰੋਂ ਦੀ ਬੰਦੂਕ ਦੀ ਗੋਲੀ ਵਾਂਗ ਲੰਘ ਗਈਆਂ ਸਨ।
ਬਿੱਲਾ ਆਪਦੀਆਂ ਉਲਝਣਾਂ ਵਿਚ ਫ਼ਸਿਆ ਹੋਇਆ ਸੀ। ਉਸ ਦਾ ਦਿਲ ਫਿ਼ੱਸਿਆ-ਫਿ਼ੱਸਿਆ ਜਿਹਾ ਪਿਆ ਸੀ।
ਉਹਨਾਂ ਪੱਠੇ ਵੱਢ ਕੇ ਰੇਹੜ੍ਹੀ ਵਿਚ ਸੁੱਟ ਲਏ।
-"ਜੇ ਘੁੱਟ ਮਾਰਨੀ ਐਂ ਤਾਂ ਬੋਤਲ ਖੇਤ ਈ ਪਈ ਐ।" ਜੈਬੇ ਨੇ ਸੁਲਾਹ ਮਾਰੀ।
-"ਮੈਂ ਤਾਂ ਜੈਬਿਆ ਕਦੇ ਪੀਤੀ ਨਹੀਂ-ਤੇਰਾ ਮੂੜ੍ਹ ਐ ਤਾਂ ਮਾਰਲਾ ਘੁੱਟ-ਜਮਾਂ ਨਹੀਂ ਰੋਕਦੇ।"
-"ਨਹੀਂ-ਮੈਂ ਤਾਂ ਥੋਨੂੰ ਈ ਪੁੱਛਿਐ।"
ਉਹ ਰੇਹੜ੍ਹੀ ਲੈ ਕੇ ਪਿੰਡ ਨੂੰ ਤੁਰ ਪਏ।


ਬਾਕੀ ਅਗਲੇ ਹਫ਼ਤੇ.....