ਤਰਕਸ਼ ਟੰਗਿਆ ਜੰਡ (ਕਾਂਡ 6)

ਅਗਲੇ ਦਿਨ ਬਲਿਹਾਰ ਸਿੰਘ ਆੜ੍ਹਤੀਏ ਨਾਲ ਹਿਸਾਬ-ਕਿਤਾਬ ਕਰਕੇ "ਵਿਹਲਾ" ਹੋ ਗਿਆ। ਪਿਛਲਾ ਛੇ ਹਜ਼ਾਰ ਸਿਰ ਖੜ੍ਹਾ ਹੀ ਸੀ। ਹਾੜ੍ਹੀ ਦੀ ਫ਼ਸਲ ਨੇ ਤੇਲ-ਪਾਣੀ ਵੀ ਨਹੀਂ ਮੋੜਿਆ ਸੀ। ਪੰਜ ਹਜ਼ਾਰ ਹੋਰ ਸਿਰ ਟੁੱਟ ਗਿਆ ਸੀ। ਇਕ ਹਜ਼ਾਰ ਰੁਪਏ ਦੇ ਪ੍ਰੀਵਾਰ ਲਈ ਕੱਪੜੇ-ਲੱਤੇ ਲੈ ਲਏ। ਚਾਰ ਹਜ਼ਾਰ ਰੁਪਏ ਉਸ ਨੇ ਸੇਠ ਤੋਂ ਹੋਰ ਫੜ ਲਏ। ਜੈਬੇ ਨੂੰ ਵੀ ਦੇਣੇ ਸਨ। ਡਾਕਟਰਾਂ ਅਤੇ ਹੱਟੀਆਂ-ਭੱਠੀਆਂ ਵਾਲਿਆਂ ਦਾ ਕਰਜ਼ ਵੀ ਲਾਹੁੰਣਾ ਸੀ। ਦੇਣ-ਲੈਣ ਵਾਲੇ ਨਿੱਤ ਵਿਹੜਾ ਨੀਂਵਾਂ ਕਰਦੇ ਸਨ।
ਸੋਲਾਂ ਹਜ਼ਾਰ 'ਤੇ ਅੰਗੂਠਾ ਲਾ ਕੇ ਬਲਿਹਾਰ ਸਿੰਘ ਦਿਲ ਢਾਹੀ ਪਿੰਡ ਆ ਗਿਆ। ਉਹ ਦਿਲੋਂ ਅਕਹਿ ਦੁਖੀ ਸੀ। ਜੱਟ ਫ਼ਸਲ ਬੀਜਦਾ ਸੀ, ਪਾਲਦਾ ਸੀ, ਪਰ ਜਿਣਸ ਮੰਡੀ ਪਹੁੰਚਣ 'ਤੇ ਮਾਲਕ ਹੋਰ ਕਿਉਂ ਬਣ ਜਾਂਦੇ ਸਨ? ਕੀ ਕਿਸਾਨ ਛੇ ਮਹੀਨੇ ਬਿਗਾਨੀ ਅਮਾਨਤ ਹੀ ਪਾਲਦਾ ਸੀ? ਫ਼ੋਕੇ ਦਾਅਵੇ ਕਰਦਾ ਸੀ? ਪੈਰ ਅੱਗੇ ਨੂੰ ਧਰਦਾ ਸੀ, ਪਰ ਜਾਂਦਾ ਪਿਛਾਂਹ ਵੱਲ ਨੂੰ ਸੀ? ਪਰ ਉਹ ਤੁਰਦਾ ਪ੍ਰੀਵਾਰ ਦੇ ਸੁਨਿਹਰੀ ਭਵਿੱਖ ਵੱਲ ਨੂੰ ਸੀ, ਪਰ ਦਿਸਦੇ ਉਸ ਨੂੰ ਟੋਏ-ਟਿੱਬੇ ਅਤੇ ਰੋਹੀ-ਬੀਆਬਾਨ ਹੀ ਸਨ!
ਬਲਿਹਾਰ ਸਿੰਘ ਕਈ ਦਿਨ ਗੁੰਮ-ਸੁੰਮ ਜਿਹਾ ਹੋਇਆ ਤੁਰਿਆ ਫਿਰਦਾ ਰਿਹਾ। ਜੜ੍ਹੋਂ ਉਖੜਿਆ-ਉਖੜਿਆ ਜਿਹਾ। ਦੁਨੀਆਂ ਨਾਲੋਂ ਕੱਟਿਆ-ਕੱਟਿਆ ਜਿਹਾ। ਅੱਠ ਏਕੜ ਜ਼ਮੀਨ ਦਾ ਉਹ ਮਾਲਕ ਸੀ। ਦੋ ਏਕੜ ਉਹ ਅੱਧ-ਮਾਮਲੇ 'ਤੇ ਲੈ ਲੈਂਦਾ ਸੀ। ਪਰ ਪੂਰਾ ਫਿਰ ਵੀ ਨਹੀਂ ਪਟਦਾ ਸੀ। ਘਰ ਦੇ ਖਰਚੇ ਵੀ ਪੂਰੇ ਨਹੀਂ ਹੁੰਦੇ ਸਨ। ਦਾਹੜੀ ਨਾਲੋਂ ਮੁੱਛਾਂ ਵਧ ਗਈਆਂ ਸਨ। ਹਰ ਛਿਮਾਹੀਂ ਕਰਜ਼ਾ ਸਿਰ ਟੁੱਟ ਜਾਂਦਾ ਸੀ। ਜੇ ਆਹ ਹੀ ਹਾਲ ਰਿਹਾ ਤਾਂ ਇਕ ਨਾ ਇਕ ਦਿਨ ਕਰਜ਼ਾ ਲਾਹੁੰਦਿਆਂ-ਲਾਹੁੰਦਿਆਂ ਜ਼ਮੀਨ ਬਿਲੇ ਲੱਗ ਜਾਵੇਗੀ। ਉਹ ਸੋਚਦਾ, ਪ੍ਰੇਸ਼ਾਨ ਹੋ ਉਠਦਾ। ਦਿਲ ਟਿਕਾਉਣ ਲਈ ਉਹ ਘਰਦਿਆਂ ਤੋਂ ਚੋਰੀ ਦੇਸੀ ਦਾਰੂ ਦੀ ਗਿਲਾਸੀ ਅੰਦਰ ਸੁੱਟੀ ਰੱਖਦਾ।
ਕਈ ਵਾਰ ਉਸ ਨੂੰ ਜੀਤ ਕੌਰ ਨੇ ਕਿੰਦਰ ਅਤੇ ਮਿੰਦਰ ਲਈ ਥਾਂ ਦੇਖਣ ਵਾਸਤੇ ਠੋਹਕਰਿਆ। ਪਰ ਬਲਿਹਾਰ ਸਿੰਘ ਨੇ ਕੰਨ ਮੁੱਢ ਮਾਰ ਛੱਡਿਆ। ਕੋਈ ਵੀ ਕੰਮ ਕਰਨ ਨੂੰ ਉਸ ਦੀ ਵੱਢੀ ਰੂਹ ਨਹੀਂ ਕਰਦੀ ਸੀ।
ਕਦੇ-ਕਦੇ ਉਹ ਜੈਬੇ ਕੋਲ ਦਿਲ ਫਰੋਲ ਲੈਂਦਾ।
ਜੈਬਾ ਸਾਰੀ ਗੱਲ ਕਿਸਮਤ ਦੇ ਗਲ ਪਾ ਦਿੰਦਾ।
ਮਾੜੀ ਕਿਸਮਤ ਨੂੰ ਕੋਸਦਾ।
ਬਲਿਹਾਰ ਸਿੰਘ ਨੂੰ ਸਾਰੀ-ਸਾਰੀ ਰਾਤ ਨੀਂਦ ਨਾ ਪੈਂਦੀ। ਦਾਰੂ ਦਾ ਨਸ਼ਾ ਵੀ ਨੀਂਦ ਵਿਚ ਸਹਾਈ ਨਾ ਹੁੰਦਾ। ਜੇ ਉਸ ਨੂੰ ਮਾੜੀ-ਮੋਟੀ ਨੀਂਦ ਆ ਜਾਂਦੀ ਤਾਂ ਡਰਾਉਣੇ ਸੁਪਨੇ ਤੋੜ ਲਾਈ ਰੱਖਦੇ। ਮਿੰਦਰ ਅਤੇ ਕਿੰਦਰ ਉਸ ਦੀ ਹਿੱਕ 'ਤੇ ਆ ਚੜ੍ਹਦੀਆਂ। ਕਰਜ਼ੇ ਵਾਲਾ ਸੇਠ ਸਾਰੀ-ਸਾਰੀ ਰਾਤ ਉਸ ਦੀ ਛਾਤੀ ਮਿੱਧਦਾ ਰਹਿੰਦਾ। ਉਸ ਦਾ ਸਕੂਟਰ ਸਾਰੀ-ਸਾਰੀ ਰਾਤ ਉਸ ਦਾ ਦਿਲ ਝਰੀਟਦਾ ਰਹਿੰਦਾ।
ਬਲਿਹਾਰ ਸਿੰਘ ਨੂੰ ਭੁੱਖ ਲੱਗਣੋਂ ਹਟ ਗਈ।
ਨੀਂਦ ਉਡ ਗਈ।
ਉਹ ਨੀਮ ਪਾਗਲ ਜਿਹਾ ਹੋ ਗਿਆ ਸੀ। ਉਸ ਨੂੰ ਨਹਾਉਣ ਧੋਣ ਦੀ ਸੁਰਤ ਨਹੀਂ ਸੀ। ਦਿਨ ਰਾਤ ਦੀ ਸੁਰਤ ਨਹੀਂ ਸੀ। ਜਦ ਉਹ ਖੇਤ ਇਕੱਲਾ ਹੁੰਦਾ ਤਾਂ ਦਾਰੂ ਪੀ ਕੇ ਪਾਗਲਾਂ ਵਾਂਗ ਆਪ ਦੇ ਆਪ ਨਾਲ ਹੀ ਗੱਲਾਂ ਕਰੀ ਜਾਂਦਾ। ਕਦੇ-ਕਦੇ ਕਿਸੇ ਨੂੰ ਗਾਹਲਾਂ ਕੱਢਣ ਲੱਗ ਜਾਂਦਾ। ਕਦੇ ਰਾਤ ਨੂੰ ਉਠ ਕੇ ਰੋਣ ਲੱਗ ਪੈਂਦਾ।
ਜੀਤ ਕੌਰ ਉਸ ਦੀ ਹਾਲਤ 'ਤੇ ਕਾਫ਼ੀ ਚਿੰਤਤ ਸੀ। ਡਾਕਟਰ ਨੇ ਦਸ ਟੀਕਿਆਂ ਦਾ ਕੋਰਸ ਦੱਸਿਆ। ਗੋਲੀਆਂ ਅਤੇ ਕੈਪਸੂਲ ਲਿਖ ਦਿੱਤੇ।
ਟੀਕੇ ਅਤੇ ਦੁਆਈਆਂ ਅਗਲੇ ਦਿਨ ਬਿੱਲਾ ਸ਼ਹਿਰੋਂ ਲੈ ਆਇਆ। ਟੀਕਾ ਰਾਤ ਨੂੰ ਉਹ ਬਾਪੂ ਦੇ ਆਪ ਹੀ ਲਾ ਦਿੰਦਾ ਸੀ। ਕੈਪਸੂਲ ਅਤੇ ਗੋਲੀਆਂ ਦਿਨੇ ਬੇਬੇ ਦੇ ਛੱਡਦੀ ਸੀ।
ਹਫ਼ਤਾ ਹੋ ਗਿਆ ਸੀ ਬਲਿਹਾਰ ਸਿੰਘ ਦੇ ਟੀਕੇ ਲੱਗਦਿਆਂ, ਦੁਆਈ ਲੈਂਦਿਆਂ। ਪਰ ਉਸ ਦੀ ਹਾਲਤ ਉਹੋ ਜਿਹੀ ਹੀ ਰਹੀ, ਜਿਹੋ ਜਿਹੀ ਪਹਿਲਾਂ ਸੀ।
ਉਸ ਦੀ ਹਾਲਤ ਦਿਨੋਂ ਦਿਨ ਨਿੱਘਰਦੀ ਜਾ ਜਾ ਰਹੀ ਸੀ। ਜੀਤ ਕੌਰ ਸਿਰਹਾਣੇ ਬੈਠ ਕੇ ਰੋ ਛੱਡਦੀ।
ਟੀਕਿਆਂ ਦਾ ਕੋਰਸ ਪੂਰਾ ਹੋ ਗਿਆ।
ਪਰ ਹਾਲਤ ਨਾ ਸੁਧਰੀ।
ਬਿੱਲੇ ਨੇ ਡਾਕਟਰ ਭਜਨ ਨਾਲ ਗੱਲ ਕੀਤੀ ਤਾਂ ਡਾਕਟਰ ਨੇ ਬਲਿਹਾਰ ਸਿੰਘ ਨੂੰ ਕਲੀਨਿਕ ਲਿਆਉਣ ਲਈ ਕਿਹਾ।
ਅਗਲੇ ਦਿਨ ਹੀ ਜੀਤ ਕੌਰ ਅਤੇ ਬਿੱਲਾ ਬਲਿਹਾਰ ਸਿੰਘ ਨੂੰ ਡਾਕਟਰ ਭਜਨ ਸਿੰਘ ਕੋਲ ਕਲੀਨਿਕ ਲੈ ਆਏ।
ਡਾਕਟਰ ਨੇ ਉਸ ਨੂੰ ਪਿਛਲੇ ਕਮਰੇ ਵਿਚ ਪਾ ਲਿਆ ਅਤੇ ਚੈੱਕ-ਅੱਪ ਸ਼ੁਰੂ ਕਰ ਦਿੱਤੀ। ਟੀਕੇ ਅਤੇ ਦੁਆਈਆਂ ਬਾਰੇ ਜਾਇਜਾ ਲੈ ਕੇ ਬਿੱਲੇ ਅਤੇ ਜੀਤ ਕੌਰ ਨੂੰ ਕਮਰੇ ਤੋਂ ਬਾਹਰ ਕੱਢ ਦਿੱਤਾ।
ਹੁਣ ਬਲਿਹਾਰ ਸਿੰਘ ਅਤੇ ਡਾਕਟਰ ਭਜਨ ਦੋਨੋ ਹੀ ਰਹਿ ਗਏ।
-"ਚਾਚਾ! ਕੀ ਹਾਲ ਐ ਹੁਣ?" ਭਜਨ ਨੇ ਪੁੱਛਿਆ।
-"ਹੁਣ ਕਿਵੇਂ ਮਹਿਸੂਸ ਕਰਦੇ ਹੋ?"
ਉਤਰ ਵਿਚ ਬਲਿਹਾਰ ਸਿੰਘ ਨੇ 'ਨਾਂਹ' ਵਿਚ ਹੱਥ ਹਿਲਾਇਆ। ਪਰ ਮੂੰਹੋਂ ਚੁੱਪ ਰਿਹਾ। ਉਸ ਦੀਆਂ ਅੱਖਾਂ ਵਿਚੋਂ ਹੰਝੂ ਵਗ ਕੇ ਕੰਨਾਂ 'ਤੇ ਡੁੱਲ੍ਹਣ ਲੱਗ ਪਏ। ਹਮਦਰਦੀ ਵਿਚ ਭਜਨ ਨੇ ਉਸ ਦਾ ਹੱਥ ਘੁੱਟ ਲਿਆ। ਹਮਦਰਦੀ ਭਰੀ ਘੁੱਟਣੀ ਬਲਿਹਾਰ ਸਿੰਘ ਲਈ ਇਕ 'ਮਣੀ' ਬਣ ਗਈ। ਦਿਲ ਦੇ ਫ਼ੱਟ ਉਪਰ ਇਕ ਮੱਲ੍ਹਮ! ਉਸ ਦੇ ਦਿਲ ਦਾ ਦਰਦ ਹੰਝੂਆਂ ਦੇ ਰਸਤੇ ਹੋਰ ਤੇਜ਼ ਵਗਣ ਲੱਗ ਪਿਆ।
-"ਰੋਣਾ ਕੋਈ ਮਾੜੀ ਚੀਜ ਨਹੀਂ ਚਾਚਾ ਜੀ-ਬੰਦਾ ਆਪਣੇ ਆਪਦੇ ਕੋਲ ਈ ਰੋਂਦੈ-ਕਿਸੇ ਬਿਗਾਨੇ ਕੋਲ ਨਹੀਂ-ਹੰਝੂ ਦਰਦ ਦੇ ਗੋਲੇ ਨੂੰ ਖੋਰਦੇ ਐ-ਦਿਲ 'ਤੇ ਪਏ ਮਣਾਂ ਮੂੰਹੀਂ ਭਾਰ ਨੂੰ ਹਲਕਾ ਕਰਦੇ ਐ-ਖੁੱਲ੍ਹ ਕੇ ਰੋਵੋ-ਤੁਹਾਨੂੰ ਕੋਈ ਨ੍ਹੀ ਰੋਕਦਾ-ਇੱਥੇ ਆਪਾਂ ਇਕੱਲੇ ਹੀ ਹਾਂ।" ਭਜਨ ਨੇ ਕਮਰੇ ਦੀ ਕੁੰਡੀ ਚਾੜ੍ਹ ਦਿੱਤੀ।
-"-----।"
-"ਹਾਸੇ ਤੇ ਹਾਦਸਿਆਂ ਦਾ ਨਾਂ ਹੈ, ਜਿ਼ੰਦਗੀ! ਅਸਲ ਜਿੰਦਗੀ ਹੈ, ਆਪਣੇ ਆਪ ਨੂੰ ਖੁੱਲ੍ਹ ਕੇ ਜਾਨਣਾ ਅਤੇ ਪਹਿਚਾਨਣਾ-ਗੁੰਮ ਸੁੰਮ ਰਹਿਣਾ ਅਤੇ ਘੁੱਟ ਘੁੱਟ ਕੇ ਮਰਨਾ ਜਿ਼ੰਦਗੀ ਨਹੀਂ ਹੈ!"
-"-------।"
-"ਜਿੰਦਗੀ ਹੈ ਚਾਚਾ, ਹਨ੍ਹੇਰੇ ਵਿਚੋਂ ਬਾਹਰ ਨਿਕਲ ਕੇ ਰੌਸ਼ਨੀ ਵਿਚ ਪੈਰ ਧਰਨਾ ਅਤੇ ਆਪਣੀ ਜਿ਼ੰਦਗੀ ਦੀ ਕਿਤਾਬ ਹਮੇਸ਼ਾ ਦੂਜਿਆਂ ਲਈ ਖੁੱਲ੍ਹੀ ਰੱਖਣੀ-ਮਾਨਸਿਕ ਦਸ਼ਾ ਸੰਤੁਸ਼ਟ ਅਤੇ ਰੂਹ ਹਲਕੀ ਰਹਿੰਦੀ ਐ।"
-"------।"
-"ਚਾਚਾ ਜੀ! ਸੰਸਾਰ 'ਤੇ ਹਰ ਬੰਦੇ ਲਈ ਸਭ ਤੋਂ ਔਖਾ ਕੰਮ ਇੱਕੋ ਹੀ ਹੈ-ਜਿਸ ਲਈ ਉਸ ਨੂੰ ਜਿ਼ੰਦਗੀ ਭਰ ਯੁੱਧ ਕਰਨਾ ਪੈਂਦਾ ਹੈ-ਉਹ ਹੈ, ਜਿ਼ੰਦਗੀ ਨੂੰ ਕੁਦਰਤ ਅਨੁਸਾਰ ਜਿਉਣਾ ਅਤੇ ਪਾਣੀ ਵਾਂਗ ਡੋਲਦੇ ਹੌਸਲੇ ਨੂੰ ਸਥਿਰ ਰੱਖਣਾ।"
-"-----।"
-"ਕਈ ਵਾਰ ਜਿ਼ੰਦਗੀ ਜਿਉਣੀ ਇਤਨੀ ਮੁਸ਼ਕਿਲ ਹੋ ਜਾਂਦੀ ਹੈ-ਜਿਤਨਾ ਕਿ ਚੱਲਦੀ ਮਸ਼ੀਨ ਦੀ ਸੂਈ ਵਿਚ ਧਾਗਾ ਪਾਉਣਾ।"
-"-----।"
-"ਚਾਚਾ ਜੀ! ਦਿਲ ਛੱਡਿਆਂ-ਢੇਰੀ ਢਾਹਿਆਂ ਕੁਛ ਨਹੀਂ ਬਣਨਾ-ਦਾਈਆਂ ਤੋਂ ਪੇਟ ਅਤੇ ਡਾਕਟਰ ਤੋਂ ਸਿਹਤ ਦਾ ਹਾਲ ਨਹੀਂ ਲੁਕਾਈਦਾ! ਮੈਨੂੰ ਡਾਕਟਰ ਸਮਝ ਕੇ ਜਾਂ ਆਪਣਾ ਪੇਂਡੂ-ਗਰਾਈਂ ਸਮਝ ਕੇ ਦੱਸੋ ਬਈ ਤੁਹਾਡੀ ਡੁੱਬਦੀ ਜਾਂਦੀ ਸਿਹਤ ਦਾ ਕਾਰਨ ਕੀ ਐ?"
ਬਲਿਹਾਰ ਸਿੰਘ ਉਠ ਕੇ ਬੈਠ ਗਿਆ।
ਉਸ ਨੇ ਪਿੰਡ 'ਚੋਂ ਲੱਗਦੇ ਭਤੀਜੇ, ਡਾਕਟਰ ਭਜਨ ਵੱਲ ਤੱਕਿਆ। ਡਾਕਟਰ ਰੱਬੀ ਮੂਰਤ ਬਣਿਆਂ ਉਸ ਦੇ ਸਾਹਮਣੇ ਖੜ੍ਹਾ ਸੀ। ਉਸ ਨੂੰ ਭਜਨ ਆਪਣੇ ਜਿਗਰ, ਆਪਣੇ ਦਿਲ ਦਾ ਟੁਕੜਾ ਹੀ ਤਾਂ ਜਾਪਿਆ ਸੀ।
-"ਬੈਠ ਜਾ!" ਬਲਿਹਾਰ ਸਿੰਘ ਨੇ ਕਿਹਾ ਤਾਂ ਡਾਕਟਰ ਭਜਨ ਉਸ ਦੇ ਸਾਹਮਣੇ ਅੱਖਾਂ ਵਿਚ ਅੱਖਾਂ ਪਾ ਕੇ ਬੈਠ ਗਿਆ। ਭਜਨ ਨੂੰ ਦਿਲੋਂ ਦੁੱਖ ਸੀ ਕਿ ਦੁਰਮਟ ਵਰਗਾ ਚਾਚਾ ਕਿਹੜੇ ਹਾਲੀਂ ਹੋਇਆ ਪਿਆ ਸੀ। ਸਾਰੀ ਜਿ਼ੰਦਗੀ, ਦਰਵੇਸ਼ ਜਿ਼ੰਦਗੀ ਬਿਤਾਉਣ ਵਾਲਾ ਚਾਚਾ ਪਾਗਲ ਹੋਇਆ ਬੈਠਾ ਸੀ। ਸਰਬੱਤ ਦਾ ਭਲਾ ਲੋਚਣ ਵਾਲਾ ਬਲਿਹਾਰ ਸਿੰਘ ਖੁਦ ਹੀ ਪਤਾ ਨਹੀਂ ਕਿਹੜੇ ਦੁੱਖਾਂ ਦੇ 'ਚਾਲ੍ਹੇ' ਵਿਚ ਖੁੱਭਿਆ ਪਿਆ ਸੀ? ਭਜਨ ਨੂੰ ਇਤਨਾ ਜ਼ਰੂਰ ਅਹਿਸਾਸ ਹੋ ਗਿਆ ਸੀ ਕਿ ਚਾਚੇ ਦੇ ਦਿਲ ਨੂੰ ਕਿਸੇ ਮਾਨਸਿਕ ਰੋਗ ਦਾ 'ਖੱਭਾ' ਪੈ ਗਿਆ ਸੀ!
-"ਬੋਲ ਚਾਚਾ! ਖੁੱਲ੍ਹ ਕੇ ਦੱਸ?"
ਬਲਿਹਾਰ ਸਿੰਘ ਨੇ ਸਾਰੀ ਕਹਾਣੀ ਭਜਨ ਅੱਗੇ ਇਕ ਚਿੱਟੀ ਚਾਦਰ ਵਾਂਗ ਵਿਛਾਅ ਦਿੱਤੀ। ਕਿਸਾਨ ਦਾ ਦੁਖਾਂਤ ਦੱਸਿਆ। ਜੱਟ ਦੀ ਜਿਣਸ ਦੀ ਹੁੰਦੀ ਬੇਹੁਰਮਤੀ ਦਾ ਬ੍ਰਿਤਾਂਤ ਉਘੇੜਿਆ। ਜੱਟ ਦੀ ਦਿਨ-ਦਿਹਾੜੇ ਹੁੰਦੀ ਲੁੱਟ-ਖਸੁੱਟ 'ਤੇ ਚਾਨਣਾ ਪਾਇਆ। ਕਿਸਾਨ ਦੇ ਸਿਰ ਦਿਨੋ-ਦਿਨ ਚੜ੍ਹਦੇ ਜਾ ਰਹੇ ਕਰਜ਼ੇ ਦੇ ਦੁੱਖ ਰੋਏ। ਮਜਬੂਰਨ ਰੋਹੀ-ਬੀਆਬਾਨ ਦੇ ਰਸਤੇ ਨੂੰ ਤੋਰੇ ਜਾ ਰਹੇ ਕਿਸਾਨ ਦੇ ਹੇਰਵੇ ਵਿਚ ਕੀਰਨਾਂ ਪਾਇਆ। ਪ੍ਰੀਵਾਰ ਦੇ ਧੁੰਦਲੇ ਭਵਿੱਖ ਬਾਰੇ ਦੱਸ ਕੇ ਕੁਰਲਾਹਟ ਕੀਤੀ।
ਡਾਕਟਰ ਭਜਨ ਇਕ ਲੰਮਾ ਸਾਹ ਖਿੱਚ ਕੇ ਰਹਿ ਗਿਆ। ਉਸ ਨੂੰ ਵੀ ਕੋਈ ਪੈਹਾ ਨਜ਼ਰ ਨਹੀਂ ਆਇਆ ਸੀ, ਜਿਸ ਰਸਤੇ ਉਹ ਚਾਚੇ ਨੂੰ ਪਾ ਦਿੰਦਾ?
-"ਜਿਵੇਂ ਕੀੜੀ ਹਾਥੀ ਨੂੰ ਸਿੱਟ ਲੈਂਦੀ ਐ ਚਾਚਾ-ਉਸੀ ਤਰ੍ਹਾਂ ਕਰਜਾ ਕਿਸਾਨ ਨੂੰ ਖੱਸੀ ਕਰ ਦਿੰਦੈ।"
-"ਤੇਰੇ ਸਾਹਮਣੇ ਈ ਐ ਸ਼ੇਰਾ!"
-"ਪਰ ਚਾਚਾ ਜੀ-ਦਿਲ 'ਤੇ ਲਾਉਣ ਨਾਲ ਕੀ ਹੋਊ?"
-"ਮੈਂ ਦਿਲ 'ਤੇ ਨਹੀਂ ਲਾਈ ਸ਼ੇਰਾ-ਮੱਲੋਮੱਲੀ ਲੱਗ ਜਾਂਦੀ ਐ-ਕੋਈ ਵੱਸ ਨਹੀਂ-ਬਥੇਰਾ ਮਨ ਮੋੜੀਦੈ-ਪਰ ਗੱਲ ਸੱਪ ਮਾਂਗੂੰ ਦਿਲ 'ਤੇ ਆ ਚੜ੍ਹਦੀ ਐ।"
-"ਇਹ ਮੈਂ ਮੰਨਦੈਂ-ਪਰ ਫਿਕਰ ਕਿਸੇ ਗੱਲ ਦਾ ਹੱਲ ਨਹੀਂ ਹੈ ਚਾਚਾ!"
-"ਇਹ ਮੈਨੂੰ ਪਤੈ ਸ਼ੇਰਾ! ਦੋ ਧੀਆਂ ਜੁਆਨ ਐਂ-ਵਿਆਹੁੰਣ ਆਲੀਆਂ ਹੋਈਆਂ ਪਈਐਂ-ਇੱਕੋ ਇਕ ਪੁੱਤ ਐ-ਉਹਦਾ ਵੀ ਕੁਛ ਬਣਾਉਣ ਨੂੰ ਦਿਲ ਕਰਦੈ-ਬਣਾਉਣਾ ਤਾਂ ਇਹਦਾ ਕੀ ਸੀ? ਜਿਹੜੀ ਆਬਦੇ ਕੋਲੇ ਭੋਰਾ ਜਮੀਨ ਐਂ-ਮੈਨੂੰ ਤਾਂ ਉਹਦੇ ਵੀ ਪੌੜ ਲੱਗਦੇ ਜਾਂਦੇ ਦਿਸਦੇ ਐ-ਪਤਾ ਨਹੀਂ ਕਦੋਂ ਹੇਠੋਂ ਨਿਕਲਜੇ? ਮੈਨੂੰ ਤਾਂ ਇਹ ਝੋਰਾ ਖਾਈ ਜਾਂਦੈ ਬਈ ਅਗਲੀ ਪੀੜ੍ਹੀ ਆਬਦਾ ਵੇਲਾ ਪੂਰਾ ਕਿਵੇਂ ਕਰੂ? ਮੇਰੇ ਤਾਂ ਸ਼ੇਰਾ ਦਿਨ ਰਾਤ ਗਲਘੋਟੂ ਫਸਿਆ ਰਹਿੰਦੈ!"
-"ਤੂੰ ਵੀ ਸਾਰੀ ਦੁਨੀਆਂ ਦੇ ਨਾਲ ਈ ਐਂ ਚਾਚਾ? ਜਿਹੜਾ ਕੁਛ ਦੁਨੀਆਂ ਨਾਲ ਹੋਊ-ਉਹੀ ਤੇਰੇ ਨਾਲ ਬੀਤੂ!"
-"ਦੁਨੀਆਂ ਦੇ ਲੋਕ ਪਤਾ ਨ੍ਹੀ ਕਿਹੜੇ ਪੱਥਰ ਦੇ ਬਣੇ ਵੇ ਐ? ਜਿਹੜੇ ਲੁੱਟੀਦੇ-ਲੁੱਟੀਦੇ ਵੀ ਥਾਪੀਆਂ ਮਾਰੀ ਜਾਂਦੇ ਐ? ਤੂੰ ਸ਼ੇਰਾ ਆਪਣੇ ਪਿੰਡ ਆਲੇ ਘੋਲੂ ਕੀ ਈ ਗੱਲ ਲੈ ਲਾ! ਹਾੜ੍ਹੀ ਵੇਚ ਕੇ ਵੀ ਕਰਜਾ ਸਿਰ ਟੁੱਟਿਐ-ਤੇ ਹੋਰ ਕਰਜਾ ਚੱਕ ਕੇ ਸਾਰੇ ਟੱਬਰ ਨੇ ਟੈਰਾਲੀਨ ਦੇ ਲੀੜੇ ਸਮਾਏ ਐ-ਕੀ ਪਿਐ ਐਹੋ ਜੀਆਂ ਟਹੁਰਾਂ ਖੁਣੋਂ? ਇਹ ਤਾਂ ਉਹ ਗੱਲ ਐ ਸ਼ੇਰਾ ਬਈ ਘਰ ਨ੍ਹੀ ਖਾਣ ਨੂੰ ਦਾਣੇ ਤੇ ਅੰਮਾਂ ਫਿਰੇ ਲੁੱਦਿਆਣੇ!"
ਡਾਕਟਰ ਭਜਨ ਹੱਸ ਪਿਆ।
-"ਚਾਚਾ-ਐਹੋ ਜਿਹੇ ਅਵਲੇ ਸਵਲੇ ਬੰਦੇ ਵਧੀਆ ਰਹਿੰਦੇ ਐ! ਨਾ ਫਿਕਰ ਨਾ ਫਾਕਾ-ਦਿਨ ਤੁਰ ਫਿਰ ਕੇ ਬਿਤਾਇਆ-ਰਾਤ ਨੂੰ ਬਿਸਤਰੇ! ਬੇਫਿਕਰੀ ਦੀ ਨੀਂਦ ਸੁੱਤੇ-ਉਹੋ ਜੇ ਦੇ ਉਹੋ ਜੇ! ਤੇ ਤੇਰੇ ਵਰਗੇ ਜਜਬਾਤੀ ਬੰਦੇ ਮੰਜਾ ਮੱਲ ਲੈਂਦੇ ਐ।"
-"ਪੁੱਤ ਵੱਸ ਨ੍ਹੀ ਰਹਿੰਦਾ ਕੁਛ-ਕੀ ਕਰਾਂ? ਕਿਹੜੇ ਖੂਹ 'ਚ ਜਾਵਾਂ?"
-"ਚਾਚਾ ਜੀ! ਥੋਡੀ ਵੱਸ ਨੇ ਤੇ ਥੋਡੇ ਜਜਬਾਤਾਂ ਨੇ ਕੁਛ ਨ੍ਹੀ ਕਰਨਾ-ਫਿਕਰ ਕਰਕੇ ਕਿਸੇ ਨੇ ਕੋਈ ਮੋਰਚਾ ਸਰ ਨਹੀਂ ਕੀਤਾ-ਆਪਾਂ ਦੁਆਈ ਸ਼ੁਰੂ ਕਰਦੇ ਐਂ-ਥੋਨੂੰ ਮੈਂ ਦੱਸਦੈਂ-'ਕੱਲੀ ਦੁਆਈ ਜਾਂ ਟੀਕਿਆਂ ਨੇ ਕੁਛ ਨਹੀਂ ਕਰਨਾ-ਤੁਸੀਂ ਨਾਲ ਵਗੋਂਗੇ ਤਾਂ ਕੋਈ ਗੱਲ ਬਣੂੰ!"
-"ਤੇਰੀ ਮਰਜੀ ਐ ਸ਼ੇਰਾ।"
-"ਚਾਚਾ ਜੀ-ਸਾਨੂੰ ਤੁਹਾਡੀ ਅਜੇ ਲੋੜ ਐ-ਮੈਂ ਤਾਂ ਬੇਨਤੀ ਕਰਦੈਂ-ਇਲਾਜ ਲਈ ਸਾਨੂੰ ਦੁਆਈ ਨਾਲੋਂ ਤੁਹਾਡੇ ਸਹਿਯੋਗ ਦੀ ਬਹੁਤੀ ਲੋੜ ਐ।"
ਭਜਨ ਸਿੰਘ ਬਲਿਹਾਰ ਸਿੰਘ ਸਮੇਤ ਬਾਹਰ ਆ ਗਿਆ। ਜੀਤ ਕੌਰ ਨੂੰ ਬਲਿਹਾਰ ਸਿੰਘ ਤਾਜ਼ਾ-ਤਾਜ਼ਾ ਲੱਗਿਆ। ਫਿ਼ਕਰ-ਰਹਿਤ! ਮਾਨਸਿਕ ਦਸ਼ਾ ਦੀ ਪੀੜਾ ਤੋਂ ਮੁਕਤ! ਜ਼ਾਹਿਰਾ ਤੌਰ 'ਤੇ ਬਦਲਿਆ-ਬਦਲਿਆ ਹੋਇਆ। ਉਸ ਦੀਆਂ ਅੱਖਾਂ ਵਿਚ ਪਹਿਲਾਂ ਵਾਲੀ ਵੈਰਾਨਗੀ ਨਹੀਂ ਸਗੋਂ ਤਾਜ਼ਗੀ ਸੀ। ਸਰੀਰ ਵਿਚ ਰਿੱਗਲਪੁਣਾ ਨਹੀਂ, ਫ਼ੁਰਤੀ ਸੀ। ਚਿਹਰਾ ਉੱਜੜਿਆ ਹੋਇਆ ਨਹੀਂ, ਕਿਸੇ ਖੇੜੇ ਵਿਚ ਸੀ।
ਜੀਤ ਕੌਰ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ।
ਮਾਲਕ ਸਿਰ 'ਤੇ ਹੋਵੇ ਤਾਂ ਅੱਧੇ ਫਿ਼ਕਰ ਮੁੱਕੇ ਰਹਿੰਦੇ ਹਨ। ਮਰਦ ਖੇਤ ਅਤੇ ਔਰਤ ਘਰੇ ਹੋਵੇ ਤਾਂ ਜਿ਼ੰਦਗੀ ਦਾ ਰੇੜ੍ਹਾ ਵਧੀਆ ਰੁੜ੍ਹਿਆ ਜਾਂਦਾ ਹੈ।
-"ਚਾਚੀ ਜੀ-ਫਿ਼ਕਰ ਨਾ ਕਰੋ-ਚਾਚੇ ਨੂੰ ਹੁਣ ਘੋੜਾ ਬਣਾ ਦਿਆਂਗੇ-ਇਹਦੀ ਨਬਜ਼ ਮੈਂ ਫੜ ਲਈ ਐ।" ਭਜਨ ਨੇ ਜੀਤ ਕੌਰ ਨੂੰ ਆਖਿਆ।
-"ਪੁੱਤ! ਮੈਨੂੰ ਤਾਂ ਇਹ ਹੁਣ ਈ ਘੋੜੇ ਵਰਗਾ ਲੱਗਦੈ।"
-"ਤਾਈ ਵਹਿਮ ਨਾ ਕਰ! ਤਾਏ ਨੂੰ ਬੰਬੂਕਾਟ ਮਾਂਗੂੰ ਨਾ ਰੇਸ ਲਾਉਣ ਲਾ ਦਿੱਤਾ ਫੇਰ ਆਖਿਓ!" ਬੱਬੂ ਬੋਲਿਆ ਤਾਂ ਸਾਰੇ ਹੱਸ ਪਏ।
ਬਲਿਹਾਰ ਸਿੰਘ ਦੀ ਦੁਆਈ ਸ਼ੁਰੂ ਹੋ ਗਈ।
ਉਹ ਸਿਹਤ ਪੱਖੋਂ ਵਾਹਵਾ ਰੰਗਾਂ ਵਿਚ ਹੋ ਗਿਆ ਸੀ। ਪਰ ਜਦੋਂ ਉਹ ਖੇਤ ਜਾਂਦਾ ਤਾਂ ਕੋਈ ਗ਼ੈਬੀ ਡਰ ਉਸ ਨੂੰ ਖਾਣ ਲੱਗ ਪੈਂਦਾ। ਪਿਉ-ਦਾਦੇ ਦੀ ਜੱਦੀ ਜ਼ਮੀਨ ਉਸ ਨੂੰ ਪਾਣੀ ਵਾਂਗ ਹੱਥੋਂ ਤਿਲ੍ਹਕਦੀ ਲੱਗਦੀ।
ਬਘਿਆੜਾਂ ਵਰਗੇ ਸੇਠ ਉਸ ਦੀ ਜੱਦੀ ਪੂੰਜੀ ਨੂੰ ਘਰੂਟ ਮਾਰਦੇ ਪ੍ਰਤੀਤ ਹੁੰਦੇ। ਉਹ ਸਿਰਤੋੜ ਖੇਤ ਵਿਚ ਦੌੜਨਾ ਸ਼ੁਰੂ ਕਰ ਦਿੰਦਾ। ਪਤਾ ਨਹੀਂ ਕਿਸ ਨੂੰ ਰੋੜੇ ਚੁੱਕ-ਚੁੱਕ ਕੇ ਮਾਰਦਾ। ਫ਼ਸਲ ਵਿਚ ਪਏ ਜਾਨਵਰ ਨੂੰ ਟਾਹੁੰਣ ਵਾਂਗ ਲਲਕਾਰੇ ਮਾਰਦਾ। ਪੈਰਾਂ ਹੇਠੋਂ ਮਿੱਟੀ ਕੱਢਦਾ। ਆਪਣਾ ਆਪ ਤੋੜਦਾ। ਜੈਬਾ ਉਸ ਨੂੰ ਫੜ ਕੇ ਘਰੇ ਲੈ ਜਾਂਦਾ। ਰਾਹ ਵਿਚ ਜਾਂਦਾ ਸਮਝਾਉਂਦਾ। ਬਲਿਹਾਰ ਸਿੰਘ ਦੀ ਸੁਰਤ ਪਰਤਦੀ। ਉਹ ਓਪਰਿਆਂ ਵਾਂਗ ਆਸੇ ਪਾਸੇ ਦੇਖਦਾ।
-"ਚਾਚਾ-ਤੂੰ ਖੇਤ ਨਾ ਆਇਆ ਕਰ-ਕੀ ਥੁੜਿਆ ਪਿਐ ਤੇਰੇ ਬਿਨਾ ਉਥੇ?" ਇਕ ਦਿਨ ਜੈਬੇ ਨੇ ਸ਼ਾਮ ਨੂੰ ਬਲਿਹਾਰ ਸਿੰਘ ਨੂੰ ਕਿਹਾ।
-"ਨਹੀਂ ਆਉਂਦਾ! ਹਾਂ ਠੀਕ ਐ-ਕੀ ਥੁੜਿਆ ਪਿਐ ਮੇਰੇ ਬਿਨਾ ਉਥੇ?" ਬਲਿਹਾਰ ਸਿੰਘ ਨੇ ਤੁਰੰਤ ਉਤਰ ਮੋੜਿਆ।
-"ਜੇ ਚਾਚੀ ਹੋਰਾਂ ਨੂੰ ਪਤਾ ਲੱਗ ਗਿਆ ਤਾਂ ਉਹ ਤੇਰੀ ਹਾਲਤ ਦੇਖ ਕੇ ਹੋਰ ਦੁਖੀ ਹੋਣਗੀਆਂ-ਕਾਹਨੂੰ ਨਾਲੇ ਆਪ ਦੁਖੀ ਹੁੰਨੈਂ-ਨਾਲੇ ਸਾਨੂੰ ਸਾਰਿਆਂ ਨੂੰ ਕਰਦੈਂ?"
-"ਹਾਂ-ਹਾਂ ਇਹ ਵੀ ਠੀਕ ਐ-ਨਾਲੇ ਮੈਂ ਆਪ ਦੁਖੀ ਹੁੰਨੈਂ-ਨਾਲੇ ਥੋਨੂੰ ਕਰਦੈਂ।" ਬਲਿਹਾਰ ਸਿੰਘ ਨੇ ਕਮਲਿਆਂ ਵਾਂਗ ਕਿਹਾ।
-"-----।" ਜੈਬਾ ਬਲਿਹਾਰ ਸਿੰਘ ਦੀ ਹਾਲਤ ਦੇਖ ਕੇ ਚੁੱਪ ਹੋ ਗਿਆ। ਉਹ ਉਸ ਅੱਗੇ ਪਸੀਜਿਆ ਜਿਹਾ ਬੈਠਾ ਸੀ। ਅਥਾਹ ਦੁਖੀ!
-"ਜੈਬਿਆ--!"
-"ਬੋਲ ਚਾਚਾ?"
-"ਜੇ ਸ਼ੇਰਾ ਮੈਨੂੰ ਕੁਛ ਹੋ ਗਿਆ-ਮੇਰੇ ਟੱਬਰ ਦਾ ਤਾਂ ਜਿਹੜਾ ਹਾਲ ਹੋਣੈਂ-ਉਹੀ ਹੋਣੈਂ-ਪਰ ਤੇਰਾ ਹੀਲਾ ਕੀ ਬਣੂੰ?" ਉਸ ਦਾ ਮਨ ਭਰ ਆਇਆ। ਪੁੱਤਾਂ ਵਰਗੇ ਸੀਰੀ ਦਾ ਉਸ ਨੂੰ ਦਿਲੋਂ ਦਰੇਗ ਆਇਆ ਸੀ।
-"ਤੈਨੂੰ ਕੁਛ ਨ੍ਹੀ ਹੁੰਦਾ ਚਾਚਾ-ਤੇਰੀ ਆਈ ਮੈਂ ਮਰਜਾਂ-ਤੇਰਾ ਵਾਲ ਵਿੰਗਾ ਨਾ ਹੋਵੇ-ਤੈਨੂੰ ਚਾਚਾ ਮੇਰਿਆ ਧਰਮਰਾਜ ਦੇ ਦਰੋਂ ਨਾ ਧੂਹ ਲਿਆਮਾਂਗੇ?" ਜੈਬੇ ਨੇ ਹਾਲਾਤਾਂ ਨੂੰ ਵਿਅੰਗ ਦੇ ਛੱਜ ਵਿਚ ਪਾਉਣਾ ਚਾਹਿਆ।
ਬਲਿਹਾਰ ਸਿੰਘ ਫਿ਼ੱਕਾ ਜਿਹਾ ਹੱਸ ਪਿਆ।
-"ਜੇ ਤੇਰਾ ਹੱਥ ਤੰਗ ਐ-ਮੈਂ ਦੋ ਸਾਲ ਮੁਖਤ ਲਾ ਦਿੰਨੈਂ ਚਾਚਾ-ਜੁਆਕਾਂ ਦੇ ਖਾਣ ਜੋਕਰੇ ਦਾਣੇ ਮੈਨੂੰ ਦੇਈ ਚੱਲੀਂ-ਹੋਰ ਤੈਥੋਂ ਮੈਂ ਡੱਕਾ ਨ੍ਹੀ ਮੰਗਦਾ-ਹੋਰ ਦੱਸ? ਜਿੰਨੀ ਕੁ ਜੋਕਰਾ ਮੈਂ ਹਾਂ ਚਾਚਾ-ਜਮਾਂ ਈ ਨਾ ਸੋਚੀਂ-ਦੇਖ ਥਮਲ੍ਹੇ ਅਰਗਾ ਤੇਰਾ ਪੁੱਤ ਜੈਬਾ ਤੇਰੇ ਸਾਹਮਣੇ ਬੈਠੈ।"
ਬਲਿਹਾਰ ਸਿੰਘ ਨੇ ਉਸ ਨੂੰ ਬੁੱਕਲ ਵਿਚ ਘੁੱਟ ਲਿਆ। ਉਹ ਇਕ ਆਤਮਾ ਹੀ ਤਾਂ ਹੋਏ ਬੈਠੇ ਸਨ!
ਕੀ ਹੋ ਗਿਆ ਜੈਬਾ ਗਰੀਬ ਸੀ?
ਕੀ ਹੋ ਗਿਆ ਬਲਿਹਾਰ ਸਿੰਘ ਕਰਜ਼ਾਈ ਸੀ?
ਕੀ ਹੋ ਗਿਆ ਉਹ ਦੋਨੋ ਮਜ਼ਬੂਰ ਸਨ? ਪਰ ਇਨਸਾਨੀ ਦਿਲ ਤਾਂ ਰੱਖਦੇ ਸਨ! ਇਕ-ਦੂਜੇ ਦੇ ਦੁੱਖ-ਸੁਖ ਦੇ ਹਾਂਮੀ ਸਨ। ਰੱਬ ਦੇ ਮਜ਼ਬੂਰ ਬੰਦਿਆਂ ਦੀਆਂ ਖਲਪਾੜਾਂ ਕਰਨ ਵਾਲੇ ਨਹੀਂ ਸਨ। ਮਾਨੁੱਖੀ ਹਿਰਦਿਆਂ ਦੇ ਮਾਲਕ ਸਨ। ਧੌਲ ਧਰਮ ਦਇਆ ਕਾ ਪੂਤ, ਦੇ ਪੈਰੋਕਾਰ ਸਨ। ਪਰ ਸਰਮਾਏਦਾਰਾਂ ਵੱਲੋਂ ਹੁੰਦੀ ਲੁੱਟ-ਖਸੁੱਟ ਉਹਨਾਂ ਨੂੰ ਬਿਖੜੇ ਪੈਂਡਿਆਂ ਵੱਲ ਘੜ੍ਹੀਸੀ ਤੁਰੀ ਜਾ ਰਹੀ ਸੀ। ਜਿਸ ਹਿਸਾਬ ਨਾਲ ਸਰਕਾਰੀ ਅਦਾਰਿਆਂ ਵੱਲੋਂ ਜੱਟ ਨੂੰ ਤੂਤ ਵਾਂਗ ਲਾਪਰਿਆ ਜਾ ਰਿਹਾ ਸੀ, ਉਸ ਹਿਸਾਬ ਨਾਲ ਜੱਟ ਦਾ ਰਸਤਾ ਸਿੱਧਾ ਹੀ 'ਹੱਡਾਂਰੋੜੀ' ਨੂੰ ਜਾਂਦਾ ਸੀ। ਜਿੱਥੇ ਗਿਰਝਾਂ ਉਸ ਦਾ ਮਾਸ ਨੋਚਣ ਲਈ ਤਿਆਰ-ਬਰ-ਤਿਆਰ, ਸਿਰੀਆਂ ਚੁੱਕੀ ਬੈਠੀਆਂ ਸਨ।
ਕਿਸਾਨ ਦਾ ਤਾਂ ਉਸ ਜਾਨਵਰ ਵਰਗਾ ਹਾਲ ਹੋ ਗਿਆ ਸੀ, ਜਿਹੜਾ ਮਰਨ ਲਈ ਜਾਨ ਤੋੜ ਰਿਹਾ ਹੋਵੇ ਅਤੇ ਚਮਿਆਰ ਰੰਬੀਆਂ ਚੁੱਕੀ ਖੜ੍ਹੇ ਹੋਣ ਕਿ ਕਦੋਂ ਮਰੇ ਅਤੇ ਕਦੋਂ ਇਸ ਦੀ ਚਮੜੀ ਉਧੇੜੀਏ!
ਸਾਰਾ ਦਿਨ ਬਾਹਰ ਰਹਿਣ ਕਰਕੇ ਬਿੱਲੇ ਨੂੰ ਬਲਿਹਾਰ ਸਿੰਘ ਦੀ ਹਾਲਤ ਦੀ ਕੋਈ ਬਹੁਤੀ ਖ਼ਬਰ ਨਹੀਂ ਸੀ। ਉਹ ਤਾਂ ਸਿਰਫ਼ ਰਾਤ ਹੀ ਪਿੰਡ ਕੱਟਦਾ ਸੀ। ਦਿਨ ਕਲੀਨਕ ਵਿਚ ਅਤੇ ਦੁਪਿਹਰ ਸੀਤਲ ਕੋਲ ਗੁਜ਼ਰ ਜਾਂਦੀ ਸੀ। ਉਹ ਇਕ ਦੂਜੇ ਵਿਚ ਫੁੱਲ ਵਾਂਗ ਮਸਤ ਸਨ। ਮਹਿਕ ਵਾਂਗ ਮਦਹੋਸ਼ ਸਨ।
ਸਾਉਣੀ ਦੀ ਫ਼ਸਲ ਬੀਜੀ ਜਾ ਚੁੱਕੀ ਸੀ।
ਚਰ੍ਹੀ ਦਾ ਛਿੱਟਾ ਦਿੱਤਾ ਜਾ ਚੁੱਕਾ ਸੀ।
ਕਿਸਾਨ ਫਿਰ ਆਪਣੀ ਕੋਹਲੂ-ਗੇੜ ਜਿ਼ੰਦਗੀ ਵਿਚ ਰੁੱਝ ਗਏ ਸਨ। ਉਤਪਾਦਨ ਕਿਸਾਨ ਦਾ ਕਿੱਤਾ ਸੀ। ਉਹ ਇਕ ਤਰ੍ਹਾਂ ਨਾਲ ਦੇਸ਼ ਦੀ ਨਿਸ਼ਕਾਮ ਸੇਵਾ ਕਰਦਾ ਸੀ। ਜਿਸ ਬਦਲੇ ਸਰਕਾਰ ਉਸ ਨੂੰ ਕਰਜਿ਼ਆਂ ਦੇ ਮੂੰਹ ਧੱਕ ਰਹੀ ਸੀ। ਬਲਦੀ ਦੇ ਬੁੱਥੇ ਦੇ ਰਹੀ ਸੀ। ਹਰ ਛਿਮਾਹੀ ਸਿਰ ਟੁੱਟਦਾ ਕਰਜ਼ਾ ਕਿਸਾਨ ਲਈ ਤਬਾਹੀ ਦਾ ਇਸ਼ਾਰਾ ਸੀ। ਭਵਿੱਖ ਦਾ ਕਤਲ ਸੀ। ਅੰਨਦਾਤੇ ਦਾ ਗਲਾ ਦਬਾਉਣਾ ਸੀ।
-"ਜੈ ਜਵਾਨ-ਜੈ ਕਿਸਾਨ" ਦਾ ਨਾਅਰਾ ਇਕ ਤਰ੍ਹਾਂ ਨਾਲ ਬੇਅਰਥ ਹੋ ਕੇ, ਬੇਵੱਸ ਹੋ ਕੇ ਰਹਿ ਗਿਆ ਸੀ। ਜੁਆਨ ਪਾਕਿਸਤਾਨ ਦੇ ਬਾਰਡਰ ਨੂੰ ਢੋਹੇ ਜਾ ਰਹੇ ਸਨ। ਜਦ ਕਿ ਕਿਸਾਨ ਕਰਜਿ਼ਆਂ ਦੀ ਦਲਦਲ ਵਿਚ ਸੁੱਟਿਆ ਜਾ ਰਿਹਾ ਸੀ। ਪਰ ਪੰਜਾਬ ਦੇ ਲੋਕ ਬੜੇ ਹੀ "ਸਾਊ" ਅਤੇ ਬੜੇ ਹੀ "ਸੀਲ" ਹਨ। ਗਿੱਟਿਆਂ 'ਤੇ ਡਾਂਗਾਂ ਖਾਂਦੇ, ਲੀਡਰਾਂ ਦੇ ਮੂੰਹ ਵੱਲ ਹੀ ਦੇਖਦੇ ਰਹਿਣਗੇ! ਲੀਡਰਾਂ ਦੀ ਨਲਾਇਕੀ ਨੂੰ ਉਹ "ਕਲਯੁਗ ਐ" ਕਹਿ ਕੇ ਅੱਖੋਂ-ਪਰੋਖੇ ਕਰਨਾ ਖ਼ੂਬ ਜਾਣਦੇ ਹਨ।
ਰਾਤ ਨੂੰ ਜਦੋਂ ਪਾਣੀ ਵਿਚ ਸਰਿੰਜ-ਸੂਈ ਉਬਾਲ ਕੇ ਬਾਪੂ ਦੇ ਬਿੱਲੇ ਨੇ ਟੀਕਾ ਲਾਇਆ ਤਾਂ ਬਾਪੂ ਨੇ ਉਸ ਨੂੰ ਉਠ ਕੇ ਬੁੱਕਲ ਵਿਚ ਲੈ ਲਿਆ।
ਬਲਿਹਾਰ ਸਿੰਘ ਦੀ ਹਿੱਕ ਠਰ ਗਈ।
ਉਸ ਨੂੰ ਜਾਪਿਆ ਕਿ ਮੁੱਦਤਾਂ ਹੋ ਗਈਆਂ ਸਨ ਕਿ ਉਸ ਨੇ ਇਕਲੌਤੇ ਪੁੱਤਰ ਨੂੰ ਗਲ ਹੀ ਨਹੀਂ ਲਗਾਇਆ ਸੀ। ਆਵਾਗੌਣ ਵਿਚ ਹੀ ਉਲਝਿਆ ਫਿਰਦਾ ਰਿਹਾ ਸੀ। ਜ਼ਰਬਾਂ-ਤਕਸੀਮਾਂ ਵਿਚ ਹੀ ਗਿੜਦਾ ਰਿਹਾ ਸੀ। ਉਸ ਨੂੰ ਮਹਿਸੂਸ ਹੋਇਆ ਕਿ ਦਿਲ ਦੇ ਟੁਕੜੇ ਨੂੰ ਉਸ ਨੇ ਸਾਲਾਂ ਤੋਂ ਹੀ ਨਹੀਂ ਬੁਲਾਇਆ ਸੀ। ਜਿ਼ੰਦਗੀ ਬੀਤ ਚੱਲੀ ਸੀ। ਜੁੱਗੜੇ ਬੀਤ ਗਏ ਸਨ।
-"ਪੁੱਤ ਤੂੰ ਅੱਜ ਮੇਰੇ ਨਾਲ ਪਵੇਂਗਾ-ਸ਼ੇਰ ਬੱਗਿਆ?" ਬਲਿਹਾਰ ਸਿੰਘ ਨੇ ਕਿਸੇ ਵਹਿਣ ਵਿਚ ਵਹਿੰਦਿਆਂ ਕਿਹਾ।
-"ਬਾਪੂ ਜੀ ਮੈਂ ਜੁਆਕ ਐਂ?" ਬਿੱਲਾ ਹੱਸ ਪਿਆ। ਉਸ ਨੂੰ ਬਾਪੂ ਕੋਲੋਂ ਸੰਗ ਜਿਹੀ ਆਈ।
-"ਤੂੰ ਚਾਹੇ ਪੁੱਤਾਂ ਪੋਤਿਆਂ ਆਲਾ ਹੋਜੀਂ ਸ਼ੇਰਾ-ਪਰ ਮੇਰਾ ਤਾਂ ਤੂੰ ਜੁਆਕ ਈ ਰਹੇਂਗਾ।"
ਬਿੱਲਾ ਹੱਸਦਾ ਤੁਰ ਗਿਆ।
-"ਰੋਟੀ ਲਿਆਮਾਂ?" ਬੇਬੇ ਨੇ ਪੁੱਛਿਆ।
-"ਰੋਟੀ ਅੱਜ ਮੈਂ ਤੇ ਮੇਰਾ ਪੁੱਤ 'ਕੱਠੇ ਖਾਮਾਂਗੇ-ਸਾਨੂੰ 'ਕੱਠਿਆਂ ਨੂੰ ਈ ਪਾ ਦੇਈਂ-ਜਾਣੀ ਦੀ ਜੀਤ ਕੁਰੇ ਵਰ੍ਹੇ ਲੰਘ ਗਏ ਪੁੱਤ ਨਾਲ ਰੋਟੀ ਖਾਧੀ ਨੂੰ-ਛੋਟੇ ਹੁੰਦੇ ਨੂੰ ਤਾਂ ਕਦੇ ਕਦੇ ਘਨ੍ਹੇੜਿਆਂ 'ਤੇ ਚੱਕ ਲੈਂਦਾ ਸੀ-ਜਦੋਂ ਦਾ ਸਕੂਲ ਜਾਣ ਲੱਗਿਐ-ਜਾਣੀ ਦੀ ਮੇਲ ਈ ਨ੍ਹੀ ਹੋਏ!"
-"ਜੱਟ ਨੂੰ ਵਿਹਲ ਈ ਕਿੱਥੇ ਮਿਲਦੀ ਐ? ਹੋਰ ਈ ਪੰਜ ਪਾਂਜੇ ਪੂਰੇ ਨੀ ਹੁੰਦੇ-ਜੈ ਵੱਢੇ ਦੇ।" ਜੀਤ ਕੌਰ ਬੋਲੀ।
-"ਜੱਟ ਤਾਂ ਰਹਿ ਗਿਆ ਕਰਾੜਾਂ ਦੇ ਭਾਗਾਂ ਨੂੰ-ਜੁਆਕ ਉਹਨੂੰ ਕਿੱਥੇ ਯਾਦ ਰਹਿੰਦੇ ਐ?"
ਪਿਉ-ਪੁੱਤ ਨੇ ਇਕੱਠਿਆਂ ਨੇ ਰੋਟੀ ਖਾਧੀ।
ਸਵੇਰੇ ਜਦੋਂ ਬਿੱਲਾ ਸ਼ਹਿਰ ਨੂੰ ਤੁਰਨ ਲੱਗਿਆ ਤਾਂ ਬਾਪੂ ਨੇ ਫਿਰ ਉਸ ਨੂੰ ਬੱਚਿਆਂ ਵਾਂਗ ਬੁੱਕਲ 'ਚ ਲੈ ਲਿਆ। ਬਿੱਲਾ ਕੁਝ ਸੰਗ ਰਿਹਾ ਸੀ। ਜੁਆਨ ਜਹਾਨ ਜਿਉਂ ਸੀ। ਉਸ ਨੂੰ ਸ਼ਰਮ ਜਿਹੀ ਆਉਂਦੀ ਸੀ।
-"ਸੰਗਦਾ ਕਾਹਨੂੰ ਐਂ ਪੁੱਤ? ਮੈਂ ਤੇਰਾ ਉਹੀ ਬਾਪੂ ਜੀ ਐਂ-ਜੀਹਦੇ ਘਨ੍ਹੇੜੀਂ ਚੜ੍ਹਿਆ ਤੂੰ ਉਤੇ ਈ ਮੂਤ ਦਿੰਦਾ ਸੀ।"
ਬਿੱਲਾ ਹੋਰ ਸ਼ਰਮਾ ਗਿਆ।
-"ਆਹ ਲੈ---!" ਬਾਪੂ ਨੇ ਪੰਜਾਹ ਰੁਪਏ ਦਾ ਨੋਟ ਉਸ ਅੱਗੇ ਕੀਤਾ।
-"ਇਹ ਕੀ ਬਾਪੂ ਜੀ?" ਬਿੱਲਾ ਹੈਰਾਨ ਸੀ।
-"ਫੜ ਪੁੱਤ! ਤੇਰੇ ਕਿਤੇ ਕੰਮ ਆਉਣਗੇ!"
-"ਪਰ ਕਿਉਂ ਬਾਪੂ ਜੀ? ਜਦੋਂ ਮੈਨੂੰ ਲੋੜ ਹੁੰਦੀ ਐ-ਮੈਂ ਆਪੇ ਈ ਮੰਗ ਲੈਨੈਂ।"
-"ਤੂੰ ਫੜ ਤਾਂ ਸਹੀ!" ਬਾਪੂ ਨੇ ਰੁਪਏ ਧੱਕੇ ਨਾਲ ਉਸ ਦੀ ਜੇਬ ਵਿਚ ਪਾ ਦਿੱਤੇ।
-"ਫੜ ਲੈ-ਕਿਤੇ ਭੱਜੇ ਜਾਂਦੇ ਐ?" ਬੱਬੂ ਨੇ ਪਿੱਛਿਓਂ ਵਿਅੰਗ ਕੀਤਾ।
ਬਿੱਲਾ ਚੁੱਪ ਕਰ ਗਿਆ।
ਬਾਪੂ ਉਹਨਾਂ ਨੂੰ ਬੱਸ ਅੱਡੇ ਤੱਕ ਛੱਡਣ ਆਇਆ। ਬਿੱਲਾ ਅੱਜ ਹੈਰਾਨ ਸੀ। ਬਾਪੂ ਅੱਜ ਕਿਹੋ ਜਿਹੀਆਂ ਹਰਕਤਾਂ ਕਰ ਰਿਹਾ ਸੀ? ਬੱਸ ਚੜ੍ਹਦੇ ਬਿੱਲੇ ਦਾ ਬਾਪੂ ਨੇ ਸਿਰ ਪਲੋਸਿਆ, ਪਿਆਰ ਦਿੱਤਾ।


ਬਾਕੀ ਅਗਲੇ ਹਫ਼ਤੇ.....