ਤਰਕਸ਼ ਟੰਗਿਆ ਜੰਡ (ਕਾਂਡ 5)

ਤਕਰੀਬਨ ਛੇ ਮਹੀਨੇ ਬੀਤ ਗਏ।
ਅਪ੍ਰੈਲ ਮਹੀਨੇ ਦੀ ਗਰਮੀ ਆਪਣੇ ਜੌਹਰ ਦਿਖਾਉਣ ਲੱਗ ਪਈ ਸੀ। ਪਰ ਸੀਤਲ ਦੀ ਤਾਸੀਰ ਕਰਕੇ ਬਿੱਲੇ ਨੂੰ ਗਰਮੀ ਪੋਂਹਦੀ ਹੀ ਨਹੀਂ ਸੀ।
ਉਹ ਇਕ ਦੂਜੇ ਦੇ ਸਾਹਾਂ ਵਿਚ ਸਾਹ ਲੈਂਦੇ। ਦਿਲੀ ਤਰੰਗਾਂ ਦਿਨੋ-ਦਿਨ ਹੋਰ ਪੀਡੀਆਂ ਹੋਈਆਂ ਸਨ। ਉਹ ਇਕ-ਦਮ, ਇਕ-ਰਗ ਸਨ।
ਬਿੱਲਾ ਦੁਪਿਹਰੇ ਘੰਟਿਆਂ ਬੱਧੀ ਉਸ ਦੇ ਗੋਡੇ ਮੁੱਢ ਬੈਠਾ ਰਹਿੰਦਾ। ਉਸ ਨੂੰ ਜੱਗ-ਜਹਾਨ ਦੀ ਹੋਸ਼ ਨਹੀਂ ਸੀ। ਉਹ ਕੀ-ਕੀ ਗੱਲਾਂ ਕਰਦੇ? ਸ਼ਾਇਦ ਦੋਹਾਂ 'ਚੋਂ ਕਿਸੇ ਨੂੰ ਵੀ ਪਤਾ ਨਾ ਲੱਗਦਾ।
ਸੀਤਲ ਬੜੀ ਹੀ ਸਾਦਾ-ਮਿਜਾਜ਼ ਕੁੜੀ ਸੀ। ਬਹੁਤ ਹੀ ਘੱਟ ਬੋਲਣਾ, ਉਸ ਦਾ ਰੱਬੀ ਗੁਣ ਸੀ! ਸਾਦਗੀ ਉਸ ਦਾ ਲਿਬਾਸ ਸੀ ਅਤੇ ਨਿਮਰਤਾ ਉਸ ਦੀ ਮੀਰੀ! ਮੁਸਕਰਾ ਕੇ ਤਿਰਛਾ ਤੱਕਣਾ ਉਸ ਦੀ ਕਾਤਿਲ ਅਦਾ ਸੀ ਅਤੇ ਬਿੱਲੇ ਵੱਲ ਤੱਕ ਕੇ ਪੀਰੀ ਅੰਦਾਜ਼ ਵਿਚ ਧੁੜਧੁੜੀ ਲੈਣੀ ਉਸ ਦੀ ਬੇਵਸੀ! ਉਨ੍ਹਾਂ ਦੀ ਮਿਲਣੀ ਵਿਚ ਬੱਬੂ ਅਤੇ ਕਿੱਟੀ ਦਾ ਯੋਗਦਾਨ ਸੀ? ਮਹਿਜ਼ ਇਤਫ਼ਾਕ? ਜਾਂ ਫਿਰ ਧੁਰ ਸੰਯੋਗੀ ਮੇਲੇ? ਨਹੀਂ! ਸ਼ਾਇਦ ਉਨ੍ਹਾਂ ਦੇ ਮੇਲ ਤਾਂ ਧੁਰ-ਦਰਗਾਹੋਂ ਹੀ ਲਿਖੇ ਹੋਏ ਸਨ। ਏਕਿ ਜੋਤਿ ਦੋਇ ਮੂਰਤਿ।।
ਇਕ ਦਿਨ ਸੀਤਲ ਨੇ ਮਾਂ ਕੋਲ ਬਿੱਲੇ ਵਾਲੀ ਬਾਤ ਪਾਈ। ਪਹਿਲਾਂ ਤਾਂ ਮਾਂ ਕੁਝ ਕੁ ਖਫ਼ਾ ਹੋਈ। ਪਰ ਜਦੋਂ ਉਸ ਨੇ ਬਿੱਲੇ ਨੂੰ ਦੇਖ ਲਿਆ ਤਾਂ ਉਹ ਉਸ ਦੇ ਰੰਗ-ਰੂਪ ਤੋਂ ਹੀ ਕੀਲੀ ਗਈ। ਉਸ ਦੇ ਸਾਰੇ ਗਿਲੇ-ਸਿ਼ਕਵੇ ਦੂਰ ਹੋ ਗਏ। ਉਸ ਨੇ ਦਿਲ ਹੀ ਦਿਲ ਵਿਚ ਸੀਤਲ ਦੀ ਚੋਣ ਦੀ ਸਿਫ਼ਤ ਕੀਤੀ ਅਤੇ ਸੀਤਲ ਨੂੰ ਬੁੱਕਲ ਵਿਚ ਘੁੱਟ ਲਿਆ।
-"ਸੀਤਲ---!" ਇਕ ਦਿਨ ਰਾਤ ਨੂੰ ਰੋਟੀ ਖਾਣ ਤੋਂ ਬਾਅਦ ਮਾਂ ਬੋਲੀ। ਉਹ ਇਕੱਲੀ-ਇਕੱਲੀ ਅਤੇ ਚੁੱਪ-ਚੁੱਪ ਹੀ ਰਹਿਣਾ ਚਾਹੁੰਦੀ ਸੀ। ਉਸ ਦਾ ਕਿਸੇ ਨਾਲ ਗੱਲ ਕਰਨ ਨੂੰ ਦਿਲ ਨਹੀਂ ਕਰਦਾ ਸੀ। ਉਹ ਦਿਲਾਂ ਦੇ ਮਹਿਰਮ ਨਾਲ ਹੀ ਚੁੱਪ-ਗੜੁੱਪ ਗੱਲਾਂ ਕਰਦੀ ਰਹਿੰਦੀ।
-"ਇਹਦੇ 'ਚ ਕੋਈ ਸ਼ੱਕ ਨੀ ਧੀਏ ਬਈ ਬਿੱਲਾ ਸੋਹਣਾ ਸੁਨੱਖਾ ਮੁੰਡਾ ਐ-ਟੱਬਰ ਅੱਲੋਂ ਵੀ ਆਪਣੇ ਮੇਚ ਆਉਂਦੈ-ਪਰ ਧੀਏ ਇਕ ਗੱਲੋਂ ਮੈਨੂੰ ਡਰ ਲੱਗਦੈ।"
-"ਕਿਹੜੀ ਗੱਲੋਂ ਮਾਂ?" ਸੀਤਲ ਉਠ ਕੇ ਬੈਠ ਗਈ। ਕਿਸੇ ਡਰੋਂ ਉਸ ਦਾ ਦਿਲ ਜੋਰ ਦੀ ਧੜਕਿਆ ਸੀ।
-"ਬਈ ਕਿਤੇ ਬਿੱਲਾ ਵੀ ਲੋਕਾਂ ਦੇ ਮੁੰਡਿਆਂ ਮਾਂਗੂੰ ਕਿਤੇ ਧੋਖਾ ਨਾ ਕਰੇ?" ਕਾਫ਼ੀ ਅਰਸੇ ਤੋਂ ਦਿਲ 'ਤੇ ਚੜ੍ਹੀ ਗੱਲ ਮਾਂ ਨੇ ਅੱਜ ਧੀ ਅੱਗੇ ਖੋਲ੍ਹ ਦਿੱਤੀ।
ਸੀਤਲ ਦਾ ਧੜਕਦਾ ਦਿਲ ਸ਼ਾਂਤ ਹੋ ਗਿਆ।
ਉਸ ਨੇ ਲੰਮਾ ਸਾਰਾ ਸਾਹ ਲੈ ਕੇ ਛੱਡਿਆ।
ਉਹ ਸੋਚ ਰਹੀ ਸੀ ਕਿ ਮਾਂ ਪਤਾ ਨਹੀਂ ਕੀ ਕੱਛ 'ਚੋਂ ਮੂੰਗਲਾ ਕੱਢ ਕੇ ਮਾਰੇਗੀ?
-"ਮਾਂ! ਮੇਰਾ ਤਾਂ ਤੂੰ ਕਾਲਜਾ ਈ ਕੱਢ ਦਿੱਤਾ ਸੀ।" ਉਸ ਨੇ ਤਪਦੀ ਹਿੱਕ 'ਤੇ ਹੱਥ ਧਰ ਲਿਆ।
-"ਧੀਏ! ਮੈਂ ਫੇਰ ਵੀ ਤੇਰੀ ਮਾਂ ਐਂ-ਫਿਕਰ ਤਾਂ ਹੋ ਈ ਜਾਂਦੈ-ਕੁਛ ਮੇਰਾ ਦਿਲ ਈ ਡੁੱਬੜਾ ਐਹੋ ਜਿਐ।"
-"ਮਾਂ! ਬਿੱਲੇ ਦਾ ਅਸਲੀ ਨਾਂ ਹਰਮਨਪ੍ਰੀਤ ਐ-ਉਹ ਹਰ ਮਨ ਦੀ ਪ੍ਰੀਤ ਐ-ਉਹ ਆਮ ਮੁੰਡਿਆਂ ਵਰਗਾ ਜਮਾਂ ਈ ਨਹੀਂ-ਬਿੱਲੇ ਨੂੰ ਲੈ ਕੇ ਕਿਸੇ ਦੇਵਤੇ ਦੀ ਕਸਮ ਖਾਣ ਦੀ ਵੀ ਜਰੂਰਤ ਨਹੀਂ-ਉਹ ਖੁਦ ਕਿਸੇ ਦੇਵਤੇ ਨਾਲੋਂ ਘੱਟ ਨਹੀਂ ਮਾਂ! ਆਪਣੀ ਐੱਸ ਟੀ ਡੀ 'ਤੇ ਕਿੰਨੇ ਮੁੰਡੇ ਫ਼ੋਨ ਕਰਨ ਆਉਂਦੇ ਐ-ਪਾੜ ਖਾਣੀਆਂ ਨਜਰਾਂ ਨਾਲ ਦੇਖਦੇ ਐ-ਉਹਨਾਂ ਅੰਦਰੋਂ ਗੰਦੀ ਹਵਸ ਦੀ ਬੂਅ ਆਉਂਦੀ ਐ-ਅੱਖਾਂ ਵਿਚੋਂ ਕਾਮ ਭੜਕਦਾ ਸਾਫ਼ ਦਿਖਾਈ ਦਿੰਦੈ-ਚੁੱਭਵੀਆਂ ਨਜਰਾਂ ਵਿਚ ਬੁਰਾਈ ਕੂਕਦੀ ਐ-ਪਰ ਬਿੱਲੇ ਦੀਆਂ ਅੱਖਾਂ 'ਚ ਤਾਂ ਮੈਂ ਹਮੇਸ਼ਾ ਰੱਬ, ਰਹਿਮਤ ਅਤੇ ਦੁਆਵਾਂ ਈ ਤੱਕੀਐਂ ਮਾਂ ਮੇਰੀਏ---!" ਸੀਤਲ ਨੇ ਨਿਰੋਲ ਸੱਚਾ ਧਰਵਾਸ ਦਿੱਤਾ। ਮਾਂ ਨੂੰ ਅੱਧੀਆਂ ਕੁ ਗੱਲਾਂ ਦੀ ਸਮਝ ਪਈ, ਅੱਧੀਆਂ ਕੁ ਦੀ ਬਿਲਕੁਲ ਹੀ ਨਹੀਂ ਪਈ।
-"ਤੇਰੇ ਸਿਰ 'ਤੇ ਤੇਰਾ ਪਿਉ ਹੁੰਦਾ-ਵੀਹ ਬੰਨ੍ਹ ਸੁੱਬ ਕਰਦਾ ਧੀਏ-ਮੈਨੂੰ 'ਕੱਲੀ ਬੁੜ੍ਹੀ ਨੂੰ ਤਾਂ ਵੀਹ ਪਾਸੇ ਵੱਢ-ਵੱਢ ਖਾਂਦੇ ਐ ਪੁੱਤ--!" ਮਾਂ ਅੱਖਾਂ ਭਰ ਆਈ। ਉਸ ਦਾ ਗਲ ਭਾਰੀ ਹੋ ਗਿਆ ਅਤੇ ਉਸ ਨੇ ਚੁੰਨੀ ਨਾਲ ਅੱਖਾਂ ਪੂੰਝ ਲਈਆਂ।
-"ਮਾਂ! ਕੁਦਰਤ ਇਕ ਐਹੋ ਜਿਹੀ ਪ੍ਰਮ-ਸ਼ਕਤੀ ਐ-ਜੇ ਇਕ ਦਰਵਾਜਾ ਬੰਦ ਕਰਦੀ ਐ ਤਾਂ ਅਗਲਾ ਦਰਵਾਜਾ ਪਟੱਕ ਖੋਲ੍ਹ ਦਿੰਦੀ ਐ-ਇਹ ਕੁਦਰਤ ਦੀ ਆਗੰਮੀ ਫਿ਼ਤਰਤ ਹੈ-ਤੁਸੀਂ ਦੇਖ ਲਇਓ ਬਿੱਲਾ ਤਾਂ ਤੁਹਾਡੇ ਸਾਹਾਂ ਵਿਚ ਸਾਹ ਲਊ-ਉਹ ਤਾਂ ਰੱਬੀ ਰੂਹ ਐ ਮਾਂ--!"
-"ਪੁੱਤ! ਉਹਦੇ ਮਾਂ-ਪਿਉ ਨਾਲ ਗੱਲ ਕਿਵੇਂ ਚਲਾਈਏ? ਨਾਲੇ ਗੱਲ ਚਲਾਉਣ ਵਾਲਾ ਵੀ ਕੋਈ ਹੋਵੇ? ਤੇਰਾ ਵੀਰ ਤਾਂ ਅਜੇ ਨਿਆਣੈਂ!"
-"ਮਾਂ! ਵਕਤ ਐਹੋ ਜਿਹੀ ਚੀਜ ਐ-ਆਪੇ ਹੀ ਕੋਈ ਨਾ ਕੋਈ ਹੀਲਾ ਬਣਾ ਦਿੰਦੈ-ਇਹ ਵਕਤ ਈ ਐ ਮਾਂ! ਜਿਹੜਾ ਵੱਡੇ-ਵੱਡੇ ਜਖਮ ਦੇ ਕੇ ਵੀ ਮੱਲ੍ਹਮ ਪੱਟੀ ਕਰ ਦਿੰਦੈ-ਵਕਤ ਪੈਣ 'ਤੇ ਸਾਰੇ ਫ਼ੱਟ ਈ ਭਰੇ ਜਾਂਦੇ ਐ-ਮੇਰਾ ਵੀਰ ਮਿੰਨਾਂ ਤਾਂ ਫ਼ਕੀਰ ਮੁੰਡੈ-ਇਹਦੇ ਮਨ 'ਤੇ ਬਾਪੂ ਆਲੀ ਗੱਲ ਨਾ ਲਾਇਆ ਕਰ ਮਾਂ-ਅਜੇ ਬਿੱਲਾ ਡਾਕਟਰੀ ਸਿੱਖਦੈ-ਅਜੇ ਐਡੀ ਕਾਹਲੀ ਕਿਉਂ ਪਈ ਐ? ਸਮੇਂ ਦੇ ਨਾਲ ਨਾਲ ਸਾਰੇ ਈ ਸਿਰ ਗੁੰਦੇ ਜਾਂਦੇ ਐ ਅੰਮੜੀਏ!"
-"ਧੀਏ! ਮੈਨੂੰ ਤਾਂ ਇਉਂ ਐ ਬਈ ਕਦੋਂ ਮੈਂ ਤੇਰੇ ਹੱਥ ਪੀਲੇ ਕਰ ਕੇ ਫਾਰਗ ਹੋਵਾਂ।"
-"ਮਾਂ! ਤੂੰ ਮੈਨੂੰ ਘਰੋਂ ਕੱਢਣੈਂ?" ਸੀਤਲ ਹੱਸ ਪਈ।
-"ਕਾਹਨੂੰ ਸੁੱਖੀ ਸਾਂਦੀਂ ਐਹੋ ਜਿਹੀਆਂ ਗੱਲਾਂ ਕਰਦੀ ਐਂ ਧੀਏ-ਧੀਆਂ ਨੂੰ ਤਾਂ ਰਾਜੇ ਰਾਣੇ ਨਹੀਂ ਰੱਖ ਸਕੇ-ਇਹ ਤਾਂ ਪੁੱਤ ਫਰਜ ਹੁੰਦੈ ਮਾਪਿਆਂ ਦਾ।"
-"ਮਾਂ! ਬਿੱਲੇ ਦੇ ਦੋ ਵੱਡੀਆਂ ਭੈਣਾਂ ਵੀ ਐ- ਮਿੰਦਰ ਤੇ ਕਿੰਦਰ-ਪਹਿਲਾਂ ਉਹ ਉਹਨਾਂ ਦੇ ਵਿਆਹ ਕਰਨਗੇ ਤੇ ਫੇਰ ਵਾਰੀ ਬਿੱਲੇ ਦੀ ਆਊਗੀ।"
-"ਤੂੰ ਪੁੱਤ ਉਹਦੇ ਨਾਲ ਗੱਲ ਤਾਂ ਕਰਕੇ ਦੇਖੀਂ?"
-"ਮਾਂ ਤੂੰ ਕਾਹਲੀ ਕਿਉਂ ਪਈ ਐਂ? ਬਿੱਲੇ ਦੀਆਂ ਭੈਣਾਂ ਦਾ ਵਿਆਹ ਹੋ ਲੈਣ ਦੇ-ਮੈਂ ਵੀ ਗੱਲ ਕਰ ਲਊਂਗੀ-ਤੂੰ ਮੇਰਾ ਫਿਕਰ ਦਿਲ 'ਚੋਂ ਕੱਢ ਦੇ-ਸਾਡੀ ਤਾਂ ਰੱਬ ਵੱਲੋਂ ਕ੍ਰਿਸ਼ਨ ਤੇ ਰਾਧਾ ਵਾਲੀ ਜੋੜੀ ਐ-ਬੰਦਾ ਜਰੂਰ ਵਿਚ ਸਹਾਰਾ ਜਾਂ ਮਾਧਿਅਮ ਬਣਦੈ-ਪਰ ਸਾਡੇ ਲੇਖ ਦਰਗਾਹੋਂ ਹੀ ਅਕਾਲ ਪੁਰਖ ਨੇ ਸਾਂਝੇ ਲਿਖੇ ਐ-ਧੁਰੋਂ ਹੀ ਸੰਜੋਗ ਜੁੜੇ ਆਏ ਐ।" ਸੀਤਲ ਖੇਸ ਲੈ ਕੇ ਫਿਰ ਪੈ ਗਈ।
ਮਾਂ ਵੀ ਅੱਧ-ਪਚੱਧ ਬੇਫਿ਼ਕਰ ਹੋ ਗਈ।
ਵਿਸਾਖੀ ਦਿਹਾੜਾ ਆਉਣ ਵਾਲਾ ਸੀ।
ਦੁਪਿਹਰੇ ਬਿੱਲਾ ਸੀਤਲ ਦੀ ਐੱਸ ਟੀ ਡੀ 'ਤੇ ਬੈਠਾ ਸੀ। ਹੁਣ ਉਹ ਡਾਕਟਰ ਦੇ ਘਰ ਜਾਣ ਤੋਂ ਬਾਅਦ ਤੁਰੰਤ ਹੀ ਇੱਥੇ ਆ ਜਾਂਦਾ। ਸ਼ਾਮ ਨੂੰ ਛੇ ਵਜੇ ਤੋਂ ਪਹਿਲਾਂ ਹਾਜ਼ਰ ਹੋ ਜਾਂਦਾ ਸੀ। ਬੱਬੂ ਉਸ ਦੀ ਹਮਾਇਤ 'ਤੇ ਸੀ। ਕਿੱਟੀ ਵੀ ਬੱਬੂ ਨੂੰ ਮਿਲਦੀ ਰਹਿੰਦੀ ਸੀ।
-"ਐਤਕੀਂ ਵਿਸਾਖੀ ਦਾ ਮੇਲਾ ਨਹੀਂ ਦੇਖਣ ਜਾਣਾ?" ਅਚਾਨਕ ਸੀਤਲ ਨੇ ਬਿੱਲੇ ਨੂੰ ਪੁੱਛਿਆ।
-"ਜੇ ਨਾਲ ਚੱਲੇਂਗੀ ਤਾਂ ਦੇਖ ਆਉਨੇ ਆਂ।" ਬਿੱਲੇ ਨੇ ਮਜ਼ਾਕੀਆ ਕਿਹਾ।
-"ਛੜੇ ਜੱਟ ਨਾਲ ਮੇਲੇ? ਨਾ ਬਾਬਾ! ਤੌਬਾ! ਖ਼ਤਰਾ ਈ ਖ਼ਤਰਾ!" ਸੀਤਲ ਨੇ ਮਜ਼ਾਕ ਦਾ ਮਜ਼ਾਕ ਵਿਚ ਹੀ ਉਤਰ ਮੋੜਿਆ ਤਾਂ ਦੋਨੋਂ ਉਚੀ-ਉਚੀ ਹੱਸ ਪਏ।
-"ਤੇਰਾ ਛੜਾ ਜੱਟ ਵੀ ਵਿਆਹੇ ਵਰੇ ਕ੍ਰਿਸ਼ਨ ਭਗਵਾਨ ਨਾਲੋਂ ਚੰਗੈ! ਮੈਨੂੰ ਤਿੰਨ ਸੌ ਪੈਂਹਟ ਗੋਪੀਆਂ ਨਹੀਂ-ਇਕ ਸੀਤਲ ਚਾਹੀਦੀ ਐ।"
-"ਇਕ ਸੀਤਲ ਮਿਲਣ ਤੋਂ ਬਾਅਦ ਹੋਰ ਗੋਪੀਆਂ ਵਾਸਤੇ ਹਲਕ ਨਾ ਉਠ ਖੜ੍ਹੇ?"
-"ਫੇਰ ਲੱਭ ਦੇਈਂ ਕੋਈ-ਪਤੀ ਪ੍ਰਮੇਸ਼ਰ ਦੀ ਸੇਵਾ ਕਰਨੀ ਤਾਂ ਪੁੰਨ ਐਂ!"
-"ਮਾੜੀ ਜੱਟੀ ਮੈਂ ਵੀ ਨਹੀਂ! ਦੇਖਣ ਨੂੰ ਈ ਗਊ ਜਿਹੀ ਲੱਗਦੀ ਆਂ-ਸਿੰਗ ਮਾਰਕੇ ਢਿੱਡ ਪਾੜਨ ਵੀ ਜਾਣਦੀ ਆਂ।"
-"ਚੱਲੀਏ ਬਈ! ਇੱਥੇ ਤਾਂ ਖਤਰੈ!"
-"ਚੱਲੇ ਕਿੱਥੇ ਓਂ? ਮੈਂ ਤਾਂ ਹੱਸਦੀ ਸੀ!"
ਦੋਨੋ ਹੱਸ ਪਏ।
-"ਸੱਚੀਂ ਨਹੀਂ ਮੇਲਾ ਦੇਖਣ ਜਾਣਾ?"
-"ਲੋਕਾਂ ਦੇਖਣਾ ਵਿਸਾਖੀ ਵਾਲਾ ਮੇਲਾ ਤੇ ਅਸੀਂ ਤੇਰੀ ਤੋਰ ਦੇਖਣੀ।"
-"ਮਜਾਕ ਛੱਡੋ! ਸਿੱਧੀ ਗੱਲ ਕਰੋ।"
-"ਨਹੀਂ ਸੀਤਲ-ਮੈਂ ਨਹੀਂ ਜਾਣਾ।"
-"ਕਾਰਨ?"
-"ਬੱਸ ਊਂ ਈਂ!"
-"ਤਾਂ ਵੀ?"
-"ਸੀਤਲ ਤੂੰ ਹੀ ਮੇਰਾ ਤਾਂ ਮੇਲਾ ਐਂ! ਤੇਰੇ ਬਿਨਾ ਸਾਰੇ ਮੇਲੇ ਫਿੱ਼ਕੇ!"
-"-----।" ਸੀਤਲ ਨੇ ਬਿੱਲੇ ਦੀਆਂ ਨਜ਼ਰਾਂ ਵਿਚ ਨਜ਼ਰਾਂ ਧੁਰ ਦਿਲ ਤੱਕ ਪਾ ਕੇ ਤੱਕਿਆ। ਉਸ ਦਾ ਦਿਲ ਸ਼ਾਹਦੀ ਭਰ ਗਿਆ।
-"ਸੀਤਲ ਇਕ ਹੋਰ ਗੱਲ ਕਰਾਂ?"
-"ਕਰੋ!"
-"ਮੈਂ ਕੱਲ੍ਹ ਨੂੰ ਤੈਨੂੰ ਮਿਲਣ ਨਹੀਂ ਆ ਸਕਦਾ।" ਉਸ ਨੇ ਲੰਮਾਂ ਸਾਹ ਲੈ ਕੇ ਕਿਹਾ।
-"ਕਿਉਂ? ਕਾਹਤੋਂ?" ਸੀਤਲ ਦਾ ਦਿਲ ਚੀਰਿਆ ਗਿਆ। ਅਚਾਨਕ ਭੈੜ੍ਹੀ ਖਬਰ ਨੇ ਉਸ ਦਾ ਦਿਲ ਕੱਢ ਲਿਆ ਸੀ।
-"ਹਾੜ੍ਹੀ ਦੀ ਫ਼ਸਲ ਵੱਲੋਂ ਬਾਪੂ ਜੀ ਵਿਹਲੇ ਹੋ ਗਏ-ਕੱਲ੍ਹ ਨੂੰ ਉਹਨਾਂ ਨੇ ਕਣਕ ਲੈ ਕੇ ਐਥੇ ਮੰਡੀ ਆਉਣੈਂ।"
-"ਫੇਰ ਕੀ ਹੋ ਗਿਆ? ਉਹਨਾਂ ਦੇ ਮੰਡੀ ਆਉਣ ਨਾਲ ਤੁਹਾਨੂੰ ਕੀ ਫਰਕ ਪੈਂਦੈ?" ਗੱਲ ਸੀਤਲ ਦੀ ਸਮਝ ਤੋਂ ਬਾਹਰ ਸੀ।
-"ਉਹ ਨਾ ਹੋਵੇ-ਮੈਂ ਤੇਰੇ ਮੋਢੇ ਨਾਲ ਮੋਢਾ ਲਾਈ ਬੈਠਾ ਹੋਵਾਂ ਤੇ ਬਾਪੂ ਜੀ ਦੇਖ ਲੈਣ।"
-"ਫੇਰ ਕੀ ਹੋਜੂ?"
-"ਫੇਰ ਨਾਲੇ ਤੇਰੇ ਛਿੱਤਰ ਨਾਲੇ ਮੇਰੇ!"
-"ਇਉਂ ਆਪਾਂ ਕਿੰਨਾਂ ਕੁ ਚਿਰ ਲੁਕ-ਲੁਕ ਕੇ ਮਿਲਦੇ ਰਹਾਂਗੇ?"
-"ਕਿੰਦਰ ਤੇ ਮਿੰਦਰ ਦਾ ਵਿਆਹ ਹੋ ਲੈਣਦੇ-ਫੇਰ ਆਪਣੀ ਈ ਵਾਰੀ ਐ।"
-"ਉਹ ਤਾਂ ਠੀਕ ਐ-।"
-"ਬਾਪੂ ਜੀ ਕਹਿੰਦੇ ਸੀ-ਐਤਕੀਂ ਹਾੜ੍ਹੀ ਦੀ ਫ਼ਸਲ ਵੇਚ ਕੇ ਕਰਜ਼ਾ ਲਹਿ ਜਾਊ-ਠੀਕ ਜਿਹੇ ਹੋਜਾਂਗੇ-ਫੇਰ ਕੁੜੀਆਂ ਵਾਸਤੇ ਮੁੰਡੇ ਦੇਖਾਂਗੇ।"
-"ਉਹ ਤਾਂ ਠੀਕ ਐ-ਫਰਜ ਤਾਂ ਫਰਜ ਈ ਐ-ਪਰ ਤੁਸੀਂ ਚਾਹੇ ਮੈਨੂੰ ਪੰਜ ਮਿੰਟ ਹੀ ਮਿਲ ਜਾਇਓ-ਮਿਲਣ ਜਰੂਰ ਆਇਓ!"
-"ਦੱਸ ਕਿਹੜੇ ਮੈਂ ਬਹਾਨੇ ਆਵਾਂ-ਬੇਰੀਆਂ ਦੇ ਬੇਰ ਮੁੱਕ ਗਏ।"
-"ਤੁਸੀਂ ਬੇਰਾਂ ਦੇ ਬਹਾਨੇ ਨਾ ਆਇਓ-ਟੈਲੀਫੋਨ ਕਰਨ ਦੇ ਬਹਾਨੇ ਆ ਜਾਇਓ!"
-"ਤੂੰ ਮਰਵਾਵੇਂਗੀ!"
ਬਿੱਲਾ ਉਠਣ ਹੀ ਲੱਗਿਆ ਸੀ। ਸੀਤਲ ਦੀ ਮਾਂ ਆ ਗਈ।
-"ਬੀਜੀ ਸਾਸਰੀਕਾਲ--!"
-"ਸਾਸਰੀਕਾਲ ਪੁੱਤ! ਜਿਉਂਦਾ ਰਹਿ-ਜੁਆਨੀਆਂ ਮਾਣੇਂ-ਬੈਠ ਪੁੱਤ! ਭੱਜ ਕਿਉਂ ਚੱਲਿਆ?" ਮਾਂ ਨੇ ਬੜੇ ਹੇਰਵੇ, ਬੜੇ ਮੋਹ ਨਾਲ ਕਿਹਾ।
-"ਬੀਜੀ ਡਾਕਟਰ ਸਾਹਿਬ ਆਉਣ ਆਲੇ ਐ।"
-"ਚੰਗਾ ਪੁੱਤ-ਆਹ ਦੇਗ ਲੈਂਦਾ ਜਾਹ-ਮੈਂ ਗੁਰਦੁਆਰੇ ਹੋ ਕੇ ਆਈ ਐਂ।"
-"ਲਿਆਓ ਬੀਜੀ।" ਬਿੱਲੇ ਨੇ ਦੋਨੋ ਹੱਥ ਅੱਗੇ ਕਰ ਦਿੱਤੇ। ਦੇਗ ਲੈ ਕੇ ਮੱਥੇ ਨੂੰ ਲਾਈ।
-"ਬੀਜੀ ਇਜਾਜ਼ਤ ਦਿਓ ਹੁਣ!"
-"ਜਾਹ ਪੁੱਤ! ਜਿਉਂਦਾ ਵਸਦਾ ਰਹਿ!"
ਬਿੱਲਾ ਸੀਤਲ ਵੱਲ ਰਹੱਸਮਈ ਦੇਖ ਕੇ ਤੁਰ ਗਿਆ।
ਬਿੱਲੇ ਦੇ ਬਾਪੂ ਬਲਿਹਰ ਸਿੰਘ ਨੂੰ ਪਿਛਲੀ ਤਰ੍ਹਾਂ, ਹਫ਼ਤੇ ਤੋਂ ਉਪਰ ਹੋ ਗਿਆ ਸੀ ਮੰਡੀ ਵਿਚ ਬੈਠਿਆਂ! ਪਰ ਕਣਕ, ਝੋਨੇ ਵਾਂਗ ਹੀ ਮੰਡੀ ਵਿਚ ਰੁਲ ਰਹੀ ਸੀ। ਐਤਕੀਂ ਵਾਰ ਪਤਾ ਨਹੀਂ ਕਿਹੜਾ ਸੱਲ-ਮਸਲਾ ਅੜ ਗਿਆ ਸੀ? ਬਲਿਹਾਰ ਸਿੰਘ ਹੀ ਨਹੀਂ, ਪੰਜਾਬ ਦੇ ਤਮਾਮ ਕਿਸਾਨ ਹੀ ਘੋਰ ਦੁਖੀ ਸਨ। ਖੂਨ-ਪਸੀਨੇ ਨਾਲ ਸਿੰਜ ਕੇ ਸਿਰੇ ਲਾਈ ਫ਼ਸਲ ਬੜੇ ਦੋਜਖਾਂ ਨਾਲ ਪਾਲੀ ਸੀ। ਮੋਤੀਆਂ ਵਰਗੀ ਕਣਕ ਬੇਸਿਆਣੀ ਕੀਤੀ, ਮੰਡੀ ਵਿਚ ਰੁਲ ਰਹੀ ਸੀ।
ਬਿੱਲਾ ਦੁਪਹਿਰੇ ਕੁਝ ਕੁ ਪਲ ਸੀਤਲ ਨੂੰ ਮਿਲਣ ਆਉਂਦਾ। ਉਹ ਮੰਡੀ ਰੁਲਦੀ ਕਣਕ ਕਰਕੇ ਕਚੀਰ੍ਹਾ ਕਰਦਾ। ਸਰਮਾਏਦਾਰਾਂ ਨੂੰ ਕੋਸਦਾ, ਜਿਹੜੇ ਸਿੱਧੇ ਹੀ ਕਿਸਾਨ ਦਾ ਖੂਨ ਚੂਸ ਨਹੀਂ, ਡੀਕ ਲਾ ਕੇ ਪੀ ਰਹੇ ਸਨ। ਪੰਜਾਬ ਅਤੇ ਸੈਂਟਰ ਗੌਰਮਿੰਟ 'ਤੇ ਖਫ਼ਾਈ ਕਰਦਾ। ਜਿਹੜੀ ਕਿਸਾਨਾਂ ਦੀ ਸਾਰ ਨਹੀਂ ਲੈਂਦੀ ਸੀ। ਜਿਣਸ ਦੇ ਭਾਅ ਧਰਤੀ ਵਿਚ ਧਸਦੇ ਜਾ ਰਹੇ ਸਨ। ਹੋਰ ਨਿੱਤ ਦੀਆਂ ਵਸਤਾਂ ਦੇ ਦੇ ਭਾਅ ਅਸਮਾਨੀਂ ਜਾ ਲੱਗੇ ਸਨ। ਰੋਜ਼ਮਰਾ ਦੀ ਜਿ਼ੰਦਗੀ ਜਿਉਣ ਲਈ ਕਿਸਾਨ ਵਸਤਾਂ ਕਿਵੇਂ ਖਰੀਦਦਾ? ਕਿਹੜੇ ਮੰਗਲ ਗ੍ਰਹਿ ਤੋਂ ਪੈਸਾ ਲਿਆਉਂਦਾ? ਪੰਜਾਬ ਛੱਡ ਕੇ ਕਿੱਧਰ ਭੱਜ ਜਾਂਦਾ? ਸਮੁੱਚੇ ਪ੍ਰੀਵਾਰ, ਧੀਆਂ-ਪੁੱਤਾਂ ਨੂੰ ਕਿਹੜੇ ਖੂਹ ਵਿਚ ਧੱਕਾ ਦੇ ਦਿੰਦਾ?
ਬਿੱਲਾ ਕੁੜ੍ਹਦਾ ਤਾਂ ਸੀਤਲ ਉਸ ਨੂੰ ਪਲੋਸ ਕੇ ਚੁੱਪ ਕਰਵਾਉਂਦੀ।
ਅੱਜ ਬਿੱਲਾ ਸੀਤਲ ਨੂੰ ਮਿਲਣ ਆਇਆ ਤਾਂ ਉਹ ਖੁਸ਼ ਸੀ। ਉਸ ਦੇ ਚਿਹਰੇ 'ਤੇ ਖੇੜਾ ਸੀ।
-"ਜਨਾਬ ਅੱਜ ਬੜੇ ਖੁਸ਼ ਨੇ?" ਸੀਤਲ ਨੇ ਤੁਰੰਤ ਪੁੱਛਿਆ।
-"ਕਣਕ ਵਿਕ ਗਈ-ਕੱਲ੍ਹ ਨੂੰ ਬਾਪੂ ਜੀ ਕੰਮ ਨਬੇੜ ਕੇ ਪਿੰਡ ਚਲੇ ਜਾਣਗੇ।"
-"ਚਲੋ! ਫਿ਼ਕਰ ਨਿੱਬੜਿਆ।"
-"ਕੱਲ੍ਹ ਤੋਂ ਬਾਅਦ ਆਪਣਾ ਫਿਰ ਮੇਲਾ ਲੱਗਣ ਲੱਗ ਪਊ-ਬਾਪੂ ਜੀ ਦੇ ਜਾਣ ਤੋਂ ਬਾਅਦ।"
ਬਿੱਲਾ ਕੁਝ ਚਿਰ ਬੈਠ ਕੇ ਚਲਾ ਗਿਆ।
ਜਦੋਂ ਬਿੱਲਾ ਜਾਣ ਲੱਗਦਾ ਤਾਂ ਸੀਤਲ ਨੂੰ ਹੌਲ ਜਿਹਾ ਪੈਣ ਵਾਲਾ ਹੋ ਜਾਂਦਾ। ਉਹ ਬਿਰਹੋਂ ਦੇ ਅਹਿਸਾਸ ਨਾਲ ਕਸੀਸ ਵੱਟ ਲੈਂਦੀ। ਦਿਨ ਰਾਤ ਇਸ਼ਕ ਦੇ ਤੰਦੂਰ ਨੂੰ ਹੱਡਾਂ ਦੇ ਬਾਲਣ ਨਾਲ ਭਰਦੀ ਅਤੇ ਤਨ ਦੇ ਨਾਲ ਤਪਾਉਂਦੀ ਸੀ। ਇਸ ਨਾਲ ਵੀ ਉਸ ਨੂੰ ਫਿਰ ਵੀ ਅਜੀਬ ਜਿਹਾ ਸਕੂਨ ਆਉਂਦਾ। ਦਿਲੋਂ ਉਠਦੀ ਪੀੜ ਵੀ ਉਸ ਨੂੰ ਨਿੱਘ ਦਿੰਦੀ, ਮਿੱਠਾ-ਮਿੱਠਾ ਅਹਿਸਾਸ ਕਰਵਾਉਂਦੀ ਸੀਤਲ ਦੇ ਦਿਲ ਦੀ ਪੀੜ ਨੂੰ ਆਉਣ ਵਾਲੇ ਸੁਪਨਿਆਂ ਦਾ ਹੁਸੀਨ ਸੁਨਿਹਰੀ ਭਵਿੱਖ 'ਹਰ' ਲੈਂਦਾ ਅਤੇ ਵਿਵੇਕਤਾ ਦੀ ਪਾਲਿਸ਼ ਕਰ ਧਰਦਾ। ਸੀਤਲ ਸੋਚਦੀ ਰਹਿੰਦੀ, ਜੇ ਗੁਲਾਬ ਦਾ ਫੁੱਲ ਪਾਉਣਾ ਹੋਵੇ ਤਾਂ ਕੰਡਿਆਂ ਦੀ ਪੀੜ ਜਰਨੀ ਹੀ ਪੈਂਦੀ ਹੈ! ਜੇ ਤਾਰੇ ਤੋੜਨੇ ਹੋਣ ਤਾਂ ਅਸਮਾਨ ਨੂੰ ਪੌੜੀ ਲਾਉਣੀ ਹੀ ਪੈਂਦੀ ਹੈ।
ਸ਼ਾਮ ਨੂੰ ਪਿੰਡ ਜਾਣ ਵੇਲੇ ਬਿੱਲਾ ਬਾਪੂ ਕੋਲੋਂ ਖਾਲੀ ਭਾਂਡੇ ਲੈਣ ਤੁਰ ਪਿਆ। ਨਾਲ ਹੀ ਉਸ ਦੇ ਬੱਬੂ ਸੀ।
ਜਦੋਂ ਉਹ ਬਾਪੂ ਕੋਲ ਮੰਡੀ ਪਹੁੰਚਿਆ ਤਾਂ ਤਿੰਨ-ਚਾਰ ਕਿਸਾਨ ਬੈਠੇ ਦੁਖ-ਸੁਖ ਕਰ ਰਹੇ ਸਨ।
-"ਯਾਰ ਕਾਂਗਰਸ ਤਾਂ ਸ਼ੁਰੂ ਤੋਂ ਈ ਜੱਟਾਂ ਦੀ ਦੁਸ਼ਮਣ ਐਂ-ਪਰ ਹੁਣ ਤਾਂ 'ਕਾਲੀ ਵੀ ਉਹਨਾਂ ਤੋਂ ਦੋ ਰੱਤੀਆਂ ਵੱਧ ਨਿਕਲਦੇ ਜਾਂਦੇ ਐ।" ਇਕ ਨੇ ਦਿਲੋਂ ਕੀਰਨਾ ਪਾਇਆ। ਉਸ ਦੀਆਂ ਸੁੱਕੀਆਂ-ਲੱਕੜ ਉਂਗਲਾਂ ਧੌੜੀ ਦੀ ਜੁੱਤੀ 'ਚੋਂ ਬਾਹਰ ਝਾਕ ਰਹੀਆਂ ਸਨ।
-"ਹੋਰ ਲੈ ਲਓ!" ਦੂਜੇ ਨੇ ਧੌੜੀ ਦੀ ਜੁੱਤੀ ਵਾਲੇ ਦੇ ਸੁੱਕੇ ਜਿਹੇ ਪੱਟ 'ਤੇ ਹੱਥ ਮਾਰ ਕੇ ਗੱਲ ਤੋਰੀ।
-"ਇਹਨਾਂ ਨੇ ਕੁੜੀਆਂ ਦੇ ਸ਼ਗਨ ਵਾਲੀ ਗੱਲ ਜੀ ਤੋਰੀ ਸੀ-ਬਈ ਗਰੀਬਾਂ ਦੀਆਂ ਕੁੜੀਆਂ ਨੂੰ ਵਿਆਹ 'ਤੇ 'ਕਵੰਜਾ ਸੌ ਸ਼ਗਨ ਦਿਆ ਕਰਾਂਗੇ-ਆਪਣੇ ਆਲਾ ਸੀਰੀ ਬਿਚਾਰਾ ਇਸੇ ਆਸ 'ਤੇ ਕੁੜੀ ਦਾ ਬਿਆਹ ਧਰ ਕੇ ਬੈਠ ਗਿਆ-ਸ਼ਗਨ ਕਿਹੜੇ ਕੰਜਰ ਨੇ ਦੇਣਾ ਸੀ? ਨਿਹਾਲੇ ਆਲੇ ਆਲਾ ਬਾਬੂ ਈ ਨਾ ਪੈਰ ਲੱਗਣ ਦੇਵੇ! ਕਦੇ ਕਹੇ ਸਰਪੈਂਚ ਨੂੰ ਨਾਲ ਲੈ ਕੇ ਆਓ ਜੀ-ਕਦੇ ਕਹੇ ਅਛਟਾਮ ਟੈਪ ਕਰਵਾ ਕੇ ਲਿਆਓ ਜੀ-ਕਦੇ ਕੁਛ-ਕਦੇ ਕੁਛ-ਉਹ ਤਾਂ ਨਿੱਤ ਨਵੀਂ ਬੀਨ ਬਜਾਇਆ ਕਰੇ-ਬਿਆਹ ਸਿਰ 'ਤੇ ਆ ਚੜ੍ਹਿਆ-ਸਕੀਮ ਆਲਾ ਸ਼ਗਨ ਮਿਲਿਆ ਨਾ।"
-"ਮਿਲਿਆ ਕਿਉਂ ਨਾ?" ਧੌੜੀ ਦੀ ਜੁੱਤੀ ਵਾਲੇ ਨੇ ਉਂਗਲ ਪਿਸਤੌਲ ਵਾਂਗ ਕੱਢ ਕੇ ਪੁੱਛਿਆ।
-"ਬਾਬੂ ਹੱਡ ਭਾਲਦਾ ਸੀ-ਹੋਰ ਕੀ? ਸਾਰੇ ਕਾਗਤ ਪੱਤਰ ਇਕ ਦਿਨ ਜਦੋਂ ਲੈ ਕੇ ਗਏ-ਬਾਬੂ ਤੋਂ ਛੋਟਾ ਬਾਬੂ ਉਥੇ ਬੈਠਾ-ਵੱਡਾ ਬਾਬੂ ਕਿਤੇ ਬਾਹਰ ਗਿਆ ਉਜੜਿਆ ਹੋਇਆ ਸੀ-ਛੋਟੇ ਬਾਬੂ ਨੇ ਸਿੱਧੀ ਈ ਨਬੇੜ ਦਿੱਤੀ-ਕਹਿੰਦਾ: 'ਕਵੰਜਾ ਸੌ ਸ਼ਗਨ ਦੁਆ ਦਿੰਨੇ ਆਂ ਜੀ-ਪਰ ਅੱਧਾ-ਅੱਧਾ ਕਰਲੋਂਗੇ?"
-"ਕੀ ਮਤਬਲ?"
-"ਬਈ ਅੱਧੋ-ਅੱਧੀ ਸੁਆਹਾ! 'ਕਵੰਜਾ ਸੌ 'ਚੋਂ ਅੱਧਾ ਥੋਡਾ ਤੇ ਅੱਧਾ ਸਾਡਾ।"
-"ਹੈਅ ਤੇਰੀ ਬੇੜੀ ਬਹਿਜੇ! ਧੀ ਧਿਆਣੀ ਦਾ ਖਾ ਕੇ ਤਾਂ ਨਰਕ ਨੇ ਵੀ ਨ੍ਹੀ ਝੱਲਣਾ ਕੀੜੇ ਪੈਣਿਆਂ!"
-"ਫੇਰ?" ਬਲਿਹਾਰ ਸਿੰਘ ਕਾਫ਼ੀ ਦੇਰ ਬਾਅਦ ਬੋਲਿਆ ਸੀ।
-"ਫੇਰ ਕੀ ਬਲਿਹਾਰ ਸਿਆ! ਸਿਆਣੇ ਆਖਦੇ ਹੁੰਦੇ ਐ ਬਈ ਜੇ ਧਨ ਜਾਂਦਾ ਦਿਸੇ ਅੱਧਾ ਦੇਈਏ ਲੁਟਾ-ਮੈਂ ਸੀਰੀ ਨੂੰ ਕਿਹਾ ਬਈ ਜਾਂਦੇ ਚੋਰ ਦੀ ਧੋਤੀ ਈ ਸਹੀ-ਅੱਧੇ ਅੱਧੇ ਕਰ ਕੇ ਫੈਸਲਾ ਕਰ ਲਿਆ-ਦੋ ਹਜਾਰ ਪੰਜ ਸੌ ਤੇ ਪੰਜਾਹ ਰੁਪਈਏ ਮਿਲੇ-ਢਾਈ ਹਜਾਰ ਸੀਰੀ ਨੂੰ ਆੜ੍ਹਤੀਏ ਤੋਂ ਕਰਜਾ ਚੱਕ ਕੇ ਦਿੱਤਾ-ਫੇਰ ਜਾ ਕੇ ਧੀ ਧਿਆਣੀ ਘਰੋਂ ਤੋਰੀ।"
-"ਇਕ ਗੱਲ ਦੀ ਸਮਝ ਨਹੀਂ ਲੱਗਦੀ ਸਾਲੀ-ਬਈ ਜਿੰਨੀਆਂ ਕਾਂਗਿਆਰੀਐਂ-ਇਹ ਸਾਰੀਆਂ ਜੱਟ ਨੂੰ ਈ ਕਿਉਂ ਚੁੰਬੜੀਐਂ? ਜੋ ਬਾਬੂ-ਜੋ ਐੱਲਸਪੈਲਟਰ-ਜੋ ਆੜ੍ਹਤੀਆ?"
-"ਜੱਟ ਦਾ ਖਹਿੜ੍ਹਾ ਤਾਂ ਇਹਨਾਂ ਤੋਂ ਸਿਵਿਆਂ 'ਚ ਜਾ ਕੇ ਈ ਛੁੱਟੂ-ਓਦੂੰ ਪਹਿਲਾਂ ਜਮਾਂ ਈ ਨ੍ਹੀ ਛੁੱਟਦਾ!" ਧੌੜੀ ਦੀ ਜੁੱਤੀ ਵਾਲਾ ਉਠ ਕੇ ਖੜ੍ਹਾ ਹੋਇਆ ਤਾਂ ਉਸ ਦੇ ਪਾਈ ਡੋਕਲ ਕੱਛ ਦੇ ਪੌਂਚਿਆਂ ਹੇਠੋਂ, ਜੁਆਨੀ ਵੇਲੇ ਪੁਆਈਆਂ ਪੱਟਾਂ 'ਤੇ ਮੋਰਨੀਆਂ ਨੰਗੀਆਂ ਹੋ ਗਈਆਂ।
-"ਬਾਬਾ ਜੁਆਨੀ 'ਚ ਪੂਰਾ ਸ਼ੌਕੀਨ ਹੋਊ-ਦੇਖ ਲੈ ਪੱਟਾਂ 'ਤੇ ਮੋਰਨੀਆਂ ਪੁਆਈ ਫਿਰਦੈ।" ਬੱਬੂ ਨੇ ਹੱਸ ਕੇ ਆਖਿਆ।
-"ਕਾਹਦੀ ਸ਼ੌਕੀਨੀ ਜੁਆਨਾਂ ਤੇ ਕਿਹੜੀ ਜੁਆਨੀ? ਜੁਆਨੀ ਤਾਂ ਸਾਡੇ 'ਤੇ ਆਈ ਈ ਨ੍ਹੀ-ਨਿੱਕੇ ਜਿਹੇ ਹੁੰਦਿਆਂ ਘਰਦਿਆਂ ਨੇ ਮੱਝਾਂ ਮਗਰ ਲਾ ਦਿੱਤਾ-ਮਾੜਾ ਜਿਆ ਉਡਾਰ ਹੋਏ-ਹਲ ਦੀ ਹੱਥੀ ਫੜਾ ਦਿੱਤੀ-ਬੱਸ ਫੇਰ ਚੱਲ ਸੋ ਚੱਲ ਰਹੀ ਐ! ਰੋਹੀ ਬੀਆਬਾਨ 'ਚ ਐਹੋ ਜੇ ਭੜ੍ਹਕੇ-ਅੱਜ ਤੱਕ ਸੁਖ ਦਾ ਸਾਹ ਨ੍ਹੀ ਆਇਆ-ਇਹ ਤਾਂ ਇਕ ਆਰੀ ਮੇਲੇ 'ਤੇ ਗਏ-ਮੁਡੀਹਰ ਮਗਰ ਲੱਗ ਕੇ ਉਥੋਂ ਪੁਆ ਲਈਆਂ।"
-"ਹੁਣ ਤਾਂ ਬਾਬਾ ਮੋਰਨੀਆਂ ਦੀਆਂ ਚੁੰਝਾਂ ਖੁੱਚਾਂ 'ਚ ਨੂੰ ਵੜਦੀਆਂ ਜਾਂਦੀਐਂ।"
-"ਕਰ ਲੈ ਜੁਆਨਾਂ ਟਿੱਚਰਾਂ! ਤੇਰੇ ਦਿਨ ਐਂ-ਪਰ ਜੱਟ ਦੇ ਪੁੱਤ 'ਤੇ ਇਹ ਦਿਨ ਥੋੜਾ ਚਿਰ ਈ ਰਹਿੰਦੇ ਐ-ਜਿਉਂਦੇ ਵਸਦੇ ਰਹੋ! ਜੁਆਨੀਆਂ ਮਾਣੋਂ!" ਤੇ ਉਹ ਤੁਰ ਚੱਲਿਆ। ਤੁਰਦੇ ਦੇ ਉਸ ਦੇ ਖੁਸ਼ਕ ਹੱਡ ਮਾੜੇ ਗੱਡੇ ਵਾਂਗ "ਚੀਕੂੰ-ਚੀਕੂੰ" ਕਰਦੇ ਸਨ।
ਬਿੱਲਾ ਅਤੀਅੰਤ ਦੁਖੀ ਹੋਇਆ ਖੜ੍ਹਾ ਸੀ।
ਉਸ ਨੇ ਬੱਬੂ ਨੂੰ ਕੂਹਣੀ ਵੀ ਮਾਰੀ ਸੀ। ਜਿਹੜਾ ਉਸ ਤਪੇ ਹੋਏ ਨੂੰ ਹੋਰ ਤਪਾਈ ਜਾਂਦਾ ਸੀ।
-"ਆਹ ਪੁੱਤ ਭਾਂਡੇ ਪਏ ਐ ਬੰਨ੍ਹੇ-ਲੈ ਜਾਓ! ਕੁਵੇਲਾ ਨਾ ਕਰੋ।" ਬਲਿਹਾਰ ਸਿੰਘ ਨੇ ਕਿਹਾ ਤਾਂ ਬਿੱਲੇ ਨੇ ਭਾਂਡੇ ਚੁੱਕ ਲਏ।
-"ਆਬਦੀ ਬੇਬੇ ਨੂੰ ਕਹੀਂ-ਮੈਂ ਕੱਲ੍ਹ ਨੂੰ ਦੁਪਿਹਰ ਤੋਂ ਪਹਿਲਾਂ ਪਹਿਲਾਂ ਆਜੂੰ-ਮੇਰੀ ਰੋਟੀ ਨਾ ਭੇਜੇ-ਚਾਹ ਮੇਰੀ ਆਉਂਦਾ ਹੋਇਆ ਲਈ ਆਈਂ ਸ਼ੇਰਾ-ਕਣਕ ਤੁਲਗੀ ਐ-ਕੱਲ੍ਹ ਨੂੰ ਮੈਂ ਸੇਠ ਨਾਲ ਸਾਰਾ ਸ੍ਹਾਬ-ਕਤਾਬ ਕਰਕੇ ਫੇਰ ਆਊਂ।"
-"ਚੰਗਾ ਬਾਪੂ!"
-"ਤੂੰ ਕੱਲ੍ਹ ਨੂੰ ਚਾਹ ਆਲਾ ਡੋਲੂ ਲੈਣ ਨਾ ਆਈਂ-ਨਾਲੇ ਆਬਦੀ ਬੇਬੇ ਨੂੰ ਕਹੀਂ ਫਿਕਰ ਨਾ ਕਰੇ-ਕਰਜਾ ਲਾਹ ਕੇ ਕਿੰਦਰ ਤੇ ਮਿੰਦਰ ਆਸਤੇ ਥਾਂ ਦੇਖਾਂਗੇ ਕਿਤੇ-ਅਗਲੀ ਸਾਉਣੀ 'ਤੇ ਹੱਥ ਜਿਆ ਖੁੱਲ੍ਹਾ ਹੋਜੂ-ਬਿਆਹ ਕਰਕੇ ਸੁਰਖਰੂ ਹੋਜਾਂਗੇ ਤੇ ਫੇਰ ਲਿਆਮਾਂਗੇ ਪੁੱਤ ਮੇਰਿਆ ਨੂੰਹ ਘਰੇ! ਐਸ਼ਾਂ ਕਰਾਂਗੇ-ਬੁੱਲੇ ਵੱਢਾਂਗੇ।" ਬਲਿਹਾਰ ਸਿੰਘ ਦੀਆਂ ਅੱਖਾਂ ਅੱਗੇ ਭਵਿੱਖ ਨਾਚ ਕਰਨ ਲੱਗ ਪਿਆ। ਉਸ ਦੀਆਂ ਬੁਝੀਆਂ ਜਿਹੀਆਂ ਅੱਖਾਂ ਵਿਚ ਅਜੀਬ ਚਮਕ ਸੀ।
ਬਿੱਲੇ ਹੋਰੀਂ ਭਾਂਡੇ ਲੈ, ਆ ਗਏ।


ਬਾਕੀ ਅਗਲੇ ਹਫ਼ਤੇ.....