ਸੱਜਰੀ ਪੈੜ ਦਾ ਰੇਤਾ.......(ਨਾਵਲ).....ਕਾਂਡ 4....ਸ਼ਿਵਚਰਨ ਜੱਗੀ ਕੁੱਸਾ

ਹਨੀ ਦੇ ਬਾਪ ਮੀਹਾਂ ਸਿੰਘ ਨੇ ਜੰਗੀ ਪੱਧਰ ‘ਤੇ ਹਨੀ ਲਈ ਕੋਈ ਮੁੰਡਾ ਲੱਭਣਾ ਸ਼ੁਰੂ ਕਰ ਦਿੱਤਾ।
ਉਸ ਨੇ ਤੂਫ਼ਾਨੀ ਪੱਧਰ ‘ਤੇ ਰਿਸ਼ਤੇਦਾਰੀਆਂ ਵਿਚ ਅਤੇ ਜਾਣਕਾਰਾਂ ਕੋਲ਼ ਗੇੜੇ ਕੱਢਣੇ ਸ਼ੁਰੂ ਕਰ ਦਿੱਤੇ! ਪਰ ਰਿਸ਼ਤੇਦਾਰ ਅਤੇ ਜਾਣਕਾਰ ਮਿੱਤਰ ਗੱਲ ‘ਤੇ ਕੰਨ ਨਾ ਧਰਦੇ! ਖੇਹ ਖਰਾਬ ਕੀਤੀ ਕੁੜੀ ਨੂੰ, ਖ਼ਾਸ ਤੌਰ ‘ਤੇ ਜਿਸ ਬਾਰੇ ਇਤਨਾ ਧੂਤਕੜਾ ਉਠਿਆ ਹੋਵੇ ਅਤੇ ਪੁਲੀਸ ਕੇਸ ਬਣੇ ਹੋਣ, ਛੇਤੀ ਕੀਤੇ ਕੌਣ ਅਪਣਾਉਂਦਾ ਹੈ..? ਇਸ ਲਈ ਹਰ ਕੋਈ ਗੱਲੀਂ ਬਾਤੀਂ ਚਿੜੀ ਪੂੰਝਾ ਛੁਡਾ ਜਾਂਦਾ। ਜਦੋਂ ਉਹ ਆਪਣੇ ਸਾਢੂ ਬਖਤੌਰ ਕੋਲ਼ ਗਿਆ ਤਾਂ ਬਖਤੌਰ ਨੇ ਸਿੱਧੀ ਪੱਧਰੀ ਗੱਲ ਮੀਹਾਂ ਸਿੰਘ ਅੱਗੇ ਆਖ ਦਿੱਤੀ।
-"ਮੀਹਾਂ ਸਿਆਂ ਇਕ ਗੱਲ ਕਰਦੈਂ ਸਾਫ਼..! ਬਾਈ ਬਣਕੇ ਗੁੱਸਾ ਨਾ ਕਰੀਂ-!" ਬਖਤੌਰਾ ਸਿੱਧਾ-ਸਾਦਾ ਬੰਦਾ ਸੀ। ਸਿੱਧੀ ਗੱਲ ਦੀ ਸਿੱਧੀ ਸਲੋਟ ਸੁਣਾਈ ਕਰਨ ਵਾਲ਼ਾ!
-"ਗੁੱਸਾ ਕਾਹਦਾ ਕਰਨੈਂ ਬਖਤੌਰਿਆ..? ਜੋ ਕੁਛ ਆਪਣੇ ਪ੍ਰੀਵਾਰ ਦੇ ਮੂੰਹ ਨਾਲ਼ ਹੋਇਐ, ਸਾਰੀ ਦੁਨੀਆਂ ਨੂੰ ਪਤੈ..! ਮੈਨੂੰ ਤਾਂ ਧਰਤੀ ਵੇਹਲ ਨੀ ਦਿੰਦੀ ਬਖਤੌਰਿਆ..!" ਮੀਹਾਂ ਸਿੰਘ ਨੇ ਧਾਹ ਮਾਰਨ ਵਾਲ਼ਿਆਂ ਵਾਂਗ ਕਿਹਾ।
-"ਕਿਸੇ ਖਾਨਦਾਨੀ ਘਰ ਨੇ ਤਾਂ ਹੁਣ ਕੁੜੀ ਨੂੰ ਅਪਨਾਉਣਾ ਨ੍ਹੀ, ਇਹ ਗੱਲ ਤਾਂ ਲੋਹੇ ‘ਤੇ ਲਕੀਰ ਐ..! ਉਹਨੂੰ ਤਾਂ ਹੁਣ ਕੋਈ ਲੋੜਵੰਦ ਪ੍ਰੀਵਾਰ ਈ ਸਾਂਭੂ..!" ਬਖਤੌਰ ਨੇ ਆਪਣੀ ਕਾਲ਼ੀ ਕੀਤੀ ਦਾਹੜੀ ਪਲ਼ੋਸੀ। ਉਸ ਨੂੰ ਦਾਹੜੀ ਕਾਲ਼ੀ ਕਰਨ ਦੀ ਬਹੁਤੀ ਜਾਂਚ ਨਹੀਂ ਸੀ। ਦਾਹੜੀ ਵਿਚ ਪਏ ਡੱਬ ਹਾੜ ਮਹੀਨੇ ਖੇਤ ਖੜ੍ਹੀ ਇੱਟਸਿੱਟ ਵਰਗੇ ਲੱਗਦੇ ਸਨ!
-"ਬਖਤੌਰਿਆ..! ਇਕ ਗੱਲ ਆਖਾਂ?"
-"ਖੁੱਲ੍ਹ ਕੇ ਆਖ ਵੱਡੇ ਭਾਈ, ਮੈਂ ਸੁਣਦੈਂ..!"
-"ਮੇਰੇ ਵੱਲੋਂ ਚਾਹੇ ਕਿਸੇ ਦੁਹਾਜੂ ਨਾਲ਼ ਹੋਜੇ, ਪਰ ਰਿਸ਼ਤਾ ਬਖਤੌਰਿਆ ਸਿਰੇ ਚੜ੍ਹਜੇ, ਦੁਨੀਆਂ ਮੂੰਹ ਛਿੱਤਰ ਦਿੰਦੀ ਐ..!"
-"ਤੂੰ ਇਉਂ ਕਰ ਵੱਡੇ ਭਾਈ..! ਗੱਲ ਮਾੜੀ ਜੀ ਟਿਕ ਲੈਣ ਦੇ..! ਆਪਣੇ ਲੋਕ ਐਹੋ ਜੇ ਐ, ਜੇ ਗੱਲ ਚੱਕਦੇ ਐ, ਇਕ ਦਮ ਸਿੰਗ ਮਿੱਟੀ ਚੱਕ ਲੈਂਦੇ ਐ, ਜਦੋਂ ਭੁੱਲਦੇ ਐ, ਮਿੰਟ ਨ੍ਹੀ ਲਾਉਂਦੇ..!"
-"……..।" ਮੀਹਾਂ ਸਿੰਘ ਚੁੱਪ ਸੀ।
-"ਥੋੜਾ ਜਿਆ ਚਿਰ ਜਰੈਂਦ ਕਰ..! ਗੱਲ ਆਪੇ ਆਈ ਗਈ ਹੋਜੂ। ਇਉਂ ਕੁੜੀ ਨੂੰ ਵੱਡੇ ਭਾਈ ਖੂਹ ‘ਚ ਧੱਕਾ ਨਾ ਦੇਹ, ਫੇਰ ਵੀ ਆਬਦੀ ਜੰਮੀ ਜਾਈ ਐ!"
-"…………।"
-"ਜੇ ਇਉਂ ਈ ਤੱਤੇ ਪੈਰੀਂ ਕੁੜੀ ਨੂੰ ਘਰੋਂ ਕੱਢਣ ‘ਤੇ ਤੁਲਿਆ ਰਿਹਾ, ਕੁੜੀ ਨੂੰ ਖ਼ਤਾਨਾਂ ‘ਚ ਈ ਸਿੱਟੇਂਗਾ..! ਮੇਰੀ ਗੱਲ ਦਾ ਗੁੱਸਾ ਨਾ ਕਰੀਂ..! ਜਿਵੇਂ ਕੁੜੀ ਆਲ਼ੀ ਗੱਲ ਦਾ ਧੂੰਆਂ ਰੋਲ਼ ਹੋਇਐ, ਐਹੋ ਜੀ ਹਾਲਤ ‘ਚ ਕੁੜੀ ਨੂੰ ਕੋਈ ਟਿਕਾਣੇ ਦਾ ਮੁੰਡਾ ਨ੍ਹੀ ਮਿਲਣਾ..! ਕੋਈ ਸ਼ਰਾਬੀ ਕਬਾਬੀ ਜਾਂ ਲੰਡਰ ਈ ਮਿਲੂ..! ਮੈਂ ਤੇਰੇ ਮਨ ਦੀ ਹਾਲਤ ਸਮਝਦੈਂ ਬਾਈ-!" ਬਖਤੌਰੇ ਦੀ ਗੱਲ ‘ਤੇ ਮੀਹਾਂ ਸਿੰਘ ਰੋਣ ਲੱਗ ਪਿਆ।
-"ਵੱਡੇ ਭਾਈ, ਤੇਰੀ ਥਾਂ ਤੇਰਾ ਵੀਰ ਮਰਨ ਨੂੰ ਤਿਆਰ ਐ..! ਚਿੰਤਾ ਕਾਹਦੀ ਕਰਦੈਂ..? ਪਰ ਮੈਂ ਤੈਨੂੰ ਟਿਕਾਣੇ ਦੀ ਸੱਚੀ ਗੱਲ ਦੱਸਦੈਂ..! ਦਿਲ ‘ਤੇ ਨਾ ਲਾਈਂ ਕੋਈ ਮੇਰੀ ਆਖੀ ਗੱਲ਼..! ਪਰ ਥੋੜ੍ਹਾ ਜਿਹਾ ਧਹੱਮਲ ਤੋਂ ਕੰਮ ਲੈ! ਰੱਬ ਭਲੀ ਕਰੂ..! ਆਪਾਂ ਉਹਦੇ ਮਾਂਹ ਨਹੀਂ ਮਾਰੇ..!" ਉਸ ਨੇ ਮੀਹਾਂ ਸਿੰਘ ਨੂੰ ਗਲ਼ਵਕੜੀ ਵਿਚ ਲੈ ਲਿਆ।
ਥਮਲ੍ਹੇ ਵਰਗਾ ਬੰਦਾ, ਮੀਹਾਂ ਸਿੰਘ ਰੋਂਦਾ ਉਸ ਤੋਂ ਜਰਿਆ ਨਹੀਂ ਗਿਆ ਸੀ।
-"ਬੰਦੇ ਬਖਤੌਰਿਆ ਕਦੇ ਰੋਂਦੇ ਨ੍ਹੀ ਹੁੰਦੇ..! ਦਿਲੋਂ ਅਥਾਹ ਦੁਖੀ ਬੰਦਾ ਈ ਰੋਂਦੈ!" ਮੀਹਾਂ ਸਿੰਘ ਨੇ ਅੱਖਾਂ ਪੂੰਝਦਿਆਂ ਕਿਹਾ। ਉਸ ਦੀ ਅਵਾਜ਼ ਘਗਿਆ ਗਈ ਸੀ।
ਬਖਤੌਰਾ ਉਸ ਦੇ ਦੁੱਖ ਵਿਚ ਪਾਣੀ ਪਾਣੀ ਹੋਇਆ ਪਿਆ ਸੀ।
-"ਤੇਰਾ ਦਰਦ ਮੈਂ ਸਮਝਦੈਂ ਬਾਈ…!" ਉਸ ਨੇ ਮੀਹਾਂ ਸਿੰਘ ਨੂੰ ਥਾਪੜਿਆ।
-"ਬਖਤੌਰਿਆ…! ਮੇਰਾ ਚਿੱਤ ਕਰਦੈ ਹਰਾਮਦੀ ਨੂੰ ਵੱਢ ਕੇ, ਡੱਕਰੇ ਕਰ ਕੇ ਕਿਸੇ ਨਹਿਰ ‘ਚ ਸਿੱਟ ਦਿਆਂ-!"
-"ਫੇਰ ਕੀ ਹੋਊ…? ਨ੍ਹਾ ਫੇਰ ਕੋਈ ਹੋਰ ਰੱਬ ਬਣਜੂ..? ਉਹ ਮਰੂ, ਤੂੰ ਜੇਲ੍ਹ ‘ਚ ਸੜੇਂਗਾ, ਫਾਇਦਾ ਕੀ ਨਿਕਲੂ..? ਤਬਾਹੀ..? ਹਰ ਮਸਲੇ ਦਾ ਹੱਲ ਮਾਰ ਮਰਾਈ ਨ੍ਹੀ ਬਾਈ ਮੀਹਾਂ ਸਿਆਂ! ਮਰਨ ਮਾਰਨ ਤੋਂ ਬਿਨਾ ਹੋਰ ਹੱਲ ਵੀ ਹੈਗੇ ਐ..! ਥੋੜ੍ਹਾ ਜਿਆ ਸਮਾਂ ਖਿੱਚ ਧੂਹ ਕੇ ਲੰਘਾ..! ਰੱਬ ਖੈਰ ਕਰੂ, ਤੂੰ ਇਉਂ ਕਰ..!"
-"……..।" ਮੀਹਾਂ ਸਿੰਘ ਰੋ ਕੇ ਕੁਝ ਹੌਲ਼ਾ ਹੋ ਗਿਆ ਸੀ। ਉਸ ਦੇ ਹੰਝੂ ਦਾਹੜੀ ਵਿਚ ਹੀ ਜ਼ੀਰ ਗਏ ਸਨ। ਜਿਸ ਨੂੰ ਉਸ ਨੇ ਮੋਢੇ ‘ਤੇ ਰੱਖੇ ਪਰਨੇ ਨਾਲ਼ ਪੂੰਝਿਆ।
-"ਤੂੰ ਚਾਰ ਦਿਨ ਮੇਰੇ ਕੋਲ਼ੇ ਰਹਿ, ਆਪਾਂ ਕੁੜੀ ਦਾ ਕੋਈ ਨਾ ਕੋਈ ਜੁਗਾੜ ਕਰਦੇ ਐਂ…! ਰੋ ਧੋ ਕੇ ਮੇਰਾ ਮਨ ਦੁਖੀ ਨਾ ਕਰ ਬਾਈ ਮੀਹਾਂ ਸਿਆਂ..! ਜਿੰਦ ਮੰਗ, ਜਿੰਦ ਹਾਜਰ ਐ ਬਾਈ..!" ਬਖਤੌਰੇ ਨੇ ਮੀਹਾਂ ਸਿੰਘ ਨੂੰ ਗਲ਼ਵਕੜੀ ਵਿਚ ਲੈ ਲਿਆ। ਮੀਹਾਂ ਸਿਉਂ ਦਾ ਦਿਲ ਕੁਝ ਥਾਂਵੇਂ ਆ ਗਿਆ। ਰੱਬ ਦੀ ਰਜ਼ਾ ਹੀ ਐਸੀ ਹੈ ਕਿ ਉਹ ਜੇ ਇਕ ਦਰਵਾਜਾ ਬੰਦ ਕਰਦੈ, ਤਾਂ ਅੱਗੇ ਦਸ ਦਰਵਾਜੇ ਖੋਲ੍ਹ ਦਿੰਦੈ..! ਨਹੀਂ ਤਾਂ ਸਿਆਣੇ ਆਖਦੇ ਐ ਕਿ ਜਦੋਂ ਬੰਦੇ ‘ਤੇ ਵਕਤ ਪੈਂਦੈ, ਤਾਂ ਸੁੱਬੀ ਵੀ ਸੱਪ ਬਣ ਜਾਂਦੀ ਐ..! ਬਖਤੌਰ ਮੀਹਾਂ ਸਿੰਘ ਨੂੰ ਰੱਬ ਬਣਕੇ ਹੀ ਤਾਂ ਮਿਲ਼ਿਆ ਸੀ..। ਰੱਬ ਬੰਦੇ ਨੇ ਕਿਹੜਾ ਦੇਖਿਐ..? ਰੱਬ ਵੀ ਬੰਦਿਆਂ ਵਿਚ ਦੀ ਹੀ ਬਹੁੜਦੈ..! ਰੱਬ ਸਰਿਸ਼ਟੀ ਦਾ ਕਰਤਾ..! ਰੱਬ ਇਸ ਜੱਗ ਨੂੰ ਚਲਾਉਣ ਵਾਲ਼ਾ..! ਮੀਹਾਂ ਸਿੰਘ ਸੋਚ ਰਿਹਾ ਸੀ।
ਮੀਹਾਂ ਸਿੰਘ ਕੁਝ ਦਿਨਾਂ ਲਈ ਬਖਤੌਰ ਕੋਲ਼ ਹੀ ਰਹਿ ਪਿਆ! ਘਰੇ ਜਾ ਕੇ ਕਰਨਾ ਵੀ ਕੀ ਸੀ..? ਅੱਠੇ ਪਹਿਰ ਅੱਖਾਂ ਸਾਹਮਣੇ ਹਨੀ ਨੂੰ ਦੇਖ ਕੇ ਮੀਹਾਂ ਸਿੰਘ ਦੇ ਸਰੀਰ ਨੂੰ ਵਟਣੇਂ ਚੜ੍ਹਦੇ! ਮਨ ਕਰੋਧੀ ਹੁੰਦਾ! ਮਰ ਜਾਂ ਮਾਰ ਦੇਣ ਨੂੰ ਦਿਲ ਉਬਲ਼-ਉਬਲ਼ ਪੈਂਦਾ। ਪਰ ਜਿੰਨੀ ਸਮਾਈ ਉਹ ਰੱਖੀ ਆ ਰਿਹਾ ਸੀ, ਕਿਸੇ ਆਮ ਇਨਸਾਨ ਦੇ ਵੱਸ ਦਾ ਰੋਗ ਨਹੀਂ ਸੀ! ਉਸ ਦੀ ਅਣਖ਼, ਉਸ ਦਾ ਜੱਟਪੁਣਾਂ, ਉਸ ਦੀ ਇੱਜ਼ਤ ਉਸ ਦੇ ਹੁੱਝਾਂ ਮਾਰਦੀ ਰਹਿੰਦੀ। ਉਹ ਘਰੋਂ ਬਾਹਰ ਨਾ ਨਿਕਲ਼ਦਾ। ਕੀੜਿਆਂ ਵਾਲ਼ੇ ਕੁੱਤੇ ਵਾਂਗ ਅੰਦਰ ਹੀ ਵੜਿਆ ਪਿਆ ਰਹਿੰਦਾ। ਲੋਕਾਂ ਦੀਆਂ ਕਟਾਰ ਨਜ਼ਰਾਂ ਉਸ ਦੇ ਕਾਲ਼ਜੇ ਵਿਚ ਸੱਲ ਪਾਉਂਦੀਆਂ। ਹਰ ਲੰਡੀ ਬੁੱਚੀ ਆਪਣੇ Ḕਤੇ ਹੱਸਦੀ ਲੱਗਦੀ। ਉਹ ਅਥਾਹ ਪ੍ਰੇਸ਼ਾਨ ਹੋ ਜਾਂਦਾ। ਉਸ ਨੂੰ ਭੁੱਖ ਲੱਗਣੋਂ ਹਟ ਗਈ ਸੀ। ਪਿਆਸ ਦੀ ਸੁਰਤ ਨਹੀਂ ਸੀ। ਉਸ ਦੇ ਸਰੀਰ ਅਤੇ ਸਿਹਤ ਦਾ ਗਿਰਾਫ਼ ਨਿਵਾਣਾਂ ਵੱਲ ਨੂੰ ਤੁਰ ਪਿਆ ਸੀ। ਪਰ ਅੱਜ ਬਖਤੌਰ ਕੋਲ਼ ਆ ਕੇ ਉਸ ਨੇ ਸੰਤੁਸ਼ਟੀ ਮਹਿਸੂਸ ਕੀਤੀ ਸੀ। ਬਖਤੌਰ ਉਸ ਦਾ ਸੱਚਾ ਹਮਦਰਦ ਹੀ ਤਾਂ ਸੀ। ਤੇਰ-ਮੇਰ ਤੋਂ ਨਿਰਲੇਪ ਅਤੇ ਸੱਚਾ ਸੁੱਚਾ ਨਿਰਪੱਖ ਬੰਦਾ!
ਬਖਤੌਰ ਨੇ ਮੀਹਾਂ ਸਿੰਘ ਨੂੰ ਧਰਵਾਸ ਦੇਣ ਲਈ ਰਾਤ ਨੂੰ ਦੇਸੀ ਬੋਤਲ ਖੋਲ੍ਹ ਲਈ।
-"ਜੰਗੀਰ ਨਾਲ਼ ਨ੍ਹੀ ਗੱਲ ਕੀਤੀ..?" ਬਖਤੌਰ ਨੇ ਪੈੱਗ ਪੀ ਕੇ ਗੰਢਾ ਚੱਬਦਿਆਂ ਪੁੱਛਿਆ।
-"ਕੀਤੀ ਸੀ..!" ਮੀਹਾਂ ਸਿੰਘ ਦਾਰੂ ਪੀਣ ਕਾਰਨ ਕਾਫ਼ੀ ਹੱਦ ਤੱਕ ਬੋਝ-ਰਹਿਤ ਹੋ ਗਿਆ ਸੀ।
-"ਕੀ ਕਹਿੰਦਾ..?" ਬਖਤੌਰ ਨੇ ਘੁੱਟ ਕੁ ਪਾਣੀ ਪੀਤਾ ਅਤੇ ਬਾਕੀ ਡੋਲ੍ਹ ਦਿੱਤਾ।
-"ਕਹਿਣਾਂ ਕੀ ਸੀ..? ਜੇ ਕੱਟਿਆਂ ਦੀਆਂ ਕੀਤੀਆਂ ਰਹਿ ਜਾਣ, ਲੋਕ ਝੋਟਿਆਂ ਨੂੰ ਦਾਣਾਂ ਕਿਉਂ ਚਾਰਨ..?" ਮੀਹਾਂ ਸਿੰਘ ਦੀ ਗੱਲ ‘ਤੇ ਬਖਤੌਰ ਉਚੀ-ਉਚੀ ਹੱਸ ਪਿਆ।
-"ਮੱਝ ਵੀ ਖੱਟਰ ਸਾਹਣ ਈ ਹਰੀ ਕਰਦੈ ਬਖਤੌਰਿਆ..!"
-"ਉਏ ਵੱਸ ਉਹਦੇ ਵੀ ਕੋਈ ਨ੍ਹੀææ! ਗੱਲ ਕਰ ਬਹਿੰਦੈ,ਪਰ ਸਿਰੇ ਉਹਤੋਂ ਲੱਗਦੀ ਨਹੀ..!" ਹੱਸਦੇ ਬਖਤੌਰੇ ਦੀਆਂ ਬਰੀਕ ਅੱਖਾਂ ‘ਚੋਂ ਪਾਣੀ ਦੇ ਪ੍ਰਨਾਲ਼ੇ ਚੱਲ ਗਏ ਸਨ।
-"ਇਕ ਗੱਲ ਹੋਰ ਐ..!" ਮੀਹਾਂ ਸਿਉਂ ਨੇ ਬੋਤਲ ਦੇ ਮੂੰਹ ‘ਚੋਂ ਮੱਕੀ ਦਾ ਗੁੱਲ ਮਰੋੜਦਿਆਂ ਕਿਹਾ।
-"ਕੀ..?" ਬਖਤੌਰ ਨੇ ਪਾਣੀ ਦਾ ਡੋਲੂ ਅੱਗੇ ਕਰ ਦਿੱਤਾ।
-"ਘਰੇ ਚੱਲਦੀ ਐ ਉਹਦੇ ਘਰਆਲ਼ੀ ਦੀ, ਤੇ ਇਹ ਬੰਦਾ ਹੈ ਤਾਂ ਖਾਂਟ..! ਪਰ ਘਰ ਦੇ ਕਲੇਸ਼ ਤੋਂ ਡਰਦਾ ਚੁੱਪ ਰਹਿੰਦੈ-!"
-"ਮੇਰੀ ਨਜਰ ‘ਚ ਉਹ ਸਿਆਣਾ ਵਗਦੈ..! ਜਿਹੜਾ ਘਰੇ ਖਰੂਦ ਨ੍ਹੀ ਪਾਉਂਦਾ..! ਜਿਮੇ ਉਹਦੀ ਤੀਮੀ ਮੂੰਹ ਫ਼ੱਟ ਐ, ਘਰੇ ਨਿੱਤ ਧੂਤਕੜਾ ਪਵੇ!"
-"ਉਏ ਇਹਦੀ ਤਾਂ ਉਹ ਗੱਲ ਐ, ਜਿਵੇਂ ਕਿਸੇ ਨੇ ਝੋਟੇ ਨੂੰ ਕਿਹਾ ਸੀ, ਅਖੇ ਬੜ੍ਹਕ ਮਾਰਦੈਂ..? ਕਹਿੰਦਾ, ਸਾਹਣ ਐਂ, ਤੇ ਮੋਕ ਮਾਰਦੈਂ..? ਕਹਿੰਦਾ ਬਾਣੀਆਂ ਦਾ ਛੱਡਿਆ ਵਿਐਂ..!"
ਮੀਹਾਂ ਸਿੰਘ ਹੱਸ ਪਿਆ।
-"ਇਕ ਗੱਲ ਹੋਰ ਐ ਬਖਤੌਰਿਆ..! ਆਬਦੀ ਧੀ ਵੱਲੋਂ ਇਹ ਵੀ ਬੜਾ ਔਖਾ ਰਿਹੈ, ਤੈਨੂੰ ਤਾਂ ਪਤਾ ਨ੍ਹੀ ਹੋਣਾ..?"
-"ਨਹੀਂ, ਮੈਨੂੰ ਤਾਂ ਕੁਛ ਨ੍ਹੀ ਪਤਾ-!" ਬਖਤੌਰਾ ਹੈਰਾਨ ਹੋ ਗਿਆ।
-"ਪਤਾ ਲੱਗੇ ਵੀ ਕਿੱਥੋਂ..? ਕਿਹੜਾ ਤੇਰਾ ਉਹਦੇ ਨਾਲ਼ ਕੋਈ ਵਾਹ ਵਾਸਤੈ..? ਉਹ ਤਾਂ ਬਿਚਾਰਾ ਬਹੁਤ ਤੰਗ ਰਿਹੈ ਆਬਦੀ ਕੁੜੀ ਅੱਲੋਂ..!"
-"ਅੱਛਾ..! ਕੀ, ਗੱਲ ਕੀ ਹੋਗੀ ਸੀ..?" ਬਖਤੌਰ ਨੇ ਪੈੱਗ ਪਾ ਕੇ ਪੁੱਛਿਆ।
-"ਉਏ ਉਹਦੀ ਕੁੜੀ ਐ ਨ੍ਹਾਂ ਪ੍ਰੀਤ..!"
-"ਬਾਈ ਮੈਂ ਤਾਂ ਉਹਦੇ ਜੁਆਕ ਵੀ ਬਿਚਾਰੇ ਨਿੱਕੇ ਨਿੱਕੇ ਹੁੰਦੇ ਦੇਖੇ ਐ, ਹੁਣ ਤਾਂ ਚੇਤਾ ਨ੍ਹੀ..!"
-"ਉਹਦੇ ਨਾਲ਼ ਵੀ ਬਹੁਤ ਧੱਕਾ ਹੋਇਆ ਬਿਚਾਰੀ ਨਾਲ਼..!"
-"ਕਿਉਂ..? ਕੀ ਗੱਲ਼..?"
-"ਉਏ ਕੁੜੀ ਦੀ ਮਾਂ ਦਾ ਸਾਲ਼ੀ ਦਾ ਤੈਨੂੰ ਪਤਾ ਈ ਐ, ਚਗਲ਼ ਐ..! ਉਹਨੇ ਜੰਗੀਰ ਤੋਂ ਬੇ-ਬਾਹਰੀ ਹੋ ਕੇ ਕੁੜੀ ਦਾ ਰਿਸ਼ਤਾ ਕਰਤਾ..! ਅਖੇ ਮੁੰਡਾ ਮਰੀਕਾ ਰਹਿੰਦੈ, ਕੁੜੀ ਮੌਜਾਂ ਮਾਣੂੰ-!"
-"ਅੱਛਾ..! ਫੇਰ..?"
-"ਕੁੜੀ ਨੇ ਮੌਜਾਂ ਮੂਜਾਂ ਤਾਂ ਕਾਹਦੀਆਂ ਮਾਨਣੀਆਂ ਸੀ? ਬਿਚਾਰਿਆਂ ਨੇ ਛੱਡ ਛੁਡਾਈ ਵੀ ਮਸਾਂ ਕਰਵਾਈ ਐ! ਵੀਹ ਸਿਆਪੇ ਕਰਨੇ ਪਏ ਵਿਚਾਰਿਆਂ ਨੂੰ..!"
-"ਪਰ ਕਾਹਤੋਂ..?"
-"ਯਾਰ ਬਖਤੌਰਿਆ..! ਸਿਆਣੇ ਐਮੇ ਨ੍ਹੀ ਕਹਿੰਦੇ ਬਈ ਤੀਮੀ ਦੀ ਮੱਤ ਸਾਲ਼ੀ ਗਿੱਚੀ ਪਿੱਛੇ ਹੁੰਦੀ ਐ, ਸਿਆਣੇ ਝੂਠ ਨ੍ਹੀ ਕਹਿਗੇ!"
-"ਉਏ ਇਹ ਤਾਂ ਕੁੜੀ ਯਾਹਵੀਆਂ ਨਜਾਰੇ ਲੈਂਦੀਆਂ ਲੈਂਦੀਆਂ ਢਿੱਡ ਕਰਵਾ ਲੈਂਦੀਐਂ..! ਪਿੱਛੋਂ ਪਿੱਟਣਗੀਆਂ, ਅਈ ਲੈ ਭੈਣੇ, ਮੈਨੂੰ ਕੀ ਪਤਾ ਸੀ..? ਇਹਨਾਂ ਦੇ ਘਰੇ ਤਾਂ ਬਾਹਲ਼ਾ ਸਿਆਪਾ ਛਿੜਿਆ ਰਿਹੈ..!"
-"ਅੱਛਾ..?"
ਮੀਹਾਂ ਸਿੰਘ ਦਾਰੂ ਪੀਂਦਾ ਗੱਲ ਦੱਸਣ ਵਿਚ ਰੁੱਝ ਗਿਆ..!
…..ਅਸਲ ਵਿਚ ਪ੍ਰੀਤ ਦਾ ਰਿਸ਼ਤਾ ਕਿਸੇ ‘ਬਾਹਰਲੇ’ ਅਮਰੀਕਣ ਮੁੰਡੇ ਨਾਲ਼ ਹੋਣਾ ਤੈਅ ਹੋਇਆ। ਪ੍ਰੀਤ ਦੇ ਬਾਪ ਜੰਗੀਰ ਨੇ ਪਹਿਲਾਂ ਸਾਰੀ ਕੰਨਸੋਅ ਲੈਣ ‘ਤੇ ਜੋਰ ਦਿੱਤਾ। ਪਰ ਉਸ ਦੇ ਘਰਵਾਲ਼ੀ ਗੁਰਮੇਲ ਕੌਰ ਨੇ ਜੰਗੀਰ ਸਿਉਂ ਦੇ ਪੈਰ ਨਾ ਲੱਗਣ ਦਿੱਤੇ, "ਮੁੰਡਾ ਬਾਹਰ ਐ..! ਤੂੰ ਕੰਨਸੋਅ ਲੈ ਕੇ ਕੀ ਕਰਨੈਂ…? ਮਸਾਂ ਰਿਸ਼ਤਾ ਹੱਥ ਆਇਐ ਕਮਲ਼ਿਆਂ ਦਿਆ ਟੱਬਰਾ..! ਇਹ ਵੀ ਹੱਥੋਂ ਖੁਹਾ ਲਵੇਂਗਾ, ਨਾ ਮਗਜਮਾਰੀ ਕਰ…! ਆਬਦੀ ਮੱਤ ਆਬਦੇ ਕੋਲ਼ੇ ਰੱਖ਼..!" ਗੁਰਮੇਲ ਕੌਰ ਨੇ ਆਦਤ ਅਨੁਸਾਰ ਖੁਰਗੋ ਪੱਟੀ। ਬਘਿਆੜੀ ਘਰਵਾਲ਼ੀ ਅੱਗੇ ਕੂਨੇ ਜੰਗੀਰ ਦੀ ਕੋਈ ਪੇਸ਼ ਨਾ ਗਈ।
-"ਚਾਹੇ ਮੁੰਡਾ ਲੱਖ ਬਾਹਰ ਐ, ਪਰ ਉਹਦਾ ਕੋਈ ਅੱਗਾ ਪਿੱਛਾ ਤਾਂ ਪਤਾ ਕਰਨਾ ਚਾਹੀਦੈ? ਕੁੜੀ ਐਮੇ ਤਾਂ ਨੀ ਸਿੱਟ ਦੇਣੀ..?" ਜੰਗੀਰ ਨੇ ਆਖਰੀ ਤਾਣ ਲਾਇਆ।
-"ਜਦੋਂ ਵਿਚੋਲਾ ਹਾਂਮੀ ਭਰੀ ਜਾਂਦੈ, ਤੇਰਾ ਦਿਲ ਕਿਉਂ ਘਟਦੈ..? ਜੱਟਾਂ ਆਲ਼ਾ ਦਿਲ ਵੀ ਕੱਢਿਆ ਕਰ ਕਿਤੇ…! ਕਰਾੜਾਂ ਮਾਂਗੂੰ ਮੋਕ ਈ ਮਾਰੀ ਜਾਨਾ ਰਹਿੰਨੈ, ਹੋਰ ਕੀ ਤੂੰ ਪੂਰੀਆਂ ਪਾ ਦੇਵੇਂਗਾ…?" ਗੁਰਮੇਲ ਕੌਰ ਨੇ ਜੰਗੀਰ ਨੂੰ ਨਵੀਂ ਹੀ ਸੁਣਾਈ ਕੀਤੀ।
-"ਮੈਂ ਤਾਂ, ਤਾਂ ਕਹਿਨੈਂ ਮੇਲੋ, ਬਈ ਬਿਆਹ ਕੋਈ ਗੁੱਡੇ ਗੁੱਡੀ ਦੀ ਖੇਡ ਨ੍ਹੀ..! ਕੱਲ੍ਹ ਨੂੰ ਪਛਤਾਉਣ ਨਾਲ਼ੋਂ ਪਹਿਲਾਂ ਭੇਦ ਲੈਣਾ ਕੋਈ ਮਾੜੀ ਗੱਲ ਨ੍ਹੀ…!" ਜੰਗੀਰ ਨੇ ਸਿਧਾਂਤਕ ਗੱਲ ਆਖੀ।
-"ਕੋਈ ਨ੍ਹੀ ਲੱਤ ਟੁੱਟਦੀ..! ਜੇ ਮੈਂ ਤੇਰੇ ਮਗਰ ਲੱਗੀ ਰਹੀ, ਆਹ ਮੁੰਡਾ ਵੀ ਹੱਥੋਂ ਗੁਆ ਬੈਠਾਂਗੇ, ਵਜਾਉਂਦਾ ਫਿਰੀਂ ਟੱਲੀਆਂ..!"
-"ਕੁੜੀ ਨੂੰ ਤਾਂ ਮਾੜਾ ਮੋਟਾ ਪੁੱਛ ਲੈ..! ਆਬਦਾ ਈ ਘੋਰੜੂ ਵਜਾਈ ਜਾਨੀ ਐਂ..? ਆਪਣੇ ਆਲ਼ੇ ਸਮੇਂ ਹੁਣ ਗਏ..!"
-"ਕੁੜੀ ਤਾਂ ਨੰਦ ਕਾਰਜਾਂ ਤੋਂ ਬਿਨਾ ਈ ਮਰੀਕਾ ਭੱਜਣ ਨੂੰ ਤਿਆਰ ਐ, ਤੂੰ ਆਪ ਈ ਪੁੱਛਲਾ…!" ਜਦੋਂ ਗੁਰਮੇਲ ਕੌਰ ਨੇ ਆਖਰੀ, ਝੰਡੇ ਹੇਠਲੀ ਗੱਲ ਸੁਣਾਈ ਤਾਂ ਜੰਗੀਰ ਸਮਝ ਗਿਆ ਕਿ ਮੇਲੇ ਵਿਚ ਚੱਕੀਰਾਹੇ ਦੀ ਕੋਈ ਪੁੱਛ-ਦੱਸ ਨਹੀਂ ਸੀ। ਨਗਾਰਖਾਨੇ ਵਿਚ ਉਸ ਦੀ ਤੂਤੀ ਫੇਲ੍ਹ ਸੀ।
ਤੀਜੇ ਦਿਨ ਵਿਚੋਲਾ ਆ ਗਿਆ। ਬੇਈਮਾਨ ਜਿਹੀਆਂ ਅੱਖਾਂ ਵਾਲ਼ਾ ਵਿਚੋਲਾ ਨੱਥਾ ਸਿੰਘ ਜੰਗੀਰ ਨਾਲ਼ ਸਿੱਧੀ ਅੱਖ ਜਿਹੀ ਨਹੀਂ ਮਿਲ਼ਾ ਰਿਹਾ ਸੀ। ਸ਼ਾਇਦ ਗੁਰਮੇਲ ਕੌਰ ਨੇ ਉਸ ਨੂੰ ਜੰਗੀਰ ਦੀਆਂ ਗੱਲਾਂ ਦੱਸ ਦਿੱਤੀਆਂ ਸਨ। ਪਰ ਨੱਥਾ ਸਿੰਘ ਵੀ ਸੱਤਾਂ ਪੱਤਣਾਂ ਦਾ ਤਾਰੂ ਸੀ। ਜੁਆਨੀ ਵੇਲ਼ੇ ਉਹ ਕਿੱਕਰ ਤੋਂ ਕਾਟੋ ਲਾਹੁੰਣ ਦਾ ਸ਼ੌਕੀਨ ਰਿਹਾ ਸੀ। ਅੱਖ ਦਾ ਇਸ਼ਾਰਾ ਕਰਕੇ ਤੀਵੀਂ ਬੇਹੋਸ਼ ਕਰਨ ਵਾਲ਼ਾ ਨਿਸ਼ਾਨਚੀ..!
-"ਮੁੰਡੇ ਬਾਰੇ ਤੂੰ ਪੂਰੀ ਪੜਤਾਲ਼ ਕਰ ਲਈ ਐ, ਨੱਥਾ ਸਿਆਂ..?" ਜੰਗੀਰ ਨੇ ਅੰਦਰਲਾ ਪਾਲ਼ਾ ਫਿਰ ਜ਼ਾਹਿਰ ਕੀਤਾ।
-"ਗੁਰਮੇਲ ਕੁਰ ਨੇ ਸਾਰੀ ਤਸੱਲੀ ਕਰ ਈ ਲਈ ਐ ਜੰਗੀਰ ਸਿਆਂ..! ਹੁਣ ਜੇ ਤੂੰ ਕਰਨੀ ਐਂ, ਤਾਂ ਦੇਖਲਾ..!" ਆਖ ਕੇ ਨੱਥਾ ਸਿੰਘ ਸਾਫ਼ ਬਰੀ ਹੋ ਗਿਆ ਅਤੇ ਜੰਗੀਰ ਦਾ ਦਰਵਾਜੇ ਵਾਂਗ ਬੰਦ ਹੋ ਗਿਆ।
ਅਸਲ ਵਿਚ ਜੰਗੀਰ ਸਿੰਘ ਦੀ ਧੀ ਪ੍ਰੀਤ ਦਾ ਵਿਆਹ ਕਰਵਾ ਕੇ ਵਿਦੇਸ਼ ‘ਚ ਵਸਣ ਦਾ ਇਕ ਵੱਡਾ ਸੁਪਨਾ ਸੀ। ਜਦੋਂ ਨੱਥਾ ਸਿੰਘ ਦੀ ਵਿਚੋਲਗਿਰੀ ਸਦਕਾ ਅਮਰੀਕਾ 'ਚ ਰਹਿੰਦੇ ਖ਼ੂਬਸੂਰਤ ਉੱਚੇ-ਲੰਮੇ ‘ਗੀਤ’ ਦੀ ਦੱਸ ਪਈ ਤਾਂ ਮਾਂ ਗੁਰਮੇਲ ਕੌਰ ਅੰਦਰ ਕੁਤਕੁਤੀ ਹੋਈ। ਧਰਤੀ ਪੈਰ ਨਾ ਲੱਗੇ! ‘ਗੀਤ’ ਦਾ ਸਾਰਾ ਪ੍ਰੀਵਾਰ ਅਮਰੀਕਾ ਵਿਚ ਸੀ। ਸਿਰਫ਼ ਇਕ ਵੱਡਾ ਅਤੇ ਛੜਾ ਭਰਾ ਜੀਤ ਪਿੰਡ ਕੋਠੀ ਅਤੇ ਜ਼ਮੀਨ ਦਾ ਸੰਭਾਲ਼ੂ ਸੀ। ਸੀ। ਜਿਸ ਦਾ ਸਾਲਾਂ ਬੱਧੀ ਉਚੇਚੀਆਂ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਅਮਰੀਕਾ ਜਾਣ ਦਾ ਸਬੱਬ ਨਾ ਬਣਿਆਂ। ਉਹ ਅਮਰੀਕਾ ਜਾਂਦਾ ਜਾਂਦਾ ਪਿੰਡ ਹੀ ਬੁੱਢਾ ਹੋ ਗਿਆ ਸੀ। ਉਮਰ ਦੇ ਚਾਰ ਦਹਾਕੇ ਟੱਪਣ ਕਾਰਨ ਹੁਣ ਉਸ ਨੂੰ ਕੋਈ ਸਕੀ ਧੀ ਦਾ ਸਾਕ ਕਰਨ ਲਈ ਰਾਜ਼ੀ ਨਹੀਂ ਸੀ! ਉਹ ਬਿਨ-ਬਰੇਕੇ ਇੰਜਣ ਵਾਂਗ ਕੰਧਾਂ ਕੌਲ਼ਿਆਂ ਵਿਚ ਵੱਜਦਾ ਫ਼ਿਰਦਾ ਸੀ। ਦਾਰੂ, ਭੁੱਕੀ ਅਤੇ ਜਰਦੇ ਦਾ ਪੱਟਿਆ ਉਹ ਉਮਰੋਂ ਪਹਿਲਾਂ ਹੀ ਬੁੱਢਾ ‘ਖੁੰਢ’ ਹੋ ਚੱਲਿਆ ਸੀ। ਉਸ ਦਾ ਧੁਆਂਖਿਆ ਜਿਹਾ ਮੂੰਹ ਚੱਲੇ ਕਾਰਤੂਸ ਵਰਗਾ ਲੱਗਦਾ ਸੀ। ਝੱਸ ਪੂਰਾ ਕਰਨ ਦੇ ਜੁਗਾੜ ਵਿਚ ਉਹ ਇਕ-ਦੋ ਵਾਰ ਖੇਤਾਂ ਵਿਚ ਕੰਮ ਕਰਦੀਆਂ ਕਾਮੀਆਂ ਤੋਂ ਛਿੱਤਰ ਵੀ ਖਾ ਬੈਠਾ ਸੀ। ਉਸ ਦੀ ਅਮਰੀਕਾ ਵੱਸਦੀ ਮਾਂ ਹਰਦੀਪ ਕੌਰ ਬਹੁਤ ਦੁਖੀ ਸੀ। ਨਾ ਪੁੱਤ ਅਮਰੀਕਾ ਆਇਆ ਅਤੇ ਨਾ ਹੀ ਵਿਆਹਿਆ ਗਿਆ। ਉਸ ਨੂੰ ਦਿਨ ਰਾਤ ਵੱਡੇ ਪੁੱਤ ਜੀਤ ਦਾ ਝੋਰਾ ਲੱਗਿਆ ਰਹਿੰਦਾ। ਪੈਸੇ ਪੱਖੋਂ ਉਹ ਮਾਰ ਨਹੀਂ ਖਾਂਦੀ ਸੀ। ਪਰ ਪੁੱਤ ਦਾ ਦੁੱਖ ਉਸ ਦੇ ਕਾਲ਼ਜੇ ‘ਤੇ ਕੈਂਸਰ ਵਾਂਗ ਚੜ੍ਹਿਆ ਰਹਿੰਦਾ। ਫਿਰ ਵੀ ਮਾਂ ਸੀ। ਦੁੱਖ ਹੋਣਾਂ ਤਾਂ ਸੁਭਾਵਿਕ ਹੀ ਸੀ।
ਨੱਥਾ ਸਿੰਘ ਦੇ ਗੁਰਮੇਲ ਕੌਰ ਦੇ ਨਾਂ ਲੈਣ ਤੋਂ ਜੰਗੀਰ ਸਿੰਘ ਮਜਬੂਰਨ ਚੁੱਪ ਹੋ ਗਿਆ।
ਪ੍ਰੀਤ ਦੀ ਮਾਂ ਗੁਰਮੇਲ ਕੌਰ ਕੋਈ ਬਹੁਤੀ ਉਮਰ ਦੀ ਨਹੀਂ ਸੀ। ਕਰ ਕਰਾ ਕੇ ਉਸ ਦੀ ਉਮਰ ਚਾਲੀ ਕੁ ਸਾਲ ਦੀ ਸੀ। ਛੋਟੀ ਉਮਰ ਵਿਚ ਵਿਆਹੀ ਗਈ, ਬੇਫ਼ਿਕਰ ਅਤੇ ਬੇਪ੍ਰਵਾਹ ਗੁਰਮੇਲ ਕੌਰ ਅਜੇ ਵੀ ਤੀਹਾਂ ਕੁ ਸਾਲਾਂ ਦੀ ਹੀ ਲੱਗਦੀ ਸੀ। ਜੁਆਨੀ ਵੇਲੇ ਬਾਣੀਏਂ ਲੁੱਟ ਕੇ, ਅਜੇ ਵੀ ਰੱਬ ਦੀ ਭਗਤਣੀ ਨਹੀਂ ਹੋ ਸਕੀ ਸੀ। ਮੋਢਿਆਂ ਤੋਂ ਦੀ ਥੁੱਕਣ ਅਤੇ ਅੱਖਾਂ ਵਿਚ ਕੱਜਲ ਪਾਉਣ ਦੀ ਉਸ ਦੀ ‘ਬਾਣ’ ਅਜੇ ਵੀ ਨਹੀਂ ਗਈ ਸੀ। ਨੱਥਾ ਸਿੰਘ ਨਾਲ਼ ਉਸ ਦੀ ਅਟੀ ਸੱਟੀ ਰਲ਼ਦੀ ਰਹੀ ਸੀ ਅਤੇ ਅੱਖਾਂ ਲੜਦੀਆਂ ਰਹੀਆਂ ਸਨ।
ਨੱਥਾ ਸਿੰਘ ਸ਼ਰਾਬ ਦੇ ਠੇਕਿਆਂ ਦਾ ਠੇਕੇਦਾਰ ਅਤੇ ਇਕ ਪੈਟਰੋਲ ਪੰਪ ਦਾ ਮਾਲਕ ਸੀ। ਲੋਕ ਉਸ ਨੂੰ ਨੱਥਾ ਸਿੰਘ ਘੱਟ ਅਤੇ ‘ਠੇਕੇਦਾਰ’ ਕਰਕੇ ਜ਼ਿਆਦਾ ਜਾਣਦੇ ਸਨ! ਨੱਥਾ ਸਿੰਘ ਦੀ ਅੱਖ ਹਮੇਸ਼ਾ ਗੁਰਮੇਲ ਕੌਰ ਦੇ ਨਮਕੀਨ ਬਦਨ ‘ਤੇ ਹੀ ਰਹੀ ਸੀ। ਪਰ ਖੱਟਰ ਗੁਰਮੇਲ ਕੌਰ ਨੇ ਉਸ ਨੂੰ ਆਪਣੇ ਨੇੜੇ ਨਹੀਂ ਢੁੱਕਣ ਦਿੱਤਾ ਸੀ। ਉਂਜ ਗੱਲੀਂ ਬਾਤੀਂ ਠਰਕ ਭੋਰਨ ਦੀ ਉਸ ਨੂੰ ਵੀ ਬੁਰੀ ਆਦਤ ਸੀ। ਠੇਕੇਦਾਰ ਨੇ ਗੱਲੀਂ ਬਾਤੀਂ ਜੰਗੀਰ ਨਾਲ਼ ਨੇੜਤਾ ਕੀਤੀ। ਪੈੱਗ-ਸ਼ੈੱਗ ਦੇ ਲਾਲਚ ਲਾ ਕੇ ਉਸ ਨਾਲ਼ ਆਉਣ ਜਾਣ ਵਧਾਇਆ। ਪਰ ‘ਖੱਟਰ’ ਗੁਰਮੇਲ ਕੌਰ ਦੀ ਠੇਕੇਦਾਰ ‘ਤੇ ਫਿਰ ਵੀ ਅੱਖ ਨਾ ਭਿੱਜੀ! ਠੇਕੇਦਾਰ ਵੀ ਕੱਚੀਆਂ ਗੋਲ਼ੀਆਂ ਨਹੀਂ ਖੇਡਿਆ ਹੋਇਆ ਸੀ। ਉਸ ਨੇ ਵੀ ਸਬਰ ਦਾ ਭਾਂਡਾ ਡੁੱਲ੍ਹਣ ਨਾ ਦਿੱਤਾ, ਊਣਾਂ ਹੀ ਰੱਖਿਆ। ਜਦੋਂ ਉਸ ਦੀ ਅਮਰੀਕਾ ਵਸਦੀ ਸਾਲ਼ੀ ਹਰਦੀਪ ਨੇ ਆਪਣੇ ਮੁੰਡੇ ਬਾਰੇ ਗੱਲ ਚਲਾਈ, ਤਾਂ ਠੇਕੇਦਾਰ ਦਾ ਧਿਆਨ ਇਕ ਦਮ ਜੰਗੀਰ ਦੀ ਖੰਡ ਦੇ ਖੇਢਣੇ ਵਰਗੀ ਕੁੜੀ ਪ੍ਰੀਤ ‘ਤੇ ਗਿਆ ਅਤੇ ਉਸ ਨੇ ਜੰਗੀਰ ਸਿਉਂ ਦੀ ਗ਼ੈਰਹਾਜ਼ਰੀ ਵਿਚ ਗੁਰਮੇਲ ਕੌਰ ਨਾਲ਼ ਗੱਲ ਸਾਂਝੀ ਕੀਤੀ।
ਗੁਰਮੇਲ ਕੌਰ ਦੇ ਦਿਲ ਦੀ ਹੋ ਗਈ।
ਲੋਹਾ ਗਰਮ ਦੇਖ ਕੇ ਠੇਕੇਦਾਰ ਨੇ ਭਾਰੇ ਘਣ ਦੀ ਸੱਟ ਹੋਰ ਕਰੜੀ ਕਰ ਦਿੱਤੀ। ਨਰਮ ਹੋਏ ਲੋਹੇ ਨੂੰ ਹੁਣ ਉਹ ਆਪਣੇ ਅਨੁਸਾਰ ਢਾਲ ਲੈਣਾਂ ਚਾਹੁੰਦਾ ਸੀ! ਉਸ ਦੇ ਮਸਾਂ ਮੌਕਾ ਹੱਥ ਲੱਗਿਆ ਸੀ।
-"ਦੇਖ ਲੈ ਗੁਰਮੇਲ ਕੁਰੇ..! ਫੇਰ ਕੱਲ੍ਹ ਨੂੰ ਮੈਨੂੰ ਦੋਸ਼ ਨਾ ਦੇਈਂ..! ਐਹੋ ਜੇ ਰਿਸ਼ਤੇ ਨਿੱਤ ਨਿੱਤ ਨ੍ਹੀ ਹੱਥ ਆਉਂਦੇ..! ਅਜੇ ਤਾਂ ਆਪਣੀ ਸਾਲ਼ੀ ਮੇਰੇ ਹੱਥ ‘ਚ ਐ..! ਜੇ ਗੱਲ ਸਿਰੇ ਲੱਗ ਗਈ, ਕੁੜੀ ਮਗਰ ਸਾਰਾ ਟੱਬਰ ਈ ਅਮਰੀਕਾ ਚਲਿਆ ਜਾਊ..! ਅਮਰੀਕਾ ਜਾਣ ਨੂੰ ਲੋਕ ਕਮਲ਼ੇ ਹੋਏ ਚਾਲ਼ੀ ਚਾਲ਼ੀ ਲੱਖ ਏਜੰਟਾਂ ਮਗਰ ਚੱਕੀ ਫਿਰਦੇ ਐ…!" ਸੁਲਝੇ ਮਿਸਤਰੀ ਵਾਂਗ ਠੇਕੇਦਾਰ ਸੱਟ ਬਿਲਕੁਲ ਟਿਕਾਣੇ ਵਾਲ਼ੀ ਥਾਂ ‘ਤੇ ਮਾਰਦਾ ਸੀ।
-"ਠੇਕੇਦਾਰਾ..! ਤੇਰਾ ਅੱਗਾ, ਤੇ ਮੇਰਾ ਪਿੱਛਾ..! ਜਿਵੇਂ ਤੂੰ ਕਹੇਂ, ਮੈਨੂੰ ਮਨਜੂਰ ਐ..।" ਗੁਰਮੇਲ ਕੌਰ ਨੇ ਹਿੱਕ ਥਾਪੜ ਦਿੱਤੀ।
-"ਜੰਗੀਰ ਸਿਉਂ ਨਾਲ਼ ਵੀ ਗੱਲ ਕਰਲੀਂ..! ਪਿੱਛੋਂ ਉਹ ਨਾ ਤਲੈਂਬੜ ਚੱਕੀ ਮੇਰੇ ਮਗਰ ਤੁਰਿਆ ਫਿਰੇ..! ਪਿੰਡ ਦਾ ਮਾਮਲੈ, ਵੀਹ ਗੱਲਾਂ ਸੋਚਣੀਆਂ ਪੈਂਦੀਐਂ..!" ਠੇਕੇਦਾਰ ਪੈਰ ਜਿਹੇ ਰੱਖੀ ਆ ਰਿਹਾ ਸੀ। ਉਸ ਦੀਆਂ ਭੁੱਖੀਆਂ ਜਿਹੀਆਂ ਨਜ਼ਰਾਂ ਗੁਰਮੇਲ ਕੌਰ ਦਾ ਗੁੰਦਿਆ ਸਰੀਰ ਟੋਹ ਰਹੀਆਂ ਸਨ!
-"ਤੂੰ ਕਿੱਡਾ ਵੱਡਾ, ਸਿਆਣਾਂ ਬੰਦੈਂ ਠੇਕੇਦਾਰਾ..! ਘਾਟ ਘਾਟ ਦਾ ਤੇਰਾ ਪਾਣੀ ਪੀਤੈ..! ਦੁਨੀਆਂ ਨਾਲ਼ ਤੇਰਾ ਵਾਹ ਐ..! ਜੰਗੀਰ ਤੇਰੇ ਨਾਲੋਂ ਵੱਡੈ..! ਤੂੰ ਗੱਲ ਚਲਾ..! ਜੰਗੀਰ ਪੂਰਾ ਸਾਹ ਵੀ ਕੱਢ ਜਾਵੇ, ਮੈਨੂੰ ਫੜਲੀਂ..!" ਉਸ ਨੇ ਗੱਲ ਨਹਿਬ ਕੇ ਲਕੀਰ ਖਿੱਚ ਦਿੱਤੀ।
-"ਫੇਰ ਵੀ ਘਰ ਦਾ ਮੁਖੀ ਐ, ਸਲਾਹ ਤਾਂ ਕਰਨੀ ਪੈਣੀਂ ਐਂ..?" ਠੇਕੇਦਾਰ ਰੋੜੇ ਨਾਲ਼ ਨਹੀਂ, ਢਾਂਗੀ ਨਾਲ਼ ਬੇਰ ਤੋੜਨ ਦਾ ਆਦੀ ਸੀ।
-"ਤੂੰ ਗੱਲ ਸਿਰੇ ਲਾ ਠੇਕੇਦਾਰਾ..! ਬਾਕੀ ਮੇਰੇ ‘ਤੇ ਛੱਡ..! ਘਰ ਦਾ ਮਾਲਕ ਲੱਤ ਭੰਨਦੂ..? ਤੂੰ ਬੱਸ ਗੱਲ ਸਿਰੇ ਲਾ..!"
-"ਉਹ ਤਾਂ ਲੱਗਜੂਗੀ..! ਪਰ ਇਕ ਗੱਲ ਹੋਰ ਐ..!" ਠੇਕੇਦਾਰ ਉਸ ਦੇ ਹੋਰ ਨਜ਼ਦੀਕ ਹੋ ਗਿਆ।
-"ਉਹ ਕਿਹੜੀ..?"
-"ਨੇੜੇ ਆ ਜਾਹ..! ਕੰਧਾਂ ਦੇ ਵੀ ਸਹੁਰੀਆਂ ਦੇ ਕੰਨ ਹੁੰਦੇ ਐ..! ਖਸਮਾਂ ਨੂੰ ਖਾਣਾਂ ਹੋਰ ਨਾ ਕੋਈ ਸਿਆਪਾ ਖੜ੍ਹਾ ਹੋਜੇ?"
-"ਸਿਆਪਾ ਕਾਹਦਾ ਖੜ੍ਹਾ ਹੋਣੈਂ..?" ਗੁਰਮੇਲ ਕੌਰ ਵੀ ਠੇਕੇਦਾਰ ਦੇ ਨੇੜੇ ਆ ਗਈ। ਠੇਕੇਦਾਰ ਨੂੰ ਗੁਰਮੇਲ ਕੌਰ ਦੇ ਬਦਨ ਵਿਚੋਂ ਸੇਕ ਆਇਆ। ਉਸ ਦੀ ਮੱਤ ਜਿਹੀ ਮਾਰੀ ਗਈ।
-"ਹਾਂ, ਹੁਣ ਦੱਸ਼æ!" ਉਸ ਨੇ ਅੱਖਾਂ ‘ਚ ਅੱਖਾਂ ਗੱਡ ਕੇ ਪੁੱਛਿਆ।
-"ਕੁੜੀ ਕਿੱਥੇ ਐ..?"
-"ਕਾਲਜ ਗਈ ਐ..! ਘਰੇ ਕੋਈ ਨ੍ਹੀ! ਤੂੰ ਖੁੱਲ੍ਹ ਕੇ ਗੱਲ ਕਰ ਠੇਕੇਦਾਰਾ, ਜਕਦਾ ਕਾਹਤੋਂ ਐਂ..?"
-"ਰਿਸ਼ਤਾ ਤਾਂ ਸਿਰੇ ਜਾਊਗਾ, ਚੜ੍ਹ..! ਮੈਂ ਦੇਖਗਾਂ ਗੰਧਾਲ਼ੇ ਅਰਗਾ ਬੰਦਾ ਬੈਠਾ..!"
-"ਤੇ ਫੇਰ ਕੱਚ ਕਾਹਦੈ..?" ਗੁਰਮੇਲ ਕੌਰ ਉਸ ਤੋਂ ਕੁਰਬਾਨ ਹੋਈ ਖੜ੍ਹੀ ਸੀ।
-"ਤੇ ਸਾਡੇ ਛਿੱਤਰ ਘਸਾਏ ਗੋਹਿਆਂ ਦੀ ਲੜਾਈ ‘ਚ ਈ ਜਾਣਗੇ..? ਕੱਟੇ ਨੂੰ ਮਣ ਦੁੱਧ ਦਾ ਕੀ ਭਾਅ..? ਸਾਨੂੰ ਕੀ ਮਿਲੂ..?" ਆਖ ਕੇ ਠੇਕੇਦਾਰ ਨੇ ਗੁਰਮੇਲ ਕੌਰ ਦਾ ਸੁੱਖੇ ਦੇ ਪਕੌੜਿਆਂ ਵਰਗਾ ਕਰਾਰਾ ਚਿਹਰਾ ਨਿਹਾਰਿਆ।
-"ਤੂੰ ਜੋ ਕਹੇਂ..! ਜੋ ਮੂੰਹੋਂ ਮੰਗੇਂ, ਹਾਜਰ ਕਰੂੰਗੀ..! ਮੇਰਾ ਤੇਰੇ ਨਾਲ਼ ਬਚਨ ਹੋ ਗਿਆ ਠੇਕੇਦਾਰਾ..!" ਉਸ ਨੇ ਠੇਕੇਦਾਰ ਦੀ ‘ਹਾਂ’ ‘ਚ ਪੂਰੀ ‘ਹਾਂ’ ਮਿਲ਼ਾ ਧਰੀ।
ਠੇਕੇਦਾਰ ਦੇ ਦਿਲ ਅੰਦਰ ਖ਼ੁਸ਼ੀ ਦੀਆਂ ਘੰਟੀਆਂ ਖੜਕੀਆਂ। ਜ਼ਿਹਨ ਵਿਚ ਮਿੱਠੀ ਸਾਰੰਗੀ ਦੀ ਲੈਅ ਵੱਜੀ! ਗੁਰਮੇਲ ਕੌਰ ਦੀ ਮਿੱਠੀ ਅਵਾਜ਼ ਵੰਝਲੀ ਵਰਗੀ ਹੀ ਤਾਂ ਸੀ! ਜਿਹੜੇ ਅੰਬ ਨੂੰ ਉਹ ਡਲ਼ੇ ਮਾਰ ਮਾਰ ਹੰਭ ਗਿਆ ਸੀ, ਉਹ ਤਾਂ ਅਚਾਨਕ ਹੀ ਉਸ ਦੀ ਝੋਲ਼ੀ ਆ ਡਿੱਗਿਆ ਸੀ। ਬਗੈਰ ਕਿਸੇ ਬਹੁਤੀ ਹੀਲ ਹੁੱਜਤ ਦੇ..!
-"ਫੇਰ ਮਹੂਰਤ ਕਦੋਂ ਕਰਨੈਂ..?" ਉਸ ਨੇ ਸਿੱਕੇ ਦਾ ਇਕ ਪਾਸਾ ਹੀ ਦੇਖਣਾ ਚਾਹਿਆ। ਗੱਲ ਖੁੱਲ੍ਹੀ, ਦਿਲ ਸਾਂਝੇ ਹੋਏ ਅਤੇ ਹੁਣ ਸੰਗ-ਸ਼ਰਮ ਦਾ ਡੇਰਾ ਦੂਰ ਰਹਿ ਗਿਆ ਸੀ। ਉਹ ਗੱਲਾਂ ਬਾਤਾਂ ਵਿਚ ਇਕ ਦੂਜੇ ਨਾਲ਼ ਸੱਪ ਵਾਂਗ ਸਿੱਧੇ ਹੋ ਰਹੇ ਸਨ। ਸ਼ਰਮ ਅਤੇ ਬੇਸ਼ਰਮੀ ਵਿਚੋਂ ਅਕਲ ਸੂਝ ਦਾ ਪਰਦਾ ਲੀਰੋ-ਲੀਰ ਹੋ ਗਿਆ ਸੀ। ਅਣਖ਼ ਇੱਜ਼ਤ ਅਤੇ ਧਰਮ ਇਮਾਨ ਤਿੜਕ ਗਿਆ ਸੀ।
-"ਇਹ ਵੀ ਜਦੋਂ ਤੂੰ ਕਹੇਂ..! ਤੇ ਜਿੱਥੇ ਤੂੰ ਕਹੇਂ..!" ਗੁਰਮੇਲ ਕੌਰ ਬੋਲੀ। ਆਪੋ ਆਪਣੇ ਸੁਆਰਥ ਆਹਮੋਂ-ਸਾਹਮਣੇ ਡਟ ਕੇ ਖੜ੍ਹ ਗਏ ਸਨ!
-"ਸਦਕੇ ਤੇਰੇ..! ਜਿੰਨੀ ਦਿਲਦਾਰ ਮੈਂ ਤੈਨੂੰ ਕਿਆਸਿਆ ਸੀ, ਤੂੰ ਤਾਂ ਮੇਰੇ ਅੰਦਾਜੇ ਤੋਂ ਵੀ ਚਾਰ ਰੱਤੀਆਂ ਉਤੋਂ ਦੀ ਨਿਕਲ਼ੀ..!" ਠੇਕੇਦਾਰ ਨੇ ਹਲ਼ਕੇ ਸਾਹਣ ਵਾਂਗ ਗੁਰਮੇਲ ਕੌਰ ਨੂੰ ਕੱਟਰੂ ਦੇ ਢੁੱਡ ਮਾਰਨ ਵਾਂਗ ‘ਚੱਭਾ’ ਮਾਰਨਾ ਚਾਹਿਆ। ਪਰ ਗੁਰਮੇਲ ਕੌਰ ਦੋ ਕਰਮਾਂ ਪਿੱਛੇ ਹਟ ਗਈ।
-"ਘਰੇ ਨ੍ਹੀ..! ਹੋਰ ਜਿੱਥੇ ਮਰਜੀ ਐ ਰਾਂਝਾ ਰਾਜੀ ਕਰ ਲਈਂ..! ਕੁੜੀ ਦਾ ਇਹ ਨ੍ਹੀ ਪਤਾ ਬਈ ਕਦੋਂ ਆਜੇ..! ਕੁੜੀ ਦੀ ਅੱਖ ਦੀ ਸ਼ਰਮ ਜਰੂਰ ਰੱਖਣੀਂ ਐਂ..!"
ਠੇਕੇਦਾਰ ਵੀ ਢੈਲ਼ਾ ਪੈ ਗਿਆ। ਉਹ ਤਾਂ ਤੱਤੇ ਘਾਹ ਆਪਣੇ ਪੈਰ ਆਪ ਹੀ ਕੁਹਾੜਾ ਮਾਰਨ ਲੱਗਿਆ ਸੀ। ਬਣੀ ਬਣਾਈ ਖੀਰ ‘ਚ ਸੁਆਹ ਧੂੜਨ..!
ਪਰ ਉਸ ਦਾ ਮਨ ਰਾਕਟ ਬਣ ਕੇ ਕਿਸੇ ਪਾਸੇ ਛੂਟ ਵੱਟਣ ਨੂੰ ਕਰਦਾ ਸੀ।
ਉਸ ਦੇ ਜਿਵੇਂ ਖੰਭ ਲੱਗ ਗਏ ਸਨ।
-"ਚੰਗਾ..! ਮੈਂ ਆਬਦੀ ਸਾਲ਼ੀ ਨਾਲ਼ ਗੱਲ ਕਰਕੇ ਆਪਣੇ ਮਿਲਣ ਦਾ ਪ੍ਰਬੰਧ ਕਰਦੈਂ, ਤੇ ਆਪਾਂ ਆਪਣੇ ਪਟਰੌਲ਼ ਪੰਪ ‘ਤੇ ਈ ਲਾਵਾਂਗੇ ਲਹਿਰ..।"
-"ਜਿਮੇ ਤੇਰਾ ਚਿੱਤ ਮੰਨੇ..!"
-"ਪ੍ਰਬੰਧ ਰਾਤ ਦਾ ਕਰਾਂ ਜਾਂ..?"
-"ਤੈਨੂੰ ਇਕ ਆਰੀ ਆਖਤਾ, ਤੂੰ ਜਿਵੇਂ ਕਹੇਂ..! ਰਾਤ ਦਾ ਕਰ ਚਾਹੇ ਦਿਨ ਦਾ, ਆਉਣਾ ਮੇਰਾ ਕੰਮ..! ਇਹਦੀ ਚਿੰਤਾ ਨਾ ਕਰ ਠੇਕੇਦਾਰਾ! ਤੇਰੇ ਮੂਹਰੇ ਥਾਨ ਸਿੱਟਿਆ - ਸੁੱਥਣ ਸਮਾਂ ਲੈ ਚਾਹੇ ਲਹਿੰਗਾ! ਪਰ ਜਿਹੜੇ ਕੰਮ ਨੂੰ ਤੂੰ ਹੱਥ ਪਾਇਐ, ਮਰਦ ਬੱਚਾ ਬਣ ਕੇ ਉਹ ਸਿਰੇ ਜਰੂਰ ਲਾਦੀਂ..!"
-"ਤੇਰੀ ਖਾਤਰ ਮੈਂ ਫਾਕੜਾਂ ਹੋਜਾਂ..! ਤੂੰ ਫ਼ਿਕਰ ਕਾਹਦਾ ਕਰਦੀ ਐਂ, ਗੁਰਮੇਲ ਕੁਰੇ..? ਅਸਮਾਨ ਨੂੰ ਟਾਕੀ ਨਾ ਲਾਦੂੰ ਤੇਰੀ ਖਾਤਰ, ਅਸਮਾਨ ਨੂੰ..!"
ਠੇਕੇਦਾਰ ਦੀ ਜਿਪਸੀ ਹਵਾ ਨਾਲ਼ ਗੱਲਾਂ ਕਰਦੀ ਸੜਕ ਵੱਢਦੀ ਜਾ ਰਹੀ ਸੀ। ਪਤਾ ਨਹੀਂ ਕਿਸ ਖ਼ੁਸ਼ੀ ਵਿਚ ਉਹ ਪਾਗ਼ਲਾਂ ਵਾਂਗ ਜਿਪਸੀ ਚਲਾ ਰਿਹਾ ਸੀ। ਔਰਤ ਵੀ ਕੀ ਚੀਜ਼ ਹੈ..? ਪਿਆਰ ਨਾਲ਼ ਕੋਮਲ ਹੱਥ ਲਾ ਦੇਵੇ, ਸੁੱਕੇ ਦਰੱਖ਼ਤ ਹਰੇ ਹੋ ਜਾਣ..! ਗਲਵਕੜੀ ਪਾ ਲਵੇ, ਜੁੱਗਾਂ ਜੁਗਾਂਤਰਾਂ ਦੇ ਦੁਖੜੇ ਟੁੱਟ ਜਾਣ..! ਬੁੱਲ੍ਹਾਂ ‘ਤੇ ਬੁੱਲ੍ਹ ਧਰੇ, ਮੁਰਦਾ ਉਠ ਕੇ ਬੈਠ ਜਾਵੇ..!
ਸ਼ਹਿਰ ਪਹੁੰਚ ਉਸ ਨੇ ਐੱਸ਼. ਟੀ. ਡੀ. ਤੋਂ ਸਾਲ਼ੀ ਨੂੰ ਅਮਰੀਕਾ ਫ਼ੋਨ ਮਿਲ਼ਾ ਲਿਆ।
-"ਕੀ ਗੱਲ ਸੁੱਤੀ ਪਈ ਸੀ ਹਰਦੀਪ ਕੁਰੇ..?" ਉਸ ਨੇ ਉਮਰ ਤੋਂ ਕਾਫ਼ੀ ਵੱਡੀ ਸਾਲ਼ੀ ਨੂੰ ਪੁੱਛਿਆ।
-"ਨਹੀਂ, ਊਂ ਈਂ ਚਿੱਤ ਜਿਆ ਢਿੱਲਾ ਜਿਆ ਸੀ..!" ਉਧਰੋਂ ਅਵਾਜ਼ ਆਈ।
-"ਕੈਮ ਹੋ..! ਕਾਹਤੋਂ ਭੜ੍ਹਾਕਾ ਜਿਆ ਪਾਈ ਪਈ ਐਂ..? ਜੁਆਨੀ ਵੇਲ਼ੇ ਤਾਂ ਹੱਟ ਕੁਤੀਏ ਨ੍ਹੀ ਕਹਿਣ ਦਿੰਦੀ ਸੀ? ਵੱਡੇ ਬਾਈ ਦੇ ਵੀ ਮੋਛੇ ਪਾਈ ਰੱਖਦੀ ਸੀ..! ਹੁਣ ਕਾਹਨੂੰ ਮਰੂੰ ਮਰੂੰ ਕਰੀ ਜਾਨੀ ਐਂ..?" ਠੇਕੇਦਾਰ ਦੀ ਗੱਲ ਵਿਚ ਲਚੜੇਵਾਂ ਸੀ।
-"ਵੇ ਉਹ ਗੱਲਾਂ ਗਈਆਂ ਨੱਥਿਆ..! ਸਦਾ ਨਾ ਬਾਗੀਂ ਬੁਲਬੁਲ ਬੋਲੇ, ਤੇ ਸਦਾ ਨਾ ਮੌਜ ਬਹਾਰਾਂ..!"
-"ਉਏ ਅਮਰੀਕਾ ਅਰਗੇ ਮੁਲਕ ‘ਚ ਰਹਿ ਕੇ ਵੀ ਤੇਰੀ ਬੁਲਬੁਲ ਅਜੇ ਚੁੱਪ ਐ..? ਇਹ ਤਾਂ ਮਾੜੀ ਗੱਲ ਐ ਬਈ..! ਬੁਲਬੁਲ ਨੂੰ ਤਾਂ ਰਾਗ ਕੱਢਣੇ ਚਾਹੀਦੇ ਐ..?" ਠੇਕੇਦਾਰ ਨੂੰ ਬੁੱਢੀ ਸਾਲ਼ੀ ਦਾ ਘੱਟ, ਪਰ ਗੁਰਮੇਲ ਕੌਰ ਦਾ ਨਸ਼ਾ ਵੱਧ ਸੀ।
-"ਸਮੇਂ ਸਮੇਂ ਦੀਆਂ ਗੱਲਾਂ ਹੁੰਦੀਐਂ ਨੱਥਿਆ..! ਤੂੰ ਦੱਸ ਜੀਤ ਬਾਰੇ ਗੱਲ ਚਲਾਈ ਕੋਈ..?" ਉਸ ਨੇ ਠਰਕੀ ਠੇਕੇਦਾਰ ਦੀ ਗੱਲ ਮੋੜ-ਘੋੜ ਕੇ ਟਿਕਾਣੇ ਸਿਰ ਲਿਆਂਦੀ।
-"ਗੱਲ ਇਕ ਐ ਹਰਦੀਪ ਕੁਰੇ..! ਬਈ ਜੀਤ ਨੂੰ ਕਿਸੇ ਨੇ ਸਕੀ ਧੀ ਦਾ ਸਾਕ ਨ੍ਹੀ ਦੇਣਾ..! ਸੌ ਹੱਥ ਰੱਸਾ ਸਿਰੇ ‘ਤੇ ਗੰਢ..! ਗੀਤ ਦੀ ਗੱਲ ਚਲਾ ਲੈਨੇ ਐਂ, ਬਾਕੀ ਰੱਬ ਆਪੇ ਭਲੀ ਕਰੂ, ਬਾਕੀ ਕੰਮ ਮੇਰੇ ‘ਤੇ ਛੱਡ..! ਅਮਰੀਕਾ ਦੇ ਮੂੰਹ ਨੂੰ ਲੋਕ ਬਥੇਰਾ ਅੱਕ ਚੱਬ ਲੈਣਗੇ..!"
-"ਗੀਤ ਬਾਰੇ ਤਾਂ ਤੈਨੂੰ ਪਤਾ ਈ ਐ..? ਜੁਆਨ ਤੇ ਸੋਹਣਾ ਸੁਨੱਖਾ ਤਾਂ ਸੁੱਖ ਨਾਲ਼, ਬਥੇਰੈ..! ਪਰ ਜਿਹੜਾ ਉਹਦੇ ‘ਚ ਬੱਜ ਐ-!" ਹਰਦੀਪ ਨੇ ਧੁਖ਼ਦੀ ਚਿਤਾ ਵਾਂਗ ਹਾਉਕਾ ਲਿਆ।
-"ਤੂੰ ਚਿੰਤਾ ਕਾਹਨੂੰ ਕਰਦੀ ਐਂ..? ਮੈਂ ਦੇਖ ਟੈਂਕ ਅਰਗਾ ਜਿੰਮੇਵਾਰ ਬੰਦਾ ਬੈਠਾ..? ਬਾਕੀ ਸਾਰਾ ਕੰਮ ਸੰਭਲਾਣਾ ਮੇਰਾ ਕੰਮ ਐਂ, ਤੂੰ ਐਸ ਗੱਲੋਂ ਫ਼ਿਕਰ ਕੱਢ ਮਨ ‘ਚੋਂ..!"
-"ਚੱਲ, ਤੂੰ ਕਰ ਅੱਗੇ ਲੱਗ ਕੇ..! ਮੈਂ ਸਾਰੀ ਗੱਲ ਤੈਨੂੰ ਸੱਚੀ ਦੱਸਤੀ ਸੀ, ਕੱਲ੍ਹ ਨੂੰ ਮੈਨੂੰ ਦੋਸ਼ ਨਾ ਦੇਈਂ..! ਕੁੜੀ ਆਲ਼ਿਆਂ ਨੂੰ ਮੁੰਡੇ ਬਾਰੇ ਦੱਸਤਾ ਸੀ..?"
-"ਅਜੇ ਨ੍ਹੀ..! ਬੱਸ ਜੋ-ਜੋ ਸਕੀਮ ਮੈਂ ਤੈਨੂੰ ਦੱਸੀਂ ਜਾਊਂ, ਤੇਰਾ ਕੰਮ ਐਂ ਉਸ ‘ਤੇ ਮੋਹਰ ਲਾਉਣਾ..! ਬਾਕੀ ਸੰਭਾਲਣਾ ਮੇਰਾ ਕੰਮ..!"
-"ਪਿੱਛੋਂ ਨਾ ਭੂਤ ਭਮਾਲ਼ੀ ਪਾਈ ਫਿਰਨ..? ਮੈਨੂੰ ਤਾਂ ਲੱਗਦੈ ਧਰਮ ਨਾਲ਼ ਡਰ!"
-"ਹਰਦੀਪ ਕੁਰੇ, ਫੇਰ ਓਹੀ ਗੱਲ਼..!"
-"ਠੀਕ ਐ, ਤੇਰੇ ਸਿਰ ‘ਤੇ ਤਾਂ ਮੈਨੂੰ ਕੋਈ ਫ਼ਿਕਰ ਨ੍ਹੀ..! ਮੈਨੂੰ ਤਾਂ ਬੱਸ ਦੋਨਾਂ ਜੁਆਕਾਂ ਦੀ ਚਿੰਤਾ ਵੱਢ-ਵੱਢ ਖਾਈ ਜਾਂਦੀ ਐ, ਇਕ ਛੜਾ ਤੇ ਦੂਜਾ..!" ਹਰਦੀਪ ਰੋ ਪਈ।
-"ਜਦੋਂ ਤੈਨੂੰ ਇਕ ਆਰੀ ਕਹਿਤਾ..? ਮਨ ਹੌਲ਼ਾ ਨਾ ਕਰ..! ਤੂੰ ਮੇਰੇ ਤਰਾਰੇ ਦੇਖ਼..! ਕਿਮੇਂ ਅੱਧਿਓਂ ਡੂੜ੍ਹ ਕਰਦੈਂ..! ਤੇਰਾ ਕੰਮ ਐਂ ਮੇਰੀ ਹਾਂ ‘ਚ ਹਾਂ ਮਿਲਾਉਣੀ, ਤੇ ਮੇਰਾ ਕੰਮ ਐਂ ਚਾਰ ਜੁੱਗਾਂ ਤੋਂ ਗੋਲ਼ ਸੂਰਜ ਨੂੰ ਕਿਸੇ ਸਕੀਮ ਨਾਲ਼ ਚੌਰਸ ਕਰਨਾ..!"
-"ਕਰਲਾ ਜਿਮੇ ਤੂੰ ਚਾਹੁੰਨੈਂ..! ਮੈਂ ਤੇਰੇ ਮਗਰ ਐਂ..! ਬੱਸ ਮੇਰੇ ਵੱਲੋਂ ਨਿਸ਼ਚਿੰਤ ਹੋਜਾ..!"
-"ਥੋੜਾ ਬਹੁਤਾ ਖਰਚਾ ਬਰਚਾ ਤਾਂ ਭੇਜ਼..! ਬਾਹਲ਼ੇ ਈ ਤੰਗ ਜਿਹੇ ਐਂ..! ਐਤਕੀਂ ਠੇਕੇ ਟੁੱਟਗੇ..! ਪੁੱਛ ਨਾ ਹਰਦੀਪ, ਝੱਗੇ ਲਹਿਗੇ ਸਾਲ਼ੇ..! ਜਮਾਂ ਈ ਨੰਗ ਹੋ ਗਿਆ ਮੈਂ ਤਾਂ…!"
-"ਰੋਈ ਨਾ ਜਾਹ..! ਦੱਸ ਕਿੰਨੇ ਕੁ ਭੇਜਾਂ..?"
-"ਦੋ ਕੁ ਲੱਖ ਭੇਜਦੇ..! ਠੇਕਿਆਂ ਦੀ ਅਗਲੀ ਬੋਲੀ ਸਿਰ ‘ਤੇ ਐ, ਜਦੋਂ ਲੋਟ ਜਿਆ ਹੋ ਗਿਆ, ਮੋੜਦੂੰ-!"
-"ਮੋੜਨ ਵਾਸਤੇ ਤਾਂ ਮੈਂ ਕਿਹਾ ਈ ਨ੍ਹੀ..? ਤੂੰ ਆਹ ਕੰਮ ਬਿਲੇ ਲਾ..! ਪੈਸਿਆਂ ਦਾ ਫ਼ਿਕਰ ਛੱਡ..!"
-"ਓਹੋ..! ਉਹ ਤੂੰ ਕਾਹਤੋਂ ਚਿੰਤਾ ਲਾਈ ਐ..? ਇਹ ਸਾਰੇ ਫ਼ਿਕਰ ਮੇਰੇ..! ਤੂੰ ਕਰਨ ਆਲ਼ਾ ਕੰਮ ਕਰ..! ਕੁੜੀ ਆਲ਼ਿਆਂ ਨਾਲ਼ ਮੈਂ ਬੰਨ੍ਹ ਸੁੱਬ ਕਰਦੈਂ, ਕੋਈ ਸੱਪ ਤਾਂ ਕੱਢਣਾ ਈ ਪਊ..? ਤੇ ਉਹ ਵੀ ਕੁੰਡਲੀਆਂ ਆਲ਼ਾ..! ਸਭ ਠੀਕ ਹੋਜੂ..!" ਆਖ ਕੇ ਠੇਕੇਦਾਰ ਨੇ ਫ਼ੋਨ ਰੱਖ ਦਿੱਤਾ।
ਜਿਪਸੀ ਲੈ ਕੇ ਠੇਕੇਦਾਰ ਆਪਣੇ ਪੈਰਟੋਲ-ਪੰਪ ‘ਤੇ ਚਲਾ ਗਿਆ।
ਇਕੱਲਾ ਭਈਆ ਹੀ ਬੁੱਤ ਬਣਿਆਂ ਬੈਠਾ ਸੀ। ਬਾਕੀ ਕਾਮੇਂ ਉਸ ਨੂੰ ਨਜ਼ਰ ਨਾ ਆਏ!
-"ਉਏ ਭਈਆ..! ਦੂਜੇ ਕਹਾਂ ਚਲੇ ਗਏ..?" ਠੇਕੇਦਾਰ ਨੇ ਆਪਣੀ ਹਿੰਦੀ ਖੁਰਚ ਕੇ ਅੰਦਰੋਂ ਕੱਢੀ।
-"ਵੋ ਠੇਕੇਦਾਰ ਸਾਹਿਬ ਕੋਈ ਪ੍ਰੋਗਰਾਮ ਦੇਖਨੇ ਗਏ ਹੈਂ..!"
-"ਪ੍ਰੋਗਰਾਮ ਮਾਂ ਚਦਾਉਣੇਂ ਕੇ ਲੀਏ ਦੇਖਣ ਗਏ ਹੈਂ..? ਕਾਮ ਉਨ ਕਾ ਬੁੜ੍ਹਾ ਕਰੇਗਾ ..?"
-"ਮੈਨੇ ਤੋ ਸੋਚਾ ਕੀ ਆਪ ਕੋ ਬਤਾ ਕਰ ਗਏ ਹੈਂ..!" ਭਈਆ ਠੇਕੇਦਾਰ ਦੀ ਹਿੰਦੀ ‘ਤੇ ਹੱਸ ਪਿਆ।
-"ਬਤਲਾ ਕਰ ਗਏ ਹੈਂ ਆਬਦੀ ਮਾਂ ਦਾ ਉਹੋ..! ਮੇਰੇ ਮੂੰਹੋਂ ਕੁਛ ਔਰ ਨਿਕਲ ਚੱਲਿਆ ਥਾ! ਚੱਲ ਛੋੜ..! ਭਈਆ ਕੱਲ੍ਹ ਯਹਾਂ ਸਿਰਫ਼ ਤੂੰ ਨੇ ਹੀ ਰਹਿਣਾ..! ਬਾਕੀਆਂ ਕੋ ਘਰ ਭੇਜ ਦੇਣਾ..! ਕੱਲ੍ਹ ਮੇਰੇ ਕੋਲ਼ ਮਹਿਮਾਨ ਆ ਰਹੇ ਹੈਂ..! ਅੱਗੇ ਕੀ ਤਰ੍ਹਾਂ ਸਾਰਾ ਪ੍ਰਬੰਧ ਊਪਰ ਚੁਬਾਰੇ ਮੇਂ ਕਰ ਕੇ ਰੱਖਣਾ…! ਸਲਾਦ ਸਲੂਦ ਕਾਟ ਦੇਨਾ, ਚੁਬਾਰਾ ਸਾਫ਼ ਕਰਵਾ ਦੇਨਾ ਸਮਾਰ ਕੇ..! ਉਨਕੋ ਸਾਤ ਕੁ ਵਜੇ ਘਰ ਭੇਜ ਦੇਣਾ..! ਤੂੰ ਨੀਚੇ ਪਿਛਲੇ ਵਾਲ਼ੇ ਕਮਰੇ ਮੇ ਸੌਂ ਜਾਣਾ, ਸਮਝ ਗਿਆ..?"
-"ਸਮਝ ਗਯਾ ਠੇਕੇਦਾਰ ਸਾਹਿਬ..!" ਭਈਆ ਸ਼ੈਤਾਨੀ ਨਾਲ਼ ਮੁਸਕਰਾ ਕੇ ਚੁੱਪ ਕਰ ਗਿਆ। ਉਸ ਨੂੰ ਪਤਾ ਸੀ ਕਿ ਠੇਕੇਦਾਰ ਨੇ ਜਦੋਂ ਮੌਜ ਮਸਤੀ ਕਰਨੀ ਹੁੰਦੀ ਸੀ, ਤਾਂ ਪੈਟਰੋਲ ਪੰਪ ਦੇ ਚੁਬਾਰੇ ਵਿਚ ਹੀ ਕਰਦਾ ਸੀ। ਪੈਟਰੋਲ ਪੰਪ ਦਾ ਚੁਬਾਰਾ ਠੇਕੇਦਾਰ ਲਈ ਐਸ਼-ਮਸਤੀ ਦਾ ‘ਅੱਡਾ’ ਸੀ। ਇਹ ਕੋਈ ਇਕ ਅੱਧੇ ਦਿਨ ਦਾ ਕੰਮ ਨਹੀਂ ਸੀ। ਮਹੀਨੇ ਵਿਚ ਇਕ ਅੱਧੀ ਵਾਰ ਭਈਏ ਨੂੰ ‘ਪ੍ਰਬੰਧ’ ਕਰਨਾ ਹੀ ਪੈਂਦਾ ਸੀ। ਠੇਕੇਦਾਰ ਮੌਜੀ ਅਤੇ ਮੂੜ੍ਹੀ ਬੰਦਾ ਸੀ।
ਸ਼ਾਮ ਨੂੰ ਠੇਕੇਦਾਰ ਗੁਰਮੇਲ ਕੌਰ ਨੂੰ ਢੰਗ ਨਾਲ਼ ਸੁਨੇਹਾਂ ਦੇ ਆਇਆ ਅਤੇ ਟਿਕਾਣਾ ਦੱਸ ਆਇਆ।
ਅਗਲੀ ਰਾਤ ਪ੍ਰੀਤ ਦੇ ਰਿਸ਼ਤੇ ਬਾਰੇ ‘ਕੋਈ’ ਗੱਲ ਕਰਨ ਦਾ ਬਹਾਨਾ ਲਾ ਕੇ ਪ੍ਰੀਤ ਦੀ ਮਾਂ ਗੁਰਮੇਲ ਕੌਰ ਠੇਕੇਦਾਰ ਨੂੰ ਸ਼ਹਿਰ ਦੇ ਦੱਸੇ ਟਿਕਾਣੇ ‘ਤੇ ਆ ਮਿਲੀ। ਮੂੰਹ ਹਨ੍ਹੇਰਾ ਹੋ ਚੁੱਕਿਆ ਸੀ। ਬੱਤੀਆਂ ਜਗ ਪਈਆਂ ਸਨ। ਗੁਰਮੇਲ ਕੌਰ ਦੀਆਂ ਅੱਖਾਂ ਵਿਚ ਸੁਰਮਾਂ ਲੋਹੜ੍ਹੇ ਮਾਰਦਾ ਸੀ। ਸਿਰ ‘ਤੇ ਲਿਆ ਡੋਰੀਆ ਖ਼ਤਰਨਾਕ ਇਸ਼ਾਰੇ ਕਰਦਾ ਸੀ। ਉਹ ਠੇਕੇਦਾਰ ਵੱਲ ਦੇਖ ਕੇ ਲੰਮੇ ਲੰਮੇ ਹਾਉਕੇ ਜਿਹੇ ਲੈਂਦੀ ਸੀ ਅਤੇ ਅਜੀਬ ਗੁੱਝੀ ਮੁਸਕਰਾਹਟ ਦਿੰਦੀ ਸੀ। ਉਸ ਦੇ ਪਾਇਆ ਕਾਲ਼ਾ ਪਟਿਆਲ਼ਾ ਸੂਟ ਗੋਰੇ ਰੰਗ ‘ਤੇ ‘ਦੁਹਾਈ’ ਬਣਿਆਂ ਹੋਇਆ ਸੀ। ਤੁਰਦੀ ਦੀ ਤੋਰ ਜੁਆਨੀ ਮੌਕੇ ਕਹਿਰ ਹੋਣ ਦੀ ਗਵਾਹੀ ਭਰ ਰਹੀ ਸੀ। ਆਸਾ ਪਾਸਾ ਨਿਰਖ, ਮੂੰਹ ਸਿਰ ਲਪੇਟ ਕੇ ਗੁਰਮੇਲ ਕੌਰ ਠੇਕੇਦਾਰ ਦੀ ਜਿਪਸੀ ਵਿਚ ਬੈਠ ਗਈ। ਰਸਤੇ ਵਿਚ ਥੋੜੀ ਵਿੱਥ ਨਾਲ਼ ਜਿਪਸੀ ਰੋਕ ਕੇ ਠੇਕੇਦਾਰ ਨੇ ਅੰਗਰੇਜ਼ੀ ਦੇ ਠੇਕੇ ਤੋਂ ਦੋ ਬੋਤਲਾਂ "ਰੈੱਡ-ਨਾਈਟ" ਦੀਆਂ ਫੜ ਲਈਆਂ। ਦੋ ਮੁਰਗੇ ਪੈਕ ਕਰਵਾ ਲਏ ਅਤੇ ਜਿਪਸੀ ਪੈਟਰੋਲ ਪੰਪ ਨੂੰ ਸਿੱਧੀ ਹੋ ਗਈ।
ਜਦ ਜਿਪਸੀ ਪੈਟਰੋਲ ਪੰਪ ‘ਤੇ ਪਹੁੰਚੀ ਤਾਂ ਭਈਆ ਜਿਪਸੀ ਪਹਿਚਾਣ ਕੇ ਦੌੜਿਆ ਆਇਆ।
ਗੁਰਮੇਲ ਕੌਰ ਉਸੀ ਤਰ੍ਹਾਂ ਹੀ ਮੂੰਹ ਸਿਰ ਲਪੇਟੀ ਬੈਠੀ ਸੀ। ਬਾਹਰ ਸੜਕ ‘ਤੇ ਸੁੰਨ ਸਰਾਂ ਸੀ। ਹਨ੍ਹੇਰਾ ਸੀ। ਪਰ ਪੈਟਰੋਲ ਪੰਪ ਦੀਆਂ ਦੁਧੀਆ ਬੱਤੀਆਂ ਦਾ ਚਾਨਣ ਫ਼ਰਸ਼ ਧੋ ਰਿਹਾ ਸੀ।
-"ਊਪਰ ਚੁਬਾਰੇ ਮੇਂ ਸਾਰਾ ਪ੍ਰਬੰਧ ਹੈ ਨਾ ਭਈਆ..?"
-"ਜੀ, ਠੇਕੇਦਾਰ ਸਾਹਿਬ…!" ਭਈਆ ਠੇਕੇਦਾਰ ਦੀ ਰਗ-ਰਗ ਦਾ ਭੇਤੀ ਸੀ। ਉਸ ਨੂੰ ਅਜਿਹਾ ਪ੍ਰਬੰਧ ਆਮ ਹੀ ਕਰਨਾ ਪੈਂਦਾ ਸੀ। ਭਈਆ ਠੇਕੇਦਾਰ ਦੇ ਦਿਲ ਦਾ ਭੇਤੀ ਸੀ। ਭਈਆ ਠੇਕੇਦਾਰ ਦਾ ਹਮਰਾਜ ਸੀ। ਭਈਆ ਠੇਕੇਦਾਰ ਦਾ ਸੇਵਾਦਾਰ ਅਤੇ ਤਾਬਿਆਦਾਰ ਸੀ।
-"ਲਿਆ ਆਪਣਾ ਗਿਲਾਸ ਲੈ ਕੇ ਆ..!" ਖ਼ੁਸ਼ ਹੁੰਦੇ ਠੇਕੇਦਾਰ ਨੇ ਕਿਹਾ।
ਭਈਆ ਗਿਲਾਸ ਲੈ ਕੇ ਆਇਆ, ਤਾਂ ਠੇਕੇਦਾਰ ਨੇ ਬੋਤਲ ਫੜ ਕੇ ਕੰਗਣੀਂ ਤੱਕ ਭਰ ਦਿੱਤਾ।
-"ਹੋਰ ਨਹੀਂ ਪੀਣੀਂ..! ਬੱਸ ਆਹ ਪੀ ਕੇ ਸੌਂ ਜਾਹ..! ਔਰ ਸੁਣ..! ਜੇ ਕੋਈ ਆਵੇ ਬਤਾਉਣਾ ਨਹੀਂ ਕਿ ਮੈਂ ਯਹਾਂ ਹਾਂ..! ਗਾੜੀ ਕੋ ਅੰਦਰ ਲਗਾ ਦੋ, ਔਰ ਸ਼ਟਰ ਬੰਦ..! ਸਮਝ ਗਿਆ..? ਚਾਬੀ ਗਾੜੀ ਮੇਂ ਹੀ ਹੈ..!"
-"ਸਮਝ ਗਿਆ ਸਾਹਿਬ..!" ਭਈਆ ਵਿਸਕੀ ਵਾਲ਼ਾ ਗਿਲਾਸ ਸਾਂਭੀ ਚਲਾ ਗਿਆ।
ਉਸ ਦੇ ਜਾਣ ਤੋਂ ਬਾਅਦ ਠੇਕੇਦਾਰ ਨੇ ਗੁਰਮੇਲ ਕੌਰ ਨੂੰ ਅੰਦਰ ਆਉਣ ਦਾ ਇਸ਼ਾਰਾ ਕਰ ਦਿੱਤਾ। ਉਹ ਬੜੀ ਮੜਕ ਨਾਲ਼ ਸਿੰਧ ਦੀ ਘੋੜ੍ਹੀ ਵਾਂਗ ਠੇਕੇਦਾਰ ਦੇ ਮਗਰ ਮਗਰ ਚੁਬਾਰੇ ਦੀਆਂ ਪੌੜੀਆਂ ਚੜ੍ਹ ਗਈ। ਚੁਬਾਰੇ ਵਿਚੋਂ ਮਹਿਕ ਆ ਰਹੀ ਸੀ। ਇਕ ਪਾਸੇ ਮੇਜ ‘ਤੇ ਪਾਣੀ ਦਾ ਜੱਗ ਅਤੇ ਸਲਾਦ ਕੱਟਿਆ ਪਿਆ ਸੀ। ਡਬਲ-ਬੈੱਡ ਭਈਏ ਨੇ ਬੜੀ ਰੀਝ ਨਾਲ਼ ਵਿਛਾਇਆ ਸੀ। ਜਿਵੇਂ ਠੇਕੇਦਾਰ ਨੇ ਇਸ ਉਤੇ ਕੋਈ ਸੁਹਾਗ ਰਾਤ ਮਨਾਉਣੀ ਸੀ। ਠੇਕੇਦਾਰ ਨੇ ਪਿਛਲੀ ਖਿੜਕੀ ਖੋਲ੍ਹ ਕੇ ਬਾਹਰ ਨਜ਼ਰ ਮਾਰੀ। ਕਾਲ਼ੀ ਰਾਤ ਦਾ ਹਨ੍ਹੇਰਾ ਦੂਰ ਤੱਕ ਚਾਦਰ ਵਾਂਗ ਵਿਛਿਆ ਪਿਆ ਸੀ। ਸਾਰਾ ਜੱਗ ਸੁੱਤਾ ਸੀ।
-"ਪਾਣੀ ਪੀਣੈਂ..? ਜਾਂ ਕੁਛ ਖਾਣੈਂ..?" ਠੇਕੇਦਾਰ ਨੇ ਬੋਤਲ ਨੂੰ ਕੁੱਕੜ ਦੀ ਧੌਣ ਮਰੋੜਨ ਵਾਂਗ ਹੱਥ ਪਾ ਲਿਆ।
-"ਪਾਣੀ..? ਮੈਂ ਜੁਆਕੜੀ ਐਂ? ਖਾਣਾ ਅਜੇ ਕੁਛ ਨ੍ਹੀ..!"
-"ਹੋਰ ਕੀ..?" ਠੇਕੇਦਾਰ ਉੱਤਰ ਦੇਣ ਵਿਚ ਰੁਲ਼ ਗਿਆ।
ਗੁਰਮੇਲ ਕੌਰ ਹੱਸ ਪਈ।
-"ਹੋਰ ਦਾਰੂ ਪੀਵੇਂਗੀ..?"
-"ਕਿਉਂææ? ਮੈਨੂੰ ਵੱਢਦੀ ਐ..?"
-"ਤੂੰ ਸੱਚੀਂ ਦਾਰੂ ਪੀ ਲੈਨੀ ਐਂ..?" ਠੇਕੇਦਾਰ ਦਾ ਮੂੰਹ ਆਲ਼ੇ ਵਾਂਗ ਖੁੱਲ੍ਹਾ ਸੀ। ਉਸ ਨੇ ਬਹੁਤ ਤੀਮੀਆਂ ਵੇਖੀਆਂ ਅਤੇ ਹੰਢਾਈਆਂ ਸਨ। ਪਰ ਉਸ ਦੀ ਜ਼ਿੰਦਗੀ ਵਿਚ ਦਾਰੂ ਪੀਣ ਵਾਲ਼ੀ ਇਹ ਪਹਿਲੀ ਪੰਜਾਬਣ ਆਈ ਸੀ। ਬੰਗਾਲਣਾਂ ਜਾਂ ਹੋਰ ਸੂਬਿਆਂ ਦੀਆਂ ਔਰਤਾਂ ਸ਼ਰਾਬ ਆਮ ਪੀ ਲੈਂਦੀਆਂ ਸਨ। ਪਰ ਪੰਜਾਬ ਅਤੇ ਉਹ ਵੀ ਪੇਂਡੂ ਔਰਤ ਸ਼ਰਾਬ ਪੀਂਦੀ ਕਦੇ ਨਹੀਂ ਸੀ ਦੇਖੀ। ਆਹ ਠੇਕੇਦਾਰ ਲਈ ਜ਼ਿੰਦਗੀ ਵਿਚ ਇਕ ਪਹਿਲਾ ਅਤੇ ਨਵਾਂ ਤਜ਼ਰਬਾ ਸੀ। ਇਕ ਹੈਰਾਨੀਜਨਕ ਤਜ਼ਰਬਾ..!
-"ਕਦੇ ਕਦੇ ਜੰਗੀਰ ਦੀ ਬੋਤਲ ‘ਚੋਂ ਚੋਰੀ ਛੁੱਪੇ ਇਕ ਅੱਧਾ ਪੈੱਗ ਲਾ ਲੈਂਦੀ ਸੀ, ਜਦੋਂ ਠੰਢ ਠੁੰਢ ਲੱਗੀ ਹੁੰਦੀ ਸੀ, ਪਰ ਆਮ ਨਹੀਂ ਪੀਤੀ!"
-"ਜੰਗੀਰ ਨੂੰ ਪਤੈ..?"
-"ਕਾਹਨੂੰ ਪਤੈ ਠੇਕੇਦਾਰਾ..! ਕਿਤੇ ਹੁਣ ਤੂੰ ਨਾ ਦੱਸਦੀਂ ਟੁੱਟ ਪੈਣੇ ਨੂੰ ..! ਉਹਨੇ ਬਿੱਜੂ ਨੇ ਤਾਂ ਮੇਰਾ ਖਹਿੜ੍ਹਾ ਵੀ ਨ੍ਹੀ ਛੱਡਣਾ..!"
-"ਗੁਰਮੇਲ ਕੁਰੇ, ਤੂੰ ਮੇਰੀ ਜਿੰਦ ਜਾਨ..! ਮੈਂ ਕਾਹਨੂੰ ਦੱਸੂੰ..?" ਉਸ ਨੇ ਇਕ ਪੈੱਗ ਗੁਰਮੇਲ ਕੌਰ ਨੂੰ ਪਾ ਕੇ ਹੱਥ ਫੜਾਉਂਦਿਆਂ ਕਿਹਾ। ਰੈੱਡ-ਨਾਈਟ ਦਾ ਪਹਿਲਾ ਪੈੱਗ ਠੇਕੇਦਾਰ ਨੂੰ ਧਤੂਰੇ ਵਾਂਗ ਚੜ੍ਹਿਆ ਸੀ। ਉਹ ਗੁਰਮੇਲ ਕੌਰ ਨਾਲ਼ ਮੱਝ ਵਾਂਗ ਖ਼ਹਿ ਕੇ ਬੈਠ ਗਿਆ।
-"ਬੜੀ ਤੇਜ ਐ..!" ਪੈੱਗ ਅੰਦਰ ਸੁੱਟ ਕੇ ਗੁਰਮੇਲ ਕੌਰ ਨੇ ਸਲਾਦ ਮੂੰਹ ਵਿਚ ਪਾਉਂਦਿਆਂ ਕਿਹਾ।
-"ਦੇਖੀ ਚੱਲ ਕੀ ਤਰਾਰੇ ਬੰਨ੍ਹਦੀ ਐ ਸਹੁਰੀ..! ਐਮੇ ਨ੍ਹੀ ਦੁਨੀਆਂ ਘਰ ਫ਼ੂਕ ਤਮਾਸ਼ਾ ਦੇਖਦੀ..!"
ਠੇਕੇਦਾਰ ਨੇ ਟਿਊਬ ਬੰਦ ਕਰਕੇ ਸਿਰਹਾਣੇ ਲੱਗਿਆ ਜ਼ੀਰੋ ਪਾਵਰ ਦਾ ਲਾਲ ਬੱਲ੍ਹਬ ਜਗਾ ਲਿਆ। ਗੁਰਮੇਲ ਕੌਰ ਦਾ ਸੰਧੂਰੀ ਚਿਹਰਾ ਹੋਰ ਮਨ ਮੋਹਣਾਂ ਬਣ ਗਿਆ। ਗੁਰਮੇਲ ਕੌਰ ਨੂੰ ਵੀ ਨਸ਼ੇ ਕਾਰਨ ਬੱਲ੍ਹਬ ਦਾ ਚਾਨਣ ਚੰਗਾ ਚੰਗਾ ਲੱਗਣ ਲੱਗ ਪਿਆ। ਸਰੀਰ ਅੰਬਰੀਂ ਤਾਰੀਆਂ ਲਾਉਂਦਾ ਪ੍ਰਤੀਤ ਹੋਇਆ।
-"ਮੈਥੋਂ ਨ੍ਹੀ ਰੱਖੇ ਜਾਂਦੇ ਆਹ ਅੱਗ ਲੱਗੜੇ..!" ਗੁਰਮੇਲ ਕੌਰ ਨੇ ਤਨ ਦੇ ਕੱਪੜੇ ਗੰਢੇ ਦੇ ਛਿਲਕੇ ਵਾਂਗ ਲਾਹ-ਲਾਹ ਮਾਰਨੇ ਸ਼ੁਰੂ ਕਰ ਦਿੱਤੇ!
ਥੋੜੀ ਦੇਰ ਵਿਚ ਹੀ ਗੁਰਮੇਲ ਕੌਰ ਡਲ਼ੀ ਵਾਂਗ ਨੰਗ-ਧੜ੍ਹੰਗੀ ਠੇਕੇਦਾਰ ਦੇ ਸਾਹਮਣੇ ਬੈੱਡ ‘ਤੇ ਬੈਠੀ ਸੀ।
ਠੇਕੇਦਾਰ ਨੇ ਚੁਬਾਰੇ ਦਾ ਦਰਵਾਜਾ ਬੰਦ ਕਰ ਦਿੱਤਾ ਅਤੇ ਗੁਰਮੇਲ ਕੌਰ ਨੂੰ ਇਕ ਪੈੱਗ ਹੋਰ ਦੇ ਦਿੱਤਾ।
ਉਸ ਨੇ ਸ਼ਰਬਤ ਦੇ ਪਾਣੀ ਵਾਂਗ ਸੂਤ ਦਿੱਤਾ।
ਗੁਰਮੇਲ ਕੌਰ ਪੂਰੇ ਰੰਗਾਂ ਵਿਚ ਹੋ ਚੁੱਕੀ ਸੀ।
ਠੇਕੇਦਾਰ ਨੇ ਉਸ ਨੂੰ ਬੈੱਡ ‘ਤੇ ਲਿਟਾ ਲਿਆ ਅਤੇ ਉਸ ਦੇ ਅੰਗ ‘ਮਸਲ਼ਣੇ’ ਸ਼ੁਰੂ ਕਰ ਦਿੱਤੇ।
-"ਠੇਕੇਦਾਰਾ..! ਕੰਮ ਯਾਦ ਐ ਨ੍ਹਾ..?" ਗੁਰਮੇਲ ਕੌਰ ਦੀਆਂ ਅੱਖਾਂ ਵਿਚ ਸ਼ਰਾਬ ਦਾ ਨਸ਼ਾ ਦੀਵੇ ਦੀ ਲਾਟ ਵਾਂਗ ਡੋਲ ਰਿਹਾ ਸੀ।
-"ਯਾਦ ਐ, ਗੁਰਮੇਲ ਕੁਰੇ..! ਯਾਦ ਐ..! ਪਰ ਹੁਣ ਨਾ ਬੋਲ਼..!" ਠੇਕੇਦਾਰ ਦੇ ਕੰਨ ਬੋਲ਼ੇ ਹੋ ਚੁੱਕੇ ਸਨ।
-"ਸੱਚੀਂ ਯਾਦ ਐ ਨ੍ਹਾਂ..?" ਸਰਾਲ਼ ਵਾਂਗ ਉਪਰ ਚੜ੍ਹਦੇ ਆ ਰਹੇ ਠੇਕੇਦਾਰ ਨੂੰ ਉਹ ਫਿਰ ਬੇਸੁਰਤੀ ਜਿਹੀ ਵਿਚ ਪੁੱਛ ਰਹੀ ਸੀ।
-"ਯਾਦ ਐ, ਦੁਸ਼ਮਣੇਂ..! ਬਿਲਕੁਲ ਯਾਦ ਐ..!"
ਚੁਬਾਰੇ ਵਿਚ ਇਕ ਤੂਫ਼ਾਨ ਝੁੱਲ ਪਿਆ ਸੀ। ਗੁਰਮੇਲ ਕੌਰ ਨਸ਼ੇ ਅਤੇ ਆਨੰਦ ਵਿਚ ਛੂਕ ਰਹੀ ਸੀ। ਬੈੱਡ ‘ਤੇ ਸੱਪ ਵਾਂਗ ਮੇਹਲਦੀ ਠੇਕੇਦਾਰ ਨੂੰ ਬੋਲ ਕਬੋਲ ਵੀ ਕਰ ਰਹੀ ਸੀ।
ਸਵੇਰ ਦੇ ਤਿੰਨ ਵਜੇ ਤੱਕ ਚੁਬਾਰੇ ਵਿਚ ਝੱਖੜ ਝੁੱਲਦਾ ਰਿਹਾ। ਗੁਰਮੇਲ ਕੌਰ ਦੇ ਮੂੰਹੋਂ ਬੋਲ ਕਬੋਲ ਨਿਕਲ਼ਦੇ ਰਹੇ। ਆਨੰਦ ਦਾ ਝਰਨਾ ਵਗਦਾ ਰਿਹਾ।
ਸਵੇਰੇ ਸੱਤ ਵਜੇ ਠੇਕੇਦਾਰ ਨਹੀਂ, ਭਈਆ ਗੁਰਮੇਲ ਕੌਰ ਨੂੰ ਪਿੰਡ ਵਾਲ਼ੀ ਬੱਸ ਚੜ੍ਹਾ ਗਿਆ।
ਅਗਲੇ ਦਿਨ ਹੀ ਹਰਦੀਪ ਵੱਲੋਂ ਠੇਕੇਦਾਰ ਨੂੰ ਦੋ ਦੀ ਥਾਂ ਢਾਈ ਲੱਖ ਰੁਪਏ ‘ਵੈਸਟਰਨ ਯੂਨੀਅਨ’ ਰਾਹੀਂ ਪਹੁੰਚ ਗਏ।
ਪੈਸੇ ਮਿਲਣਸਾਰ ਠੇਕੇਦਾਰ ਐੱਸ਼. ਟੀ. ਡੀ. ‘ਤੇ ਪਹੁੰਚ ਗਿਆ।
-"ਹੁਣ ਤੂੰ ਜਲਦੀ ਨਾਲ਼ ਗੀਤ ਨੂੰ ਲੈ ਕੇ ਆ ਜਾਹ ਹਰਦੀਪ..! ਕੰਮ ਬੱਸ ਪੂਰਾ ਟੰਚ ਐ..!" ਉਹ ਇੱਕੋ ਗੱਲ ‘ਤੇ ਹੀ ਸੂਈ ਧਰੀ ਬੈਠਾ ਸੀ।
-"ਪੱਕੀ ਗੱਲ ਐææ?" ਹਰਦੀਪ ਟੈਲੀਫ਼ੋਨ Ḕਤੇ ਹੀ ਚੀਕ ਮਾਰਨ ਵਾਲ਼ੀ ਹੋਈ ਪਈ ਸੀ।
-"ਤੈਨੂੰ ਕਹਿ ਤਾਂ ਦਿੱਤਾ, ਕੰਮ ਟੰਚ ਐ..! ਤੂੰ ਮੈਨੂੰ ਖਰਚੇ ਬਰਚੇ ਵੱਲੋਂ ਤੰਗ ਨਾ ਹੋਣ ਦੇਈਂ, ਤੇਰੇ ਕੰਮ ਸਾਰੇ ਮੈਂ ਕਰੂੰ..!" ਠੇਕੇਦਾਰ ਨੇ ਢਾਈ ਲੱਖ ਦਾ ਮੁੱਲ ਮੋੜ ਦਿੱਤਾ ਸੀ।
-"ਤੂੰ ਖਰਚੇ ਬਰਚੇ ਅੱਲੋਂ ਪ੍ਰਵਾਹ ਨਾ ਕਰਿਆ ਕਰ ਨੱਥਿਆ..! ਬੱਸ ਆਪਣਾ ਆਹ ਕੰਮ ਕੱਢ..!"
-"ਨਿਕਲ਼ ਗਿਆ..! ਬੱਸ ਤੁਸੀਂ ਆਜੋ..!" ਆਖ ਕੇ ਠੇਕੇਦਾਰ ਨੇ ਫ਼ੋਨ ਰੱਖ ਦਿੱਤਾ।
ਅਗਲੇ ਹਫ਼ਤੇ ਹੀ ਗੀਤ ਅਤੇ ਉਸ ਦੀ ਮਾਂ ਭੂਤ ਵਾਂਗ ਇੰਡੀਆ ਆ ਵੱਜੇ।
ਠੇਕੇਦਾਰ ਹੀ ਉਹਨਾਂ ਨੂੰ ਲੈਣ ਪਹੁੰਚਿਆ ਹੋਇਆ ਸੀ।
ਸਾਰੇ ਰਾਹ ਹੀ ਉਹ ਗੀਤ ਦੇ ਵਿਆਹ ਦੀਆਂ ਗੱਲਾਂ ਕਰਦੇ ਰਹੇ। ਪਤਾ ਨਹੀਂ ਕਿਹੜੀਆਂ ਸਕੀਮਾਂ ਬਣਾ-ਬਣਾ ਢਾਹੁੰਦੇ ਰਹੇ।
ਠੇਕੇਦਾਰ ਉਹਨਾਂ ਨੂੰ ਉਹਨਾਂ ਦੀ ਕੋਠੀ ਉਤਾਰ ਕੇ ਸਿੱਧਾ ਗੁਰਮੇਲ ਕੌਰ ਕੋਲ਼ ਆਇਆ।
-"ਲੈ ਗੁਰਮੇਲ ਕੁਰੇ..! ਅਮਰੀਕਾ ਆਲ਼ਾ ਪ੍ਰੀਵਾਰ ਤਾਂ ਆ ਗਿਆ..।" ਆਖ ਕੇ ਠੇਕੇਦਾਰ ਨੇ ਇਕ ਤਰ੍ਹਾਂ ਨਾਲ਼ ਉਸ ਦਾ ਉਧਾਰ ਵੀ ਬਰਾਬਰ ਕਰ ਮਾਰਿਆ।
-"ਸੱਚੀਂ..? ਸਹੁੰ ਖਾ..!" ਗੁਰਮੇਲ ਕੌਰ ਖ਼ੁਸ਼ੀ ਵਿਚ ਚੀਕ ਮਾਰਨ ਵਾਲ਼ੀ ਹੋ ਗਈ। ਅੰਦਰ ਬੈਠੀ ਪ੍ਰੀਤ ਨੂੰ ਸੁਣਿਆਂ ਤਾਂ ਉਸ ਦੇ ਮਨ ਅੰਦਰ ਵੀ ਲੱਡੂ ਭੁਰਨ ਲੱਗ ਪਏ।
-"ਹੁਣ ਮੁੰਡਾ ਪਸੰਦ ਕਰੋ, ਤੇ ਵਿਆਹ ਦੀ ਤਿਆਰੀ ਕਰੋ…! ਮੈਂ ਅਗਲਿਆਂ ਨੂੰ ਠੋਕ ਕੇ ਕਹਿ ਦਿੱਤੈ..! ਬਈ ਬਰਾਤ ਬਰੂਤ ਨਾ ਲਿਆਇਓ, ਤੇ ਕਚਿਹਰੀਆਂ ‘ਚ ਈ ਬਿਆਹ ਕਰ ਲਓ..! ਕਿਵੇਂ ਰੈਅ ਐ..? ਠੀਕ ਐ ਕਿ ਨਹੀਂ?"
-"ਨਹੀਂ, ਖਰਚਾ ਬਰਚਾ ਤਾਂ ਕਰਾਂਗੇ ਠੇਕੇਦਾਰਾ..! ਸ਼ਰੀਕੇ ਕਬੀਲੇ ‘ਚ ਨੱਕ ਨ੍ਹੀ ਰਹਿਣਾ-?"
-"ਤੂੰ ਗੋਲ਼ੀ ਮਾਰ ਸ਼ਰੀਕੇ ਕਬੀਲੇ ਤੇ ਨੱਕ ਨੂੰ..! ਇਹਨਾਂ ਦੇ ਬਿਆਹ ਦੇ ਕਾਗਜ ਪੱਤਰ ਬਣਾ ਤੇ ਅਮਰੀਕਾ ਵੜਦੀ ਕਰ..! ਕੀ ਲੈਣੈਂ ਸ਼ਰੀਕੇ ਕਬੀਲੇ ਤੋਂ? ਬਾਹਲ਼ੀ ਤੋਏ ਤੋਏ ਨ੍ਹੀ ਕਰਵਾਈਦੀ ਹੁੰਦੀ ਲੋਕਾਂ ਤੋਂ…! ਖਸਮਾਂ ਨੂੰ ਖਾਣੇ ਨਜ਼ਰ ਲਾ ਦਿੰਦੇ ਐ ਗੁਰਮੇਲ ਕੁਰੇ..! ਅੱਜ ਰਾਤ ਨੂੰ..? ਕੀ ਖਿਆਲ ਐ..?" ਉਸ ਨੇ ਗੁਰਮੇਲ ਕੌਰ ਦੇ ਬਹੁਤ ਨੇੜੇ ਹੋ ਕੇ ਦੱਬਵੇਂ ਬੋਲ ਨਾਲ਼ ਕਿਹਾ।
-"ਜਿਵੇਂ ਤੇਰੀ ਮਰਜੀ..! ਮੈਂ ਤੈਥੋਂ ਬਾਹਰ ਐਂ..? ਅੱਗੇ ਨੀ ਮੰਨੀ ਤੇਰੀ ਗੱਲ਼..?" ਉਸ ਨੇ ਅੱਗਾ ਪਿੱਛਾ ਦੇਖ ਕੇ ਹਿੱਕ ਥਾਪੜ ਦਿੱਤੀ।
-"ਮੈਂ ਕਦੋਂ ਕਿਹੈ..? ਦੇਖ ਲੈ ਤੇਰੀ ਖਾਤਰ ਕੀ ਕੀ ਪਾਪੜ ਵੇਲਦਾ ਫਿਰਦੈਂ, ਅਮਰੀਕਾ ਜਾ ਕੇ ਪਤਾ ਨ੍ਹੀ ਯਾਦ ਕਰੇਂਗੀ, ਪਤਾ ਨ੍ਹੀ, ਨਹੀਂ? ਉਥੇ ਈ ਮਿਲਾਂਗੇ, ਉਸੇ ਥਾਂ ‘ਤੇ..! ਤੇ ਨਾਲ਼ੇ ਕਰਾਂਗੇ ਮੁੰਡਾ ਕੁੜੀ ਦਿਖਾਉਣ ਬਾਰੇ ਸਾਰੀ ਗੱਲ ਬਾਤ..!" ਠੇਕੇਦਾਰ ਊਠ ਵਾਂਗ ਪੁਲਾਂਘਾਂ ਪੱਟਦਾ ਤੁਰ ਗਿਆ।
ਖ਼ੁਸ਼ੀ ਵਿਚ ਖੜ੍ਹੀ ਗੁਰਮੇਲ ਕੌਰ ਦਾ ਦਿਲ ਛਾਤੀ ਵਿਚ ਹਥੌੜੇ ਵਾਂਗ ਵੱਜ ਰਿਹਾ ਸੀ।