ਤਰਕਸ਼ ਟੰਗਿਆ ਜੰਡ (ਕਾਂਡ 3)

ਖ਼ੂਨ-ਪਸੀਨਾ ਇਕ ਕਰਕੇ ਪਾਲਿਆ ਝੋਨਾ, ਝਾੜ ਕੇ ਬਲਿਹਾਰ ਸਿੰਘ ਨੇ ਮੰਡੀ ਲਿਆ ਸੁੱਟਿਆ।
ਬਲਿਹਾਰ ਸਿੰਘ ਨੇ ਢੇਰੀ ਕੋਲ ਮੰਜਾ ਡਾਹ ਲਿਆ। ਰੋਟੀ ਉਸ ਦੀ ਕਦੇ ਜੈਬਾ ਅਤੇ ਕਦੇ ਬਿੱਲਾ ਫੜਾ ਜਾਂਦਾ ਸੀ। ਸ਼ਾਮ ਨੂੰ ਪਿੰਡ ਮੁੜਦਾ ਉਹ ਖਾਲੀ ਭਾਂਡੇ ਨਾਲ ਲੈ ਜਾਂਦਾ। ਮੰਡੀ ਵਿਚ ਆੜ੍ਹਤੀਏ ਦੀ ਦੁਕਾਨ ਡਾਕਟਰ ਭਜਨ ਦੇ ਹਸਪਤਾਲ ਤੋਂ ਕੋਈ ਬਹੁਤੀ ਦੂਰ ਨਹੀਂ ਸੀ।
ਦੋ ਹਫ਼ਤੇ ਬੀਤ ਗਏ।
ਮੰਡੀ ਵਿਚ ਕਿਸਾਨਾਂ ਦਾ ਪੁੱਤਰਾਂ ਵਾਂਗ ਪਾਲਿਆ ਝੋਨਾ ਪੈਰਾਂ ਵਿਚ ਰੁਲ ਰਿਹਾ ਸੀ। ਇਤਨੇ ਦਿਨ ਬੀਤ ਜਾਣ ਕਾਰਨ ਕਿਸਾਨ ਪ੍ਰੇਸ਼ਾਨ ਹੋ ਉਠੇ। ਉਹ ਨਿੱਤ ਆੜ੍ਹਤੀਏ ਦੀ ਜਾਨ ਖਾਂਦੇ। ਪਰ ਆੜ੍ਹਤੀਆ ਆਪਦੀ ਜਗਾਹ ਕਸੂਤਾ ਫ਼ਸਿਆ ਹੋਇਆ ਸੀ।
ਮੰਡੀ ਇੰਸਪੈਕਟਰ ਬੋਲੀ ਨਹੀਂ ਲਾ ਰਿਹਾ ਸੀ।
ਉਹ ਬੋਰੀ ਮਗਰ ਪੰਜ ਰੁਪਏ ਮੰਗਦਾ ਸੀ।
ਜਦ ਕਦੇ ਰਾਤ ਨੂੰ ਇਕ ਅੱਧਾ ਬੱਦਲ ਅਸਮਾਨ ਵਿਚ ਅਠਖੇਲੀਆਂ ਕਰਦਾ ਤਾਂ ਮੰਜਿਆਂ 'ਤੇ ਪਏ ਕਿਸਾਨਾਂ ਦੇ ਹਿਰਦੇ "ਫੜੱਕ-ਫੜੱਕ" ਵੱਜਦੇ। ਜਾਨ ਸਹਿ-ਸਹਿ ਕਰਦੀ। ਪ੍ਰਾਣ ਮੁੱਠੀ ਵਿਚ ਆ ਜਾਂਦੇ। ਭਾਵੇਂ ਝੋਨੇ ਦੇ ਬਚਾ ਲਈ ਜੱਟਾਂ ਨੇ ਤਰਪਾਲਾਂ ਬਗੈਰਾ ਲਿਆ ਰੱਖੀਆਂ ਸਨ। ਪਰ ਬਹੁਤੇ ਮੀਂਹ ਦਾ ਡਰ ਉਹਨਾਂ ਦੇ ਪੈਰਾਂ ਹੇਠਲੀ ਜ਼ਮੀਨ ਖਿਸਕਾਉਂਦਾ ਸੀ। ਕੌਡੀ ਧੜਕ-ਧੜਕ ਪੈਂਦੀ ਸੀ।
ਰਾਤ ਨੂੰ ਬਲਿਹਾਰ ਸਿੰਘ ਨੇ ਮੰਡੀ ਵਿਚ ਪਏ ਹੋਰ ਕਿਸਾਨ ਇਕੱਠੇ ਕਰ ਲਏ। ਦੁਖੀ ਸਾਰੇ ਹੀ ਸਨ। ਸਾਰੇ ਬੜੀ ਤੇਜ਼ੀ ਨਾਲ ਇਕੱਤਰ ਹੋ ਗਏ।
-"ਯਾਰੋ ਲੋਹੜਾ ਆ ਗਿਆ-ਪੁੱਤਾਂ ਮਾਂਗੂੰ ਪਾਲੇ ਝੋਨੇ ਨੂੰ ਕੋਈ ਪੁੱਛਦਾ ਈ ਨਹੀਂ।" ਬਲਿਹਾਰ ਸਿੰਘ ਪਿੱਟਿਆ।
-"ਨੱਕ ਬੁੱਲ ਈ ਮਾਰੀ ਜਾਂਦੇ ਐ।"
-"ਕੋਈ ਗੱਲ ਤਾਂ ਦੱਸਣ-ਨਿੱਤ ਆਲੇ ਕੌਡੀ ਛਿੱਕੇ ਕੌਡੀ ਕਰ ਛੱਡਦੇ ਐ।" ਕੋਈ ਹੋਰ ਫੱਟਿਆ ਕੁਰਲਾਇਆ।
-"ਬਾਣੀਏਂ ਤਾਂ ਸਾਲੇ ਲਾ ਕੇ ਕੰਨ ਨੂੰ ਕੋਹੜ ਕਿਰਲਾ ਜਿਆ-ਦੰਦੀਆਂ ਜੀਆਂ ਕੱਢੀ ਜਾਣਗੇ।" ਇਕ ਨੂੰ ਆੜ੍ਹਤੀਏ 'ਤੇ ਬਹੁਤਾ ਰੰਜ ਸੀ। ਉਹ ਹਮੇਸ਼ਾ ਟੈਲੀਫੋਨ ਨੂੰ ਹੀ ਚਿੰਬੜਿਆ ਰਹਿੰਦਾ ਸੀ।
-"ਆਪਾਂ ਕੱਲ੍ਹ ਨੂੰ ਕਰੜੇ ਹੋ ਕੇ ਬਾਣੀਏਂ ਨਾਲ ਗੱਲ ਤਾਂ ਕਰੀਏ?"
-"ਤੇ ਹੋਰ! ਇਉਂ ਤਾਂ ਮੰਡੀ 'ਚ ਈ ਬੁੜ੍ਹੇ ਹੋਜਾਂਗੇ ਭੈੜ੍ਹਿਆ।"
-"ਘਰ ਦੇ ਓਦੂੰ ਆਨੇ ਕੱਢਦੇ ਐ।"
-"ਕੱਲ੍ਹ ਨੂੰ ਕਰਾੜ ਦੇ ਗਿੱਟਿਆਂ ਨੂੰ ਪਓ ਝੁੱਟੀ ਲੈ ਕੇ-ਸਾਲਾ ਸਾਰਿਆਂ ਨੂੰ ਈ ਫੁੱਦੂ ਬਣਾਈ ਜਾਂਦੈ।" ਕਿਸੇ ਦੀ ਘੁੱਟ ਲੱਗੀ ਹੋਈ ਸੀ।
-"ਜਿਮੇਂ ਕਿਸੇ ਮਰਾਸੀ ਨੇ ਕਿਹਾ ਸੀ: ਜੇ ਜੱਟ ਨਾ ਹੁੰਦਾ ਬੰਦਿਆਂ ਨੂੰ ਵਾਹੀ ਕਰਨੀ ਪੈਂਦੀ-ਇਹ ਜੱਟ ਨੂੰ ਤਾਂ ਬੰਦਾ ਈ ਨ੍ਹੀ ਸਮਝਦੇ ਛੋਕਰੀ ਦੇਣੇ।"
-"ਆਪਾਂ ਅੰਨ ਨੀ ਖਾਂਦੇ?"
-"ਹੁਣ ਸੌਵੋਂ-ਕੱਲ੍ਹ ਨੂੰ ਆੜ੍ਹਤੀਏ ਕੋਲ ਚੱਲਾਂਗੇ।" ਬਲਿਹਾਰ ਸਿੰਘ ਦੇ ਆਖਣ 'ਤੇ ਸਾਰੇ ਸੌਣ ਤੁਰ ਗਏ। ਵੱਖੋ-ਵੱਖਰੇ ਪਿੰਡਾਂ ਦੇ ਕਿਸਾਨ ਮੰਡੀ ਵਿਚ ਇਕ ਤਰ੍ਹਾਂ ਨਾਲ ਸਕੇ ਭਰਾ ਬਣੇ ਬੈਠੇ ਸਨ। ਦੁਖ-ਸੁਖ ਦੇ ਹਾਮੀਂ!
ਤੜਕੇ ਚਾਹ ਪੀ ਕੇ ਸਾਰੇ ਆੜ੍ਹਤੀਏ ਕੋਲ ਨੂੰ ਜੱਥਾ ਬਣਾ ਕੇ ਤੁਰ ਪਏ। ਇਕੱਠੇ ਹੋਏ ਕਿਸਾਨ ਦੇਖ ਕੇ ਸੇਠ ਦੇ ਦਿਮਾਗ ਨੇ ਖ਼ਤਰੇ ਦੀਆਂ ਘੰਟੀਆਂ ਵਜਾਉਣੀਆਂ ਸ਼ੁਰੂ ਕਰ ਦਿੱਤੀਆਂ। ਕੂਹਣੀ ਹੇਠ ਪਿਆ ਗੋਲ ਸਿਰਹਾਣਾ ਹੁੱਝਾਂ ਮਾਰਦਾ ਪ੍ਰਤੀਤ ਹੋਇਆ ਅਤੇ ਹੇਠਲੀ ਗੱਦੀ ਚੂੰਢੀਆਂ ਵੱਢਦੀ ਲੱਗੀ।
-"ਸਾਸਰੀਕਾਲ ਸਰਦਾਰ ਜੀ!" ਉਹ ਉਠ ਕੇ ਚੱਪਲ ਪਾਉਂਦਾ ਬੋਲਿਆ।
-"ਸੇਠ ਜੀ-!" ਬਲਿਹਾਰ ਸਿੰਘ ਨੂੰ ਸੇਠ ਦੇ ਮੱਥੇ 'ਤੇ ਲੱਗਿਆ ਤਿਲਕ ਡਰਾਉਣਾ-ਡਰਾਉਣਾ ਜਿਹਾ ਲੱਗਿਆ। ਸਿ਼ਵ ਜੀ ਮਹਾਰਾਜ ਦੇ ਤਿਰਸ਼ੂਲ ਵਰਗਾ!
-"ਸਾਨੂੰ ਸਾਨੂੰ ਹੋਰ ਕਿੰਨਾ ਕੁ ਹੈਰਾਨ ਕਰੋਂਗੇ?"
-"ਰਾਮ ਬੋਲੋ ਸਰਦਾਰੋ! ਮੈਂ ਥੋਨੂੰ ਹੈਰਾਨ ਕਾਹਨੂੰ ਕਰਦੈਂ-ਸਹੁੰ ਦੇਵੀ ਮਾਤਾ ਦੀ-ਇੰਸਪੈਕਟਰ ਈ ਨਹੀਂ ਬੋਲੀ ਲਾਉਂਦਾ-ਮੇਰੇ ਦੱਸੋ ਸਰਦਾਰੋ ਕੀ ਵੱਸ ਐ?"
-"ਫੇਰ ਅਸੀਂ ਐੱਲਸਪੈਲਟਰ ਆਲਾ ਬੁਘਤੂ ਵਜਾਈਏ? ਮਹੀਨਾ ਹੋ ਗਿਆ ਮੂੰਹ ਅੱਲੀਂ ਦੇਖਦਿਆਂ ਨੂੰ-।"
-"ਰਾਮ ਬੋਲੋ ਸਰਦਾਰੋ! ਇੰਸਪੈਕਟਰ ਬੜਾ ਕੰਜਰ ਕੁੱਤੈ-ਸਹੁੰ ਲਾਟਾਂ ਆਲੀ ਦੀ-ਪੁਲਸ ਉਹਦੀ ਬੜੀ ਮੰਨਦੀ ਐ-ਦੇਖਿਓ ਕਿਤੇ ਸਰਦਾਰੋ ਕੋਈ ਪੰਗਾ ਲੈ ਲੈਂਦੇ-ਬਜਰੰਗ ਬਲੀ ਭਲੀ ਕਰੇ-ਥੋਡੇ ਨਾਲ ਈ ਮੈਂ ਮਾਰਿਆ ਜਾਊਂ-ਹਾੜ੍ਹੇ! ਕੋਈ ਪੰਗਾ ਨਾ ਖੜ੍ਹਾ ਕਰ ਲਇਓ!" ਸੇਠ ਨੇ ਹੱਥ ਜੋੜੇ। ਉਸ ਦੇ ਚੋਪੜੇ ਪਟੇ ਕੰਡੇਰਨਿਆਂ ਵਾਂਗ ਖੜ੍ਹ ਗਏ ਸਨ। ਉਸ ਨੇ ਦੁਹਾਈ ਦਿੱਤੀ।
-"ਵਿਚੇ ਪੁਲਸ ਤੁਰੀ ਫਿਰੂ!"
-"ਮਰਦੇ ਤਾਂ ਕੁਛ ਕਰਾਂਗੇ ਈ।"
-"ਤੂੰ ਤਾਂ ਸੇਠਾ ਪਰਾਉਠੇ ਲੈਨੈ ਖਾਅ ਤੇ ਰਾਤ ਨੂੰ ਤੀਮੀਂ ਦੀ ਤੰਬੀ 'ਚ ਵੜ ਜਾਨੈ-ਠੰਢ 'ਚ ਤਾਂ ਰਾਤ ਨੂੰ ਅਸੀਂ ਮਰਦੇ ਐਂ-ਘਰਆਲੀ ਦੇ ਦਰਸ਼ਣ ਕੀਤੇ ਨੂੰ ਮਹੀਨਾ ਹੋ ਗਿਆ-।" ਕਿਸੇ ਨੇ ਕਿਹਾ।
-"ਸੇਠ ਤੀਮੀਂ ਤਾਂ ਤੈਨੂੰ ਦੇਣੋਂ ਰਿਹਾ।"
-"ਤੀਮੀਂ ਜੱਟ ਕੋਲੇ ਛੱਡ ਕੇ ਇਹਨੇ ਮਰਵਾਉਣੀ ਐਂ?"
ਹਾਸੜ ਪੈ ਗਈ।
-"ਸੇਠਾ ਤੀਮੀਂ ਲਕੋ ਕੇ ਰੱਖਿਆ ਕਰ! ਜੱਟ ਮਹੀਨੇ ਦੇ ਹਲਕੇ ਫਿਰਦੇ ਐ।"
-"ਜੇ ਰਾਤ ਬਰਾਤੇ ਹੱਥ ਆ ਗਈ-ਜੱਟ ਜੋਤਾ ਲਾ ਕੇ ਈ ਉੱਤਰੂ-ਫੇਰ ਨਾ ਕਹੀਂ ਦੱਸਿਆ ਨੀ-ਤੇਰੀ ਖੇਡ ਜੀ ਵੀ ਖਰਾਬ ਹੋਜੂ।"
-"ਨਾਲੇ ਥੋਡੀਆਂ ਤਾਂ ਹੁੰਦੀਆਂ ਵੀ ਕੱਚ ਦਾ ਸਮਾਨ ਈ ਐਂ।"
ਫਿਰ ਹਾਸੜ ਮੱਚ ਗਈ।
ਸੇਠ ਵੀ ਕੱਚਾ ਜਿਹਾ ਹੋਇਆ ਹੱਸਣ ਲੱਗ ਪਿਆ। ਉਂਜ ਉਸ ਦਾ ਦਿਲ ਥਾਵੇਂ ਆ ਗਿਆ ਸੀ। ਜੱਟਾਂ ਦੇ ਹਾਸੇ-ਮਖੌਲ ਨੇ ਉਸ ਦਾ ਡਰ ਕੁਝ ਹੱਦ ਤੱਕ ਲਾਹ ਮਾਰਿਆ ਸੀ।
-"ਤੁਸੀਂ ਹੋਰ ਈ ਪਾਸੇ ਤੁਰ ਪਏ? ਕੋਈ ਕੰਮ ਦੀ ਗੱਲ ਵੀ ਕਰ ਲਓ!" ਬਲਿਹਾਰ ਸਿੰਘ ਨੇ ਕਿਹਾ।
ਸਾਰੇ ਚੁੱਪ ਕਰ ਗਏ।
-"ਸੇਠਾ! ਫੇਰ ਅਸੀਂ ਝੋਨਾ ਚੱਕ ਕੇ ਲੈ ਜਾਈਏ?" ਬਲਿਹਾਰ ਸਿੰਘ ਨੇ ਇਕ ਤਰ੍ਹਾਂ ਨਾਲ ਸੇਠ ਦੀ ਪੂਛ ਨੂੰ ਹੱਥ ਪਾ ਲਿਆ।
-"ਰਾਮ ਬੋਲੋ ਸਰਦਾਰੋ! ਜੱਟ ਆੜ੍ਹਤੀਏ ਬਿਨਾ ਤੇ ਆੜ੍ਹਤੀਆ ਜੱਟ ਬਿਨਾ ਨਹੀਂ ਜੀਅ ਸਕਦਾ-ਤੁਸੀਂ ਇੰਜ ਕਰੋ! ਇਕ ਸਿਆਣਾ ਬੰਦਾ ਅੰਦਰ ਆ ਕੇ ਮੇਰੀ ਗੱਲ ਸੁਣ ਲਵੋ-ਸਹੁੰ ਦੇਵੀ ਦੀ ਥੋਡੇ ਨਾਲੋਂ ਕਸੂਤਾ ਮੈਂ ਫ਼ਸਿਐਂ ਮੇਰੇ ਆਰ!"
-"ਜਿਹੜੇ ਤੈਨੂੰ ਕਮਲੇ ਲੱਗਦੇ ਐ-ਤੂੰ ਈ ਦੱਸਦੇ-।" ਇਕ ਬੋਲਿਆ।
-"ਬਬਲੀ--! ਉਏ ਬਬਲੀ---!" ਸੇਠ ਨੇ ਆਪਣੇ ਨੌਕਰ ਨੂੰ ਅਵਾਜ਼ਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ।
-"ਹਾਂ ਬਾਬੂ ਜੀ?"
-"ਉਏ ਕਿੱਥੇ ਮਰ ਗਿਆ ਸੀ ਤੂੰ?"
-"ਮੈਂ ਖਾਲੀ ਬੋਰੀਆਂ ਗਿਣਦਾ ਸੀ ਜੀ!"
-"ਤੂੰ ਇਉਂ ਕਰ-ਆਹ ਬੰਦੇ ਗਿਣ ਤੇ ਫ਼ੌਜੀ ਨੂੰ ਚਾਹ ਆਖ ਕੇ ਆ-।"
-"'ਕੱਲੀ ਚਾਹ ਨਾਲ ਸੇਠਾ ਸਾਡਾ ਪਿੱਤਾ ਸਾੜਨੈਂ? ਕੁਛ ਨਾਲ ਵੀ ਮੰਗਵਾ ਲੈ।"
-"ਉਏ ਕੁਛ ਖਾਣ ਨੂੰ ਵੀ ਫੜੀ ਆਈਂ---!"
-"ਚੰਗਾ ਬਾਬੂ ਜੀ!"
-"ਸਰਦਾਰੋ-ਤੁਸੀਂ ਬਾਹਰ ਬੈਠੋ-ਤੇ ਸਰਦਾਰ ਬਲਿਹਾਰ ਸਿਆਂ ਤੂੰ ਅੰਦਰ ਆ ਕੇ ਮੇਰੀ ਗੱਲ ਸੁਣ।"
-"ਚਲੋ ਬਈ! ਸਾਰੇ ਕਮਲੇ ਬਾਹਰ ਚੱਲੋ!" ਇਕ ਨੇ ਕਿਹਾ ਤਾਂ ਬਲਿਹਾਰ ਸਿੰਘ ਤੋਂ ਇਲਾਵਾ ਸਾਰੇ ਹੱਸਦੇ ਬਾਹਰ ਆ ਗਏ।
ਸੇਠ ਅਤੇ ਬਲਿਹਾਰ ਸਿੰਘ ਪਿਛਲੇ ਅੰਦਰ ਚਲੇ ਗਏ। ਅੰਦਰੋਂ ਖਲ ਅਤੇ ਗੁੜ ਦੀ ਰਲਵੀਂ-ਮਿਲਵੀਂ ਬੂਅ ਆ ਰਹੀ ਸੀ।
-"ਸਰਦਾਰ ਬਲਿਹਾਰ ਸਿਆਂ-ਸਹੁੰ ਬਜਰੰਗ ਬਲੀ ਦੀ-ਇਕ ਸੱਚੀ ਗੱਲ ਸੁਣ ਲੈ-ਤੇ ਜੇ ਮੈਂ ਝੂਠ ਬੋਲਾਂ ਸਹੁੰ ਦੇਵੀ ਮਾਤਾ ਦੀ ਕੋਹੜ ਹੋਵੇ-ਇੰਸਪੈਕਟਰ ਬੋਰੀ ਮਗਰ ਪੰਜ ਰੁਪਏ ਮੰਗਦੈ-ਤਾਂ ਹੀ ਬੋਲੀ ਨਹੀਂ ਲਾਉਂਦਾ-ਦੱਸੋ ਮੈਂ ਕਿਹੜੇ ਖੂਹ 'ਚ ਜਾਵਾਂ? ਆਪਾਂ ਤਾਂ ਸਰਦਾਰਾ ਨਿੱਤ ਵਰਤਣੈਂ-ਉਹ ਤਾਂ ਬੋਰੀ ਮਗਰ ਪੰਜ ਰੁਪਈਏ ਲੈ ਕੇ ਘਰੇ ਵੱਜੂ?"
-"ਨ੍ਹੇਰ ਸਾਈਂ ਦਾ-ਬੋਰੀ ਮਗਰ ਪੰਜ ਰੁਪਈਏ? ਇਹ ਤਾਂ ਲੋਹੜੈ ਸੇਠਾ! ਬੋਰੀ ਮਗਰ ਪੰਜ ਰੁਪਈਏ ਤਾਂ ਸਾਲੇ ਜੱਟ ਨੂੰ ਨੀ ਬਚਦੇ! ਇਹ ਮੇਰਾ ਸਾਲਾ ਐੱਲਸਪੈਲਟਰ ਮੁਖਤੋ-ਮੁਖਤੀ 'ਚ ਈ ਕੁਹਾੜਾ ਚੱਕੀ ਫਿਰਦੈ ਖਲਪਾੜਾਂ ਕਰਨ ਆਸਤੇ---!" ਬਲਿਹਾਰ ਸਿੰਘ ਝੂਠਾ ਜਿਹਾ ਹੋ ਗਿਆ।
-"ਸਰਦਾਰਾ, ਤੇਰੇ ਮੇਰੇ ਸੰਨ੍ਹ ਰੱਬ ਐ-ਬੋਲੀ ਮੈਂ ਅੱਜ ਈ ਲੁਆ ਦਿੰਨੈਂ-ਪਰ ਬਾਹਰ ਬੈਠਿਆਂ ਦੀ ਜਿ਼ੰਮੇਵਾਰੀ ਤੂੰ ਲੈਣੀ ਐਂ-ਜੇ ਮੈਂ ਇਕ ਪੈਸਾ ਵਿਚੋਂ ਖਾਵਾਂ-ਗਊ ਦੀ ਰੱਤ ਬਰਾਬਰ ਐ।"
-"------।" ਬਲਿਹਾਰ ਸਿੰਘ ਦੇ ਪੈਰ ਘੁਕਣ ਲੱਗ ਪਏ। ਚਿਹਰੇ ਤੋਂ ਹਵਾਈਆਂ ਉਡੀਆਂ। ਕਿਸਾਨ ਦਿਨ-ਦਿਹਾੜੇ, ਸ਼ਰੇ-ਬਜ਼ਾਰ ਲੁੱਟੇ ਅਤੇ ਪੁੱਟੇ ਜਾ ਰਹੇ ਸਨ।
-"ਸਰਦਾਰ ਬਲਿਹਾਰ ਸਿਆਂ-ਸਹੁੰ ਲਾਟਾਂ ਆਲੀ ਦੀ-ਸੌ ਹੱਥ ਰੱਸਾ ਸਿਰੇ 'ਤੇ ਗੰਢ-ਚਾਹੇ ਮਹੀਨਾ ਹੋਰ ਬੈਠੇ ਰਹੋ-ਬੋਲੀ ਕਿਸੇ ਨੇ ਨਹੀਂ ਲਾਉਣੀ-ਆਖਰ ਨੂੰ ਤਾਂ ਅੱਕ ਚੱਬਣਾ ਈ ਪੈਣੈਂ-।"
-"ਇਉਂ ਕਿਸਾਨ ਦੀ ਕੰਗਰੋੜ ਕਿੰਨਾ ਕੁ ਚਿਰ ਭਾਰ ਚੱਕੂ ਸੇਠਾ? ਕੁੱਬੇ ਤਾਂ ਅੱਗੇ ਈ ਹੋਏ ਪਏ ਆਂ-ਜੇ ਜੱਟ ਊਂ ਈ ਬੁਰਾ ਲੱਗਦੈ-ਇਕ ਦਿਨ ਈ ਗੋਲੀ ਮਾਰ ਕੇ ਪਰਾਂਹ ਕਰੋ! ਫਾਹਾ ਮੁੱਕੇ!" ਬਲਿਹਾਰ ਸਿੰਘ ਕਮਲਿਆਂ ਵਾਂਗ ਬੋਲਿਆ। ਉਹ ਵਿਤੋਂ ਬਾਹਰ ਹੋਇਆ ਖੜ੍ਹਾ ਸੀ।
-"ਰਾਮ ਬੋਲ ਸਰਦਾਰਾ-ਤੂੰ ਮੈਨੂੰ ਸਮਝਿਆ ਨਹੀਂ! ਜੱਟ ਦੇ ਗੋਲੀ ਮਾਰਨ ਤੋਂ ਪਹਿਲਾਂ ਆੜ੍ਹਤੀਆ ਆਬਦੇ ਨਾ ਗੋਲੀ ਮਾਰ ਲਊ? ਜੇ ਜੱਟ ਈ ਮਰ ਗਿਆ-ਸਮਝੋ ਬਾਣੀਆਂ ਤਾਂ ਪਹਿਲਾਂ ਮਰ ਗਿਆ! ਬਾਣੀਏਂ ਨੂੰ ਤਾਂ ਸਰਦਾਰਾ ਸਾਹ ਈ ਜੱਟ ਵਿਚ ਦੀ ਆਉਂਦੈ-ਜੱਟ ਜਿਉਂਦੈ ਤਾਂ ਬਾਣੀਆਂ ਜਿਉਂਦੈ-ਜੇ ਜੱਟ ਈ ਮਰ ਗਿਆ ਤਾਂ ਬਾਣੀਆਂ ਤਾਂ ਉਸ ਤੋਂ ਪਹਿਲਾਂ ਖਤਮ।"
-"-----।" ਬਲਿਹਾਰ ਸਿੰਘ ਚੁੱਪ ਹੋ ਗਿਆ। ਬਾਣੀਆਂ ਆਪਣੀਆਂ ਗੱਲਾਂ ਦਾ ਚੱਲਦਾ ਜਾਦੂ ਪ੍ਰਤੱਖ ਦੇਖ ਰਿਹਾ ਸੀ। ਉਸ ਨੇ ਹੌਂਸਲਾ ਫੜ ਲਿਆ। ਬੁੱਧੂ ਜੱਟ ਉਸ ਦੀਆਂ ਚੋਪੜੀਆਂ ਗੱਲਾਂ ਦਾ ਕਾਇਲ ਹੋਇਆ ਖੜ੍ਹਾ ਸੀ। ਘਾਗ ਕਰਾੜ ਦੇ ਬੋਲਾਂ ਦੇ ਤੀਰ ਉਸ ਦੇ ਸਾਰ-ਪਾਰ ਹੀ ਤਾਂ ਲੰਘ ਗਏ ਸਨ। ਨਿਸ਼ਾਨੇ 'ਤੇ 'ਠਾਹ' ਵੱਜੇ ਸਨ।
-"ਸੋਚ ਕਰ ਸਰਦਾਰਾ-ਐਥੇ ਬੈਠੇ ਓਂ-ਘਰੇ ਕੰਮ ਦਾ ਨੁਕਸਾਨ ਹੁੰਦੈ-ਬਜਰੰਗ ਬਲੀ ਭਲੀ ਕਰੇ-ਜੇ ਮੀਂਹ ਕਣੀਂ ਆ ਗਿਆ-ਪੰਜ ਸੱਤ ਕੁਆਂਟਲ ਝੋਨਾ ਰੁੜ ਗਿਆ-ਨੁਕਸਾਨ ਫੇਰ ਵੀ ਆਪਦਾ-ਜੇ ਅਨਾਜ ਗਿੱਲਾ ਹੋ ਗਿਆ-ਫੇਰ ਵਕਤਾਂ ਨੂੰ ਫੜੇ ਸੁਕਾਉਂਦੇ ਫਿਰੋਂਗੇ-ਤੁਸੀਂ ਆਪ ਦੁਖੀ-ਪਿੱਛੇ ਘਰਦੇ ਪ੍ਰੇਸ਼ਾਨ-ਨੁਕਸਾਨ ਵਾਧੂ ਦਾ-ਇਮਾਨ ਨਾਲ-ਜੇ ਮੇਰੀ ਮੰਨੋਂ-ਬੋਰੀ ਮਗਰ ਪੰਜਾਂ ਰੁਪਈਆਂ ਦੀ ਥਾਂ ਚਾਰ ਕਰਵਾ ਦਿੰਨੈ-ਵੇਚ ਕੇ ਬੇਫਿਕਰ ਹੋਵੋ-ਇੰਸਪੈਕਟਰ ਮੇਰੀ ਮਾੜੀ ਮੋਟੀ ਸੁਣਦੈ-ਨਾਲੇ ਜਿਹੜਾ ਜੱਟਾਂ ਸਿਰ ਕਰਜਾ ਐ-ਉਹ ਵੀ ਦਿਨੋਂ ਦਿਨ ਵਧਦੈ-ਘਟਦਾ ਨਹੀਂ ਸਰਦਾਰਾ--!"
-"------।" 'ਕਰਜ਼ੇ' ਦੇ ਨਾਂ 'ਤੇ ਬਲਿਹਾਰ ਸਿੰਘ ਠਰ ਗਿਆ। ਕਰਜ਼ਾ ਉਸ ਨੇ ਵੀ ਆੜ੍ਹਤੀਏ ਤੋਂ ਚੁੱਕਿਆ ਹੋਇਆ ਸੀ।
-"ਸਰਦਾਰੋ-ਸਿਆਣੇ ਆਖਦੇ ਹੁੰਦੇ ਐ-ਰੇੜੀ ਆਲਾ ਸਾਰਾ ਕਰਜਾਈ ਤੇ ਬੋਤੇ ਆਲਾ ਅੱਧਾ-ਗਧੇ ਆਲਾ ਸਭ ਤੋਂ ਚੰਗਾ ਵੱਟਿਆ ਸੋ ਪੱਲੇ ਬੱਧਾ-ਸਮਝ ਗਿਆ? ਪੈਸੇ ਜੇਬ 'ਚ ਤੇ ਗਧਾ ਰੂੜੀ 'ਤੇ-ਨਾ ਖਰਚਾ ਨਾ ਬਰਚਾ।"
-"------।"
-"ਧਰਮ ਈਮਾਨ ਨਾਲ ਕਹਿੰਨੈ ਸਰਦਾਰਾ-ਜੇ ਕਦੇ ਵੀ ਕਿਸੇ ਤਰ੍ਹਾਂ ਦੀ ਮੱਦਦ ਦੀ ਲੋੜ ਪਈ ਤਾਂ ਅੱਖਾਂ ਮੀਚ ਕੇ ਆਜੀਂ-ਜੇ ਜਵਾਬ ਦੇਵਾਂ-ਕੋਹੜ੍ਹੀ ਹੋਵਾਂ-ਪਰ ਇਹ ਗੱਲ ਬਾਹਰਲਿਆਂ ਨੂੰ ਨਾ ਪਤਾ ਲੱਗੇ-ਸਹੁੰ ਦੇਵੀ ਦੀ ਤੇਰੇ ਮੇਰੇ ਸੰਨ੍ਹ ਰੱਬ ਐ-ਹੁਣ ਸਾਰਿਆਂ ਦੀ ਡੋਰ ਤੇਰੇ ਹੱਥ ਐ-ਮੈਨੂੰ ਕਦੇ ਪ੍ਰਤਿਆ ਕੇ ਦੇਖੀਂ ਮੇਰੇਆਰ-ਜੇ ਸੇਰ ਦਾ ਸਵਾ ਸੇਰ ਨਾ ਪੂਰਾ ਉਤਰਾਂ ਤਾਂ ਬਾਬੂ ਸਾਧੂ ਰਾਮ ਦਾ ਪੁੱਤਰ ਨਾ ਜਾਣੀਂ-ਇਹ ਤੇਰਾ ਮੇਰਾ ਬਚਨ ਐਂ ਸਰਦਾਰਾ-ਬਚਨ ਤੋਂ ਫਿਰਾਂ-ਨਰਕ ਨੂੰ ਜਾਵਾਂ।" ਚਤਰ ਲੂੰਬੜ ਸੇਠ ਨੇ ਬੂਝੜ ਜੱਟ ਨੂੰ ਗੱਲਾਂ ਦੇ ਨਾਗਵਲ ਵਿਚ ਜਕੜ ਗਿਆ ਸੀ।
-"----।" ਬਲਿਹਾਰ ਸਿੰਘ ਦੀਆਂ ਅੱਖਾਂ ਪਥਰਾਈਆਂ ਹੋਈਆਂ ਸਨ। ਉਹ ਬਾਣੀਏਂ ਦੀ ਵਾੜ ਵਿਚ ਬਿੱਲਾ ਫ਼ਸਿਆ ਖੜ੍ਹਾ ਸੀ। ਉਸ ਦੇ ਪੈਰ ਮਜ਼ਬੂਰੀਆਂ ਦੀਆਂ ਜ਼ੰਜ਼ੀਰਾਂ ਨਾਲ ਜਕੜੇ ਹੋਏ ਸਨ। ਉਹ ਚਾਹੁੰਦਾ ਹੋਇਆ ਵੀ ਕਿਧਰੇ ਦੌੜ ਨਹੀਂ ਸਕਦਾ ਸੀ। ਸੇਠ ਉਸ ਦਾ ਵੇਲੇ-ਕੁਵੇਲੇ ਦਾ ਮੱਦਦਗਾਰ ਸੀ। ਜੱਟ ਦੀ ਸੇਠ ਬਿਨਾ ਕੋਈ ਜੂਨ ਨਹੀਂ ਸੀ। ਮੱਕੇ ਤੋਂ ਪਰ੍ਹੇ ਉਜਾੜ ਸੀ। ਜੇ ਝੋਨਾ ਨਹੀਂ ਵਿਕਦਾ ਸੀ ਤਾਂ ਕਰਜ਼ਾ ਕਿੱਥੋਂ ਮੁੜਨਾ ਸੀ? ਜੇ ਕਰਜ਼ਾ ਨਹੀਂ ਮੁੜਦਾ ਸੀ ਤਾਂ ਅੱਗੋਂ ਕੋਈ ਮੱਦਦ ਦੀ ਆਸ ਨਹੀਂ ਸੀ। ਗੁਰੂ ਬਿਨਾ ਗਤ ਨਹੀਂ ਤੇ ਸ਼ਾਹ ਬਿਨਾ ਪਤ ਨਹੀਂ। ਕੱਲ੍ਹ ਨੂੰ ਕੁੜੀਆਂ ਦੇ ਵਿਆਹ ਵੀ ਕਰਨੇ ਐਂ। ਵੈਸੇ ਵੀ ਗੁੜ-ਚਾਹ ਹੀ ਲੋਟ ਨਹੀਂ ਆਉਂਦੇ।
-"ਕਿਹੜੀਆਂ ਸੋਚਾਂ 'ਚ ਪੈ ਗਿਆ ਸਰਦਾਰਾ? ਆ ਚੱਲੀਏ! ਬਹੁਤਾ ਸੋਚਣ ਨਾਲ ਸਿਹਤ ਖਰਾਬ ਹੋ ਜਾਂਦੀ ਐ-ਮਾਤਾ ਰਾਣੀਂ ਭਲੀ ਕਰੂ।"
ਬਲਿਹਾਰ ਸਿੰਘ ਸੋਚਾਂ ਦੇ ਸਮੁੰਦਰ 'ਚੋਂ ਪਰਤਿਆ। ਸੇਠ ਉਸ ਨੂੰ ਬੱਚੇ ਵਾਂਗ ਉਂਗਲ ਜਿਹੀ ਲਾ ਕੇ ਬਾਹਰ ਲੈ ਆਇਆ।
ਬਾਹਰ ਬੈਠੇ ਜੱਟ ਚਾਹ ਨਾਲ ਸਮੋਸੇ ਖਾਂਦੇ, ਲਾਚੜੇ ਬੈਠੇ ਸਨ। ਉਹਨਾਂ ਨੂੰ ਕੀ ਪਤਾ ਸੀ ਕਿ ਉਹਨਾਂ ਦਾ ਹੀ ਛਿੱਤਰ ਖੁਦ ਉਹਨਾਂ ਦੇ ਸਿਰ ਵਿਚ ਹੀ ਵੱਜਣ ਵਾਲਾ ਸੀ।
-"ਆ ਜਾਹ! ਆ ਜਾਹ ਬਲਿਹਾਰ ਸਿਆਂ-ਖਾ ਲੈ ਤੂੰ ਵੀ ਸੇਠ ਦੇ ਸਮੋਸੇ।" ਇਕ ਨੇ ਕਿਹਾ। ਉਸ ਦੀ 'ਟੁੱਚ-ਟੁੱਚ' ਦੂਰ ਤੱਕ ਸੁਣਦੀ ਸੀ।
-"ਛੇਠ ਵੀ ਕਦੇ ਕਦੇ ਈ ਲੱਤ ਹੇਠ ਆਉਂਦੇ ਐ।"
ਬਲਿਹਾਰ ਸਿੰਘ ਕਹਿਣ ਤਾਂ ਲੱਗਿਆ ਸੀ: ਥੋਨੂੰ ਤਾਂ ਕਮਲਿਓ ਜੱਟੋ ਇਹ ਰੰਬੇ ਨਾਲ ਵੱਢਣ ਨੂੰ ਤਿਆਰ ਖੜ੍ਹੇ ਐ। ਥੋਡੀ ਧੌੜੀ ਵੀ ਲਾਹੁੰਣਗੇ ਤੇ ਪਤਾ ਵੀ ਨਹੀਂ ਲੱਗਣ ਦੇਣਗੇ। ਇਹ ਘੰਡੀ ਵੀ ਘਸਾ ਕੇ ਵੱਢਣਗੇ ਤੇ 'ਮਿਆਂਕ' ਵੀ ਨਹੀਂ ਨਿਕਲਣ ਦਿੰਦੇ।
-"ਬਬਲੀ--! ਉਏ ਬਬਲੀ---!"
-"ਹਾਂ ਬਾਬੂ ਜੀ?"
-"ਬਲਿਹਾਰ ਸਿਉਂ ਲਈ ਵੀ ਚਾਹ ਤੇ ਸਮੋਸੇ ਲੈ ਕੇ ਆ-ਜਲਦੀ ਕਰ!"
-"ਨਹੀਂ ਬਾਬੂ ਜੀ-ਮੈਂ ਨਹੀਂ ਖਾਣੇ।" ਉਸ ਨੇ ਸੇਠ ਨੂੰ ਪਹਿਲੀ ਵਾਰ 'ਬਾਬੂ ਜੀ' ਕਿਹਾ ਸੀ।
-"ਸਹੁੰ ਦੇਵੀ ਦੀ-ਕਿਹੜੀ ਗੱਲ ਕਰ ਦਿੱਤੀ ਬਲਿਹਾਰ ਸਿਆਂ? ਆਪਾਂ ਕਾਣੀਂ ਵੰਡ ਥੋੜ੍ਹੋ ਕਰਨੀ ਐਂ?"
-"ਕਿਤੇ ਛੇਠ ਨੇ ਅੰਦਰ ਛੇਠਾਣੀਂ ਤੋਂ ਪਰੌਂਠੇ ਤਾਂ ਨ੍ਹੀ ਖੁਆਤੇ?" ਇਕ, ਸਮੋਸੇ ਨੂੰ ਅੰਗੂਠੇ ਨਾਲ ਇੰਜ ਅੰਦਰ ਧੱਕ ਰਿਹਾ ਸੀ, ਜਿਵੇਂ ਸੇਵੀਆਂ ਵੱਟਣ ਵਾਲੀ ਮਸ਼ੀਨ ਵਿਚ ਆਟਾ ਧੱਕੀਦੈ!
-"-----।" ਪਰ ਬਲਿਹਾਰ ਸਿੰਘ ਚੁੱਪ ਸੀ। ਉਸ ਦੇ ਸਿਰ ਅੰਦਰ ਤੋਪਾਂ ਚੱਲੀ ਜਾ ਰਹੀਆਂ ਸਨ। ਜਿਸ ਕਾਰਨ ਉਹ 'ਬੋਲਾ' ਹੋਇਆ ਖੜ੍ਹਾ ਸੀ।
-"ਸੇਠਾ ਅੱਜ ਦਾਰੂ ਬੱਤਾ ਵੀ ਪਿਆਵੇਂਗਾ?" ਇਕ ਨੇ ਪਲੇਟ ਪਾਸੇ ਰੱਖਦਿਆਂ ਟਾਂਚ ਕੀਤੀ। ਗੱਲ ਕਰਦੇ ਦੀਆਂ ਉਸ ਦੀਆਂ ਮੁੱਛਾਂ, ਅੰਗੂਠੇ ਵਾਂਗ ਹਿੱਲ ਰਹੀਆਂ ਸਨ।
-"ਦਾਰੂ? ਦਾਰੂ ਥੋਡੇ ਨਾਲੋਂ ਚੰਗੀ ਐ ਬੁੱਕਣ ਸਿਆਂ? ਦਾਰੂ ਜਿੰਨੀ ਮਰਜੀ!"
-"ਰਾਜੇ ਦੀ ਘੋੜੀ ਵੀ ਕਦੇ ਕਦੇ ਈ ਸੂੰਦੀ ਐ-ਅੱਜ ਮੁੰਨ ਲਵੋ ਸੇਠ ਨੂੰ ਜਿੰਨਾ ਮੁੰਨਿਆਂ ਜਾਂਦੈ।" ਦੂਜੇ ਨੇ ਪਿਆਲੀ ਵਿਚਲੀ ਚਾਹ ਦੂਰ ਡੋਲ੍ਹਦਿਆਂ ਕਿਹਾ, "ਫੇਰ ਇਹ ਢਾਕ ਹੇਠਾਂ ਨਹੀਂ ਆਉਣਾ!"
ਬਲਿਹਾਰ ਸਿੰਘ ਚੁੱਪ ਸੀ। ਉਹ ਕਹਿਣਾ ਚਾਹੁੰਦਾ ਸੀ: ਥੋੜਾ ਚਿਰ ਅੜਕੋ ਤੇ ਫੇਰ ਦੇਖਿਓ ਕਿਹੜਾ ਖੜ੍ਹਾ ਕੜੋਤਾ ਹੀ ਮੁੰਨਿਆਂ ਜਾਂਦੈ!
ਬਲਿਹਾਰ ਸਿੰਘ ਲਈ ਚਾਹ ਅਤੇ ਸਮੋਸੇ ਆ ਗਏ। ਪਰ ਉਸ ਦਾ ਕਿਸੇ ਚੀਜ਼ ਨੂੰ ਦਿਲ ਨਹੀਂ ਕਰਦਾ ਸੀ। ਉਸ ਅੰਦਰ ਕੁਰਲਾਹਟ ਮੱਚਿਆ ਹੋਇਆ ਸੀ। ਕੰਨਾਂ ਵਿਚ ਬੋਲੇ ਬੱਦਲ ਗਰਜ਼ ਰਹੇ ਸਨ।
-"ਛਕ ਬਲਿਹਾਰ ਸਿਆਂ-ਚੁੱਪ ਜਿਆ ਕਾਹਨੂੰ ਬੈਠੈਂ ਮੇਰੇਆਰ!" ਸੇਠ ਦੇ ਆਖਣ 'ਤੇ ਬਲਿਹਾਰ ਸਿੰਘ ਨੇ ਚਾਹ ਪੀਣੀ ਸ਼ੁਰੂ ਕਰ ਦਿੱਤੀ। ਚਾਹ ਉਸ ਨੂੰ ਲਹੂ ਦੀਆਂ ਘੁੱਟਾਂ ਪ੍ਰਤੀਤ ਹੋ ਰਹੀ ਸੀ।
-"ਸਮੋਸਾ ਵੀ ਲੈ ਮੇਰੇਆਰ! ਅੱਡ ਹੋਣ ਆਲੀਆਂ ਗੱਲਾਂ ਕਾਹਨੂੰ ਕਰਦੈਂ?" ਸੇਠ ਨੇ ਪਲੇਟ ਉਸ ਦੇ ਅੱਗੇ ਕਰ ਦਿੱਤੀ। ਪਲੇਟ ਵਿਚ ਪਏ ਦੋ ਸਮੋਸੇ ਉਸ ਨੂੰ 'ਹੈਂਡ-ਗਰਨੇਡਾਂ' ਵਰਗੇ ਜਾਪੇ। ਉਸ ਨੇ ਅੱਖਾਂ ਮੀਟ ਕੇ ਚਾਹ ਨਾਲ ਅੰਦਰ ਸੁੱਟ ਲਏ।
ਜਦੋਂ ਉਹ ਵਿਹਲਾ ਹੋਇਆ ਤਾਂ ਸੇਠ ਸਾਰਿਆਂ ਨੂੰ ਸੰਬੋਧਨ ਹੋਇਆ।
-"ਸਰਦਾਰੋ! ਹੁਣ ਤੁਸੀਂ ਸਾਰੇ ਆਪਣੀਆਂ ਢੇਰੀਆਂ ਕੋਲ ਚਲੇ ਜਾਵੋ-ਸਰਦਾਰ ਬਲਿਹਾਰ ਸਿੰਘ ਨੂੰ ਮੈਂ ਸਾਰੀ ਘਾਣੀ ਸਮਝਾ ਦਿੱਤੀ ਐ-ਇਹ ਸਾਰੀ ਘਾਣੀ ਤੁਹਾਨੂੰ ਦੱਸ ਦਿਊਗਾ-ਬੋਲੀ ਹੋ ਜਾਊਗੀ-ਫਿਕਰ ਨਾ ਕਰੋ-ਆਪਾਂ ਸਾਰੇ ਇਕੋ ਈ ਪੰਜਾਲੀ ਦੇ ਬਲਦ ਐਂ-ਜਿਵੇਂ ਮੈਂ ਅੱਗੇ ਵੀ ਬਲਿਹਾਰ ਸਿੰਘ ਨੂੰ ਕਿਹੈ-ਬਈ ਜੱਟ ਦਾ ਬਾਣੀਏਂ ਬਿਨਾ ਤੇ ਬਾਣੀਏਂ ਦਾ ਜੱਟ ਬਿਨਾ ਕੋਈ ਵਾਲੀ ਵਾਰਸ ਨਹੀਂ-ਦੋਨਾਂ ਦਾ ਈ ਇਕ ਦੂਜੇ ਬਿਨਾ ਨਹੀਂ ਸਰਦਾ-ਕਈ ਆਰੀ ਹਾਲਾਤ ਈ ਕੁਛ ਐਹੋ ਜਿਹੇ ਹੋ ਜਾਂਦੇ ਐ ਸਰਦਾਰੋ-ਬਈ ਬੰਦੇ ਦੇ ਗਲਘੋਟੂ ਫਸ ਜਾਂਦੈ-ਕਈ ਆਰੀ ਸਾਨੂੰ ਐਹੋ ਜਿਹੀਆਂ ਗੱਲਾਂ ਨਾਲ ਸਮਝੌਤਾ ਕਰਨਾ ਪੈ ਜਾਂਦੈ-ਜਿਹਨਾਂ ਨੂੰ ਸਾਡਾ ਜਮਾ ਈ ਮਨ ਨਹੀਂ ਮੰਨਦਾ-ਥੋਡੀ ਤੇ ਮੇਰੀ ਸ਼ਾਹ-ਰਗ ਇਕ ਐ!"
-"-----।"
-"ਸਰਦਾਰ ਬਲਿਹਾਰ ਸਿੰਘ ਨੂੰ ਸਾਰਾ ਕੁਛ ਮੈਂ ਦੱਸ ਦਿੱਤੈ-ਇਹ ਥੋਨੂੰ ਦੱਸ ਦੇਵੇਗਾ-ਮੈਂ ਥੋਡਾ ਭਰਾ ਹਾਂ-ਕੋਈ ਦੁਸ਼ਮਣ ਨਹੀਂ! ਪਹਿਲਾਂ ਥੋਡੇ ਬਜੁਰਗ ਮੇਰੇ ਬਾਬੂ ਜੀ ਹੋਰਾਂ ਨਾਲ ਵਰਤਦੇ ਰਹੇ-ਹੁਣ ਆਪਾਂ ਵਰਤ ਰਹੇ ਆਂ-ਮਾਤਾ ਰਾਣੀ ਇਸੇ ਤਰ੍ਹਾਂ ਈ ਰੱਖੇ-ਬਬਲੀ--! ਉਏ ਬਬਲੀ---!"
-"ਹਾਂ ਬਾਬੂ ਜੀ?"
-"ਪਿਆਲੀਆਂ ਤੇ ਪਲੇਟਾਂ 'ਕੱਠੀਆਂ ਕਰ!" ਸੇਠ ਵੱਲੋਂ ਉਹਨਾਂ ਨੂੰ ਅਸਿੱਧੇ ਤੌਰ 'ਤੇ ਜਾਣ ਦਾ ਇਸ਼ਾਰਾ ਸੀ।
ਬਬਲੀ ਨੇ ਭਾਂਡੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ।
ਜੱਟ ਚਿੱਤੜ ਝਾੜਦੇ ਆਪਦੀਆਂ-ਆਪਦੀਆਂ ਢੇਰੀਆਂ ਨੂੰ ਹੋ ਤੁਰੇ। ਬਲਿਹਾਰ ਸਿੰਘ ਮਾੜੇ ਗੱਡੇ ਵਾਂਗ ਚੂਕ-ਚੂਕ ਤੁਰਦਾ ਸੀ। ਗੱਲ ਕਿੱਥੋਂ ਅਤੇ ਕਿਵੇਂ ਸ਼ੁਰੂ ਕਰੇ? ਇਸ ਗੱਲ ਦਾ ਉਸ ਨੂੰ 'ਲੱਲ' ਨਹੀਂ ਲੱਗ ਰਿਹਾ ਸੀ। ਗੱਲ ਦਾ ਸਿਰਾ ਨਹੀਂ ਮਿਲ ਰਿਹਾ ਸੀ। ਝੋਨੇ ਦੇ ਢੇਰ ਦੇਖ ਕੇ ਉਸ ਨੂੰ ਹੌਲ ਪਈ ਜਾ ਰਹੇ ਸਨ, ਜਿਹੜੇ ਬਘਿਆੜ੍ਹਾਂ ਨੇ ਹੀ ਡਕਾਰ੍ਹ ਜਾਣੇ ਸਨ। ਦਿਨ-ਰਾਤ ਸੱਪਾਂ ਦੀਆਂ ਸਿਰੀਆਂ ਕਿਸਾਨ ਮਿੱਧਦਾ ਸੀ, ਫ਼ਸਲ ਆਉਣ 'ਤੇ ਪਰੋਸਣ ਲਈ ਇੰਸਪੈਕਟਰ ਵਰਗੇ ਜਮਦੂਤ ਤਿਆਰ ਹੋ ਜਾਂਦੇ ਸਨ। ਸ਼ੇਰਾਂ ਦੀਆਂ ਮਾਰੀਆਂ ਮਾਰਾਂ 'ਤੇ ਇਕ ਤਰ੍ਹਾਂ ਨਾਲ ਗਿੱਦੜ ਕਲੋਲਾਂ ਕਰਦੇ ਸਨ।
ਕਿਸਾਨ ਬਲਿਹਾਰ ਸਿੰਘ ਦੁਆਲੇ ਇਕੱਠੇ ਹੋ ਗਏ ਤਾਂ ਉਸ ਦਾ ਲੇਰ ਮਾਰਨ ਨੂੰ ਦਿਲ ਕੀਤਾ। ਪਰ ਫਿਰ ਉਸ ਨੇ ਸਾਰਾ ਸਾਹਸ ਇਕੱਠਾ ਕੀਤਾ। ਸੱਚਾਈ ਤੋਂ ਭੱਜ ਕੇ ਉਹ ਜਾ ਵੀ ਕਿਹੜੇ ਜੰਗਲ ਵਿਚ ਸਕਦਾ ਸੀ?
-"ਸੁਣੋਂ ਬਈ ਕਿਸਾਨ ਭਰਾਵੋ! ਨੇੜੇ ਆ ਜਾਓ!" ਉਹ ਚੰਘਿਆੜ ਮਾਰਨ ਵਾਂਗ ਬੋਲਿਆ।
ਸਾਰੇ ਨੇੜੇ ਆ ਗਏ।
ਕਿਸਾਨ ਭਰਾਵਾਂ ਦੇ ਉਜੜੇ-ਵੈਰਾਨ ਚਿਹਰੇ ਜਿਵੇਂ ਉਸ ਨੂੰ ਖਾਣ ਨੂੰ ਆ ਰਹੇ ਸਨ। ਡਰਾਉਂਦੇ ਸਨ।
-"ਸੇਠ ਆਖਦੈ-।" ਉਸ ਨੇ ਸਾਹ-ਸਤ ਵਰੋਲਦਿਆਂ ਜਿਹਾ ਕਿਹਾ।
-"ਬਈ ਮੇਰੀ ਕਰਾੜੀ ਲੈਜੋ ਤੇ ਝੋਨਾ ਛੱਡਜੋ!" ਇਕ ਨੇ ਗੱਲ ਕੱਟੀ ਤਾਂ ਸਾਰੇ ਹੱਸ ਪਏ।
-"ਤੁਸੀਂ ਗੱਲ ਘੱਟੇ ਨਾ ਪਾਓ!"
-"ਹੱਸ ਫੇਰ ਲਇਓ।" ਕਈ ਅਵਾਜਾਂ ਉਠੀਆਂ।
-"ਫੇਰ ਹੱਸ ਲਇਓ-ਚਾਹੇ ਰੋ ਲਇਓ-ਸੇਠ ਕਹਿੰਦੈ ਬਈ ਐੱਲਸਪੈਲਟਰ ਬੋਲੀ ਨਹੀਂ ਲਾਉਂਦਾ-ਬੋਰੀ ਮਗਰ ਪੰਜ ਰੁਪਈਏ ਮੰਗਦੈ।"
-"------!" ਇਕ ਸੰਨਾਟਾ ਛਾ ਗਿਆ।
ਸਾਰਿਆਂ ਦੇ ਮੂੰਹ ਵਿਚ ਜਿਵੇਂ ਕਿੱਲਾ ਠੁਕ ਗਿਆ ਸੀ। ਸੇਠ ਦੀ ਪੀਤੀ ਚਾਹ ਅਤੇ ਖਾਧੇ ਸਮੋਸੇ ਬਾਹਰ ਨੂੰ ਆਉਣ ਲੱਗੇ। ਸਰੀਰ ਨੂੰ ਅਜੀਬ ਜਿਹੀ ਅੱਚਵੀ ਲੱਗ ਗਈ।
-"ਸੇਠ ਨੇ ਇਹ ਵੀ ਆਖਿਐ-ਬਈ ਐੱਲਸਪੈਲਟਰ ਮੇਰੀ ਮਾੜੀ ਮੋਟੀ ਸੁਣਦੈ-ਮੈਂ ਬੋਰੀ ਮਗਰ ਪੰਜਾਂ ਰੁਪਈਆਂ ਦੀ ਥਾਂ ਚਾਰ ਰੁਪਈਏ ਕਰਵਾ ਸਕਦੈਂ-ਹੁਣ ਹੱਸੀ ਚੱਲੋ-ਚਾਹੇ ਰੋਈ ਚੱਲੋ!" ਆਖ ਕੇ ਬਲਿਹਾਰ ਸਿੰਘ ਸੁਰਖ਼ਰੂ ਹੋ ਗਿਆ।
-"------।" ਸਾਰਿਆਂ ਨੂੰ ਸੁਹਾਵਣੇ ਮੌਸਮ ਵਿਚ ਵੀ ਤਲਖੀ ਆਉਣ ਲੱਗ ਪਈ। ਸੇਠ ਦੀ ਚਾਹ ਅੰਦਰ ਜਵਾਲਾ-ਮੁਖੀ ਵਾਂਗ ਉਬਲਣ ਲੱਗੀ।
-"ਪੀ ਲਓ ਸੇਠ ਦੀ ਚਾਹ।" ਇਕ ਬੋਲਿਆ।
-"ਖਾ ਲਓ ਸਮੋਸੇ।"
-"ਚੁੱਘ ਲਓ ਸੇਠ ਜੀ ਦਾ ਮੁੰਮਾਂ!"
-"ਫੜ ਲਓ ਬੈਂਗਣ!"
-"ਇਹ ਕਰਾੜ ਮੇਰੇ ਸਾਲੇ ਪੈਸੇ ਬਿਨਾ ਰੱਬ ਨੂੰ ਮੱਥਾ ਨ੍ਹੀ ਟੇਕਦੇ।"
-"ਇਹ ਸਕੇ ਬਾਪੂ ਦੇ ਨਹੀਂ ਹੁੰਦੇ-ਥੋਡੇ ਕਿੱਥੋਂ ਬਣਨਗੇ?" ਬੁੱਕਣ ਬੋਲਿਆ।
-"ਤੂੰ ਤਾਂ ਉਹਤੋਂ ਦਾਰੂ ਬੱਤਾ ਭਾਲਦਾ ਸੀ।"
-"ਮੈਨੂੰ ਕੀ ਪਤਾ ਸੀ ਕਪਾਲ 'ਚ ਇੱਟ ਮਾਰੂ? ਮੈਂ ਤਾਂ ਹੱਸਦਾ ਸੀ।"
-"ਤੇਰੇ ਭਾਅ ਦਾ ਬਈ ਚਾਹ ਆਪਾਂ ਕਰਾੜ ਦੀ ਪੀਤੀ ਐ?"
-"ਉਏ ਕਮਲਿਓ ਜੱਟੋ!" ਬਲਿਹਾਰ ਸਿੰਘ ਕੁਰਲਾਇਆ।
-"ਇਹ ਤਾਂ ਥੋਡਾ ਈ ਸਿਰ ਤੇ ਥੋਡੇ ਈ ਛਿੱਤਰ ਐ-ਜਿੰਨੇ ਮਰਜੀ ਐ ਖਾਈ ਚੱਲੋ---!" ਉਸ ਨੇ ਹਵਾ ਵਿਚ ਹੱਥ ਹਿਲਾਅ ਕੇ ਦੁਹਾਈ ਦਿੱਤੀ।
-"------।" ਜਿਵੇਂ ਸਾਰਿਆਂ ਦੀ ਜੇਬ ਕੱਟੀ ਗਈ ਸੀ। ਉਹ ਠੱਗੇ-ਠੱਗੇ ਜਿਹੇ ਝਾਕ ਰਹੇ ਸਨ।
-"ਇਕ ਗੱਲ ਜਰੂਰ ਐ-।" ਇਕ ਨੇ ਢੇਰੀ 'ਤੇ ਡਿੱਗਦਿਆਂ ਕਿਹਾ।
ਸਾਰਿਆਂ ਨੇ ਕੰਨ ਚੁੱਕ ਲਏ। ਉਹ ਤਿਰਮਚੀ ਵਾਂਗ ਸਿ਼ਸ਼ਤ ਬੰਨ੍ਹੀ ਖੜ੍ਹੇ ਸਨ।
-"ਮਰਦਿਆਂ ਨੂੰ ਕੋਈ ਅੱਕ ਜਰੂਰ ਚੱਬਣਾ ਪਊ।"
-"ਲੋਹੇ 'ਤੇ ਲਕੀਰ ਐ।"
-"ਪਰ ਇਉਂ ਤਾਂ ਲੱਗੇ ਈ ਨੀ ਮੁੜਨੇ।"
-"ਇਉਂ ਕਰਦੇ ਐਂ-।" ਇਕ ਨੇ ਕਿਹਾ ਤਾਂ ਬਾਕੀਆਂ ਨੇ ਬੱਤਖਾਂ ਵਾਂਗ ਧੌਣਾਂ ਉਧਰ ਨੂੰ ਉਗੀਸ ਲਈਆਂ।
-"ਇਥੋਂ ਝੋਨਾ ਚੱਕੋ ਤੇ ਨਿਹਾਲੇ ਆਲੇ ਮੰਡੀ 'ਚ ਲਿਜਾ ਸਿੱਟੋ!"
-"ਲਓ ਜੀ! ਅਖੇ ਪੱਟਿਆ ਪਹਾੜ ਤੇ ਨਿਕਲਿਆ ਚੂਹਾ।"
-"ਮੁਰਦਾ ਬੋਲੂ ਖੱਫਣ ਪਾੜੂ।"
-"ਨ੍ਹਾ ਉਥੇ ਕੋਈ ਹੋਰ ਰੱਬ ਐ?"
-"ਕਿਸਾਨ ਜਿੱਥੇ ਮਰਜੀ ਐ ਭੱਜ ਲਵੇ-ਬੁੱਚੜਾਂ ਦੀਆਂ ਰੰਬੀਆਂ ਤਿੱਖੀਆਂ ਕਰ ਕੇ ਰੱਖੀਆਂ ਵੀਐਂ-ਜੇ ਧੌਣ ਨਾ ਲਾਹੁੰਣਗੇ ਤਾਂ ਖੱਲ ਤਾਂ ਜਰੂਰ ਉਧੇੜਨਗੇ।"
-"ਤੇ ਉਹ ਵੀ ਪੁੱਠੀ!"
-"ਪਰ ਯਾਰੋ! ਇਕ ਗੱਲ ਹੋਰ ਐ-।" ਇਕ ਬਜੁਰਗ ਨੇ ਗੱਲ ਸ਼ੁਰੂ ਕੀਤੀ। ਉਸ ਦਾ ਬੁਝਿਆ ਚਿਹਰਾ ਝੁਲਸਿਆ ਜਿਹਾ ਪਿਆ ਸੀ। ਅੱਖਾਂ ਕੱਠਫੋੜੇ ਦੀ ਖੱਡ ਵਾਂਗ ਡੂੰਘੀਆਂ ਸਨ।
-"ਜੇ ਆਪਾਂ ਸੋਚੀਏ-ਅੱਜ ਆਪਾਂ ਨੂੰ ਪੰਦਰਾਂ ਦਿਨ ਹੋਗੇ ਬੈਠਿਆਂ ਨੂੰ-ਨਿੱਤ ਈ ਸੋਚਦੇ ਐਂ ਬਈ ਬੋਤੇ ਦਾ ਬੁੱਲ੍ਹ ਅੱਜ ਵੀ ਡਿੱਗੂ-ਅੱਜ ਵੀ ਡਿੱਗੂ-।"
-"----।"
-"ਪਰ ਖਸਮਾਂ ਨੂੰ ਖਾਣਾ ਇਹ ਡਿੱਗਦਾ ਅਜੇ ਵੀ ਨ੍ਹੀ ਦੀਂਹਦਾ! ਜੱਟ ਦੀ ਹਰ ਰੋਜ ਘੱਟੋ ਘੱਟ ਪੰਜਾਹਾਂ ਰੁਪਈਆਂ ਦੀ ਦਿਹਾੜੀ ਮਰਦੀ ਐ-ਕਰਜਾ ਸਿਰ 'ਤੇ ਸੱਪ ਮਾਂਗੂੰ ਜੀਭਾਂ ਕੱਢ ਕੱਢ ਕੇ ਡਰਾਉਂਦੈ-ਜਿਣਸ ਮੰਡੀ 'ਚ ਰੁਲੀ ਜਾਂਦੀ ਐ-ਘਰੋਂ ਸੌਦਾ ਪੱਤਾ ਮੁੱਕਿਆ ਪਿਐ-।"
-"ਜੱਟ ਨੂੰ ਅੱਤੜਪੁਣਾ ਜਮਾਂ ਈ ਨੀ ਪੁਗਦਾ-ਮੇਰੀ ਮੰਨੋਂ ਤਾਂ ਕਰਾੜ ਦੀ ਗੱਲ ਮੰਨ ਕੇ ਬੋਰੀ ਮਗਰ ਚਾਰ ਰੁਪਈਏ ਇਲਸਪਲੱਟਰ ਨੂੰ ਦੇ ਕੇ ਮੱਥਾ ਡੰਮ੍ਹੋ ਤੇ ਬੋਲੀ ਲਗਵਾਓ।"
-"ਤੇਰਾ ਕੀ ਖਿਆਲ ਐ ਬਾਬਾ ਬਈ ਹੁਣ ਅਸੀਂ ਨੀਕਰਾਂ ਲਾਹ ਕੇ ਕੁੱਤੇ ਕਰਾੜ ਮੂਹਰੇ ਕੋਡੇ ਹੋ ਜਾਈਏ?" ਦਾਰੂ-ਬੱਤੇ ਦਾ ਸ਼ੌਕੀਨ ਬੁੱਕਣ ਬੋਲਿਆ। ਕਈ ਦਿਨਾਂ ਤੋਂ ਨਹਾਤਾ ਨਾ ਹੋਣ ਕਰਕੇ, ਗਰਦ ਨਾਲ ਉਹ ਦੁਸਿਹਰੇ 'ਤੇ ਸਾੜੇ 'ਰਾਵਣ' ਵਰਗਾ ਲੱਗਦਾ ਸੀ।
-"ਹੁਣ ਬੋਂਡੀ ਤਾਂ ਬਣਨੋ ਰਹੇ।"
-"ਡੀਜਲ ਢੋਂਹਦਿਆਂ ਸਿਰ 'ਚ ਅੱਟਣ ਪੈ ਗਏ ਬਾਬਾ-ਹੁਣ ਜਿਣਸ ਸਿੱਟ ਕੇ ਭੱਜ ਜਾਈਏ?"
-"ਬਹੁੜੀ ਉਏ ਰੱਬਾ ਮੇਰਿਆ! ਜਿਣਸ ਸਾਡੀ ਤੇ ਫੈਸਲੇ ਕਰਾੜ ਕਰਦੇ ਐ?"
-"ਲੋਹੜ੍ਹਾ ਨ੍ਹੀ? ਜੱਟ ਨੂੰ ਦਿਨ ਦਿਹਾੜੇ ਲੁੱਟੀ ਜਾਂਦੇ ਐ!"
-"ਹੋਰ ਦੱਸੋ ਕਰੋਂਗੇ ਕੀ?" ਬਾਬੇ ਨੇ ਬੇਥਵਾ ਸੁਆਲ ਮੱਥੇ 'ਚ ਮਾਰਿਆ ਤਾਂ ਸਾਰੇ ਬੇਸੁਰਤਾਂ ਵਾਂਗ ਇਕ ਦੂਜੇ ਵੱਲ ਝਾਕਣ ਲੱਗ ਪਏ। ਉਹ ਰੋਹੀ-ਬੀਆਬਾਨ ਦੇ ਹਨ੍ਹੇਰੇ ਵਿਚ ਹੱਥ-ਪੈਰ ਮਾਰ ਰਹੇ ਸਨ। ਕੋਈ ਰਸਤਾ ਨਜ਼ਰ ਨਹੀਂ ਆਉਂਦਾ ਸੀ।
-"ਤੁਸੀਂ ਚਾਹੇ ਪੰਦਰਾਂ ਦਿਨਾਂ ਦੀ ਥਾਂ ਮਹੀਨਾ ਹੋਰ ਬੈਠੇ ਰਹੋ ਮੰਡੀ 'ਚ-ਕਰਾੜ ਦੇ ਕੰਨੋਂ ਮੈਲ ਨੀ ਜਾਂਦੀ-ਉਹ ਤਾਂ ਚੋਪੜੀਆਂ ਖਾ ਕੇ ਕਰਾੜੀ ਦੀਆਂ ਟੰਗਾਂ ਚੱਕ ਛੱਡਦੈ-।"
-"ਹਾਥੀ ਜਿਉਂਦਾ ਲੱਖ ਦਾ ਤੇ ਮਰਿਆ ਸਵਾ ਲੱਖ ਦਾ-ਕਰਾੜਾਂ ਦੀ ਤਾਂ ਚਾਂਦੀ ਐ-ਜਦੋਂ ਮਰਜੀ ਐ ਖਰੀ ਕਰ ਲੈਣ-ਜੇ ਮੀਂਹ ਪੈ ਗਿਆ-ਫੇਰ ਬੈਠੇ ਝੋਨਾ ਸੁਕਾਉਂਦੇ ਰਿਹੋ-ਫੇਰ ਇਹ ਹੋਰ ਨੱਕ ਬੁੱਲ੍ਹ ਮਾਰਨਗੇ-ਅੱਧਿਓਂ ਡੂੜ੍ਹ ਵੀ ਨੀ ਨਿਬੜਨਾ-ਬਹੁਤਾ ਖਾਂਦੇ-ਖਾਂਦੇ ਥੋੜਿਓਂ ਵੀ ਝੱਗਾ ਝਾੜਲਾਂਗੇ।"
-"-----।" ਸਾਰਿਆਂ ਨੂੰ ਸੀਤ ਚੜ੍ਹ ਗਿਆ। ਬਾਬੇ ਦੀਆਂ ਨਿੱਗਰ ਦਲੀਲਾਂ ਨੇ ਉਹਨਾਂ ਨੂੰ ਕੋਈ ਫ਼ੈਸਲਾ ਲੈਣ ਲਈ ਮਜਬੂਰ ਕਰ ਦਿੱਤਾ ਸੀ।
ਪਿੰਡੋਂ ਰੋਟੀਆਂ ਪੁੱਜਣੀਆਂ ਸ਼ੁਰੂ ਹੋ ਗਈਆਂ।
ਪਰ ਰੋਟੀ ਖਾਣ ਨੂੰ ਕਿਸੇ ਦੀ ਵੱਢੀ ਰੂਹ ਨਹੀਂ ਕਰਦੀ ਸੀ। ਉਹਨਾਂ ਮੱਲੋਮੱਲੀ, ਧੱਕੇ ਨਾਲ ਰੋਟੀ ਅੰਦਰ ਸੁੱਟ ਲਈ। ਰੋਟੀ ਲੈ ਕੇ ਆਇਆਂ ਨੂੰ ਸਾਰਾ ਬਿਰਤਾਂਤ ਦੱਸ ਦਿੱਤਾ। ਦੁੱਖ ਰੋ ਲਏ। ਕਾਲਜੇ ਪਿੱਟ ਲਏ। ਰੋਟੀ ਲੈ ਕੇ ਆਏ ਵੀ ਦਿਲੋਂ ਦੁਖੀ, ਹੈਰਾਨ ਜਿਹੇ ਹੋਏ ਮੁੜ ਗਏ।
-"ਯਾਰ ਨਹਾਤਿਆਂ ਨੂੰ ਪੰਦਰਾਂ ਦਿਨ ਹੋ ਗਏ-ਸਿਰ ਗੁੜ ਮਾਂਗੂੰ ਜੁੜਿਆ ਪਿਐ।" ਇਕ ਨੇ ਪੱਗ ਲਾਹ ਕੇ ਸਿਰ ਖੁਰਕਿਆ ਨਹੀਂ, ਵੱਢਿਆ ਸੀ।
-"ਸਾਰੇ ਤੇਰੇ ਅਰਗੇ ਈ ਐਂ ਮਿੱਤਰਾ।" ਦੂਜਾ ਬੋਲਿਆ। ਉਸ ਦੇ ਵਾਲ ਸਪੋਲੀਆਂ ਵਾਂਗ ਸਾਅਫ਼ੇ ਹੇਠੋਂ ਝਾਕ ਰਹੇ ਸਨ।
-"ਅਸੀਂ ਕਿਹੜਾ ਨਿੱਤ ਕੱਚੀ ਲੱਸੀ ਨਾਲ ਨ੍ਹਾਉਨੇ ਐਂ ਜੁਆਨਾ?" ਬਾਬਾ ਆਪ ਪਿੰਡਾ ਖੁਰਚੀ ਜਾ ਰਿਹਾ ਸੀ। ਉਸੇ ਦੇ ਵੱਡੇ-ਵੱਡੇ ਨਹੁੰ ਖੰਘਰ ਹੋਏ ਮਾਸ 'ਤੇ ਰੰਦੇ ਵਾਂਗ ਫਿਰਦੇ ਸਨ। 'ਕਰਚ-ਕਰਚ' ਦੀ ਅਵਾਜ ਦੂਰ ਤੱਕ ਸੁਣਦੀ ਸੀ।
-"ਨ੍ਹਾਉਣ ਦਾ ਕਿਸੇ ਨੂੰ ਚੇਤੈ?" ਬਲਿਹਾਰ ਸਿੰਘ ਕਾਫ਼ੀ ਦੇਰ ਬਾਅਦ ਮੂੰਹੋਂ ਫੁੱਟਿਆ ਸੀ। ਉਸ ਦੀ ਦਾਹੜੀ ਵੀ ਸਣ ਵਾਂਗ ਉਲਝੀ ਪਈ ਸੀ।
ਆਥਣੇ ਜਿਹੇ ਉਹ ਦੋਸ਼ੀਆਂ ਵਾਂਗ ਸੇਠ ਦੇ ਜਾ ਹਾਜਰ ਹੋਏ। ਸਾਰਿਆਂ ਨੇ ਜ਼ਮੀਰ ਦਾ ਗਲਾ ਬੜਾ ਦੱਬ ਕੇ ਘੁੱਟਿਆ ਹੋਇਆ ਸੀ। ਮਨ ਅਤੇ ਆਤਮਾਂ ਇਕ ਦੂਜੇ ਨਾਲ ਗਾਲੋ-ਗਾਲੀ ਹੋਈ ਜਾ ਰਹੇ ਸਨ। ਉਹਨਾਂ ਅੰਦਰ ਇਕ ਚੁੱਪ, ਪਰ ਘਮਸਾਨ ਦਾ ਯੁੱਧ ਛਿੜਿਆ ਹੋਇਆ ਸੀ।
-"ਆਓ ਸਰਦਾਰੋ-ਜੀ ਆਇਆਂ ਨੂੰ--!"
-"ਬੈਠੋ! ਸਹੁੰ ਮਾਤਾ ਰਾਣੀ ਦੀ ਥੋਡੇ ਦਰਸ਼ਣ ਕਰਕੇ ਰੱਬ ਮਿਲ ਪੈਂਦੈ-ਬੈਠੋ! ਬਬਲੀ--! ਉਏ ਬਬਲੀ-!"
-"ਸੇਠਾ ਚਾਹ ਨਾ ਮੰਗਵਾਈਂ!" ਬਲਿਹਾਰ ਸਿੰਘ ਨੇ ਦੋ ਟੁੱਕ ਆਖਿਆ। ਉਹ ਅੱਕਿਆ ਪਿਆ ਸੀ।
-"ਕਿਉਂ? ਕਾਹਤੋਂ ਨਾ ਮੰਗਵਾਵਾਂ ਸਰਦਾਰ ਬਲਿਹਾਰ ਸਿਆਂ? ਰਾਮ ਭਲੀ ਕਰੇ! ਮੈਂ ਥੋਡਾ ਭਾਈ ਆਂ-ਸੇਵਾਦਾਰ ਆਂ-ਬੈਠ! ਸੁਆਰ ਕੇ ਬੈਠ!"
-"ਤੇਰੀ ਤੜਕੇ ਆਲੀ ਚਾਹ ਪੀ ਕੇ ਤਰ ਗਏ ਅਸੀਂ ਤਾਂ-ਉਹੀ ਨੀ ਲੋਟ ਆਈ ਅਜੇ ਤੱਕ।" ਬਾਬੇ ਨੇ ਆਖਿਆ।
-"ਭਗਵਾਨ ਤਾਰੂ ਆਪਾਂ ਨੂੰ ਤਾਂ-ਸਹੁੰ ਦੇਵੀ ਦੀ ਉਹੀ ਤਾਰੂ-ਤੁਸੀਂ ਚਾਹ ਨੂੰ ਨਾਂਹ ਨਾ ਕਰੋ-ਇਹ ਤਾਂ ਤੇਰ੍ਹਵਾਂ ਰਤਨ ਐਂ ਸਰਦਾਰਾ-ਉਏ ਬਬਲੀ--! ਚਾਹ ਆਖ ਕੇ ਆ ਹਰਾਮਜ਼ਾਦਿਆ--!"
ਬਬਲੀ ਬੰਦੇ ਗਿਣ ਕੇ ਤਿੱਤਰ ਹੋ ਗਿਆ।
-"ਭਗਵਾਨ ਤਾਂ ਥੋਨੂੰ ਲਾਲਿਆਂ ਨੂੰ ਈ ਤਾਰਦੈ ਸੇਠਾ! ਜੱਟਾਂ ਕੋਲੋਂ ਤਾਂ ਉਹਨੂੰ ਡਰ ਆਉਂਦੈ।"
-"ਲੈ! ਕਾਹਨੂੰ ਡਰ ਆਉਂਦੈ ਮੇਰੇਆਰ! ਭਗਵਾਨ ਤਾਂ ਭਗਵਾਨ ਈ ਹੁੰਦੈ!"
-"ਜਾਂ ਫਿਰ ਜੱਟਾਂ 'ਚੋਂ ਮੁਸ਼ਕ ਆਉਂਦਾ ਹੋਊ? ਤੁਸੀਂ ਤਾਂ ਨਿੱਤ ਬੋਦੀਆਂ ਚੋਪੜ ਕੇ ਰੱਖਦੇ ਐਂ-ਜੱਟ ਨੂੰ ਤਾਂ ਮਹੀਨਾ ਨ੍ਹਾਉਣ ਦਾ ਟੈਮ ਨ੍ਹੀ ਲੱਗਦਾ।" ਇਕ ਨੇ ਕੌੜ ਜਿਹਾ ਹੱਸ ਕੇ ਵਿਅੰਗ ਕਸਿਆ।
-"ਰਾਮ ਬੋਲੋ ਸਰਦਾਰੋ! ਰਾਮ ਬੋਲੋ! ਲਓ, ਚਾਹ ਆ ਗਈ-ਚਾਹ ਪੀਓ!"
-"ਛੇਠਾ ਚਾਹ ਤਾਂ ਸਾਡੇ ਲੰਘਣੀਂ ਨੀ!"
-"ਸੁੱਖੀ-ਸਾਂਦੀ ਲੰਘਣੀ ਕਿਉਂ ਨੀ-ਐਵੇਂ ਈ ਨ੍ਹੀ ਲੰਘਣੀਂ? ਲਓ ਫੜੋ!" ਆੜ੍ਹਤੀਏ ਨੇ ਅੱਡੋ-ਅੱਡੀ ਚਾਹ ਦੇ ਕੱਪ ਫੜਾਉਣੇ ਸ਼ੁਰੂ ਕਰ ਦਿੱਤੇ।
-"ਛੇਠਾ! ਸਾਡੀ ਦੁਹਾਈ ਐ-ਸਾਡੇ ਪਿਉ ਦੀ ਦੁਹਾਈ ਐ-ਹੁਣ ਸਾਨੂੰ ਹੋਰ ਨਾ ਕੋਹਲੂ 'ਚ ਪੀੜ-ਅਸੀਂ ਹੱਥ ਬੰਨ੍ਹ ਕੇ ਚਾਰ ਰੁਪਈਏ ਬੋਰੀ ਮਗਰ ਦੇਣ ਨੂੰ ਤਿਆਰ ਐਂ-ਮੇਰਾ ਵੀਰ ਹੁਣ ਤੂੰ ਇਲਸਪਲੱਟਰ ਤੋਂ ਬੋਲੀ ਲੁਆ ਦੇ।" ਬਾਬੇ ਨੇ ਵਿਆਈਆਂ ਪਾਟੇ ਵੱਡੇ-ਵੱਡੇ ਹੱਥ ਜੋੜ ਦਿੱਤੇ।
ਸੇਠ ਅੰਦਰ ਕੁਤਕੁਤੀ ਹੋਈ।
ਜੱਟ ਬੱਕਰੇ ਵਾਂਗ ਹਲਾਲ ਹੋਣ ਲਈ ਖ਼ੁਦ ਹਾੜ੍ਹੇ ਕੱਢ ਰਹੇ ਸਨ। ਸੇਠ ਦੀ ਛੁਰੀ ਵੀ ਤਿਆਰ ਹੀ ਸੀ।
-"ਸਰਦਾਰੋ! ਇੰਸਪੈਕਟਰ ਤਾਂ ਐਨਾ ਕੰਜਰ ਕੁੱਤੈ-ਪੰਜਾਂ ਤੋਂ ਹੇਠਾਂ ਈ ਨ੍ਹੀ ਸੀ ਉਤਰਦਾ! ਮੈਂ ਕਿਹਾ ਇਉਂ ਲੁੱਟ ਪਈ ਐ? ਇਉਂ ਮੈਂ ਆਬਦੇ ਜੱਟ ਭਰਾ ਕਿਵੇਂ ਲੁੱਟੀਦੇ ਦੇਖਲਾਂ? ਜਿਹਨਾਂ ਨਾਲ ਦਿਨ ਰਾਤ ਵਰਤਣੈਂ? ਐਹੋ ਜਿਹੇ ਕੰਜਰ ਕੁੱਤੇ ਇੰਸਪੈਕਟਰ ਨੂੰ ਤਾਂ ਦੇਵੀ ਮਾਤਾ ਪਟਕਾ-ਪਟਕਾ ਕੇ ਮਾਰੇ-ਉਹ ਤਾਂ ਸਰਦਾਰੋ ਮਹੀਨੇ ਨੂੰ ਆਬਦੇ ਸ਼ਹਿਰ ਜਾ ਵੱਜੂ-ਵਰਤਣਾ ਤਾਂ ਸਾਰੀ ਉਮਰ ਆਪਾਂ ਈ ਐ।"
-"ਸੇਠਾ! ਹੁਣ ਐੱਲਸਪੈਲਟਰ ਬੋਲੀ ਕਦੋਂ ਲਾਊ?" ਬਲਿਹਾਰ ਸਿੰਘ ਉਸ ਦੀ 'ਟੈਂ-ਟੈਂ' ਤੋਂ ਅੱਕ ਗਿਆ ਸੀ।
-"ਮੈਂ ਹੁਣੇ ਈ ਜਾ ਕੇ ਪਾਉਨੈ ਗਲ 'ਚ ਸਾਅਫਾ ਮੇਰੇਆਰ! ਭੱਜ ਕੇ ਜਾਊ ਕਿੱਥੇ? ਬਬਲੀ--! ਬਬਲੀ ਉਏ---!"
-"ਹਾਂ ਬਾਬੂ ਜੀ---?"
-"ਤੂੰ ਹਰਾਮਜ਼ਾਦਿਆ ਕਿਹੜੇ ਭੋਰੇ 'ਚ ਉਤਰ ਜਾਨੈਂ?"
-"ਮੈਂ ਬਾਬੂ ਜੀ ਸਕੂਟਰ ਸਾਫ ਕਰਦਾ ਸੀ।"
-"ਜਾਹ ਮਿੰਟੂ ਤੋਂ ਦੋ ਬੋਤਲਾਂ ਅੰਗਰੇਜੀ ਸ਼ਰਾਬ ਦੀਆਂ ਫੜ ਕੇ ਲਿਆ! ਕਹੀਂ ਬਾਬੂ ਜੀ ਨੇ ਮੰਗਵਾਈਐਂ-ਉਹਨੂੰ ਕਹੀਂ ਕਿਤੇ ਲੱਗੀ ਵੀ ਨਾ ਦੇ-ਦੇ।"
ਬਬਲੀ ਪੈਰ ਤੋਂ ਹੀ ਹਵਾ ਹੋ ਗਿਆ।
-"ਤੁਸੀਂ ਚਾਹ ਦਾ ਆਨੰਦ ਲਓ-ਮੈਂ ਕੰਜਰ ਕੁੱਤੇ ਇੰਸਪੈਕਟਰ ਕੋਲ ਹੋ ਆਵਾਂ।" ਤੇ ਸੇਠ ਦਿਲ ਵਿਚ ਬਿੱਲੀਆਂ ਬੁਲਾਉਂਦਾ, ਸਕੂਟਰ ਲੈ ਤੁਰ ਗਿਆ।
-"ਬੜੇ ਮੇਰੇ ਸਾਲੇ ਐ-ਛਿੱਲ ਵੀ ਲਾਹੁੰਦੇ ਐ-ਰੋਣ ਵੀ ਨੀ ਦਿੰਦੇ।" ਬੁੱਕਣ ਬੋਲਿਆ।
-"ਤੇਰਾ ਤਾਂ ਮੇਲਾ ਬਣ ਗਿਆ।"
-"ਜਾਂਦੇ ਚੋਰ ਦੀ ਤੜਾਗੀ ਈ ਸਹੀ!"
ਸਕੂਟਰ ਲੈ ਕੇ ਸੇਠ ਇੰਸਪੈਕਟਰ ਕੋਲ ਭੂਤ ਵਾਂਗ ਜਾ ਵੱਜਿਆ।
-"ਬਾਬੂ ਜੀ-ਜੱਟ ਤਾਂ ਐਨੇ ਸੂੰਮ ਐਂ-ਨਲੀ ਸੁਣਕਣਗੇ ਤਾਂ ਵੀ ਆਬਦੇ ਕੁੱਕੜਾਂ ਨੂੰ ਈ ਪਾਉਣਗੇ।"
-"ਬੋਰੀ ਮਗਰ ਤਿੰਨ ਰੁਪਈਏ ਦੁਆਦੇ-ਅੱਜ ਈ ਬੋਲੀ ਲਾ ਦਿੰਨੇ ਐਂ।" ਇੰਸਪੈਕਟਰ ਨੇ ਕਿਹਾ। ਤੰਦੂਰ ਢਿੱਡ ਕਰਕੇ ਉਹ ਔਖੇ-ਔਖੇ ਸਾਹ ਲੈ ਰਿਹਾ ਸੀ। ਭੈੜ੍ਹੀਆਂ ਜਿਹੀਆਂ ਨਾਸਾਂ 'ਚੋਂ ਸੀਟੀਆਂ ਵੱਜ ਰਹੀਆਂ ਸਨ।
-"ਕਿੱਥੇ ਬਾਬੂ ਜੀ! ਉਹ ਤਾਂ ਇਕ ਰੁਪਈਏ ਤੋਂ ਉਪਰ ਈ ਨੀ ਚੜ੍ਹਦੇ ਸੀ-ਵਿਸਕੀ ਦੀਆਂ ਦਸ ਬੋਤਲਾਂ ਦੇ ਕੇ-ਦੋ ਰੁਪਈਆਂ 'ਤੇ ਮਸਾਂ ਲਿਆਂਦੇ ਐ-ਤੁਸੀਂ ਚਾਹੇ ਠੇਕੇ ਆਲਿਆਂ ਨੂੰ ਫੋਨ ਕਰਕੇ ਪੁੱਛ ਲਓ-।" ਸੇਠ ਹੱਦੋਂ ਵੱਧ ਝੂਠ ਬੋਲ ਗਿਆ ਸੀ।
-"ਦੋ ਰੁਪਈਏ ਬੋਰੀ ਮਗਰ ਤਾਂ ਬਾਹਲੇ ਥੋੜੇ ਐ---।" ਬਾਬੂ ਨੇ ਲਮਕਾ ਕੇ ਜਿਹੇ ਕਿਹਾ।
-"ਦੇਖੋ ਬਾਬੂ ਜੀ-ਜੱਟਾਂ ਨਾਲ ਤਾਂ ਸਾਡਾ ਵਾਹ ਛੇਈਂ ਮਹੀਨੀਂ ਪੈਣੈਂ-ਆਪਾਂ ਤਾਂ ਰਾਮ ਭਲੀ ਕਰੇ ਨਿੱਤ ਵਰਤਣੈਂ-ਥੋਡੇ ਆਸਰੇ ਈ ਬੱਚੇ ਪਾਲਣੇ ਐ-ਕਰ ਦਿਓ ਕਿਰਪਾ-ਕਾਹਨੂੰ ਮੇਰੇ ਗਾਹਕ ਤੋੜਦੇ ਐਂ? ਕਿਸੇ ਵਿਆਹ ਸ਼ਾਦੀ ਤੁਹਾਡੀ ਸੇਵਾ ਕਰ ਦਿਆਂਗੇ-ਜੇ ਥੋਡੇ ਦੋ ਰੁਪਈਆਂ 'ਚੋਂ ਇਕ ਪੈਸੇ ਦਾ ਰਵਾਦਾਰ ਹੋਵਾਂ-ਗਊ ਦੀ ਰੱਤ ਪੀਵਾਂ-ਕਿਸੇ ਸਿਆਣੇ ਨੇ ਮੱਝ ਨਵੇਂ ਦੁੱਧ ਕਰਵਾਉਣ ਗਏ ਨੇ ਝੋਟੇ ਨੂੰ ਹੱਥ ਜੋੜ ਕੇ ਕਿਹਾ ਸੀ ਬਈ ਤੇਰਾ ਇੱਕ ਮਿੰਟ ਦਾ ਕੰਮ ਐਂ-ਸਾਡੇ ਜੁਆਕਾਂ ਦੀ ਸਾਲ ਦੀ ਲੱਸੀ ਐ।"
ਇੰਸਪੈਕਟਰ ਹੱਸ ਪਿਆ।
-"ਬਾਬੂ ਜੀ ਬਾਣੀਏਂ ਭਰਾ ਓਂ-ਕਰ ਦਿਓ ਰਹਿਮ! ਜੇ ਕਹੋਂ ਬੋਤਲ ਛੋਤਲ ਤੇ ਮੁਰਗਾ ਛੁਰਗਾ ਭਿਜਵਾ ਦਿੰਨੈਂ?" ਸੇਠ ਬਾਬੂ ਦੇ ਗੋਡੇ ਘੁੱਟਣ ਲੱਗ ਪਿਆ।
-"ਭੇਜ ਫੇਰ।" ਬਾਬੂ ਉਠ ਕੇ ਬੈਠ ਗਿਆ।
ਸੇਠ ਦੇ ਦਿਲ ਦੀ ਹੋ ਗਈ।
-"ਬੋਲੀ ਕਦੋਂ ਲਾਵੋਂਗੇ?" ਉਹ ਹੱਥ ਜੋੜੀ ਪੁੱਛ ਰਿਹਾ ਸੀ। ਜਿਵੇਂ ਬਾਬੂ ਹਨੂੰਮਾਨ ਦੇਵਤਾ ਸੀ।
-"ਕੱਲ੍ਹ ਨੂੰ ਈ ਲੈ।"
-"ਬੋਰੀ ਮਗਰ ਦੋ ਰੁਪਈਏ-ਠੀਕ ਐ ਜੀ?"
-"ਚੱਲ ਤੂੰ ਕਹਿੰਨੈ ਤਾਂ ਠੀਕ ਈ ਐ।"
-"ਥੋਨੂੰ ਕਿਤੋਂ ਹੋਰ ਖਟਾ ਦਿਆਂਗੇ।"
-"ਤੂੰ ਜੱਟਾਂ ਨਾਲ ਕਿੰਨੇ ਕੀਤੇ ਐ?"
-"ਬਾਬੂ ਜੀ ਗਊ ਮਾਤਾ ਦੀ ਕਸਮ ਐਂ-ਥੋਡਾ ਜੱਟਾਂ ਨਾਲ ਸਿੱਧਾ ਵਾਹ ਪਵੇ-ਪਤਾ ਲੱਗਜੇ-ਜਿਹੋ ਜਿਹਾ ਜੱਟ ਨੂੰ ਛੇੜ ਲਿਆ-ਉਹੋ ਜਿਹਾ ਸੱਪ ਨੂੰ ਛੇੜ ਲਿਆ-ਉਹ ਤਾਂ ਸਹੁੰ ਦੇਵੀ ਮਾਤਾ ਦੀ ਐਡੀਆਂ ਐਡੀਆਂ ਗਾਲ੍ਹਾਂ ਕੱਢਦੇ ਐ।" ਸੇਠ ਨੇ ਹੱਥਾਂ ਨਾਲ ਮਿਣਤੀ ਦੱਸੀ।
ਬਾਬੂ ਉਚੀ-ਉਚੀ ਹੱਸ ਪਿਆ।
ਸੇਠ ਦੇ ਫਿਰ ਕੁਤਕੁਤੀ ਹੋਈ।
-"ਮੈਖਿਆ ਬਾਬੂ ਜੀ ਗਾਲ੍ਹ ਕੱਢਣ ਲੱਗੇ ਜਮਾਂ ਈ ਅੱਗਾ ਪਿੱਛਾ-ਗਿੱਲਾ ਸੁੱਕਾ ਨਹੀਂ ਦੇਂਹਦੇ।"
ਬਾਬੂ ਹੱਸੀ ਜਾ ਰਿਹਾ ਸੀ।
ਸੇਠ ਦੇ ਕੁਤਕੁਤੀਆਂ ਹੋਈ ਜਾ ਰਹੀਆਂ ਸਨ। ਬਾਬੂ ਦਾ ਹੱਸਣਾ ਉਸ ਲਈ 'ਸ਼ੁਭ' ਸੀ!
-"ਬਾਬੂ ਜੀ ਹੁਣ ਮੈਂ ਜੁਬਾਨ ਤੋਂ ਝੂਠਾ ਨਾ ਪੈਜਾਂ?"
-"ਉਏ ਨਹੀਂ ਪੈਣ ਦਿੰਦੇ!"
-"ਮੈਂ ਥੋਡਾ ਸਮਾਨ ਭੇਜਦੈਂ।" ਸੇਠ ਤੁਰ ਗਿਆ।
ਜਦੋਂ ਉਹ ਦੁਕਾਨ 'ਤੇ ਪੁੱਜਿਆ ਤਾਂ ਜੱਟ ਭੁੱਖੀਆਂ ਰਾਮ ਗਊਆਂ ਵਾਂਗ ਉਸ ਦਾ ਰਾਹ ਤੱਕ ਰਹੇ ਸਨ।
-"ਐਨਾਂ ਕੰਜਰ ਕੁੱਤੈ-ਪੰਜਾਂ ਰੁਪਈਆਂ ਤੋਂ ਹੇਠਾਂ ਈ ਨੀ ਸੀ ਉਤਰਦਾ-ਮਿੰਨਤਾਂ ਤਰਲੇ ਕਰਕੇ ਮਸਾਂ ਈ ਚਾਰਾਂ 'ਤੇ ਮਨਾਇਆ-ਆੜ੍ਹਤ ਦਾ ਕੰਮ ਈ ਸਾਲਾ ਕੁੱਤੈ-ਹੋਰ ਕਿੱਤਾ ਸਰਦਾਰੋ ਆਉਂਦਾ ਨਹੀਂ-ਕੀ ਕਰੀਏ? ਬਬਲੀ--! ਬਬਲੀ ਉਏ--!"
ਬਬਲੀ ਬਾਹਰ ਆ ਗਿਆ।
-"ਆਹ ਬੋਤਲ ਤੇ ਮੁਰਗਾ ਇੰਸਪੈਕਟਰ ਦੇ ਮੱਥੇ ਮਾਰ ਕੇ ਆ-ਸਰਦਾਰੋ ਸਹੁੰ ਦੇਵੀ ਦੀ ਸਾਰੀ ਉਮਰ ਪਿਉ ਦਾਦੇ ਨੇ ਸ਼ਰਾਬ-ਮਾਸ ਨੂੰ ਹੱਥ ਨਹੀਂ ਸੀ ਲਾਇਆ-ਪਰ ਭਰਾਵਾਂ ਕਰਕੇ ਹਰ ਚੰਗਾ ਮੰਦਾ ਕੰਮ ਕਰਨਾ ਪੈਂਦੈ-ਦੁੱਖ ਸਹਿਣੇ ਪੈਂਦੇ ਐ-ਤੈਨੂੰ ਬੋਤਲਾਂ ਮਿਲ ਗਈਆਂ ਸੀ?" ਉਸ ਨੇ ਬੁੱਕਣ ਵੱਲ ਮੂੰਹ ਕਰ ਲਿਆ।
-"ਇਹਨੂੰ ਤਾਂ ਬੋਤਲਾਂ ਮਿਲ ਗਈਆਂ-ਹੁਣ ਸਾਨੂੰ ਕੋਈ ਰਾਹ ਪਾ।" ਬਾਬੇ ਨੇ ਨਿਰਣਾ ਚਾਹਿਆ।
-"ਬਾਬਿਓ! ਕੱਲ੍ਹ ਨੂੰ ਸਵੇਰੇ ਬੋਲੀ ਹੋਜੂਗੀ-ਪਰ ਮੇਰੇ ਵੀਰ ਰੌਲਾ ਨਾ ਕਰਿਓ-ਇੰਸਪੈਕਟਰ ਬੜਾ ਕੰਜਰ ਕੁੱਤੈ! ਕੀਤਾ ਕਰਾਇਆ ਖੂਹ 'ਚ ਨਾ ਪੈਜੇ-ਬੱਸ ਮੇਰੇ ਵੀਰ ਚੁੱਪ ਚਾਪ ਬੋਲੀ ਕਰਵਾ ਲਿਓ-ਜੇ ਕਿਸੇ ਨੇ ਚਾਹ ਗੁੜ ਜਾਂ ਕੋਈ ਹੋਰ ਸੌਦਾ ਪੱਤਾ ਪਿੰਡ ਭੇਜਣੈਂ ਦੱਸ ਦਿਓ-ਰੇਹੜਾ ਜਾਣ ਆਲੈ।"
-"ਕੱਲ੍ਹ ਨੂੰ ਵਿਹਲੇ ਕਰ ਦੇਵੇਂਗਾ?"
-"ਮੇਰੇਆਰ ਬਿਲਕੁਲ!"
-"ਫੇਰ ਅਸੀਂ ਆਪੇ ਈ ਲੈਜਾਂਗੇ।"
-"ਵਿਹਲੇ ਤਾਂ ਇਹ ਸਾਰੇ ਪਾਸਿਓਂ ਈ ਕਰ ਦਿਊ-ਜਰੈਂਦ ਕਰੋ!" ਬਾਬਾ ਬੋਲਿਆ।
-"ਕਿਹੜੀ ਗੱਲ ਕਰ ਦਿੱਤੀ ਬਾਬਾ ਬਿਸ਼ਨ ਸਿਆਂ! ਹੈਂ? ਥੋਡੇ ਬਿਨਾ ਤਾਂ ਮੈਂ ਕੱਖ ਦਾ ਨ੍ਹੀ-ਸੇਠ ਸੋਨੇ ਦਾ ਬਣ ਕੇ ਖੜ੍ਹਜੇ-ਜੱਟ ਉਹਦੇ 'ਤੇ ਫੇਰ ਵੀ ਇਤਬਾਰ ਨਹੀਂ ਕਰਦਾ-ਜੇ ਚਾਰ ਰੁਪਈਆਂ 'ਚੋਂ ਇਕ ਪੈਸਾ ਵੀ ਮੇਰਾ ਹੋਵੇ-ਨਰਕਾਂ ਨੂੰ ਜਾਵਾਂ-ਸਹੁੰ ਰਾਮ ਦੀ-ਜੱਟ ਤੇ ਬਾਣੀਏਂ ਦੀ ਤਾਂ ਰੂਹ ਈ ਇਕ ਐ-ਧੁਰੋਂ ਸੰਜੋਗ ਲਿਖੇ ਐ-ਤੁਸੀਂ ਮੇਰੇ 'ਤੇ ਇਤਬਾਰ ਕਰੋ।"
-"ਜੇ ਰੱਬ ਜੱਟ ਦੇ ਸੰਜੋਗ ਸਿਠਾਣੀਂ ਨਾਲ ਕਰ ਦਿੰਦਾ-ਵਧੀਆ ਰਹਿੰਦਾ।" ਬੁੱਕਣ ਬੋਲਿਆ।
-"ਲਓ! ਲਓ ਕਰ ਲਓ ਗੱਲ! ਬੁੱਕਣ ਸਿਉਂ ਨੂੰ ਬਿਨਾ ਪੀਤੀ ਤੋਂ ਈ ਚੜ੍ਹ ਗਈ-ਸਹੁੰ ਲੱਗੇ ਬੁੱਕਣ ਸਿਆਂ ਬੜੀ ਰੂਹ ਆਲਾ ਬੰਦੈਂ ਤੂੰ।"
ਉਹ ਉਠ ਕੇ ਤੁਰ ਆਏ।
ਰਾਤ ਨੂੰ ਬੁੱਕਣ ਦੇਰ ਗਈ ਤੱਕ ਕਮਲਾ ਹੋਇਆ ਦਾਰੂ ਪੀਂਦਾ ਰਿਹਾ। ਕਦੇ-ਕਦੇ ਉਹ ਕਿਸੇ ਹੇਰਵੇ ਵਿਚ ਗੁੱਝਾ ਰੋਣ ਵੀ ਲੱਗ ਪੈਂਦਾ ਸੀ। ਪਤਾ ਨਹੀਂ ਉਸ ਨੂੰ ਕੀ ਗਮ ਸੀ?
ਅਗਲੇ ਦਿਨ ਸਵੇਰੇ ਨੌਂ ਵਜੇ ਜਾ ਕੇ ਇੰਸਪੈਕਟਰ ਆਇਆ। ਸੇਠ ਅਤੇ ਕਿਸਾਨ ਉਸ ਅੱਗੇ ਹੱਥ ਜੋੜੀ ਖੜ੍ਹੇ ਸਨ।
-"ਸਾਰੇ ਆਪਦੀਆਂ-ਆਪਦੀਆਂ ਢੇਰੀਆਂ ਕੋਲ ਚੱਲੋ ਬਈ-'ਕੱਠ ਨਾ ਮਾਰੋ! ਬਾਬੂ ਜੀ ਨੂੰ ਚਾਹ ਦਾ ਪਿਆਲਾ ਪੀ ਲੈਣ ਦਿਓ।" ਸੇਠ ਨੇ ਢੰਗ ਨਾਲ ਸਾਰੇ ਕਿਸਾਨ ਕੁੱਤੇ ਵਾਂਗ ਛਿਛਕਰ ਦਿੱਤੇ।
ਬਾਬੂ ਨੇ ਚਾਹ ਪੀ ਲਈ।
ਮਠਿਆਈ ਖਾ ਲਈ।
ਬੋਲੀ ਲੱਗ ਗਈ। ਝੋਨਾ ਤੁਲਵਾ ਕੇ ਜੱਟ ਵਿਹਲੇ ਹੋ ਗਏ। ਇੰਸਪੈਕਟਰ ਬੋਰੀਆਂ ਗਿਣਨ ਲਈ ਆਪਣਾ ਖ਼ਾਸ ਬੰਦਾ ਉਥੇ ਛੱਡ ਗਿਆ ਸੀ।
ਬੋਰੀਆਂ ਦੀ ਗਿਣਤੀ ਹੋ ਗਈ।
ਪਰਦੇ ਨਾਲ ਸੇਠ ਨੇ ਇੰਸਪੈਕਟਰ ਦੇ ਬੰਦੇ ਨੂੰ ਦੋ ਰੁਪਏ ਦੇ ਹਿਸਾਬ ਨਾਲ ਪੈਸੇ ਦੇ ਕੇ ਤੋਰ ਦਿੱਤਾ। ਬੋਰੀ ਮਗਰ ਉਸ ਨੂੰ ਖੁਦ ਪੂਰੇ ਦੋ ਰੁਪਏ ਸਿੱਧੇ ਹੀ ਬਚੇ ਸਨ।
ਚਾਰ ਵਜੇ ਸਾਰੇ ਕਿਸਾਨਾਂ ਦਾ ਹਿਸਾਬ-ਕਿਤਾਬ ਕਰ ਦਿੱਤਾ ਗਿਆ। ਜਾਨ ਤੋੜ ਕੇ ਅਤੇ ਪੇਟ ਬੰਨ੍ਹ ਕੇ ਪਾਲੀ ਫ਼ਸਲ ਨੇ ਲੱਗੇ ਵੀ ਨਹੀਂ ਮੋੜੇ ਸਨ।
ਸਾਰਾ ਕੁਝ ਵੇਚ-ਵੱਟ ਕੇ, ਲੈ ਦੇ ਕੇ ਪੂਰਾ ਚਾਰ ਹਜ਼ਾਰ ਰੁਪਈਆ ਬਲਿਹਾਰ ਸਿੰਘ ਦੇ ਸਿਰ ਟੁੱਟ ਗਿਆ। ਪੰਦਰਾਂ ਸੌ ਰੁਪਏ ਉਸ ਨੇ ਜੈਬੇ ਨੂੰ ਦੇਣ ਵਾਸਤੇ ਲੈ ਲਏ ਅਤੇ ਪੰਜ ਸੌ ਦਾ ਘਰ ਲਈ ਸਮਾਨ ਲੈ ਲਿਆ। ਪੂਰੇ ਛੇ ਹਜ਼ਾਰ 'ਤੇ ਅੰਗੂਠਾ ਛਾਪ ਕੇ ਉਹ ਛਿੱਤਰ ਘੜੀਸਦਾ, ਸਾਹ ਵਰੋਲਦਾ ਪਿੰਡ ਆ ਗਿਆ ਅਤੇ ਬੈਠਕ ਵਿਚ ਖੇਸ ਲੈ ਕੇ ਪੈ ਗਿਆ।
ਜੀਤ ਕੌਰ ਨੇ ਫਿ਼ਕਰ ਕੀਤਾ।
-"ਕੀ ਹੋ ਗਿਆ? ਤੂੰ ਚੁੱਪ ਜਿਆ ਕਰਕੇ ਇਉਂ ਕਾਹਤੋਂ ਪੈ ਗਿਆ?"
-"ਊਂਈਂ ਪੈ ਗਿਆ-ਕਈਆਂ ਰਾਤਾਂ ਦਾ ਨੀਂਦਰੈਂ-ਸਿਰ ਜਿਆ ਦੁਖੀ ਜਾਂਦੈ।" ਬਲਿਹਾਰ ਸਿੰਘ ਖੇਸ ਹੇਠੋਂ ਹੀ ਮੁਰਦਿਆਂ ਵਾਂਗ ਬੋਲਿਆ। ਹੋਰ ਉਹ ਕੀ ਦੱਸਦਾ? ਬਈ ਉਹ ਭੇਡ ਵਾਂਗ ਉੱਨ ਲੁਹਾ ਕੇ ਆਇਆ ਸੀ? ਕੀ ਦੱਸਦਾ ਬਈ ਜੋਰਾਵਰਾਂ ਨੇ ਉਸ ਨੂੰ ਦੁਪਿਹਰੇ ਦੀਵਾ ਬਾਲ ਕੇ ਲੁੱਟ ਲਿਆ ਸੀ?
-"ਤਾਪ ਤਾਂ ਨਹੀਂ ਹੋ ਗਿਆ ਤੈਨੂੰ?" ਜੀਤ ਕੌਰ ਨੇ ਉਸ ਦੇ ਮੱਥੇ 'ਤੇ ਹੱਥ ਰੱਖ ਕੇ ਪੁੱਛਿਆ। ਪਰ ਮੱਥਾ ਠੰਢਾ ਠਾਰ ਪਿਆ ਸੀ।
-"ਨਹੀਂ-ਤਾਪ ਤਾਂ ਜਮਾਂ ਈ ਹੈਨੀ-ਥਕਾਵਟ ਹੋਗੀ ਤੈਨੂੰ-ਚਾਹ ਬਣਾ ਕੇ ਦੇਵਾਂ?"
-"ਨਹੀਂ ਚਾਹ ਨੀਂ-ਤੂੰ ਅਚਾਰ ਤੇ ਪਾਣੀ ਲਿਆ-ਕਈ ਦਿਨਾਂ ਦਾ ਸਰੀਰ ਆਕੜਿਆ ਜਿਆ ਪਿਐ।"
ਜੀਤ ਕੌਰ ਨੇ ਖਾਲੀ ਗਿਲਾਸ, ਅਚਾਰ ਅਤੇ ਪਾਣੀ ਲੈ ਆਂਦਾ।
-"ਤੂੰ ਪੇਕ ਪੂਕ ਪੀਲਾ-ਮੈਂ ਪਾਣੀ ਤੱਤਾ ਕਰਦੀ ਐਂ-ਤੱਤੇ-ਤੱਤੇ ਪਾਣੀ ਨਾਲ ਕੇਸੀਂ ਨਹਾਉਨੀ ਮੈਂ ਤੈਨੂੰ-ਕਿਹੜੇ ਹਾਲੀਂ ਹੋਇਆ ਪਿਐਂ।" ਜੀਤ ਕੌਰ ਉਸ ਦੇ ਸਾਹਮਣੇ ਦੂਜੇ ਮੰਜੇ 'ਤੇ ਬੈਠ ਗਈ। ਬਲਿਹਾਰ ਸਿੰਘ ਨੇ ਇਕ ਕਰੜਾ ਪੈੱਗ ਅੰਦਰ ਸੁੱਟ ਲਿਆ। ਘਰ ਦੀ ਕੱਢੀ ਦਾਰੂ ਤਾਰੇ ਵਾਂਗ ਲੀਕ ਜਿਹੀ ਪਾਉਂਦੀ ਹੇਠਾਂ ਉਤਰੀ ਸੀ।
ਬਲਿਹਾਰ ਸਿੰਘ ਦੀਆਂ ਅੱਖਾਂ ਉਘੜ ਆਈਆਂ। ਦਿਲ ਨੇ ਕੁਝ ਧਰਵਾਸ ਫੜਿਆ। ਸਾਧ ਦੀਆਂ ਜਟਾਂ ਵਾਂਗ ਖਿੱਲਰਿਆ ਦਿਮਾਗ ਮੋਸ਼ਨ ਫੜਦਾ ਪ੍ਰਤੀਤ ਹੋਇਆ। ਉਸ ਨੇ ਇਕ ਗਿਲਾਸ ਭਰ ਕੇ ਹੋਰ ਅੰਦਰ ਸੁੱਟਿਆ। ਜੀਤ ਕੌਰ ਉਸ ਦੀ ਚੁੱਪ ਵਿਚੋਂ ਕੁਝ ਲੱਭਣ ਦੀ ਕੋਸਿ਼ਸ਼ ਕਰ ਰਹੀ ਸੀ।
-"ਮੈਂ ਖੱਟੀ ਲੱਸੀ 'ਚ ਸਰ੍ਹੋਂ ਦਾ ਤੇਲ ਪਾ ਕੇ ਗਰਮ ਕਰਦੀ ਆਂ।" ਉਹ ਉਠ ਕੇ ਖੜ੍ਹੀ ਹੋ ਗਈ।
-"ਜੈਬਾ ਨੀ ਆਇਆ ਅਜੇ?"
-"ਆਉਣ ਆਲਾ ਈ ਐ-ਤੇਰੇ ਨ੍ਹਾਉਂਦਿਆਂ-ਨ੍ਹਾਉਂਦਿਆਂ ਆਜੂਗਾ।"
ਗਰਮ-ਗਰਮ ਪਾਣੀ ਨਾਲ ਕੇਸੀ ਨਹਾ ਕੇ ਬਲਿਹਾਰ ਸਿੰਘ ਹੌਲਾ ਫੁੱਲ ਹੋ ਗਿਆ। ਜੈਬੇ ਨੇ ਵੀ ਪੱਠੇ ਲਿਆ ਸੁੱਟੇ।
-"ਆ ਗਿਆ ਚਾਚਾ? ਸ਼ਹਿਰ ਈ ਜੀਅ ਲਾ ਕੇ ਬਹਿ ਗਿਆ ਸੀ।"
-"ਕਾਹਦਾ ਜੀਅ ਐ ਜੈਬਿਆ! ਆ ਜਾਹ ਅੰਦਰ ਆ ਕੇ ਪੇਕ ਲੈਲਾ-ਗਿਲਾਸ ਲਿਆ।" ਉਸ ਨੇ ਧੌਣ ਉਪਰ ਸਾਅਫ਼ਾ ਖਿਲਾਰ ਕੇ ਗਿੱਲੇ ਕੇਸ ਪਿੱਛੇ ਸੁੱਟ ਲਏ।
-"ਕੁਛ ਨੀ ਜੱਟ ਦੀ ਜੂਨੀ ਜੈਬਿਆ-ਮਰਦਾ ਦਿਨ ਰਾਤ ਜੱਟ ਐ-ਉਹਦੀ ਜਿਣਸ ਦੇ ਫੈਸਲੇ ਕਰਾੜ ਕਰਦੇ ਐ।"
-"ਕੀ ਕਰੀਏ ਚਾਚਾ?" ਜੈਬੇ ਨੇ ਗਿਲਾਸ ਖਾਲੀ ਕਰਦਿਆਂ ਕਿਹਾ। ਅਚਾਰੀ ਮਿਰਚ ਨੇ ਉਸ ਦਾ ਮੂੰਹ ਹੋਰ ਕੌੜਾ ਕਰ ਦਿੱਤਾ ਸੀ।
-"ਐੱਲਸਪੈਲਟਰ ਨੇ ਇਕ ਬੋਰੀ ਮਗਰ ਪੂਰੇ ਚਾਰ ਰੁਪਈਏ ਲਏ ਐ।"
-"ਅੱਛਾ ਜੀ---!"
-"ਹਾਂ! ਜੈਬਿਆ ਇਹਨਾਂ ਦੇ ਵੱਸ ਈ ਨਹੀਂ-ਨਹੀਂ ਤਾਂ ਜੱਟ ਦੇ ਤੇੜ ਆਲੇ ਲੀੜੇ ਕਿਉਂ ਨਾ ਲਾਹ ਲੈਣ।"
-"ਅਸੀਂ ਤਾਂ ਰਹਿ ਗਏ ਫਿਰ ਖੱਸਣ ਕੱਢਣ 'ਤੇ।"
-"ਸਾਰਾ ਕਰ ਕਰਾ ਕੇ ਛੇ ਹਜਾਰ ਦਾ ਕਰਜਾ ਅਜੇ ਸਿਰ ਐ।"
-"ਦੱਸ? ਕੀ ਕਰੂ ਫਿਰ ਜੱਟ?"
-"ਆਹ ਲੈ! ਤੇਰੇ ਆਸਤੇ ਤਾਂ ਮੈਂ ਪੰਦਰਾਂ ਸੌ ਰੁਪਈਆ ਫੜ ਲਿਆਇਆ ਸੀ।" ਬਲਿਹਾਰ ਸਿੰਘ ਨੇ ਪੈਸੇ ਜੈਬੇ ਅੱਗੇ ਕਰਦਿਆਂ ਕਿਹਾ।
-"ਕਾਹਨੂੰ ਲਿਆਉਣੇ ਸੀ ਚਾਚਾ-ਜੇ ਛੇ ਹਜਾਰ ਸਿਰ ਟੁੱਟਦਾ ਸੀ ਤਾਂ ਆਪਾਂ ਔਖੇ ਸੌਖੇ ਸਾਰ ਲੈਂਦੇ-ਅੱਗੇ ਕਿਹੜਾ ਤਿੱਲੇ ਦੀਆਂ ਜੁੱਤੀਆਂ ਹੰਢਾਉਂਦੇ ਆਂ?"
-"ਨਹੀਂ-ਤੂੰ ਵੀ ਕਬੀਲਦਾਰ ਟੱਬਰ ਟੀਹਰ ਆਲੈਂ।"
-"ਨਹੀਂ ਚਾਚਾ-ਇਹ ਤੂੰ ਰੱਖ-ਕੰਮ ਸਾਰ-ਮੈਂ ਆਪੇ ਸਾਰ ਲਊਂ-ਮੈਂ ਕਿਹੜਾ ਕੱਲ੍ਹੋ ਨੂੰ ਤੁੰਗਲ ਬਣਾ ਕੇ ਦੇਣੇ ਐਂ-ਮਜ੍ਹਬੀ ਦਾ ਤਾਂ ਫੇਰ ਵੀ ਕਿਮੇ ਨਾ ਕਿਮੇ ਡੰਗ ਸਰ ਜਾਂਦੈ-ਜੱਟ ਨੂੰ ਤਾਂ ਬੀਹ ਮੋਰੀਆਂ ਮੁੰਦਣੀਆਂ ਪੈਂਦੀਐਂ।" ਜੈਬੇ ਨੇ ਆਖਿਆ।
ਬਲਿਹਾਰ ਸਿੰਘ ਨੇ ਚੁੱਪ-ਜਿ਼ਹਨ ਵਿਚ ਸੇਠ ਅਤੇ ਜੈਬੇ ਦੀ ਫਿ਼ਤਰਤ ਨੂੰ ਤੋਲ ਕੇ ਦੇਖਿਆ ਤਾਂ ਉਸ ਨੂੰ ਜੈਬੇ ਦੀ ਰੂਹ ਵਿਚੋਂ ਰੱਬ ਦਿਸਿਆ। ਬਲਿਹਾਰ ਸਿੰਘ ਦੀਆਂ ਅੱਖਾਂ ਭਰ ਆਈਆਂ।
-"ਤੂੰ ਫੜ ਜੈਬਿਆ ਸ਼ੇਰਾ! ਤੂੰ ਪੁੱਤਾਂ ਮਾਂਗੂੰ ਨਾਲ ਨਿਭਦਾ ਆਇਐਂ-ਦੁੱਖ-ਸੁੱਖ 'ਕੱਠੇ ਈ ਕੱਟਾਂਗੇ-ਸੋਚਿਆ ਸੀ ਐਤਕੀਂ ਝੋਨਾਂ ਵੇਚ ਕੇ ਤੈਨੂੰ ਕੁੜਤਾ ਪਜਾਮਾ ਸਮਾਂ ਕੇ ਦਿਊਂਗਾ-ਪਰ ਦਿਲ ਦੀਆਂ ਦਿਲ ਵਿਚ ਈ ਰਹਿ ਗਈਆਂ-ਕੋਈ ਪੇਸ਼ ਨਹੀਂ ਗਈ ਮੇਰੀ।" ਉਸ ਦਾ ਮਨ ਭਰ ਕੇ ਉਛਲ ਗਿਆ। ਪੈਸੇ ਉਸ ਨੇ ਮੱਲੋਮੱਲੀ ਜੈਬੇ ਦੀ ਜੇਬ ਵਿਚ ਪਾ ਦਿੱਤੇ। ਜੈਬੇ ਦਾ ਦਿਲ ਵੀ ਅਥਾਹ ਦੁਖੀ ਹੋ ਗਿਆ। ਉਸ ਨੇ ਚਾਚੇ ਨੂੰ ਪਹਿਲੀ ਵਾਰ ਰੋਂਦਿਆਂ ਤੱਕਿਆ ਸੀ।
-"ਸਮਾਰ ਕੇ ਪਾਲੈ-ਸਿੱਟ ਨਾ ਲਈਂ-ਮੈਨੂੰ ਤਾਂ ਆਹੀ ਦੁੱਖ ਐ ਸ਼ੇਰਾ ਜੈਬਿਆ-ਤੇਰੇ ਪੁੱਤਾਂ ਮਾਂਗੂੰ ਪਾਲੇ ਝੋਨੇ ਨੇ ਤਾਂ ਤੇਰੇ ਪੈਰਾਂ 'ਚ ਪਈਆਂ ਕਰਾਹੀਆਂ ਦਾ ਵੀ ਮੁੱਲ ਨਹੀਂ ਮੋੜਿਆ ਪੁੱਤ ਮੇਰਿਆ!" ਬਲਿਹਾਰ ਸਿੰਘ ਹੁਬਕੀਏਂ ਰੋਣ ਲੱਗ ਪਿਆ।
-"ਦਿਲ ਨਾ ਹੌਲਾ ਕਰ ਚਾਚਾ-ਆਪਾਂ ਰੱਬ ਦੇ ਮੋਠ ਤਾਂ ਨੀ ਪੱਟ ਲਏ? ਲੈ ਪੇਕ ਪੀ!" ਜੈਬੇ ਨੇ ਉਸ ਦਾ ਗਿਲਾਸ ਅੱਧਾ ਕਰ ਦਿੱਤਾ।
ਪੱਠੇ ਕੁਤਰ ਕੇ ਉਹ ਵੱਡੀ ਰਾਤ ਤੱਕ ਪੀਂਦੇ ਰਹੇ।
ਜੈਬਾ ਰੋਟੀ ਲੈ ਕੇ ਚਲਾ ਗਿਆ।
ਰੋਟੀ ਖਾਣ ਤੋਂ ਬਾਅਦ ਕਈ ਦਿਨਾਂ ਦਾ ਅਨੀਂਦਰਾ ਬਲਿਹਾਰ ਸਿੰਘ ਪੈਣ ਸਾਰ ਹੀ ਘੁਰਾੜ੍ਹੇ ਮਾਰਨ ਲੱਗ ਪਿਆ ਸੀ।


ਬਾਕੀ ਅਗਲੇ ਹਫ਼ਤੇ....